Now Reading
ਕਾਂਗੋ ਬਣਨ ਵੱਲ ਵੱਧ ਰਿਹਾ ਭਾਰਤ

ਕਾਂਗੋ ਬਣਨ ਵੱਲ ਵੱਧ ਰਿਹਾ ਭਾਰਤ

ਰਵੀ ਕੰਵਰ
ਅਫਰੀਕਾ ਮਹਾਂਦੀਪ ਦਾ ਦੇਸ਼ ‘ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ’ (ਡੀ ਆਰ ਸੀ) ਇਕ ਵਾਰ ਫਿਰ ਕੋਵਿਡ-19 ਵਰਗੀ ਘਾਤਕ ਬੀਮਾਰੀ ਈਬੋਲਾ (ਵਾਇਰਸ ਨਾਲ ਫੈਲਣ ਵਾਲੀ ਲਾਗ ਅਧਾਰਤ) ਦੀ ਮਾਰ ਹੇਠ ਹੈ। ਜੂਨ ਦੇ ਪਹਿਲੇ ਹਫਤੇ ਤੱਕ 246 ਲੋਕ ਮਰ ਚੁੱਕੇ ਸਨ ਅਤੇ 1 ਹਜ਼ਾਰ ਤੋਂ ਵੱਧ ਹੋਰ ਮਾਮਲੇ ਰਜਿਸਟਰ ਹੋ ਚੁੱਕੇ ਹਨ। ਲੱਖਾਂ ਹੋਰ ਲੋਕ ਇਸ ਦੇ ਤੇਜ਼ੀ ਨਾਲ ਫੈਲਣ ਕਰਕੇ ਜੋਖ਼ਮ ਅਧੀਨ ਹਨ। ਹਾਲਾਂਕਿ ਸਰਕਾਰੀ ਅੰਕੜੇ ਇਸ ਤੋਂ ਕਿਤੇ ਘੱਟ ਹਨ।

ਈਬੋਲਾ, ਸਰੀਰ ਦੇ ਅੰਦਰੂਨੀ ਟਿਸ਼ੂਆਂ ਨੂੰ ਨੁਕਸਾਨ ਪੁਚਾਉਣ ਵਾਲੀ ਇਕ ਬਹੁਤ ਹੀ ਖਤਰਨਾਕ ਤੇ ਘਾਤਕ ਵਾਇਰਲ ਬੀਮਾਰੀ ਹੈ। ਇਸ ‘ਚ ਸਰੀਰ ਦੇ ਅੰਦਰ ਤੇ ਬਾਹਰ ਖੂਨ ਵਗਣ ਲੱਗਦਾ ਹੈ ਤੇ ਬੜੇ ਦਰਦਨਾਕ ਢੰਗ ਨਾਲ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਸ ਵੇਲੇ ‘ਬੁਨਡੀਬੁਗਯੋ ਸਟ੍ਰੇਨ’ ਸਰਗਰਮ ਹੈ, ਜਿਸ ‘ਚ 2 ਤੋਂ ਲੈ ਕੇ 21 ਦਿਨਾਂ ਬਾਅਦ ਬੀਮਾਰੀ ਦੇ ਲੱਛਣ ਸਾਹਮਣੇ ਆਉਂਦੇ ਹਨ। ਇਹ ਤੇਜ਼ ਬੁਖ਼ਾਰ ਨਾਲ ਸ਼ੁਰੂ ਹੁੰਦਾ ਹੈ। ਛੇਤੀ ਹੀ ਗੰਭੀਰ ਦਸਤ ਤੇ ਉਲਟੀਆਂ ਲੱਗ ਜਾਂਦੀਆਂ ਹਨ, ਜਿਸ ਨਾਲ ਸਰੀਰ ‘ਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ ਤੇ ਮਹੱਤਵਪੂਰਨ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਕਈ ਵਾਰੀ ਤਾਂ ਸਰੀਰ ਦੀ ਰੋਗ ਰੋਧਕ ਪ੍ਰਣਾਲੀ ਹੀ ਹਮਲਾ ਸ਼ੁਰੂ ਕਰ ਦਿੰਦੀ ਹੈ ਤੇ ਖੂਨ ਦੇ ਗਤਲੇ ਬਣਨ ਨਾਲ ਉਸ ਦਾ ਵਹਾਅ ਰੁਕ ਜਾਂਦਾ ਹੈ ਅਤੇ ਦਿਲ ਫੇਲ੍ਹ ਹੋ ਜਾਣ ਨਾਲ ਮਰੀਜ਼ ਦੀ ਮੌਤ ਹੋ ਜਾਂਦੀ ਹੈ। ‘ਬੁਨਡੀਬੁਗਯੋ ਸਟ੍ਰੇਨ’ ਦੇ ਸ਼ਿਕਾਰ ਲਗਭਗ ਇਕ ਤਿਹਾਈ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਇਸ ਸਟ੍ਰੇਨ ਦਾ ਟਾਕਰਾ ਕਰਨ ਵਾਲੀ ਕੋਈ ਦਵਾਈ ਹਾਲੇ ਤੱਕ ਮੌਜੂਦ ਨਹੀਂ ਹੈ। ਈਬੋਲਾ ਵਾਇਰਸ ਸਭ ਤੋਂ ਪਹਿਲਾਂ 1976 ‘ਚ ਮੌਜੂਦਾ ਡੀ ਆਰ ਸੀ, ਜਿਸ ਦਾ ਪੁਰਾਣਾ ਨਾਂਅ ਜਾਇਰੇ ਸੀ, ਵਿਖੇ ਸਾਹਮਣੇ ਆਇਆ ਸੀ। ਇੱਥੇ ਵਗਦੇ ਦਰਿਆ ਈਬੋਲਾ ਦੇ ਖੇਤਰ ‘ਚ ਇਸ ਦਾ ਪਹਿਲਾ ਕੇਸ ਸਾਹਮਣੇ ਆਉਣ ਕਰਕੇ ਹੀ ਇਸ ਘਾਤਕ ਵਾਇਰਸ ਦਾ ਨਾਂਅ ‘ਈਬੋਲਾ’ ਪਿਆ ਸੀ।

