
ਲੁਧਿਆਣਾ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ‘ਤੇ 22 ਜੂਨ ਨੂੰ ਜ਼ਿਲ੍ਹਾ ਪੱਧਰੀ ਕਨਵੈਂਸ਼ਨ ਵਿਚ ਲੁਧਿਆਣਾ ਦੀਆਂ ਸੰਬੰਧਿਤ ਧਿਰਾਂ ਦੇ ਕਾਰਕੁਨ ਅਤੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਇਹ ਫ਼ੈਸਲਾ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਮੀਟਿੰਗ, ਜਿਸ ਵਿੱਚ ਸ਼ਾਮਿਲ ਸੀਪੀਆਈ, ਆਰਐੱਮਪੀਆਈ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਆਗੂ ਸ਼ਾਮਿਲ ਹੋਏ, ਵਿੱਚ ਕੀਤਾ ਗਿਆ। ਇਸ ਲਈ ਸਵੇਰੇ 10 ਵਜੇ ਪੰਜਾਬੀ ਭਵਨ ਦੇ ਸਾਹਮਣੇ ਇਕੱਠਾ ਹੋਇਆ ਜਾਏਗਾ, ਜਿੱਥੋਂ ਇੱਕ ਮਾਰਚ ਦੀ ਸ਼ਕਲ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਭਾਈ ਵਾਲਾ ਚੌਂਕ ਸਥਿਤ ਬੁੱਤ ‘ਤੇ ਜਾਇਆ ਜਾਏਗਾ ਅਤੇ ਉੱਥੇ ਕਨਵੈਂਸ਼ਨ ਕੀਤੀ ਜਾਵੇਗੀ ਜਿਸ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂ ਸੰਬੋਧਨ ਕਰਨਗੇ।
ਅੱਜ ਦੀ ਮੀਟਿੰਗ ਵਿੱਚ ਸਾਥੀ ਚਮਕੌਰ ਸਿੰਘ, ਸਾਥੀ ਰਘਬੀਰ ਸਿੰਘ ਬੈਨੀਪਾਲ, ਜੈ ਪ੍ਰਕਾਸ਼ ਨਰਾਇਣ, ਅਵਤਾਰ ਸਿੰਘ ਰਸੂਲਪੁਰ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਹਰਨੇਕ ਸਿੰਘ ਗੁੱਜਰਵਾਲ, ਗੁਰਦੀਪ ਸਿੰਘ ਕਲਸੀ, ਪਰਮਜੀਤ ਸਿੰਘ, ਗੁਰਦੀਪ ਸਿੰਘ ਰਾਏਕੋਟ ਆਦਿ ਸ਼ਾਮਿਲ ਸਨ।