/* SC_TH_END:4.3.24:fc0ffc30 */ ਮਾਂ ਬੋਲੀ ਦਿਹਾੜਾ, 21 ਫਰਵਰੀ ਲਈ ਵਿਸ਼ੇਸ਼: ਆਪਣੀ ਮਾਂ ਬੋਲੀ ਨੂੰ ਰੱਜ ਕੇ ਪਿਆਰ ਕਰਦਿਆਂ ਸੰਸਾਰ ਦੇ ਹਰ ਬਸ਼ਿੰਦੇ ਦੀ ਮਾਤ ਭਾਸ਼ਾ ਦਾ ਸਤਿਕਾਰ ਕਰੋ – Sangrami Lehar
Now Reading
ਮਾਂ ਬੋਲੀ ਦਿਹਾੜਾ, 21 ਫਰਵਰੀ ਲਈ ਵਿਸ਼ੇਸ਼: ਆਪਣੀ ਮਾਂ ਬੋਲੀ ਨੂੰ ਰੱਜ ਕੇ ਪਿਆਰ ਕਰਦਿਆਂ ਸੰਸਾਰ ਦੇ ਹਰ ਬਸ਼ਿੰਦੇ ਦੀ ਮਾਤ ਭਾਸ਼ਾ ਦਾ ਸਤਿਕਾਰ ਕਰੋ

ਮਾਂ ਬੋਲੀ ਦਿਹਾੜਾ, 21 ਫਰਵਰੀ ਲਈ ਵਿਸ਼ੇਸ਼: ਆਪਣੀ ਮਾਂ ਬੋਲੀ ਨੂੰ ਰੱਜ ਕੇ ਪਿਆਰ ਕਰਦਿਆਂ ਸੰਸਾਰ ਦੇ ਹਰ ਬਸ਼ਿੰਦੇ ਦੀ ਮਾਤ ਭਾਸ਼ਾ ਦਾ ਸਤਿਕਾਰ ਕਰੋ

ਡਾਕਟਰ ਨਵਜੋਤ

            ਮਾਖਿਓਂ ਮਿੱਠੀ ਮਾਂ ਬੋਲੀ

            ਮਾਂ ਬੋਲੀ ਏ ਮਾਂ ਦੇ ਵਾਂਗਰ

            ਡਾਢੀ ਗੂੜੀ ਛਾਂ ਦੇ ਵਾਂਗਰ

            ਇਹ ਬੋਲੀ ਪਹਿਚਾਣ ਹੈ ਅਸਾਡੀ

            ਬਿਲਕੁਲ ਆਪਣੇ ਨਾਂ ਦੇ ਵਾਂਗਰ

            ਸ਼ਾਦ ਇਹ ਮੈਨੂੰ ਭੁੱਲਦੀ ਨਾਹੀਂ

            ਆਪਣੀ ਜੰਮਣ ਥਾਂ ਦੇ ਵਾਂਗਰ          (ਅਗਿਆਤ)

ਆਪਣੀ-ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਰ ਇਨਸਾਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮੁਬਾਰਕ। ਕੁੱਲ ਆਲਮ ’ਚ ਵਸਦੇ ਪੰਜਾਬੀਆਂ ਨੂੰ ਵੀ ਉਹਨਾਂ ਦੀ ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਦਾ ਇਹ ਸੁਭਾਗਾ ਦਿਨ ਖਾਸ ਤੌਰ ’ਤੇ ਮੁਬਾਰਕ। ਮਾਤ ਭਾਸ਼ਾ ਦਿਵਸ ਮਨਾਉਣ ਪਿੱਛੇ ਸਾਡੇ ਗੁਆਂਢੀ ਮੁਲਕ ਬੰਗਲਾ ਦੇਸ਼ ਦੀ ਦੇਣ ਹੈ। ਪਾਕਿਸਤਾਨੀ ਹਕੂਮਤ ਦੇਸ਼ ਦੇ ਪੂਰਬੀ ਹਿੱਸੇ ਵਿਚ ਉਰਦੂ ਤੇ ਫ਼ਾਰਸੀ ਲਾਗੂ ਕਰਨਾ ਚਾਹੁੰਦੀ ਸੀ, ਜਦ ਕਿ ਉਨਾਂ ਲੋਕਾਂ ਦੀ ਮਾਂ ਬੋਲੀ ਬੰਗਾਲੀ ਸੀ। ਮਾਂ ਬੋਲੀ ਦੇ ਲਾਡਲਿਆਂ ਨੇ ਹੁਕਮਰਾਨ ਦੇ ਇਸ ਫ਼ੈਸਲੇ ਦਾ ਡੱਟ ਕੇ ਵਿਰੋਧ ਕੀਤਾ। ਸੰਘਰਸ਼ ਨੂੰ ਸਖ਼ਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਾਂਤੀਪੂਰਵਕ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉੱਪਰ ਪਾਕਿਸਤਾਨੀ ਫੌਜ਼ ਨੇ 21 ਫਰਵਰੀ 1952 ਨੂੰ ਅੰਨੇਵਾਹ ਗੋਲੀ ਚਲਾ ਦਿੱਤੀ। ਸੈਂਕੜੇ ਬੰਗਾਲੀ ਸ਼ਹੀਦ ਹੋ ਗਏ। ਮਾਤ-ਭਾਸ਼ਾ ਨੂੰ ਲਾਗੂ ਕਰਵਾਉਣ ਦੀ ਮੰਗ ਅੰਦਰੋਂ-ਅੰਦਰੀ ਸੁਲਗਦੀ ਰਹੀ ਅਤੇ ਅਖੀਰ 21 ਫਰਵਰੀ 1956 ਵਿੱਚ ਪਾਕਿਸਤਾਨ ਨੂੰ ਸੰਵਿਧਾਨ ਵਿੱਚ ਤਰਮੀਮ ਕਰਕੇ ਮਾਂ ਬੋਲੀ ਦੇ ਹਿਤੈਸ਼ੀਆਂ ਮੂਹਰੇ ਝੁਕਦਿਆਂ ਅਖੀਰ ਬੰਗਾਲੀ ਤੇ ਉਰਦੂ ਦੋਨੇ ਭਾਸ਼ਾਵਾਂ ਨੂੰ ਲਾਗੂ ਕਰਨ ਲਈ ਸਹਿਮਤੀ ਦੇਣੀ ਹੀ ਪਈ। ਮਾਤ-ਭਾਸ਼ਾ ਨੂੰ ਮੋਹ ਕਰਨ ਵਾਲਿਆਂ ਅੰਦਰ ਵਿਦਰੋਹ ਦੀ ਚੰਗਿਆੜੀ ਭੱਖਦੀ-ਭੱਖਦੀ 1971 ’ਚ ਭਾਂਬੜ ਬਣ ਮੱਚ ਉੱਠੀ। ਪੂਰਬੀ ਪਾਕਿਸਤਾਨ ਆਜ਼ਾਦ ਹੋ ਗਿਆ ਤੇ  ਦੇਸ਼ ਬੰਗਲਾ ਦੇਸ਼ ਵਜੋਂ ਇਕ ਨਵੇਂ ਦੇਸ਼ ਦਾ ਉਦੈ ਹੋਇਆ। 17 ਨਵੰਬਰ 1999 ਈ. ਨੂੰ ਯੂਨੈੇਸਕੋ ਨੇ ਪ੍ਰਸਤਾਵ ਪਾਸ ਕਰਕੇ 21 ਫਰਵਰੀ ਦਾ ਦਿਹਾੜਾ ‘ਮਾਂ ਬੋਲੀ ਦਿਵਸ’ ਵਜੋਂ ਮਾਨਤਾ ਦੇ ਦਿੱਤੀ।

