
ਫਿਲੌਰ: ਅੱਜ ਇੱਥੋਂ ਦੇ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੱਦੇ ਤਹਿਤ ਤਹਿਸੀਲ ਫਿਲੌਰ ਦੇ ਵੱਖ-ਵੱਖ ਪਿੰਡਾਂ ਤੋਂ ਆਏ ਵਿਦਿਆਰਥੀਆਂ ਨੇ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਗਗਨਦੀਪ ਸਰਦੂਲਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਕਮਾਂ ਵਲੋਂ ਸਿੱਖਿਆ ਦਾ ਨਿੱਜੀਕਰਨ, ਵਪਾਰੀਕਰਨ ਕਰਕੇ ਵਿਦਿਆਰਥੀਆਂ ਨੂੰ ਅੱਖਰ ਵਿਹੂਣਾ ਕਰਨ ਦੀ ਡੂੰਘੀ ਸਾਜਿਸ਼ ਅਪਣਾਈ ਜਾ ਰਹੀ ਹੈ। ਵਿੱਦਿਆ ਜਦੋਂ ਦੀ ਵਪਾਰੀਆਂ ਦੇ ਹੱਥ ਆਈ ਹੈ, ਉਸ ਵੇਲੇ ਤੋਂ ਹੀ ਇਹ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਜਦੋਂ ਕਿ ਵਿੱਦਿਆ ਵਪਾਰ ਲਈ ਨਹੀਂ ਸਗੋਂ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਕਰਨ, ਸਿਆਣਾ ਕਰਨ, ਰੁਜ਼ਗਾਰ ਦਾ ਜ਼ਰੀਆ ਬਣਾਉਣ ਲਈ ਹੁੰਦੀ ਹੈ। ਗਗਨਦੀਪ ਨੇ ਅੱਗੇ ਕਿਹਾ ਕਿ ਨੀਟ ਦੀ ਪ੍ਰੀਖਿਆ ਦਾ ਪਿਛਲੇ ਦੋ ਤਿੰਨ ਸਾਲ ਤੋਂ ਵਾਰ ਵਾਰ ਪੇਪਰ ਲੀਕ ਹੋਣਾ ਸਾਡੇ ਸਿਸਟਮ ‘ਤੇ ਸਵਾਲੀਆਂ ਚਿੰਨ ਲਾਉਂਦਾ ਹੈ। ਕੱਲ੍ਹ ਹੀ ਵਿੱਚ ਮਹਾਰਾਸ਼ਟਰ ‘ਚ ਟੈੱਟ ਦਾ ਪੇਪਰ ਲੀਕ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੇਲੇ ਬੱਸ ਪਾਸਾਂ ਨੂੰ ਲਾਗੂ ਕਰਨ ਲਈ ਸੰਘਰਸ਼ ਕੀਤਾ ਜਾਂਦਾ ਹੁੰਦਾ ਸੀ ਪਰ ਹੁਣ ਵਿਦਿਆਰਥੀ ਚੁੱਪ ਚਪੀਤੇ ਪੈਸੇ ਦੇ ਕੇ ਸਫ਼ਰ ਕਰ ਲੈਂਦੇ ਹਨ। ਵਿਦਿਆਰਥੀਆਂ ਦੀ ਮਜ਼ਬੂਤ ਲਹਿਰ ਨਾ ਹੋਣ ਕਾਰਨ ਹੀ ਵਿੱਦਿਆ ਕੁੱਝ ਪਰਿਵਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ।
ਇਸ ਮੌਕੇ ਉਚੇਚੇ ਤੌਰ ‘ਤੇ ਸ਼ਾਮਲ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਵਿਦਿਆਰਥੀ ਲਹਿਰ ਕਮਜ਼ੋਰ ਕਰਨ ਵਾਸਤੇ ਅਤੇ ਸਿੱਖਿਆ ਢਾਂਚ ਅੰਦਰ ਕਾਰਪੋਰੇਟ ਸੈਕਟਰ ਨੂੰ ਲੈ ਕੇ ਆਉਣਾ ਗਰੀਬ ਲੋਕਾਂ ਦੇ ਬੱਚਿਆਂ ਨੂੰ ਅਨਪੜ ਰੱਖ ਕੇ ਬੀਜੇਪੀ ਸਰਕਾਰ ਆਪਣਾ ਰਾਜਭਾਗ ਨੂੰ ਲਮੇਰਾ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੇ ਕਾਰਜ ਕਾਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਕੂਲਾਂ ਅਤੇ ਕਾਲਜਾਂ ਅੰਦਰ ਅਧਿਆਪਕਾਂ ਦੀ ਭਰਤੀ ਨਾ ਕਰਨੀ, ਇਸ ਸਰਕਾਰ ਦਾ ਅਸਲ ਚਿਹਰਾ ਦਰਸਾਉਂਦੀ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਨੂੰ ਮੁਨਾਫੇ ਦੇਣ ਵਾਸਤੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਗਰਾਂਟਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ।
ਇਸ ਮੀਟਿੰਗ ‘ਚ ਉਚੇਚੇ ਤੌਰ ‘ਤੇ ਫੈਡਰੇਸ਼ਨ ਦੇ ਆਗੂ ਐਡੋਵੇਕਟ ਬਲਦੇਵ ਸਾਹਨੀ, ਸਭਾ ਦੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਤਹਿਸੀਲ ਸਕੱਤਰ ਸੁਨੀਲ ਭੈਣੀ ਤੋਂ ਇਲਾਵਾ ਹੈਰੀ ਫਿਲੌਰ, ਗਗਨਦੀਪ ਬਿਲਗਾ, ਪ੍ਰਿੰਸ, ਨਵਜੋਤ ਪਾਲ ਕਦੀਮ, ਮੋਹਿਤ, ਰਣਵੀਰ ਭੂਟੋਏ, ਕਰਨ ਵਾਲੀਆ, ਪਰਮਵੀਰ, ਜਸਕਰਨ, ਪ੍ਰਦੀਪ ਬੰਡਾਲਾ, ਗੁਰਵਿੰਦਰ ਸਿੰਘ ਬਾਸੀ, ਅਰਮਾਨ ਬਾਸੀ, ਦਿਲਪ੍ਰੀਤ ਸਿੰਘ, ਸਾਹਿਲ, ਸਤਨਾਮ ਵਰਦਾਨ, ਹਰਪ੍ਰੀਤ, ਜੋਬਨ ਮਹਿਰਾ, ਹੇਮੰਤ, ਗੈਰੀ, ਅਨਮੋਲ ਆਦਿ ਵਿਦਿਆਰਥੀ ਹਾਜ਼ਰ ਸਨ।