Now Reading
ਦੂਜੀ ਸੰਸਾਰ ਜੰਗ ’ਚ ਨਾਜ਼ੀਆਂ ਦੀ ਨਿਰਣਾਇਕ ਹਾਰ, ਸੋਵੀਅਤ ਯੂਨੀਅਨ ਦੀ ਸ਼ਾਨਾਮੱਤੀ ਭੂਮਿਕਾ ਅਤੇ ਭਵਿੱਖੀ ਸਬਕ

ਦੂਜੀ ਸੰਸਾਰ ਜੰਗ ’ਚ ਨਾਜ਼ੀਆਂ ਦੀ ਨਿਰਣਾਇਕ ਹਾਰ, ਸੋਵੀਅਤ ਯੂਨੀਅਨ ਦੀ ਸ਼ਾਨਾਮੱਤੀ ਭੂਮਿਕਾ ਅਤੇ ਭਵਿੱਖੀ ਸਬਕ


ਦੂਜੀ ਸੰਸਾਰ ਜੰਗ, ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵਿਨਾਸ਼ਕਾਰੀ ਘਟਨਾਵਾਂ ’ਚੋਂ ਇਕ ਗਿਣੀ ਜਾਂਦੀ ਹੈ। ਕਰੋੜਾਂ ਨਿਰਦੋਸ਼ ਲੋਕਾਂ ਦੀ ਜਾਨ ਲੈਣ ਵਾਲੀ ਇਸ ਜੰਗ ’ਚ ਇੱਕ ਪਾਸੇ ਜਰਮਨੀ ਦੇ ਨਾਜ਼ੀ ਤਾਨਾਸ਼ਾਹ ਐਡੋਲਫ ਹਿਟਲਰ, ਇਟਲੀ ਦੇ ਫਾਸਿਸਟ ਸ਼ਾਸ਼ਕ ਮੁਸੋਲਿਨੀ ਤੇ ਜਾਪਾਨ ਦੇ ਡਿਕਟੇਟਰ ਤੋਜੋ ਦੀ ਅਗਵਾਈ ਹੇਠਲੀਆਂ ਫਾਸ਼ੀਵਾਦੀ ਤਾਕਤਾਂ ਸਨ। ਦੂਜੇ ਪਾਸੇ ਫਾਸ਼ੀਵਾਦ ਖ਼ਿਲਾਫ਼ ਲੜ ਰਹੇ ਦੇਸ਼ਾਂ ਦਾ ਧੜਾ ਸੀ, ਜਿਸ ਨੂੰ ਉਦੋਂ ‘ਮਿੱਤਰ ਦੇਸ਼ਾਂ ਦਾ ਮੋਰਚਾ’ ਕਿਹਾ ਗਿਆ ਸੀ। ਇਸ ਧੜੇ ਦੇ ਮੁੱਖ ਦੇਸ਼ ਸੋਵੀਅਤ ਯੂਨੀਅਨ, ਅਮਰੀਕਾ, ਇੰਗਲੈਂਡ ਆਦਿ ਸਨ। ਜੰਗ ਦੇ ਅੰਤਲੇ ਪੜਾਅ ’ਚ, ਵਿਸ਼ਵ ’ਚ ਪਹਿਲੀ ਵਾਰ ਕਾਇਮ ਹੋਏ ਸਮਾਜਵਾਦੀ ਰਾਜ-ਪ੍ਰਬੰਧ ਦੀ ਰਾਖੀ ਲਈ ਮਰ-ਮਿਟਣ ਦੇ ਸੋਵੀਅਤ ਯੂਨੀਅਨ ਦੇ ਲੋਕਾਂ ਦੇ ਜਜ਼ਬੇ, ਲਾਲ ਫੌਜ ਦੀ ਕੁਸ਼ਲ ਰਣਨੀਤੀ ਤੇ ਬੇਜੋੜ ਹੌਂਸਲੇ ਨੇ ਫਾਸ਼ੀਵਾਦ ਦੀ ਹਾਰ ਯਕੀਨੀ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਮਨੁੱਖਤਾ ਨੂੰ ਇੱਕ ਵੱਡੀ ਤਬਾਹੀ ਤੋਂ ਬਚਾਇਆ ਸੀ। ਵਿਸ਼ਵ ਦਾ ਸਰੂਪ ਬਦਲ ਕੇ ਰੱਖ ਦੇਣ ਵਾਲੀ ਇਸ ਮਹਾਨ ਹਾਂ-ਪੱਖੀ ਘਟਨਾ ਦੇ ਸੰਦਰਭ ’ਚ ਸੀਪੀਐਸਯੂ (‘ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ’) ਦੀ ਉਦੋਂ ਦੀ ਲੀਡਰਸ਼ਿਪ, ਖਾਸ ਕਰਕੇ ਸਾਥੀ ਜੋਸਫ ਸਟਾਲਿਨ ਦੀ ਸੁਯੋਗ ਅਗਵਾਈ ਤੇ ਪ੍ਰੇਰਣਾ ਦਾ ਉਚੇਚਾ ਜਿਕਰ ਕਰਨਾ ਬਣਦਾ ਹੈ। ਯਾਦ ਰਹੇ, ਦੂਜੀ ਸੰਸਾਰ ਜੰਗ ਦੌਰਾਨ ਮਾਰੇ ਗਏ ਕਰੋੜਾਂ ਲੋਕਾਂ ’ਚੋਂ ਅੱਧਿਓਂ ਵੱਧ ਸੋਵੀਅਤ ਯੂਨੀਅਨ ਦੇ ਬਾਸ਼ਿੰਦੇ ਸਨ।
