
ਤਰਨ ਤਾਰਨ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋੰ 22 ਜੂਨ ਨੂੰ ਜ਼ਿਲ੍ਹਾ ਕੇਂਦਰਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਦੀ ਤਿਆਰੀ ਲਈ ਪਿੰਡ ਚੌਧਰੀ ਵਾਲਾ ‘ਚ ਔਰਤਾਂ ਦੀ ਭਰਵੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਆਰਐੱਮਪੀਆਈ ਦੇ ਤਹਿਸੀਲ ਪ੍ਰਧਾਨ ਬਲਦੇਵ ਸਿੰਘ ਭੈਲ ਨੇ ਬੋਲਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਦੀ ਕੇਂਦਰੀ ਸਰਕਾਰ ਦੀ ਸਾਮਰਾਜ ਪੱਖੀ ਵਿਦੇਸ਼ ਨੀਤੀ ਅਤੇ ਨਕਾਮੀਆਂ ਨੇ ਦੇਸ ਨੂੰ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਹੈ। ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਮੋਦੀ ਸਰਕਾਰ ਕਾਰਪੋਰੇਟ ਮਿੱਤਰਾਂ ਦੇ ਮੁਨਾਫਿਆਂ ਲਈ ਅਤੇ ਆਪਣੀਆਂ ਨਕਾਮੀਆਂ ਤੇ ਪਰਦਾ ਪੋਸੀ ਕਰਕੇ ਸਾਰਾ ਭਾਰ ਆਮ ਲੋਕਾਂ ਉੱਪਰ ਪਾ ਰਹੀ ਹੈ। ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਰੂਸ ਅਤੇ ਹੋਰਨਾਂ ਦੇਸ਼ਾਂ ਤੋਂ ਸਸਤਾ ਕੱਚਾ ਤੇਲ ਲੈ ਕੇ ਲੱਖਾਂ ਕਰੋੜਾਂ ਦੇ ਮਨਾਫੇ ਕਮਾਉਣ ਵਾਲੀਆਂ ਕੰਪਨੀਆਂ ਨੂੰ ਘਾਟੇ ਦਾ ਰੌਲਾ ਪਾ ਕੇ ਲੋਕਾਂ ਨੂੰ ਗੁਮਰਾਹਕੁੰਨ ਝੂਠ ਬੋਲਿਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਮਹਿੰਗਾਈ, ਬੇਰੋਜਗਾਰੀ ਅਤੇ ਰੋਜ਼ ਦੀ ਹੋ ਰਹੀ ਖੱਜਲਖੁਆਰੀ ਖ਼ਿਲਾਫ਼ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਕਮਲਜੀਤ ਕੌਰ, ਜੋਤੀ, ਪੂਜਾ, ਪ੍ਰਕਾਸ਼ ਕੌਰ, ਸੁਖਵਿੰਦਰ ਕੌਰ, ਕਸ਼ਮੀਰ ਕੌਰ, ਗੁਰਜੀਤ ਕੌਰ, ਸੁਭਕਰਨਜੀਤ ਕੌਰ ਆਦਿ ਹਾਜ਼ਰ ਸਨ।