Now Reading
ਸਰਦੂਲਗੜ੍ਹ ਵਿਖੇ ਨੀਟ ਪੇਪਰ ਲੀਕ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ

ਸਰਦੂਲਗੜ੍ਹ ਵਿਖੇ ਨੀਟ ਪੇਪਰ ਲੀਕ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ

ਸਰਦੂਲਗੜ੍ਹ: 2014 ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਦੇਸ਼ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਹੌਲੀ-ਹੌਲੀ ਖੋਖਲਾ ਕੀਤਾ ਗਿਆ ਹੈ। ਸਰਕਾਰੀ ਖੇਤਰ ਨੂੰ ਕਮਜ਼ੋਰ ਕਰਕੇ ਕੁਝ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਪਹੁੰਚਾਉਣ ਦੀ ਨੀਤੀ ਕਾਰਨ ਅੱਜ ਭਾਰਤ ਦੀ ਸਿੱਖਿਆ ਪ੍ਰਣਾਲੀ ਵੈਂਟੀਲੇਟਰ ‘ਤੇ ਨਜ਼ਰ ਆ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ 90 ਤੋਂ ਵੱਧ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਚੁੱਕੇ ਹਨ, ਪਰ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਫਿਰਕੂ ਰੰਗ ਦੇਣ ਵਿੱਚ ਰੁੱਝੀ ਹੋਈ ਹੈ।ਨੀਟ ਪੇਪਰ ਲੀਕ ਮਾਮਲੇ ਵਿੱਚ 22 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ। ਦੇਸ਼ ਦੇ ਕਰੋੜਾਂ ਨੌਜਵਾਨਾਂ ਦੀਆਂ ਆਸਾਂ ਨਾਲ ਜੁੜੀ ਇਸ ਪ੍ਰੀਖਿਆ ਵਿੱਚ ਹੋਈਆਂ ਗੰਭੀਰ ਗੜਬੜੀਆਂ ਲਈ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਨਾਕਾਮੀ ਸਪੱਸ਼ਟ ਹੈ। ਇਹ ਵੀ ਗੰਭੀਰ ਸਵਾਲ ਹੈ ਕਿ ਪਿਛਲੇ ਵਿਵਾਦਾਂ ਨਾਲ ਜੁੜੀਆਂ ਕੰਪਨੀਆਂ ਨੂੰ ਪ੍ਰੀਖਿਆ ਪ੍ਰਬੰਧਨ ਦੇ ਠੇਕੇ ਕਿਵੇਂ ਦਿੱਤੇ ਗਏ।
ਦੇਸ਼ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝੇ ਐਕਸ਼ਨ ਦਾ ਐਲਾਨ ਕੀਤਾ ਗਿਆ ਸੀ। ਇਸ ਲੜੀ ਦੇ ਤਹਿਤ ਅੱਜ ਸਰਦੂਲਗੜ੍ਹ ਵਿਚ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਤਹਿਸੀਲ ਪ੍ਰਧਾਨ ਗੁਰਪ੍ਰੀਤ ਸਰਦੂਲੇਵਾਲਾ ਨੇ ਕਿਹਾ ਕਿ ਧਰਮੇਂਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

Scroll To Top