ਫਾਸ਼ੀਵਾਦ ’ਤੇ ਜਿੱਤ, ਕਿਸੇ ਸਾਧਾਰਨ ਜੰਗ ’ਚ ਹਾਸਲ ਹੋਈ ਆਮ ਜਿਹੀ ਫੌਜੀ ਜਿੱਤ ਨਹੀਂ ਸੀ। ਬਲਕਿ ਇਹ ਵਿਸ਼ਵ ਭਰ ਚੋਂ ਭਾਈਚਾਰਕ ਸਾਂਝ, ਮਨੁੱਖੀ ਆਜ਼ਾਦੀਆਂ, ਸਮਾਨਤਾਵਾਦੀ ਸੋਚ ਤੇ ਲੋਕਰਾਜ ਦਾ ਖੁਰਾਖੋਜ ਮਿਟਾਉਣ ਨਿਕਲੇ ਨਸਲਵਾਦੀ ਤਾਨਾਸ਼ਾਹਾਂ ਤੋਂ ਮਨੁੱਖ ਜਾਤੀ ਦੀ ਰਾਖੀ ਦੇ ਵਿਸ਼ਵੀ ਯੁੱਧ ’ਚ ਲੋਕ ਪੱਖੀ ਤਾਕਤਾਂ ਦੀ ਮਹਾਨ ਜਿੱਤ ਸੀ। ਇਸ ਜਿੱਤ ਨੇ ਨਾ ਕੇਵਲ ਸੰਸਾਰ ਨੂੰ ਫਾਸ਼ੀਵਾਦ ਦੇ ਖੂਨੀ ਪੰਜਿਆਂ ਤੋਂ ਬਚਾਇਆ, ਬਲਕਿ ਇਸ ਦੇ ਪ੍ਰਭਾਵ ਅਧੀਨ ਪੂਰਬੀ ਯੂਰਪ ਦੇ ਕਈ ਦੇਸ਼ਾਂ ਦੇ ਲੋਕਾਂ ਨੇ ਲੋਟੂ ਨਿਜ਼ਾਮਾਂ ਦਾ ਤਖਤਾ ਪਲਟਾ ਕੇ ਸਮਾਜਵਾਦ ਦਾ ਸੂਹਾ ਪਰਚਮ ਵੀ ਲਹਿਰਾ ਦਿੱਤਾ ਸੀ। ਇਸ ਜਿੱਤ ਸਦਕਾ ਹੀ ਭਾਰਤ ਸਮੇਤ, ਦੁਨੀਆ ਭਰ ਦੇ ਗੁਲਾਮ ਦੇਸ਼ਾਂ ਦੀਆਂ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਜਿੱਤ ਸੁਖਾਲੀ ਬਣੀ ਸੀ। 1949 ’ਚ ਪ੍ਰਵਾਨ ਚੜ੍ਹੀ ਲੋਕ ਚੀਨ ਦੀ ਮਹਾਨ ਸਮਾਜਵਾਦੀ ਕ੍ਰਾਂਤੀ ਦੀ ਕਾਮਯਾਬੀ ’ਚ ਵੀ ਇਸ ਜੰਗ ’ਚ ਲੋਕ ਹਿਤੈਸ਼ੀ ਤਾਕਤਾਂ ਦੀ ਜਿੱਤ ਸਦਕਾ ਬਣੀਆਂ ਬਾਹਰਮੁਖੀ ਹਾਲਤਾਂ ਦੇ ਪ੍ਰਭਾਵ ਤੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ। ਕੁੱਲ ਮਿਲਾ ਕੇ ਇਸ ਜੰਗ ’ਚ ਫਾਸ਼ੀਵਾਦ ਦੀ ਹਾਰ ਨਾਲ ਨਾ ਕੇਵਲ ਸੰਸਾਰ ਦਾ ਨਕਸ਼ਾ ਤਬਦੀਲ ਹੋਇਆ, ਬਲਕਿ ਤਾਕਤਾਂ ਦੇ ਤੋਲ ’ਚ ਵੀ ਬੜੀ ਭਾਰੀ ਤਬਦੀਲੀ ਆਈ ਸੀ।
ਕੀ ਹੈ ਫਾਸ਼ੀਵਾਦ?
ਫਾਸ਼ੀਵਾਦ ਸੱਜ ਪਿੱਛਾਖੜੀ ਵਿਚਾਰਧਾਰਾ ’ਤੇ ਅਧਾਰਤ ਅਜੇਹੀ ਸਿਆਸੀ ਤਨਜ਼ੀਮ ਹੈ, ਜੋ ਅੰਨ੍ਹੇ ਕੌਮਵਾਦ, ਬੇਸ਼ੁਮਾਰ ਫੌਜੀ ਤਾਕਤ, ਨਸਲੀ ਘ੍ਰਿਣਾ ਤੇ ਤਾਨਾਸ਼ਾਹੀ ਤਰਜ਼ ਦੀ ਸ਼ਾਸ਼ਨ ਪੱਧਤੀ ਦੀ ਵਕਾਲਤ ਕਰਦੀ ਹੈ, ਲੋਕਰਾਜੀ ਵਿਵਸਥਾ ਤੇ ਕਦਰਾਂ-ਕੀਮਤਾਂ ਨੂੰ ਖਾਰਜ ਕਰਦੀ ਹੋਈ ਇਸ ਨੂੰ ਕਮਜ਼ੋਰ ਕਰਨ ਲਈ ਹਰ ਹਰਬਾ ਵਰਤਦੀ ਹੈ, ਸਾਂਝੀਵਾਲਤਾ ਦੇ ਸਰੋਕਾਰਾਂ ਦੀ ਘੋਰ ਨਿਖੇਧੀ ਕਰਦੀ ਹੈ ਅਤੇ ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ, ਸ਼ਹਿਰੀ ਆਜ਼ਾਦੀਆਂ ਦਾ ਖਾਤਮਾ ਕਰਦੀ ਹੈ। ਇਸ ਵਿਚਾਰਧਾਰਾ ਦਾ ਸਭ ਤੋਂ ਉੱਘੜਵਾਂ ਲੱਛਣ ਇਹ ਹੈ ਕਿ ਇਹ ਪੂੰਜੀਪਤੀ, ਜਗੀਰੂ ਧਨਾਢਾਂ ਤੇ ਸਾਮਰਾਜੀ ਧਾੜਵੀਆਂ ਵਲੋਂ ਕੀਤੀ ਜਾਂਦੀ ਗਰੀਬ ਵਸੋਂ ਤੇ ਵਿਕਾਸਸ਼ੀਲ ਦੇਸ਼ਾਂ ਦੀ ਬੇਕਿਰਕ ਲੁੱਟ ਦੀ ਪਰਦਾਪੋਸ਼ੀ ਕਰਦੀ ਹੋਈ ਵਸੋਂ ਦੇ ਇਕ ਖਾਸ ਹਿੱਸੇ, ਜੋ ਅਕਸਰ ਕਿਸੇ ਦੇਸ਼-ਖਿੱਤੇ ’ਚ ਘੱਟ ਗਿਣਤੀ ’ਚ ਹੁੰਦਾ ਹੈ, ਨੂੰ ਸਬੰਧਤ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਉਂਦੀ ਹਝੀ ਲੋਕਾਂ ਦੀ ਭੁੱਖ-ਦੁੱਖ ਦੇ ਮੁੱਖ ਖਲਨਾਇਕ ਵਜੋਂ ਸਥਾਪਿਤ ਕਰਦੀ ਹੈ। ਨਾਲ ਹੀ ਬਹੁ-ਗਿਣਤੀ ਵਸੋਂ ਨੂੰ ਇਹ ਵੀ ਜਚਾਉਂਦੀ ਹੈ ਕਿ ਉਨ੍ਹਾਂ ਦਾ ਨਸਲ-ਖੂਨ ਜਾਂ ਧਰਮ ਬਾਕੀਆਂ ਦੇ ਮੁਕਾਬਲੇ ਸ਼ੁੱਧ ਤੇ ਉੱਤਮ ਹੈ। ਇਹ ਜਚਾਉਣ ਲਈ ਅਤੀਤ ਦੀਆਂ ਮਨੋ ਕਲਪਤ ਕਹਾਣੀਆਂ ਦਾ ਸਹਾਰਾ ਲਿਆ ਜਾਂਦਾ ਹੈ। ਇਨ੍ਹਾਂ ਥੋਥੀਆਂ ਦਲੀਲਾਂ ਨੂੰ ਹੱਕੀ ਸਿੱਧ ਕਰਨ ਲਈ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਇਤਿਹਾਸ ਨੂੰ ਸਮਝਣ ਦੇ ਵਿਗਿਆਨਕ ਤੌਰ-ਤਰੀਕੇ ਰੱਦ ਕੀਤੇ ਜਾਂਦੇ ਹਨ, ਵਿਦਿਅਕ ਪਾਠਕ੍ਰਮ ’ਚ ਆਪਣੇ ਵਿਚਾਰ ਚੌਖਟੇ ਨਾਲ ਮੇਚਵੀਆਂ ਸੋਧਾਂ ਕੀਤੀਆਂ ਜਾਂਦੀਆਂ ਹਨ ਤੇ ਅਦਾਰਿਆਂ ’ਤੇ ਯੋਜਨਾਬੱਧ ਹਮਲੇ ਕਰਵਾ ਕੇ ਬੇਦੋਸ਼ਿਆਂ ਦਾ ਵਢਾਂਗਾ ਕਰਵਾਇਆ ਜਾਂਦਾ ਹੈ।
ਪਿਛੋਕੜ ਤੇ ਹਾਕਮ ਜਮਾਤੀ ਮੰਸ਼ਾ
ਇਟਲੀ ’ਚ ਫਾਸ਼ੀਵਾਦ ਦੀ ਨੀਂਹ, ਬੇਨੀਟੋ ਮੁਸੋਲਿਨੀ ਨੇ ਰੱਖੀ ਸੀ। ਇਸੇ ਤੋਂ ਪ੍ਰੇਰਿਤ ਹੋ ਕੇ ਹਿਟਲਰ ਨੇ ਜਰਮਨੀ ’ਚ ਨਾਜ਼ੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਸੀ। ਫਾਸ਼ੀਵਾਦ ਤੇ ਨਾਜ਼ੀਵਾਦ ਤੱਤ ਰੂਪ ’ਚ ਇਕੋ ਨਿਸ਼ਾਨੇ ਦੀ ਪੂਰਤੀ ਲਈ ਕੰਮ ਕਰਦੇ ਸਨ ਤੇ ਦੋਨਾਂ ਦਾ ਕੇਂਦਰੀ ਧੁਰਾ ਨਸਲੀ ਗਲਬਾ ਸੀ। ਹਿਟਲਰ ਜਰਮਨ ਲੋਕਾਂ ਨੂੰ ‘ਸਭ ਤੋਂ ਉੱਚੀ ਨਸਲ’ ਮੰਨਦਾ ਹੋਇਆ ਇਹ ਬਕੜਵਾਹ ਮਾਰਦਾ ਸੀ ਕਿ ਆਪਾਂ ਦੁਨੀਆ ’ਤੇ ਰਾਜ ਕਰਨ ਲਈ ਜੰਮੇ ਹਾਂ। ਜਦਕਿ ਮੁਸੋਲਿਨੀ ਗੋਰੀ ਨਸਲ ਦੀ ਉੱਤਮਤਾ ਦੀ ਵਕਾਲਤ ਕਰਦਾ ਸੀ।
ਇਨ੍ਹਾਂ ਦੋਹਾਂ ਨੇ ਦੁਨੀਆ ਨੂੰ ਜੰਗ, ਕਤਲੇਆਮ ਤੇ ਵਿਨਾਸ਼ ਵੱਲ ਧੱਕ ਦਿੱਤਾ ਸੀ। ਕਰੋੜਾਂ ਲੋਕ ਮਾਰੇ ਗਏ ਸਨ। ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਗਏ ਸਨ ਅਤੇ ਮਨੁੱਖਤਾ ਰੱਜ ਕੇ ਸ਼ਰਮਸਾਰ ਹੋਈ ਸੀ। ਵਿਨਾਸ਼ ਦੇ ਘਾਤਕ ਹਥਿਆਰ ਐਟਮ ਬੰਬ ਇਸੇ ਜੰਗ ਦੌਰਾਨ ਹੀ ਵਰਤੇ ਗਏ ਸਨ। ਲੋਕਾਂ ਦੇ ਜਿਸਮਾਂ ਤੇ ਰੂਹਾਂ ’ਤੇ ਜੰਗ ਦੇ ਜ਼ਖ਼ਮ ਡੂੰਘੇ ਵੀ ਸਨ ਤੇ ਸਨ ਵੀ ਲੰਮੀ ਮਿਆਦ ਦੇ। ਕੁੱਝ ਦੇਸ਼ਾਂ-ਖਿੱਤਿਆਂ ਦੀ ਵਸੋਂ, ਖਾਸ ਕਰਕੇ ਜਾਪਾਨੀ ਸ਼ਹਿਰਾਂ ਹਿਰੋਸ਼ਿਮਾ ਤੇ ਨਾਗਸਾਕੀ ਦੇ ਵਸਨੀਕਾਂ ਦੀਆਂ ਅਜੋਕੀਆਂ ਪੀੜ੍ਹੀਆਂ, ਅੱਜ ਤਾਈਂ ਵੀ ਦੂਜੀ ਸੰਸਾਰ ਜੰਗ ਦਾ ਸੰਤਾਪ ਹੰਢਾਅ ਰਹੀਆਂ ਹਨ।
