ਕਹਾਣੀ
ਕਾਲੂ ਭੰਗੀ
ਕ੍ਰਿਸ਼ਨ ਚੰਦਰ
ਇਸ ਤੋਂ ਪਹਿਲਾਂ ਮੈਂ ਹਜ਼ਾਰ ਵਾਰ ਕਾਲੂ ਭੰਗੀ ਬਾਰੇ ਲਿਖਣਾ ਚਾਹਿਆ ਹੈ, ਪਰ ਮੇਰੀ ਕਲਮ ਹਰ ਵਾਰ ਇਹ ਸੋਚ ਕੇ ਰੁੱਕ ਗਈ ਹੈ ਕਿ ਕਾਲੂ ਭੰਗੀ ਬਾਰੇ ਲਿਖ਼ਿਆ ਹੀ ਕੀ ਜਾ ਸਕਦਾ ਹੈ? ਵੱਖ-ਵੱਖ ਦਿ੍ਰਸ਼ਟੀਕੋਣਾਂ ਤੋਂ ਮੈਂ ਉਸਦੀ ਜ਼ਿੰਦਗੀ ਨੂੰ ਦੇਖਣ-ਪਰਖਣ, ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਤੇ ਉਹ ਟੇਢੀ ਲਕੀਰ ਵਿਖਾਈ ਹੀ ਨਹੀਂ ਦਿੰਦੀ ਜਿਸ ਨਾਲ ਕੋਈ ਦਿਲਚਸਪ ਕਹਾਣੀ ਘੜੀ ਜਾ ਸਕਦੀ ਹੋਵੇ। ਦਿਲਚਸਪ ਹੋਣਾ ਤਾਂ ਦੂਰ, ਕੋਈ ਸਿੱਧੀ-ਸਾਧੀ, ਫ਼ੋਕੀ ਤੇ ਬੇਰੰਗ ਕਹਾਣੀ, ਇੱਥੋਂ ਤੱਕ ਕਿ ਕੋਈ ਬੇਜਾਨ ਟੋਟਾ ਵੀ ਨਹੀਂ ਲਿਖਿਆ ਜਾ ਸਕਦਾ, ਕਾਲੂ ਭੰਗੀ ਬਾਰੇ। ਫਿਰ ਵੀ ਪਤਾ ਨਹੀਂ ਕੀ ਗੱਲ, ਹਰ ਕਹਾਣੀ ਸ਼ੁਰੂ ਕਰਨ ਵੇਲੇ ਮੇਰੇ ਜ਼ਿਹਨ ’ਚ ਕਾਲੂ ਭੰਗੀ ਆ ਖੜ੍ਹਦਾ ਹੈ ਤੇ ਮੁਸਕਰਾ ਕੇ ਪੁੱਛਦਾ ਹੈ, “ਛੋਟੇ ਸਾਬ੍ਹ ਜੀ! ਮੇਰੇ ‘ਤੇ ਕਹਾਣੀ ਨਹੀਂ ਲਿਖੋਗੇ? ਕਿੰਨੇ ਸਾਲ ਹੋ ਗੇ ਤੁਹਾਨੂੰ ਲਿਖਦਿਆਂ?”
“ਅੱਠ ਸਾਲ।”
“ਕਿੰਨੀਆਂ ਕਹਾਣੀਆਂ ਲਿਖੀਆਂ ਤੁਸੀਂ?”
“ਸੱਠ ਤੇ ਦੋ ਬਾਹਠ।”
“ਮੇਰੇ ’ਚ ਕੀ ਬੁਰਾਈ ਹੈ ਛੋਟੇ ਸਾਬ੍ਹ ਜੀ? ਤੁਸੀਂ ਮੇਰੇ ਬਾਰੇ ਕਿਉਂ ਨਹੀਂ ਲਿਖਦੇ? ਵੇਖੋ, ਮੈਂ ਇਸ ਕਹਾਣੀ ਦੀ ਉਡੀਕ ’ਚ ਤੁਹਾਡੇ ਜ਼ਿਹਨ ਦੇ ਇੱਕ ਖੂੰਜੇ ’ਚ ਕਿੰਨੀ ਮੁੱਦਤ ਤੋਂ ਹੱਥ ਬੰਨ੍ਹੀ ਖੜਾ ਹਾਂ। ਛੋਟੇ ਸਾਬ੍ਹ ਜੀ, ਮੈਂ ਤਾਂ ਤੁਹਾਡਾ ਪੁਰਾਣਾ ਹਲਾਲਖੋਰ ਹਾਂ, ਕਾਲੂ ਭੰਗੀ। ਆਖ਼ਰ ਤੁਸੀਂ ਮੇਰੇ ਬਾਰੇ ਕਿਉਂ ਨਹੀਂ ਲਿਖਦੇ?”
ਮੈਂ ਕੋਈ ਜਵਾਬ ਨਾ ਦੇ ਸਕਦਾ। ਏਨੀ ਸਿੱਧੀ-ਸਪਾਟ ਜ਼ਿੰਦਗੀ ਰਹੀ ਹੈ ਕਾਲੂ ਭੰਗੀ ਦੀ ਕਿ ਮੈਂ ਕੁੱਝ ਵੀ ਨਹੀਂ ਲਿਖ ਸਕਦਾ ਉਸ ਬਾਰੇ। ਇਹ ਨਹੀਂ ਕਿ ਮੈਂ ਉਸ ਬਾਰੇ ਕੁੱਝ ਲਿਖਣਾ ਨਹੀਂ ਚਾਹੁੰਦਾ। ਦਰਅਸਲ, ਮੈਂ ਕਾਲੂ ਭੰਗੀ ਬਾਰੇ ਲਿਖਣ ਦਾ ਇਰਾਦਾ ਇੱਕ ਮੁੱਦਤ ਤੋਂ ਬਣਾ ਰਿਹਾ ਹਾਂ, ਪਰ ਕਦੇ ਲਿਖ ਨਹੀਂ ਸਕਿਆ। ਇਸ ਲਈ ਅੱਜ ਤੱਕ ਕਾਲੂ ਭੰਗੀ ਆਪਣੀ ਪੁਰਾਣੀ ਝਾੜੂ ਫੜ੍ਹੀ, ਵੱਡੇ-ਵੱਡੇ ਨੰਗੇ ਗੋਡੇ, ਬਿਆਈਆਂ ਨਾਲ ਪਾਟੇ ਖੁਰਦਰੇ ਤੇ ਬਦਕਿਸਮਤ ਪੈਰ, ਸੁੱਕੀਆਂ ਟੰਗਾਂ ’ਤੇ ਉਭਰੀਆਂ ਦਰਾੜਾਂ, ਕੁੱਲਿ੍ਹਆਂ ਦੀਆਂ ਉਭਰੀਆਂ ਹੱਡੀਆਂ, ਭੁੱਖਾ ਢਿੱਡ, ਖੁਸ਼ਕ ਚਮੜੀ ਦੀਆਂ ਸਿਆਹ ਝੁਰੜੀਆਂ, ਮੁਰਝਾਏ ਹੋਏ ਸੀਨੇ ’ਤੇ ਗਰਦ ਅੱਟੀਆਂ ਵਾਲਾਂ ਦੀਆਂ ਝਾੜੀਆਂ ਲਈ ਆਪਣੇ ਸੁੰਗੜੇ-ਸੁੰਗੜੇ ਹੋਂਠਾਂ, ਫੈਲੀਆਂ-ਫੈਲੀਆਂ ਨਾਸਾਂ, ਝੁਰੜੀਆਂ ਵਾਲੀਆਂ ਗੱਲ੍ਹਾਂ ਅਤੇ ਆਪਣੀਆਂ ਅੱਖਾਂ ਦੇ ਅੱਧ-ਕਾਲੇ ਖੱਡਿਆਂ ਦੇ ਉਤੇ ਗੰਜਾ ਟੋਟਣ ਉਭਾਰੀ, ਮੇਰੇ ਜ਼ਿਹਨ ਦੇ ਕਿਸੇ ਖੂੰਜੇ ’ਚ ਹੁਣ ਤਾਈਂ ਖੜ੍ਹਾ ਹੈ। ਕਈ ਕਿਰਦਾਰ ਆਏ ਤੇ ਆਪਣੀ ਜ਼ਿੰਦਗੀ ਬਾਰੇ ਦੱਸਕੇ, ਆਪਣੀ ਅਹਮੀਅਤ ਜਤਾ ਕੇ, ਆਪਣੀ ਨਾਟਕੀਅਤਾ ਮੇਰੇ ਜ਼ਿਹਨ ’ਚ ਬਿਠਾ ਕੇ ਚਲੇ ਗਏ। ਹੁਸੀਨ ਔਰਤਾਂ, ਦਿਲਕਸ਼ ਖ਼ਿਆਲ, ਸ਼ੈਤਾਨ ਦੇ ਚਿਹਰੇ ਤੇ ਉਸ ਦੇ ਜ਼ਿਹਨ ਦੇ ਰੰਗ-ਰੋਗਨ ਨਾਲ ਸਾਕਾਰ ਹੋਏ, ਉਸਦੀ ਚਾਰ ਦੀਵਾਰੀ ਵਿੱਚ ਆਪਣੇ ਦੀਵੇ ਜਲਾ ਕੇ ਚਲੇ ਗਏ। ਪਰ, ਕਾਲੂ ਭੰਗੀ ਬਾਦਸਤੂਰ ਆਪਣੀ ਝਾੜੂ ਫੜ੍ਹੀ ਇਉਂ ਹੀ ਖੜ੍ਹਾ ਹੈ। ਉਸਨੇ ਇਸ ਘਰ ਦੇ ਅੰਦਰ ਆਉਣ ਵਾਲੇ ਹਰ ਕਿਰਦਾਰ ਨੂੰ ਵੇਖਿਆ ਹੈ, ਉਸ ਨੂੰ ਰੋਂਦੇ-ਗਿੜਗੜਾਉਂਦੇ, ਕਹਿਕਹੇ ਲਗਾਉਂਦੇ, ਮੁਹੱਬਤ ਤੇ ਨਫਰਤ ਕਰਦੇ, ਸੌਂਦੇ-ਜਾਗਦੇ, ਤਕਰੀਰ ਕਰਦੇ ਹੋਏ, ਜ਼ਿੰਦਗੀ ਦੇ ਹਰ ਰੰਗ ਵਿੱਚ, ਹਰ ਤਰੀਕੇ ਨਾਲ, ਹਰ ਮੰਜ਼ਲ ’ਤੇ ਵੇਖਿਆ ਹੈ, ਬਚਪਨ ਤੋਂ ਬੁਢੇਪੇ ਤੇ ਬੁਢਾਪੇ ਤੋਂ ਮੌਤ ਤੱਕ ਉਸ ਨੇ ਹਰ ਅਜਨਬੀ ਨੂੰ ਉਸ ਦੇ ਘਰ ਦੇ ਦਰਵਾਜੇ ਦੇ ਅੰਦਰ ਝਾਕਦਿਆਂ ਵੇਖਿਆ ਹੈ। ਅਤੇ ਉਸ ਨੂੰ ਅੰਦਰ ਆਉਂਦਿਆਂ ਵੇਖਕੇ ਉਸ ਲਈ ਰਸਤਾ ਸਾਫ ਕੀਤਾ ਹੈ। ਉਹ ਆਪ ਪਰ੍ਹੇ ਹੱਟ ਗਿਆ ਹੈ। ਇੱਹ ਭੰਗੀ ਇਕ ਤਰ੍ਹਾਂ ਨਾਲ ਅੜਕੇ ਖੜ੍ਹ ਗਿਆ ਹੈ, ਦਾਸਤਾਨ ਸ਼ੁਰੂ ਹੋਕੇ ਖ਼ਤਮ ਵੀ ਹੋ ਗਈ ਹੈ, ਕਿਰਦਾਰ ਅਤੇ ਤਮਾਸ਼ਾਈ ਦੋਨੋਂ ਚਲੇ ਗਏ ਹਨ, ਪਰ ਕਾਲੂ ਭੰਗੀ ਉਸ ਤੋਂ ਪਿੱਛੋਂ ਵੀ ਥਾਏਂ ਖੜ੍ਹਾ ਹੈ। ਹੁਣ ਤਾਂ ਉਹ ਇੱਕ ਕਦਮ ਹੋਰ ਅੱਗੇ ਵਧਾਕੇ ਜ਼ਿਹਨ ਦੇ ਕੇਂਦਰ ’ਚ ਆ ਗਿਆ ਹੈ ਤਾਂ ਜੋ ਮੈਂ ਉਸ ਨੂੰ ਚੰਗੀ ਤਰ੍ਹਾਂ ਵੇਖ ਲਵਾਂ। ਉਸਦਾ ਨੰਗਾ ਟੋਟਣ ਚਮਕ ਰਿਹਾ ਹੈ ਤੇ ਬੁੱਲ੍ਹਾਂ ’ਤੇ ਇੱਕ ਖ਼ਾਮੋਸ਼ ਸਵਾਲ ਹੈ। ਇੱਕ ਅਰਸੇ ਤੋਂ ਮੈਂ ਇਸਨੂੰ ਵੇਖ ਰਿਹਾ ਹਾਂ। ਸਮਝ ਵਿੱਚ ਨਹੀ ਆਉਂਦਾ ਕਿ ਕੀ ਲਿਖਾਂਗਾ ਇਸਦੇ ਬਾਰੇ! ਪਰ ਅੱਜ ਇਹ ਭੂਤ ਇਉਂ ਨਹੀਂ ਮੰਨੇਗਾ। ਇਸਨੂੰ ਕਈ ਸਾਲਾਂ ਤੱਕ ਟਾਲਿਆ ਹੈ, ਚਲੋ ਅੱਜ ਇਸਨੂੰ ਵੀ ਅਲਵਿਦਾ ਕਹਿ ਹੀ ਦੇਈਏ।
ਉਦੋਂ ਮੈਂ ਸੱਤਾਂ ਸਾਲਾਂ ਦਾ ਸੀ ਜਦੋਂ ਕਾਲੂ ਭੰਗੀ ਨੂੰ ਪਹਿਲੀ ਵਾਰ ਵੇਖਿਆ ਸੀ। ਵੀਹ ਸਾਲਾਂ ਪਿੱਛੋਂ ਜਦੋਂ ਉਹ ਮਰਿਆ, ਉਸਨੂੰ ਮੈਂ ਉਦੋਂ ਵੀ ਉਸੇ ਹਾਲਤ ’ਚ ਵੇਖਿਆ। ਕੋਈ ਫ਼ਰਕ ਨਹੀਂ ਸੀ- ਉਹੀ ਗੋਡੇ, ਉਹੀ ਪੈਰ, ਉਹੀ ਰੰਗਤ, ਉਹੀ ਚਿਹਰਾ, ਉਹੀ ਟੋਟਣ, ਉਹੀ ਟੁੱਟੇ ਦੰਦ ਤੇ ਉਹੀ ਝਾੜੂ ਜੋ ਇਉਂ ਲਗਦਾ ਸੀ ਉਹ ਮਾਂ ਦੇ ਢਿੱਡੋਂ ਹੀ ਚੁੱਕੀ ਤੁਰਿਆ ਆ ਰਿਹਾ ਹੈ। ਕਾਲੂ ਭੰਗੀ ਦਾ ਝਾੜੂ, ਉਸਦੇ ਜਿਸਮ ਦਾ ਇੱਕ ਅੰਗ ਹੀ ਲੱਗਦਾ ਸੀ। ਉਹ ਰੋਜ਼ ਮਰੀਜਾਂ ਦਾ ਮਲ-ਮੂਤਰ ਸਾਫ਼ ਕਰਦਾ। ਫਿਰ ਡਾਕਟਰ ਸਾਹਿਬ ਅਤੇ ਕੰਪਾਊਂਡਰ ਸਾਹਿਬ ਦੇ ਬੰਗਲਿਆਂ ’ਚ ਜਾ ਕੇ ਸਫਾਈ ਕਰਦਾ। ਡਿਸਪੈਂਸਰੀ ਵਿੱਚ ਫ਼ਿਨਾਇਲ ਛਿੜਕਦਾ। ਫਿਰ ਕੰਪਾਊਂਡਰ ਸਾਹਿਬ ਦੀ ਬੱਕਰੀ ਅਤੇ ਡਾਕਟਰ ਸਾਹਿਬ ਦੀ ਗਾਂ ਚਾਰਣ ਜੰਗਲ ’ਚ ਲੈ ਜਾਦਾਂ ਅਤੇ ਦਿਨ ਢਲਦੇ ਉਨ੍ਹਾਂ ਨੂੰ ਵਾਪਸ ਹਸਪਤਾਲ ’ਚ ਲੈ ਆਉਂਦਾ। ਪਸ਼ੂਆਂ ਨੂੰ ਵਾੜੇ ’ਚ ਬੰਨ੍ਹ ਕੇ ਭੋਜਨ ਪਕਾਉਂਦਾ ਤੇ ਖਾਕੇ ਸੌਂ ਜਾਂਦਾ। ਵੀਹ ਸਾਲਾਂ ਤੋਂ ਉਸਨੂੰ ਮੈਂ ਇਹੋ ਕੰਮ ਕਰਦਿਆਂ ਵੇਖ ਰਿਹਾ ਸੀ ਹਰ ਰੋਜ਼, ਬਿਲਾ ਨਾਗਾ। ਇਸ ਅਰਸੇ ਵਿੱਚ ਉਹ ਕਦੇ ਇੱਕ ਦਿਨ ਲਈ ਵੀ ਬੀਮਾਰ ਨਹੀਂ ਸੀ ਹੋਇਆ। ਇਹ ਮਾਮਲਾ ਹੈਰਾਨੀ ਭਰਿਆ ਜ਼ਰੂਰ ਸੀ, ਪਰ ਇੰਨਾ ਵੀ ਨਹੀਂ ਕਿ ਮਹਿਜ਼ ਇਸ ਲਈ ਕਹਾਣੀ ਲਿਖੀ ਜਾਵੇ! ਖੈਰ ਇਹ ਕਹਾਣੀ ਤਾਂ ਜਬਰਦਸਤੀ ਲਿਖਵਾਈ ਜਾ ਰਹੀ ਹੈ। ਅੱਠ ਸਾਲ ਤੋਂ ਮੈਂ ਉਸਨੂੰ ਟਾਲਦਾ ਆਇਆ ਹਾਂ, ਪਰ ਇਹ ਬੰਦਾ ਨਹੀਂ ਮੰਨਿਆ। ਜਬਰਦਸਤੀ ਕੰਮ ਲੈ ਰਿਹਾ ਹੈ। ਇਹ ਜ਼ੁਲਮ ਮੇਰੇ ’ਤੇ ਵੀ ਹੈ ਅਤੇ ਤੁਹਾਡੇ ’ਤੇ ਵੀ। ਮੇਰੇ ’ਤੇ ਇਸ ਕਰਕੇ ਕਿ ਮੈਨੂੰ ਲਿਖਣਾ ਪੈ ਰਿਹਾ ਹੈ ਅਤੇ ਤੁਹਾਡੇ ’ਤੇ ਇਸ ਕਰਕੇ ਕਿਉਂਕਿ ਤੁਹਾਨੂੰ ਪੜ੍ਹਨਾ ਪੈ ਰਿਹਾ ਹੈ। ਹਾਲਾਂਕਿ, ਇਸ ’ਚ ਅਜਿਹੀ ਕੋਈ ਗੱਲ ਹੀ ਨਹੀਂ, ਜਿਸ ਕਰਕੇ ਐਨੀ ਸਿਰਦਰਦੀ ਸਹੇੜੀ ਜਾਵੇ। ਪਰ ਕੀਤਾ ਵੀ ਕੀ ਜਾਵੇ? ਕਾਲੂ ਭੰਗੀ ਦੀਆਂ ਖ਼ਾਮੋਸ਼ ਨਿਗਾਹਾਂ ’ਚ ਇੱਕ ਅਜਿਹੀ ਮਿੰਨਤ ਭਰੀ ਖਿੱਚ ਪਾਊ ਪੀੜ ਹੈ, ਇੱਕ ਮਜਬੂਰ ਬੇ-ਜੁਬਾਨੀ ਹੈ, ਇੱਕ ਅਜਿਹੀ ਡੂੰਘਾਈ ਹੈ ਕਿ ਮੈਨੂੰ ਉਸ ਬਾਰੇ ਲਿਖਣਾ ਪੈ ਰਿਹਾ ਹੈ। ਲਿਖਦਾ-ਲਿਖਦਾ ਮੈਂ ਇਹ ਵੀ ਸੋਚੀ ਜਾ ਰਿਹਾ ਹਾਂ ਕਿ ਉਸਦੀ ਜ਼ਿੰਦਗੀ ਬਾਰੇ ਮੈਂ ਲਿਖਾਂਗਾ ਕੀ? ਕੋਈ ਇੱਕ ਵੀ ਦਿਲਚਸਪ ਪਹਿਲੂ ਨਹੀਂ। ਕੋਈ ਹਨ੍ਹੇਰਾ ਖੂੰਜਾ ਨਹੀਂ, ਕੋਈ ਜ਼ਾਵੀਆ ਐਸਾ ਨਹੀਂ ਜਿਸ ’ਚ ਮਿਕਨਾਤੀਸੀ ਖਿੱਚ ਹੋਵੇ। ਪਰ ਅੱਠ ਸਾਲਾਂ ਤੋਂ ਉਹ ਨਿਰੰਤਰ ਮੇਰੇ ਜ਼ਿਹਨ ’ਚ ਖੜ੍ਹਾ ਹੈ, ਖ਼ਬਰ ਨਹੀਂ ਕਿਉਂ? ਉਸ ਵਿੱਚ ਉਸਦੀ ਹਠਧਰਮੀ ਦੇ ਸਿਵਾ ਹੋਰ ਤਾਂ ਮੈਨੂੰ ਕੁੱਝ ਨਜ਼ਰ ਨਹੀਂ ਆਉਂਦਾ। ਜਦੋਂ ਮੈਂ ਰੁਮਾਨੀਅਤ ਤੋਂ ਅਗਾਂਹ ਵੱਲ ਸਫ਼ਰ ਅਰੰਭਿਆ ਅਤੇ ਹੁਸਨ ਤੇ ਹੈਵਾਨ ਦੇ ਵੱਖੋ-ਵੱਖ ਲੱਛਣ ਦੇਖਦਾ, ਟੁੱਟੇ ਤਾਰਿਆਂ ਨੂੰ ਛੂਹਣ ਲੱਗਾ, ਉਦੋਂ ਵੀ ਇਹ ਉਹੀ ਸੀ। ਜਦੋਂ ਮੈਂ ਬਾਲਕੋਨੀ ਤੋਂ ਝਾਕ ਕੇ ਉਨ੍ਹਾਂ ਦਾਤਾਵਾਂ ਦੀ ਗ਼ੁਰਬਤ ਵੇਖੀ ਅਤੇ ਪੰਜਾਬ ਦੀ ਸਰਜਮੀਨ ਉੱਤੇ ਖ਼ੂਨ ਦੀਆਂ ਨਦੀਆਂ ਵਗਦੀਆਂ ਵੇਖਕੇ ਆਪਣੇ ਵਹਿਸ਼ੀ ਹੋਣ ਬਾਰੇ ਇਲਮ ਹਾਸਲ ਕੀਤਾ, ਉਦੋਂ ਵੀ ਇਹ ਉਸੇ ਥਾਂ, ਮੇਰੇ ਜ਼ਿਹਨ ਦੀ ਸਰਦਲ ‘ਤੇ ਖੜ੍ਹਾ ਸੀ। ਖੈਰ, ਹੁਣ ਇਹ ਜਾਵੇਗਾ ਜ਼ਰੂਰ ਤੇ ਇਸਨੂੰ ਜਾਣਾ ਹੀ ਪਵੇਗਾ । ਹੁਣ ਮੈਂ ਇਸ ਬਾਰੇ ਲਿਖ ਰਿਹਾ ਹਾਂ। ‘ਉੱਪਰ ਵਾਲੇ’ ਇਸ ਦੀ ਬੇਕੈਫ, ਬੇਰੰਗ, ਫਿੱਕੀ, ਮਿੱਠੀ ਕਹਾਣੀ ਵੀ ਸੁਣ ਲੈ ਤਾਂਕਿ ਇਹ ਇੱਥੋਂ ਕਿਧਰੇ ਦੂਰ ਦਫ਼ਾ ਹੋ ਜਾਵੇ ਅਤੇ ਮੈਨੂੰ ਇਸ ਦੀ ਗਲੀਜ ਨੇੜਤਾ ਤੋਂ ਨਿਜ਼ਾਤ ਮਿਲ ਸਕੇ। ਤੇ ਜੇ ਅੱਜ ਵੀ ਮੈਂ ਇਸ ਬਾਰੇ ਨਾ ਲਿਖਿਆ ਤੇ ਤੁਸੀਂ ਉਸਨੂੰ ਨਾ ਪੜ੍ਹਿਆ ਤਾਂ ਇਹ ਅੱਠਾਂ ਸਾਲਾਂ ਮਗਰੋਂ ਵੀ ਇਥੇ ਹੀ ਡਟਿਆ ਰਹੇਗਾ ਅਤੇ ਸੰਭਵ ਹੈ ਜ਼ਿੰਦਗੀ ਭਰ ਇੱਥੇ ਹੀ ਖੜ੍ਹਾ ਰਹੇ।
ਪਰ ਮਸਲਾ ਇਹ ਹੈ ਕਿ ਇਸ ਬਾਰੇ ਲਿਖਿਆ ਕੀ ਜਾ ਸਕਦਾ ਹੈ? ਕਾਲੂ ਭੰਗੀ ਦੇ ਮਾਂ-ਬਾਪ ਭੰਗੀ ਸਨ ਤੇ ਜਿਥੋਂ ਤਾਈਂ ਮੇਰਾ ਖਿਆਲ ਹੈ ਉਸਦੇ ਦਾਦੇ-ਪੜਦਾਦੇ ਵੀ ਭੰਗੀ ਹੀ ਸਨ ਤੇ ਅਣਗਿਣਤ ਸਾਲਾਂ ਤੋਂ ਇੱਥੇ ਹੀ ਰਹਿੰਦੇ ਆਏ ਸਨ। ਇਸੇ ਤਰ੍ਹਾਂ, ਇਸੇ ਹਾਲਾਤ ’ਚ। ਉਤੋਂ ਕਾਲੂ ਭੰਗੀ ਨੇ ਵਿਆਹ ਨਹੀਂ ਸੀ ਕੀਤਾ, ਕਦੇ ਇਸ਼ਕ ਨਹੀਂ ਸੀ ਕੀਤਾ। ਉਸਨੇ ਤਾਂ ਕਦੇ ਦੂਰ-ਦਰਾਜ ਦਾ ਸਫ਼ਰ ਤੱਕ ਵੀ ਨਹੀਂ ਸੀ ਕੀਤਾ। ਹੱਦ ਤਾਂ ਇਹ ਹੈ ਕਿ ਉਹ ਕਦੇ ਆਪਣੇ ਪਿੰਡੋਂ ਬਾਹਰ ਗਿਆ ਹੀ ਨਹੀਂ ਸੀ। ਸਾਰਾ ਦਿਨ ਕੰਮ ਕਰਦਾ, ਰਾਤ ਨੂੰ ਸੌਂ ਜਾਂਦਾ ਤੇ ਤੜਕੇ ਉੱਠ ਕੇ ਫਿਰ ਆਪਣੇ ਕੰਮ ’ਚ ਰੁੱਝ ਜਾਂਦਾ। ਬਚਪਨੇ ਤੋਂ ਉਹ ਇਉਂ ਹੀ ਕਰਦਾ ਆਇਆ ਸੀ। ਹਾਂ, ਕਾਲੂ ਭੰਗੀ ’ਚ ਇੱਕ ਗੱਲ ਜ਼ਰੂਰ ਦਿਲਚਸਪੀ ਵਾਲੀ ਸੀ। ਆਪਣੇ ਗੰਜੇ ਟੋਟਣ ’ਤੇ ਕਿਸੇ ਜਾਨਵਰ, ਜਿਵੇਂ ਗਾਂ ਜਾਂ ਮੱਝ ਦੀ ਜੀਭ ਫਿਰਾਉਣ ਨਾਲ ਉਸ ਨੂੰ ਬੜਾ ਲੁਤਫ਼ ਆਉਂਦਾ ਸੀ। ਅਕਸਰ ਦੁਪਹਿਰ ਵੇਲੇ ਮੈਂ ਵੇਖਦਾ, ਉਹ ਨੀਲੇ ਆਸਮਾਨ ਦੇ ਹੇਠਾਂ, ਹਰੀ ਘਾਹ ਦੇ ਮਖਮਲੀ ਫਰਸ਼ ’ਤੇ, ਖਿੜੀ ਧੁੱਪੇ, ਹਸਪਤਾਲ ਦੇ ਨੇੜਲੇ ਖੇਤ ਦੀ ਵੱਟ ’ਤੇ ਪੱਬਾਂ ਭਾਰ ਬੈਠਾ ਹੁੰਦਾ ਤੇ ਇੱਕ ਗਾਂ ਵਾਰ-ਵਾਰ ਉਸਦਾ ਸਿਰ ਚੱਟ ਰਹੀ ਹੁੰਦੀ, ਅਤੇ ਉਹ ਆਪਣਾ ਸਿਰ ਚਟਵਾਉਂਦਾ ਓਥੇ ਹੀ ਊਂਘਦਾ-ਊਂਘਦਾ ਸੌਂ ਜਾਂਦਾ। ਇਸ ਨੂੰ ਇਉਂ ਸੌਂਦਾ ਵੇਖਕੇ ਮੇਰੇ ਦਿਲ ’ਚ ਗੁਦਗੁਦੀ ਦਾ ਇੱਕ ਅਜੀਬ ਜਿਹਾ ਅਹਿਸਾਸ ਛਿੜ ਜਾਂਦਾ ਸੀ ਤੇ ਕਾਇਨਾਤ ਦੇ ਥੱਕੇ-ਥੱਕੇ, ਸਰਬਵਿਆਪੀ ਹੁਸਨ ਦਾ ਗੁਮਾਨ ਹੋਣ ਲੱਗ ਪੈਂਦਾ ਸੀ। ਮੈਂ ਆਪਣੀ ਛੋਟੀ ਜਿਹੀ ਜ਼ਿੰਦਗੀ ’ਚ ਦੁਨੀਆਂ ਦੀਆਂ ਸਭ ਤੋਂ ਹੁਸੀਨ ਔਰਤਾਂ, ਫੁੱਲਾਂ ਦੀਆਂ ਤਾਜ਼ਾ-ਤਰੀਨ ਕਲੀਆਂ, ਕਾਇਨਾਤ ਦੇ ਅਤਿ ਖ਼ੂਬਸੂਰਤ ਨਜ਼ਾਰੇ ਵੇਖੇ ਹਨ। ਪਰ ਇਸ ਦਿ੍ਰਸ਼ ਵਰਗੀ ਮਾਸੂਮੀਅਤ, ਹੁਸਨ ਤੇ ਸਕੂਨ ਕਿਧਰੇ ਨਹੀਂ ਵੇਖੇ। ਜਦੋਂ ਮੈਂ ਸੱਤ ਸਾਲਾਂ ਦਾ ਸੀ, ਉਦੋਂ ਉਹ ਖੇਤ ਵਿਸ਼ਾਲ ਅਤੇ ਵਸੀਹ ਦਿਸਦੇ ਸਨ, ਆਕਾਸ਼ ਬਹੁਤ ਨੀਲਾ ਤੇ ਸਾਫ ਸੀ, ਕਾਲੂ ਭੰਗੀ ਦਾ ਟੋਟਣ ਸ਼ੀਸ਼ੇ ਵਾਂਗ ਚਮਕਦਾ ਸੀ ਤੇ ਗਾਂ ਦੀ ਜੀਭ ਹੌਲੀ-ਹੌਲੀ ਟੋਟਣ ਚੱਟਦੀ ਉਸਨੂੰ ਸਹਲਾਉਂਦੀ ਹੋਈ, ਕੁਸੁਰ ਕੁਸੁਰ ਦੀ ਸੰਵਾ ਦੇਣ ਵਾਲੀ ਆਵਾਜ਼ ਪੈਦਾ ਕਰਦੀ ਜਾਂਦੀ ਸੀ। ਦਿਲ ਕਰਦਾ ਸੀ, ਮੈਂ ਵੀ ਆਪਣਾ ਸਿਰ ਉਸੇ ਵਾਂਗੂ ਸਫਾਚਟ ਮੁਨਵਾ ਕੇ ਉਸ ਗਾਂ ਦੇ ਮੂਹਰੇ ਬੈਠ ਜਾਵਾਂ ਤੇ ਊਂਘਦਾ-ਊਂਘਦਾ ਸੌਂ ਜਾਵਾਂ। ਇੱਕ ਵਾਰ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਬਾਪੂ ਨੇ ਮੈਨੂੰ ਉਹ ਝੰਬਿਆ ਅਤੇ ਮੈਥੋਂ ਵੱਧ ਉਸ ਗਰੀਬ ਕਾਲੂ ਭੰਗੀ ਨੂੰ ਝੰਬਿਆ ਕਿ ਮੈਂ ਆਪਣੇ-ਆਪ ਡਰ ਦੇ ਬਹਾਨੇ ਚੀਕਣ ਲੱਗ ਪਿਆ ਤਾਂ ਜੋ ਕਾਲੂ ਭੰਗੀ ਕਿਤੇ ਬਾਪੂ ਦੇ ਠੁੱਡਿਆਂ ਨਾਲ ਮਰ ਹੀ ਨਾ ਜਾਵੇ। ਪਰ ਕਾਲੂ ਭੰਗੀ ਨੂੰ ਇੰਨੀ ਮਾਰ ਖਾ ਕੇ ਵੀ ਕੁੱਝ ਨਹੀਂ ਸੀ ਹੋਇਆ! ਦੂਜੇ ਦਿਨ ਉਹ ਬਾਦਸਤੂਰ ਝਾੜੂ ਮਾਰਨ ਲਈ ਸਾਡੇ ਬੰਗਲੇ Ñ’ਚ ਮੌਜੂਦ ਸੀ।
ਕਾਲੂ ਭੰਗੀ ਨੂੰ ਜਾਨਵਰਾਂ ਨਾਲ ਬਹੁਤ ਲਗਾਉ ਸੀ। ਸਾਡੀ ਗਾਂ ਅਤੇ ਕੰਪਾਊਂਡਰ ਸਾਹਿਬ ਦੀ ਬੱਕਰੀ ਤਾਂ ਉਸ ‘ਤੇ ਜਾਨ ਛਿੜਕਦੀਆਂ ਸਨ। ਹਾਲਾਂਕਿ ਬੱਕਰੀ ਬੜੀ ਬੇਵਫ਼ਾ ਹੁੰਦੀ ਹੈ, ਪਰ ਕਾਲੂ ਭੰਗੀ ਦੀ ਤਾਂ ਗੱਲ ਹੀ ਹੋਰ ਸੀ। ਇਨ੍ਹਾਂ ਦੋਨਾਂ ਨੂੰ ਪਾਣੀ ਪਿਆਉਂਦਾ ਕਾਲੂ ਭੰਗੀ, ਚਾਰਾ ਖਵਾਉਂਦਾ ਕਾਲੂ ਭੰਗੀ, ਜੰਗਲ ‘ਚ ਚਾਰਨ ਲਿਜਾਂਦਾ ਕਾਲੂ ਭੰਗੀ, ਰਾਤ ਨੂੰ ਡੰਗਰਾਂ ਵਾਲੇ ਵਾੜੇ ਚ ਬੰਨ੍ਹਦਾ ਵੀ ਕਾਲੂ ਭੰਗੀ। ਉਹ ਇਸ ਦੇ ਹਰ ਇਸ਼ਾਰੇ ਨੂੰ ਸਮਝ ਜਾਂਦੀਆਂ। ਉਵੇਂ ਹੀ, ਜਿਵੇਂ ਕੋਈ ਇਨਸਾਨ, ਇਨਸਾਨ ਦੇ ਬੱਚੇ ਦੀਆਂ ਰਮਜਾਂ ਸਮਝਦਾ ਹੈ। ਮੈਂ ਕਈ ਵਾਰ ਕਾਲੂ ਭੰਗੀ ਦੇ ਮਗਰ ਜੰਗਲ ’ਚ ਗਿਆ। ਰਾਹ ’ਚ ਇਹ ਉਨ੍ਹਾਂ ਨੂੰ ਬਿਲਕੁੱਲ ਖੁੱਲ੍ਹੀਆਂ ਛੱਡ ਦਿੰਦਾ ਸੀ। ਤਾਂ ਵੀ ਗਾਂ ਤੇ ਬੱਕਰੀ ਉਸਦੇ ਕਦਮਾਂ ਨਾਲ ਕਦਮ ਮਿਲਾਉਂਦੀਆਂ ਤੁਰੀਆਂ ਆਉਂਦੀਆਂ। ਰਾਹ ’ਚ ਹਰਾ ਘਾਹ ਵੇਖ ਕੇ ਗਾਂ ਨੇ ਮੂੰਹ ਮਾਰਨਾ ਤਾਂ ਬੱਕਰੀ ਵੀ ਝਾੜ ਤੋਂ ਪੱਤੇ ਖਾਣ ਲੱਗ ਜਾਂਦੀ। ਕਾਲੂ ਭੰਗੀ ਸੰਬਲੂ ਤੋੜ-ਤੋੜ ਆਪ ਵੀ ਖਾਂਦਾ ਤੇ ਬੱਕਰੀ ਦੇ ਮੂੰਹ ’ਚ ਵੀ ਪਾਈ ਜਾਂਦਾ ਅਤੇ ਨਾਲੋ-ਨਾਲ ਆਪਣੇ-ਆਪ ਨਾਲ ਹੀ ਗੱਲਾਂ ਕਰੀ ਜਾਂਦਾ। ਪਸ਼ੂ ਵੀ, ਕਦੇ ਗੁਰਗੁਰਾ ਕੇ, ਕੰਨ ਫੜਫੜਾ ਕੇ, ਪੈਰ ਹਿਲਾ ਕੇ, ਪੂਛ ਨੱਪ ਕੇ, ਨੱਚ-ਗਾ ਕੇ, ਹਰ ਤਰ੍ਹਾਂ ਨਾਲ ਉਸਦੀ ਗੱਲਬਾਤ ’ਚ ਹਿੱਸਾ ਲੈਂਦੇ। ਮੇਰੀ ਸਮਝ ਚ ਕੁੱਝ ਨਾ ਆਉਂਦਾ ਕਿ ਇਹ ਕੀ ਗੱਲਾਂ ਕਰਦੇ ਸਨ? ਫਿਰ ਕੁੱਝ ਪਲਾਂ ਪਿਛੋਂ ਕਾਲੂ ਭੰਗੀ ਅੱਗੇ ਤੁਰ ਪੈਂਦਾ ਤਾਂ ਗਾਂ ਵੀ ਚਰਨਾ ਛੱਡ ਦਿੰਦੀ ਅਤੇ ਬੱਕਰੀ ਵੀ ਝਾੜੀ ਨੇੜਿਓਂ ਪਰ੍ਹੇ ਹੱਟ ਕੇ ਕਾਲੂ ਭੰਗੀ ਦੇ ਨਾਲ-ਨਾਲ ਤੁਰਨ ਲੱਗ ਪੈਂਦੀ। ਅੱਗੇ ਕਿਤੇ ਕੋਈ ਨੰਨ੍ਹਾ-ਮੁੰਨਾ ਚਸ਼ਮਾ ਜਾਂ ਛੋਟੀ ਜਿਹੀ ਨਦੀ ਆਉਂਦੀ ਤਾਂ ਕਾਲੂ ਭੰਗੀ ਉਥੇ ਹੀ ਬੈਠ ਜਾਂਦਾ। ਲਿਟ ਕੇ ਚਸ਼ਮੇ ਦੀ ਸਤ੍ਹਾ ਨਾਲ ਆਪਣੇ ਬੁੱਲ੍ਹ ਜੋੜ ਲੈਂਦਾ ਤੇ ਜਾਨਵਰਾਂ ਵਾਂਗ ਪਾਣੀ ਪੀਣ ਲੱਗ ਜਾਂਦਾ। ਦੋਨ੍ਹੋਂ ਪਸ਼ੂ ਵੀ ਇਵੇਂ ਹੀ ਪਾਣੀ ਪੀਂਦੇ, ਕਿਉਂਕਿ ਵਿਚਾਰੇ ਇਨਸਾਨ ਤਾਂ ਹੈ ਨਹੀਂ ਸਨ ਜੋ ਓਕ ਨਾਲ ਪੀ ਸਕਦੇ। ਇਸ ਪਿਛੋਂ ਕਾਲੂ ਭੰਗੀ ਜੇ ਘਾਹ ’ਤੇ ਲਿਟ ਜਾਂਦਾ ਤਾਂ ਬੱਕਰੀ ਵੀ ਉਸਦੀਆਂ ਲੱਤਾਂ ਨੇੜੇ ਆਪਣੀਆਂ ਲੱਤਾਂ ਜੋੜ ਕੇ ਦੁਆ ਕਰਨ ਦੇ ਅੰਦਾਜ਼ ’ਚ ਬੈਠ ਜਾਂਦੀ। ਗਾਂ ਵੀ ਇਸੇ ਅੰਦਾਜ ’ਚ ਉਸਦੇ ਨੇੜੇ ਹੋਕੇ ਬੈਠ ਜਾਂਦੀ। ਮੈਨੂੰ ਇਉਂ ਲੱਗਦਾ ਕਿ ਉਹ ਕਾਲੂ ਭੰਗੀ ਦੀ ਪਤਨੀ ਹੈ ਤੇ ਹੁਣੇ-ਹੁਣੇ ਭੋਜਨ ਪਕਾ ਕੇ ਵਿਹਲੀ ਹੋਈ ਹੈ। ਉਸਦੀ ਹਰ ਨਜ਼ਰ ਅਤੇ ਚਿਹਰੇ ਦੇ ਉਤਾਰ-ਚੜ੍ਹਾਓ ਚੋਂ ਇੱਕ ਸ਼ਾਂਤਮਈ ਗ੍ਰਹਿਸਥੀ ਦਾ ਅੰਦਾਜ਼ ਝਲਕਣ ਲੱਗ ਪੈਂਦਾ ਤੇ ਜਦੋਂ ਉਹ ਜੁਗਾਲੀ ਕਰਦੀ ਦਾ ਤਾਂ ਮੈਨੂੰ ਲਗਦਾ ਜਿਵੇਂ ਕੋਈ ਬੜੀ ਸੁੱਘੜ ਪਤਨੀ ਕਰੋਸ਼ੀਆ ਨਾਲ ਕਢਾਈ ਕਰਨ ’ਚ ਮਗਨ ਹੈ ਜਾਂ ਕਾਲੂ ਭੰਗੀ ਲਈ ਸਵੈਟਰ ਬੁਣ ਰਹੀ ਹੈ। ਗਾਂ ਅਤੇ ਬੱਕਰੀ ਤੋਂ ਇਲਾਵਾ ਇੱਕ ਲੰਗੜਾ ਕੁੱਤਾ ਵੀ ਸੀ, ਜੋ ਕਾਲੂ ਭੰਗੀ ਦਾ ਪੱਕਾ ਦੋਸਤ ਸੀ। ਉਹ ਲੰਗੜਾ ਹੋਣ ਕਰਕੇ ਦੂਜੇ ਕੁੱਤਿਆਂ ਦੇ ਮੁਕਾਬਲੇ ਵਧੇਰੇ ਤੁਰ-ਫਿਰ ਨਹੀਂ ਸੀ ਸਕਦਾ। ਅਕਸਰ ਦੂਜੇ ਕੁੱਤਿਆਂ ਤੋਂ ਕੁੱਟ ਖਾਂਦਾ, ਭੁੱਖਾ ਤੇ ਜਖ਼ਮੀ ਰਹਿੰਦਾ। ਕਾਲੂ ਭੰਗੀ ਹਮੇਸ਼ਾ ਉਸਦੀ ਤੀਮਾਰਦਾਰੀ ਕਰਦਾ, ਚਿਚੜੀਆਂ ਲਾਹੁੰਦਾ, ਜਖਮਾਂ ’ਤੇ ਮਲ੍ਹਮ ਲਗਾਉਂਦਾ, ਉਸ ਨੂੰ ਮੱਕੀ ਦੀ ਰੋਟੀ ਦਾ ਸੁੱਕਾ ਟੁੱਕੜ ਖਾਣ ਲਈ ਦਿੰਦਾ। ਪਰ ਇਹ ਕੁੱਤਾ ਬਹੁਤ ਖੁਦਗਰਜ ਜਨੌਰ ਸੀ। ਦਿਨ ’ਚ ਬਸ ਦੋ ਵਾਰੀ ਕਾਲੂ ਭੰਗੀ ਨੂੰ ਮਿਲਦਾ। ਦੁਪਹਿਰ ਤੇ ਸ਼ਾਮ ਨੂੰ ਅਤੇ ਅੰਨ ਖਾਕੇ, ਜਖਮਾਂ ’ਤੇ ਮਲ੍ਹਮ ਲਵਾ ਕੇ ਫਿਰ ਮਟਰਗਸ਼ਤੀ ਕਰਨ ਨਿਕਲ ਜਾਂਦਾ। ਕਾਲੂ ਭੰਗੀ ਤੇ ਲੰਗੜੇ ਕੁੱਤੇ ਦੀ ਮਿਲਣੀ ਸੰਖੇਪ, ਪਰ ਦਿਲਚਸਪ ਹੁੰਦੀ ਸੀ। ਮੈਨੂੰ ਉਹ ਕੁੱਤਾ ਫੁੱਟੀ ਅੱਖ ਨਹੀਂ ਸੀ ਭਾਉਂਦਾ, ਪਰ ਕਾਲੂ ਭੰਗੀ ਉਸਨੂੰ ਉੱਡ ਕੇ ਮਿਲਦਾ ਸੀ।
ਇਸ ਤੋਂ ਇਲਾਵਾ ਵੀ ਕਾਲੂ ਭੰਗੀ ਦੀ ਜੰਗਲ ਦੇ ਹਰ ਜਨੌਰ, ਚਰਿੰਦੇ-ਪਰਿੰਦੇ ਨਾਲ ਆੜੀ ਸੀ। ਰਾਹ ‘ਚ ਉਸਦੇ ਪੈਰਾਂ ’ਚ ਕੋਈ ਕੀੜਾ ਆ ਜਾਂਦਾ ਤਾਂ ਉਹ ਚੁੱਕ ਕੇ ਝਾੜੀ ’ਤੇ ਰੱਖ ਦਿੰਦਾ ਸੀ। ਕਿਤੋਂ ਕੋਈ ਨਿਉਲਾ ਬੋਲਦਾ ਤਾਂ ਇਹ ਉਸੇ ਦੀ ਬੋਲੀ ‘ਚ ਜਵਾਬ ਦਿੰਦਾ। ਤਿਤਰ, ਰੱਤਗਲਾ, ਲਾਲ ਚਿੜਾ, ਉਹ ਹਰ ਪਰਿੰਦੇ ਦੀ ਜੁਬਾਨ ਜਾਣਦਾ ਸੀ। ਇਸ ਲਿਹਾਜ਼ ਨਾਲ ਉਹ ਰਾਹੁਲ ਸੰਕਰਤਾਇਣ ਨਾਲੋਂ ਵੀ ਵੱਡਾ ਪੰਡਤ ਸੀ। ਘੱਟ ਤੋਂ ਘੱਟ ਮੇਰੇ ਵਰਗੇ ਸੱਤ ਸਾਲ ਦੇ ਬੱਚੇ ਦੀਆਂ ਨਜ਼ਰਾਂ ’ਚ ਤਾਂ ਉਹ ਮੈਨੂੰ ਆਪਣੇ ਮਾਂ-ਪਿਓ ਤੋਂ ਵੀ ਚੰਗਾ ਲਗਦਾ ਸੀ। ਮੱਕੀ ਦੀ ਛੱਲੀ, ਮੱਠੀ-ਮੱਠੀ ਅੱਗ ਦੇ ਸੇਕ ’ਤੇ ਮਜ਼ੇ ਲੈ-ਲੈ ਕੇ ਉਹ ਇਉਂ ਭੁੰਨਦਾ ਕਿ ਹਰ ਦਾਣਾ ਕੁੰਦਨ ਬਣ ਜਾਂਦਾ ਤੇ ਜਾਇਕੇ ’ਚ ਸ਼ਹਿਦ ਦਾ ਮਜ਼ਾ ਦਿੰਦਾ। ਖੁਸ਼ਬੂ ਵੀ ਅਜਿਹੀ, ਜਿਵੇਂ ਧਰਤੀ ਸਾਹ ਲੈ ਰਹੀ ਹੋਵੇ! ਬਹੁਤ ਹੀ ਹੌਲੀ-ਹੌਲੀ, ਬੜੇ ਸੁਕੂਨ ਤੇ ਮੁਹਾਰਤ ਨਾਲ ਉਹ ਹਰ ਪਾਸਿਓਂ ਵੇਖ-ਵੇਖ ਕੇ ਛੱਲੀ ਨੂੰ ਇਉਂ ਭੁੰਨਦਾ ਸੀ, ਜਿਵੇਂ ਉਸ ਨੂੰ ਵਰਿ੍ਹਆਂ ਤੋਂ ਜਾਣਦਾ ਹੋਵੇ। ਛੱਲੀ ਨਾਲ ਉਹ ਇੱਕ ਦੋਸਤ ਵਾਂਗ ਗੱਲਾਂ ਕਰਦਾ। ਇੰਨੀ ਨਰਮਾਈ, ਮਿਹਰਬਾਨੀ ਤੇ ਸ਼ਫਕਤ (ਸਲੀਕੇ) ਨਾਲ ਪੇਸ਼ ਆਉਂਦਾ, ਜਿਵੇਂ ਉਹ ਛੱਲੀ ਉਸ ਦੀ ਨੇੜਲੀ ਰਿਸ਼ਤੇਦਾਰ ਜਾਂ ਸਕੀ ਭੈਣ-ਭਰਾ ਹੋਵੇ। ਛੱਲੀ ਤਾਂ ਹੋਰ ਲੋਕ ਵੀ ਭੁੰਨਦੇ ਸਨ, ਪਰ ਕਾਲੂ ਭੰਗੀ ਵਾਲੀ ਗੱਲ ਕਿੱਥੇ! ਕੱਚੀਆਂ, ਬੇਸਵਾਦ, ਮਾਮੂਲੀ ਜਿਹੀਆਂ ਛੱਲੀਆਂ, ਜਿਨ੍ਹਾਂ ਨੂੰ ਬਸ ਮੱਕੀ ਦੀ ਛੱਲੀ ਕਿਹਾ ਹੀ ਜਾ ਸਕਦਾ ਹੁੰਦਾ, ਕਾਲੂ ਭੰਗੀ ਦੇ ਹੱਥਾਂ ਦੀ ਛੋਹ ਨਾਲ ਕੁੱਝ ਦੀਆਂ ਕੁੱਝ ਬਣ ਜਾਂਦੀਆਂ! ਜਦੋਂ ਉਹ ਅੱਗ ’ਤੇ ਸਿਕ ਕੇ ਬਿਲਕੁੱਲ ਤਿਆਰ ਹੋ ਜਾਂਦੀਆਂ ਤਾਂ ਐਨ ਨਵੀਂ-ਨਵੇਲੀ ਦੁਲਹਨ ਵਾਂਗ ਵਿਆਹ ਵਾਲੇ ਕੱਪੜੇ ਪਾਈ ਸੁਨਹਿਰੀ ਭਾਅ ਮਾਰਦੀਆਂ। ਮੇਰੇ ਖਿਆਲ ’ਚ ਛੱਲੀ ਨੂੰ ਆਪ ਹੀ ਇਹ ਅੰਦਾਜ਼ਾ ਹੋ ਜਾਂਦਾ ਸੀ ਕਿ ਕਾਲੂ ਭੰਗੀ ਉਸ ਨਾਲ ਕਿੰਨੀ ਮੁਹੱਬਤ ਕਰਦਾ ਹੈ। ਨਹੀਂ ਤਾਂ ਮੁਹੱਬਤ ਦੇ ਬਿਨਾਂ ਕਿਸੇ ਬੇਜ਼ਾਨ ਸ਼ੈ ’ਚੋਂ ਐਸਾ ਹੁਸਨ ਕਿਵੇਂ ਡੁੱਲ੍ਹ ਸਕਦਾ ਸੀ! ਮੈਨੂੰ ਕਾਲੂ ਭੰਗੀ ਦੇ ਹੱਥ ਦੀਆਂ ਭੁੰਨੀਆਂ ਛੱਲੀਆਂ ਖਾਣ ‘ਚ ਬੜਾ ਮਜ਼ਾ ਆਉਂਦਾ ਸੀ। ਮੈਂ ਇਨ੍ਹਾਂ ਨੂੰ ਲੁਕ-ਲੁਕ ਕੇ ਬੜੇ ਸਵਾਦ ਨਾਲ ਖਾਂਦਾ ਸੀ। ਇੱਕ ਵਾਰੀ ਫੜ੍ਹਿਆ ਗਿਆ ਤਾਂ ਬਹੁਤ ਭੈੜੀ ਕੁੱਟ ਪਈ ਸੀ। ਨਾਲ ਹੀ ਸਿੱਧਾ-ਸਾਦਾ ਕਾਲੂ ਭੰਗੀ ਵੀ ਝੰਬਿਆ ਗਿਆ ਸੀ। ਪਰ ਅਗਲੇ ਦਿਨ ਉਹ ਝਾੜੂ ਲਈ ਬੰਗਲੇ ’ਚ ਫੇਰ ਉਸੇ ਤਰ੍ਹਾਂ ਹਾਜ਼ਰ ਸੀ। ਕਾਲੂ ਭੰਗੀ ਬਾਰੇ ਕੋਈ ਦਿਲਚਸਪ ਗੱਲ ਯਾਦ ਨਹੀਂ ਸੀ ਆ ਰਹੀ। ਜਦੋਂ ਮੈਂ ਬਚਪਨ ਤੋਂ ਜਵਾਨੀ ਵੱਲ ਨੂੰ ਵਧਿਆ ਤਾਂ ਉਦੋਂ ਵੀ ਕਾਲੂ ਭੰਗੀ ਉਹੋ ਜਿਹਾ ਹੀ ਰਿਹਾ। ਮੇਰੇ ਲਈ ਹੁਣ ਉਹ ਘੱਟ ਦਿਲਚਸਪ ਹੋ ਗਿਆ ਸੀ। ਬਲਕਿ ਇਉਂ ਕਹਿ ਲਵੋ, ਮੈਨੂੰ ਉਸ ’ਚ ਕਿਸੇ ਕਿਸਮ ਦੀ ਦਿਲਚਸਪੀ ਨਹੀਂ ਸੀ ਰਹੀ। ਹਾਂ ਕਦੇ-ਕਦਾਈਂ ਉਸਦਾ ਕਿਰਦਾਰ ਮੈਨੂੰ ਆਪਣੇ ਵੱਲ ਖਿੱਚਦਾ ਜਰੂਰ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਅਜੇ ਮੈਂ ਨਵਾਂ-ਨਵਾਂ ਲਿਖਣਾ ਸ਼ੁਰੂ ਕੀਤਾ ਸੀ। ਅਧਿਐਨ ਲਈ ਮੈਂ ਉਸ ਨੂੰ ਸਵਾਲ ਪੁੱਛਦਾ। ਨੋਟ ਲੈਣ ਲਈ ਫਾਊਂਨਟੇਨ ਪੈੱਨ ਤੇ ਪੈਡ ਨਾਲ ਰੱਖਦਾ।
“ਕਾਲੂ ਭੰਗੀ ਤੇਰੀ ਜ਼ਿੰਦਗੀ ਵਿੱਚ ਕੋਈ ਖਾਸ ਗੱਲ ਹੈ?”
“ਕਿਵੇਂ ਦੀ ਛੋਟੇ ਸਾਹਿਬ?”
“ਕੋਈ ਖਾਸ ਗੱਲ, ਅਜੀਬ, ਅਨੋਖੀ, ਨਵੀਂ!”
“ਨਹੀਂ ਛੋਟੇ ਸਾਹਿਬ।” (“ਯਹਾਂ ਤੱਕ ਤੋ ਮੁਸ਼ਾਹਿਦਾ ਸਿਫਰ ਰਿਹਾ, ਅਬ ਅੱਗੇ ਚਲੀਏ। ਮੁਮਕਿਨ ਹੈ..”)
“ਅੱਛਾ, ਤੂੰ ਇਹ ਦੱਸ ਤੂੰ ਤਨਖ਼ਾਹ ਦਾ ਕੀ ਕਰਦਾ ਹੈਂ?” ਮੈਂ ਦੂਜਾ ਸਵਾਲ ਪੁੱਛਿਆ।
ਉਹ ਸੋਚੀਂ ਪੈ ਗਿਆ ਤੇ ਫਿਰ ਬੋਲਿਆ, “ਮਹੀਨੇ ਦੇ ਅੱਠ ਰੁਪਏ ਮਿਲਦੇ ਐ।’’ ਉਂਗਲੀਆਂ ’ਤੇ ਗਿਣਦਿਆਂ ਉਸਨੇ ਦੱਸਿਆ, “ਚਾਰ ਰੁਪਈਆਂ ਦਾ ਆਟਾ, ਇੱਕ ਦਾ ਲੂਣ, ਇੱਕ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ, ਕਿੰਨੇ ਹੋ ਗਏ ਛੋਟੇ ਸਾਹਿਬ?”
“ਸੱਤ ਰੁਪਏ।”
“ਹਾਂ ਸੱਤ ਰੁਪਏ, ਇੱਕ ਰੁਪਿਆ ਹਰ ਮਹੀਨੇ ਬਾਣੀਏ ਨੂੰ ਦਿੰਦਾ ਹਾਂ, ਉਸਤੋਂ ਕੱਪੜੇ ਸਿਲਵਾਉਣ ਲਈ ਕਰਜਾ ਜੁ ਲੈਂਦਾ ਹਾਂ। ਸਾਲ ‘ਚ ਦੋ ਜੋੜੇ ਤਾਂ ਚਾਹੀਦੇ ਹੀ ਨੇ। ਕੰਬਲ ਤਾਂ ਮੇਰੇ ਕੋਲ ਹੈ। ਅਤੇ ਛੋਟੇ ਸਾਹਿਬ ! ਵੱਡੇ ਸਾਹਿਬ ਜੇ ਕਿਤੇ ਇੱਕ ਰੁਪਿਆ ਤਨਖ਼ਾਹ ਵਧਾ ਦੇਣ ਤਾਂ ਮਜ਼ਾ ਹੀ ਆ ਜਾਵੇ!”
“ਉਹ ਕਿਵੇਂ?”
“ਘੀ ਲਵਾਂਗਾ ਇੱਕ ਰੁਪਏ ਦਾ, ਅਤੇ ਮੱਕੀ ਦੇ ਪਰੌਂਠੇ ਖਾਵਾਂਗਾ। ਕਦੇ ਪਰੌਂਠੇ ਨਹੀਂ ਖਾਧੇ ਮਾਲਿਕ, ਬੜਾ ਜੀ ਕਰਦਾ ਹੈ।”
ਹੁਣ ਦੱਸੋ, ਇਨ੍ਹਾਂ ਅੱਠਾਂ ਰੁਪਈਆਂ ’ਤੇ ਕੋਈ ਕੀ ਅਫਸਾਨਾ ਲਿਖੇ! ਫਿਰ ਮੇਰਾ ਵਿਆਹ ਹੋਇਆ। ਰਾਤਾਂ ਜਵਾਨ ਤੇ ਚਮਕਦਾਰ ਹੋਣ ਲੱਗੀਆਂ। ਨੇੜੇ ਦੇ ਜੰਗਲ ਚੋਂ ਸ਼ਹਿਦ, ਕਸਤੂਰੀ ਤੇ ਜੰਗਲੀ ਗੁਲਾਬ ਦੀਆਂ ਖੁਸ਼ਬੋਆਂ ਆਉਣ ਲੱਗੀਆਂ। ਮਿਰਗ ਚੁੰਗੀਆਂ ਭਰਦੇ ਦਿਖਾਈ ਦੇਣ ਲੱਗੇ। ਤਾਰੇ ਝੁਕ-ਝੁਕ ਕੇ ਕੰਨਾਂ ’ਚ ਸਰਗੋਸ਼ੀਆਂ ਕਰਨ ਲੱਗੇ। ਕਿਸੇ ਦੇ ਰਸ ਭਰੇ ਹੋਠਾਂ ਦੇ ਚੁੰਬਣ ਮਿਲਣ ਦਾ ਖ਼ਿਆਲ ਕਰਕੇ ਕੰਬਣੀ ਛਿੜਣ ਲੱਗੀ। ਉਦੋਂ ਵੀ ਮੈਂ ਕਾਲੂ ਭੰਗੀ ਬਾਰੇ ਲਿਖਣਾ ਚਾਹੁੰਦਾ ਤੇ ਕਾਗਜ-ਪੈਨ ਲੈਕੇ ਉਸ ਕੋਲ ਪੁੱਜ ਜਾਂਦਾ
“ਕਾਲੂ ਭੰਗੀ, ਤੂੰ ਵਿਆਹ ਨਹੀਂ ਕਰਵਾਇਆ?”