ਪੰਜਾਬੀ ਭਾਸ਼ਾ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵੱਸਣ ਵਾਲੇ ਹਰ ਪੰਜਾਬੀ ਦੀ ਮਾਂ ਬੋਲੀ ਹੈ। ਜਿੱਥੇ-ਜਿੱਥੇ ਪੰਜਾਬੀ ਵੱਸਦੇ ਹਨ ਉਥੇ-ਉਥੇ ਮਾਂ ਬੋਲੀ ਦੀ ਖੂਸ਼ਬੂ ਮਹਿਕਾਉਂਦੇ ਹਨ। ਇੱਕ ਚੜ੍ਹਦਾ ਤੇ ਲਹਿੰਦਾ ਪੰਜਾਬ ਦੂਜਾ ਜੰਮੂ, ਹਰਿਆਣਾ, ਹਿਮਾਚਲ, ਯੂੁੁੁ. ਪੀ, ਦਿੱਲੀ, ਕੈਨੇਡਾ, ਯੂਰਪ ਆਦਿ ਪੰਜਾਬੀਅਤ ਦਾ ਤਸੱਵਰ ਹਰ ਥਾਂ ਫੈਲਿਆ ਹੋਇਆ ਹੈ। ਇਸਦਾ ਬਹੁਤ ਵੱਡਾ ਕੈਨਵਸ ਹੈ। ਭੂਗੋਲਿਕ ਹੱਦਾਂ ਦੀਆਂ ਗੱਲਾਂ ਛੱਡੋ। ਬਾਬੇ ਨਾਨਕ ਦੀ ਬਖਸ਼ਿਸ਼ ਹੈ ਕਿ ਅੱਜ ਪੰਜਾਬ ਦੁਨੀਆਂ ਦੇ ਹਰ ਕੋਨੇ ਵਿੱਚ ਵੱਸਦਾ ਹੈ। ਵੱਖੋ-ਵੱਖ ਸਰੋਤਾਂ ਅਨੁਸਾਰ ਆਲਮੀ ਪੱਧਰ ’ਤੇ ਲੱਗਭੱਗ 7100 ਅਤੇ ਭਾਰਤ ’ਚ 700 ਤੋਂ ਲੈ ਕੇ 1652 ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ। ਸਾਰੀਆਂ ਭਾਸ਼ਾਵਾਂ ਹੀ ਗਿਆਨ ਦਿੰਦੀਆਂ ਹਨ।

ਪੰਜਾਬੀ ਸੂਝਵਾਨ, ਅਣਖੀਲੇ, ਸੂਰਵੀਰਾਂ, ਦਰਵੇਸ਼ਾਂ, ਗੁਰੂਆਂ, ਪੀਰਾਂ, ਫਕੀਰਾਂ ਤੇ ਲੋਕਾਈ ਨੂੰ ਤਨੋ-ਮਨੋਂ ਤੇਹ ਕਰਨ ਵਾਲੇ ਲੋਕਾਂ ਦੀ ਮਹਾਨ ਬੋਲੀ ਹੈ। ਬੱਚਾ ਆਪਣੀ ਮਾਂ ਭਾਸ਼ਾ ਵਿਚ ਸਮਝਣ, ਸਿੱਖਣ ਤੇ ਯਾਦ ਰੱਖਣ ਵਿਚ ਸਹਿਜਤਾ ਮਹਿਸੂਸ ਕਰਦਾ ਹੈ। ਪੰਜਾਬੀ ਭਾਸ਼ਾ ਸੰਪਰਕ ਭਾਸ਼ਾ ਹੀ ਨਹੀਂ  ਸਗੋਂ ਰੁਜ਼ਗਾਰ ਤੇ ਵਪਾਰ ਦੀ ਭਾਸ਼ਾ ਵੀ ਹੈ। ਇਸ ਲਈ  ਭਾਸ਼ਾ ਵਧੀਆ ਕੈਰੀਅਰ ਦੇ ਰਾਹ ਹੀ ਨਹੀਂ ਖੋਲ੍ਹਦੀ ਸਗੋਂ ਆਪਣੇ ਖੇਤਰ ਵਿਚ ਉਚਾਈਆਂ ਛੂੁਹਣ ਦਾ ਬੱਲ ਵੀ ਬਖਸ਼ਦੀ ਹੈ। ਭਾਸ਼ਾ ਦੇ ਜ਼ਰੀਏ ਵਿਕਾਸ ਹੁੰਦਾ ਹੈ। ਭਾਸ਼ਾ ਵਿਚਾਰ ਤੇ ਸੰਚਾਰ ਦੀ ਸੂਚਕ ਹੈ। ਭਾਸ਼ਾ ਵਾਦ-ਵਿਵਾਦ ਦੀ ਵਾਇਸ ਕਦਾਚਿਤ ਨਹੀਂ। ਇਹ ਤਾਂ ਸੰਵਾਦ ਹੈ, ਵਿਸਮਾਦ ਹੈ। ਇਕ ਖੁਸ਼ਬੂ ਹੈ, ਜਿਸਨੇ ਇਕ ਬੰਦੇ ਤੋਂ ਦੂਜੇ ਬੰਦੇ ਤੱਕ ਆਪਣੀ ਮਹਿਕ ਬਿਖੇਰਨੀ ਹੈ। ਮਨੁੱਖ ਦੇ ਸਰਬ ਪੱਖੀ ਵਿਕਾਸ ਲਈ ਮਾਂ ਬੋਲੀ ਦਾ ਖ਼ਾਸ ਮਹੱਤਵ ਹੈ।  ਬਾਬੇ ਨਾਨਕ ਨੇ ਆਪਣਾ ਪੈਗ਼ਾਮ ਪੰਜਾਬ ਦੇ ਲੋਕਾਂ ਦੀ ਬੋਲੀ ਪੰਜਾਬੀ ਵਿੱਚ ਹੀ ਦਿੱਤਾ। ਸ਼ਬਦਾਂ ਦੇ ਨਸ਼ਤਰ ਚਲਾ ਬਾਬੇ ਨੇ ਇਸ ਬੋਲੀ ਰਾਹੀਂ ਖੂਨ ਪੀਣੇ ਰਾਜਿਆਂ ਤੇ ਭਿ੍ਰਸ਼ਟ ਮੁਕੱਦਮਾਂ ਦਾ ਵਿਰੋਧ ਕੀਤਾ। ਜਾਤ-ਪਾਤ ਅਤੇ ਵਰਣ ਆਸ਼ਰਮ ਵਿਰੁੱਧ ਆਵਾਜ਼ ਬੁਲੰਦ ਕੀਤੀ। ਬੁੱਲੇ ਨੇ ਧਾਰਮਿਕ ਅਤੇ ਸਮਾਜਿਕ ਕੱਟੜਤਾ ਦਾ ਵਿਰੋਧ ਇਸੇ ਬੋਲੀ ਵਿੱਚ ਕੀਤਾ। ਗ਼ਦਰ ਲਹਿਰ ਹੋਵੇ ਜਾਂ ਜਲਿ੍ਹਆਂ ਵਾਲੇ ਬਾਗ ਦਾ ਸਾਕਾ, 1947 ਦੀ ਦੇਸ਼ ਵੰਡ ਜਾਂ 1984 ਦਾ ਘੋਰ ਸੰਤਾਪ; ਪੰਜਾਬ ’ਚੋਂ ਉੱਠੀ ਹਰ ਹੂਕ ਇਸੇ ਬੋਲੀ ਵਿੱਚ ਹੀ ਪ੍ਰਗਟ ਹੋਈ। ਅੱਜ ਕਿਸਾਨ ਅੰਦੋਲਨ ਨੂੰ ਸਮਰਪਿਤ ਪੰਜਾਬੀ ਗੀਤ ਸੁਣ ਕੇ ਰੂਹ ਸਰਸ਼ਾਰ ਹੋ ਜਾਂਦੀ ਹੈ। ਪੰਜਾਬੀਆਂ ਦਾ ਸੁਭਾਅ ਸਿਰੜੀ ਅਤੇ ਸਿਦਕਵਾਨ ਹੋਣ ਕਰਕੇ ਕਿਰਤੀ ਸ਼੍ਰੇਣੀ ਦੇ ਮਨੋਭਾਵ ਇਸੇ ਬੋਲੀ ’ਚ ਹੀ ਪ੍ਰਗਟ ਹੋ ਸਕਦੇ ਹਨ।

ਪਰ ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਤੋਂ ਹੀ ਬੇਮੁਖ ਨਹੀਂ ਹੋ ਰਹੀ ਸਗੋਂ ਆਪਣੀ ਮਾਂ ਭੂਮੀ ਤੋਂ ਵੀ ਪਾਸਾ ਵੱਟ ਰਹੀ ਹੈ। ਸਾਡੇ ਪੰਜਾਬ ਵਿੱਚ ਪੰਜਾਬੀ ਨੂੰ ਪੱਛੜੀ ਭਾਸ਼ਾ ਮੰਨ ਕੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਈ ਪਰਿਵਾਰਾਂ ਅਤੇ ਸੰਸਥਾਵਾਂ ਵਿਚ ਪੰਜਾਬੀ ਬੋਲਣ ਦੀ ਸਖ਼ਤ ਮਨਾਹੀ ਹੈ। ਲਹਿੰਦੇ ਪੰਜਾਬ ਵਿੱਚ ਪੰਜਾਬੀ ਦੀ ਥਾਂ ਉਰਦੂ ਦੀ ਸਰਦਾਰੀ ਹੈ। ਪੰਜਾਬੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਰਾਜ ਭਾਸ਼ਾ ਨਾ ਬਣ ਸਕੀ। ਫਿਰੋਜ਼ਦੀਨ ਸਰਫ਼ ਨੇ ਮਾਂ ਬੋਲੀ ਦੇ ਹਸ਼ਰ ਤੋਂ ਤੜਫ ਕੇ ਲਿਖਿਆ ਸੀ

“ਰਵਾਂ ਇੱਥੇ ਤੇ ਯੁੂ.ਪੀ.’ਚ ਕਰਾਂ ਗੱਲਾਂ,

ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ”

ਯੂਨੈਸਕੋ ਦੀ ਇੱਕ ਰਿਪੋਰਟ ਦੇ ਮੁਤਾਬਿਕ ਆਉਂਦੇ 50 ਸਾਲਾਂ ’ਚ ਜਿਹੜੀਆਂ ਭਾਸ਼ਾਵਾਂ ਲੋਪ ਹੋਣ ਜਾ ਰਹੀਆਂ ਹਨ, ਉਨਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ। ਇਸ ਖਦਸ਼ੇ ਦੇ ਬਾਵਜੂਦ ਪੰਜਾਬੀ ਦਾ ਭਵਿੱਖ ਸੰਭਾਵਨਾਵਾਂ ਭਰਪੂਰ ਹੈ। ਕਿਉਂਕਿ ਬੋਲੀ ਸਮੇਂ ਦੇ ਅੰਤਰਾਲ ਨਾਲ ਰੂਪ ਬਦਲ ਲੈਂਦੀ ਹੈ, ਪਰ ਖ਼ਤਮ ਕਦੇ ਨਹੀਂ ਹੁੰਦੀ। ਘਾਟੇ-ਵਾਧੇ ਜ਼ਰੂਰ ਹੁੰਦੇ ਰਹਿੰਦੇ ਹਨ।