ਇਹ ਉਚੇਚਾ ਯਾਦ ਰੱਖਣ ਯੋਗ ਹੈ ਕਿ ਫਾਸਿਸਟਾਂ ਤੇ ਨਾਜ਼ੀਆਂ, ਦੋਹਾਂ ਨੇ ਆਪਣਾ ਮੁੱਖ ਦੁਸ਼ਮਣ ਸੰਸਾਰ ਦੇ ਪਹਿਲੇ ਕਿਰਤੀ ਰਾਜ, ਸੋਵੀਅਤ ਯੂਨੀਅਨ ਨੂੰ ਮੰਨਿਆ ਸੀ। ਸਪਸ਼ਟ ਹੈ ਕਿ ਵਿਸ਼ਵ ਪੂੰਜੀਵਾਦ ਨੇ ਇਹ ਦੋਹੇਂ ਸੱਜ ਪਿਛਾਖੜੀ ਲਹਿਰਾਂ ਦੁਨੀਆਂ ਤੋਂ ਕਮਿਊਨਿਜ਼ਮ ਤੇ ਸਮਾਜਵਾਦ ਦਾ ਖੁਰਾ-ਖੋਜ ਮਿਟਾਉਣ ਲਈ ਹੋਂਦ ’ਚ ਲਿਆਂਦੀਆਂ ਸਨ। ਉਨ੍ਹਾਂ ਦੀ ਚਿੰਤਾ ਇਹ ਸੀ ਕਿ ਆਪੋ-ਆਪਣੇ ਦੇਸ਼ਾਂ ਦੀ ਜਨਤਾ, ਖਾਸ ਕਰਕੇ ਕਿਰਤੀਆਂ ਨੂੰ ਸੋਵੀਅਤ ਯੂਨੀਅਨ ਦੇ ਹਾਂ-ਪੱਖੀ ਪ੍ਰਭਾਵਾਂ ਤੋਂ ਮੁਕਤ ਕਿਵੇਂ ਰੱਖਿਆ ਜਾਵੇ? ਲੁੱਟੇ-ਲਤਾੜੇ ਲੋਕਾਂ ਨੂੰ ਕ੍ਰਾਂਤੀ ਦੇ ਰਾਹ ਤੋਂ ਭਟਕਾਉਣ ਲਈ ਪੂੰਜੀਪਤੀਆਂ ਨੂੰ ਨਸਲੀ ਤੇ ਖੂਨ ਦੇ ਵਖਰੇਵੇਂ ਦੇ ਮੁੱਦੇ ਬੜੇ ਕਾਰਗਰ ਹਥਿਆਰ ਜਾਪੇ ਸਨ। ਸਾਫ ਸ਼ਬਦਾਂ ’ਚ ਕਹੀਏ ਤਾਂ ਪੂੰਜੀਵਾਦੀ ਜਮਾਤ ਨੇ ਆਪਣੀ ਬੇਰਹਿਮ ਲੁੱਟ-ਖਸੁੱਟ ਕਰਕੇ ਲੋਕ ਮਨਾਂ ’ਚ ਪੈਦਾ ਹੋਈ ਬੇਚੈਨੀ ਤੇ ਰੋਹ ਦੇ ਸੇਕ ਦਾ ਮੁਹਾਣ ਇਸ ਪਾਸੇ ਮੋੜ ਦਿੱਤਾ ਕਿ ਲੋਕੀਂ ਨਸਲੀ ਆਧਾਰ ’ਤੇ ਵੰਡੇ ਜਾਣ ਤੇ ਇਕ-ਦੂਜੇ ਦੇ ਲਹੂ ਦੇ ਤਿਹਾਏ ਬਣ ਜਾਣ, ਜਦਕਿ ਲੋਟੂ ਟੋਲੇ ਮੌਜ ਨਾਲ ਮਲਾਈ ਛਕੀ ਜਾਣ। ਤੱਥ ਗਵਾਹ ਹਨ ਕਿ ਪੂੰਜੀਵਾਦੀ ਜਮਾਤ ਤੇ ਇਸ ਦੇ ਹੱਥ ਠੋਕੇ ਬੁੱਧੀਜੀਵੀਆਂ ਨੇ ਮੁੱਢਲੇ ਪੜਾਅ ’ਤੇ ਹਿਟਲਰ ਤੇ ਮੁਸੋਲਿਨੀ ਦੀ ਖੂਬ ਪਿੱਠ ਥਾਪੜੀ ਸੀ। ਇਹ ਵੀ ਸੱਚ ਹੈ ਕਿ ਇਨ੍ਹਾਂ ਨੇ ਲੋਕਾਂ ਨੂੰ ਆਪਣੇ ਪਿਛਲੱਗ ਬਣਾਉਣ ਲਈ ਸ਼ੁਰ ’ਚ ਕਮਿਊਨਿਸਟਾਂ, ਸਮਾਜਵਾਦੀਆਂ ਦੀ ਸ਼ਬਦਾਵਲੀ ਤੇ ਨਾਅਰਿਆਂ ਦੀ ਵੀ ਖੂਬ ਵਰਤੋਂ ਕੀਤੀ ਸੀ। ਵੈਸੇ ਵੀ ਫਿਰਕੂ-ਫਾਸ਼ੀਵਾਦੀ ਤੇ ਨਸਲਵਾਦੀ ਆਪਣਾ ਸਭ ਤੋਂ ਵੱਡਾ ਵੈਰੀ ਕਮਿਊਨਿਸਟਾਂ ਨੂੰ ਮੰਨਦੇ ਹਨ।
ਸੋਵੀਅਤ ਯੂਨੀਅਨ ’ਤੇ ਹਮਲਾ
22 ਜੂਨ 1941 ਨੂੰ ਹਿਟਲਰ ਨੇ “ਓਪਰੇਸ਼ਨ ਬਾਰਬਰੋਸਾ” ਤਹਿਤ ਸੋਵੀਅਤ ਯੂਨੀਅਨ ’ਤੇ ਧਾਵਾ ਬੋਲ ਦਿੱਤਾ ਸੀ। ਨਾਜ਼ੀ ਤਾਨਾਸ਼ਾਹ ਦੀ ਇਹ ਖਾਮ-ਖਿਆਲੀ ਸੀ ਕਿ ਉਹ ਕੁਝ ਕੁ ਦਿਨਾਂ ’ਚ ਹੀ ਦੁਨੀਆ ਦੇ ਨਕਸ਼ੇ ਤੋਂ ਸੋਵੀਅਤ ਯੂਨੀਅਨ ਦੀ ਹੋਂਦ ਮਿਟਾ ਦੇਵੇਗਾ। ਜਰਮਨ ਫੌਜ ਬੜੀ ਤੇਜ਼ੀ ਨਾਲ ਅੱਗੇ ਵਧੀ ਤੇ ਰੂਸ ਦੇ ਕਈ ਸ਼ਹਿਰਾਂ ’ਤੇ ਕਾਬਜ਼ ਹੋ ਗਈ। ਐਪਰ ਸੋਵੀਅਤ ਲੋਕਾਂ ਨੇ ਬੇਮਿਸਾਲ ਹੌਂਸਲੇ ਦਾ ਪ੍ਰਗਟਾਵਾ ਕੀਤਾ। ਕ੍ਰਾਂਤੀ ਦੀ ਭੱਠੀ ’ਚ ਤਪ ਕੇ ਪ੍ਰਵਾਨ ਚੜ੍ਹੀ ਲਾਲ ਫੌਜ ਨੇ ‘ਕਰੋ ਜਾਂ ਮਰੋ’ ਦਾ ਇਰਾਦਾ ਧਾਰ ਲਿਆ। ਕਿਸਾਨ-ਮਜ਼ਦੂਰ, ਔਰਤਾਂ, ਨੌਜਵਾਨਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਤੱਕ ਨਿਓਛਾਵਰ ਕਰ ਦੇਣ ਦੀ ਪੱਕੀ ਧਾਰ ਲਈ। ਉਦਯੋਗ, ਜੰਗੀ ਸਾਜੋ-ਸਮਾਨ ਦੀ ਪੈਦਾਵਾਰ ਜਾਰੀ ਰੱਖਣ ਲਈ ਦੇਸ਼ ਦੇ ਪੂਰਬੀ ਖੇਤਰਾਂ ’ਚ ਤਬਦੀਲ ਕਰ ਦਿੱਤੇ ਗਏ। ਇਉਂ ਇਹ ਯੁੱਧ ਸਿਰਫ਼ ਫੌਜਾਂ ਵਿਚਕਾਰ ਹੀ ਨਹੀਂ ਸੀ ਲੜਿਆ ਗਿਆ, ਸਗੋਂ ਧਾੜਵੀਆਂ ਵਿਰੁੱਧ ਪੂਰੇ ਸਮਾਜ ਦਾ ਯੁੱਧ ਬਣ ਗਿਆ ਸੀ। ਬਿਨਾਂ ਸ਼ੱਕ,ਸੋਵੀਅਤ ਆਵਾਮ ਨੂੰ ਵੀ ਆਪਣਾ ਦੇਸ਼ ਅਤੇ ਆਜ਼ਾਦੀ ਦੁਨੀਆ ਦੇ ਬਾਕੀ ਦੇਸ਼ਾਂ ਦੇ ਲੋਕਾਂ ਵਾਂਗੂ ਬਹੁਤ ਅਜੀਜ ਸਨ। ਪਰ ਉਸ ਵੇਲੇ ਉਨ੍ਹਾਂ ਸਾਹਵੇਂ ਪ੍ਰਮੁੱਖ ਤੇ ਪ੍ਰਤੱਖ ਨਿਸ਼ਾਨਾ ਕ੍ਰਾਂਤੀ ਤੋਂ ਪਿੱਛੋਂ ਕਾਇਮ ਕੀਤੇ ਗਏ ਸਮਾਜਵਾਦੀ ਪ੍ਰਬੰਧ ਅਤੇ ਇਸ ਪ੍ਰਬੰਧ ਦੀਆਂ ਬਰਕਤਾਂ ਨੂੰ ਬਰਕਰਾਰ ਰੱਖਣਾ ਸੀ।
ਸਟਾਲਿਨਗ੍ਰਾਦ ਦੀ ਲੜਾਈ
ਫਾਸ਼ੀਵਾਦ ਦੀ ਹਾਰ ’ਚ ਸਭ ਤੋਂ ਫੈਸਲਾਕੁੰਨ ਮੋੜ 1942 ਤੋਂ 1943 ਤੱਕ ਚੱਲੀ ਸਟਾਲਿਨਗ੍ਰਾਦ ਦੀ ਲੜਾਈ (2attle of Stalingrad) ਦੌਰਾਨ ਆਇਆ ਸੀ। ਸਟਾਲਿਨਗ੍ਰਾਦ ਵਿਖੇ ਸੋਵੀਅਤ ਫੌਜ ਨੇ ਜਰਮਨ ਫੌਜ ਨੂੰ ਘੇਰ ਲਿਆ ਸੀ ਤੇ ਵਿਸ਼ਵ ਦੀ ਸਭ ਤੋਂ ਤਾਕਤਵਰ ਸਮਝੀ ਜਾਂਦੀ ਹਿਟਲਰੀ ਸੈਨਾ ਨੂੰ ਆਤਮ-ਸਮਰਪਣ ਕਰਨਾ ਪਿਆ ਸੀ। ਦੂਜੇ ਵਿਸ਼ਵ ਯੁੱਧ ’ਚ ਹੰਕਾਰ ਨਾਲ ਭੂਤਰੇ ਨਾਜ਼ੀ ਜਰਮਨੀ ਨੂੰ ਮਿਲੀ ਇਹ ਪਹਿਲੀ ਵੱਡੀ ਹਾਰ ਸੀ। ਇਸ ਜਿੱਤ ਨੇ ਦੁਨੀਆ ਨੂੰ ਦਿਖਾਇਆ ਕਿ ਫਾਸ਼ੀਵਾਦ ਅਜਿੱਤ ਨਹੀਂ ਹੈ। ਸਟਾਲਿਨਗ੍ਰਾਦ ਦੀ ਲੜਾਈ ਨੇ ਯੁੱਧ ਦਾ ਪਾਸਾ ਪੂਰੀ ਤਰ੍ਹਾਂ ਪਲਟਾ ਦਿੱਤਾ। ਇਸ ਪਿੱਛੋਂ ਲਾਲ ਫੌਜ ਨਿਰੰਤਰ ਅੱਗੇ ਵਧਦੀ ਹੋਈ ਅੰਤ ਬਰਲਿਨ ਤੀਕ ਪੁੱਜ ਗਈ ਸੀ।
ਸੋਵੀਅਤ ਲੋਕਾਂ ਦੀ ਮਹਾਨ ਕੁਰਬਾਨੀ