ਈਬੋਲਾ, ‘ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ’ ‘ਚ ਇਸ ਵੇਲੇ ਮਹਾਂਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਗੁਆਂਢੀ ਦੇਸ਼ ਯੁਗਾਂਡਾ ਦੀ ਰਾਜਧਾਨੀ ਕੰਪਾਲਾ ‘ਚ ਵੀ ‘ਬੁਨਡੀਬੁਗਯੋ ਸਟੇਨ’ ਦੇ ਕੁਝ ਕੇਸਾਂ ਦੀ ਪਹਿਚਾਣ ਹੋਈ ਹੈ । ਡੀ ਆਰ ਸੀ ਦੇ ਗੋਮਾ ਸ਼ਹਿਰ ‘ਚ ਵੀ ਈਬੋਲਾ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਇਹ ਸ਼ਹਿਰ ਇਟੂਰੀ ਸੂਬੇ ਤੋਂ 350 ਮੀਲ ਦੂਰ ਹੈ, ਜਿੱਥੇ ਸਭ ਤੋਂ ਪਹਿਲਾਂ ਇਬੋਲਾ ਦੇ ਕੇਸਾਂ ਬਾਰੇ ਪਤਾ ਲੱਗਾ ਸੀ।

ਇਸ ਘਾਤਕ ਮਹਾਂਮਾਰੀ ਈਬੋਲਾ ਨੂੰ ‘ਰੱਬ ਦੀ ਮਰਜ਼ੀ’ ਜਾਂ ਇਕ ‘ਕੁਦਰਤੀ ਆਫ਼ਤ’ ਦੱਸਿਆ ਜਾ ਰਿਹਾ ਹੈ। ਇਹ ਬੜਾ ਸੌਖਾ ਤੇ ਸ਼ਾਤਰਾਨਾ ਰਾਹ ਹੈ। ਇਸ ਨਾਲ ਅਜਿਹੀਆਂ ਬਿਪਤਾਵਾਂ ਪੈਦਾ ਕਰਨ ਵਾਲੇ ਹਾਲਾਤ ਤੇ ਚੁਗਿਰਦੇ ਦੇ ਨੁਕਸਾਨ ਲਈ ਜ਼ਿੰਮੇਵਾਰ ਤਾਕਤਾਂ, ਲੋਕਾਂ, ਸੰਸਥਾਵਾਂ ਨੂੰ ਬਰੀ ਕਰਕੇ ਸਾਰਾ ਦੋਸ਼ ਸਥਾਨਕ ਲੋਕਾਂ ਦੇ ਪਛੜੇਪਣ ਤੇ ਮਾੜੀ ਕਿਸਮਤ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ, ਜਦਕਿ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ‘ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ’ ਦੀ ਜਰਖੇਜ਼ ਧਰਤੀ ਕੋਬਾਲਟ, ਕੋਲਟਾਨ, ਸੋਨੇ ਵਰਗੀਆਂ ਕੀਮਤੀ ਧਾਤਾਂ ਤੇ ਦੁਰਲਭ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਇਨ੍ਹਾਂ ਬੇਸ਼ਕੀਮਤੀ ਖਣਿਜਾਂ ਤੇ ਧਾਤਾਂ ਕਰਕੇ ਹੀ ਇਹ ਖੇਤਰ ਸਦੀਆਂ ਤੋਂ ਇੱਥੋਂ ਦੇ ਲੋਕਾਂ ਦੀਆਂ ਬਿਪਤਾਵਾਂ ਦਾ ਕਾਰਨ ਬਣਿਆ ਆ ਰਿਹਾ ਹੈ। ਉਹੀ ਕੀਮਤੀ ਵਸੀਲੇ, ਜੋ ਉਨ੍ਹਾਂ ਦਾ ਜੀਵਨ ਸੰਵਾਰ ਸਕਦੇ ਹਨ, ਦੀ ਲੁੱਟ ਸਦਕਾ ਉਨ੍ਹਾਂ ਨੂੰ ਨਿਰੰਤਰ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ। 1961 ‘ਚ ਕਾਂਗੋ ‘ਚ ਸੱਤਾ ‘ਤੇ ਕਾਬਜ ਹੋਏ ਖੱਬੇ ਪੱਖੀ ਆਗੂ ਪੈਟਰਿਸ ਲੁਮੂੰਬਾ ਨੂੰ ਸੀ ਆਈ ਏ ਨੇ ਕਤਲ ਕਰਵਾ ਦਿੱਤਾ ਸੀ। ਇਸ ਪਿਛੋਂ ਸੱਤਾ ‘ਤੇ ਬਿਠਾਏ ਸਾਮਰਾਜੀ ਹੱਥਠੋਕੇ ਮੋਬੁਤੁ ਸੇਸੇ ਸੋਕੋ ਨੇ ਲੁਮੂੰਬਾ ਵੱਲੋਂ ਉਸਾਰਿਆ ਸਿਹਤ ਸੰਭਾਲ ਢਾਂਚਾ ਤਬਾਹ ਕਰ ਦਿੱਤਾ ।

