/* SC_TH_END:4.3.24:fc0ffc30 */ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ – Sangrami Lehar
Now Reading
ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ

ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਹੋਈ


ਰਈਆ: ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਇਕਾਈ ਬਾਬਾ ਬਕਾਲਾ ਸਾਹਿਬ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨਾਂ ਦੀ ਜਨਰਲ ਬਾਡੀ ਮੀਟਿੰਗ ਸਥਾਨਕ ਕਸਬੇ ਅੰਦਰ ਸਵਿੰਦਰ ਸਿੰਘ ਖਹਿਰਾ ਅਤੇ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਰਕੁੰਨ ਸ਼ਾਮਿਲ ਹੋਏ। ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਅਜਨਾਲਾ ਨੇ ਕਿਹਾ ਕਿ ਦੇਸ਼ ਅੰਦਰ ਦੋ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਪੰਜਾਬ ਅੰਦਰ ਜਮਹੂਰੀ ਕਿਸਾਨ ਸਭਾ ਅਤੇ ਦੇਸ਼ ਪੱਧਰ ਉੱਤੇ ਕੁੱਲ ਹਿੰਦ ਕਿਸਾਨ ਮਹਾਸਭਾ ਦੇ ਝੰਡੇ ਹੇਠ ਕਿਸਾਨ ਲਹਿਰ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦਾ ਸੁਹਿਰਦ ਲੋਕਾਂ ਵੱਲੋਂ ਬਹੁਤ ਵੱਡੀ ਪੱਧਰ ਤੇ ਸਵਾਗਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੋਹਾਂ ਜਥੇਬੰਦੀਆਂ ਦੇ ਰਲੇਵੇਂ ਨਾਲ ਪੰਜਾਬ ਦੀ ਕਿਸਾਨ ਲਹਿਰ ਨੂੰ ਬਹੁਤ ਵੱਡਾ ਹੁੰਗਾਰਾ ਮਿਲੇਗਾ ਅਤੇ ਏਕਤਾ ਦੇ ਅਮਲ ਲਈ 20 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਿਸਾਨਾਂ ਦਾ ਵੱਡਾ ਇਕੱਠ ਕਰਕੇ 21 ਸਤੰਬਰ ਤੱਕ ਆਲ ਇੰਡੀਆ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ 15 ਰਾਜਾਂ ਤੋਂ ਡੈਲੀਗੇਟ ਹਿੱਸਾ ਲੈਣਗੇ। ਉਹਨਾਂ ਜਮਹੂਰੀ ਕਿਸਾਨ ਸਭਾ, ਭਰਾਤਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ, ਵਰਕਰਾਂ ਨੂੰ ਅੱਜ ਤੋਂ ਹੀ ਇਸ ਕਾਰਜ ਨੂੰ ਨੇਪਰੇ ਚਾੜਨ ਦੀ ਅਪੀਲ ਕੀਤੀ। ਸਭਾ ਦੇ ਆਗੂਆਂ, ਕਾਰਕੁਨਾਂ ਵੱਲੋਂ ਮੌਕੇ ਤੇ ਡੇਢ ਲੱਖ ਰੁਪਏ ਫੰਡ ਇਸ ਕਾਰਜ ਲਈ ਦੇਣ ਦਾ ਐਲਾਨ ਕੀਤਾ।

ਸਭਾ ਦੇ ਸੂਬਾ ਆਗੂ ਗੁਰਮੇਲ ਸਿੰਘ ਤਿੰਮੋਵਾਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ, ਮਜ਼ਦੂਰ ਨੀਤੀਆਂ ਖਿਲਾਫ 22 ਜੁਲਾਈ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਉੱਪਰ ਸਥਿਤ ਨਿਜਰਪੁਰਾ ਅਤੇ ਢਿਲਵਾਂ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ ਅਤੇ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਦੇ ਖਿਲਾਫ 17 ਜੁਲਾਈ ਨੂੰ ਪੁਲਿਸ ਥਾਣਾ ਖਿਲਚੀਆਂ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਦਿੱਤਾ ਜਾਵੇਗਾ।

ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਜਮਹੂਰੀ ਕਿਸਾਨ ਸਭਾ ਦੇ ਹਰ ਕੰਮ ਵਿੱਚ ਸਹਿਯੋਗ ਦੇਣ ਦਾ ਐਲਾਨ ਕੀਤਾ ਅਤੇ ਪੰਜ ਅਗਸਤ ਨੂੰ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

See Also

ਇਸ ਮੌਕੇ ਦੋਹਾਂ ਸਭਾਵਾਂ ਦੇ ਸੂਬਾ ਆਗੂਆਂ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਹਰਪ੍ਰੀਤ ਸਿੰਘ ਬੁਟਾਰੀ ਨੇ ਤੈਅ ਕੀਤੇ ਕਾਰਜਾਂ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਭਰੋਸਾ ਦਿਵਾਇਆ। ਸਾਥੀ ਬਲਦੇਵ ਸਿੰਘ ਸੈਦਪੁਰ ਨੇ ਆਏ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕੀਤੇ ਹੋਏ ਫੈਸਲੇ ਲਾਗੂ ਕਰਨ ਦੀ ਬੇਨਤੀ ਕੀਤੀ।

Scroll To Top