“ਨਹੀਂ ਛੋਟੇ ਸਾਹਿਬ!”
“ਕਿਉਂ?”
“ਇਸ ਇਲਾਕੇ ਚ ਮੈਂ ਇੱਕੋ ਹੀ ਭੰਗੀ ਹਾਂ, ਦੂਰ-ਦੂਰ ਤੱਕ ਕੋਈ ਹੋਰ ਭੰਗੀ ਨਹੀਂ। ਫਿਰ ਮੇਰਾ ਵਿਆਹ ਕਿਵੇਂ ਹੁੰਦਾ?”
ਲਓ ਇਹ ਰਾਹ ਵੀ ਬੰਦ ਹੋਇਆ।
“ਤੇਰਾ ਜੀ ਨਹੀਂ ਚਾਹੁੰਦਾ ਕਾਲੂ ਭੰਗੀ?” ਮੈਂ ਦੁਬਾਰਾ ਕੋਸ਼ਿਸ਼ ਕਰਕੇ ਕੁੱਝ ਖੁਰਚਣਾ ਚਾਹਿਆ।
“ਕੀ ਸਾਹਿਬ?”
“ਇਸ਼ਕ ਕਰਨ ਲਈ? ਸ਼ਾਇਦ ਕਿਸੇ ਨੂੰ ਮੁਹੱਬਤ ਕੀਤੀ ਹੋਵੇਗੀ, ਤਾਂ ਹੀ ਤੂੰ ਹੁਣ ਤੱਕ ਸ਼ਾਦੀ ਨਹੀਂ ਕੀਤੀ।”
“ਇਸ਼ਕ ਕੀ ਹੁੰਦਾ ਹੈ ਛੋਟੇ ਸਾਹਿਬ?”
“ਔਰਤ ਨਾਲ ਇਸ਼ਕ ਕਰਦੇ ਨੇ ਲੋਕ।”
“ਇਸ਼ਕ ਕਿਵੇਂ ਕਰਦੇ ਨੇ ਸਾਹਿਬ? ਸ਼ਾਦੀ ਤਾਂ ਜ਼ਰੂਰ ਕਰਦੇ ਨੇ ਸਭ ਲੋਕ। ਵੱਡੇ ਲੋਕ ਇਸ਼ਕ ਵੀ ਕਰਦੇ ਹੋਣਗੇ, ਛੋਟੇ ਸਾਹਿਬ। ਤੁਸੀਂ ਜੋ ਕੁੱਝ ਕਹਿ ਰਹੇ ਹੋ, ਅਸੀਂ ਨਹੀਂ ਸੁਣਿਆ। ਰਹੀ ਸ਼ਾਦੀ ਦੀ ਗੱਲ ਤਾਂ ਉਹ ਮੈਂ ਤੁਹਾਨੂੰ ਦੱਸ ਦਿੱਤੀ ਕਿ ਮੈਂ, ਸ਼ਾਦੀ ਕਿਉਂ ਨਹੀਂ ਕੀਤੀ। ਤੁਸੀਂ ਹੀ ਦੱਸੋ ਕਿਵੇਂ ਹੁੰਦਾ ਮੇਰਾ ਵਿਆਹ .. ..?”
ਅਸੀਂ ਕੀ ਦੱਸੀਏ? ਖਾਕ…..!
“ਤੈਨੂੰ ਕੋਈ ਅਫਸੋਸ ਨਹੀਂ ਕਾਲੂ ਭੰਗੀ?”
“ਕਿਸ ਗੱਲ ਦਾ ਛੋਟੇ ਸਾਹਿਬ?”
ਮੈਂ ਹਾਰ ਕੇ, ਉਸਦੇ ਬਾਰੇ ਲਿਖਣ ਦਾ ਖ਼ਿਆਲ ਹੀ ਛੱਡ ਦਿੱਤਾ। ਅੱਠ ਕੁ ਸਾਲ ਹੋ ਗਏ ਕਾਲੂ ਭੰਗੀ ਮਰ ਗਿਆ। ਉਹ ਜੋ ਕਦੇ ਬੀਮਾਰ ਨਹੀਂ ਸੀ ਹੋਇਆ, ਅਚਾਨਕ ਐਸਾ ਬੀਮਾਰ ਹੋਇਆ ਕਿ ਮੁੜ ਕੇ ਬਿਸਤਰੇ ਤੋਂ ਉੱਠਿਆ ਹੀ ਨਾ। ਉਹ ‘ਆਪਣੇ’ ਹੀ ਹਸਪਤਾਲ ’ਚ ਮਰੀਜ਼ ਵਜੋਂ ਦਾਖ਼ਲ ਸੀ ਪਰ ਵੱਖਰੇ ਵਾਰਡ ’ਚ। ਕੰਪਾਊਂਡਰ ਦੂਰੋਂ ਉਸਦੇ ਹਲਕ ’ਚ ਦਵਾਈ ਉਲਟ ਦਿੰਦਾ। ਚਪੜਾਸੀ ਉਸਦੇ ਲਈ ਖਾਣਾ ਰੱਖ ਜਾਂਦਾ। ਉਹ ਆਪਣੇ ਭਾਂਡੇ ਤੇ ਆਪਣਾ ਮਲ-ਮੂਤਰ ਆਪ ਹੀ ਸਾਫ਼ ਕਰਦਾ। ਆਪਣਾ ਬਿਸਤਰਾ ਵੀ ਆਪ ਹੀ ਵਿਛਾਉਂਦਾ ਤੇ ਜਦੋਂ ਉਹ ਮਰ ਗਿਆ ਤਾਂ ਉਸਦੀ ਲਾਸ਼ ਨੂੰ ਪੁਲਿਸ ਵਾਲਿਆਂ ਨੇ ਠਿਕਾਣੇ ਲਾ ਦਿੱਤਾ ਸੀ ਕਿਉਂਕਿ ਉਸਦਾ ਕੋਈ ਵਾਰਿਸ ਨਹੀਂ ਸੀ, ਇਸ ਲਈ ਉਸਦੀ ਆਖ਼ਰੀ ਤਨਖ਼ਾਹ ਵੀ ਸਰਕਾਰ ਕੋਲ ਜ਼ਬਤ ਹੋ ਗਈ। ਹਾਲਾਂਕਿ ਉਹ ਸਾਡੇ ਕੋਲ ਵੀਹ ਸਾਲਾਂ ਤੋਂ ਰਹਿੰਦਾ ਸੀ, ਪਰ ਅਸੀਂ ਕੋਈ ਉਸਦੇ ਰਿਸ਼ਤੇਦਾਰ ਥੋੜ੍ਹੇ ਸਾਂ? ਜਦੋਂ ਮਰਿਆ ਉਸ ਦਿਨ ਵੀ ਕੋਈ ਖ਼ਾਸ ਗੱਲ ਨਾ ਹੋਈ। ਰੋਜ਼ ਵਾਂਗ ਓਦਣ ਵੀ ਹਸਪਤਾਲ ਖੁੱਲਿ੍ਹਆ, ਡਾਕਟਰ ਨੇ ਨੁਸਖ਼ੇ ਲਿਖੇ, ਕੰਪਾਊਂਡਰ ਨੇ ਤਿਆਰ ਕੀਤੇ, ਮਰੀਜਾਂ ਨੇ ਦਵਾਈ ਲਈ ਅਤੇ ਘਰੋ-ਘਰੀ ਪਰਤ ਗਏ। ਫਿਰ ਰੋਜ਼ ਵਾਂਗੂੰ ਹਸਪਤਾਲ ਬੰਦ ਹੋਇਆ ਤੇ ਘਰ ਆ ਕੇ ਸਭ ਨੇ ਆਰਾਮ ਨਾਲ ਖਾਣਾ ਖਾਧਾ। ਰੇਡੀਓ ਸੁਣਿਆ ਤੇ ਰਜਾਈਆਂ ’ਚ ਵੜ੍ਹ ਕੇ ਸੌਂ ਗਏ। ਸਵੇਰੇ ਉੱਠੇ ਤਾਂ ਪਤਾ ਲੱਗਿਆ ਕਿ ਪੁਲਿਸ ਨੇ ਕਾਲੂ ਭੰਗੀ ਦੀ ਲਾਸ਼ ‘ਠਿਕਾਣੇ’ ਲਾ ਦਿੱਤੀ ਹੈ। ਡਾਕਟਰ ਦੀ ਗਾਂ ਤੇ ਕੰਪਾਊਂਡਰ ਦੀ ਬੱਕਰੀ ਨੇ ਦੋ ਦਿਨ ਕੁੱਝ ਨਾ ਖਾਧਾ-ਪੀਤਾ ਤੇ ਵਾਰਡ ਦੇ ਬਾਹਰ ਖੜ੍ਹੀਆਂ ਬੇਮਤਲਬ ਚੀਕਾਂ ਰੌਲੀ ਪਾਉਂਦੀਆਂ ਰਹੀਆਂ। ਜਾਨਵਰਾਂ ਦੀ ਜਾਤ ਜੁ ਹੋਈ!
ਓਏ ਤੂੰ ਫਿਰ ਝਾੜੂ ਲੈ ਕੇ ਆ ਗਿਆ। ਆਖ਼ਰ ਕੀ ਚਾਹੁੰਦਾ ਹੈਂ? ਦੱਸ ਤਾਂ ਦੇ? ਕਾਲੂ ਭੰਗੀ ਅਜੇ ਤਾਈਂ ਉੱਥੇ ਹੀ ਖੜ੍ਹਾ ਹੈ। ਕਿਉਂ ਬਈ, ਹੁਣ ਤਾਂ ਮੈਂ ਸਭ ਕੁੱਝ ਲਿਖ ਦਿੱਤਾ ਹੈ। ਉਹ ਸਭ ਕੁੱਝ ਜੋ ਮੈਂ ਤੇਰੇ ਬਾਰੇ ਜਾਣਦਾ ਹਾਂ। ਓਏ ਰੱਬਾ, ਚਲਿਆ ਜਾ ਮੈਥੋਂ ਕੀ ਗੁਨਾਹ ਹੋ ਗਿਆ? ਤੇਰਾ ਨਾਮ ਕਾਲੂ ਭੰਗੀ; ਕੰਮ ਭੰਗੀ; ਇਸ ਇਲਾਕੇ ਤੋਂ ਕਦੇ ਬਾਹਰ ਨਹੀਂ ਗਿਆ; ਵਿਆਹ ਨਹੀਂ ਕਰਵਾਈਆ; ਇਸ਼ਕ ਨਹੀਂ ਲੜਾਇਆ; ਜ਼ਿੰਦਗੀ ’ਚ ਕੋਈ ਹੰਗਾਮਾਖੇਜ ਗੱਲ ਨਹੀਂ ਵਾਪਰੀ; ਕੋਈ ਅਚੰਭਾ ਨਹੀਂ ਵਾਪਰਿਆ। ਜਿਵੇਂ ਮਹਿਬੂਬਾ ਦੇ ਹੋਠਾਂ ’ਚ ਹੁੰਦਾ ਹੈ; ਆਪਣੇ ਬੱਚੇ ਦੇ ਪਿਆਰ ’ਚ ਹੁੰਦਾ ਹੈ; ਗਾਲਿਬ ਦੇ ਕਲਾਮ ’ਚ ਹੁੰਦਾ ਹੈ। ਕੁੱਝ ਵੀ ਤਾਂ ਨਹੀਂ ਹੋਇਆ। ਤੇਰੀ ਤਨਖ਼ਾਹ ਅੱਠ ਰੁਪਏ ਚਾਰ ਰੁਪਏ ਦਾ ਆਟਾ, ਇੱਕ ਦਾ ਲੂਣ, ਇੱਕ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ….. ਸੱਤ ਰੁਪਏ ਅਤੇ ਇੱਕ ਰੁਪਿਆ ਬਾਣੀਏ ਦਾ ਹੋ ਗਏ ਪੂਰੇ ਅੱਠ ਰੁਪਏ। ਪਰ ਅੱਠ ਰੁਪਿਆਂ ’ਚ ਕਹਾਣੀ ਨਹੀਂ ਆਉਂਦੀ, ਅੱਜਕੱਲ੍ਹ ਤਾਂ ਪੰਝੀ-ਪੰਜਾਹ ਸੌ ’ਚ ਵੀ ਨਹੀ ਆਉਂਦੀ, ਪਰ ਅੱਠ ਰੁਪਿਆਂ ’ਚ ਤਾਂ ਉੱਕਾ ਹੀ ਨਹੀ। ਦੱਸ ਮੈਂ ਕੀ ਲਿਖ ਸਕਦਾ ਹਾਂ ਤੇਰੇ ਬਾਰੇ ?
ਹੁਣ ਖ਼ਿਲਜੀ ਹੀ ਨੂੰ ਲੈ ਲਓ। ਹਸਪਤਾਲ ’ਚ ਕੰਪਾਊਂਡਰ ਹੈ। ਬੱਤੀ ਰੁਪਏ ਤਨਖ਼ਾਹ ਲੈਂਦਾ ਹੈ। ਵਿਰਾਸਤ ’ਚ ਹੇਠਲੇ ਦਰਮਿਆਨੇ ਤਬਕੇ ਦੇ ਮਾਂ ਬਾਪ ਮਿਲੇ ਸਨ ਜਿਨ੍ਹਾਂ ਨੇ ਮਿਡਲ ਤੱਕ ਪੜ੍ਹਾ ਦਿੱਤਾ। ਕੰਪਾਊਂਡਰੀ ਦਾ ਇਮਤਿਹਾਨ ਪਾਸ ਕਰ ਲਿਆ। ਉਹ ਜਵਾਨ ਹੈ, ਚਿਹਰੇ ’ਤੇ ਰੰਗਤ ਹੈ। ਇਹ ਜਵਾਨੀ, ਇਹ ਰੰਗਤ ਕੁੱਝ ਚਾਹੁੰਦੀ ਹੈ। ਉਹ ਚਿੱਟੇ ਲੱਠੇ ਦੀ ਸਲਵਾਰ ਪਹਿਨ ਸਕਦਾ ਹੈ। ਕਮੀਜ਼ ਨੂੰ ਕਲਫ ਲਗਾ ਸਕਦਾ ਹੈ। ਵਾਲਾਂ ’ਚ ਖੁਸ਼ਬੂਦਾਰ ਤੇਲ ਲਾ ਕੇ ਕੰਘੀ ਫੇਰ ਸਕਦਾ ਹੈ। ਰਹਿਣ ਲਈ ਸਰਕਾਰ ਨੇ ਇੱਕ ਛੋਟਾ ਜਿਹਾ ਬੰਗਲਾ-ਨੁਮਾ ਕੁਆਟਰ ਵੀ ਦੇ ਰੱਖਿਆ ਹੈ। ਡਾਕਟਰ ਕਿਧਰੇ ਚਲਾ ਜਾਵੇ ਜਾਂ ਖੁੰਝ ਜਾਵੇ ਤਾਂ ਫ਼ੀਸ ਵੀ ਝਾੜ ਲੈਂਦਾ ਹੈ। ਖ਼ੂਬਸੂਰਤ ਮਰੀਜ਼ਾਂ ਨਾਲ ਇਸ਼ਕ ਵੀ ਲੜਾ ਲੈਂਦਾ ਹੈ। ਉਹ ਨੂਰਾਂ ਅਤੇ ਖ਼ਿਲਜੀ ਦਾ ਵਾਕਿਆ ਤੈਨੂੰ ਯਾਦ ਹੋਵੇਗਾ। ਨੂਰਾਂ ਭੇਤਾ ਪਿੰਡ ਤੋਂ ਆਈ ਸੀ, ਸੋਲ੍ਹਾਂ-ਸਤਾਰਾਂ ਸਾਲਾਂ ਦੀ ਅੱਲ੍ਹੜ ਜਵਾਨ ਕੁੜੀ। ਸਿਨਮੇ ਦੇ ਰੰਗੀਨ ਇਸ਼ਤਿਹਾਰ ਵਾਂਗੂ ਚਾਰ ਕੋਹ ਤੋਂ ਵੀ ਨਜ਼ਰ ਆ ਜਾਂਦੀ ਸੀ। ਬੇਵਕੂਫ, ਆਪਣੇ ਪਿੰਡ ਦੇ ਦੋ ਨੌਜਵਾਨਾਂ ਦਾ ਇਸ਼ਕ ਸਹੇੜ ਬੈਠੀ ਸੀ। ਜਦੋਂ ਨੰਬਰਦਾਰ ਦਾ ਮੁੰਡਾ ਸਾਹਮਣੇ ਆਉਂਦਾ ਤਾਂ ਉਸੇ ਦੀ ਹੋ ਜਾਂਦੀ। ਫਿਰ ਜਦੋਂ ਪਟਵਾਰੀ ਦਾ ਮੁੰਡਾ ਦਿਸ ਪੈਂਦਾ ਤਾਂ ਦਿਲ ਉਸ ਵੱਲ ਮੋੜਾ ਕੱਟ ਲੈਂਦਾ। ਉਹ ਕੋਈ ਫੈਸਲਾ ਹੀ ਨਾ ਕਰ ਸਕਦੀ। ਇਸ਼ਕ ਨੂੰ ਲੋਕੀਂ ਬਿਲਕੁਲ ਪਵਿੱਤਰ, ਦੀਵਾਨਾ ਤੇ ਯਕੀਨਨ ਅਮਰ ਸਮਝਦੇ ਹਨ। ਹਾਲਾਂਕਿ ਇਹ ਇਸ਼ਕ ਗ਼ੈਰ ਯਕੀਨੀ ਵਾਲੇ ਅਣਕਿਆਸੇ ਹਾਲਾਤ ਨੂੰ ਪੁਚਾ ਦਿੰਦਾ ਹੈ। ਯਾਨੀ ਇਸ਼ਕ ਉਸ ਨਾਲ ਵੀ ਹੈ, ਇਸ ਨਾਲ ਵੀ ਹੈ ਤੇ ਸ਼ਾਇਦ ਕਿਸੇ ਨਾਲ ਵੀ ਨਹੀਂ ਹੈ ਅਤੇ ਹੈ ਵੀ ਏਨਾ ਵਕਤੀ, ਗ਼ਿਰਗਟੀ ਹੰਗਾਮੀ ਕਿ ਏਧਰ-ਉੱਧਰ ਨਜ਼ਰ ਚੁੱਕੀ ਤਾਂ ਇਸ਼ਕ ਗਾਇਬ। ਹਾਲਾਂਕਿ ਸੱਚਾਈ ਜ਼ਰੂਰ ਹੁੰਦੀ ਹੈ ਪਰ ਸਦੀਵਤਾ ਬਿਲਕੁੱਲ ਨਹੀਂ ਹੁੰਦੀ। ਇਸੇ ਲਈ ਤਾਂ ਨੂਰਾਂ ਕੋਈ ਫ਼ੈਸਲਾ ਨਹੀਂ ਸੀ ਕਰ ਸਕਦੀ। ਉਸਦਾ ਦਿਲ ਨੰਬਰਦਾਰ ਦੇ ਬੇਟੇ ਦੇ ਹੋਠਾਂ ਨਾਲ ਮਿਲ ਜਾਣ ਲਈ ਬੇਤਾਬ ਹੋ ਉੱਠਦਾ ਅਤੇ ਪਟਵਾਰੀ ਦੇ ਬੇਟਾ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਸਾਰ ਹੀ ਉਸਦਾ ਦਿਲ ਇਉਂ ਕੰਬਣ ਲੱਗਦਾ, ਜਿਵੇਂ ਚਾਰੇ ਪਾਸੇ ਸਮੁੰਦਰ ਹੋਵੇ, ਲਹਿਰਾਂ ਹੋਣ, ਇੱਕ ਇਕੱਲੀ ਕਿਸ਼ਤੀ ਹੋਵੇ, ਨਾਜ਼ੁਕ ਜਿਹੀ ਪਤਵਾਰ ਹੋਵੇ, ਚਾਰੇ ਪਾਸੇ ਕੋਈ ਨਾ ਹੋਵੇ ਅਤੇ ਕਿਸ਼ਤੀ ਡੋਲਣ ਲੱਗੇ। ਸਹਿਜੇ-ਸਹਿਜੇ ਡੋਲਦੀ ਜਾਵੇ ਅਤੇ ਨਾਜ਼ਕ ਜਿਹੀ ਪਤਵਾਰ ਨਾਜ਼ਕ ਜਿਹੇ ਹੱਥਾਂ ਨਾਲ ਚੱਲਦੀ-ਚੱਲਦੀ ਥੰਮ੍ਹ ਜਾਵੇ। ਸਾਹ ਰੁੱਕਦਾ-ਰੁੱਕਦਾ ਰੁੱਕ ਜਾਵੇ, ਅੱਖਾਂ ਝੁਕਦੀਆਂ-ਝੁਕਦੀਆਂ ਝੁਕ ਜਾਣ, ਜ਼ੁਲਫ਼ਾਂ ਖਿੰਡਦੀਆਂ-ਖਿਂਦੀਆਂ ਖਿੰਡ ਜਾਣ, ਲਹਿਰਾਂ ਘੁੰਮ-ਘੁੰਮ ਕੇ ਚੜ੍ਹਦੀਆਂ ਲੱਗਣ, ਬੜੇ-ਬੜੇ ਦਾਇਰੇ ਫੈਲਦੇ-ਫੈਲਦੇ ਫੈਲ ਜਾਣ ਅਤੇ ਫਿਰ ਚਾਰੇ ਪਾਸੇ ਸੱਨਾਟਾ ਪਸਰ ਜਾਵੇ। ਦਿਲ ਯਕ ਦਮ ਧੱਕ ਕਰਕੇ ਰਹਿ ਜਾਵੇ, ਕੋਈ ਬਾਹਾਂ ’ਚ ਘੁੱਟ ਲਵੇ। ਪਟਵਾਰੀ ਦੇ ਬੇਟੇ ਨੂੰ ਦੇਖਣ ਨਾਲ ਅਜਿਹੀ ਹਾਲਤ ਹੁੰਦੀ ਸੀ ਨੂਰਾਂ ਦੀ, ਅਤੇ ਉਹ ਕੋਈ ਫੈਸਲਾ ਨਹੀਂ ਸੀ ਕਰ ਸਕਦੀ। ਨੰਬਰਦਾਰ ਦਾ ਬੇਟਾ, ਪਟਵਾਰੀ ਦਾ ਬੇਟਾ, ਪਟਵਾਰੀ ਦਾ ਬੇਟਾ, ਨੰਬਰਦਾਰ ਦਾ ਬੇਟਾ, ਉਹ ਦੋਨਾਂ ਨੂੰ ਜੁਬਾਨ ਦੇ ਚੁੱਕੀ ਸੀ, ਦੋਨਾਂ ਨਾਲ ਵਿਆਹ ਕਰਨ ਦਾ ਇਕਰਾਰ ਕਰ ਚੁੱਕੀ ਸੀ, ਦੋਨਾਂ ’ਤੇ ਮਰ ਮਿੱਟੀ ਸੀ। ਨਤੀਜਾ, ਉਹ ਆਪੋ ਵਿੱਚੀ ਲੜਦੇ ਲਹੂ-ਲੁਹਾਨ ਹੋ ਗਏ। ਜਦੋਂ ਜਵਾਨੀ ਦਾ ਬਹੁਤ ਸਾਰਾ ਲਹੂ ਰਗਾਂ ਵਿੱਚੋਂ ਨਿਕਲ ਗਿਆ ਤਾਂ ਆਪਣੀ ਬੇਵਕੂਫ਼ੀ ’ਤੇ ਉਨ੍ਹਾਂ ਨੂੰ ਬੜਾ ਗੁੱਸਾ ਆਇਆ। ਪਹਿਲਾਂ ਨੰਬਰਦਾਰ ਦਾ ਬੇਟਾ ਨੂਰਾਂ ਕੋਲ ਪੁੱਜਿਆ ਤੇ ਉਸ ਨੂੰ ਆਪਣੀ ਛੁਰੀ ਨਾਲ ਹਲਾਲ ਕਰਨਾ ਚਾਹਿਆ। ਨੂਰਾਂ ਦੀਆਂ ਬਾਹਾਂ ਜਖਮੀ ਹੋ ਗਈਆਂ। ਫਿਰ ਪਟਵਾਰੀ ਦੇ ਬੇਟੇ ਨੇ ਉਸਦੀ ਜਾਨ ਲੈਣੀ ਚਾਹੀ ਅਤੇ ਨੂਰਾਂ ਦੇ ਪੈਰ ਜਖਮੀ ਹੋ ਗਏ। ਵਕਤ ਸਿਰ ਹਸਪਤਾਲ ਲਿਆਉਣ ਕਰਕੇ ਉਹ ਬਚ ਗਈ ਤੇ ਉਸਦਾ ਇਲਾਜ ਸ਼ੁਰੂ ਹੋ ਗਿਆ। ਆਖ਼ਰ ਹਸਪਤਾਲ ਵਾਲੇ ਵੀ ਇਨਸਾਨ ਹੁੰਦੇ ਹਨ ਖ਼ੂਬਸੂਰਤੀ ਦਿਲਾਂ ‘ਤੇ ਅਸਰ ਕਰਦੀ ਹੈ, ਇੰਜੈਕਸ਼ਨ ਵਾਂਗ। ਉਸਦਾ ਥੋੜ੍ਹਾ-ਬਹੁਤ ਅਸਰ ਜ਼ਰੂਰ ਹੁੰਦਾ ਹੈ, ਕਿਸੇ ’ਤੇ ਘੱਟ, ਕਿਸੇ ’ਤੇ ਵੱਧ। ਡਾਕਟਰ ਸਾਹਿਬ ’ਤੇ ਘੱਟ, ਕੰਪਾਊਂਡਰ ’ਤੇ ਵੱਧ ਸੀ। ਖ਼ਿਲਜੀ ਦਿਲੋ ਜਾਨ ਨਾਲ ਨੂਰਾਂ ਦੀ ਤੀਮਾਰਦਾਰੀ ‘ਚ ਲੱਗਿਆ ਰਿਹਾ। ਨੂਰਾਂ ਤੋਂ ਪਹਿਲਾਂ ਬੇਗਮਾਂ, ਬੇਗਮਾਂ ਤੋਂ ਪਹਿਲਾਂ ਰੇਸ਼ਮਾਂ ਅਤੇ ਰੇਸ਼ਮਾਂ ਤੋਂ ਪਹਿਲਾਂ ਜਾਨਕੀ ਨਾਲ ਵੀ ਇੰਜ ਹੀ ਹੋਇਆ ਸੀ। ਪਰ ਉਹ ਖਿਲਜੀ ਦੇ ਨਾਕਾਮ ਮੁਆਸ਼ਕੇ ਸਨ ਕਿਉਂਕਿ ਉਹ ਵਿਆਹੀਆਂ ਹੋਈਆਂ ਸਨ। ਰੇਸ਼ਮਾਂ ਦਾ ਤਾਂ ਇੱਕ ਬੱਚਾ ਵੀ ਸੀ। ਬੱਚਿਆਂ ਦੇ ਇਲਾਵਾ ਮਾਂ-ਬਾਪ ਅਤੇ ਖ਼ਾਵੰਦ ਸਨ। ਖਾਵੰਦਾਂ ਦੀਆਂ ਦੁਸ਼ਮਣੀ ਭਰੀਆਂ ਨਜਰਾਂ ਸਨ, ਜੋ ਖਿਲਜੀ ਦੀ ਹਿੱਕ ਦੇ ਅੰਦਰ ਵੜ ਕੇ ਉਸਦੀਆਂ ਖ਼ਾਹਿਸ਼ਾਂ ਦੇ ਆਖ਼ਰੀ ਖੂੰਜੇ ਤੱਕ ਪੁੱਜ ਜਾਣਾ ਚਾਹੁੰਦੀਆਂ ਸਨ। ਖ਼ਿਲਜੀ ਕੀ ਕਰ ਸਕਦਾ ਸੀ! ਮਨ ਮਸੋਸ ਕੇ ਰਹਿ ਜਾਂਦਾ। ਉਸਨੇ ਬੇਗਮਾਂ ਨਾਲ ਪ੍ਰੇਮ ਕੀਤਾ। ਰੇਸ਼ਮਾਂ ਅਤੇ ਜਾਨਕੀ ਨਾਲ ਵੀ। ਉਹ ਹਰ ਰੋਜ਼ ਬੇਗਮਾਂ ਦੇ ਭਾਈ ਨੂੰ ਮਠਿਆਈ ਖਵਾਉਂਦਾ। ਰੇਸ਼ਮਾਂ ਦੇ ਨਿੱਕੇ ਬੇਟੇ ਨੂੰ ਸਾਰਾ ਦਿਨ ਚੁੱਕੀ ਫਿਰਦਾ। ਜਾਨਕੀ ਨੂੰ ਫੁੱਲਾਂ ਨਾਲ ਬੜੀ ਮੁਹੱਬਤ ਸੀ। ਇਸ ਲਈ ਰੋਜ਼ ਸਵੇਰੇ ਮੂੰਹ-ਹਨੇਰੇ ਉੱਠਕੇ ਜੰਗਲ ਵੱਲ ਨਿੱਕਲ ਜਾਂਦਾ ਤੇ ਖ਼ੂਬਸੂਰਤ ਲਾਲਾਂ ਦੇ ਗੁੱਛੇ ਤੋੜ ਕੇ ਉਸ ਲਈ ਲਿਆਉਂਦਾ। ਬਿਹਤਰੀਨ ਦਵਾਈਆਂ, ਬਿਹਤਰੀਨ ਖਾਣ-ਪੀਣ ਦੀਆਂ ਚੀਜ਼ਾਂ, ਬਿਹਤਰੀਨ ਤੀਮਾਰਦਾਰੀ ਅਤੇ ਵਕਤ ਆਉਣ ’ਤੇ ਜਦੋਂ ਬੇਗਮਾਂ ਤੰਦਰੁਸਤ ਹੋਈ ਤਾਂ ਰੋਂਦੀ-ਰੋਂਦੀ ਆਪਣੇ ਪਤੀ ਨਾਲ ਚਲੀ ਗਈ। ਤੁਰਨ ਵੇਲੇ ਉਸਨੇ ਖ਼ਿਲਜੀ ਦੇ ਦਿੱਤੇ ਫੁੱਲ ਸੀਨੇ ਨਾਲ ਲਗਾਏ। ਉਸਨੇ ਡਬਡਬਾਆਂ ਅੱਖਾਂ ਨਾਲ ਆਪਣੇ ਪਤੀ ਦਾ ਹੱਥ ਫੜ੍ਹ ਲਿਆ ਅਤੇ ਤੁਰਦੀ-ਤੁਰਦੀ ਘਾਟੀ ਦੀ ਓਟ ’ਚ ਗਾਇਬ ਹੋ ਗਈ। ਘਾਟੀ ਦੇ ਆਖਰੀ ਕਿਨਾਰੇ ’ਤੇ ਪੁੱਜ ਕੇ ਉਸਨੇ ਮੁੜ ਕੇ ਖ਼ਿਲਜੀ ਵੱਲ ਵੇਖਿਆ ਤਾਂ ਖ਼ਿਲਜੀ ਮੂੰਹ ਫੇਰ ਕੇ ਵਾਰਡ ਦੀ ਕੰਧ ਨਾਲ ਲੱਗ ਕੇ ਰੋਣ ਲਗ ਪਿਆ। ਰੇਸ਼ਮਾਂ ਨੂੰ ਹਸਪਤਾਲੋਂ ਛੱੁਟੀ ਮਿਲਣ ਸਮੇਂ ਵੀ ਉਹ ਇਵੇਂ ਹੀ ਰੋਇਆ ਸੀ, ਬੇਗਮਾਂ ਦੇ ਜਾਣ ਵੇਲੇ ਵੀ ਉਸੇ ਸ਼ਿੱਦਤ ਤੇ ਖੁਲੂਸ ਨਾਲ ਰੋਇਆ ਸੀ। ਪਰ ਖ਼ਿਲਜੀ ਲਈ ਨਾ ਰੇਸ਼ਮਾਂ ਰੁਕੀ, ਨਾ ਬੇਗਮਾਂ, ਨਾ ਜਾਨਕੀ। ਹੁਣ ਫਿਰ ਕਿੰਨੇ ਸਾਲਾਂ ਪਿੱਛੋਂ ਨੂਰਾਂ ਆਈ ਸੀ ਤੇ ਉਸਦਾ ਦਿਲ ਉਵੇਂ ਹੀ ਧੜਕਣ ਲੱਗ ਪਿਆ ਸੀ। ਇਹ ਧੜਕਨ ਦਿਨ ਬ ਦਿਨ ਵੱਧਦੀ ਤੁਰੀ ਜਾਂਦੀ ਸੀ। ਸ਼ੁਰੂ-ਸ਼ੁਰੂ ’ਚ ਨੂਰਾਂ ਦੀ ਹਾਲਤ ਖ਼ਰਾਬ ਸੀ ਤੇ ਉਸਦਾ ਬਚਣਾ ਮੁਸ਼ਕਲ ਸੀ। ਪਰ ਖ਼ਿਲਜੀ ਦੇ ਅਣਥਕ ਉਪਰਾਲਿਆਂ ਨਾਲ ਜਖ਼ਮ ਭਰਦੇ ਗਏ, ਮਵਾਦ ਘੱਟਦਾ ਗਿਆ, ਸੜਾਂਦ ਦੂਰ ਹੁੰਦੀ ਗਈ, ਸੋਜ ਗਾਇਬ ਹੁੰਦੀ ਗਈ, ਨੂਰਾਂ ਦੀਆਂ ਅੱਖਾਂ ’ਚ ਚਮਕ ਤੇ ਸਫ਼ੈਦ ਚਿਹਰੇ ’ਤੇ ਸਿਹਤ ਦੀ ਲਾਲੀ ਆ ਗਈ। ਜਿਸ ਦਿਨ ਖ਼ਿਲਜੀ ਨੇ ਉਸਦੀਆਂ ਬਾਂਹਾਂ ਦੀ ਪੱਟੀ ਖੋਲ੍ਹੀ ਤਾਂ ਨੂਰਾਂ ਇੱਕਦਮ ਸ਼ੁਕਰਾਨੇ ਵਜੋਂ ਉਸਦੇ ਸੀਨੇ ਨਾਲ ਚੁੰਬੜ ਕੇ ਰੋਣ ਲੱਗੀ। ਜਦੋਂ ਉਸਦੇ ਪੈਰ ਦੀ ਪੱਟੀ ਖੁਲ੍ਹੀ ਤਾਂ ਉਸਨੇ ਹੱਥਾਂ-ਪੈਰਾਂ ‘ਤੇ ਮਹਿੰਦੀ ਰਚਾਈ, ਅੱਖਾਂ ’ਚ ਕੱਜਲ ਸਜਾਇਆ ਅਤੇ ਜ਼ੁਲਫਾਂ ਸਵਾਰੀਆਂ ਤਾਂ ਖ਼ਿਲਜੀ ਦਾ ਦਿਲ ਖੁਸ਼ੀ ’ਚ ਖੀਵਾ ਹੋਇਆ ਨੱਚਣ ਲੱਗਿਆ। ਨੂਰਾਂ ਖ਼ਿਲਜੀ ਨੂੰ ਦਿਲ ਦੇ ਬੈਠੀ ਸੀ। ਉਸਨੇ ਖ਼ਿਲਜੀ ਨਾਲ ਵਿਆਹ ਦਾ ਬਚਨ ਕਰ ਲਿਆ ਸੀ। ਨੰਬਰਦਾਰ ਅਤੇ ਪਟਵਾਰੀ ਦਾ ਬੇਟਾ ਦੋਨੋਂ ਵਾਰੀ-ਵਾਰੀ ਕਈ ਵਾਰ ਉਸਨੂੰ ਦੇਖਣ ਲਈ, ਉਸ ਤੋਂ ਮੁਆਫ਼ੀ ਮੰਗਣ ਲਈ, ਉਸ ਨਾਲ ਵਿਆਹ ਕਰਨ ਲਈ ਹਸਪਤਾਲ ਆਏ ਸਨ। ਨੂਰਾਂ ਉਨ੍ਹਾਂ ਨੂੰ ਵੇਖਕੇ ਘਬਰਾ ਜਾਂਦੀ, ਕੰਬਣ ਲੱਗਦੀ, ਮੁੜ-ਮੁੜ ਕੇ ਦੇਖਣ ਲੱਗਦੀ ਅਤੇ ਉਸ ਨੂੰ ਉਦੋਂ ਤੱਕ ਚੈਨ ਨਾ ਆਉਂਦੀ ਜਦੋਂ ਤੱਕ ਉਹ ਚਲੇ ਨਾ ਜਾਂਦੇ। ਖ਼ਿਲਜੀ ਉਸਦੇ ਹੱਥਾਂ ਨੂੰ ਆਪਣੇ ਹੱਥਾਂ ‘ਚ ਲੈ ਲੈਂਦਾ। ਜਦੋਂ ਉਹ ਬਿਲਕੁੱਲ ਚੰਗੀ ਹੋ ਗਈ ਤਾਂ ਉਸਦਾ ਸਾਰਾ ਪਿੰਡ ਉਸਨੂੰ ਦੇਖਣ ਲਈ ਉੱਮੜ ਪਿਆ। ਡਾਕਟਰ ਸਾਹਿਬ ਅਤੇ ਕੰਪਾਊਂਡਰ ਸਾਹਿਬ ਦੀ ਦਇਆ ਨਾਲ ਪਿੰਡ ਦੀ ਕੁੜੀ ਠੀਕ ਹੋ ਗਈ ਸੀ। ਨੂਰਾਂ ਦੇ ਮਾਂ-ਬਾਪ ਵਿਛੇ ਜਾਂਦੇ ਸਨ। ਅੱਜ ਤਾਂ ਨੰਬਰਦਾਰ ਵੀ ਆਇਆ ਸੀ ਅਤੇ ਪਟਵਾਰੀ ਵੀ। ਅਤੇ ਦੋਨੋਂ ਪਾਗਲ ਮੁੰਡੇ ਵੀ ਜੋ ਹੁਣ ਨੂਰਾਂ ਨੂੰ ਵੇਖ-ਵੇਖ ਕੇ ਆਪਣੀਆਂ ਹਰਕਤਾਂ ’ਤੇ ਸ਼ਰਮਿੰਦਾ ਹੋ ਰਹੇ ਸਨ। ਨੂਰਾਂ ਨੇ ਆਪਣੀ ਮਾਂ ਦਾ ਸਹਾਰਾ ਲਿਆ ਅਤੇ ਕੱਜਲ ਵਿੱਚ ਤੈਰਦੀਆਂ, ਡਬਡਬਾਈਆਂ ਅੱਖਾਂ ਨਾਲ ਖ਼ਿਲਜੀ ਵੱਲ ਵੇਖਿਆ ਤੇ ਚੁਪਚਾਪ ਆਪਣੇ ਪਿੰਡ ਚੱਲੀ ਗਈ। ਸਾਰਾ ਪਿੰਡ ਉਸ ਨੂੰ ਲੈਣ ਆਇਆ ਸੀ। ਉਸਦੇ ਕਦਮਾਂ ਦੇ ਪਿੱਛੇ-ਪਿੱਛੇ ਨੰਬਰਦਾਰ ਤੇ ਪਟਵਾਰੀ ਦੇ ਬੇਟੇ ਦੇ ਕਦਮ ਅਤੇ ਦੂਜੇ ਅਣਗਿਣਤ ਕਦਮ, ਜੋ ਨੂਰਾਂ ਦੇ ਨਾਲ ਚੱਲ ਰਹੇ ਸਨ, ਖ਼ਿਲਜੀ ਦੇ ਸੀਨੇ ਦੀ ਘਾਟੀ ’ਤੋਂ ਲੰਘਦੇ ਗਏ ਤੇ ਪਿੱਛੇ ਇੱਕ ਧੁੰਦਲੀ ਗਰਦੋ ਗੁਬਾਰ ਨਾਲ ਅੱਟੀ ਪਗਡੰਡੀ ਛੱਡ ਗਏ।
