
ਸਵਾਲ ਜਵਾਬ
ਇਕ ਨਵਾਂ ਉਦਮ…..
‘ਸੰਗਰਾਮੀ ਲਹਿਰ’ ਦੇ ਸੰਪਾਦਕੀ ਮੰਡਲ ਨੇ ਸੁਹਿਰਦ ਪਾਠਕਾਂ ਦੀ ਪੁਰਜ਼ੋਰ ਮੰਗ ‘ਤੇ ਫੁੱਲ ਚੜ੍ਹਾਉਂਦਿਆਂ ‘ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਨਾਮੀ ਨਵਾਂ ਕਾਲਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਲਮ ਰਾਹੀਂ ਲੋਕ ਪੱਖੀ ਰਾਜਨੀਤੀ ਤੇ ਇਨਕਲਾਬੀ ਸਿਧਾਂਤ ਬਾਰੇ ਪਾਠਕਾਂ ਦੇ ਗੰਭੀਰ ਸੁਆਲਾਂ ਦੇ ਤਸੱਲੀਬਖਸ਼ ਜੁਆਬ ਦੇਣ ਦਾ ਉਪਰਾਲਾ ਕੀਤਾ ਜਾਵੇਗਾ, ਤਾਂ ਜੋ ਸਮਾਜਿਕ ਤਬਦੀਲੀ ਦੀ ਲਹਿਰ ਨੂੰ ਪ੍ਰਣਾਏ ਸਾਥੀ ਨਿਸ਼ਾਨੇ ਦੀ ਸਪੱਸ਼ਟਤਾ ਤੇ ਦਰੁਸਤ ਸਿਆਸੀ-ਵਿਚਾਰਧਾਰਕ ਸਮਝਦਾਰੀ ਨਾਲ ਲੈਸ ਹੋਕੇ ਕ੍ਰਾਂਤੀ ਦੇ ਕਾਜ ‘ਚ ਆਪਣਾ ਬਣਦਾ ਯੋਗਦਾਨ ਪਾ ਸਕਣ । ਸਾਨੂੰ ਪੂਰਨ ਆਸ ਹੈ ਕਿ ਪਾਠਕ ਸਾਡੇ ਇਸ ਨਿਰਣੇ ਦਾ ਪੂਰਾ ਲਾਹਾ ਲੈਣਗੇ। ਸਵਾਲ ਭੇਜਣ ਲਈ ਤਤਕਰਾ ਪੇਜ ‘ਤੇ ਛਪੀਆਂ ਈ-ਮੇਲ ਆਈਡੀਜ਼ ਤੇ ਵੱਟਸਐਪ ਨੰਬਰ ਵਰਤੇ ਜਾ ਸਕਦੇ ਹਨ। ਤੁਹਾਡਾ ਭਰਵਾਂ ਹੁੰਗਾਰਾ ਸਾਡੇ ਇਸ ਨਿਰਣੇ ਦੀ ਕਾਮਯਾਬੀ ਦੀ ਕੁੰਜੀ ਸਿੱਧ ਹੋਵੇਗਾ।
ਸਵਾਲ : ‘ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵੱਲ ਸੇਧਤ, ਸਮਾਨਤਾਵਾਦੀ, ਹਕੀਕੀ ਜਮਹੂਰੀ ਤੇ ਧਰਮ ਨਿਰਪੱਖ ਸਮਾਜ’ ਸਿਰਜਣ ਤੋਂ ਕੀ ਭਾਵ ਹੈ ? ਇਹ ਨਿਸ਼ਾਨਾ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ?
