
ਪਠਾਨਕੋਟ: ਜੇਕਰ ਦੋ-ਤਿੰਨ ਦਿਨਾਂ ਦੇ ਅੰਦਰ ਅੰਦਰ ਭੱਠਾ ਮਾਲਕਾਂ ਨੇ ਨਵਾਂ ਰੇਟ ਲਾਗੂ ਨਾ ਕੀਤਾ ਤਾਂ ਭੱਠਾ ਮਜ਼ਦੂਰਾਂ ਵਲੋਂ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀ ਟੀ ਯੂ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਕੇਂਦਰ ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਏਗਾ। ਜ਼ਰੂਰਤ ਪੈਣ ਤੇ ਨਵੇਂ ਰੇਟ ਅਨੁਸਾਰ ਮਜ਼ਦੂਰੀ ਦੇਣ ਤੋਂ ਇਨਕਾਰੀ ਕਰਨ ਵਾਲੇ ਭੱਠਾ ਮਾਲਕ ਖ਼ਿਲਾਫ਼ ਵੀ ਧਰਨਾ ਦਿੱਤਾ ਜਾਵੇਗਾ। ਪਿੰਡ ਅਲੀਖਾਂਹ, ਤੰਗੋਸ਼ਾਹ, ਪਰਮਾਨੰਦ, ਮਾੜੀ, ਜੰਗਲਾਂ, ਭਵਾਨੀ, ਚੋਹਾਨਾ ਤੇ ਘਰੋਟਾ ਏਰੀਏ ਦੇ ਭੱਠਾ ਮਜ਼ਦੂਰਾਂ ਪਿੰਡ ਮਾੜੀ ਨੇੜੇ ਵਿਸ਼ਾਲ ਇਕੱਠ ਕਰਕੇ ਇਹ ਫ਼ੈਸਲਾ ਕੀਤਾ ਕਿ ਜਦੋਂ ਤੱਕ 15 ਜੂਨ ਤੱਕ ਦਾ ਸੀਜਨ ਦੀ ਸਮਾਪਤੀ ਦਾ ਹਿਸਾਬ ਨਵੇਂ ਰੇਟ ਨਾਲ ਨਹੀਂ ਕੀਤਾ ਜਾਂਦਾ ਤਾਂ ਉਹ ਅੱਗੇ ਕੰਮ ਨਹੀਂ ਕਰਨਗੇ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਸਵੰਤ ਸਿੰਘ ਬੁੱਟਰ ਅਤੇ ਰਾਮਦਿਆਲ ਦੀ ਪ੍ਰਧਾਨਗੀ ਹੇਠ ਹੋਏ ਵਿਸ਼ਾਲ ਇਕੱਠ ਨੂੰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ, ਸੀ ਟੀ ਯੂ ਪੰਜਾਬ ਮੀਤ ਪ੍ਰਧਾਨ ਕਾਮਰੇਡ ਧਿਆਨ ਸਿੰਘ ਠਾਕੁਰ, ਜਸਵੰਤ ਸਿੰਘ ਬੁੱਟਰ ਅਤੇ ਯੂਨੀਅਨ ਦੇ ਜਾਇੰਟ ਸਕੱਤਰ ਮਨਹਰਨ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਗਰਮੀ ਸੀਜ਼ਨ ਵਿਚ ਕੀਤੇ ਕੰਮ ਦੀ ਮਜ਼ਦੂਰੀ ਮਾਰਚ ਅਪ੍ਰੈਲ 987 ਰੁਪਏ ਅਤੇ ਪਹਿਲੀ ਮਈ ਤੋਂ ਬਾਅਦ ਹੁਣ ਤੱਕ ਕੀਤੇ ਕੰਮ ਦੀ ਮਜ਼ਦੂਰੀ 1138 ਰੁਪਏ ਨਿਸਚਿਤ ਰੇਟ ਤਹਿਤ ਦਿਵਾਉਣ ਲਈ ਲੋੜ ਅਨੁਸਾਰ ਪੱਕਾ ਧਰਨਾ-ਪ੍ਰਦਰਸ਼ਨ ਵੀ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਭੱਠਾ ਮਾਲਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਦੀ ਹੋਵੇਗੀ।