ਕੋਈ ਵਾਰਡ ਦੀ ਕੰਧ ਦੇ ਨਾਲ ਲੱਗ ਕੇ ਹਟਕੋਰੇ ਲੈਣ ਲਗਾ। ਵੱਡੀ ਖ਼ੂਬਸੂਰਤ ਰੋਮਾਂਚਿਕ ਜ਼ਿੰਦਗੀ ਸੀ ਖ਼ਿਲਜੀ ਦੀ। ਖ਼ਿਲਜੀ ਜੋ ਮਿਡਲ ਪਾਸ ਸੀ, ਬੱਤੀ ਰੁਪਏ ਤਨਖ਼ਾਹ ਲੈਂਦਾ ਸੀ, ਪੰਦਰਾਂ-ਵੀਹ ਉਤੋਂ ਵੀ ਕਮਾ ਲੈਂਦਾ ਸੀ, ਜਵਾਨ ਸੀ, ਮੁਹੱਬਤ ਕਰਦਾ ਸੀ, ਇੱਕ ਛੋਟੇ ਜਿਹੇ ਬੰਗਲੇ ਵਿੱਚ ਰਹਿੰਦਾ ਸੀ, ਚੰਗੇ ਕਹਾਣੀਕਾਰਾਂ ਦੀਆਂ ਕਹਾਣੀਆਂ ਪੜ੍ਹਦਾ ਸੀ ਅਤੇ ਇਸ਼ਕ ਵਿੱਚ ਰੋਂਦਾ ਸੀ। ਕਿੰਨੀ ਦਿਲਚਸਪ ਅਤੇ ਰੁਮਾਂਟਿਕ ਜ਼ਿੰਦਗੀ ਸੀ। ਖ਼ਿਲਜੀ ਦੀ! ਪਰ ਕਾਲੂ ਭੰਗੀ ਬਾਰੇ ਮੈਂ ਕੀ ਕਹਿ ਸਕਦਾ ਹਾਂ ਸਿਵਾਏ ਇਸਦੇ ਕਿ :-
-ਕਾਲੂ ਭੰਗੀ ਨੇ ਬੇਗਮਾਂ ਦੇ ਲਹੂ ਅਤੇ ਮਵਾਦ ਨਾਲ ਭਰੀਆਂ ਪੱਟੀਆਂ ਧੋਤੀਆਂ।
-ਕਾਲੂ ਭੰਗੀ ਨੇ ਬੇਗਮਾਂ ਦੇ ਗੰਦੇ ਕੱਪੜੇ ਸਾਫ ਕੀਤੇ।
-ਕਾਲੂ ਭੰਗੀ ਨੇ ਰੇਸ਼ਮਾਂ ਦੀਆਂ ਗੰਦੀਆਂ ਪੱਟੀਆਂ ਸਾਫ ਕੀਤੀਆਂ।
-ਕਾਲੂ ਭੰਗੀ ਰੇਸ਼ਮਾਂ ਦੇ ਬੇਟੇ ਨੂੰ ਛੱਲੀਆਂ ਖਵਾਉਂਦਾ ਸੀ।
-ਕਾਲੂ ਭੰਗੀ ਨੇ ਜਾਨਕੀ ਦੀਆਂ ਗੰਦੀਆਂ ਪੱਟੀਆਂ ਧੋਤੀਆਂ
– ਕਾਲੂ ਭੰਗੀ ਹਰ ਰੋਜ਼ ਉਸਦੇ ਕਮਰੇ ’ਚ ਫਿਨਾਇਲ ਛਿੜਕਦਾ ਰਿਹਾ। ਸ਼ਾਮ ਹੋਣ ਤੋਂ ਪਹਿਲਾਂ ਵਾਰਡ ਦੀਆਂ ਖਿੜਕੀਆਂ ਬੰਦ ਕਰਦਾ ਰਿਹਾ, ਆਤਿਸ਼ਦਾਨ ਵਿੱਚ ਲਕੜਾਂ ਬਾਲਦਾ ਰਿਹਾ ਤਾਂ ਜੋ ਜਾਨਕੀ ਨੂੰ ਠੰਡ ਨਾ ਲੱਗੇ।
– ਕਾਲੂ ਭੰਗੀ ਤਿੰਨ ਮਹੀਨੇ ਦਸ ਦਿਨ ਨੂਰਾਂ ਦਾ ਮਲ-ਮੂਤਰ ਚੁੱਕਦਾ ਰਿਹਾ।
-ਕਾਲੂ ਭੰਗੀ ਨੇ ਰੇਸ਼ਮਾਂ , ਬੇਗਮਾਂ, ਜਾਨਕੀ ਨੂੰ ਜਾਂਦਿਆਂ ਦੇਖਿਆ। ਉਸਨੇ ਨੂਰਾਂ ਨੂੰ ਵੀ ਜਾਂਦਿਆਂ ਦੇਖਿਆ। ਪਰ ਉਹ ਕਦੀ ਕੰਧ ਨਾਲ ਲੱਗਕੇ ਡੁਸਕਿਆ ਨਹੀਂ ਸੀ। ਉਹ ਪਹਿਲਾਂ ਤਾਂ ਇੱਕ-ਦੋ ਪਲਾਂ ਲਈ ਹੈਰਾਨ ਹੋ ਜਾਂਦਾ, ਫਿਰ ਉਸੇ ਹੈਰਤ ਨਾਲ ਆਪਣਾ ਸਿਰ ਖੁਰਕਣ ਲੱਗਦਾ। ਜਦੋਂ ਕੋਈ ਗੱਲ ਉਸਦੀ ਸਮਝ ’ਚ ਨਾ ਆਉਂਦੀ ਤਾਂ ਉਹ ਹਸਪਤਾਲ ਦੇ ਹੇਠਾਂ ਖੇਤਾਂ ਵੱਲ ਚਲਾ ਜਾਂਦਾ ਤੇ ਗਾਂ ਤੋਂ ਆਪਣਾ ਟੋਟਣ ਚਟਵਾਉਣ ਲੱਗਦਾ।
ਪਰ ਇਹ ਤਾਂ ਮੈਂ ਦੱਸ ਹੀ ਚੁੱਕਿਆ ਹਾਂ। ਫਿਰ ਹੋਰ ਕੀ ਲਿਖਾਂ ਤੇਰੇ ਬਾਰੇ ਕਾਲੂ ਭੰਗੀ! ਜੋ ਕਹਿਣਾ ਸੀ ਉਹ ਸਭ ਕੁੱਝ ਤਾਂ ਕਹਿ ਦਿੱਤਾ, ਜੋ ਕੁੱਝ ਤੂੰ ਰਿਹਾ ਹੈਂ ਉਹ ਵੀ ਦੱਸ ਦਿੱਤਾ। ਤੇਰੀ ਤਨਖ਼ਾਹ ਬੱਤੀ ਰੁਪਏ ਹੁੰਦੀ, ਤੂੰ ਮਿਡਲ ਪਾਸ ਜਾਂ ਫ਼ੇਲ੍ਹ ਹੁੰਦਾ, ਤੈਨੂੰ ਵਿਰਾਸਤ ’ਚ ਕੁੱਝ ਸ਼ਊਰ, ਤਹਜੀਬ, ਥੋੜ੍ਹੀ ਜਿਹਾ ਇਨਸਾਨੀ ਖੁਸ਼ੀ ਤੇ ਇਸ ਖੁਸ਼ੀ ਦੀ ਬੁਲੰਦੀ ਮਿਲੀ ਹੁੰਦੀ ਤਾਂ ਮੈਂ ਤੇਰੇ ਬਾਰੇ ਕੋਈ ਕਹਾਣੀ ਲਿਖਦਾ। ਹੁਣ ਤੇਰੇ ਅੱਠ ਰੁਪਿਆਂ ’ਚ ਮੈਂ ਕੀ ਕਹਾਣੀ ਲਿਖਾਂ? ਹਰ ਵਾਰ ਇਨ੍ਹਾਂ ਅੱਠਾਂ ਰੁਪਈਆਂ ਨੂੰ ਉਲਟ-ਪੁਲਟ ਕੇ ਵੇਖਦਾ ਹਾਂ। ਚਾਰ ਰੁਪਏ ਦਾ ਆਟਾ, ਇੱਕ ਰੁਪਏ ਦਾ ਲੂਣ, ਇੱਕ ਰੁਪਏ ਦਾ ਤੰਬਾਕੂ, ਅੱਠ ਆਨੇ ਦੀ ਚਾਹ, ਚਾਰ ਆਨੇ ਦਾ ਗੁੜ, ਚਾਰ ਆਨੇ ਦਾ ਮਸਾਲਾ, ਸੱਤ ਰੁਪਏ ਅਤੇ ਇੱਕ ਰੁਪਈਆ ਬਾਣੀਏ ਦਾ, ਹੋ ਗਏ ਅੱਠ ਰੁਪਏ ਪੂਰੇ। ਕਿਵੇਂ ਕਹਾਣੀ ਬਣੇਗੀ ਤੇਰੀ ਕਾਲੂ ਭੰਗੀ? ਤੇਰਾ ਅਫਸਾਨਾ ਮੈਥੋਂ ਨਹੀਂ ਲਿਖਿਆ ਜਾਣਾ। ਚਲਾ ਜਾ, ਦੇਖ ਮੈਂ ਤੇਰੇ ਮੂਹਰੇ ਹੱਥ ਜੋੜਦਾ ਹਾਂ।
ਪਰ ਇਹ ਮਨਹੂਸ ਹਾਲੇ ਵੀ ਇੱਥੇ ਹੀ ਖੜ੍ਹਾ ਹੈ। ਆਪਣੇ ਉੱਚੇ-ਨੀਵੇਂ, ਪੀਲੇ-ਪੀਲੇ ਗੰਦੇ ਦੰਦ ਕੱਢ ਕੇ ਆਪਣੀ ਫੁੱਟੀ ਹਾਸੀ ਹਸ ਰਿਹਾ ਹੈ। ਤੂੰ ਐਂ ਨਹੀਂ ਜਾਣਾ। ਚੰਗਾ ਭਈ ਹੁਣ ਮੈਂ ਫੇਰ ਆਪਣੀਆਂ ਯਾਦਾਂ ਦੀ ਰਾਖ ਕੁਰੇਦਦਾ ਹਾਂ। ਸ਼ਾਇਦ ਹੁਣ ਤੇਰੇ ਲਈ ਮੈਨੂੰ ਬੱਤੀ ਰੁਪਈਆਂ ਤੋਂ ਹੇਠਾਂ ਉੱਤਰ ਕੇ ਬਖਤਿਆਰ ਚਪੜਾਸੀ ਦਾ ਸਹਾਰਾ ਲੈਣਾ ਪਵੇਗਾ। ਬਖਤਿਆਰ ਨੂੰ ਪੰਦਰਾਂ ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ। ਜਦੋਂ ਕਦੇ ਉਹ ਡਾਕਟਰ, ਕੰਪਾਊਂਡਰ ਜਾਂ ਵੈਕਸੀਨੇਟਰ ਦੇ ਨਾਲ ਦੌਰੇ ‘ਤੇ ਜਾਂਦਾ ਤਾਂ ਉਸਨੂੰ ਡਬਲ ਭੱਤਾ ਅਤੇ ਸਫ਼ਰ ਖ਼ਰਚਾ ਵੀ ਮਿਲਦਾ। ਫਿਰ ਪਿੰਡ ‘ਚ ਉਸਦੀ ਆਪਣੀ ਜਮੀਨ ਅਤੇ ਇੱਕ ਛੋਟਾ ਜਿਹਾ ਮਕਾਨ ਵੀ ਹੈ, ਜਿਸਦੇ ਤਿੰਨ ਪਾਸੇ ਚੀੜ ਦੇ ਉਚੇ, ਵੱਡੇ ਦਰਖਤ ਹਨ ਅਤੇ ਚੌਥੇ ਪਾਸੇ ਇੱਕ ਖ਼ੂਬਸੂਰਤ ਬਗੀਚਾ ਹੈ ਜੋ ਉਸਦੀ ਬੀਵੀ ਨੇ ਲਗਾਇਆ ਹੈ। ਉਸ ‘ਚ ਉਸਨੇ ਕੜਮ ਦਾ ਸਾਗ ਬੀਜਿਆ ਹੈ। ਪਾਲਕ, ਮੂਲੀਆਂ, ਸ਼ਲਗਮ, ਹਰੀ ਮਿਰਚ ਅਤੇ ਇਸ ਤੋਂ ਇਲਾਵਾ ਕੱਦੂ ਜੋ ਗਰਮੀਆਂ ਦੀ ਧੁੱਪ ’ਚ ਸੁਕਾਏ ਜਾਂਦੇ ਹਨ ਅਤੇ ਸਰਦੀਆਂ ਵਿੱਚ ਜਦੋਂ ਬਰਫ਼ ਪੈਂਦੀ ਹੈ ਤੇ ਸਬਜ਼ਾ ਮਰ ਜਾਂਦਾ ਹੈ ਉਦੋਂ ਖਾਧੇ ਜਾਂਦੇ ਹਨ। ਬਖਤਿਆਰ ਦੀ ਪਤਨੀ ਇਹ ਸਭ ਕੁੱਝ ਜਾਣਦੀ ਹੈ। ਉਸ ਦੇ ਤਿੰਨ ਬੱਚੇ ਹਨ, ਉਸਦੀ ਬੁੱਢੀ ਮਾਂ ਹੈ ਜੋ ਹਮੇਸ਼ਾ ਆਪਣੀ ਨੂੰਹ ਨਾਲ ਲੜਦੀ ਰਹਿੰਦੀ ਹੈ। ਇੱਕ ਵਾਰੀ ਬਖਤਿਆਰ ਦੀ ਮਾਂ ਆਪਣੀ ਨੂੰਹ ਨਾਲ ਲੜ ਕੇ ਘਰੋਂ ਚਲੀ ਗਈ। ਉਸ ਦਿਨ ਅਸਮਾਨ ’ਚ ਘਣੀ ਬੱਦਲਵਾਈ ਸੀ ਅਤੇ ਪਾਲੇ ਕਰਕੇ ਸਭ ਦੇ ਦੰਦ ਵੱਜ ਰਹੇ ਸਨ। ਬਖਤਿਆਰ ਦਾ ਵੱਡਾ ਮੁੰਡਾ ਘਰੋਂ ਭੱਜਿਆ-ਭੱਜਿਆ ਹਸਪਤਾਲ ਆਇਆ। ਬਖਤਿਆਰ ਉਸੇ ਵੇਲੇ ਕਾਲੂ ਭੰਗੀ ਨੂੰ ਨਾਲ ਲੈ ਕੇ ਆਪਣੀ ਮਾਂ ਨੂੰ ਵਾਪਸ ਲਿਆਉਣ ਲਈ ਚੱਲ ਪਿਆ। ਉਹ ਸਾਰਾ ਦਿਨ ਜੰਗਲ ‘ਚ ਮਾਈ ਦੀ ਭਾਲ ਕਰਦੇ ਰਹੇ। ਬਖਤਿਆਰ ਦੀ ਪਤਨੀ, ਜੋ ਹੁਣ ਆਪਣੇ ਕੀਤੇ ’ਤੇ ਸ਼ਰਮਿੰਦਾ ਸੀ, ਆਪਣੀ ਸੱਸ ਨੂੰ ਉਚੀ-ਉਚੀ ਆਵਾਜ਼ਾਂ ਮਾਰਦੀ ਰੋਦੀ ਜਾਂਦੀ ਸੀ। ਆਸਮਾਨ ਤੇ ਘੋਰ ਬੱਦਲ ਸਨ ਤੇ ਪਾਲੇ ਨਾਲ ਪੈਰ ਸੁੰਨ ਹੋਈ ਜਾਂਦੇ ਸਨ। ਪੈਰਾਂ ਥੱਲਿਓਂ ਚੀਲ ਦੇ ਸੁੱਕੇ ਝੂਮਰ ਤਿਲ੍ਹਕ- ਤਿਲ੍ਹਕ ਜਾਂਦੇ ਸਨ। ਫਿਰ ਮੀਂਹ ਵਰ੍ਹ ਪਿਆ, ਕਰੇੜੀ (ਗੜੇ) ਪੈਣ ਲੱਗੀ ਤੇ ਚਾਰੇ ਪਾਸੇ ਸੁੰਨ ਪਸਰ ਗਈ। ਜਿਵੇਂ ਨਿਰਦਈ ਮੌਤ ਨੇ ਆਪਣੇ ਬੂਹੇ ਖੋਲ੍ਹ ਦਿੱਤੇ ਹੋਣ ਤੇ ਬਰਫ਼ ਦੀਆਂ ਪਰੀਆਂ ਦੀ ਕਤਾਰ ਅੰਦਰ-ਬਾਹਰ ਜਮੀਨ ‘ਤੇ ਭੇਜ ਦਿੱਤੀ ਹੋਵੇ। ਬਰਫ਼ ਦੇ ਗੋਲੇ ਜਮੀਨ ’ਤੇ ਡਿੱਗਦੇ ਰਹੇ। ਖਾਮੋਸ਼, ਬੇਆਵਾਜ ਸਫ਼ੈਦੀ, ਮਖਮਲੀ ਘਾਟੀਆਂ, ਵਾਦੀਆਂ, ਸਿਖਰਾਂ ’ਤੇ ਫੈਲ ਗਈ।
“ਅੰਮਾਂ…….”, ਬਖਤਿਆਰ ਦੀ ਪਤਨੀ ਨੇ ਜ਼ੋਰ ਦੀ ਚੀਕੀ ਮਾਰੀ।
“ਅੰਮਾਂ……”, ਬਖਤਿਆਰ ਵੀ ਉਵੇਂ ਹੀ ਚੀਕਿਆ।
“ਅੰਮਾਂ ……..”, ਕਾਲੂ ਭੰਗੀ ਨੇ ਆਵਾਜ਼ ਮਾਰੀ।
ਜੰਗਲ ਗੂੰਜ ਕੇ ਖ਼ਾਮੋਸ਼ ਹੋ ਗਿਆ।
ਫਿਰ ਕਾਲੂ ਭੰਗੀ ਬੋਲਿਆ, “ਮੇਰਾ ਖਿਆਲ ਐ ਉਹ ਨਕੂਰ ਗਈ ਹੋਵੇਗੀ, ਤੁਹਾਡੇ ਮਾਮੂ ਜਾਨ ਕੋਲ।”
