
ਸ਼ਮਸ਼ੇਰ ਸਿੰਘ ਬਟਾਲਾ
ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਚੱਲੀਆਂ ਸਿਰਮੌਰ ਲਹਿਰਾਂ ’ਚੋਂ ਗ਼ਦਰ ਲਹਿਰ ਦਾ ਵਡੇਰਾ ਮਹੱਤਵ ਹੈ। ਆਜ਼ਾਦੀ ਦੀ ਪ੍ਰਾਪਤੀ ਲਈ ਅਦੁੱਤੀ ਕੁਰਬਾਨੀਆਂ ਦੇਣ ਵਾਲੇ ਗ਼ਦਰੀ ਸ਼ਹੀਦਾਂ ’ਚ ਪੰਡਿਤ ਸੋਹਨ ਲਾਲ ਪਾਠਕ ਦਾ ਨਾਂਅ ਪ੍ਰਮੁੱਖ ਹੈ। ਸ਼ਹੀਦ ਸੋਹਨ ਲਾਲ ਪਾਠਕ ਦਾ ਜਨਮ 7 ਜਨਵਰੀ 1883 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ (ਹੁਣ ਤਰਨਤਾਰਨ) ਦੇ ਕਸਬਾ ਪੱਟੀ ਵਿਖੇ ਮਾਤਾ ਕਿਰਪਾ ਦੇਵੀ ਦੀ ਕੁੱਖੋਂ ਪਿਤਾ ਪੰਡਿਤ ਚੰਦਾ ਰਾਮ ਦੇ ਘਰ ਹੋਇਆ। ਆਪ ਨੇ ਪੰਜਵੀਂ ਤੱਕ ਦੀ ਪੜ੍ਹਾਈ ਪੱਟੀ ਦੇ ਸਕੂਲ ਤੋਂ ਵਜ਼ੀਫੇ ਨਾਲ ਹਾਸਲ ਕੀਤੀ। ਛੋਟੀ ਉਮਰ ਵਿੱਚ ਹੀ ਆਪ ਨੇ ਸੰਸਕਿ੍ਰਤ, ਉਰਦੂ ਤੇ ਫਾਰਸੀ ਭਾਸ਼ਾਵਾਂ ’ਤੇ ਪਕੜ ਬਣਾ ਲਈ ਸੀ। ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਆਪ ਪੜ੍ਹਾਈ ਵਿੱਚੇ ਛੱਡ ਕੇ ਸਿੰਚਾਈ ਮਹਿਕਮੇ ਵਿਚ 6 ਰੁਪਏ ਮਹੀਨਾ ਤਨਖਾਹ ਤੇ ਬੇਲਦਾਰ ਭਰਤੀ ਹੋ ਗਏ ਪਰ ਪੜ੍ਹਨ-ਲਿਖਣ ਵਿਚ ਰੁਚੀ ਹੋਣ ਕਾਰਨ ਆਪ ਪਹਿਲਾਂ ਪ੍ਰਾਇਮਰੀ ਸਕੂਲ ਚਵਿੰਡਾ ਵਿਖੇ ਮਾਸਟਰ ਲੱਗੇ ਤੇ ਫੇਰ ਨਾਰਮਲ ਟ੍ਰੇਨਿੰਗ ਸਕੂਲ ਲਾਹੌਰ ਤੋਂ ਪਾਸ ਆਊਟ ਹੋ ਕੇ ਵਰਨੈਕੂਲਰ ਸਕੂਲ ਅਜਨਾਲਾ ਵਿਚ 8 ਰੁਪਏ ਮਹੀਨਾ ਤੇ ਮਾਸਟਰ ਲੱਗ ਗਏ। 