ਪੰਜਾਬੀ 133 ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। 12 ਕਰੋੜ ਲੋਕਾਂ ਦੀ ਹਰਮਨ ਪਿਆਰੀ ਬੋਲੀ ਹੈ ਤੇ ਕੁੱਲ ਦੁਨੀਆਂ ਦੀਆਂ ਭਾਸ਼ਾਵਾਂ ’ਚ ਇਸ ਨੂੰ 12ਵਾਂ ਸਥਾਨ ਪ੍ਰਾਪਤ ਹੈ। 1947 ਵਿੱਚ ਫਿਰਕਾਪ੍ਰਸਤੀ ਦੀ ਅਜਿਹੀ ਹਨੇਰੀ ਚੱਲੀ ਕਿ ਸਾਨੂੰ ਵਰਗਲਾ ਕੇ ਪੰਜਾਬ ਦੇ ਟੋਟੇ ਕਰ ਦਿੱਤੇ ਗਏ। ਪੰਜਾਬੀਆਂ ਨਾ ਵੰਡ ਕਰਨ ਨੂੰ ਕਿਹਾ ਸੀ ਨਾ ਹੀ ਵੰਡ ਦੀ ਮੰਗ ਕੀਤੀ ਸੀ, ਪਰ ਉਸ ਅੰਨ੍ਹੇ-ਬੋਲੇ ਦੌਰ ਵਿੱਚ ਪੰਜਾਬ ਵੰਡਿਆ ਗਿਆ। 1947 ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ। 1966 ਵਿੱਚ ਪੰਜਾਬ ਹੋਰ ਸਿਮਟ ਗਿਆ। 1967 ’ਚ ਪੰਜਾਬੀ ਨੂੰ ਬੇਸ਼ਕ ਰਾਜ ਭਾਸ਼ਾ ਦਾ ਰੁਤਬਾ ਹਾਸਿਲ ਹੋ ਗਿਆ, ਪਰ ਪੰਜਾਬੀ ਦੀ ਹਾਲਤ ਫਿਰ ਵੀ ਸੁਧਰ ਨਾ ਸਕੀ। ਇਸ ਸਰਕਾਰੀ ਫ਼ੈਸਲੇ ਤੇ 2008 ’ਚ ਬਣੇ ਰਾਜ ਭਾਸ਼ਾ ਐਕਟ ਨੇ ਵੱਡੀ ਆਸ ਜਗਾਈ ਸੀ, ਪਰ ਬਹੁਤੇ ਸਰਕਾਰੀ ਦਫ਼ਤਰਾਂ ਵਿੱਚ ਕੰਮ-ਕਾਜ ਅੱਜ ਵੀ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ। ਪਤਾ ਨਹੀਂ ਆਪਣੀ ਮਾਂ ਬੋਲੀ ਨੂੰ ਅਪਣਾਉਣ ਵੇਲੇ ਲੋਕ ਅਹਿਸਾਸ-ਏ-ਕਮਤਰੀ ਦਾ ਸ਼ਿਕਾਰ ਕਿਉਂ ਹੋ ਜਾਂਦੇ ਹਨ? ਬਲਰਾਜ ਸਾਹਨੀ ਫਿਲਮਾਂ ਵਿੱਚ ਜਾਣ ਤੋਂ ਪਹਿਲਾਂ ਰਬਿੰਦਰ ਨਾਥ ਟੈਗੋਰ ਨਾਲ ਨੇੜਤਾ ਵਧਾਉਣ ਖਾਤਰ ਸ਼ਾਂਤੀ ਨਿਕੇਤਨ ਵਿੱਚ ਅਧਿਆਪਕ ਦੇ ਤੌਰ’ਤੇ ਕੰਮ ਕਰਨ ਲੱਗੇ ਸਨ। ਉਸ ਵੇਲੇ ਸਾਹਨੀ ਹਿੰਦੀ ਵਿੱਚ ਲਿਖਦਾ ਸੀ। ਉਹ ਟੈਗੋਰ ਨੂੰ ਹਿੰਦੀ ਸਾਹਿਤ ਸੰਮੇਲਨ ਦਾ ਸੱਦਾ ਦੇਣ ਗਿਆ। ਟੈਗੋਰ ਨੇ ਪੁੱਛਿਆ, “ਤੂੰ ਹਿੰਦੀ ਵਿੱਚ ਕਿਉਂ ਲਿਖਦਾ ਹੈ? ਜਦਕਿ ਤੇਰੀ ਮਾਂ ਬੋਲੀ ਪੰਜਾਬੀ ਹੈ”।

ਬਲਰਾਜ ਨੇ ਕਿਹਾ, “ਪੰਜਾਬੀ ਨੂੰ ਪੱਛੜੀ ਜੁਬਾਨ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਹਿੰਦੀ ਜਾਂ ਉਰਦੂ ਵਿੱਚ ਲਿਖਣ ਤੇ ਦਾਨਿਸ਼ਵਰ ਹੋਣ ਦਾ ਪ੍ਰਭਾਵ ਪੈਂਦਾ ਹੈ।”

ਟੈਗੋਰ ਨੇ ਕਿਹਾ, “ਮੈਂ ਤੇਰੇ ਨਾਲ ਸਹਿਮਤ ਨਹੀਂ ਹਾਂ, ਜਿਸ ਭਾਸ਼ਾ ’ਚ ਬਾਬੇ ਨਾਨਕ ਨੇ ਲਿਖਿਆ ਹੋਵੇ ਉਹ ਪੱਛੜੀ ਕਿਵੇਂ ਹੋ ਸਕਦੀ ਹੈ”?

