Now Reading
ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿਖੇ ਵਿਦਿਆਰਥੀਆਂ ਦੇ ਕੈਂਪ ਦੇ 10ਵੇ ਦਿਨ “ਇਤਿਹਾਸਕ ਪਦਾਰਥ” ਵਿਸ਼ੇ ‘ਤੇ ਹੋਇਆ ਸੈਮੀਨਾਰ

ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿਖੇ ਵਿਦਿਆਰਥੀਆਂ ਦੇ ਕੈਂਪ ਦੇ 10ਵੇ ਦਿਨ “ਇਤਿਹਾਸਕ ਪਦਾਰਥ” ਵਿਸ਼ੇ ‘ਤੇ ਹੋਇਆ ਸੈਮੀਨਾਰ

ਜੋਧਾਂ: ਗੁਰੂ ਗੋਬਿੰਦ ਸਿੰਘ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀਆ ਦੇ ਲੱਗੇ ਕੈਂਪ ਦੇ 10ਵੇਂ ਦਿਨ “ਇਤਿਹਾਸਕ ਪਦਾਰਥ” ਵਿਸ਼ੇ ‘ਤੇ ਕੀਤੇ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰਸਟੀ ਕਾ. ਮੰਗਤ ਰਾਮ ਪਾਸਲਾ ਨੇ ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿਖੇ ਸੰਬੋਧਨ ਕਰਦਿਆਂ ਆਖਿਆ ਕਿ ਕਿਸੇ ਸਮਾਜ ਨੂੰ ਬਦਲਣ ਲਈ ਪਦਾਰਥਕ ਕਾਰਨ ਅਸਰ ਕਰਦੇ ਹਨ। ਉਹਨਾਂ ਆਖਿਆ ਕਿ ਇਤਿਹਾਸਕ ਪਦਾਰਥਵਾਦ ਇਹ ਦੱਸਦਾ ਹੈ ਕਿ ਮਨੁੱਖੀ ਇਤਿਹਾਸ ਕਿਸੇ ਰਾਜੇ-ਮਹਾਰਾਜੇ ਦੀ ਮਰਜ਼ੀ ਜਾਂ ਰੱਬੀ ਖੇਡ ਨਾਲ ਨਹੀਂ ਬਦਲਦਾ, ਸਗੋਂ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ ਦਾ ਉਤਪਾਦਨ ਕਿਵੇਂ ਕਰਦਾ ਹੈ ਅਤੇ ਉਸ ਆਰਥਿਕ ਪ੍ਰਣਾਲੀ ਵਿੱਚ ਸ਼ਕਤੀ ਕਿਸਦੇ ਹੱਥ ਵਿੱਚ ਹੈ। ਉਹਨਾਂ ਕਿਹਾ ਕਿ ਮਾਰਕਸ ਅਨੁਸਾਰ, ਕਿਸੇ ਵੀ ਸਮਾਜ ਵਿੱਚ ਵਿਚਾਰ, ਰਾਜਨੀਤੀ, ਧਰਮ ਜਾਂ ਕਾਨੂੰਨ ਉਦੋਂ ਤੱਕ ਪੈਦਾ ਨਹੀਂ ਹੋ ਸਕਦੇ ਜਦੋਂ ਤੱਕ ਮਨੁੱਖ ਦੀਆਂ ਮੁਢਲੀਆਂ ਭੌਤਿਕ ਲੋੜਾਂ ਜਿਵੇਂ ਰੋਟੀ, ਕੱਪੜਾ ਅਤੇ ਮਕਾਨ ਪੂਰੀਆਂ ਨਹੀਂ ਹੁੰਦੀਆਂ। ਇਸ ਲਈ, ਸਮਾਜ ਨੂੰ ਸਮਝਣ ਲਈ ਉਸਦੀ ਆਰਥਿਕ ਪ੍ਰਣਾਲੀ ਨੂੰ ਸਮਝਣਾ ਜ਼ਰੂਰੀ ਹੈ। ਇਸ ਮੌਕੇ ਆਏ ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ‘ਤੇ ਸਵਾਲ ਜਵਾਬ ਵੀ ਕੀਤੇ ਗਏ। ਇਸ ਮੌਕੇ ਅਮਰਪ੍ਰੀਤ ਸਿੰਘ ਗੁੱਜਰਵਾਲ ਨੇ ਸਟੇਜ ਦੀ ਕਾਰਵਾਈ ਚਲਾਈ। ਸੈਮੀਨਾਰ ਤੋਂ ਉਪਰੰਤ ਆਏ ਮਹਿਮਾਨਾਂ ਕਾ. ਮੰਗਤ ਰਾਮ ਪਾਸਲਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਘਵੀਰ ਸਿੰਘ ਬੈਨੀਪਾਲ ਦਾ ਕਮੇਟੀ ਮੈਂਬਰਾਂ ਪਰਮਜੀਤ ਸਿੰਘ ਗਰੇਵਾਲ, ਡਾ. ਮਨਦੀਪ ਕੌਰ ਰਾਏ, ਲਾਈਬ੍ਰੇਰੀਅਨ ਲਵਪ੍ਰੀਤ ਕੌਰ, ਹਰਨੇਕ ਸਿੰਘ ਗੁੱਜਰਵਾਲ ਅਤੇ ਮਦਨ ਲਾਲ ਸ਼ਰਮਾ ਵਲੋਂ ਸਨਮਾਨ ਵੀ ਕੀਤਾ ਗਿਆ।

Scroll To Top