ਮੌਜੂਦਾ ਸਮੇਂ ਈਬੋਲਾ ਵਾਇਰਸ ਜਿਸ ਖੇਤਰ ‘ਚ ਸਾਹਮਣੇ ਆਇਆ ਹੈ, ਉਹ ਦੁਨੀਆ ਦਾ ਸਭ ਤੋਂ ਗੰਭੀਰ ਮਨੁੱਖੀ ਸੰਕਟ ਝੱਲ ਰਿਹਾ ਹੈ। ਪੂਰਬੀ ਖਿੱਤਾ, ਪਿੱਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜੰਗਾਂ ਦਾ ਮੈਦਾਨ ਬਣਿਆ ਹੋਇਆ ਹੈ । ਇਸ ਦੇ ਸਿੱਟੇ ਵਜੋਂ 60 ਲੱਖ ਲੋਕ, ਜਿਨ੍ਹਾਂ ‘ਚੋਂ ਬਹੁਤੇ ਬੀਮਾਰੀਆਂ ਤੇ ਭੁੱਖ ਦਾ ਸ਼ਿਕਾਰ ਬਣੇ ਹਨ, ਮਾਰੇ ਜਾ ਚੁੱਕੇ ਹਨ। 70 ਲੱਖ ਤੋਂ ਵੱਧ ਲੋਕ ਅੰਦਰੂਨੀ ਉਜਾੜੇ ਦਾ ਸ਼ਿਕਾਰ ਬਣੇ ਹਨ। ਇਨ੍ਹਾਂ ‘ਚੋਂ ਬਹੁਤੇ ਉਨ੍ਹਾਂ ਆਰਜ਼ੀ ਕੈਂਪਾਂ ‘ਚ ਤੂੜੇ ਹੋਏ ਹਨ, ਜਿੱਥੇ ਨਾ ਪੀਣ ਲਈ ਸਾਫ਼ ਪਾਣੀ ਹੈ ਤੇ ਨਾ ਹੀ ਮਲ-ਮੂਤਰ ਨੂੰ ਠੀਕ ਢੰਗ ਨਾਲ ਨਿਪਟਾਉਣ ਦਾ ਪ੍ਰਬੰਧ ਹੈ। ਦੇਸ਼ ਦੇ 2 ਕਰੋੜ 70 ਲੱਖ ਲੋਕ ਗੰਭੀਰ ਭੁੱਖਮਰੀ ਦੇ ਸ਼ਿਕਾਰ ਹਨ। ਹੈਜ਼ਾ, ਚੇਚਕ, ਮੱਕੀ ਪੌਕਸ ਆਦਿ ਰੋਗਾਂ ਦਾ ਬੋਲਬਾਲਾ ਹੈ। ਈਬੋਲਾ ਤੇ ਹੋਰ ਘਾਤਕ ਮਹਾਂਮਾਰੀਆਂ ਦੇ ਪਨਪਣ ਤੇ ਫੈਲਣ ਲਈ ਇਹੋ ਜਿਹੀਆਂ ਸਥਿਤੀਆਂ ਹੀ ਜਰਖੇਜ਼ ਭੋਇੰ ਤਿਆਰ ਕਰਦੀਆਂ ਹਨ।