See Also

ਸੱਚੀਂ ਜਿਸ ਸ਼ਬਦ ਦੀ ਸ਼ਕਤੀ ਨਾਲ ਸਦੀਆਂ ਪਹਿਲਾਂ ਬਾਬੇ ਨੇ ਇਤਿਹਾਸ ਦਾ ਰੁਖ਼ ਬਦਲਿਆ ਅੱਜ ਉਸਦੇ ਪੈਰੋਕਾਰ ਸ਼ਬਦ ਤੋਂ ਮੂੰਹ ਮੋੜੀ ਬੈਠੇ ਹਨ। ਪਤਾ ਨਹੀਂ ਆਪਣੀ ਮਾਂ ਬੋਲੀ ਨਾਲ ਭਾਵਨਾਤਮਕ ਸਾਂਝ ਕਿਉਂ ਨਹੀਂ ਬਣ ਰਹੀ? ਅੱਜ ਅਸੀਂ ਆਪਣੀ ਭਾਸ਼ਾ ਤੋਂ ਟੁੱਟਣ ਕਰਕੇ ਆਪਣੇ ਸਾਹਿਤ ਨਾਲੋਂ ਵੀ ਟੁੱਟਦੇ ਜਾ ਰਹੇ ਹਾਂ। ਸਾਹਿਤ ਪੜ੍ਹਨਾ ਸਾਹ ਲੈਣ ਜਿੰਨਾ ਹੀ ਜ਼ਰੂਰੀ ਹੈ। ਮਾਂ ਬੋਲੀ ਤੇ ਸਾਹਿਤ ਨਾਲੋਂ ਟੁੱਟਣ ਕਰਕੇ ਹੀ ਅੱਜ ਸਾਡੇ ਸਾਹ ਉਖੜੇ ਹੋਏ ਹਨ। ਕਾਰਪੋਰੇਟ ਸੈਕਟਰ ਸ਼ਬਦ ਸੱਭਿਆਚਾਰ ਤੋਂ ਸਾਨੂੰ ਦੂਰ ਲੈ ਕੇ ਜਾਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਵਿਸ਼ਵੀਕਰਣ ਦੀ ਹਨੇਰੀ ਸਾਡੀ ਮਾਂ ਬੋਲੀ ਦੇ ਰਾਹ ਵਿੱਚ ਵੱਡੀਆਂ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਰਸੂਲ ਹਮਜ਼ਾਤੋਵ ਨੇ ਆਪਣੀ ਜਗਤ ਪ੍ਰਸਿੱਧ ਪੁਸਤਕ ‘ਮੇਰਾ ਦਾਗ਼ਿਸਤਾਨ  ਵਿਚ ਲਿਖਿਆ ਹੈ, “ਸਾਨੂੁੰ ਆਪਣੀ ਮਾਂ ਬੋਲੀ ਦੀ ਰਾਖੀ ਆਪਣੀ ਮਾਤ ਭੂਮੀ ਵਾਂਗ ਹੀ ਕਰਨੀ ਚਾਹੀਦੀ ਹੈ।”

ਯੂਰਪੀਅਨ ਯੂਨੀਅਨ ਦੇ ਜਰਮਨੀ, ਫਰਾਂਸ, ਇਟਲੀ, ਸਪੇਨ, ਨਾਰਵੇ, ਪੋਲੈਂਡ, ਡੈਨਮਾਰਕ, ਆਸਟਰੀਆ, ਫਿਨਲੈਂਡ ਆਦਿ ਦੇਸ਼ਾਂ ਵਿੱਚ ਅੰਗਰੇਜ਼ੀ ਨੂੰ ਕੋਈ ਖਾਸ ਮਹੱਤਵ ਨਹੀਂ ਦਿੱਤਾ ਜਾਂਦਾ। ਚੀਨ, ਕਿਊਬਾ, ਰੂਸ ਵਰਗੇ ਮਹਾਨ ਦੇਸ਼ ਵੀ ਅੰਗਰੇਜ਼ੀ ਭਾਸ਼ਾ ਤੋਂ ਮੁਕਤ ਹਨ। ਇਨ੍ਹਾਂ ਦੇਸ਼ਾਂ ਨੇ ਆਪਣੀਆਂ ਮਾਤ ਭਾਸ਼ਾਵਾਂ ਰਾਹੀਂ ਹੀ ਵਿਕਾਸ ਕੀਤਾ ਹੈ।

