/* SC_TH_END:4.3.24:fc0ffc30 */ ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਸਾਂਝੀ ਨਰੋਈ ਵਿਰਾਸਤ, ਫਿਰਕੂ ਇਕਸੁਰਤਾ ਮਜ਼ਬੂਤ ਕਰਨ ਲਈ ਡਟੋ – Sangrami Lehar
Now Reading
ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਸਾਂਝੀ ਨਰੋਈ ਵਿਰਾਸਤ, ਫਿਰਕੂ ਇਕਸੁਰਤਾ ਮਜ਼ਬੂਤ ਕਰਨ ਲਈ ਡਟੋ

ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਸਾਂਝੀ ਨਰੋਈ ਵਿਰਾਸਤ, ਫਿਰਕੂ ਇਕਸੁਰਤਾ ਮਜ਼ਬੂਤ ਕਰਨ ਲਈ ਡਟੋ


ਮੰਗਤ ਰਾਮ ਪਾਸਲਾ
ਕੀ ਸਾਨੂੰ ਅੱਜ ਵਰਗੇ ਅਫਤਾ-ਤਫਰੀ ਵਾਲੇ ਚਿੰਤਾਜਨਕ ਹਾਲਾਤ ‘ਚੋਂ ਲੰਘ ਰਿਹਾ ਭਾਰਤ ਚਾਹੀਦਾ ਹੈ? ਜਾਂ ਫਿਰ ਅੰਮ੍ਰਿਤਸਰ ਸ਼ਹਿਰ ‘ਚ ਸਾਲ 1919 ਦੀ ਰਾਮ ਨੌਮੀ ਮੌਕੇ ਆਯੋਜਿਤ ਵਿਸ਼ਾਲ ਸ਼ੋਭਾ ਯਾਤਰਾ ਵਰਗਾ ਦੇਸ਼ ਲੋੜੀਂਦਾ ਹੈ? ਉਦੋਂ ਰਾਮ ਨੌਮੀ ਦੇ ਧਾਰਮਿਕ ਜਲੂਸ ਦੀ ਅਗਵਾਈ ਘੋੜੇ ‘ਤੇ ਸਵਾਰ ਹੋ ਕੇ ਡਾਕਟਰ ਬਸ਼ੀਰ ਅਹਿਮਦ ਕਰ ਰਿਹਾ ਸੀ। ਉਸਦੇ ਪਿੱਛੇ-ਪਿੱਛੇ ਹਿੰਦੂ-ਸਿੱਖਾਂ ਤੇ ਮੁਸਲਮਾਨਾਂ ਦਾ ਵਿਸ਼ਾਲ ਹਜ਼ੂਮ ਚੱਲ ਰਿਹਾ ਸੀ। ਮੁਸਲਮਾਨ ਨੌਜਵਾਨ, ਕੱਵਾਲੀ ਦੀ ਤਰਜ਼ ‘ਤੇ ਭਗਵਾਨ ਰਾਮ ਦੇ ਭਜਨ ਗਾ ਕੇ ਸਮੁੱਚੇ ਵਾਤਾਵਰਣ ਨੂੰ ਮੁਹੱਬਤ, ਫਿਰਕੂ ਸਦਭਾਵਨਾ ਤੇ ਭਰਾਤਰੀ ਭਾਵ ਨਾਲ ਸਰਸ਼ਾਰ ਕਰ ਰਹੇ ਸਨ। ਸ਼ਹਿਰ ਦੇ ਹਾਲ ਬਾਜ਼ਾਰ ਦੇ ਦੋਨੋਂ ਪਾਸੇ ਸਿੱਖਾਂ ਤੇ ਮੁਸਲਮਾਨਾਂ ਨੇ ਆਪਣੇ ਹਿੰਦੂ ਭੈਣ-ਭਰਾਵਾਂ ਲਈ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਹੋਈਆਂ ਸਨ। ਮੁੱਕਦੀ ਗੱਲ ਗੁਰੂ ਕੀ ਨਗਰੀ ਦੇ ਵਾਸੀਆਂ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਉਹ ਰਾਮ, ਰਹੀਮ ਤੇ ਵਾਹਿਗੁਰੂ ਨੂੰ ਇੱਕੋ ਨਜ਼ਰੇ ਵੇਖਦੇ ਹਨ।

