Now Reading
ਲੋਕ ਰਾਜ ਦੀ ਬੁਨਿਆਦ ਚੋਣ ਪ੍ਰਣਾਲੀ ਨੂੰ ਬੇਅਰਥ ਬਣਾਉਣ ਵਾਲੇ ਐੱਸ ਆਈ ਆਰ ਦਾ ਡਟਵਾਂ ਵਿਰੋਧ ਕਰੋ : ਪਾਸਲਾ

ਲੋਕ ਰਾਜ ਦੀ ਬੁਨਿਆਦ ਚੋਣ ਪ੍ਰਣਾਲੀ ਨੂੰ ਬੇਅਰਥ ਬਣਾਉਣ ਵਾਲੇ ਐੱਸ ਆਈ ਆਰ ਦਾ ਡਟਵਾਂ ਵਿਰੋਧ ਕਰੋ : ਪਾਸਲਾ


ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੁਨੀਆ ਭਰ ਦੇ ਲੋਕਾਂ, ਖਾਸ ਕਰਕੇ ਕਿਰਤੀ ਜਮਾਤ ਨੂੰ, ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਨਵੇਂ ਸਿਰਿਓਂ ਨਵ-ਬਸਤੀਵਾਦੀ ਗੁਲਾਮੀ ਦੇ ਜੂਲੇ ’ਚ ਫਸਾਉਣ ਦੀਆਂ ਸਾਮਰਾਜੀ ਸਾਜ਼ਿਸ਼ਾਂ, ਖਾਸ ਕਰਕੇ ਅਮਰੀਕਾ ਦੇ ਸਨਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਹੈ। ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਪਾਸਲਾ ਨੇ ਅੱਗੇ ਕਿਹਾ ਹੈ ਕਿ ਸਾਮਰਾਜੀ ਦੇਸ਼, ਖਾਸ ਕਰਕੇ ਅਮਰੀਕਾ, ਆਪਣੇ ਅੰਦਰੂਨੀ ਸੰਕਟ ਦਾ ਭਾਰ ਸੰਸਾਰਕ ਦੱਖਣ ਦੇ ਦੇਸ਼ਾਂ ਸਿਰ ਲੱਦਣ ਲਈ ਇਨ੍ਹਾਂ ਦੇਸ਼ਾਂ ਅੰਦਰ ਗੜਬੜ ਕਰਾਉਣ ਤੇ ਤਖਤਾ ਪਲਟਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੱਧ ਪੂਰਬ ਤੇ ਫਲਸਤੀਨ ਸਮੇਤ ਸੰਸਾਰ ਭਰ ’ਚ ਜਾਰੀ ਜੰਗਾਂ, ਤਰੱਕੀ ਕਰ ਰਹੇ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਹੜੱਪਣ ਤੇ ਹਥਿਆਰਾਂ ਦੀ ਵਿਕਰੀ ਰਾਹੀਂ ਅਥਾਹ ਮੁਨਾਫੇ ਕਮਾਉਣ ਦੀ ਸਾਮਰਾਜੀ ਹਵਸ ਦਾ ਨਤੀਜਾ ਹਨ। ਸਾਥੀ ਪਾਸਲਾ ਨੇ ਅਮਰੀਕਾ ਵਲੋਂ ਕਿਊਬਾ ’ਤੇ ਕੀਤੇ ਜਾਣ ਵਾਲੇ ਸੰਭਾਵਤ ਫੌਜੀ ਹਮਲੇ ਅਤੇ ਇਸ ਸਮਾਜਵਾਦੀ ਦੇਸ਼ ਸਿਰ ਅਮੀਰ ਦੇਸ਼ਾਂ ਵਲੋਂ ਮੜ੍ਹੀਆਂ ਗਲ ਘੋਟੂ ਪਾਬੰਦੀਆਂ ਖਿਲਾਫ਼ ਤਕੜੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ।
ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਮੀਟਿੰਗ ਵਲੋਂ ਆਰਐਮਪੀਆਈ ਤੇ ਸੀ.ਪੀ.ਆਈ.( ਐੱਮ.