–ਸਰਵਣ ਸਿੰਘ, ਲੁਧਿਆਣਾ
ਜਵਾਬ : ਮਾਰਕਸੀ ਫਲਸਫ਼ਾ ਹਰ ਕਿਸਮ ਦੀ ਜਮਾਤੀ ਲੁੱਟ – ਖਸੁੱਟ ਦਾ ਖਾਤਮਾ ਕਰਕੇ ਬਰਾਬਰੀ ਦੇ ਅਸੂਲਾਂ ‘ਤੇ ਅਧਾਰਤ ਸਮਾਜਿਕ-ਸਿਆਸੀ ਰਾਜ ਪ੍ਰਬੰਧ ਦੀ ਉਸਾਰੀ ਦਾ ਰਾਹ ਦਿਖਾਉਂਦਾ ਹੈ। ਇਸੇ ਵਿਗਿਆਨਕ ਫਲਸਫੇ ਦੀ ਸੇਧ ‘ਚ ਵੱਖੋ- ਵੱਖ ਦੇਸ਼ਾਂ ਦੀਆਂ ਇਨਕਲਾਬੀ ਤਾਕਤਾਂ ਆਪੋ-ਆਪਣੇ ਦੇਸ਼ ਦੇ ਠੋਸ ਆਰਥਿਕ, ਸਿਆਸੀ, ਸਮਾਜਿਕ ਹਾਲਾਤ ਅਨੁਸਾਰ ਜਮਾਤੀ ਘੋਲ ਨੂੰ ਗਤੀਮਾਨ ਰੱਖਦੀਆਂ ਹਨ। ਭਾਰਤ ਅੰਦਰ, ਸਾਮਰਾਜ ਨਾਲ ਸਾਂਝ ਭਿਆਲੀ ਪਾਈ ਬੈਠੀਆਂ ਅਜਾਰੇਦਾਰ ਪੂੰਜੀਪਤੀ ਤੇ ਜਾਗੀਰਦਾਰ ਜਮਾਤਾਂ ਦੇਸ਼ ਦੇ ਰਾਜਕੀ ਢਾਂਚੇ ‘ਤੇ ਕਾਬਜ਼ ਹਨ। ਇਹੋ ਜਮਾਤਾਂ ਦੇਸ਼ ਦੇ ਕਿਰਤੀ-ਕਿਸਾਨਾਂ ਤੇ ਮਿਹਨਤੀ ਵਰਗਾਂ ਦੀਆਂ ਪ੍ਰਮੁੱਖ ਦੁਸ਼ਮਣ ਹਨ। ਇਨ੍ਹਾਂ ਦੀ ਪੁੱਗਤ ਵਾਲੇ ਰਾਜ ਪ੍ਰਬੰਧ ਦਾ ਖਾਤਮਾ ਕਰਕੇ ਹੀ ਇੱਥੇ ਹਰ ਕਿਸਮ ਦੀ ਲੁੱਟ-ਖਸੁੱਟ ਤੋਂ ਮੁਕਤ ਸਮਾਜਵਾਦੀ ਢਾਂਚਾ ਉਸਾਰਿਆ ਜਾ ਸਕਦਾ ਹੈ।
ਪ੍ਰੰਤੂ ਭਾਰਤ ਅੰਦਰ ਪੂੰਜੀਵਾਦੀ-ਜਗੀਰੂ ਜਮਾਤਾਂ ਵਲੋਂ ਕੀਤੀ ਜਾਂਦੀ ਆਰਥਿਕ ਲੁੱਟ-ਚੋਂਘ ਦੇ ਨਾਲ ਹੀ ਵੇਲਾ ਵਿਹਾ ਚੁੱਕਾ ‘ਮਨੂੰਵਾਦੀ’ ਵਿਚਾਰ-ਚੌਖਟਾ ਵੀ ਜਿਉਂ ਦਾ ਤਿਉਂ ਕਾਇਮ ਹੈ। ਇਹ ਵਿਚਾਰ-ਚੌਖਟਾ ਆਰਥਿਕ ਨਾ ਬਰਾਬਰੀ ਦੇ ਨਾਲ-ਨਾਲ ਕਿਰਤੀ ਜਨ ਸਮੂਹਾਂ ਨੂੰ ਜਾਤੀਆਂ ‘ਚ ਵੰਡਣ ਅਤੇ ਸਮਾਜਿਕ ਜਬਰ ਤੇ ਵਿਤਕਰੇ ਦਾ ਪ੍ਰਮੁੱਖ ਹਥਿਆਰ ਹੈ। ਪਿਤਰਸੱਤਾ ਤੇ ਜਾਤੀਵਾਦ ਇਸ ਵਿਚਾਰ-ਚੌਖਟੇ ਦੀਆਂ ਬੁਨਿਆਦਾਂ ਤੇ ਥੰਮ੍ਹ ਹਨ। ਇਸੇ ਕਰਕੇ ‘ਮੰਨੂਵਾਦ’ ਇਸਤਰੀਆਂ ਨੂੰ ਵੀ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦਾ ਹੈ। ਇਸੇ ਮੰਦੀ ਸੋਚ ਕਾਰਨ ਇੱਥੇ ਹਰ ਵਿਅਕਤੀ ਦਾ ਮੁਲਾਂਕਣ ਉਸਦੀ ਸਿਆਣਪ, ਵਿਦਿਅਕ ਯੋਗਤਾ, ਕਾਰਜ ਸਮਰੱਥਾ, ਜੀਵਨ ਘਾਲਣਾ ਜਾਂ ਆਰਥਿਕ ਰੁਤਬੇ ਦੇ ਆਧਾਰ ‘ਤੇ ਨਹੀਂ ਕੀਤਾ ਜਾਂਦਾ। ਬਲਕਿ ਹਰ ਇਨਸਾਨ ਦੀ ਪਰਖ ਉਸਦੇ ਜਨਮ ਭਾਵ ਜਾਤੀ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਕੋਈ ਸ਼ਖਸ ਸੰਵਿਧਾਨ ‘ਚ ਦਰਜ਼ ਧਾਰਾਵਾਂ ਦੇ ਆਸਰੇ ਅਤੇ ਆਪਣੀ ਮਿਹਨਤ ਸਦਕਾ ਬੇਸ਼ੱਕ ਕੋਈ ਵੀ ਉੱਚੇ ਤੋਂ ਉੱਤਾ ਅਹੁਦਾ ਹਾਸਲ ਕਰ ਲਵੇ, ਪ੍ਰੰਤੂ ਜਾਤੀ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ। ਹਜ਼ਾਰਾਂ ਸਾਲ ਪਹਿਲਾਂ ਨੀਵੀਆਂ ਐਲਾਨੀਆਂ ਗਈਆਂ ਕਥਿਤ ਅਛੂਤ ਜਾਤੀਆਂ ਨਾਲ ਅਖੌਤੀ ਉਚ ਜਾਤੀਆਂ ਵੱਲੋਂ ਸਦੀਆਂ ਤੋਂ ਕੀਤਾ ਜਾ ਰਿਹਾ ਅਣਮਨੁੱਖੀ ਵਿਹਾਰ, ਕਿਸੇ ਨਾ ਕਿਸੇ ਰੂਪ ‘ਚ ਅੱਜ ਵੀ ਜਾਰੀ ਹੈ। ਇਹੋ ਦਰਦਨਾਕ ਅਵਸਥਾ ਇਸਤਰੀਆਂ ਦੀ ਵੀ ਹੈ।
ਸੰਵਿਧਾਨ ‘ਚ ਦਰਜ ਸੀਮਤ ਅਧਿਕਾਰ ਈ.ਵੀ. ਰਾਮਸਵਾਮੀ ਪੇਰਿਆਰ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ, ਕਾਮਰੇਡ ਏ.ਕੇ. ਗੁਪਾਲਨ, ਸ਼ਹੀਦ-ਇ-ਆਜ਼ਮ ਭਗਤ ਸਿੰਘ ਵਰਗੇ ਮਹਾਨ ਸਮਾਜ ਸੁਧਾਰਕਾਂ ਤੇ ਇਨਕਲਾਬੀਆਂ ਦੀਆਂ ਕੁਰਬਾਨੀਆਂ ਤੇ ਕੋਸ਼ਿਸ਼ਾਂ ਸਦਕਾ ਪ੍ਰਾਪਤ ਹੋਏ ਹਨ। ਭਗਤੀ ਲਹਿਰ ਦੇ ਰਹਿਬਰਾਂ ਦੀਆਂ ਤਰਕਵਾਦੀ ਸਿੱਖਿਆਵਾਂ ਤੇ ਲੋਕ ਪੱਖੀ ਵਿਚਾਰ ਅਤੇ ਸਿਖ ਗੁਰੂ ਸਾਹਿਬਾਨ ਵਲੋਂ ਰਚੀ ਮਾਨਵੀ ਬਾਣੀ ਉਕਤ ਅਧਿਕਾਰਾਂ ਬਾਰੇ ਚੇਤਨਾ ਪੈਦਾ ਕਰਨ ਤੇ ਇਨ੍ਹਾਂ ਦੀ ਪ੍ਰਾਪਤੀ ਲਈ ਜੂਝਣ ਦਾ ਆਧਾਰ ਬਣੇ ਹਨ। ਇਸ ਦੇ ਬਾਵਜੂਦ ਜਾਤੀਪਾਤੀ ਤੇ ਲਿੰਗਕ ਜਬਰ ਤੇ ਵਿਤਕਰਾ ਅੱਜ ਵੀ ਨਾ ਕੇਵਲ ਜਾਰੀ ਹੈ, ਬਲਕਿ ਦਿਨੋ- ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ।
ਭਾਰਤ ਦੀ ਕਮਿਊਨਿਸਟ ਲਹਿਰ ਅਸੂਲੀ ਤੌਰ ‘ਤੇ ਜਾਤਪਾਤ ਤੇ ਪਿੱਤਰਸੱਤਾ ਦੀ ਵਿਰੋਧੀ ਹੈ। ਪ੍ਰੰਤੂ ਅਸਾਡੀ ਇਹ ਸਮਝ ਰਹੀ ਹੈ ਕਿ ਆਰਥਿਕ ਨਾ ਬਰਾਬਰੀ (ਭਾਵ ਜਮਾਤੀ ਰਾਜ) ਦੇ ਖਾਤਮੇ ਦੇ ਨਾਲ ਹੀ ਸਮਾਜਿਕ (ਜਾਤੀ ਪਾਤੀ) ਤੇ ਲਿੰਗਕ ਜਬਰ ਤੇ ਵਿਤਕਰਾ ਵੀ ਆਪਣੇ ਆਪ ਹੀ ਖਤਮ ਹੋ ਜਾਣਗੇ। ਸਿਧਾਂਤਕ ਪੱਖੋਂ ਇਹ ਸਮਝਦਾਰੀ ਕੁੱਝ ਹੱਦ ਤੱਕ ਠੀਕ ਵੀ ਹੈ। ਪ੍ਰੰਤੂ ਅਮਲ ‘ਚ ਅਜਿਹਾ ਨਹੀਂ ਵਾਪਰਿਆ। ਕਮਿਊਨਿਸਟ ਲਹਿਰ ਨੇ ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਤੇ ਔਰਤਾਂ ਵਲੋਂ ਭੋਗੇ ਜਾ ਰਹੇ ਸਮਾਜਿਕ ਤੇ ਲਿੰਗਕ ਉਤਪੀੜਨ ਦੇ ਸੰਤਾਪ ਵੱਲ ਨਾ ਪੂਰਾ ਧਿਆਨ ਦਿੱਤਾ ਤੇ ਨਾ ਹੀ ਇਸ ਅਮਾਨਵੀ ਵਰਤਾਰੇ ਦੇ ਖਾਤਮੇ ਲਈ ਲੋੜੀਂਦਾ ਘੋਲ ਵਿੱਢਿਆ। ਸਿੱਟੇ ਵਜੋਂ ਕੁੱਝ ਅਵਸਰਵਾਦੀ ਲੋਕ ਤੇ ਦਲ ਜਾਤੀਪਾਤੀ ਤੇ ਲਿੰਗਕ ਭੇਦ-ਭਾਵ ਤੇ ਜ਼ੁਲਮਾਂ ਦੇ ਮੁੱਦੇ ਨੂੰ ਵਰਤ ਕੇ ਪੀੜਤਾਂ ਨੂੰ ਜਥੇਬੰਦ ਕਰਦੇ ਹੋਏ ਇਨ੍ਹਾਂ ਭਾਈਚਾਰੀਆਂ ਦੀ ਸ਼ਕਤੀ ਨੂੰ ਆਪਣੇ ਸੌੜੇ ਸਿਆਸੀ ਸੁਆਰਥਾਂ ਦੀ ਪੂਰਤੀ ਲਈ ਵਰਤ ਰਹੇ ਹਨ। ਇਹ ਤਾਕਤਾਂ ਸਮਾਜਕ ਉਤਪੀੜਨ ਤੇ ਆਰਥਿਕ ਲੁੱਟ ਖਸੁੱਟ ਦੇ ਸ਼ਿਕਾਰ ਲੋਕਾਂ ਦੇ ਏਕੇ ਤੇ ਸਾਂਝੇ ਘੋਲਾਂ ਦੇ ਰਾਹ ਦਾ ਰੋੜਾ ਬਣੇ ਹੋਏ ਹਨ ਅਤੇ ਲੋਟੂ ਤੇ ਜ਼ਾਲਿਮ ਰਾਜ ਪ੍ਰਬੰਧ ਕਾਇਮ ਰੱਖਣ ‘ਚ ਸਹਾਈ ਬਣ ਰਹੇ ਹਨ। ਆਰਥਿਕ- ਸਮਾਜਿਕ ਪੱਖੋਂ ਬਰਾਬਰੀ ਵਾਲਾ ਸਮਾਜ ਸਿਰਜਣ ਵਾਲੀ ਲਹਿਰ ਵੰਡੀ ਹੋਣ ਕਰਕੇ ਅਸੀਂ ਅੱਜ ਤੱਕ ਆਪਣੇ ਨਿਸ਼ਾਨੇ ਦੀ ਪੂਰਤੀ ਨਹੀਂ ਕਰ ਸਕੇ।
ਆਰ.ਐਮ.ਪੀ.ਆਈ. ਜਿੱਥੇ ਸਾਰੇ ਮਿਹਨਤਕਸ਼ਾਂ ਦੇ ਆਰਥਿਕ-ਸਿਆਸੀ ਘੋਲਾਂ ਦੀ ਮਜ਼ਬੂਤੀ ਲਈ ਯਤਨਸ਼ੀਲ ਹੈ, ਉਥੇ ਇਸ ਨੇ ਆਪਣੇ ਪ੍ਰੋਗਰਾਮ ‘ਚ ਸਮਾਜਿਕ ਜਬਰ-ਵਿਤਕਰੇ ਦਾ ਸੇਕ ਹੰਢਾ ਰਹੇ ਲੋਕਾਂ ਨੂੰ ਇਕਜੁੱਟ ਕਰਕੇ ਜਾਤ-ਪਾਤ ਵਿਰੋਧੀ ਘੋਲ ਵਿੱਢਣ ਦੇ ਕਾਜ ਨੂੰ ਵੀ ਜਮਾਤੀ ਯੁੱਧ ਦਾ ਪੂਰਕ ਮੰਨਿਆ ਹੈ। ਇਹ ਘੋਲ ਪ੍ਰਚੰਡ ਕਰਨ ਪੱਖੋਂ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਉਂ ਹੀ ਔਰਤਾਂ ਖਿਲਾਫ਼ ਲਿੰਗਕ ਵਿਤਕਰੇ ਤੇ ਅਸੱਭਿਅਕ ਜ਼ੁਲਮਾਂ ਵਿਰੁੱਧ ਲੜਨ ਦਾ ਕਾਰਜ ਵੀ ਸਿਰਫ ਔਰਤ ਜਥੇਬੰਦੀਆਂ ਦੇ ਜਿੰਮੇ ਨਹੀਂ ਛੱਡਿਆ ਜਾ ਸਕਦਾ। ਪਾਰਟੀ ਔਰਤਾਂ ਦੇ ਘੋਲਾਂ ਨੂੰ ਸੁਯੋਗ ਅਗਵਾਈ ਦੇਣ ਲਈ ਪਹਿਲ ਕਦਮੀ ਕਰੇਗੀ।
ਆਰ.ਐਮ.ਪੀ.ਆਈ. ਦਾ “ਜਾਤ ਰਹਿਤ, ਜਮਾਤ ਰਹਿਤ, ਨਾਰੀ ਮੁਕਤੀ ਵਾਲਾ ਸਮਾਜ ਸਿਰਜਣ ਦਾ ਨਾਅਰਾ ਅੱਜ ਦੀਆਂ ਹਾਲਤਾਂ ਅਨੁਸਾਰ ਸਿਧਾਂਤਕ ਤੇ ਅਮਲੀ ਤੌਰ ‘ਤੇ ਪੂਰੀ ਤਰ੍ਹਾਂ ਦਰੁਸਤ ਤੇ ਢੁੱਕਵਾਂ ਹੈ।
