Now Reading
ਫਾਸ਼ੀਵਾਦ ਵਿਰੋਧੀ ਫਰੰਟ ਵੱਲੋਂ ਮੁੱਖ ਬਸ ਸਟੈਂਡ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਕੀਤਾ ਰੋਸ ਮਾਰਚ

ਫਾਸ਼ੀਵਾਦ ਵਿਰੋਧੀ ਫਰੰਟ ਵੱਲੋਂ ਮੁੱਖ ਬਸ ਸਟੈਂਡ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਕੀਤਾ ਰੋਸ ਮਾਰਚ

ਹੁਸ਼ਿਆਰਪੁਰ: ਅੱਜ ਫਾਸ਼ੀਵਾਦ ਵਿਰੋਧੀ ਫਰੰਟ ਪੰਜਾਬ ਵੱਲੋਂ ਦਿੱਤੇ ਸੱਦੇ ‘ਤੇ ਜ਼ਿਲ੍ਹਾ ਪੱਧਰ ਤੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਖੱਬੀਆਂ ਪਾਰਟੀਆਂ ਵੱਲੋਂ ਇੱਕ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਲ ਝੰਡੇ, ਤਖਤੀਆਂ ਅਤੇ ਬੈਨਰ ਵੱਡੀ ਗਿਣਤੀ ਵਿੱਚ ਚੁੱਕੇ ਹੋਏ ਸਨ ਅਤੇ ਇਹਨਾਂ ਵੱਲੋਂ ਅਮਰੀਕਨ ਸਾਮਰਾਜ ਅਤੇ ਭਾਰਤ ਸਰਕਾਰ ਦੇ ਖਿਲਾਫ ਖੂਬ ਨਾਹਰੇਬਾਜੀ ਕੀਤੀ । ਇਸ ਰੈਲੀ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ , ਸੀਪੀਆਈ, ਸੀਪੀਆਈਐਮਐਲ ਲਿਬਰੇਸ਼ਨ, ਸੀਪੀਆਈਐਮਐਲ ਨਿਊ ਡੈਮੋਕਰੇਸੀ ਅਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਬੁਲਾਰਿਆਂ ਨੇ ਦੁਨੀਆ ਵਿੱਚ ਬਣ ਰਹੇ ਜੰਗੀ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ। ਉਨਾਂ ਨੇ ਗਜਾ ਅਤੇ ਲਿਬਨਾਨ ਵਿੱਚ ਮਾਰੇ ਜਾ ਰਹੇ ਨਿਰਦੋਸ਼ ਲੋਕਾਂ ਦੇ ਕਤਲ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਸਾਮਰਾਜਵਾਦ ਬਿਲਕੁਲ ਪਾਗਲਾਂ ਵਾਲੀਆਂ ਹਰਕਤਾਂ ਕਰ ਰਿਹਾ ਹੈ ਅਤੇ ਦੁਨੀਆਂ ਨੂੰ ਬਰਬਾਦ ਕਰਨ ਦੇ ਵੱਲ ਵਧ ਰਿਹਾ ਹੈ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਆਰਐਸਐਸ ਦੀਆਂ ਨੀਤੀਆਂ ਨੂੰ ਪੂਰੇ ਦੇਸ਼ ਵਿੱਚ ਪੂਰੇ ਜ਼ੋਰ ਨਾਲ ਲਾਗੂ ਕਰ ਰਹੀ ਹੈ। ਜਿਸ ਨਾਲ ਦੇਸ਼ ਦਾ ਤਾਣਾ ਬਾਣਾ ਬਿਖਰਨ ਕੰਢੇ ਪਹੁੰਚ ਰਿਹਾ ਹੈ। ਮੋਦੀ ਸਰਕਾਰ ਦੀਆਂ ਇਹਨਾਂ ਨੀਤੀਆਂ ਕਾਰਨ ਦੇਸ਼ ਦੀ ਆਰਥਿਕ ਸਥਿਤੀ ਬਹੁਤ ਹੀ ਖਤਰਨਾਕ ਹੋ ਚੁੱਕੀ ਹੈ। ਦੇਸ਼ ਦੀ ਵਿਦੇਸ਼ ਨੀਤੀ ਦਾ ਵੀ ਦਿਵਾਲਾ ਨਿਕਲ ਚੁੱਕਿਆ ਹੈ। ਮੋਦੀ ਸਰਕਾਰ ਅਮਰੀਕਾ ਅੱਗੇ ਗੋਡੇ ਟੇਕ ਚੁੱਕੀ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਮਹਿੰਗਾਈ ਤੇ ਹੋਰ ਅਲਾਮਤਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ ਸਰਕਾਰ ਇਹਨਾਂ ਤੇ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਹੈ। ਨੀਟ ਦੇ ਪੇਪਰ ਦੇ ਲੀਕ ਹੋਣ ਅਤੇ ਇਸ ਤਰ੍ਹਾਂ ਦੇ ਹੋਰ ਪ੍ਰੀਖਿਆਵਾਂ ਵਿੱਚ ਹੇਰਾ ਫੇਰੀਆਂ ਤੇ ਗੜਬੜੀਆਂ ਦੇ ਕਾਰਨ ਨੌਜਵਾਨ ਹਤਾਸ਼ਾ ਦੀ ਹਾਲਤ ਵਿੱਚ ਹਨ। ਇਹਨਾਂ ਹਾਲਾਤਾਂ ਵਿੱਚ ਖੱਬੀਆਂ ਪਾਰਟੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਇਹਨਾਂ ਹਾਲਾਤਾਂ ਤੋਂ ਜਾਣੂ ਕਰਵਾਣ ਅਤੇ ਦੇਸ਼ ਦੀ ਹਾਲਤ ਨੂੰ ਸੁਧਾਰਨ ਦੇ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਤੇ ਲੋਕਾਂ ਦੀਆਂ ਮੁਸ਼ਕਲਾਂ, ਉਹਨਾਂ ਨੂੰ ਦੂਰ ਕਰਨ ਦੇ ਢੰਗ,ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਆਦਿ ਤੋਂ ਵੀ ਜਾਣੂ ਕਰਵਾਣ ।
ਅੱਜ ਦੀ ਰੈਲੀ ਦੀ ਪ੍ਰਧਾਨਗੀ ਸੀਪੀਆਈ ਤੇ ਆਗੂ ਕਾਮਰੇਡ ਜਸਵੀਰ ਸਿੰਘ ਭਾਮ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਕਾਮਰੇਡ ਗਿਆਨ ਸਿੰਘ ਗੁਪਤਾ, ਸੀਪੀਆਈਐਮਐਲ ਲਿਬਰੇਸ਼ਨ ਦੇ ਆਗੂ ਕਾਮਰੇਡ ਚਰਨਜੀਤ ਸਿੰਘ, ਸੀਪੀਆਈਐਮਐਲ ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਭੁਪਿੰਦਰ ਸਿੰਘ ਅਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਆਗੂ ਕਾਮਰੇਡ ਓਮ ਸਿੰਘ ਸਠਿਆਣਾ ਤੇ ਅਧਾਰਤ ਪ੍ਰਧਾਨਗੀ ਮੰਡਲ ਕੀਤੀ ਗਈ। ਰੈਲੀ ਨੂੰ ਪ੍ਰਧਾਨਗੀ ਮੰਡਲ ਦੇ ਆਗੂਆਂ ਤੋਂ ਇਲਾਵਾ ਕਾਮਰੇਡ ਓਂਕਾਰ ਸਿੰਘ, ਕਾਮਰੇਡ ਸਵਰਨ ਸਿੰਘ, ਕਾਮਰੇਡ ਸ਼ੇਰ ਜੰਗ ਬਹਾਦਰ, ਕਾਮਰੇਡ ਹਰਮੇਸ਼ ਸਿੰਘ ਢੇਸੀ, ਕਾਮਰੇਡ ਜਗਦੀਪ ਸਿੰਘ ਖੇੜਾ, ਕਾਮਰੇਡ ਕ੍ਰਿਸ਼ਨ ਗੋਪਾਲ, ਕਾਮਰੇਡ ਸਤੀਸ਼ ਰਾਣਾ, ਕਾਮਰੇਡ ਧਿਆਨ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਚਾਹਲ , ਕਾਮਰੇਡ ਮੁਕੇਸ਼ ਕੁਮਾਰ ਅਤੇ ਕਾਮਰੇਡ ਮਹਿੰਦਰ ਸਿੰਘ ਹੀਰ ਨੇ ਸੰਬੋਧਨ ਕੀਤਾ। ਅੱਜ ਦੀ ਰੈਲੀ ਦਾ ਮੰਚ ਸੰਚਾਲਨ ਕਾਮਰੇਡ ਕੁਲਭੂਸ਼ਨ ਕੁਮਾਰ ਵੱਲੋਂ ਕੀਤਾ ਗਿਆ।

Scroll To Top