ਸਚੀਓਂ, ਨਕੂਰ ਤੋਂ ਦੋ ਕੋਹ ਉਰ੍ਹੇ ਉਨ੍ਹਾਂ ਨੂੰ ਬਖਤਿਆਰ ਦੀ ਮਾਂ ਮਿਲ ਗਈ। ਬਰਫ਼ ਡਿੱਗ ਰਹੀ ਸੀ ਤੇ ਉਹ ਤੁਰੀ ਜਾ ਰਹੀ ਸੀ । ਡਿੱਗਦੀ-ਢਹਿੰਦੀ, ਲੁੜ੍ਹਕਦੀ-ਸੰਭਲਦੀ, ਹਫ਼ਦੀ-ਕੰਬਦੀ ਅੱਗੇ ਵੱਧਦੀ ਜਾ ਰਹੀ ਸੀ। ਜਦੋਂ ਬਖਤਿਆਰ ਨੇ ਫੜ੍ਹਿਆ ਤਾਂ ਉਸਨੇ ਇੱਕ-ਦੋ ਪਲ ਲਈ ਹੱਥ-ਪੈਰ ਚਲਾਏ, ਫਿਰ ਉਸਦੀਆਂ ਬਾਹਾਂ ‘ਚ ਡਿੱਗ ਕੇ ਬੇਹੋਸ਼ ਹੋ ਗਈ। ਬਖਤਿਆਰ ਦੀ ਪਤਨੀ ਨੇ ਉਸਨੂੰ ਬੋਚ ਲਿਆ ਅਤੇ ਰਸਤੇ ’ਚ ਉਹ ਉਸਨੂੰ ਵਾਰੋ-ਵਾਰੀ ਚੁੱਕਦੇ ਘਰੇ ਅੱਪੜੇ। ਬਖਤਿਆਰ, ਕਾਲੂ ਭੰਗੀ ਅਤੇ ਪਰਿਵਾਰ ਜਦੋਂ ਘਰ ਪੁੱਜੇ ਤਾਂ ਘੁੱਪ ਹਨ੍ਹੇਰਾ ਹੋ ਚੱਲਿਆ ਸੀ। ਉਨ੍ਹਾਂ ਨੂੰ ਵਾਪਸ ਆਏ ਵੇਖਕੇ ਬੱਚੇ ਰੋਣ ਲੱਗ ਪਏ। ਕਾਲੂ ਭੰਗੀ ਇੱਕ ਪਾਸੇ ਹੋਕੇ ਖੜ੍ਹ ਗਿਆ ਤੇ ਆਪਣਾ ਸਿਰ ਖੁਰਕਦਾ ਏਧਰ-ਉੱਧਰ ਦੇਖਣ ਲਗਾ। ਫਿਰ ਉਸਨੇ ਹੌਲੀ-ਹੌਲੀ ਬੂਹਾ ਖੋਲਿਆ ਅਤੇ ਉੱਥੋਂ ਆ ਗਿਆ। ਹਾਂ, ਬਖਤਿਆਰ ਦੀ ਜ਼ਿੰਦਗੀ ਵਿੱਚ ਅਫ਼ਸਾਨੇ ਹਨ, ਛੋਟੇ-ਛੋਟੇ ਖ਼ੂਬਸੂਰਤ ਅਫਸਾਨੇ। ਕਾਲੂ ਭੰਗੀ, ਮੈਂ ਤੇਰੇ ਬਾਰੇ ਕੀ ਲਿਖਾਂ? ਹਸਪਤਾਲ ਦੇ ਹਰ ਆਦਮੀ ਦੇ ਬਾਰੇ ‘ਚ ਕੁੱਝ ਨਾ ਕੁੱਝ ਲਿਖ ਸਕਦਾ ਹਾਂ ਮੈਂ। ਪਰ ਤੇਰੇ ਬਾਰੇ ਇੰਨਾ ਕੁਰੇਦਣ ਪਿੱਛੋਂ ਵੀ ਸਮਝ ਨਹੀ ਆਉਂਦੀ ਕਿ ਤੇਰਾ ਕੀ ਕੀਤਾ ਜਾਵੇ। ਖ਼ੁਦਾ ਦੇ ਵਾਸਤੇ ਹੁਣ ਤੂੰ ਚਲਾ ਜਾ, ਬਹੁਤ ਸਤਾ ਲਿਆ ਮੈਨੂੰ।
ਪਰ ਮੈਨੂੰ ਪਤਾ ਹੈ ਇਹ ਨਹੀਂ ਜਾਵੇਗਾ। ਇਸੇ ਤਰ੍ਹਾਂ ਜ਼ਿਹਨ ’ਤੇ ਸਵਾਰ ਰਹੇਗਾ ਅਤੇ ਮੇਰੇ ਅਫ਼ਸਾਨਿਆਂ ਵਿੱਚ ਆਪਣੀ ਗੰਦੀ ਝਾੜੂ ਲਈ ਖੜ੍ਹਾ ਰਹੇਗਾ। ਹੁਣ ਮੈਂ ਸਮਝਦਾ ਹਾਂ ਤੂੰ ਕੀ ਚਾਹੁੰਦਾ ਹੈਂ । ਤੂੰ ਉਹ ਕਹਾਣੀ ਸੁਣਾਉਣਾ ਚਾਹੁੰਦਾ ਹੈ ਜੋ ਹੋਈ ਨਹੀਂ, ਪਰ ਹੋ ਸਕਦੀ ਸੀ। ਮੈਂ ਤੇਰੇ ਪੈਰਾਂ ਤੋਂ ਸ਼ੁਰੂ ਕਰਦਾ ਹਾਂ। ਸੁਣ, ਤੂੰ ਚਾਹੁੰਦਾ ਹੈਂ ਕਿ ਕੋਈ ਤੇਰੇ ਗੰਦੇ ਖੁਰਦੁਰੇ ਪੈਰ ਧੋ-ਧੋ ਕੇ ਉਨ੍ਹਾਂ ਦੀ ਗੰਦਗੀ ਦੂਰ ਕਰੇ। ਤੂੰ ਚਾਹੁੰਦਾ ਹੈਂ ਤੇਰੇ ਗੋਡਿਆਂ ਦੀਆਂ ਉਭਰੀਆਂ ਹੋਈਆਂ ਚੱਪਣੀਆਂ ਗੋਸ਼ਤ ਵਿੱਚ ਛੁਪ ਜਾਣ। ਤੇਰੇ ਪੱਟਾਂ ’ਚ ਤਾਕਤ ਅਤੇ ਸਖ਼ਤੀ ਆ ਜਾਵੇ। ਤੇਰੇ ਪੇਟ ਦੀਆਂ ਕੁਮਲਾਈਆਂ ਸਿਲਵਟਾਂ ਗਾਇਬ ਹੋ ਜਾਣ। ਤੇਰੇ ਕਮਜ਼ੋਰ ਜਿਹੇ ਸੀਨੇ ਦੇ ਗ਼ਰਦ-ਗ਼ੁਬਾਰ ਨਾਲ ਅੱਟੇ ਵਾਲ ਗਾਇਬ ਹੋ ਜਾਣ। ਤੂੰ ਚਾਹੁੰਦਾ ਹੈਂ ਕਿ ਕੋਈ ਤੇਰੇ ਹੋਠਾਂ ’ਚ ਰਸ ਪਾ ਦੇਵੇ, ਉਨ੍ਹਾਂ ਨੂੰ ਗੋਆਈ ਬਖਸ਼ ਦੇਵੇ। ਤੇਰੀਆਂ ਅੱਖਾਂ ‘ਚ ਚਮਕ ਭਰ ਦੇਵੇ। ਤੂੰ ਚਾਹੁੰਦਾ ਹੈਂ ਕਿ ਤੇਰੀਆਂ ਗੱਲ੍ਹਾਂ ਵਿੱਚ ਲਹੂ ਭਰ ਦੇਵੇ ਅਤੇ ਤੇਰੇ ਟੋਟਣ ਨੂੰ ਘਣੇ ਵਾਲਾਂ ਦੀਆਂ ਜ਼ੁਲਫ਼ਾਂ ਅਤਾ ਕਰੇ। ਤੈਨੂੰ ਸਾਫ਼-ਸੁਹਣਾ ਲਿਬਾਸ ਦੇਵੇ। ਤੇਰੇ ਇਰਦ-ਗਿਰਦ ਛੋਟੀ ਜਿਹੀ ਚਾਰ ਦੀਵਾਰੀ ਖੜ੍ਹੀ ਕਰ ਦੇਵੇ, ਹੁਸੀਨ, ਸਾਫ਼, ਪਾਕੀਜ਼ਾ। ਉਸ ਵਿੱਚ ਤੇਰੀ ਪਤਨੀ ਰਾਜ ਕਰੇ, ਤੇਰੇ ਬੱਚੇ ਕਹਿਕਹੇ ਲਾਉਂਦੇ ਫਿਰਨ। ਜੋ ਕੁੱਝ ਤੂੰ ਚਾਹੁੰਦਾ ਹੈਂ, ਮੈਂ ਨਹੀ ਕਰ ਸਕਦਾ। ਮੈਂ ਤੇਰੇ ਟੁੱਟੇ-ਫੁੱਟੇ ਦੰਦਾਂ ‘ਚੋਂ ਨਿਕਲਦੀ ਰੋਂਦੀ ਹੋਈ ਹਾਸੀ ਸਿਆਣਦਾ ਹਾਂ।
ਮੈਨੂੰ ਪਤਾ ਹੈ ਗਾਂ ਤੋਂ ਆਪਣਾ ਗੰਜ ਚਟਵਾਉਂਦਾ ਤੂੰ ਆਪਣੀ ਕਲਪਨਾ ’ਚ ਆਪਣੀ ਪਤਨੀ ਨੂੰ ਵੇਖਦਾ ਸੀ, ਜੋ ਤੇਰੇ ਵਾਲਾਂ ’ਚ ਆਪਣੀਆਂ ਉਂਗਲੀਆਂ ਫੇਰ ਕੇ ਤੇਰਾ ਸਿਰ ਸਹਿਲਾ ਰਹੀ ਸੀ। ਇਥੋਂ ਤੱਕ ਕਿ ਤੇਰੀਆਂ ਅੱਖਾਂ ਵੀ ਬੰਦ ਹੋ ਜਾਂਦੀਆਂ ਸਨ। ਤੇਰਾ ਸਿਰ ਝੁਕ ਜਾਂਦਾ ਸੀ ਅਤੇ ਤੂੰ ਉਸਦੀ ਮਿਹਰਬਾਨ ਆਗੋਸ਼ ‘ਚ ਸੌਂ ਜਾਂਦਾ ਸੈਂ। ਜਦੋਂ ਤੂੰ ਮੱਠੀ-ਮੱਠੀ ਅੱਗ ’ਤੇ, ਸਹਿਜੇ-ਸਹਿਜੇ ਮੱਕੀ ਦੀ ਛੱਲੀ ਸੇਕਦਾ ਸੀ ਤੇ ਮੈਨੂੰ ਪ੍ਰੇਮ ਨਾਲ ਖਵਾਉਂਦਾ ਸੀ, ਉਦੋਂ ਤੂੰ ਆਪਣੇ ਜ਼ਿਹਨ ਦੀ ਡੂੰਘਾਈ ’ਚ ਉਸ ਨੰਨ੍ਹੇ ਬੱਚੇ ਨੂੰ ਵੇਖ ਰਿਹਾ ਹੁੰਦਾ ਸੀ ਜੋ ਤੇਰਾ ਬੇਟਾ ਨਹੀਂ ਸੀ, ਜੋ ਅਜੇ ਨਹੀਂ ਆਇਆ, ਜੋ ਤੇਰੀ ਜ਼ਿੰਦਗੀ ਵਿੱਚ ਕਦੇ ਆਵੇਗਾ ਵੀ ਨਹੀਂ। ਜਿਸ ਨੂੰ ਤੂੰ ਇੱਕ ਦਇਆਵਾਨ ਬਾਪ ਵਾਂਗ ਪਿਆਰ ਕੀਤਾ ਤੇ ਗੋਦੀ ’ਚ ਖਿਡਾਇਆ ਹੈ, ਉਸਦਾ ਮੂੰਹ ਚੁੰਮਿਆ ਹੈ, ਉਸ ਨੂੰ ਆਪਣੇ ਘਨੇੜੇ ਬਿਠਾ ਕੇ ਦੁਨੀਆ ਭਰ ’ਚ ਘੁਮਾਇਆ ਹੈ। ਵੇਖ ਲਓ ਇਹ ਹੈ ਮੇਰਾ ਬੇਟਾ ਇਹ ਹੈ ਮੇਰਾ ਬੇਟਾ ਅਤੇ ਜਦੋਂ ਇਹ ਸਭ ਕੁੱਝ ਤੈਨੂੰ ਨਹੀਂ ਮਿਲਿਆ ਤਾਂ ਤੂੰ ਸਭ ਤੋਂ ਵੱਖ ਹੋਕੇ ਖੜ੍ਹਾ ਹੋ ਗਿਆ ਅਤੇ ਹੈਰਤ ਨਾਲ ਆਪਣਾ ਸਿਰ ਖੁਰਕਣ ਲਗਾ। ਅਤੇ ਤੇਰੀਆਂ ਉਂਗਲੀਆਂ ਅਚੇਤ ਤੌਰ ’ਤੇ ਗਿਣਨ ਲੱਗੀਆਂ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ-ਅੱਠ ਰੁਪਏ ਵਿੱਚ ਤੇਰੀ ਇਹ ਕਹਾਣੀ ਜਾਣਦਾ ਹਾਂ ਜੋ ਹੋ ਸਕਦੀ ਸੀ ਪਰ ਹੋ ਨਹੀਂ ਸਕੀ। ਕਿਉਂਕਿ ਮੈਂ ਕਹਾਣੀ ਲੇਖਕ ਹਾਂ, ਮੈਂ ਇੱਕ ਨਵੀਂ ਕਹਾਣੀ ਘੜ ਸਕਦਾ ਹਾਂ, ਇੱਕ ਨਵਾਂ ਇਨਸਾਨ ਨਹੀਂ ਘੜ ਸਕਦਾ। ਇਸ ਲਈ ਮੈਂ ਇਕੱਲਾ ਕਾਫ਼ੀ ਨਹੀਂ ਹਾਂ। ਇਸਦੇ ਲਈ ਕਹਾਣੀਕਾਰ, ਉਸਦਾ ਪਾਠਕ, ਡਾਕਟਰ ਤੇ ਕੰਪਾਊਂਡਰ, ਬਖਤਿਆਰ, ਪਿੰਡ ਦੇ ਪਟਵਾਰੀ ਤੇ ਨੰਬਰਦਾਰ, ਦੁਕਾਨਦਾਰ, ਸਿਆਸਤਦਾਨ, ਮਜ਼ਦੂਰ ਅਤੇ ਖੇਤ ’ਚ ਕੰਮ ਕਰਦੇ ਲੱਖਾਂ, ਕਰੋੜਾਂ, ਅਰਬਾਂ ਬੰਦਿਆਂ ਦੀ ਇਕੱਠੀ ਮੱਦਦ ਚਾਹੀਦੀ ਹੈ। ਮੈਂ ਇਕੱਲਾ ਲਾਚਾਰ ਹਾਂ, ਕੁੱਝ ਨਹੀ ਕਰ ਸਕਾਂਗਾ। ਜਦੋਂ ਤੱਕ ਅਸੀ ਸਭ ਮਿਲਕੇ ਇੱਕ-ਦੂਜੇ ਦੀ ਮਦਦ ਨਹੀਂ ਕਰਾਂਗੇ, ਇਹ ਕੰਮ ਨਹੀਂ ਹੋਵੇਗਾ। ਤੂੰ ਇਸੇ ਤਰ੍ਹਾਂ ਆਪਣਾ ਝਾੜੂ ਫੜ੍ਹੀ ਮੇਰੇ ਜ਼ਿਹਨ ਦੇ ਦਰ ‘ਤੇ ਖੜ੍ਹਾ ਰਹੇਂਗਾ ਅਤੇ ਮੈਂ ਕੋਈ ਅਜੀਮ ਅਫਸਾਨਾ ਨਹੀਂ ਲਿਖ ਸਕਾਂਗਾ, ਜਿਸ ’ਚ ਇਨਸਾਨੀ ਰੂਹ ਦੀ ਮੁਕੰਮਲ ਖੁਸ਼ੀ ਝਲਕ ਉੱਠੇ। ਕੋਈ ਆਰਕੀਟੈਕਟ ਐਸੀ ਅਜੀਮ ਇਮਾਰਤ ਨਹੀਂ ਉਸਾਰ ਸਕੇਗਾ, ਜਿਸ ’ਚ ਸਾਡੀ ਕੌਮ ਦੀ ਅਜ਼ਮਤ ਆਪਣੀਆਂ ਬੁਲੰਦੀਆਂ ਛੂਹ ਲਵੇ ਅਤੇ ਕੋਈ ਅਜਿਹਾ ਗੀਤ ਨਹੀਂ ਗਾ ਸਕੇਗਾ ਜਿਸਦੀ ਵਿਸ਼ਾਲਤਾ ਵਿੱਚ ਕਾਇਨਾਤ ਦੀ ਸਰਬ ਵਿਆਪਕਤਾ ਝਲਕ ਪਵੇ। ਇਹ ਭਰਪੂਰ ਜ਼ਿੰਦਗੀ ਸੰਭਵ ਨਹੀਂ ਜਦ ਤੱਕ ਤੂੰ ਝਾੜੂ ਲਈ ਇੱਥੇ ਖੜ੍ਹਾ ਹੈਂ।
ਅੱਛਾ ਹੈ ਖੜ੍ਹਾ ਰਹਿ। ਸ਼ਾਇਦ ਉਹ ਦਿਨ ਆ ਜਾਵੇ ਜੋ ਤੈਥੋਂ ਤੇਰੀ ਝਾੜੂ ਛੁਡਾ ਦੇਵੇ ਅਤੇ ਤੇਰੇ ਹੱਥਾਂ ਨੂੰ ਨਰਮੀ ਨਾਲ ਫੜ੍ਹ ਕੇ ਤੈਨੂੰ ਸਤਰੰਗੀ ਪੀਂਘ ਦੇ ਉਸ ਪਾਰ ਲੈ ਜਾਵੇ।
ਕਵਿਤਾ
– ਹਰਭਜਨ ਸਿੰਘ ਹੁੰਦਲ
ਸਾਡੇ ਬਾਅਦ ਵੀ ਚਿਰਾਗ਼ ਨੂੰ ਜਲਾਈ ਰੱਖਣਾ।
ਰਾਤਾਂ ਕਾਲ਼ੀਆਂ ਦੀ ਤਲੀ ’ਤੇ ਟਿਕਾਈ ਰੱਖਣਾ।
ਕੋਈ ਪੁੱਛ ਲਵੇ ਆਣ ਕਦੇ ਨੂਰ-ਸਿਰਨਾਵਾਂ
ਥਹੁ ਦੱਸਣਾ, ਨਾ ਭੇਤ ਨੂੰ ਲੁਕਾਈ ਰੱਖਣਾ।
ਬੜੇ ਔਣਗੇ ਹਨੇਰੀਆਂ ਤੇ ਝੱਖੜਾਂ ਦੇ ਝੁੰਡ,
ਤੁਸਾਂ ਕਾਂਗੜੀ ਦੇ ਵਾਂਗ ਇਹ ਬਚਾਈ ਰੱਖਣਾ।
ਸਾਂਝ ਰੱਖਣੀ ਹਮੇਸ਼ ਤੁਸਾਂ ਤਾਰਿਆਂ ਦੇ ਨਾਲ,
ਮੱਥਾ ਦੰਭ ਨਾਲ ਲਗਾਤਾਰ ਲਾਈ ਰੱਖਣਾ।
ਜਿੱਤ ਹਾਰ ਵਿਚੋਂ ਲੀਕ ਹੈ ਬਰੀਕ ਲੰਘਦੀ,
ਅੱਖ ਨੁਕਤੇ ’ਤੇ ਆਪਣੀ ਟਿਕਾਈ ਰੱਖਣਾ।
ਕਦੇ ਆਏਗੀ ਪਿਆਰਿਆਂ ਦੀ ਸਹਿਜ-ਖ਼ੁਸ਼ਬੂ,
ਨਿੱਘਾ ਰਿਸ਼ਤਾ ਹਵਾਵਾਂ ਦਾ ਬਣਾਈ ਰੱਖਣਾ।
ਸੁੱਤੇ ਸਿੱਧ ਮਹਿਕ ਪੈਂਦੀਆਂ ਨਾ ਰਾਤ-ਰਾਣੀਆਂ,
ਰਾਤ-ਰਾਣੀਆਂ ਦੀ ਤਾਂਘ ਨੂੰ ਜਗਾਈ ਰੱਖਣਾ।
ਝੜ ਜਾਣਗੇ ਤੇ ਕੁੱਝ ਪੀਲੇ ਪੈ ਜਾਣਗੇ,
ਪੱਤੇ ਨਵਿਆਂ ’ਤੇ ਆਸ ਨਵੀਂ ਲਾਈ ਰੱਖਣਾ।
ਸਾਡੇ ਵਾਂਗ ਹੀ ਸਜਾਉਣੇ ਤੁਸਾਂ ਤਾਰਿਆਂ ਦੇ ਥਾਲ,
ਸਾਡੇ ਵਾਂਗ ਚੰਨ ਹਿਰਦੇ ਸਮਾਈ ਰੱਖਣਾ।
ਕਵਿਤਾ
– ਸਫ਼ੀਆ ਹਯਾਤ
ਸਾਨੂੰ ਸਿਰਫ਼ ਮਜ਼ਾਰ ਬਣਾਉਣੇ ਆਉਂਦੇ ਹਨ
ਨ੍ਹੇਰੀਆਂ ਰਾਹਵਾਂ ਚ ਮਰਨ ਵਾਲਿਓ !