ਮਸ਼ਹੂਰ ਹੈ ਜੇ ਕੋਈ ਵਿਦੇਸ਼ੀ ਕਿਸੇ ਫਰਾਂਸੀਸੀ ਨੂੰ ਫਰੈਂਚ ਭਾਸ਼ਾ ਵਿੱਚ ਕਿਸੇ ਮੰਜ਼ਿਲ ਦਾ ਅਤਾ-ਪਤਾ ਪੁੱਛੇ ਤਾਂ ਉਹ ਪੁੱਛਣ ਵਾਲੇ ਨੂੰ ਘਰ ਤੱਕ ਛੱਡਣ ਜਾਂਦਾ ਹੈ। ਅਸਲ ਵਿੱਚ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਨੀਤੀ ਨਿਰਮਾਤਾਵਾਂ ਨੇ ਆਪਣੀ ਭਾਸ਼ਾਵਾਂ ਨੂੰ ਆਧੁਨਿਕ ਯੱੁਗ ਦੇ ਵਿਗਿਆਨ ਤੇ ਤਕਨੀਕ ਅਨੁਸਾਰ ਢਾਲ ਲਿਆ ਹੈ। ਜਰਮਨ ਇੱਕ ਤਰੱਕੀ ਯਾਫ਼ਤਾ ਮੁਲਕ ਹੈ ਜਿੱਥੇ ਅੰਗਰੇਜ਼ੀ ਦਾ ਅਧਿਐਨ ਨਹੀਂ ਕਰਵਾਇਆ ਜਾਂਦਾ ਪਰ ਤਕਨੀਕ ਦੇ ਸਹਾਰੇ ਉਹ ਵਿਸ਼ਵ ਦੀ ਹਰ ਭਾਸ਼ਾ ਦਾ ਹੱਥੋਂ-ਹੱਥੀਂ ਤਰਜ਼ਮਾ ਕਰਕੇ ਆਪਣੇ ਦੇਸ਼ ਵਾਸੀਆਂ ਤੱਕ ਪੁਚਾ ਦਿੰਦਾ ਹੈ। ਪੰਜਾਬੀ ਵਿੱਚ ਅਜਿਹੀ ਕੋਈ ਤਕਨੀਕ ਨਹੀਂ। ਤਕਨੀਕੀ ਪੱਖੋਂ ਸਾਡੀ ਮਾਂ ਬੋਲੀ ਅਧੂਰੀ ਹੈ। ਸਾਨੂੰ ਆਪਣੇ ਮਾਂ ਬੋਲੀ ਨੂੰ ਤਕਨੀਕ ਪੱਖੋਂ ਸਮੇਂ ਦੀ ਹਾਣੀ ਬਣਾਉਣ ਲਈ ਇਸ ਦੇ ਸਾਫਟਵੇਅਰ ਤਿਆਰ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸਾਡੇ ਦੇਸ਼ ਵਿਚ ਅੰਗਰੇਜ਼ੀ ਭਾਸ਼ਾ ਦੀ ਅਜ਼ਾਰੇਦਾਰੀ ਦਾ ਵੱਡਾ ਕਾਰਨ ਸਾਡੇ ਸਿਆਸਤਦਾਨਾਂ ਦੀ ਆਮ ਲੋਕਾਈ ਪ੍ਰਤੀ ਬੇਰੁਖ਼ੀ ਤੇ ਬਦਨੀਤੀ ਹੈ। ਘਰ-ਘਰ ਰੁਜ਼ਗਾਰ ਦਾ ਝੂਠਾ ਨਾਅਰਾ ਦੇਣ ਵਾਲੀਆਂ ਮੌਕਾਪ੍ਰਸਤ ਸਰਕਾਰਾਂ ਦੇ ਰਾਜ ਵਿਚ ਮੌੋਕਿਆਂ ਦੀ ਕਮੀ ਕਰਕੇ ਸਾਡੇ ਬੱਚੇ ਗੁਲਾਮ ਮਾਨਸਿਕਤਾ ਦੇ ਸ਼ਿਕਾਰ ਬਣ ਰਹੇ ਹਨ। ਸਾਡੇ ਅਖੌਤੀ ਵਿਦਵਾਨਾਂ ਦਾ ਵੀ ਇਸ ਵਿਚ ਵੱਡਾ ਯੋਗਦਾਨ ਹੈ। ਅੱਜ ਸਾਡੇ ਬੁੱਧੀਜੀਵੀ ਆਪਣੀ ਵਿਦਵਤਾ ਦਾ ਰੋਹਬ ਪਾਉਣ ਲਈ ਭਾਸ਼ਾ ਨੂੰ ਆਮ ਬੰਦੇ ਦੀ ਸਮਝ ਤੋਂ ਬਾਹਰ ਕਰ ਰਹੇ ਹਨ। ਸਰਲ ਤੇ ਸਹਿਜ ਤਰੀਕੇ ਨਾਲ ਆਪਣੀ ਮਾਂ ਬੋਲੀ ਵਿਚ ਗੱਲ ਸਮਝਾਉਣ ਵਾਲਾ ਕੋਈ ਟਾਂਵਾਂ-ਟਾਂਵਾਂ ਹੀ ਦਿਸਦਾ ਹੈ। ਸਾਡੇ ਸਿਆਸਤਦਾਨ ਵੋਟਾਂ ਪੰਜਾਬੀ ਵਿਚ ਮੰਗਦੇ ਹਨ ਤੇ ਅਹੁਦੇ ਦੀ ਸਹੁੰ ਅੰਗਰੇਜ਼ੀ ਵਿਚ ਚੁੱਕਦੇ ਹਨ। ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਭਾਸ਼ਾ ਦਾ ਸਬੰਧ ਧਰਮ ਨਾਲ ਕਦਾਚਿਤ ਨਹੀਂ। ਧਰਮ ਤੇ ਭਾਸ਼ਾ ਦੇ ਆਧਾਰ ’ਤੇ ਮਨੁੱਖਤਾ ਨੂੰ  ਵੰਡਣਾ ਸਰਾਸਰ ਗਲਤ ਹੈ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੰਗਰੇਜ਼ਾਂ ਦੀ “ਵੰਡੋ ਤੇ ਰਾਜ ਕਰੋ’’ ਦੀ ਨੀਤੀ ’ਤੇ ਚੱਲਦਿਆਂ ਸਾਡੇ ਸਿਆਸਤਦਾਨਾਂ ਨੇ ਭਾਸ਼ਾ ਦਾ ਵੀ ਮਜ਼ਹਬੀਕਰਣ ਕਰ ਦਿੱਤਾ ਹੈ। ਅਜੋਕੇ ਦੌਰ ਵਿਚ ਫਿਰਕਾਪ੍ਰਸਤੀ ਐੇਨੀ ਭਾਰੂ ਹੋ ਗਈ ਹੈ ਕਿ ਹਿੰਦੋਸਤਾਨ ਦੀ ਕੱਟੜ ਫਿਰਕੂ ਜ਼ਹਿਨੀਅਤ ਵਾਲੀ ਰਾਜ ਕਰਦੀ ਸ਼ਕਤੀ “ਹਿੰਦੂ, ਹਿੰਦੀ, ਹਿੰਦੁਸਤਾਨ’’ ਦਾ ਨਾਅਰਾ ਬੁਲੰਦ ਕਰ ਰਹੀ ਹੈ। ਇਹ ਸੰਤਾਪ ਅਸੀਂ ਪਹਿਲਾਂ ਵੀ ਹੰਢਾ ਚੁੱਕੇ ਹਾਂ ਜਦੋਂ ਕੁਝ ਇੱਕ ਸ਼ਾਵਨਵਾਦੀ ਨੇਤਾਵਾਂ ਨੇ ਜਨ ਗਣਨਾ ’ਚ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਲਿਖਾਉਣ ਲਈ ਉਕਸਾਇਆ ਸੀ। ਬਰਾਬਰ ਹੀ ਕੁਝ ਸਿਰਫਿਰੇ ਜਨੂੰਨੀਆਂ ਨੇ ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਭਾਸ਼ਾ ਹੋਣ ਦਾ ਦਾਅਵਾ ਠੋਕ ਦਿੱਤਾ ਸੀ। ਸਾਡੇ ਪਿੱਛੜੀ ਸੋਚ ਦੇ ਧਾਰਨੀ ਸਿਆਸਤਦਾਨ ਜਾਣਦੇ ਹਨ ਕਿ ਜੇ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਭਾਸ਼ਾ ਤੇ ਉਸਦੇ ਸੱਭਿਆਚਾਰ ਨੂੰ ਖਤਮ ਕਰੋ। ਅਸੀਂ ਤਾਂ ਉਹ ਦੌਰ ਵੀ ਦੇਖਿਆ ਹੈ ਜਦੋਂ ਬਹੁ ਰੰਗੇ ਸਵਾਰਥੀ ਤੱਤਾਂ ਵਲੋਂ ਇਕ ਪਾਸੇ “ਕੰਘਾ, ਕੜਾ, ਕੱਛ, ਕਿਰਪਾਨ ਭੇਜ ਦਿਆਂਗੇ ਪਾਕਿਸਤਾਨ’’ ਤੇ ਦੂਜੇ ਪਾਸਿਉਂ “ਧੋਤੀ, ਟੋਪੀ ਜਮਨਾ ਪਾਰ” ਦੇ ਫ਼ਿਰਕੂ ਨਾਅਰੇ ਗੂੰਜਾਏ ਜਾ ਰਹੇ ਹਨ। ਪਰ ਉਸ ਦੌਰ ਵਿਚ ਵੀ ਇਨਕਲਾਬੀ ਲਹਿਰ ਨਾਲ ਜੁੜੇ ਲੋਕਾਂ ਦਾ ਨਾਅਰਾ ਸੀ “ਨਾ ਹਿੰਦੂ ਰਾਜ ਨਾ ਖਾਲਿਸਤਾਨ ਜੁਗ ਜੁਗ ਜੀਵੇ ਹਿੰਦੋਸਤਾਨ।” ਅੱਜ ਬੋਲੀ ਨੂੰ ਧਰਮ ਦੀ ਵਲਗਣ ’ਚੋਂ ਕੱਢ ਕੇ ਸੱਚੇ-ਸੁੱਚੇ ਰਾਸ਼ਟਰਵਾਦ ਦਾ ਸੰਕਲਪ ਮਜ਼ਬੂਤ ਕਰਨ ਦੀ ਲੋੜ ਹੈ। ਸਾਡੀ ਜਾਚੇ ਪੰਜਾਬ ਦਾ ਹਰ ਵਸਨੀਕ ਭਾਵੇਂ ਉਹ ਕਿਸੇ ਵੀ ਧਰਮ, ਜਾਤ ਜਾਂ ਨਸਲ ਦਾ ਹੋਵੇ ਮਾਂ ਬੋਲੀ ਪੰਜਾਬੀ ’ਤੇ ਉਸਦਾ ਹੱਕ ਸਫ਼ਾ ਵਰਗਾ ਦਾਅਵਾ ਹੈ।