ਐੱਲ.) ਲਿਬ੍ਰੇਸ਼ਨ ਵਲੋਂ ਆਉਂਦੀ 7 ਜੂਨ ਨੂੰ ਲੁਧਿਆਣਾ ਦੇ ‘ਅੰਬੇਦਕਰ ਭਵਨ’ ਵਿਖੇ ਆਯੋਜਿਤ ਕੀਤੀ ਜਾ ਰਹੀ ‘ਜਨਤਕ ਸੁਣਵਾਈ’ ’ਚ ਸੂਬੇ ਭਰ ਚੋਂ ਸੈਂਕੜੇ ਆਗੂਆਂ ਦੀ ਸ਼ਿਰਕਤ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਦੇਸ਼ ਦੀ ਮੁੱਖ ਚੋਣ ਕਮਿਸ਼ਨਰ ਨੂੰ ਮੋਹਰਾ ਬਣਾ ਕੇ ਭਾਰਤ ਦੀ ਚੋਣ ਪ੍ਰਕਿਰਿਆ ਨੂੰ ਬੇਅਰਥ ਬਣਾਉਣ ਲਈ ਕੀਤੇ ਜਾ ਰਹੇ ਗੈਰ ਸੰਵਿਧਾਨਕ ਐਸਆਈਆਰ, ਮੋਦੀ ਸਰਕਾਰ ਦੀਆਂ ਨੀਤੀਆਂ ਸਦਕਾ ਲੋਕਰਾਜ ਨੂੰ ਵੱਜ ਰਹੀਆਂ ਗੰਭੀਰ ਪਛਾੜਾਂ ਤੇ ਲੋਕਾਂ ਦੀ ਰੋਜ਼ੀ-ਰੋਟੀ ਤੇ ਕੀਤੇ ਜਾ ਰਹੇ ਹਮਲਿਆਂ, ਮੱਧ-ਪੂਰਬ ’ਚ ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ ਨਿਹੱਕੀ ਜੰਗ ’ਚ ਭਾਰਤ ਦੀ ਨਖਿੱਧ ਭੂਮਿਕਾ ਸਦਕਾ ਭਾਰਤੀ ਵਸੋਂ ਨੂੰ ਦਰਪੇਸ਼ ਮਹਿੰਗਾਈ-ਬੇਰੁਜ਼ਗਾਰੀ ਆਦਿ ਦੁਸ਼ਵਾਰੀਆਂ ਅਤੇ ਫਿਰਕੂ-ਫਾਸ਼ੀਵਾਦੀਆਂ ਦੀਆਂ ਦੇਸ਼ ਵਿਰੋਧੀ, ਫੁੱਟ ਪਾਊ ਕੁਚਾਲਾਂ ਖਿਲਾਫ ਆਯੋਜਿਤ ਕੀਤੀ ਜਾ ਰਹੀ ਉਕਤ ਜਨਤਕ ਸੁਣਵਾਈ ’ਚ ਸਮਤਾ ਸਮਾਜ ਪਾਰਟੀ ਅਤੇ ਅੰਬੇਦਕਰੀ ਸੋਚ ਨੂੰ ਪ੍ਰਣਾਏ ਮਿਸ਼ਨਰੀ ਕਾਰਕੁੰਨ ਵੀ ਸ਼ਾਮਲ ਹੋਣਗੇ।
ਮੀਟਿੰਗ ਵਲੋਂ, ਆਉਂਦੀ 22 ਜੂਨ ਨੂੰ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਦੇ ਸੱਦੇ ਤਹਿਤ ਆਰ.ਐਸ.ਐਸ. ਦੇ ਫਿਰਕੂ ਫਾਸ਼ੀ ਏਜੰਡੇ, ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਅਤੇ ਪੰਜਾਬ ਦੇ ਦਹਾਕਿਆਂ ਤੋਂ ਲੰਬਿਤ ਮਸਲਿਆਂ ਦੇ ਹੱਲ ਲਈ ਜਿਲ੍ਹਾ ਕੇਂਦਰਾਂ ’ਤੇ ਕੀਤੇ ਜਾ ਰਹੇ ਰੈਲੀ-ਮੁਜ਼ਾਹਰਿਆਂ ’ਚ ਹਰ ਥਾਂ ਭਰਵੀਂ ਸ਼ਮੂਲੀਅਤ ਕਰਵਾਉਣ ਦੀ ਠੋਸ ਯੋਜਨਾਬੰਦੀ ਉਲੀਕੀ ਗਈ ਹੈ।
ਆਰੰਭ ਵਿਚ ਸਦੀਵੀ ਵਿਛੋੜਾ ਦੇ ਗਏ ਸੁਤੰਤਰਤਾ ਸੰਗਰਾਮ, ਖਾਸ ਕਰਕੇ ਗ਼ਦਰ ਤਹਿਰੀਕ ਦੇ ਉੱਘੇ ਖੋਜੀ ਇਤਿਹਾਸਕਾਰ ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ, ਪਾਰਟੀ ਦੀ ਨਵਾਂ ਸ਼ਹਿਰ ਜਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਬਿਮਲ ਕਿਸ਼ੋਰ ਦੇ ਨੌਜਵਾਨ ਸਪੁੱਤਰ ਸਤੀਸ਼ ਕੁਮਾਰ ਅਤੇ ਉੱਘੇ ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ ਦੇ ਪਿਤਾ ਜੀ, ਹਰਭਜਨ ਸਰਗੁੰਦੀ ਦੀ ਪਤਨੀ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Scroll To Top