Now Reading
ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋ ਦਿਨ ਕਰਜ਼ਾਈ ਕਰਨ ਵੱਲ ਤੁਰੀ, 31 ਜੁਲਾਈ ਨੂੰ ਤਰਨ ਤਾਰਨ ਪੁੱਜਣ ਦਾ ਸੱਦਾ

ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋ ਦਿਨ ਕਰਜ਼ਾਈ ਕਰਨ ਵੱਲ ਤੁਰੀ, 31 ਜੁਲਾਈ ਨੂੰ ਤਰਨ ਤਾਰਨ ਪੁੱਜਣ ਦਾ ਸੱਦਾ

ਨੌਸ਼ਹਿਰਾ ਪੰਨੂਆ: ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋ ਦਿਨ ਕਰਜ਼ਈ ਕਰਨ ਵੱਲ ਤੁਲੀ ਹੋਈ ਹੈ ਅਤੇ ਆਪਣੀਆਂ ਮਨ ਮਰਜ਼ਈਆਂ ਕਰਨ ਲਈ ਕਰੋੜਾਂ ਰੁਪਏ ਦਾ ਕਰਜ਼ਾ ਪੰਜਾਬ ਸਿਰ ਚਾੜਿਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਅਰਥ ਅਵਸਥਾ ਨਿਗਰਦੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਇਥੇ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਦੀ ਪ੍ਰਧਾਨਗੀ ਡਾਕਟਰ ਅਸ਼ਵਨੀ ਕੁਮਾਰ ਨੇ ਕੀਤੀ। ਜਾਮਾਰਾਏ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ। ਇਹਨਾਂ ਦੋਹਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਅਤੇ ਆਮ ਵਰਗ ਵਿਰੋਧੀ ਹਨ। ਉਹਨਾਂ ਕਿਹਾ ਕਿ ਮੁਕਤ ਵਪਾਰ ਸਮਝੌਤੇ ਦੇ ਖਿਲਾਫ ਪਾਰਟੀ ਤਿੱਖਾ ਸੰਘਰਸ਼ ਲੜਨ ਲਈ ਲੋਕਾਂ ਨੂੰ ਲਾਮਬੰਦ ਕਰੇਗੀ। ਉਹਨਾਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰ ਅਤੇ ਨੌਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਹਕੀਕਤ ਵਿਚ ਕੁੱਝ ਨਹੀਂ ਕੀਤਾ ਜਾ ਰਿਹਾ। ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ। ਨੌਜਵਾਨ ਪੀੜੀ ਰੁਜਗਾਰ ਦੀ ਥਾਂ ਡਾਂਗਾਂ ਖਾ ਰਹੀ ਹੈ। ਪੰਜਾਬ ਅੰਦਰ ਗੁਰੂਆਂ,ਪੀਰਾਂ, ਦੇਸ਼ ਭਗਤਾਂ ਦੀ ਧਰਤੀ ਤੇ ਨਸ਼ੇ, ਲੁੱਟਾਂ, ਖੋਹਾਂ, ਕਤਲੋਗਾਰਦ, ਡਕੈਤੀਆ ਨਿੱਤ ਦਿਨ ਹੋ ਰਹੀਆਂ ਹਨ। ਪੰਜਾਬ ਦੀ ਪੁਲਿਸ ਲਚਾਰ ਹੋਈ ਬੈਠੀ ਹੈ ਥਾਣਿਆਂ ਅੰਦਰ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ। ਜਮਾਰਾਏ ਨੇ ਕਿਹਾ ਕਿ ਇਹਨਾਂ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਲੋਕ ਲਹਿਰ ਉਸਾਰਨ ਦੀ ਅਹਿਮ ਲੋੜ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਦਾ ਰਾਜ ਸਥਾਪਿਤ ਕਰਨ ਲਈ ਇਹਨਾਂ ਹਾਕਮਾਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦੀ ਅਹਿਮ ਲੋੜ ਹੈ। ਉਹਨਾਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ 31 ਜੁਲਾਈ ਨੂੰ ਤਰਨ ਤਾਰਨ ਵਿਖੇ ਕੀਤੇ ਜਾ ਰਹੇ ਸੈਮੀਨਾਰ ਚ ਪਹੁੰਚਣ ਦਾ ਸੱਦਾ ਦਿੱਤਾ।
ਇਸ ਮੌਕੇ ਮਨਜੀਤ ਸਿੰਘ ਬੱਗੂ, ਅਮਰਤਪਾਲ ਸਿੰਘ ਚੌਧਰੀਵਾਲਾ, ਸਵਿੰਦਰ ਸਿੰਘ ਭੱਠਲ, ਬਲਬੀਰ ਸਿੰਘ ਦਰਗਾਪੁਰ, ਬਿੰਦਰ ਸਿੰਘ ਨੰਦਪੁਰ, ਗੁਰਵਿੰਦਰ ਸਿੰਘ ਠੱਠੀਆਂ, ਹਰਦੀਪ ਸਿੰਘ ਚੌਧਰੀਵਾਲਾ, ਨਿਰਭੈ ਸਿੰਘ ਜਵੰਦਾ, ਮਹੀਪਾਲ ਸਿੰਘ ਠੱਠੀਆਂ, ਸ਼ਮਸ਼ੇਰ ਸਿੰਘ ਚੌਧਰੀਵਾਲਾ ਆਦਿ ਹਾਜ਼ਰ ਸਨ।

Scroll To Top