ਸੋਵੀਅਤ ਯੂਨੀਅਨ ਨੇ ਇਸ ਯੁੱਧ ’ਚ ਸਭ ਤੋਂ ਵੱਧ ਜਾਨੀ ਨੁਕਸਾਨ ਝੱਲਿਆ ਸੀ। ਕਰੀਬ 2 ਕਰੋੜ ਨਾਗਰਿਕ ਤੇ ਸੈਨਿਕ ਮਾਰੇ ਗਏ ਸਨ। ਹਜ਼ਾਰਾਂ ਪਿੰਡ-ਸ਼ਹਿਰ ਫਨਾਹ ਹੋ ਗਏ ਸਨ। ਇਸ ਦੇ ਬਾਵਜੂਦ ਸੋਵੀਅਤ ਲੋਕ ਡਟੇ ਰਹੇ। ਕਿਉਂਕਿ ਉਨ੍ਹਾਂ ਦਾ ਮੰਤਵ ਸਿਰਫ਼ ਆਪਣੇ ਦੇਸ਼ ਦੀ ਰਾਖੀ ਕਰਨਾ ਨਹੀਂ ਸੀ, ਸਗੋਂ ਪੂਰੀ ਮਨੁੱਖਤਾ ਨੂੰ ਫਾਸ਼ੀਵਾਦ ਤੋਂ ਬਚਾਉਣਾ ਸੀ। ਸੋਵੀਅਤ ਔਰਤਾਂ ਨੇ ਵੀ ਜੰਗ ’ਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਉਹ ਫੈਕਟਰੀਆਂ ’ਚ ਕੰਮ ਕਰਦੀਆਂ, ਫੌਜ ’ਚ ਸ਼ਾਮਲ ਹੁੰਦੀਆਂ ਤੇ ਜਖ਼ਮੀਆਂ ਦੀ ਸੇਵਾ ਕਰਦੀਆਂ ਸਨ। ਉਨ੍ਹਾਂ ਇਹ ਮਿਸਾਲ ਕਾਇਮ ਕੀਤੀ ਕਿ ਜੰਗ ਦੌਰਾਨ ਜੇਕਰ ਪੂਰਾ ਸਮਾਜ ਇਕੱਠਾ ਹੋ ਜਾਵੇ ਤਾਂ ਅਜਿੱਤ ਤਾਕਤ ਬਣ ਸਕਦਾ ਹੈ।
ਬਰਲਿਨ ’ਤੇ ਝੁਲਾਇਆ ਲਾਲ ਝੰਡਾ
ਲਾਲ ਫੌਜ 1945 ’ਚ ਬਰਲਿਨ ਸ਼ਹਿਰ ’ਚ ਦਾਖ਼ਲ ਹੋਈ ਸੀ। ਹਿਟਲਰ ਦੀ ਨਿਸ਼ਚਿਤ ਹਾਰ ਨਾਲ ਨਾਜ਼ੀ ਦੁਰਰਾਜ ਦਾ ਅੰਤ ਹੋ ਗਿਆ ਸੀ। ਰਾਈਖਸਟੈਗ ’ਤੇ ਲਾਲ ਝੰਡੇ ਦਾ ਲਹਿਰਾਇਆ ਜਾਣਾ ਫਾਸ਼ੀਵਾਦ ਦੀ ਹਾਰ ਦਾ ਸਦੀਵੀ ਪ੍ਰਤੀਕ ਬਣ ਗਿਆ। ਇਉਂ ਦੂਜੇ ਵਿਸ਼ਵ ਯੁੱਧ ਦਾ ਯੂਰਪੀ ਮੋਰਚਾ ਖ਼ਤਮ ਹੋਇਆ ਤੇ ਦੁਨੀਆ ਨੇ ਸੁੱਖ ਦਾ ਸਾਹ ਲਿਆ। ਹੁਣ ਇਹ ਜਿੱਤ ਸਿਰਫ਼ ਸੋਵੀਅਤ ਯੂਨੀਅਨ ਦੀ ਨਹੀਂ ਸੀ ਰਹੀ, ਸਗੋਂ ਉਨ੍ਹਾਂ ਸਾਰੇ ਲੋਕਾਂ ਦੀ ਧਰੋਹਰ ਬਣ ਗਈ ਸੀ, ਜਿਨ੍ਹਾਂ ਨੇ ਆਜ਼ਾਦੀ ਤੇ ਇਨਸਾਨੀਅਤ ਦੀ ਰਾਖੀ ਲਈ ਯੁੱਧ ਲੜਿਆ ਸੀ।
ਭਵਿੱਖੀ ਸਬਕ ਤੇ ਅਜੋਕੇ ਖਤਰੇ
ਲੰਘੀ ਸਦੀ ਦੇ ਅੰਤਲੇ ਦਹਾਕੇ ’ਚ ਸਮਾਜਵਾਦ ਦਾ ਸਭ ਤੋਂ ਮਜ਼ਬੂਤ ਕਿਲ੍ਹਾ ਸੋਵੀਅਤ ਯੂਨੀਅਨ ਅੰਦਰੂਨੀ ਕਮਜ਼ੋਰੀਆਂ ਅਤੇ ਸਾਮਰਾਜੀ ਸਾਜਿਸ਼ਾਂ ਦੇ ਨਤੀਜੇ ਵਜੋਂ ਢਹਿ-ਢੇਰੀ ਹੋ ਗਿਆ ਸੀ। ਇਸਦੇ ਨਾਲ ਹੀ ਪੂਰਬੀ ਯੂਰਪ ਦੇ ਦੇਸ਼ਾਂ ’ਚ ਵੀ ਸਮਾਜਵਾਦ ਦੀ ਥਾਂ ਪੂੰਜੀਵਾਦੀ ਪ੍ਰਬੰਧਾਂ ਨੇ ਲੈ ਲਈ ਸੀ। ਨਤੀਜਾ-ਗਲੋਬ ਤੋਂ ‘ਸੰਸਾਰ ਸਮਾਜਵਾਦੀ ਕੈਂਪ’ ਦੀ ਹੋਂਦ ਸਮਾਪਤ ਹੋ ਗਈ। ਬਿਨਾਂ ਸ਼ੱਕ ਪੂਰੇ ਸੰਸਾਰ ’ਚ ਕਮਿਊਨਿਸਟ ਲਹਿਰ ਨੂੰ ਗੰਭੀਰ ਪਛਾੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਗੈਰ ਸਰਗਰਮ ਹੋ ਗਈਆਂ ਜਾਂ ਹਾਸ਼ੀਏ ’ਤੇ ਪੁੱਜ ਗਈਆਂ। ਇਹ ਵੀ ਸੱਚ ਹੈ ਕਿ ਵਕਤੀ ਤੌਰ ’ਤੇ ਸੰਸਾਰ ਦੀ ਕੁਲ ਵਸੋਂ ਦੇ ਵੱਡੇ ਹਿੱਸੇ ਦੇ ਮਨ ’ਚ ਸਮਾਜਵਾਦ ਪ੍ਰਤੀ ਖਿੱਚ ਸਮਾਪਤ ਹੋ ਗਈ ਜਾਂ ਅਸਲੋਂ ਹੀ ਘਟ ਗਈ। ਸਾਮਰਾਜ ਤੇ ਪੂੰਜੀਵਾਦ ਨੇ ਆਪਣਾ ਲੋਕ ਭਲਾਈ ਵਾਲਾ ਲਬਾਦਾ ਵਗਾਹ ਮਾਰਿਆ ਤੇ ਆਪਣੇ ਅਸਲੀ ਰੰਗ ’ਚ ਸਾਹਮਣੇ ਆ ਗਏ। ਅਮਰੀਕਾ ਦੀ ਅਗਵਾਈ ਹੇਠਲੇ ਸਾਮਰਾਜੀ ਦੇਸ਼ਾਂ ਦੇ ਧੜੇ ਨੇ ਦੁਨੀਆ ਤੇ ਆਪਣਾ ਗਲਬਾ ਕਾਇਮ ਕਰਨ ਅਤੇ ਤਰਕੀ ਕਰ ਰਹੇ ਮੁਲਕਾਂ ਦੇ ਵਸੀਲਿਆਂ ਤੇ ਕਿਰਤ ਸ਼ਕਤੀ ਦੀ ਲੁੱਟ ਤਿੱਖੀ ਕਰਨ ਲਈ ਨਵ-ਉਦਾਰਵਾਦੀ ਨੀਤੀ ਚੌਖਟਾ ਘੜਿਆ ਅਤੇ ਇਸ ਅਨੁਸਾਰ ਪੂਰੀ ਦੁਨੀਆ ਨੂੰ ਹੱਕਣਾ ਸ਼ੁਰੂ ਕਰ ਦਿੱਤਾ। ਇਸ ਮੰਤਵ ਲਈ ਸਾਮਰਾਜ ਨੇ ਦੇਸ਼ਾਂ ਅੰਦਰ ਅਫਰਾ-ਤਫਰਾ ਫੈਲਾਈ, ਤਖ਼ਤਾ ਪਲਟ ਕਰਵਾਏ, ਧੱਕੇ ਨਾਲ ਕਬਜ਼ਾ ਕੀਤਾ ਅਤੇ ਜੰਗਾਂ ਭੜਕਾਈਆਂ। ਇਉਂ ਦੇਸ਼ਾਂ ਦੇ ਵਸੀਲੇ ਵੀ ਬੇਧੜਕ ਲੁੱਟੇ ਜਾ ਰਹੇ ਹਨ ਤੇ ਹਥਿਆਰਾਂ ਦੀ ਵਿਕਰੀ ਰਾਹੀਂ ਵੀ ਖੂਬ ‘ਚਾਂਦੀ ਕੁੱਟੀ’ ਜਾ ਰਹੀ ਹੈ। ਸੰਸਾਰਕ ਦੱਖਣ ਦੇ ਬਹੁ ਗਿਣਤੀ ਦੇਸ਼ ਸਾਮਰਾਜੀਆਂ ਨੇ ਲਗਭਗ ਮੁਕੰਮਲ ਕੰਗਾਲ ਕਰ ਦਿੱਤੇ ਹਨ। ਜ਼ਾਹਿਰ ਹੈ- ਲੋਕਾਂ ’ਚ ਡਾਢੀ ਬੇਚੈਨੀ ਤੇ ਰੋਸ ਉਬਾਲੇ ਮਾਰ ਰਹੇ ਹਨ। ਲੋਕ ਦੁਨੀਆ ਭਰ ’ਚ ਆਪਣੀਆਂ ਜੀਵਨ ਹਾਲਤਾਂ ’ਤੇ ਪੈ ਰਹੇ ਦੁਰ ਪ੍ਰਭਾਵਾਂ ਅਤੇ ਰੋਜ਼ੀ-ਰੋਟੀ ’ਤੇ ਆਏ ਦਿਨ ਵੱਧ ਰਹੇ ਨਿੱਤ ਨਵੇਂ ਹਮਲਿਆਂ ਖਿਲਾਫ਼ ਥਾਂ-ਥਾਂ ਜੂਝ ਰਹੇ ਹਨ। ਪ੍ਰੰਤੂ ਸਿਆਸੀ ਚੇਤਨਾ ਦੀ ਅਣਹੋਂਦ ਤੇ ਨਿਸ਼ਾਨੇ ਦੀ ਅਸਪੱਸ਼ਟਤਾ ਕਾਰਨ ਅਤੇ ਲੋਕ ਪੱਖੀ ਤਾਕਤਾਂ ਦੀ ਗੈਰ ਮੌਜੂਦਗੀ ਕਰਕੇ ਲੜ ਰਹੇ ਲੋਕਾਂ ਨੂੰ ਸੱਜ-ਪਿਛਾਖੜੀ, ਫਿਰਕੂ-ਫਾਸ਼ੀ ਤਾਕਤਾਂ ਆਪਣੇ ਪਿੱਛੇ ਲਾਮਬੰਦ ਕਰਨ ’ਚ ਖਾਸੀਆਂ ਸਫਲ ਹੋ ਰਹੀਆਂ ਹਨ। ਸਾਮਰਾਜ ਤੇ ਪੂੰਜੀਵਾਦੀ ਹਾਕਮਾਂ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਲੋਕ ਇਨਕਲਾਬੀ ਤਬਦੀਲੀ ਦੇ ਗਾਡੀ ਰਾਹ ਪੈਣ ਦੀ ਥਾਂ ਸਥਾਪਤੀ ਦੀਆਂ ਦਲਾਲ ਵੱਖਵਾਦੀ ਤਾਕਤਾਂ ਦੇ ਢਹੇ ਚੜ੍ਹ ਜਾਣ। ਇਹ ਸਾਰਾ ਕੁੱਝ ਤਾਂ ਹੀ ਸੰਭਵ ਹੋਇਆ ਹੈ, ਕਿਉਂਕਿ ਸਾਮਰਾਜ ਦੇ ਮੁਕਾਬਲੇ ’ਤੇ ਸੋਵੀਅਤ ਯੂਨੀਅਨ ਤੇ ਸਮਾਜਵਾਦੀ ਕੈਂਪ ਵਰਗੀ ਕੋਈ ਬਰਾਬਰ ਦੀ ਸ਼ਕਤੀ ਮੌਜੂਦ ਨਹੀਂ। ਲਿਹਾਜਾ ਫਾਸ਼ੀਵਾਦੀਆਂ ਵਲੋਂ ਮਚਾਈ ਚੌਤਰਫਾ ਤਬਾਹੀ ਤੇ ਤਬਾਹਕੁੰਨ ਜੰਗਾਂ ਦਾ ਖਤਰਾ ਮਾਨਵਤਾ ਦੇ ਸਿਰ ’ਤੇ ਨਵੇਂ ਸਿਰਿਓਂ ਆਣ ਖੜ੍ਹਾ ਹੋਇਆ ਹੈ।