ਭੱਠਿਆਂ ਉੱਪਰ ਕੰਮ ਕਰਦੇ ਕੁਝ ਕਿਰਤੀਆਂ ਨੂੰ ਤਾਂ ਘੱਟੋ ਘੱਟ ਵੇਜ ਵੀ ਨਹੀਂ ਮਿਲਦੀ ਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਅਤੇ ਦੂਸਰੇ ਪਾਸੇ ਭੱਠਾ ਮਾਲਕ ਕੋਇਲੇ ਦੇ ਵਧੇ ਰੇਟਾਂ ਦੀ ਆੜ ਹੇਠ ਪੱਕੀਆਂ ਇੱਟਾਂ ਦਾ ਰੇਟ ਡੇਢ ਗੁਣਾਂ ਕਰਕੇ ਵੇਚ ਰਹੇ ਹਨ ਤਾਂ ਵੀ ਪ੍ਰਸ਼ਾਸਨ ਚੁੱਪ ਬੈਠਾ ਹੈ।
ਤੇਲ ਗੈਸ ਦੀਆਂ ਕੀਮਤਾਂ ਵੱਧਣ ਨਾਲ ਜਨਰਲ ਮਹਿੰਗਾਈ ਵੱਧ ਗਈ ਹੈ ਪਰ ਅਸਿਸਟੈਂਟ ਲੇਬਰ ਕਮਿਸ਼ਨਰ ਪਠਾਨਕੋਟ ਦੀ ਹਾਜ਼ਰੀ ਵਿੱਚ ਵਧੀ ਮਜ਼ਦੂਰੀ ਦੇਣ ਲਈ ਭੱਠਾ ਮਾਲਕ ਸੌ ਸੌ ਬਹਾਨੇਬਾਜੀ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਇੱਕ ਅਵਾਜ ਵਿਚ ਕਿਹਾ ਕਿ ਭੱਠਾ ਮਜ਼ਦੂਰਾਂ ਦਾ ਪੂਰਾ ਮਿਹਨਤਾਨਾ ਹਰ ਹਾਲ ਦਿਵਾਇਆ ਜਾਵੇਗਾ।
ਕੁਝ ਭੱਠਾ ਮਾਲਕ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੈਸੇ ਪਾ ਕੇ ਕੁੱਝ ਅਖੌਤੀ ਲੀਡਰਾਂ ਨੂੰ ਦੇ ਰਹੇ ਹਨ, ਜਿਹੜੇ ਲੋੜ ਪੈਣ ਤੇ ਘੱਟ ਰੇਟ ਨਾਲ ਹਿਸਾਬ ਕਰਾਕੇ ਮਾਲਕਾਂ ਦੀ ਮਦਦ ਕਰਦੇ ਹਨ। ਜਿਸ ਕਾਰਨ ਮਜ਼ਦੂਰਾਂ ਵਿੱਚ ਇਸ ਸਬੰਧੀ ਕਾਫੀ ਰੋਸ ਹੈ। ਅੱਜ ਤੋਂ ਬਾਅਦ ਜੇ ਕਿਸੇ ਭੱਠਾ ਮਾਲਕ ਨੇ ਮਜ਼ਦੂਰਾਂ ਦੇ ਖਾਤੇ ਵਿੱਚ ਪੈਸੇ ਪਾ ਕੇ ਕਿਸੇ ਵੀ ਯੂਨੀਅਨ ਦੇ ਆਗੂ ਨੂੰ ਦਿੱਤੇ ਤਾਂ ਉਹਨਾਂ ਪੈਸਿਆਂ ਦਾ ਸਿੱਧੇ ਤੌਰ ਤੇ ਭੱਠਾ ਮਾਲਕ ਜਿੰਮੇਵਾਰ ਹੋਵੇਗਾ।
ਮਾਲਕਾਂ ਦਾ ਨਾਮ ਲਏ ਬਿਨਾਂ ਆਗੂਆਂ ਨੇ ਦੱਸਿਆ ਕਿ ਦੋ ਤਿੰਨ ਭੱਠਾ ਮਾਲਕ ਪੁਰਾਣੇ ਰੇਟ ਨਾਲ ਹਿਸਾਬ ਕਰਨ ਦੀ ਹੁਸ਼ਿਆਰੀ ਕਰਨਗੇ ਤਾਂ ਉਹਨਾਂ ਭੱਠਾ ਮਾਲਕਾਂ ਖ਼ਿਲਾਫ਼ ਬਾਈ ਨੇਮ ਸਮਝੌਤੇ ਦੀ ਉਲੰਘਣਾ ਦੇ ਤਹਿਤ ਪਰਚਾ ਵੀ ਦਰਜ ਕਰਾਇਆ ਜਾਵੇਗਾ।