18 ਸਾਲ ਦੀ ਉਮਰ ਵਿਚ ਆਪ ਦਾ ਵਿਆਹ, ਬੀਬੀ ਲਖਸ਼ਮੀ ਦੇਵੀ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨਾਲ ਹੋਇਆ। ਵਿਆਹ ਤੋਂ ਇੱਕ ਸਾਲ ਪਿਛੋਂ ਬੱਚੇ ਨੂੰ ਜਨਮ ਦੇਣ ਤੋਂ 12ਵੇਂ ਦਿਨ ਆਪ ਦੀ ਧਰਮਪਤਨੀ ਦੀ ਮੌਤ ਗਈ ਤੇ ਤੇਰਵੇਂ ਦਿਨ ਨਿਆਣਾ ਵੀ ਮਾਂ ਦੇ ਮਗਰੇ ਹੀ ਤੁਰ ਗਿਆ। ਪਹਿਲਾਂ ਮਾਤਾ ਤੇ ਫਿਰ ਭਣੋਈਏ ਦੀ ਮੌਤ, ਭਰਾ ਦੀ ਬਿਮਾਰੀ, ਘਰਵਾਲੀ ਤੇ ਨਿਆਣੇ ਦੀ ਮੌਤ ਨੇ ਸੋਹਨ ਲਾਲ ਪਾਠਕ ਦੇ ਮਨ ’ਤੇ ਡੂੰਘਾ ਪ੍ਰਭਾਵ ਪਾਇਆ ਤੇ ਉਹ ਜੀਵਨ ਦੇ ਉਚੇਰੇ ਉਦੇਸ਼ ਦੀ ਪ੍ਰਾਪਤੀ ਲਈ ਸੋਚਣ ਲੱਗ ਪਏ।
ਪਿੱਛੋਂ 20 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਡੀ.ਏ.ਵੀ. ਸਕੂਲ ਲਾਹੌਰ ਵਿਖੇ ਨੌਕਰੀ ਕਰਦਿਆਂ ਆਪ ਲਾਲਾ ਹਰਦਿਆਲ ਤੇ ਲਾਲਾ ਲਾਜਪਤ ਰਾਏ ਦੇ ਸਪੰਰਕ ’ਚ ਆਏ। ਸੋਹਨ ਲਾਲ ਪਾਠਕ ਨੇ ਲਾਲਾ ਲਾਜਪਤ ਰਾਏ ਵਲੋਂ ਕੱਢੇ ਜਾਂਦੇ ਉਰਦੂ ਅਖ਼ਬਾਰ ‘ਬੰਦੇ ਮਾਤਰਮ’ ਵਿਚ ਸਹਿ ਸੰਪਾਦਕ ਵਜੋਂ ਕੰਮ ਕੀਤਾ। ਨਾਲ ਹੀ ਆਪ ਇਕ ਲਾਇਬ੍ਰੇਰੀ ਵੀ ਚਲਾਉਂਦੇ ਸਨ ਅਤੇ ਲਾਲਾ ਲਾਜਪਤ ਰਾਏ ਦੁਆਰਾ ਚਲਾਏ ਜਾ ਰਹੇ ‘ਸਵਾਮੀ ਦਯਾਨੰਦ ਬ੍ਰਹਮਚਾਰੀ ਆਸ਼ਰਮ’ ’ਚ ਵੀ ਕੰਮ ਕਰਦੇ ਸਨ।
ਸਾਲ 1907 ਵਿੱਚ ਸ਼ਹੀਦ ਸੋਹਨ ਲਾਲ ਪਾਠਕ ਆਪਣਾ ਦੇਸ਼ ਛੱਡ ਕੇ ਸਿਆਮ (ਥਾਈਲੈਂਡ) ਪੁੱਜ ਗਏ। 1910 ਵਿਚ ਸ਼ਹੀਦ ਸੋਹਨ ਲਾਲ ਪਾਠਕ ਕੈਨੇਡਾ ਵਿਚਲੀ ‘ਯੂਨਾਈਟਿਡ ਇੰਡੀਆ ਲੀਗ’ ਦੇ ਸੰਪਰਕ ਵਿੱਚ ਆਏ ਤੇ ਇਸ ਦੇ ਸਰਗਰਮ ਮੈਂਬਰ ਬਣ ਗਏ ਸਨ। 1911 ਵਿੱਚ ਉਨ੍ਹਾਂ ਫਾਰਮੇਸੀ ਦੀ ਉਚੇਰੀ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਦੇ ‘ਆਰੇਗਨ ਸਟੇਟ ਐਗਰੀਕਲਚਰਲ ਕਾਲਜ’ ਵਿੱਚ ਦਾਖ਼ਲਾ ਲਿਆ। ਪੜ੍ਹਾਈ ਦੇ ਨਾਲ-ਨਾਲ ਆਪ ਨੇ ਦੇਸ਼-ਕੌਮ ਦੀ ਸੇਵਾ ਵੀ ਜਾਰੀ ਰੱਖੀ।