ਬਿਨ੍ਹਾਂ ਸ਼ੱਕ, ਅਸਾਨੂੰ ਸਾਹ ਘੁੱਟਵੇਂ ਤਾਲਿਬਾਨੀ ਸ਼ਾਸ਼ਨ ਵਾਲੇ ਅਫਗਾਨਿਸਤਾਨ ਵਰਗਾ ਨਹੀਂ, ਰੰਗ-ਬਿਰੰਗੇ ਫੁੱਲਾਂ ਵਾਲੇ ਗੁਲਦਸਤੇ ਵਰਗਾ, ਸਾਰੇ ਧਰਮ ਨੂੰ ਮੰਨਣ ਵਾਲਿਆਂ ਦਾ ਸਰਵ ਸਾਂਝਾ ਭਾਰਤ ਚਾਹੀਦਾ ਹੈ ਤਾਂ ਹੀ ਆਪਾਂ ਸਾਰੇ ਮਿਲਜੁਲ ਕੇ ਵੱਧ ਰਹੇ ਆਰਥਿਕ ਪਾੜੇ ਨੂੰ ਖਤਮ ਕਰਦੇ ਹੋਏ ਬਰਾਬਰਤਾ ਤੇ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਦੇ ਯੋਗ ਬਣ ਸਕਾਂਗੇ।

ਅੱਜ ਦੇਸ਼ ਅੰਦਰ ਜਿਹੋ ਜਿਹਾ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦੇ ਮਨਾਂ ‘ਚ ਇੱਕ-ਦੂਜੇ ਪ੍ਰਤੀ ਨਫ਼ਰਤ, ਸ਼ੱਕ, ਬੇਵਿਸਾਹੀ ਤੇ ਸੰਕੀਰਨਤਾ ਵਾਲਾ ਮਹੌਲ ਬਣਾ ਦਿੱਤਾ ਗਿਆ ਹੈ, ਉਹ ਦਿਨੋ-ਦਿਨ ਸਾਡੀ ਭਾਈਚਾਰਕ ਸਾਂਝ ਲਈ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਕੱਟੜਪੰਥੀਆਂ ਵਲੋਂ ਸਾਜ਼ਿਸ਼ਨ ਕਰਵਾਏ ਜਾਂਦੇ ਫਿਰਕੂ ਦੰਗਿਆਂ ‘ਚ ਅਕਸਰ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਸੰਕੀਰਨ ਸੋਚ ਅਧੀਨ ਸ਼ਹਿਰਾਂ, ਸੜਕਾਂ, ਰੇਲਵੇ ਸਟੇਸ਼ਨਾਂ ਆਦਿ ਦੇ ਨਾਂ ਬਦਲੇ ਜਾ ਰਹੇ ਹਨ। ਭਾਜਪਾ ਦੇ ਇਕ ਨੇਤਾ ਨੇ ਤਾਂ ਹਿੰਦੂ-ਮੁਸਲਿਮ ਮਰੀਜ਼ਾਂ ਲਈ ਹਸਪਤਾਲਾਂ ‘ਚ ਵੱਖੋ-ਵੱਖਰੇ ਵਾਰਡ ਖੋਲ੍ਹਣ ਦੀ ਮੰਗ ਕਰਕੇ ਗਿਰਾਵਟ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਛੱਡੀਆਂ ਹਨ।

ਇਉਂ ਹੀ ਲੋਕਾਂ ਅੰਦਰ ਨਫ਼ਰਤ ਦੇ ਬੀਜ ਬੀਜਣ ਲਈ ਹਿੰਦੂ- ਮੁਸਲਮਾਨਾਂ ਲਈ ਮੀਟ-ਮੱਛੀ ਦੀਆਂ ਅੱਡੋ-ਅੱਡ ਦੁਕਾਨਾਂ ਖੋਲ੍ਹਣ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਆਜ਼ਾਦੀ ਸੰਗਰਾਮ ‘ਚ ਜਾਨ ਤਲੀ ‘ਤੇ ਰੱਖ ਕੇ ਜੂਝਣ ਵਾਲੇ ਦੇਸ਼ ਭਗਤਾਂ ਤੇ ਆਜ਼ਾਦ ਭਾਰਤ ਦੇ ਲੋਕਾਂ ਨੇ ਦੇਸ਼ ਨੂੰ ਖੁਸ਼ਹਾਲ ਤੇ ਸ਼ਾਂਤੀ ਨਾਲ ਮਿਲਜੁਲ ਕੇ ਰਹਿਣ ਯੋਗ ਬਣਾਉਣ ਦੀ ਜੋ ਕਲਪਨਾ
ਕੀਤੀ ਸੀ, ਉਹ ਅੱਜ ਖ਼ਾਕ ‘ਚ ਮਿਲਦੀ ਨਜ਼ਰ ਆ ਰਹੀ ਹੈ।

ਮੁਗ਼ਲ ਬਾਦਸ਼ਾਹਾਂ ਦੀਆਂ ਕਬਰਾਂ ਪੁੱਟਣ ਤੇ ਮਸਜਿਦਾਂ ਨੂੰ ਝਗੜੇ ਵਾਲੀ ਥਾਂ ਕਰਾਰ ਦੇ ਕੇ ਬੁਲਡੋਜ਼ਰ ਚਲਾਉਣਾ ਜਿੱਥੇ ਹਾਕਮਾਂ ਨੇ ਚੋਖੇ ਫਾਇਦੇ ਦਾ ਸਿਆਸੀ ਧੰਦਾ ਬਣਾ ਲਿਆ ਹੈ, ਉੱਥੇ ਹੋਰ ਕਈਆਂ ਲਈ ਇਹ ਮਨ ਪ੍ਰਚਾਵੇ ਦਾ ‘ਸ਼ੁਗਲ’ ਬਣ ਗਿਆ ਹੈ। ਔਰੰਗਜ਼ੇਬ ਜਿਹੇ ਕਿਰਦਾਰ ਵਾਲੇ ਰਾਜੇ-ਮਹਾਰਾਜੇ, ਜਿਨ੍ਹਾਂ ਨੇ ਆਪਣੀ ਖਲਕਤ ‘ਤੇ ਅਕਹਿ ਤੇ ਅਸਹਿ ਜ਼ੁਲਮ ਢਾਹੇ, ਨਾ ਕੇਵਲ ਸਾਰੇ ਧਰਮਾਂ ਨਾਲ ਸੰਬੰਧਤ ਹਨ, ਬਲਕਿ ਇਨ੍ਹਾਂ ਪਾਪ ਕਮਾਵਣ ਵਾਲਿਆਂ ਦੀ ਸੂਚੀ ਵੀ ਬੜੀ ਲੰਮੀ ਹੈ। ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ੀ ਸਾਮਰਾਜ ਦੇ ਟੋਡੀਆਂ ਦਾ ਰੋਲ ਅਦਾ ਕਰਨ ਵਾਲੇ ਅਜਿਹੇ ਹੀ ਰਾਜੇ-ਰਜਵਾੜੇ ਤੇ ਜਗੀਰਦਾਰ ਹੀ ਸਨ ਜੋ ਅੱਜ ਵੀ ਲੋਕ ਚੇਤਿਆਂ ‘ਚੋਂ ਨਹੀਂ ਵਿੱਸਰੇ। ਵੱਖੋ-ਵੱਖ ਵੰਨਗੀ ਦੇ ਧਾਰਮਿਕ ਉਤਸਵਾਂ ਤੇ ਸਮਾਜਿਕ ਆਯੋਜਨਾਂ ‘ਚ ਸਾਰੇ ਫਿਰਕਿਆਂ ਤੇ ਜਾਤੀਆਂ ਦੇ ਲੋਕਾਂ ਦੀ ਸ਼ਿਰਕਤ, ਜੋ ਕਦੀ ਇਕ ਖੂਬਸੂਰਤ ਤੇ ਦਿਲ ਖਿੱਚਵਾਂ ਨਜ਼ਾਰਾ ਪੇਸ਼ ਕਰਦੀ ਸੀ, ਅੱਜ ਕੁੱਝ ਲੋਕਾਂ ਦੇ ਨਫਰਤੀ ਭਾਸ਼ਣਾਂ ਤੇ ਭੜਕਾਊ ਕਾਰਵਾਈਆਂ ਕਾਰਨ ਅਲੋਪ ਹੁੰਦੀ ਜਾ ਰਹੀ ਹੈ। ਹੋਲੀ-ਦਿਵਾਲੀ, ਈਦ-ਰਮਜ਼ਾਨ, ਨਵਰਾਤਰੇ-ਤਾਜ਼ੀਏ ਜਿਹੇ ਪੁਰਬਾਂ ‘ਤੇ ਇਕ-ਦੂਜੇ ਨੂੰ ਜੱਫੀਆਂ ਪਾ ਕੇ ਵਧਾਈਆਂ ਦੇਣ ਦੇ ਰੂਹ ਨੂੰ ਸਕੂਨ ਬਖਸ਼ਨ ਵਾਲੇ ਦ੍ਰਿਸ਼ ਬੀਤੇ ਦੀ ਗੱਲ ਬਣਦੇ ਜਾ ਰਹੇ ਹਨ। ਹਾਲਾਂਕਿ ਸਮਾਜ ਅੰਦਰ ਐਸੇ ਲੋਕ ਅੱਜ ਵੀ ਮੌਜੂਦ ਹਨ, ਜਿਨ੍ਹਾਂ ਨੇ ਆਪਣੀ ਜਾਨ ਜੋਖਮ ’ਚ ਪਾ ਕੇ ਫਿਰਕੂ ਦੰਗਿਆਂ ਜਾਂ ਤਨਾਅ ਭਰੇ ਮਾਹੌਲ ‘ਚ ਦੂਜੇ ਧਰਮਾਂ ਦੇ ਲੋਕਾਂ ਨੂੰ ਆਪਣੇ ਘਰਾਂ ‘ਚ ਸ਼ਰਨ ਤੇ ਸੁਰੱਖਿਆ ਪ੍ਰਦਾਨ ਕੀਤੀ ਹੈ। ਪਿਛਲੀਆਂ ਦੋ ਓਲੰਪਿਕ ਖੇਡਾਂ ਅੰਦਰ ਕ੍ਰਮਵਾਰ ਭਾਰਤ ਦੇ ਨੀਰਜ ਚੋਪੜਾ ਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਵੱਲੋਂ ਸੋਨ ਤਗ਼ਮਾ ਜਿੱਤਣ ‘ਤੇ ਦੋਵਾਂ ਦੀਆਂ ਮਾਵਾਂ ਨੇ ਇਹ ਕਹਿ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ ਕਿ, “ਦੋਨੋਂ ਪੁੱਤਰ ਸਾਡੇ ਹੀ ਤਾਂ ਹਨ! ਇਸ ਨਾਲ ਕੀ ਫਰਕ ਪੈਂਦਾ ਹੈ ਕਿ ਤਗ਼ਮਾ ਕਿਸ ਨੇ ਜਿੱਤਿਆ ਹੈ ?” ਇਸੇ ਤਰ੍ਹਾਂ ਇਕ ਮੁਸਲਮਾਨ ਸਿਪਾਹੀ ਨੇ ਆਪਣੀ ਜਾਨ ਲਈ ਜ਼ੋਖਮ ਸਹੇੜਦੇ ਹੋਏ ਜਿਵੇਂ ਗੰਗਾ ‘ਚ ਛਾਲ ਮਾਰ ਕੇ ਡੁੱਬ ਰਹੇ ਕਾਂਵੜੀਆਂ ਨੂੰ ਬਚਾਇਆ ਸੀ, ਉਹ ਇਸ ਗੱਲ ਦਾ ਸਬੂਤ ਹੈ ਕਿ ਹਿੰਦੂ ਮੁਸਲਮਾਨਾਂ ਦੀਆਂ ਗੂੜ੍ਹੀਆਂ ਪਿਆਰ ਸਾਂਝਾ ਨੂੰ ਕੋਈ ਵੀ ਫਿਰਕੂ ਜਨੂੰਨੀ ਤਬਾਹ ਨਹੀਂ ਕਰ ਸਕਦਾ। ਇਉਂ ਹੀ ਮਹਾਕੁੰਭ ਦੌਰਾਨ ਪ੍ਰਯਾਗ ਰਾਜ ਵਿਖੇ ਮੱਚੀ ਭਗਦੜ ਸਮੇਂ ਮੁਸਲਮਾਨਾਂ ਨੇ ਜਿਵੇਂ ਜਖ਼ਮੀ ਤੇ ਭੁੱਖੇ-ਤਿਹਾਏ ਸ਼ਰਧਾਲੂਆਂ ਲਈ ਆਪਣੇ ਘਰਾਂ, ਇਬਾਦਤਗਾਹਾਂ ਦੇ ਦਰ ਖੋਲ੍ਹੇ ਅਤੇ ਹਰ ਲੋੜੀਂਦੀ ਵਸਤ ਮੁਹੱਈਆ ਕਰਵਾਈ ਉਸ ਤੋਂ ਇਹ ਭਰੋਸਾ ਪੱਕਾ ਹੁੰਦਾ ਹੈ ਕਿ ਇਨਸਾਨੀਅਤ ਜ਼ਿੰਦਾਬਾਦ ਹੈ ਅਤੇ ਰਹੇਗੀ।