ਫਾਸ਼ੀਵਾਦ ਦੀ ਨਿਰਣਾਇਕ ਹਾਰ ਦਾ ਅਜੋਕੇ ਸਮੇਂ ਸਭ ਤੋਂ ਵੱਡਾ ਤੇ ਮਹੱਤਵਪੂਰਣ ਸਬਕ ਇਹੋ ਹੈ ਕਿ ਸਾਮਰਾਜ ਤੇ ਫਾਸ਼ੀਵਾਦ ਖ਼ਿਲਾਫ਼ ਵਿਚਾਰਧਾਰਕ ਚੇਤਨਾ ਪੈਦਾ ਕਰਨੀ ਅਤੇ ਇਨ੍ਹਾਂ ਤੋਂ ਮੁਕਤੀ ਦਾ ਲੋਕ ਯੁੱਧ ਭਖਾਉਣਾ ਤੇ ਜਿੱਤ ਤੱਕ ਲਿਜਾਣਾ ਦੁਨੀਆ ਭਰ ਦੇ ਲੋਕਾਂ, ਖਾਸ ਕਰਕੇ ਕਿਰਤੀ ਸ਼੍ਰੇਣੀ ਦਾ ਸਭ ਤੋਂ ਪਲੇਠਾ, ਮਹੱਤਵਪੂਰਨ ਫਰਜ਼ ਹੈ। ਐਪਰ ਇਸ ਸੇਧ ’ਚ ਵਿਸ਼ਵ ਲੋਕਾਈ ਦਾ ਮਨ ਬਨਾਉਣਾ ਇਨਕਲਾਬੀ ਸ਼ਕਤੀਆਂ ਦਾ ਇਤਿਹਾਸਕ ਫਰਜ਼ ਹੈ। ਨਾਲ ਹੀ, ਥੋੜ੍ਹੀ ਜਾਂ ਲੰਮੀ ਮਿਆਦ ਦੀਆਂ ਨਿਰੋਲ ਆਰਥਿਕ ਲੜਾਈਆਂ ਲੜਦੇ ਹੋਏ ਸਿਆਸੀ ਘੋਲਾਂ, ਜਿਨ੍ਹਾਂ ਦਾ ਮੁੱਖ ਧੁਰਾ ਬਦਲਵੀਆਂ ਲੋਕ ਪੱਖੀ ਨੀਤੀਆਂ ਵਾਲਾ ਹਕੀਕੀ ਰਾਜਸੀ ਮੁਤਬਾਦਲ ਉਸਾਰਨਾ ਅਤੇ ਅੰਤ ਕ੍ਰਾਂਤੀ ਰਾਹੀਂ ਬੁਨਿਆਦੀ ਪਰਿਵਰਤਨ ਕਰਦੇ ਹੋਏ ਪੂੰਜੀਵਾਦ ਦੀ ਥਾਂ ਸਮਾਜਵਾਦ ਦੀ ਕਾਇਮੀ ਲਈ ਲੋਕਾਂ ਨੂੰ ਸੁਚੇਤ ਤੇ ਤਿਆਰ ਕਰਨਾ ਦੂਜਾ ਵਡੇਰਾ ਕਾਰਜ ਹੈ।
ਲੋਕਾਂ ਨੂੰ ਹੁਣ ਅਮੀਰੀ-ਗਰੀਬੀ ਦੇ ਵੱਧ ਰਹੇ ਪਾੜੇ, ਲੱਕ ਤੋੜ ਮਹਿੰਗਾਈ ਤੇ ਛਾਲਾਂ ਮਾਰ ਕੇ ਵਧ ਰਹੀ ਬੇਰੁਜ਼ਗਾਰੀ, ਗਰੀਬ ਵਸੋਂ ਦਾ ਇਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਤੋਂ ਮਹਿਰੂਮ ਹੋਣ, ਭ੍ਰਿਸ਼ਟਾਚਾਰ, ਅਪਰਾਧਾਂ ਤੇ ਅਰਾਜਕਤਾ ਦੇ ਬੇਲਗਾਮ ਵਾਧੇ, ਸੱਭਿਆਚਾਰਕ ਨਿਘਾਰ ਆਦਿ ਦੇ ਅਸਲ ਸ੍ਰੋਤ, ਪੂੰਜੀਵਾਦੀ ਰਾਜ ਪ੍ਰਬੰਧ ਤੋਂ ਜਾਣੂੰ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਕੇ ਲੋਕਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਪੂੰਜੀਵਾਦ ਨਾ ਤਾਂ ਕਦੇ ਸੰਕਟ ਤੋਂ ਮੁਕਤ ਹੋ ਸਕਦਾ ਹੈ ਅਤੇ ਨਾ ਹੀ ਸੰਕਟ ਦਾ ਭਾਰ ਲੋਕਾਂ ਸਿਰ ਲੱਦਣ ਤੋਂ ਬਾਜ ਆ ਸਕਦਾ ਹੈ। ਜੇਕਰ ਸਾਫ-ਸਾਫ ਕਹਿਣਾ ਹੋਵੇ ਤਾਂ ਅਸਾਨੂੰ ਜਮਾਤੀ ਜਦੋ-ਜਹਿਦ ਤੇਜ਼ ਕਰਨ ਵੱਲ ਵੱਧਣਾ ਚਾਹੀਦਾ ਹੈ। ਯਾਦ ਕਰੋ ਸੋਵੀਅਤ ਯੂਨੀਅਨ ਦੇ ਲੋਕੀਂ ਜਮਾਤੀ ਸੂਝ ਨਾਲ ਲੈਸ ਹੋਣ ਕਰਕੇ ਹੀ ਫਾਸ਼ੀਵਾਦ ਨਾਲ ‘ਆਰ-ਪਾਰ ਦਾ ਯੁੱਧ’ ਲੜਨ ਲਈ ਮੈਦਾਨ ’ਚ ਨਿੱਤਰੇ ਸਨ। ਲੁੱਟ-ਖਸੁੱਟ ਵਾਲੇ ਜਮਾਤੀ ਰਾਜ ’ਚ ਲੁੱਟੇ-ਲਤਾੜੇ ਲੋਕਾਂ ਕੋਲ ਜਮਾਤੀ ਚੇਤਨਾ ਤੋਂ ਬਗੈਰ ਲੋਟੂਆਂ ਤੋਂ ਮੁਕਤੀ ਲਈ ਹੋਰ ਕੋਈ ਹਥਿਆਰ ਨਹੀਂ। ਕਿਰਤ ਸ਼ਕਤੀ ਨੂੰ ਜਮਾਤੀ ਸੂਝ ਨਾਲ ਲੈਸ ਕਰਨ ਦਾ ਇਹ ਕੰਮ ਵੀ ਸੰਸਾਰ ਭਰ ਦੇ ਇਨਕਲਾਬੀਆਂ ਦਾ ਪ੍ਰਮੁੱਖ ਕਾਰਜਭਾਰ ਹੈ।

Scroll To Top