
ਭਾਰਤ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ (ਸੀਜੇਆਈ) ਸ਼੍ਰੀ ਸੂਰੀਆ ਕਾਂਤ ਨੇ 15 ਮਈ 2026 ਨੂੰ ਇਕ ਮੁਕੱਦਮੇ ਦੀ ਸੁਣਵਾਈ ਦੌਰਾਨ ਮੌਖਿਕ ਟਿੱਪਣੀ ਕਰਦਿਆਂ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਬਾਰੇ ਅੱਤ ਦੀ ਘਟੀਆ ਰਾਏ ਜਾਹਿਰ ਕੀਤੀ ਹੈ। ਜੱਜ ਸਾਹਿਬ ਨੇ ਫਰਮਾਇਆ ਹੈ ਕਿ, “ਕੁੱਝ ਬੇਰੁਜ਼ਗਾਰ ਨੌਜਵਾਨ, ਜੋ ਰੁਜ਼ਗਾਰ ਤੋਂ ਵਾਂਝੇ ਰਹਿ ਜਾਂਦੇ ਹਨ, ਪੱਤਰਕਾਰ (ਮੀਡੀਆ ਪਰਸਨੇਲ), ਸੋਸ਼ਲ ਮੀਡੀਆ ਆਲੋਚਕ (ਸੋਸ਼ਲ ਮੀਡੀਆ ਕ੍ਰਿਟਿਕ) ਅਤੇ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਕਾਰਕੁੰਨ (ਆਰਟੀਆਈ ਐਕਟੀਵਿਸਟ) ਬਣ ਕੇ ਸੰਸਥਾਵਾਂ ‘ਤੇ ਹਮਲੇ ਕਰਦੇ ਹਨ ਅਤੇ ‘ਕਾਕਰੋਚਾਂ’ ਤੇ ‘ਪਰਜੀਵੀਆਂ’ ਵਾਂਗ ਵਿਹਾਰ ਕਰਦੇ ਹਨ।”
ਰੁਜ਼ਗਾਰ ਵਿਹੂਣੇ ਜਾਂ ਪੂੰਜੀਵਾਦੀ ਢਾਂਚੇ ਦੇ ਸੰਕਟ ਕਰਕੇ ਬੇਰੁਜ਼ਗਾਰਾਂ ਦੀ ਲੰਮੀ ਕਤਾਰ ‘ਚ ਖੜ੍ਹੇ ਯੁਵਕ ਪੇਟ ਭਰਨ ਲਈ ਜੇਕਰ ਉਪਰੋਕਤ ਕਿੱਤੇ ਅਪਣਾ ਲੈਂਦੇ ਹਨ ਅਤੇ ਖੋਖਲੇ ਹੋ ਚੁੱਕੇ ਮੌਜੂਦਾ ਲੋਕ ਵਿਰੋਧੀ ਢਾਂਚੇ ਨੂੰ ਆਮ ਜਨਤਾ ਸਾਹਵੇਂ ਨੰਗਾ ਕਰਦੇ ਹਨ ਤਾਂ ਜੱਜ ਸਾਹਿਬ ਦੀ ਲਿਆਕਤ ਅਨੁਸਾਰ ਅਜਿਹਾ ਕਰਕੇ ਉਹ ਕੋਈ ਵੱਡਾ ਗੁਨਾਹ ਕਰ ਰਹੇ ਹਨ!