ਪ੍ਰੰਤੂ ਇੱਥੇ ਵਧੇਰੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੇਂਦਰ ਸਰਕਾਰ ਖੁਦ ਹੀ ਭਾਰਤੀ ਸਮਾਜ ਨੂੰ ਫਿਰਕੂ ਲੀਹਾਂ ‘ਤੇ ਵੰਡਣ ਲਈ ਕੋਝੀਆਂ ਤਿਕੜਮਾਂ ਲੜਾ ਰਹੀ ਹੈ। ਇਹੋ ਨਹੀਂ ਸੱਤਾ ਦੇ ਪ੍ਰਭਾਵ ਹੇਠਾਂ ਜਾਂ ਡਰਦੇ ਮਾਰੇ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕ, ਖਾਸ ਕਰਕੇ ਨਿਆਂ ਪਾਲਕਾ ਤੇ ਨੌਕਰਸ਼ਾਹਾਂ ਦਾ ਇਕ ਹਿੱਸਾ ਅਤੇ ਮੀਡੀਆ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਘਟੀਆ ਕਿਸਮ ਦਾ ਝੂਠਾ ਪ੍ਰਚਾਰ ਕਰਕੇ ਇਕ ਪਾਸੜ ਬਿਰਤਾਂਤ ਸਿਰਜਣ ‘ਤੇ ਆਮਦਾ ਹਨ। ਜੇਕਰ ਇਹ ਨਖਿੱਧ ਅਮਲ ਇਉਂ ਹੀ ਜਾਰੀ ਰਿਹਾ ਤਾਂ ਦੇਸ਼ ਨੂੰ ਰਸਾਤਲ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ।

ਆਮ ਲੋਕਾਂ ਦਾ ਵੱਡਾ ਹਿੱਸਾ, ਜਦੋਂ ਫਿਰਕੂ ਕਸ਼ੀਦਗੀ ਤੇ ਅਨਿਸ਼ਚਤਾ ਦੇ ਮਹੌਲ ‘ਚ ਸਾਹ ਲੈ ਰਿਹਾ ਹੋਵੇ ਤਾਂ ਉਹ ਬੜੀ ਵੇਰ ਆਪਣੀਆਂ ਹਕੀਕੀ ਮੁਸ਼ਕਿਲਾਂ ਨੂੰ ਦਰਕਿਨਾਰ ਕਰਕੇ ਆਪਣੀ ਸੋਚ ਨੂੰ ਵੰਡਵਾਦੀ ਲੋਕਾਂ ਵੱਲੋਂ ਪ੍ਰਚਾਰੇ ਜਾਂਦੇ ਗੁੰਮਰਾਹਕੁੰਨ ਏਜੰਡੇ ਦੁਆਲੇ ਕੇਂਦ੍ਰਿਤ ਕਰਨ ਲੱਗ ਪੈਂਦਾ ਹੈ। ਕਈ ਵਾਰ ਅਨੇਕਾਂ ਗਰੀਬ ਪਰਿਵਾਰ ਬੇਰੁਜ਼ਗਾਰੀ ਤੇ ਮਹਿੰਗਾਈ ਕਾਰਨ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਦੇ ਵੀ ਸਮੱਰਥ ਨਾ ਹੋਣ ਕਰਕੇ ਹਰ ਕਿਸਮ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਜੂਝਣ ਲਈ ਮਜ਼ਬੂਰ ਹੁੰਦੇ ਹਨ। ਪ੍ਰੰਤੂ ਜਦੋਂ ਵੀ ਕੋਈ ਵਿਅਕਤੀ ਧਰਮ ਦੇ ਆਧਾਰ ‘ਤੇ ਕਿਸੇ ਵੀ ਕਿਸਮ ਦੀ ਸੰਕੀਰਨ ਗੱਲ ਕਰਦਾ ਹੈ ਤਾਂ ਅਜਿਹੇ ਲੋਕ ਅਗਿਆਨਤਾ ਵੱਸ ਝੱਟ ਉਸਦੇ ਜਾਲ ‘ਚ ਫਸ ਜਾਂਦੇ ਹਨ। ਭਾਵੇਂ ਅਣਜਾਣੇ ਹੀ ਸਹੀ, ਪਰ ਫਿਜ਼ਾ ‘ਚ ਗੂੰਜਦੇ ਨਫ਼ਰਤ ਭਰੇ ਬੋਲ ਆਪਣਾ ਮਨਹੂਸ ਰੰਗ ਦਿਖਾਉਂਦੇ ਜ਼ਰੂਰ ਹਨ।

ਮਜ਼ਦੂਰਾਂ ਤੋਂ ਲੈ ਕੇ ਗਰੀਬ ਕਿਸਾਨ ਤੇ ਛੋਟਾ-ਮੋਟਾ ਧੰਦਾ ਚਲਾ ਰਹੇ ਵਪਾਰੀ ਕੇਂਦਰੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਲਗਾਤਾਰ ਆਰਥਿਕ ਕੰਗਾਲੀ ਵੱਲ ਨੂੰ ਧੱਕੇ ਜਾ ਰਹੇ ਹਨ। ਦੇਸ਼ ਦਾ ਕੋਈ ਵੀ ਕਾਨੂੰਨ, ਆਰਥਿਕ ਨੀਤੀਆਂ ਅਤੇ ਸਮੁੱਚੀ ਅਰਥ ਵਿਵਸਥਾ ਦੀ ਸੇਧ ਸਾਮਰਾਜੀ ਦਖ਼ਲ ਤੋਂ ਮੁਕਤ ਨਹੀਂ ਹਨ। ਇਸੇ ਲਈ ਸਾਡੇ ਹੁਕਮਰਾਨ ਤੇ ਅਦਾਰੇ ਸਾਮਰਾਜ ਦੀ ਸੇਵਾ ਹਿੱਤ ਖੜ੍ਹੀਆਂ ਕੀਤੀਆਂ ਸੰਸਾਰ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਤੇ ਸੰਸਾਰ ਵਿਉਪਾਰ ਸੰਗਠਨ ਜਿਹੀਆਂ ਕੌਮਾਂਤਰੀ ਸੰਸਥਾਵਾਂ ਦੀ ‘ਲਛਮਣ ਰੇਖਾ’ ਨਹੀਂ ਉਲੰਘ ਸਕਦੇ। ਇਸ ਨੂੰ ਦੇਸ਼ ਦਾ ਦੁਰਭਾਗ ਹੀ ਸਮਝੋ ਕਿ ਪਿੰਡ-ਸ਼ਹਿਰ ਦੀ ਕਿਸੇ ਗਰੀਬ ਬਸਤੀ ‘ਚ ਭੁੱਖ-ਤੇਹ ਤੇ ਬਿਮਾਰੀਆਂ ਨਾਲ ਕਰਾਹ ਰਹੇ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਮੌਜੂਦਾ ਨੀਤੀ ਸ਼ਾਸ਼ਤਰ ‘ਚ ਉਨ੍ਹਾਂ ਦੇ ਹਿਤਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ, ਬਲਕਿ ਨੀਤੀ ਘਾੜਿਆਂ ਵਲੋਂ ਪੂਰੀ ਮੁਸਤੈਦੀ ਨਾਲ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪਹਿਰਾਬਰਦਾਰੀ ਕੀਤੀ ਜਾਂਦੀ ਹੈ।

See Also

ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਜੇ ਆਰਥਿਕ ਤੇ ਸਮਾਜਿਕ ਪੱਖੋਂ ਦੇਸ਼ ਦੇ ਹਾਲਾਤ ਇਉਂ ਹੀ ਵਿਗੜਦੇ ਰਹੇ ਤਾਂ ਸਾਡੇ ਲੋਕਾਂ ਲਈ ਬਹੁਤ ਹੀ ਬੁਰੇ ਦਿਨਾਂ ਦੀ ਆਮਦ ਨੂੰ ਕੋਈ ਨਹੀਂ ਰੋਕ ਸਕੇਗਾ। ਲੋਕਾਂ ਦੇ ਮਨਾਂ ਅੰਦਰ ਭਰੀ ਜਾ ਰਹੀ ਇਕ-ਦੂਜੇ ਪ੍ਰਤੀ ਧਰਮ ਅਧਾਰਤ ਨਫਰਤ ਅਤੇ ਬੇਗਾਨਗੀ ਦੀ ਭਾਵਨਾ ਲੰਬਾ ਸਮਾਂ ਦੇਸ਼ ਦੀ ਏਕਤਾ-ਅਖੰਡਤਾ ਲਈ ਵੀ ਖੁਸ਼ਗਵਾਰ ਨਹੀਂ ਰਹਿਣੀ। ਦੇਸ਼ ਦੇ ਧਰਮ ਨਿਰਪੱਖ, ਲੋਕਰਾਜੀ ਤੇ ਫੈਡਰਲ ਢਾਂਚੇ ਦੀ ਰਾਖੀ ਕਰਨ ਦੀ ਪ੍ਰਮੁੱਖ ਜ਼ਿੰਮੇਵਾਰੀ ਭਾਵੇਂ ਹਾਕਮ ਧਿਰ ਦੀ ਹੈ। ਪਰ ਨਾਲ ਹੀ ਸਰਕਾਰ ਦੇ ਵਿਰੋਧ ‘ਚ ਕੰਮ ਕਰ ਰਹੀਆਂ ਰਾਜਸੀ- ਸਮਾਜਿਕ ਧਿਰਾਂ ਨੂੰ ਵੀ ਦੇਸ਼ ਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਨਿਭਾਉਣ ਦੀ ਲੋੜ ਹੈ। ਸਰਕਾਰੀ ਏਜੰਸੀਆਂ ਤੇ ਸੰਕੀਰਨ ਤੱਤਾਂ ਵੱਲੋਂ ਸ਼ਿਸ਼ਕਾਰੇ ਲੋਕਾਂ ਦੀ ਵਿਰੋਧੀ ਧਿਰਾਂ ਦੀਆਂ ਸਫ਼ਾਂ ਅੰਦਰ ਘੁਸਪੈਠ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਪੰਜਾਬ ‘ਚ ਰੋਜ਼ੀ-ਰੋਟੀ ਕਮਾਉਣ ਲਈ ਦੂਜੇ ਪ੍ਰਾਂਤਾਂ ਤੋਂ ਆਉਂਦੇ ਕਿਰਤੀਆਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕਰਨ ਤੇ ਗੁਆਂਢੀ ਰਾਜਾਂ ਨਾਲ ਬੇਲੋੜੇ ਵਿਵਾਦ ਖੜ੍ਹੇ ਕਰਨ ਵਾਲੇ ਅਨਸਰਾਂ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਦੇ ਸਹਿਯੋਗ ਜਾਂ ਹੱਲਾਸ਼ੇਰੀ ਨਹੀਂ ਮਿਲਣੀ ਚਾਹੀਦੀ। ਆਪਣੇ ਧਰਮ ਨੂੰ ਵਡਿਆਉਂਦੇ ਹੋਏ ਦੂਜੇ ਧਰਮਾਂ ਦੇ ਪੈਰੋਕਾਰਾਂ ਨੂੰ ‘ਕਾਫ਼ਰ’ ਦੱਸਣਾ ਕਦੇ ਵੀ ਉਚਿਤ ਨਹੀਂ ਸਮਝਿਆ ਜਾ ਸਕਦਾ। ਹੋਲੀ ਖੇਡਣ ਕਰਕੇ, ਕਿਸੇ ਮੁੱਲਾ ਵੱਲੋਂ ਇੱਕ ਮੁਸਲਮਾਨ ਕ੍ਰਿਕਟ ਖਿਡਾਰੀ ਨੂੰ ਧਰਮ ਵਿਰੋਧੀ ਗਰਦਾਨਿਆ ਜਾਣਾ ਘੱਟ ਗਿਣਤੀ ਭਾਈਚਾਰੇ ਲਈ ਨਵੀਂਆਂ ਮੁਸੀਬਤਾਂ ਖੜ੍ਹੀਆਂ ਕਰਨ ਦਾ ਸਬੱਬ ਬਣ ਰਿਹਾ ਹੈ। ਇਹ ਗੱਲ ਯਾਦ ਰੱਖਣੀ ਹੋਵੇਗੀ ਕਿ ਕੁੱਝ ਕੁ ਸ਼ਰਾਰਤੀ ਲੋਕਾਂ ਦੀਆਂ ਗੈਰ ਜ਼ਿੰਮੇਵਾਰਾਨਾ ਕਾਰਵਾਈਆਂ ਦਾ ਭੁਗਤਾਨ ਸਮੁੱਚੇ ਘੱਟ ਗਿਣਤੀ ਭਾਈਚਾਰੇ ਨੂੰ ਕਰਨਾ ਪੈਂਦਾ ਹੈ, ਜੋ ਕਿ ਬਹੁਤ ਹੀ ਦੁਖਦਾਈ ਵਰਤਾਰਾ ਹੈ।

ਕਿਸੇ ਵੀ ਛੋਟੀ ਜਿਹੀ ਘਟਨਾ ਪਿੱਛੇ ਸੰਬੰਧਤ ਦੋਸ਼ੀਆਂ ਨੂੰ ‘ਦੇਸ਼ ਧ੍ਰੋਹੀ’ ਕਹਿਣ ਦਾ ਅੱਜ-ਕੱਲ੍ਹ ਰਿਵਾਜ਼ ਜਿਹਾ ਹੀ ਬਣਾ ਦਿੱਤਾ ਗਿਆ ਹੈ। ਹਾਲਾਂਕਿ ਦੇਸ਼ ਪ੍ਰਤੀ ਸਤਿਕਾਰ ਤੇ ਪ੍ਰਤੀਬੱਧਤਾ ਦੇ ਪੱਖ ਤੋਂ ਦੇਸ਼ ਦੇ 140 ਕਰੋੜ ਲੋਕ ਹੀ ਇਕ-ਦੂਜੇ ਤੋਂ ਅੱਗੇ ਰਹਿੰਦੇ ਹਨ। ਪ੍ਰੰਤੂ ਪਤਾ ਨਹੀਂ ਫਿਰ ਵੀ ਕੁੱਝ ਲੋਕ ਧਰਮ ਦੇ ਆਧਾਰ ‘ਤੇ ਸਮਾਜ ਦੇ ਇਕ ਹਿੱਸੇ ਨੂੰ ਦੇਸ਼ ਦੇ ਵਿਰੋਧ ‘ਚ ਖੜ੍ਹੇ ਕਰਕੇ ਖੁਸ਼ ਕਿਉਂ ਹੁੰਦੇ ਹਨ ?

ਸੰਘ ਦੀ ਅਖਿੱਲ ਭਾਰਤੀ ਪ੍ਰਤੀਨਿੱਧੀ ਸਭਾ ‘ਚ ਸਰਕਾਰ ਯਵਾਰ ਦਾ ਇਹ ਕਹਿਣਾ ਕਿ “ਧਰਮ ਦੇ ਆਧਾਰ ‘ਤੇ ਰਿਜ਼ਰਵੇਸ਼ਨ ਦੇਣੀ ਸੰਵਿਧਾਨ ਦੀ ਉਲੰਘਣਾ ਹੈ”, ਪੂਰੀ ਤਰ੍ਹਾਂ ਦਰੁਸਤ ਹੈ। ਪ੍ਰੰਤੂ ਇਹ ਅਧੂਰਾ ਸੱਚ ਹੈ। ਅਗਲਾ ਵਾਕ, ਜਿਸ ਨੂੰ ਕਹਿਣ ਨਾਲ ਗੱਲ ਸਪੱਸ਼ਟ ਹੋਵੇਗੀ ਇਉਂ ਹੈ, “ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਤੋੜ ਕੇ ਇਕ ਧਰਮ ਅਧਾਰਤ ਦੇਸ਼ ਬਣਾਉਣਾ, ਜਿਸ ਬਾਰੇ ਆਰ.ਐਸ.ਐਸ. ਨਾਲ ਜੁੜੇ ਸੰਗਠਨ ਤੇ ਵਿਅਕਤੀ ਹਰ ਰੋਜ਼ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਵੀ ਭਾਰਤੀ ਸੰਵਿਧਾਨ ਦੀ ਸਰਾਸਰ ਉਲੰਘਣਾ ਹੈ।”

Scroll To Top