ਹੁਣ ਵੀ ਜਦੋਂ ਡੀ ਆਰ ਸੀ ਦਾ ਇਟੂਰੀ ਪ੍ਰਾਂਤ ਈਬੋਲਾ ਮਹਾਂਮਾਰੀ ਦਾ ਕੇਂਦਰ ਬਣਿਆ ਹੋਇਆ ਹੈ, ਉਥੇ ਅਤੇ ਕਿਵੁਸ ਪ੍ਰਾਂਤ ‘ਚ ਕੋਲਟਨ ਤੇ ਸੋਨੇ ਦੀਆਂ ਖਾਨਾਂ ‘ਤੇ ਕਬਜ਼ੇ ਲਈ ਰਵਾਂਡਾ ਦੀ ਸ਼ਹਿ ਪ੍ਰਾਪਤ ਐਮ-23 ਹਥਿਆਰਬੰਦ ਅੱਤਵਾਦੀ ਗਰੁੱਪਾਂ ਦੇ ਹਮਲੇ ਜਾਰੀ ਹਨ। ਪੱਛਮੀ ਦੇਸ਼ਾਂ ਤੇ ਸਾਮਰਾਜੀ ਅਮਰੀਕਾ ਦੀਆਂ ਦਿਓਕੱਦ ਵਪਾਰਕ ਕਾਰਪੋਰੇਸ਼ਨਾਂ ਇਨ੍ਹਾਂ ਦੀ ਪਿੱਠ ‘ਤੇ ਹਨ। ਕੋਬਾਲਟ, ਕੋਟਾਨ ਤੇ ਸੋਨਾ ਆਦਿ ਦੁਰਲਭ ਖਣਿਜ ਇਨ੍ਹਾਂ ਲੁਟੇਰੀਆਂ ਕੰਪਨੀਆਂ ਵੱਲੋਂ ਬਣਾਏ ਜਾਂਦੇ ਤੇ ਵਿਕਸਤ ਦੇਸ਼ਾਂ ਦੇ ਧਨਾਢਾਂ ਵੱਲੋਂ ਵਰਤੇ ਜਾਂਦੇ ਸਮਾਰਟ ਫੋਨ, ਲੈਪਟੋਪ ਤੇ ਬਿਜਲਈ ਵਾਹਨਾਂ ਦਾ ਸ਼ਿੰਗਾਰ ਬਣਦੇ ਹਨ। ਗਲੈਨਕੋਰ ਵਰਗੇ ਖਣਿਜ, ਇਨ੍ਹਾਂ ਤਕਨੀਕੀ ਕਾਰਪੋਰੇਟਾਂ ਦੇ ਮੁਨਾਫ਼ਿਆਂ ‘ਚ ਅਥਾਹ ਵਾਧਾ ਕਰਦੇ ਹਨ।

ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਕੀਤਾ ਗਿਆ ‘ਵਾਸ਼ਿੰਗਟਨ ਸਮਝੌਤਾ’ ਦੁਰਲਭ ਖਣਿਜਾਂ ਦੀ ਇਸੇ ਲੁੱਟ ਦੀ ਨੰਗੀ-ਚਿੱਟੀ ਮਿਸਾਲ ਹੈ। ਇਸ ਨਾਲ ਟਰੰਪ ਦੇ ਨਜ਼ਦੀਕੀ ਧਨਾਢ ਤਾਂ ਮਾਲਾਮਾਲ ਹੋ ਰਹੇ ਹਨ, ਪਰ ਇਸ ਖੇਤਰ ਦੇ ਮਿਹਨਤਕਸ਼ ਮੌਤ ਦੇ ਮੂੰਹ ‘ਚ ਪੈ ਰਹੇ ਹਨ।

ਹੁਣ ਤੱਕ ਹੋਈਆਂ ਖੋਜਾਂ ਮੁਤਾਬਕ ਈਬੋਲਾ ਜਿਹੀਆਂ ਮਹਾਂਮਾਰੀਆਂ ਨੂੰ ਫੈਲਾਉਣ ਵਾਲੇ ਵਾਇਰਸਾਂ ਦਾ ਸਰੋਤ ਜੰਗਲੀ ਜੀਵ ਹਨ। ਵਪਾਰਕ ਕਾਰਪੋਰੇਸ਼ਨਾਂ ਜਦੋਂ ਆਪਣੇ ਲਾਲਚ ਤੇ ਮੁਨਾਫ਼ੇ ਨੂੰ ਮੁੱਖ ਰੱਖ ਕੇ ਖਣਿਜਾਂ ਦਾ ਖਨਨ ਕਰਨ ਲਈ ਅੰਨ੍ਹੇਵਾਹ ਜੰਗਲ ਸਾਫ ਕਰਦੀਆਂ ਹਨ ਤਾਂ ਇਨ੍ਹਾਂ ਮਹਾਂਮਾਰੀਆਂ ਦੇ ਵਾਇਰਸ ਦੇ ਸਰੋਤ, ਜੰਗਲੀ ਜੀਵਾਂ ਦਾ ਮਨੁੱਖਾਂ ਦੇ ਸੰਪਰਕ ‘ਚ ਆਉਣ ਦਾ ਜੋਖ਼ਮ ਵੱਧ ਜਾਂਦਾ ਹੈ। ਪਹਿਲਾਂ ਜਿਨ੍ਹਾਂ ਜੰਗਲਾਂ ਤੱਕ ਲੋਕਾਂ ਦੀ ਪਹੁੰਚ ਨਹੀਂ ਸੀ ਹੁੰਦੀ, ਉਥੇ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਪਹੁੰਚਦੇ ਹਨ ਤੇ ਉਨ੍ਹਾਂ ਦਾ ਮਾਸ ਖਾਂਦੇ ਹਨ। ਜੰਗਲੀ ਜਾਨਵਰਾਂ ਤੋਂ ਮਨੁੱਖਾਂ ਤੱਕ ਵਾਇਰਸਾਂ ਦੇ ਪੁੱਜਣ ਦਾ ਇਹ ਵੀ ਇਕ ਜ਼ਰੀਆ ਬਣਦਾ ਹੈ। ਇਕ ਹੋਰ ਕਾਰਨ ਵੀ ਹੈ। ਜੰਗਲੀ ਜੀਵ ਜਿਨ੍ਹਾਂ ਦੇ ਰਹਿਣ ਟਿਕਾਣੇ ਜੰਗਲ ਉਜਾੜ ਦਿੱਤੇ ਜਾਂਦੇ ਹਨ, ਉਹ ਭੋਜਨ ਦੀ ਤਲਾਸ਼ ‘ਚ ਮਨੁੱਖੀ ਬਸਤੀਆਂ ਚ ਪਹੁੰਚਦੇ ਹਨ। ਜੰਗਲੀ ਜੀਵਾਂ ਤੋਂ ਮਨੁੱਖਾਂ ਤੱਕ ਫੈਲਣ ਵਾਲੀਆਂ ਬੀਮਾਰੀਆਂ ਦੇ ਇਹ ਮੁੱਖ ਰਾਹ ਹਨ । ਇਹ ਤੱਥ, 2014-16 ਤੇ 2018-20 ਦੀਆਂ ਈਬੋਲਾ ਮਹਾਂਮਾਰੀਆਂ ਵੇਲੇ ਬਾਖੂਬੀ ਤਸਦੀਕ ਹੋ ਚੁੱਕੇ ਹਨ। ਇਹ ਕੋਈ ਸੰਯੋਗ ਨਹੀਂ ਸੀ ਕਿ ਈਬੋਲਾ ਦੇ ਸਭ ਤੋਂ ਪਹਿਲੇ ਮਾਮਲਿਆਂ ਦੀ ਸ਼ਨਾਖਤ ਦੇਸ਼ ਦੇ ਪੂਰਬੀ ਹਿੱਸੇ ਦੇ ਖਾਣਾਂ ਵਾਲੇ ਖੇਤਰਾਂ ‘ਚ ਹੀ ਹੋਈ ਸੀ।