ਤੁਸੀਂ ਆਪਣੇ ਵਕਤ ਦੇ ਮਨਸੂਰ ਓ
ਦੇਖ ਲੈਣਾ ਇਕ ਦਿਨ
ਇਹ ਦੋਗਲੀਆਂ ਜ਼ੁਬਾਨਾਂ ਵਾਲੇ
ਲਲਚਾਏ ਖ਼ੂਨ-ਪੀਣੇ ਲੋਕ
ਤੁਹਾਡਾ ਮਾਤਮ ਕਰਨਗੇ
ਉਨ੍ਹਾ ਦੀਆਂ ਨਸਲਾਂ ਦੀਆਂ ਸ਼ਕਲਾਂ
ਮਲੀਨ ਹੋਣਗੀਆਂ
ਉਹ ਹੋਣਗੇ ਸ਼ਰਮਸਾਰ
ਸੂਲੀ ਤੇ ਟੰਗੇ
ਉਸ ਹਸਤਾਖਰ ਤੋਂ
ਜੋ ਲਹੂ ਟਪਕਦਾ
ਤੁਹਾਡੇ ਸੱਚ ਦੀ
ਗਵਾਹੀ ਦੇਵੇਗਾ
ਕੋਈ ਮੀਰ ਅਨੀਸ ਸ਼ੋਕ-ਗੀਤ ਲਿਖੇਗਾ
ਕਿਸੇ ਗਰੀਬੜੀ ਸ਼ਾਮ
ਇਹ ਆਪਣਾ ਸਿਰ ਪਿੱਟਣਗੇ
ਪਰ ਸਾਜ਼ਿਸ਼ਾਂ ਦੱਬਿਆ ਬਾਰੂਦ ਆਪਣੀ ਬੂਅ
ਉਨ੍ਹਾਂ ਦੇ ਤੁਖ਼ਮ ’ਚ ਰੱਖ ਦੇਵੇਗਾ
ਇਸ ਬਦਬੂ ਨੂੰ
ਪਾਣੀ ਵੀ ਧੋਣ ਤੋਂ ਇਨਕਾਰੀ ਹੋਵੇਗਾ
ਸੱਚ ਦੀ ਖ਼ਾਤਰ ਦੁੱਖ ਝੱਲਣ ਵਾਲਿਓ !
ਅਸੀਂ ਤੁਹਾਡੇ ਮਜ਼ਾਰ ਬਣਾਵਾਂਗੇ
ਫੁੱਲ ਚੜ੍ਹਾਵਾਂਗੇ
ਕਿਉਂਕਿ
ਸਾਨੂੰ ਸਿਰਫ਼ ਮਜ਼ਾਰ ਬਣਾਉਣੇ ਆਉਂਦੇ ਹਨ
कविता
– कैफ़ी आज़मी
मैं कोई मुल्क नहीं हूँ कि जला दोगे मुझे
कोई दीवार नहीं हूँ कि गिरा दोगे मुझे
कोई सरहद भी नहीं कि मिटा दोगे मुझे
यह जो दुनिया का पुराना नक्शा
मेज़ पर तुमने बिछा रक्खा है
इसमें कावाक लकीरों के सिवा कुछ भी नहीं
तुम मुझे इसमें कहाँ ढूंढते हो
मैं इक अरमान हूँ दीवानों का
सख्त-जाँ ख्वाब हूँ कुचले हुए इंसानों का
लूट जब हद से सिवा होती है
जुल्म जब हद से गुजर जाता है
मैं अचानक किसी कोने में नजऱ आता हूँ
किसी सीने से उभर आता हूँ
आज से पहले भी तुमने मुझे देखा होगा
कभी मशरिक में कभी म$गरिब में
कभी शहरों में कभी गाँव में
कभी बस्ती में कभी जंगल में
मेरी तारीख़ ही तारीख़ है,
जुगराफिया कोई भी नहीं
और तारीख़ भी ऐसी
जो पढ़ाई तो नहीं जा सकती
लोग छुप-छुप के पढ़ा करते हैं
कि मैं गालिब कभी मगलूब हुआ
कातिलों को कभी सूली पे चढ़ाया मैंने
और कभी आप ही मसलूब हुआ
फर्क इतना है कि
कातिल मेरे मर जाते हैं
मैं न मरता हूँ न मर सकता हूं
ਕਵਿਤਾ
– ਸੁਰਿੰਦਰ ਗਿੱਲ ਜੈਪਾਲ
ਅਸਮਾਨੀ ਪੀਂਘ
ਯੁੱਧ ਵਿੱਚ
ਸਿੰਨ੍ਹ ਕੇ ਮਾਰੇ ਜਾ ਰਹੇ ਬੱਚੇ
ਮੈਂ ਵੇਖਿਆ ਹੈ
ਬੱਚਿਆਂ ਨੂੰ
ਮੁਲਕ ਦੇ ਹੰਝੂਆਂ ਵਿੱਚੋਂ
ਰੌਸਨੀ ਬਣ ਕੇ ਨਿਕਲਦਿਆਂ
ਰੰਗਾਂ ਵਿੱਚ ਫੈਲਰਦਿਆਂ
ਅਸਮਾਨੀ ਪੀਂਘ ਬਣਦਿਆਂ
ਤਾਂ ਕਿ
ਉਦਾਸ ਨਾ ਹੋਣ
ਆਜ਼ਾਦੀ ਲਈ ਲੜਦੀਆਂ ਮਾਵਾਂ
ਤੇ ਫ਼ਿਲਸਤੀਨ
ਗਾਜ਼ਾ ਦੀਆਂ ਮੋਈਆਂ ਤੇ ਅਣਖੀ ਧੀਆਂ ਲਈ…..
– ਮੰਗਤ ਰਾਮ ਪਾਸਲਾ
ਜੀ ਆਇਆਂ ਨੂੰ
ਸਾਡੇ ਵਿਹੜੇ ਨਵੇਂ ਵਰ੍ਹੇ ਦੀਆਂ ਰੂਹਾਂ ਆਈਆਂ
ਭੁੱਖੀਆਂ ਤੇ ਤ੍ਰਿਹਾਈਆਂ ਆਈਆਂ
ਜ਼ਖਮੀ ਤੇ, ਘਬਰਾਈਆਂ ਆਈਆਂ
ਪਰ ਚਿਹਰੇ ਦੇ ਨੂਰ ਨੂੰ ਤੱਕੋ
ਗੁੱਸੇ ਦੀਆਂ ਲਕੀਰਾਂ ਦੇਖੋ
ਜੂਝਣ ਦੇ ਜ਼ਜਬੇ ਨੂੰ ਸਮਝੋ
ਆਸਾਂ ਦੀ ਪੰਡ ਸਿਰ ’ਤੇ ਚੁੱਕ ਕੇ
ਕਾਇਨਾਤ ਦੇ ਚੱਕਰ ਲਾ ਕੇ
ਆਸਾਂ ਲੈ ਕੇ ਚੱਲ ਆਈਆਂ
ਨਵੇਂ ਵਰ੍ਹੇ ਦੀਆਂ ਰੂਹਾਂ ਆਈਆਂ
ਬੰਬ-ਗੋਲੀ ਦੇ ਧੂੰਏਂ ਅੰਦਰੋਂ
ਮੋਈ ਮਾਂ ਦੀ ਛਾਤੀ ਚੁੰਘ ਕੇ
ਪੀ ਕੇ ਦੋ ਘੁੱਟ ਮਮਤਾ ਦੇ
ਧਰਵਾਸਾਂ ਦੀ ਭਾਰੀ ਗੱਠੜੀ
ਸਿਰਾਂ ’ਤੇ ਚੁੱਕ ਕੇ
ਨ੍ਹੇਰਾ ਛੰਡ ਕੇ
ਚਾਨਣ ਵੰਡਦੀਆਂ ਏਧਰ ਆਈਆਂ
ਨਵੇਂ ਵਰ੍ਹੇ ਦੀਆਂ ਰੂਹਾਂ ਆਈਆਂ
ਦਵਾਖਾਨੇ ਤੇ ਮੱਦਰੱਸੇ ਦੇ
ਖੰਡਰਾਂ ਵਿਚ ਦੱਬੀਆਂ
ਉਠ ਕੇ ਭੱਜੀਆਂ
ਬਚ ਬਚਾ ਕੇ
ਲੁਕ ਲੁਕਾ ਕੇ
ਪੈਰ ਪੈਰ ’ਤੇ ਠੋਕਰ ਖਾ ਕੇ
ਚੀਰ ਪਹਾੜ, ਲੰਘ ਦਰਿਆ
ਧਰਤ ਦੁਆਲੇ ਚੱਕਰ ਲਾ ਕੇ
ਆਜ਼ਾਦੀ ਦੇ ਨਗ਼ਮੇ ਗਾ ਕੇ
ਉੱਚੀਆਂ ਘਾਟੀਆਂ ਚੜ੍ਹ ਕੇ ਆਈਆਂ
ਨਵੇਂ ਵਰ੍ਹੇ ਦੀਆਂ ਰੂਹਾਂ ਆਈਆਂ
ਮਨੀਪੁਰ ਦੀਆਂ ਧੀਆਂ ਦੇ ਸੰਗ
ਗੰਗਾ ਘਾਟ ’ਤੇ ਵਸਦੇ ਜੋੜੇ
ਅਸਰਫ਼ ਮੀਆਂ ਤੇ ਬਾਨੋ ਸੰਗ
ਜੰਗਲੀਂ ਵੱਸਦੇ ਅਦਿਵਾਸੀਆਂ ਸੰਗ
‘ਕੋਠੇ’ ਦੇ ਸਾਜ਼ਿੰਦਿਆਂ ਸੰਗ
ਧਾਰਾਵੀ ਦੇ ਬਾਸ਼ਿੰਦਿਆਂ ਸੰਗ
ਪੰਜ ਪਾਣੀ ਦੇ ‘ਵਲੀਆਂ’ ਨਾਲ
ਪਟਨੇ ਸ਼ਹਿਰ ਦੀਆਂ ਗਲੀਆਂ ਨਾਲ
ਲੱਗਦੈ ਨਾਤਾ ਜੋੜਨ ਆਈਆਂ
ਨਵੇਂ ਵਰ੍ਹੇ ਦੀਆਂ ਰੂਹਾਂ ਆਈਆਂ
ਨਵੇਂ ਵਰ੍ਹੇ ਕੀ ਹੋਵਣ ਵਾਲਾ
ਕਿਸ ਦਾ ‘ਬਧ’ ਹੈ ਹੋਵਣ ਵਾਲਾ
ਰੋਂਦੀ ਮਾਂ ਦਿਆਂ ਬੋਟਾਂ ਦੇ ਲਈ
ਬਦਲਣ ਵਾਲਾ ਬਿਲਕੁਲ ਹੈ ਕੁੱਝ
ਕਾਇਨਾਤ ’ਚ ਹਿਲਜੁਲ ਹੈ ਕੁੱਝ
ਮਰ ਜਾਣੀਆਂ ਰੂਹਾਂ ਦੇ ਨੈਣੀਂ
ਲਹੂ ਰੰਗੇ ਡੋਰੇ ਦੇਖੋ
ਮੱਥੇ ਦੀਆਂ ਲਕੀਰਾਂ ਤੱਕੋ
ਨਾ ਜੇ ਬੋਲੇ, ਜੇ ਨਾ ਕੁਸਕੇ
ਮਰ ਮੁੱਕੀਆਂ ਤਦਬੀਰਾਂ ਤੱਕੋ
ਆਪਣੀ ‘ਚੁੱਪ’ ਦੇ ਜ਼ੁਰਮ ਨੂੰ ਸਮਝੋ
‘ਜਰ ਜਾਵਣ’ ਦੀ ਸੀਮਾ ਜਾਣੋ
ਭੁੱਖੇ ਢਿੱਡ ਦੇ ਕਹਿਰ ਨੂੰ ਸਮਝੋ
ਰੂਹ ਦੇ ਡੰਗ ਦੀ ਜ਼ਹਿਰ ਨੂੰ ਸਮਝੋ।
ਬਸ ਹੁਣ ਯੁੱਧ ਦਾ ਨਾਦ ਬਜਾਓ
ਰੂਹਾਂ ਦੀ ਆਵਾਜ਼ ’ਚ ਰਲ ਕੇ
ਨਵੇਂ ਵਰ੍ਹੇ ਦਾ ਨਗ਼ਮਾ ਗਾਓ
व्यंग्य
राजेंद्र शर्मा
लागल सोरोसवा का धक्का…
मोदी जी की पार्टी गलत नहीं कहती है। ये जॉर्ज सोरोस तो इंडिया के पीछे ही पड़ गया है। मोदी जी की पार्टी ने दिखाया और सबने देखा कि कैसे बंदे ने संसद के सर्दी के सत्र में ताप इतना बढ़ा दिया कि संसद जो ठप्प हुई सो हुई, बेचारी सरकार के पसीने छूट गए। और चौरासी साल के बूढ़े रिटायर धन्नासेठ ने वहीं सात समंदर पार बैठे-बैठे यह सब किया कैसे?
सिंपल है! अगले ने साजिश कर के अमरीका की एक अदालत से हमारे ‘राष्ट्र सेठ’ के खिलाफ घूसखोरी से लेकर धोखाधड़ी तक के अभियोगों में गिरफ्तारी का वारंट निकलवा दिया। और यह सब किया, संसद का सत्र शुरू होने से ठीक पहले। फिर क्या था, भारत में विपक्ष बने बैठे सोरेस के चेलों ने ‘राष्ट्र सेठ’ के अमरीकी मुकद्दमे की चर्चा की मांग को लेकर संसद ही ठप्प कर दी। वह तो मोदी जी की सरकार थी, न डरी, न झुकी। साफ कह दिया कि संसद चले तो और रुकी रहे तो, ‘राष्ट्र सेठ’ के मामले पर संसद में कोई चर्चा नहीं होगी। इतना भी काफी नहीं हुआ, तो दोनों सदनों के सभापतियों ने संपादन मशीन को स्थायी आदेश दे दिया–जब भी ‘राष्ट्र सेठ’ का नाम आवेगा, रिकॉर्ड पर कुच्छौ नहीं जावेगा। राम-राम कर के सर्दी वाला सत्र पार हुआ। लेकिन, तब तक प_े सोरोस ने बजट सत्र में हंगामे का पूरा इंतजाम कर भी दिया है।
नहीं, नहीं, हम निर्मला ताई के बजट की वजह से हंगामे की बात नहीं कर रहे हैं। हम किसी महंगाई, बेरोजगारी, पब्लिक की बदहाली की वजह से हंगामे की बात नहीं कह रहे हैं। हम किसानों की एमएसपी वगैरह की मांगों, मज़दूरों की सही मज़दूरी समेत अधिकारों की मांगों, आम पब्लिक की करों का बोझ घटाए जाने, पेट्रोल-डीजल के दाम नीचे लाए जाने की मांगों वगैरह पर हंगामे की बात नहीं कर रहे हैं। हम रुपए के डालर के मुकाबले घिसकर और छोटा हो जाने और पिचासी रुपये से ज्यादा में एक डॉलर आने की आफत पर किसी हंगामे की बात भी नहीं कर रहे हैं। इन सब पर मोदी जी के भारत में अब कहां कोई हंगामा होता है! वैसे भी ये सब तो हमारे घरेलू मामले हैं। हम तो विदेशी हाथ की हमारी संसद में हंगामे की तैयारियों की बात कर रहे हैं। संसद के पिछले सत्र से ठीक पहले राष्ट्र सेठ पर अमरीका में मुकद्दमे का मामला था, तो शीत सत्र से फौरन बाद यानी बजट सत्र से पहले, पेगासस की जासूसी का मामला लाकर खड़ा कर दिया गया है।
हुआ यह है कि एक अमरीकी अदालत ने, जाहिर है कि जॉर्ज सोरोस के ही इशारे पर, पेगासस बनाने वाली इस्राइली कंपनी एनएसओ को लोगों की अवैध जासूसी कराने का दोषी करार दे दिया है। बेचारी इस्राइली कंपनी इसकी दलीलें ही देती रह गयी कि उसने किसी की जासूसी नहीं करायी है, उसने तो सिर्फ अपने ग्राहकों को जासूसी उपकरण बेचा था। उस जासूसी उपकरण का उपयोग वैध था या अवैध था, किस पर किया गया, इस सब से उसका क्या लेना? कुछ भी गलत हुआ है, तो इसकी जिम्मेदारी ये जासूसी उपकरण खरीदने वाले ग्राहकों की है, वगैरह। पर अदालत नहीं मानी। अदालत ने उसे बंदूक बनाने, बेचने का ही नहीं, चलाने का भी जिम्मेदार ठहराया है। अमरीकी अदालत के हिसाब से तो पेगासस खरीदने वाली सरकारों या सरकारी एजेंसियों ने तो सिर्फ जासूसी का निशाना बनाए जाने वालों के सैलफोन के नंबर दिए थे! सारा कसूर जासूसी की सुपारी लेने वालों का है। सुपारी देने वालों का तो फिलहाल जिक्र ही नहीं।
खैर, अब होगा ये कि पेगासस का मामला तो चलेगा वहां अमरीकी अदालत में और हंगामा होगा, यहां मोदी जी के विकसित होते भारत में। मोदी जी ने कितनी मुश्किल से पेगासस के हंगामे को दबाया था। सरकार तो सरकार और संसद तो संसद, सुप्रीम कोर्ट तक को इस काम पर लगाया था। असत्य, अर्द्ध-सत्य, ध्यान बंटाने के पैंतरे, सब कुछ आजमाया था, तब कहीं जाकर यह शोर थमने में आया था। और यह मुश्किल क्यों न होता। दुनिया भर में जिन करीब 1400 लोगों के फोन में जासूसी साफ्टवेयर रोपे जाने का पता चला था, उनमें से 300 फोन नंबर अकेले भारत के ही थे। उनमें भी शीर्ष विपक्षी नेताओं, पत्रकारों, सामाजिक कार्यकर्ताओं से लेकर, दो केंद्रीय मंत्रियों तक के नंबर शामिल थे। यह सब अब दोबारा उठेगा और इसके साथ ही इसका शोर भी कि सरकार ने कैसी तिकड़मों से 2021 में इस मामले को दबाया था। पेगासस खरीदने या सरकारी एजेंसियों से खरीदवाने की बात से साफ-साफ मना भी नहीं किया था और हर बात का खंडन भी किया था। यानी फिर हंगामा। यानी फिर संसद ठप्प। और यह तो तब होगा, अगर जार्ज सोरोस ने खालिस्तान-समर्थक पुन्नू, निज्जर वगैरह के मामले में मुकद्दमों को और आगे नहीं बढ़वा दिया। वर्ना नये साल में अपनी संसद का न जाने क्या हो?
और हां! संसद का शीतकालीन सत्र आखिर में डा. अम्बेडकर के मान-अपमान के जिस मुद्दे पर पर हंगामे की भेंट चढ़ा, वह बेशक घरेलू था। आखिरकार, मान-अपमान जो भी किया, ‘इक्कीसवीं सदी के चाणक्य’ ने किया था और वह तो शुद्ध देशी मामला हुआ। पर विपक्ष ने इस मामले को लेकर जो हंगामा किया, उसमें सोरोस के या किसी और के विदेशी हाथ की संभावना से इंकार नहीं किया जा सकता है। हां! सरकार की जांच में ही हाथ की राष्ट्रीयता शुद्ध भारतीय सिद्ध हो जाए, तो हम भी मान लेंगे। वैसे सरकारी पक्ष के सांसद षडंगी (सारंगी) और राजपूत के घायल मान करके आईसीयू पहुंचा दिए जाने और संसद का सत्र समय से पहले खत्म हो जाने का सीधा कनेक्शन है और वैसा ही सीधा यानी सीसीटीवी फुटेज मुक्त कनेक्शन राहुल गांधी के धक्के और इन सांसदों के घायल होने का है। और राहुल गांधी के धक्के और जार्ज सारोस का वैसा सीधा कनेक्शन न सही, पर कुछ न कुछ कनेक्शन तो जरूर है। आखिरकार, राहुल गांधी को अपने डौले दिखाने और उसके लिए संसद में टीशर्ट पहनकर जाने के लिए प्रोत्साहन कहां से मिल रहा है? टीशर्ट तो स्वदेशी परिधान नहीं है। टीशर्ट के पीछे क्या विदेशी हाथ ही नहीं है? फिर राहुल गांधी की तो भारतीय नागरिकता पर सवाल उठाने वाली याचिका भी अदालत में विचाराधीन है। यानी देशी-विदेशी हाथ, मोदी जी और उनके ‘राष्ट्र सेठ’ को रोकने के लिए आए साथ।
(‘यूजकलिक’ से साभार)