ਦੂਜੀਆਂ ਭਾਸ਼ਾਵਾਂ ਨੂੰ ਤਰਿਸਕਾਰਨਾ ਜਿੱਥੇ ਪਾਪ ਹੈ ਉਥੇ ਆਪਣੀ ਭਾਸ਼ਾ ਲਈ ਕੱਟੜ ਹੋਣਾ ਵੀ ਤੰਗ ਦਿਲੀ ਦੀ ਨਿਸ਼ਾਨੀ ਹੈ। ਦੁਨੀਆਂ ਦੀ ਹਰ ਭਾਸ਼ਾ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ, ਪਰ ਆਪਣੀ ਮਾਂ ਬੋਲੀ ਨੂੰ ਮਾਂ ਜਿੰਨਾ ਪਿਆਰ ਕਰਨਾ ਉਸ ਤੋਂ ਵੀ ਵੱਧ ਲੋੜੀਂਦਾ ਹੈ। ਅੱਜ ਭਾਸ਼ਾਈ ਸੰਕੀਰਨਤਾ ਤੋਂ ਉੱਪਰ ਉੱਠਣ ਦੀ ਲੋੜ ਹੈ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਸੰਸਕਿ੍ਰਤ, ਪਾਲੀ, ਬ੍ਰਜ, ਮੈਥਲੀ, ਬੰਗਾਲੀ, ਮਰਾਠੀ, ਗੁਜਰਾਤੀ, ਸਿੰਧੀ, ਰਾਜਸਥਾਨੀ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਸੰਸਕਿ੍ਰਤ ਦੀ ਭਰਪੂਰ ਸ਼ਬਦਾਵਲੀ ਵਰਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਰਚਨਾ ਜਾਪੁ ਸਾਹਿਬ ਪੰਜਾਬੀ ਭਾਸ਼ਾ ਵਿਚ ਨਾ ਹੋ ਕੇ  ਸੰਸਕਿ੍ਰਤ ਅਤੇ ਅਰਬੀ, ਫਾਰਸੀ ਸ਼ਬਦਾਵਲੀ ਨਾਲ ਭਰਪੂਰ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਹਿੰਦੀ ਦਾ ਵੀ ਪ੍ਰਮਾਣਿਕ ਕਵੀ ਮੰਨਦੇ ਹਾਂ। ਹਰ ਭਾਸ਼ਾ ਦਾ ਆਪਣਾ ਇੱਕ ਅਮੀਰ ਵਿਰਸਾ ਹੁੰਦਾ ਹੈ। ਚੰਡੀ ਦੀ ਵਾਰ ਬੇਸ਼ੱਕ ਸ਼ੁੱਧ ਪੰਜਾਬੀ ਵਿੱਚ ਹੈ ਪਰ ਭਾਸ਼ਾ ਪ੍ਰਤੀ ਕੱਟੜਤਾ ਤੋੜਨ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਚੋਣਵੇਂ ਪ੍ਰਸਿੱਧ ਵਿਦਵਾਨ ਸੰਸਕਿ੍ਰਤ ਸਿੱਖਣ ਲਈ ਕਾਂਸੀ ਭੇਜੇ ਸਨ। ਸਾਨੂੰ ਵੀ ਵਿਸ਼ਾਲ ਹਿਰਦੇ ਦੀ ਲੋੜ ਹੈ। ਜਿੰਨੀਆਂ ਹੋਰ ਭਾਸ਼ਾਵਾਂ ਦੀ ਸ਼ਬਦਾਵਲੀ ਪੰਜਾਬੀ ਵਿੱਚ ਆਵੇਗੀ, ਉੱਨੀ ਵਧੇਰੇ ਸਾਡੀ ਭਾਸ਼ਾ ਦੀ ਅਮੀਰੀ ਵਧੇਗੀ। ਸ਼ਰਤ ਇਹੀ ਹੈ ਕਿ ਭਾਸ਼ਾ ਦੀ ਸ਼ੁੱਧਤਾ ਹਰ ਹਾਲ ਵਿਚ ਕਾਇਮ ਰਹੇ।