ਇਹ ਟਿੱਪਣੀ ਸਹਿਜ ਸੁਭਾਅ ਨਹੀਂ ਕੀਤੀ ਗਈ, ਬਲਕਿ ਇਹ ਆਰਥਿਕ ਤੰਗੀ ਦੇ ਸ਼ਿਕਾਰ, ਚੌਤਰਫਾ ਮੁਸ਼ਕਿਲਾਂ ‘ਚ ਘਿਰੇ ਨੌਜੁਆਨਾਂ ਪ੍ਰਤੀ ਤਰਿਸਕਾਰ ਦੀ ਭਾਵਨਾ ਦਾ ਭੱਦਾ ਪ੍ਰਗਟਾਵਾ ਹੈ। ਇਸ ਦੇ ਨਾਲ ਹੀ ਇਹ ਟਿੱਪਣੀ ਦੇਸ਼ ਦੀ ਨਿਆਂ ਪਾਲਿਕਾ ਤੇ ਸੱਤਾਧਾਰੀਆਂ ਦੀ ਮਿਲੀਭੁਗਤ ਦਾ ਘਟੀਆ ਨਮੂਨਾ ਵੀ ਹੈ। ਜਦੋਂਕਿ ਅਸੂਲੀ ਤੌਰ ‘ਤੇ ਨਿਆਂ ਪਾਲਕਾਂ ਦਾ ਫਰਜ਼ ਹਾਕਮਾਂ ਵੱਲੋਂ ਲੋਕਾਂ ‘ਤੇ ਕੀਤੇ ਜਾਂਦੇ ਹਮਲੇ ਬੇਪਰਦ ਕਰਕੇ ਸੰਵਿਧਾਨ ਦੀ ਰਾਖੀ ਕਰਨਾ ਹੁੰਦਾ ਹੈ।
ਇਸੇ ਪਿਛੋਕੜ ‘ਚ, ਬੋਸਟਨ (ਅਮਰੀਕਾ) ਵਿਖੇ ਰਹਿ ਰਹੇ ਅਭਿਜੀਤ ਦੀਪਕ ਨਾਂ ਦੇ ਨੌਜਵਾਨ ਨੇ ਭਾਰਤ ਦੇ ਮੁੱਖ ਜੱਜ ਦੀ ਉਕਤ ਟਿੱਪਣੀ ਵਿਰੁੱਧ ਲੋਕਾਂ ‘ਚ ਪੈਦਾ ਹੋਏ ਗੁੱਸੇ ਨੂੰ ਸੰਸਥਾਗਤ ਰੂਪ ਦੇਣ ਲਈ, ਸ਼ੋਸ਼ਲ ਮੀਡੀਆ ਤੇ ‘ਕੌਕਰੋਚ ਜਨਤਾ ਪਾਰਟੀ’ ਨਾਂ ਦਾ ਇਕ ਮੰਚ ਖੜ੍ਹਾ ਕਰ ਦਿੱਤਾ ਹੈ। ਇਸ ਮੰਚ ਨੂੰ ਕੁੱਝ ਘੰਟਿਆਂ ‘ਚ ਹੀ 2 ਕਰੋੜ ਲੋਕਾਂ ਨੇ ਫੌਲੋ ਕਰ (ਅਪਣਾ) ਲਿਆ ਹੈ। ਇਹ ਗਿਣਤੀ ਸੰਸਾਰ ਦੇ ਕਿਸੇ ਵੀ ਰਾਜਸੀ ਦਲ ਜਾਂ ਸਮਾਜਿਕ ਸੰਗਠਨ ਦੇ ਮੈਂਬਰਾਂ ਦੀ ਗਿਣਤੀ ਨਾਲੋਂ ਵੱਧ ਹੈ। ਮੋਦੀ ਸਰਕਾਰ ਨੇ ਇਸ ਵਰਤਾਰੇ ਪਿੱਛੇ ਛੁਪੇ ਲੋਕਾਂ ਦੇ ਮਨ ਦੀ ਥਾਹ ਪਾਉਣ ਜਾਂ ਸਬੰਧਤ ਮਸਲੇ (ਬੇਰੁਜ਼ਗਾਰੀ) ਦਾ ਹੱਲ ਲੱਭਣ ਲਈ ਕੋਈ ਨੀਤੀਗਤ ਫੈਸਲਾ ਲੈਣ ਦੀ ਥਾਂ, ਆਪਣੇ ਸੁਭਾਅ ਮੁਤਾਬਕ, ਇਹ ਖਾਤਾ ਹੀ ਬੰਦ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਅਭਿਜੀਤ ਦੀਪਕ ਤੇ ਭਾਰਤ ਵਸਦੇ ਉਸਦੇ ਪਰਿਵਾਰਕ ਜੀਆਂ ਨੂੰ ਜਿਵੇਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਿਲਸਿਲਾ ਆਰੰਭ ਦਿੱਤਾ ਗਿਆ ਹੈ, ਉਸ ਤੋਂ ਆਰ.