ਅਮਰੀਕਾ ਦੇ ਪੱਛਮੀ ਤੱਟ ’ਤੇ ਭਾਰਤੀ ਮਜ਼ਦੂਰਾਂ ਨੂੰ ਸੰਗਠਿਤ ਕਰਨ ਲਈ 21 ਅਪਰੈਲ 1913 ਨੂੰ ‘ਹਿੰਦੀ ਐਸੋਸੀਏਸ਼ਨ ਆਫ਼ ਪੈਸਿਫ਼ਿਕ ਕੋਸਟ’ ਨਾਂਅ ਦੀ ਸੰਸਥਾ ਬਣਾਈ ਗਈ, ਜਿਸਦਾ ਹੈੱਡ ਕੁਆਟਰ ਸਾਨਫ੍ਰਾਂਸਿਸਕੋ ਵਿਖੇ ਸੀ। ਮਗਰੋਂ ਇਹੋ ਸੁਸਾਇਟੀ ਗ਼ਦਰ ਪਾਰਟੀ ਵਜੋਂ ਪ੍ਰਸਿੱਧ ਹੋਈ। ਇੱਥੇ ਹੀ ਸੋਹਨ ਲਾਲ ਪਾਠਕ, ਲਾਲਾ ਹਰਦਿਆਲ ਰਾਹੀਂ ਗਦਰ ਪਾਰਟੀ ਦੇ ਮੈਂਬਰ ਬਣੇ ਸਨ। ਯੁਗਾਂਤਰ ਆਸ਼ਰਮ ਦੀ ਦੇਖ-ਰੇਖ ਤੇ ਚਿੱਠੀ-ਪੱਤਰ ਲਿਖਣ ਦਾ ਕੰਮ ਸ਼ਹੀਦ ਸੋਹਨ ਲਾਲ ਪਾਠਕ , ਪੰਡਿਤ ਜਗਤ ਰਾਮ, ਪਿ੍ਰਥਵੀ ਸਿੰਘ ਆਜ਼ਾਦ ਤੇ ਰਾਮ ਚੰਦਰ ਨੂੰ ਸੋਂਪਿਆ ਗਿਆ ਸੀ । 4 ਅਪਰੈਲ 1914 ਨੂੰ ਵੈਨਕੁਵਰ ਵਿਖੇ ‘ਕਾਮਾਗਾਟਾਮਾਰੂ ਜਹਾਜ਼’ ਦੇ ਯਾਤਰੀਆਂ ਦੀ ਮਾਲੀ ਇਮਦਾਦ ਲਈ ਗਠਿਤ ਕੀਤੀ ਗਈ ਕਮੇਟੀ ’ਚ ਸ਼ਹੀਦ ਸੋਹਨ ਲਾਲ ਪਾਠਕ ਵੀ ਸ਼ਾਮਿਲ ਸੀ। ਸਿੰਘਾਪੁਰ ਅਤੇ ਰੰਗੂਨ ਵਿਖੇ ਸ਼ਹੀਦ ਸੋਹਨ ਲਾਲ ਪਾਠਕ ਦੀ ਅਗਵਾਈ ਵਿੱਚ ਗ਼ਦਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਵਧੇਰੇ ਪ੍ਰਭਾਵ ਪਿਆ। ਸਰਕਾਰੀ ਰਿਪੋਰਟ ਅਨੁਸਾਰ ਬਗ਼ਾਵਤ ਵਿੱਚ 8 ਅਫ਼ਸਰਾਂ ਸਮੇਤ 48 ਅੰਗਰੇਜ਼ੀ ਫੌਜ਼ੀ ਅਤੇ 400 ਦੇ ਕਰੀਬ ਬਾਗੀ ਜਵਾਨ ਮਾਰੇ ਗਏ ਸਨ। 14 ਅਗਸਤ 1915 ਨੂੰ ਸ਼ਹੀਦ ਸੋਹਨ ਲਾਲ ਪਾਠਕ ਨਰੈਣ ਸਿੰਘ ਦੇ ਨਾਲ 23 ਨੰਬਰ ਪਖਾਨੇ ਦੇ ਜਮਾਂਦਾਰ ਮਿਸ਼ਰੀ ਵਾਲਾ (ਪਟਿਆਲਾ) ਨੂੰ ਮਿਲਣ ਗਏ ਸਨ। ਜਮਾਂਦਾਰ ਨੇ ਵਚਨ ਦਿੱਤਾ ਸੀ ਕਿ ਉਹ ਆਪਣੇ ਫੌਜ਼ੀ ਸਿਪਾਹੀਆਂ ਸਮੇਤ ਬਗ਼ਾਵਤ ਵਿੱਚ ਸ਼ਾਮਲ ਹੋਵੇਗਾ। ਪਰੰਤੂ ਜਮਾਂਦਾਰ ਨੇ ਵਿਸ਼ਵਾਸ ਘਾਤ ਕਰਕੇ ਸ਼ਹੀਦ ਸੋਹਨ ਲਾਲ ਪਾਠਕ ਨੂੰ ਉਸੇ ਦਿਨ ਮੇਮਿਓ (ਬਰਮਾ) ਤੋਂ ਗਿ੍ਰਫ਼ਤਾਰ ਕਰਵਾ ਦਿੱਤਾ ਸੀ।
ਸ਼ਹੀਦ ਪਾਠਕ ਕੋਲੋਂ 2 ਪਿਸਤੌਲ, 270 ਗੋਲੀਆਂ ਅਤੇ ਇਨਕਲਾਬੀ ਸਾਹਿਤ ਬਰਾਮਦ ਹੋਇਆ ਸੀ। ਗਿ੍ਰਫ਼ਤਾਰੀ ਪਿੱਛੋਂ ਉਸ ਕੋਲੋਂ ਬਗ਼ਾਵਤ ਫੈਲਾਉਣ ਵਾਲੀ ਲਾਲਾ ਹਰਦਿਆਲ ਦੀ ਇੱਕ ਤਕਰੀਰ, ਬੰਬ ਬਣਾਉਣ ਦਾ ਨੁਸਖਾ, ਗ਼ਦਰ ਅਖਬਾਰ ਦੀ ਕਾਪੀ, ਤਿੰਨ ਸਵੈ-ਚਾਲਕ ਪਸਤੌਲ ਤੇ 283 ਗੋਲੀਆਂ ਮਿਲੀਆਂ ਸਨ। ਪਿੱਛੋਂ ਉਨ੍ਹਾਂ ਦੇ ਦੋ ਸਾਥੀਆਂ, ਬਾਬੂ ਹਰਨਾਮ ਸਿੰਘ ਸਾਹਰੀ ਕਾਹਰੀ (ਹੁਸ਼ਿਆਰਪੁਰ) ਤੇ ਨਰੈਣ ਸਿੰਘ (ਪਟਿਆਲਾ), ਜੋ ਬੜੀ ਦੇਰ ਤੱਕ ਫੌਜ਼ੀਆਂ ਦਾ ਸਾਹਮਣਾ ਕਰਦੇ ਰਹੇ, ਨੂੰ ਵੀ ਰੰਗੂਨ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ। ਉਸ ਦੇ ਦਿਲੋ-ਦਿਮਾਗ ‘ਤੇ ਹਰ ਸਮੇਂ ‘ਗ਼ਦਰ ਦੀ ਗੂੰਜ’ ਦੇ ਇਹ ਬੋਲ ਪ੍ਰਭਾਵ ਪਾਉਂਦੇ ਰਹਿੰਦੇ ਸਨ :-
ਗ਼ਦਰ ਪਾਰਟੀ ਬੀੜਾ ਚੁੱਕਿਆ, ਹਿੰਦ ਅਜ਼ਾਦ ਕਰਾਵਣ ਦਾ।
ਆਓ! ਸ਼ੇਰੋ ਗ਼ਦਰ ਮਚਾਈਏ, ਵੇਲਾ ਨਹੀਂ ਖੁੰਝਾਵਣ ਦਾ।
ਸ਼ਹੀਦ ਪੰਡਿਤ ਸੋਹਨ ਲਾਲ ਪਾਠਕ ’ਤੇ ਦਫ਼ਾ 121 ਡੀਫੈਂਸ ਆਫ਼ ਇੰਡੀਆ ਐਕਟ ਅਧੀਨ ਮਾਔਲੇ (ਬਰਮਾਮਾਔਲਖੇ ਦਸੰਬਰ 1915 ਵਿਚ ਬਗਾਵਤ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਗਿਆ। ਬਰਮਾ ਦੇ ਅੰਗਰੇਜ਼ ਗਵਰਨਰ ਨੇ ਪਾਠਕ ਨੂੰ ਬੜਾ ਭਰਮਾਇਆ ਤੇ ਮੁਆਫ਼ੀ ਮੰਗਣ ਲਈ ਪ੍ਰੇਰਿਤ ਕੀਤਾ। ਪਰੰਤੂ ਇਸ ਅਣਖੀ ਸੂਰਮੇ ਨੇ ਕਿਹਾ, “ਜੇ ਮਾਫ਼ੀ ਮੰਗਣ ਦੀ ਗੱਲ ਹੈ ਤਾਂ ਅੰਗਰੇਜ਼ਾਂ ਨੂੰ ਮੇਰੇ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਜਿੱਥੇ ਉਹ ਚਾਲਾਕੀ ਨਾਲ ਦਾਖ਼ਲ ਹੋ ਕੇ ਜ਼ਬਰਦਸਤੀ ਇਸਦੇ ਹੁਕਮਰਾਨ ਬਣ ਬੈਠੇ ਹਨ।’’ ਮੈਜਿਸਟਰੇਟ ਨੇ ਵੀ ਕਿਹਾ ਕਿ ਜੇ ਇਹ ਜ਼ੁਬਾਨੀ ਮਾਫ਼ੀ ਮੰਗ ਲਵੇ ਤਾਂ ਇਸਦੀ ਮੌਤ ਦੀ ਸਜ਼ਾ ਬਦਲੀ ਜਾ ਸਕਦੀ ਹੈ। ਇਹ ਸੁਣਕੇ ਸੋਹਨ ਲਾਲ ਪਾਠਕ ਨੇ ਕਿਹਾ, “ਮੈਜਿਸਟਰੇਟ ਸਾਬ ਮੈਂ ਆਪਣੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਪੂਰਾ ਕੀਤਾ ਹੈ, ਹੁਣ ਤੁਸੀਂ ਆਪਣੀ ਡਿਊਟੀ ਪੂਰੀ ਕਰੋ, ਤੁਹਾਨੂੰ ਮੇਰੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ।’’ ਸ਼ਹੀਦ ਸੋਹਨ ਲਾਲ ਪਾਠਕ ਨੇ 10 ਫਰਵਰੀ 1916 ਨੂੰ ਸਵੇਰੇ 6 ਵਜੇ ਮਾਂਡਲੇ ਦੀ ਜੇਲ੍ਹ ਵਿੱਚ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ। ਸ਼ਹੀਦ ਪੰਡਿਤ ਸੋਹਨ ਲਾਲ ਪਾਠਕ ਦੀ ਇਸ ਸ਼ਹਾਦਤ ਨੂੰ ਹਰ ਭਾਰਤੀ ਰਹਿੰਦੀ ਦੁਨੀਆ ਤੱਕ ਯਾਦ ਰੱਖੇਗਾ। ਅਸੀਂ ਦੇਸ਼ ਵਾਸੀਆਂ, ਖਾਸ ਕਰਕੇ ਨੌਜਵਾਨਾਂ ਨੂੰ ਮਾਂਡਲੇ ਦੇ ਗ਼ਦਰੀ ਸੂਰਮਿਆਂ, ਜਿਨ੍ਹਾਂ ਚੋਂ ਦਸ ਫਾਂਸੀ ਚੜ੍ਹ ਕੇ ਸ਼ਹੀਦ ਹੋਏ ਸਨ ਅਤੇ ਸੱਤਾਂ ਨੂੰ ਉਮਰ ਕੈਦ ਹੋਈ ਸੀ, ਦੀ ਸ਼ਾਨਾਮੱਤੀ ਤਿਆਗ ਗਾਥਾ ਨੂੰ ਬਿਆਨ ਕਰਦਾ ਗਿਆਨੀ ਕੇਸਰ ਸਿੰਘ ਦਾ ਲਿਖਿਆ ਨਾਵਲ “ਜੰਝ ਲਾੜਿਆਂ ਦੀ’’ ਪੜ੍ਹਣ ਦਾ ਅਨੁਰੋਧ ਕਰਦੇ ਹਾਂ। ਇਨਕਲਾਬ ਜ਼ਿੰਦਾਬਾਦ! ਸਾਮਰਾਜਵਾਦ ਮੁਰਦਾਬਾਦ!!