ਅਜਿਹੀਆਂ ਬਿਮਾਰੀਆਂ ਦੇ ਉਭਾਰ ਤੇ ਪਸਾਰ ਦਾ ਇਕ ਹੋਰ ਕਾਰਨ ਵੀ ਹੁੰਦਾ ਹੈ। ਸਥਾਨਕ ਲੋਕਾਂ ਦੀ ਮੰਦੀ ਸਿਹਤ ਤੇ ਮਾੜੀਆਂ ਜਿਉ ਹਾਲਤਾਂ। ਇਸੇ ਕਰਕੇ ਉਹ ਅਜਿਹੇ ਵਾਇਰਸਾਂ ਦੇ ਸ਼ਿਕਾਰ ਸੰਖਿਆਂ ਹੀ ਬਣ ਜਾਂਦੇ ਹਨ । ਕੀਮਤੀ ਖਣਿਜਾਂ ਨਾਲ ਭਰਪੂਰ ਖੇਤਰਾਂ ‘ਤੇ ਕਬਜ਼ਾ ਕਰਨ ਹਿਤ ਉੱਥੋਂ ਦੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਪਰਿਵੇਸ਼ ਤੋਂ ਉਜਾੜਨ ਲਈ ਇਨ੍ਹਾਂ ਕਾਰਪੋਰੇਸ਼ਨਾਂ ਦੀਆਂ ਪੁਸ਼ਤ-ਪਨਾਹ ਪੂੰਜੀਵਾਦੀ-ਸਾਮਰਾਜੀ ਸਰਕਾਰਾਂ ਇਨ੍ਹਾਂ ਖੇਤਰਾਂ, ਖਾਸ ਕਰਕੇ ਡੀ ਆਰ ਸੀ ਵਰਗੇ ਅਫਰੀਕੀ ਦੇਸ਼ਾਂ ‘ਚ ਖਾਨਾਜੰਗੀਆਂ ਕਰਾਉਂਦੀਆ ਹਨ। ਇਸ ਕੰਮ ਲਈ ਇਸ ਖਿੱਤੇ ‘ਚ ਕਬੀਲਾਈ ਪਛਾਣਾਂ ਨੂੰ ਵਰਤਿਆ ਜਾਂਦਾ ਹੈ। ਕਬੀਲਾਈ ਸਰਦਾਰਾਂ ਤੇ ਸਥਾਨਕ ਸਮਾਜ ਵਿਰੋਧੀ ਤੱਤਾਂ ਨੂੰ ਹਥਿਆਰ ਤੇ ਪੈਸਾ ਦਿੱਤਾ ਜਾਂਦਾ ਹੈ । ਲਿਹਾਜ਼ਾ, ਮੂਲ ਨਿਵਾਸੀ ਆਪਣੀਆਂ ਜ਼ਮੀਨਾਂ ਛੱਡ ਕੇ ਉਜੜ ਜਾਣ ਲਈ ਮਜਬੂਰ ਹੋ ਜਾਂਦੇ ਹਨ । ਦੂਜੀ ਵਾਰ ਅਮਰੀਕਾ ਦੀ ਸੱਤਾ ਸੰਭਾਲਣ ਤੋਂ ਪਿੱਛੋਂ ਡੋਨਾਲਡ ਟਰੰਪ ਨੇ ਲੰਘੇ 15 ਮਹੀਨਿਆਂ ਚ ਆਪਣੇ ਦੁਸ਼ਮਣ ਨੂੰ ਸਬਕ ਸਿਖਾਉਣ ਲਈ ਆਪਣਾ ਹੀ ਘਰ ਤਬਾਹ ਕਰ ਲੈਣ ‘ਤੇ ਅਧਾਰਤ ਨੀਤੀ ਅਧੀਨ ਆਪਣੇ ਹੀ ਉਸ ਖੋਜ ਪ੍ਰੋਗਰਾਮ ਨੂੰ ਬਰਬਾਦ ਕਰ ਲਿਆ ਹੈ, ਜੋ ਘਾਤਕ ਵਾਇਰਸ ‘ਤੇ ਅਧਾਰਤ ਇਸ ਮਹਾਂਮਾਰੀ ਨੂੰ ਉਸ ਦੇ ਮੁਢਲੇ ਸਰੋਤ ‘ਤੇ ਹੀ ਰੋਕਣ ਦੇ ਸਮਰੱਥ ਸੀ। ਟਰੰਪ ਨੇ ਜਨਵਰੀ 2025 ‘ਚ ਇਸ ਖੇਤਰ ‘ਚ ਈਬੋਲਾ ਵਰਗੀਆਂ ਬੀਮਾਰੀਆਂ ਦੇ ਮੁਢਲੇ ਲੱਛਣ ਤੇਜ਼ ਬੁਖਾਰ ‘ਤੇ ਖੋਜ ਕਰਨ ਲਈ 10 ਅਰਬ ਡਾਲਰ ਖਰਚੇ ਜਾਣ ਦਾ ਪ੍ਰੋਗਰਾਮ ਖਤਮ ਕਰ ਦਿੱਤਾ ਸੀ । ਡਬਲਿਊ ਐੱਚ ਓ, ਯੂ ਐੱਸ ਏਡ ਦੀ ਇਮਦਾਦ ਨਾਲ ਅਜਿਹੇ ਢਾਂਚੇ ਚਲਾਉਂਦਾ ਸੀ, ਜੋ ਅਫਰੀਕਾ ‘ਚ ਫੁਟਣ ਵਾਲੀਆਂ ਬੀਮਾਰੀਆਂ ਦੀ ਨਿਗਰਾਨੀ ਕਰਦੇ ਸਨ।