ਐਸ.ਐਸ. ਤੇ ਉਸ ਨਾਲ ਜੁੜੇ ਸੰਗਠਨਾਂ ਅਤੇ ਮੋਦੀ ਸਰਕਾਰ ਬਾਰੇ ਸ਼ੰਕਾ ਕਰਨੀ ਨਿਰਾਧਾਰ ਨਹੀਂ ਹੈ।
ਸਰਮਾਏਦਾਰੀ ਪ੍ਰਬੰਧ ਦੀ ਅੰਨ੍ਹੀ ਤੇ ਬੇਕਿਰਕ ਲੁੱਟ-ਖਸੁੱਟ ਤੋਂ ਪ੍ਰੇਸ਼ਾਨ ਜਨਤਾ ਨੂੰ ਜਦੋਂ ਕੋਈ ਹਕੀਕੀ ਇਨਕਲਾਬੀ ਸਿਆਸੀ ਬਦਲ ਮੁਹੱਈਆ ਕਰਾਉਣ ਵਾਲੀਆਂ ਤਾਕਤਾਂ ਨਜ਼ਰ ਨਾ ਆਉਣ ਜਾਂ ਉਹ ਕਾਫ਼ੀ ਕਮਜ਼ੋਰ ਹੋਣ, ਤਾਂ ਅਜਿਹੇ ਆਪ-ਮੁਹਾਰੇ ਅੰਦੋਲਨ ਅਕਸਰ ਫੁੱਟ ਪੈਂਦੇ ਹਨ। ਇਹ ਵੀ ਸੱਚ ਹੈ ਕਿ ਕਈ ਵਾਰ ਲੋਟੂ ਜਮਾਤਾਂ ਵੀ ਅਜਿਹੇ ਅੰਦੋਲਨ ਸ਼ੁਰੂ ਕਰਾ ਦਿੰਦੀਆਂ ਹਨ ਤਾਂ ਜੋ ਲੋਕਾਂ ਦੇ ਗੁੱਸੇ ਦੇ ਲਾਵੇ ਦਾ ਵਹਿਣ ਇਨਕਲਾਬੀ ਤਬਦੀਲੀ ਵੱਲ ਨਾ ਮੁੜ ਪਵੇ। ਉਹ ਅਜਿਹੇ ਆਪ-ਮੁਹਾਰੇ ਘੋਲਾਂ ਨੂੰ ਪ੍ਰੈਸ਼ਰ ਕੁੱਕਰ ਦੇ ਉਸ ਵਾਲਵ ਵਾਂਗ ਵਰਤਦੇ ਹਨ, ਜਿਸ ਰਾਹੀਂ ਜਨ ਸਮੂਹਾਂ ਦਾ ਵਿਰੋਧ ਹੌਲੀ-ਹੌਲੀ ਭਾਫ਼ ਵਾਂਗ ਖਾਰਜ ਕੀਤਾ ਜਾ ਸਕੇ । ਸਮੇਂ ਦੀਆਂ ਲੁਟੇਰੀਆਂ ਹਕੂਮਤਾਂ ਤਾਂ ਕਈ ਵੇਰ ਆਪ ਮੁਹਾਰੇ ਛਿੜੇ ਅੰਦੋਲਨਾਂ ‘ਚ ਘੁਸਪੈਠ ਕਰਨ ਰਾਹੀਂ ਇਨ੍ਹਾਂ ਨੂੰ ਕੁਰਾਹੇ ਪਾ ਕੇ ਆਪਣਾ ਉਲੂ ਵੀ ਸਿੱਧਾ ਕਰ ਲੈਂਦੀਆਂ ਹਨ। ਪ੍ਰੰਤੂ ਇਨਕਲਾਬੀ ਤਾਕਤਾਂ ਨੂੰ ਜਨ ਸਧਾਰਣ ਦੀ ਬਦਲਾਅ ਦੀ ਇੱਛਾ ਨੂੰ ਨਿਖੇਧਣ ਦੀ ਥਾਂ ਆਪਣੀਆਂ ਕਮਜ਼ੋਰੀਆਂ ‘ਤੇ ਉਂਗਲ ਧਰ ਕੇ ਸਮੇਂ ਦੇ ਹਾਣੀ ਬਣਨ ਦੇ ਯਤਨ ਕਰਨ ਦੀ ਲੋੜ ਹੁੰਦੀ ਹੈ। ਅਜਿਹੇ ਅੰਦੋਲਨਾਂ ਦਾ ਠੀਕ ਮੁਲਾਂਕਣ ਚੌਕਸ ਤੇ ਸੰਤੁਲਿਤ ਰਹਿਕੇ ਹੀ ਕੀਤਾ ਜਾ ਸਕਦਾ ਹੈ।