ਅਸੀਂ ਪੰਜਾਬ ਨੂੰ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਤਾਂ ਮੰਨਦੇ ਹਾਂ ਪਰ ਨਾ ਤਾਂ ਉਹਨਾਂ ਦਾ ਕਹਿਣਾ ਮੰਨਦੇ ਹਾਂ ਤੇ ਨਾ ਹੀ ਉਹਨਾਂ ਦੀ ਜ਼ੁਬਾਨ ਬੋਲਦੇ ਹਾਂ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਧਰਤੀ ’ਤੇ ਸ਼ਬਦ ਨੂੰ ਗੁਰੂ ਦਾ ਦਰਜ਼ਾ ਹਾਸਲ ਹੈ। ਸ਼ਬਦ ਦੇ ਸਤਿਕਾਰ ਦੀ ਇਸ ਤੋਂ ਵੱਡੀ ਹੋਰ ਉਦਾਹਰਨ ਕੀ ਹੋ ਸਕਦੀ ਹੈ? ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ:

            “ਘਰਿ ਘਰਿ ਮੀਆ ਸਭਨਾ ਜੀਆ

            ਬੋਲੀ ਅਵਰ ਤੁਮਾਰੀ॥”

ਮੇਰੀ ਜਾਚੇ ਇਹ ਭਾਸ਼ਾਈ ਸੰਕੀਰਨਤਾ ਨਾਲੋਂ ਗੁਲਾਮ ਮਾਨਸਿਕਤਾ ਦੀ ਗੱਲ ਵਧੇਰੇ ਹੈ, ਕਿਉਂਕਿ ਗੁਰੂ ਸਾਹਿਬ ਨੂੰ ਇਲਮ ਸੀ ਕਿ ਗੁਲਾਮ ਮਾਨਸਿਕਤਾ ਦੇ ਲੋਕ ਸਥਾਪਤੀ ਦੀ ਬੋਲੀ, ਪਹਿਰਾਵਾ ਤੇ ਰਹਿਣ-ਸਹਿਣ ਦੀ ਨਕਲ ਕਰਦੇ ਹਨ। ਆਓ! ਜਨੂੰਨੀ ਭਾਵਨਾਵਾਂ ਤੋਂ ਨਿਜ਼ਾਤ ਪਾਈਏ। ਪੰਜਾਬੀ ਨੂੰ ਪਿਆਰ ਕਰੀਏ। ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੀਏ। ਮੰਗ ਕਰੀਏ ਕਿ ਸਿੱਖਿਆ ਅਤੇ ਪ੍ਰੀਖਿਆ ਦਾ ਮਾਧਿਅਮ ਪੰਜਾਬੀ ਹੋਵੇ। ਸਾਨੂੰ ਆਪਣੇ ਹਮਸਾਇਆਂ (ਲਹਿੰਦੇ ਪੰਜਾਬ) ਵੱਲੋਂ ਮਾਂ ਬੋਲੀ ਦਾ ਖੁੱਸਿਆ ਰੁਤਬਾ ਬਹਾਲ ਕਰਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਲਾਮ ਦੇਣਾ ਬਣਦਾ ਹੈ ਤੇ ਮੁਬਾਰਕਬਾਦ ਵੀ ਕਿ ਲੋਕਾਂ ਦੀ ਜੱਦੋ-ਜਹਿਦ ਮੂਹਰੇ ਝੁਕਦਿਆਂ ਉਥੋਂ ਦੀ ਮਾਣਯੋਗ ਮੁੱਖ ਮੰਤਰੀ ਮੋਹਤਰਮਾ ਮਰੀਅਮ ਨਵਾਜ਼ ਨੇ ਸਕੂਲਾਂ ਵਿਚ ਪੰਜਾਬੀ ਵਿਸ਼ਾ ਲਾਜ਼ਮੀ ਕਰ ਦਿੱਤਾ ਹੈ। ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਦ ਤੱਕ ਦੁਨੀਆ ਰਹੇਗੀ ਸਾਡੀ ਸਮਰੱਥਾਵਾਨ ਮਾਂ ਬੋਲੀ ਸਲਾਮਤ ਰਹੇਗੀ। ਸਾਨੂੰ ਸਰਕਾਰਾਂ-ਦਰਬਾਰਾਂ ਦੀ ਸਰਪ੍ਰਸਤੀ ਦੀ ਲੋੜ ਨਹੀਂ। ਪੰਜਾਬੀਅਤ ਦੇ ਮੁੱਦਈ, ਸਿਰਮੌਰ ਯੋਧੇ ਤੇਜ਼ ਝੱਖੜਾਂ ਵਿੱਚ ਵੀ ਮਾਂ ਬੋਲੀ ਦਾ ਪਰਚਮ ਸਦਾ ਬੁਲੰਦ ਰੱਖਣਗੇ। ਮੁੱਕਦੀ ਗੱਲ ਅਸੀਂ ਆਪਣੀ ਮਾਂ ਬੋਲੀ ਲਈ ਅਵੇਸਲੇ ਵੀ ਨਹੀਂ ਹੋਣਾ ਤੇ ਕੱਟੜ ਵੀ ਨਹੀਂ।

ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮਨ, ਜਲੰਧਰ

Scroll To Top