ਟਰੰਪ ਪ੍ਰਸ਼ਾਸਨ ਦੇ ਇਨ੍ਹਾਂ ਕਦਮਾਂ ਦੇ ਤਬਾਹਕੁੰਨ ਨਤੀਜੇ ਧਰਤੀ ‘ਤੇ ਖੂਬ ਦਿੱਸ ਵੀ ਰਹੇ ਹਨ। ਪ੍ਰਯੋਗਸ਼ਾਲਾਵਾਂ ਬੰਦ ਹੋ ਗਈਆਂ। ਸੰਪਰਕ ਲੱਭਣ ਦੀ ਵਿਵਸਥਾ ਖੇਰੂੰ-ਖੇਰੂ ਹੋ ਗਈ। ਸਿੱਖਿਅਤ ਸਿਹਤ ਕਾਮੇ ਖਿੰਡ ਗਏ। ਇਸੇ ਦਾ ਹੀ ਸਿੱਟਾ ਸੀ ਕਿ ਡੀ ਆਰ ਸੀ ਦੇ ਇਟੂਰੀ, ਜਿੱਥੋਂ ਇਹ ਬੀਮਾਰੀ ਫੁੱਟੀ ਸੀ, ਵਿਖੇ ਇਸ ਦਾ ਪਤਾ ਲਗਭਗ 6 ਹਫਤਿਆਂ ਪਿਛੋਂ ਲੱਗ ਸਕਿਆ ਸੀ। ਇਹ ਹੈ ਉਹ ਸਮਾਜਿਕ ਕਤਲ, ਜਿਸ ਲਈ ਜ਼ਿੰਮੇਵਾਰ ਉਹ ਹਾਕਮ ਜਮਾਤ ਹੈ, ਜਿਹੜੀ ਜਾਣ ਬੁੱਝ ਕੇ ਅਜਿਹੀਆਂ ਸਥਿਤੀਆਂ ਬਣਾ ਕੇ ਰੱਖਦੀ ਹੈ। ਮੌਜੂਦਾ ਸਟ੍ਰੇਨ ਦੀ ਵੈਕਸੀਨ ਬਣਾਉਣ ਲਈ ਘੱਟੋ-ਘੱਟ 8-9 ਮਹੀਨੇ ਲੱਗਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਵੇਲੇ ਸਥਿਤੀ ਇਹ ਹੈ ਕਿ ਉਥੇ ਕੰਮ ਕਰ ਰਹੇ ਸਿਹਤ ਕਰਮੀਆਂ ਕੋਲ ਪੀ ਪੀ ਈ ਕਿੱਟਾਂ ਤੇ ਰੋਗਾਣੂ ਰੋਧਕ ਜੈੱਲ ਵਰਗੀਆਂ ਬੁਨਿਆਦੀ ਵਸਤਾਂ ਵੀ ਨਹੀਂ ਹਨ ਤੇ ਉਹ ਅਪਣਾ ਜੀਵਨ ਦਾਅ ‘ਤੇ ਲਾ ਕੇ ਕੰਮ ਕਰ ਰਹੇ ਹਨ। ਕਈ ਸਿਹਤਕਰਮੀ ਤਾਂ ਲਾਗ ਦਾ ਸ਼ਿਕਾਰ ਹੋ ਕੇ ਮਰ ਵੀ ਚੁੱਕੇ ਹਨ।

ਅਮਰੀਕਾ, ਅਫਰੀਕਾ ਦੇ ਹੀ ਦੇਸ਼ ਕੀਨੀਆ ‘ਚ ਇਕ ਆਈਸੋਲੇਸ਼ਨ ਕੇਂਦਰ ਬਣਾ ਰਿਹਾ ਹੈ। ਇੱਥੇ ਈਬੋਲਾ ਦੇ ਜੋਖ਼ਮ ਵਾਲੇ ਅਮਰੀਕੀ ਨਾਗਰਿਕ ਭੇਜੇ ਜਾਣਗੇ ਤੇ ਉਨ੍ਹਾਂ ਨੂੰ ਆਪਣੇ ਦੇਸ਼ ਜਾਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉੱਥੇ ਕੇਵਲ ਅਮਰੀਕੀ ਨਾਗਰਿਕ ਹੀ ਦਾਖਲ ਹੋ ਸਕਣਗੇ। ਕੀਨੀਆ ਦੇ ਲੋਕਾਂ ਦਾ ਸੁਆਲ ਹੈ ਕਿ ਜਦੋਂ ਕੀਨੀਆ ‘ਚ ਕਦੇ ਵੀ ਈਬੋਲਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਫਿਰ ਇਹ ਕੇਂਦਰ ਇੱਥੇ ਕਿਉਂ ਸਥਾਪਿਤ ਕੀਤਾ ਜਾ ਰਿਹਾ ਹੈ? ਕੀਨੀਆ ਦੇ ਲੋਕ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ। ਨਿੱਤ ਦਿਨ ਮੁਜ਼ਾਹਰੇ ਹੋ ਰਹੇ ਹਨ। ਸਰਕਾਰ ਵੱਲੋਂ ਚਲਾਈ ਗਈ ਗੋਲੀ ਨਾਲ 3 ਮੁਜ਼ਾਹਰਾਕਾਰੀ ਮਾਰੇ ਜਾ ਚੁੱਕੇ ਹਨ ।

See Also

ਦੂਜੇ ਪਾਸੇ ਸਮਾਜਵਾਦੀ ਦੇਸ਼ ਕਿਊਬਾ ਹੈ । ਇਸ ਨੇ 2014-16 ਤੇ 2018-20 ਦੀਆਂ ਈਬੋਲਾ ਮਹਾਮਾਰੀਆਂ ਦੌਰਾਨ ਆਪਣੇ ਦੇਸ਼ ਦੇ 1200 ਡਾਕਟਰਾਂ ਤੇ ਸਿਹਤ ਕਾਮਿਆਂ ਦੇ 3 ਬ੍ਰਿਗੇਡ ਤੈਨਾਤ ਕੀਤੇ ਸਨ, ਜੋ ਇਹ ਮਹਾਮਾਰੀ ਖਤਮ ਹੋਣ ਪਿੱਛੋਂ ਹੀ ਆਪਣੇ ਦੇਸ਼ ਪਰਤੇ ਸਨ। ਉਹੀ ਕਿਊਬਾ, ਜੋ ਅਮਰੀਕਾ ਸਾਮਰਾਜ ਵੱਲੋਂ ਪਾਬੰਦੀਆਂ ਸਖ਼ਤ ਕੀਤੇ ਜਾਣ ਕਰਕੇ ਅੱਜ ਆਪਣੇ ਹਸਪਤਾਲ ਚਾਲੂ ਰੱਖਣ ਦੇ ਸੰਕਟ ਨਾਲ ਜੂਝ ਰਿਹਾ ਹੈ ।

ਇਹ ਸਪੱਸ਼ਟ ਹੈ ਕਿ ਵਿੱਤੀ ਧਨਾਢ ਹਾਕਮ ਜਮਾਤਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਅਗਾਂਹ ਆਉਣ ਵਾਲੀ ਅਜਿਹੀ ਮਹਾਂਮਾਰੀ ਨੂੰ ਕਿਵੇਂ ਰੋਕਣਾ ਹੈ, ਬਲਕਿ ਉਹ ਤਾਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੋਈ ਵੀ ਅਜਿਹੀ ਸਥਿਤੀ ਨਾ ਬਣੇ, ਜਿਸ ਨਾਲ ਵਸੀਲਿਆਂ ਦੀ ਲਾਮਬੰਦੀ ਜਾਂ ਉਤਪਾਦਨ ‘ਚ ਕੋਈ ਅੜਿੱਕਾ ਪੈਦਾ ਹੋਵੇ, ਯਾਨਿ ਕੁਝ ਵੀ ਅਜਿਹਾ ਵਾਪਰਨ ਦੀ ਇਜਾਜ਼ਤ ਨਹੀਂ ਹੈ, ਜਿਸ ਨਾਲ ਮੁਨਾਫੇ ਦੇ ਵਹਾਅ ‘ਚ ਮਾਮੂਲੀ ਜਿਹਾ ਵੀ ਖਲਲ ਪੈਂਦਾ ਹੋਵੇ।

ਜ਼ਰਾ ਸੋਚੋ! ਕੀ ਭਾਰਤ ਦੇ ਜੁੰਡੀ ਪੂੰਜੀਪਤੀ ਅਤੇ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਕੁਦਰਤ ਨਾਲ ਖਿਲਵਾੜ ਕਰਕੇ ਸਾਡੇ ਭਾਰਤ ਦੇਸ਼ ਨੂੰ ਵੀ ‘ਕਾਂਗੋ’ ਵਰਗੇ ਹਾਲਾਤ ਵੱਲ ਤਾਂ ਨਹੀਂ ਧਕੇ ਰਹੇ ?

ਸੰਪਰਕ : 94643-36019

ਨਵਾਂ ਜ਼ਮਾਨਾ ਤੋਂ ਧੰਨਵਾਦ ਸਾਹਿਤ

Scroll To Top