‘ਕੌਕਰੋਚ ਜਨਤਾ ਪਾਰਟੀ’ ਨਾਂ ਦਾ ਮੰਚ ਇਨਕਲਾਬੀ ਵਿਚਾਰਧਾਰਾ ਨਾਲ ਲੈਸ ਸਿਆਸੀ ਦਲ ਨਹੀਂ ਹੈ, ਬਲਕਿ ਇਹ ਲੋਕ ਬੇਚੈਨੀ ਦਾ ਬਿਨਾਂ ਕਿਸੇ ਠੀਕ ਦਿਸ਼ਾ ਤੋਂ ਵੱਗਦਾ ਅੱਥਰਾ ਦਰਿਆ ਹੈ। ਅਜਿਹਾ ਦਰਿਆ ਜੋ ਸਮਾਜ ਵਿਚਲੇ ਗੰਦ-ਮੰਦ ਨੂੰ ਹੂੰਝ ਸਿੱਟਣ ਦਾ ਸਬੱਬ ਵੀ ਬਣ ਸਕਦਾ ਹੈ ਤੇ ਕੱਚੇ-ਪਿੱਲੇ ਘਰਾਂ ਨੂੰ ਮਿੱਟੀ ‘ਚ ਵੀ ਮਿਲਾ ਸਕਦਾ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.), ‘ਕਾਕਰੋਚ ਜਨਤਾ ਪਾਰਟੀ’ ਨੂੰ ਦੋ ਕਰੋੜ ਲੋਕਾਂ ਵੱਲੋਂ ‘ਫੌਲੋ’ ਕਰਨ ਦੇ ਵਰਤਾਰੇ ਨੂੰ, ਸਾਮਰਾਜੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਘੜੀਆਂ ਤੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਜਨ ਸਮੂਹਾਂ ਦੇ ਮਨਾਂ ‘ਚ ਪੈਦਾ ਹੋਏ ਗੁੱਸੇ ਦਾ ਪ੍ਰਤੀਕ ਸਮਝਦੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਲੋਕੀਂ ਆਰ.ਐਸ.ਐਸ. (ਸੰਘ) ਵੱਲੋਂ ਦੇਸ਼ ਦਾ ਮੌਜੂਦਾ ਸੰਵਿਧਾਨ ਬਦਲ ਕੇ ਇੱਥੇ ਧਰਮ ਅਧਾਰਤ ਗੈਰ ਲੋਕਰਾਜੀ ਵਿਵਸਥਾ ਕਾਇਮ ਕਰਨ ਦੀ ਖੋਟੀ ਮੰਸ਼ਾ ਨਾਲ ਵੀ ਪੂਰੀ ਤਰ੍ਹਾਂ ਨਾਲ ਸਹਿਮਤ ਨਹੀਂ ਹਨ। ਇਹ ਬਿਨਾਂ ਕੋਈ ਠੀਕ ਤੇ ਠੋਸ ਸੇਧ ਦੇ ਇਕ ਆਪ ਮੁਹਾਰਾ ਰੁਝਾਨ ਹੈ।
ਪਿਛਲੇ ਸਮੇਂ ਇਸੇ ਤਰ੍ਹਾਂ ਦੇ ਲੋਕ ਰੋਹ ਦਾ ਪ੍ਰਗਟਾਵਾ ਬੰਗਲਾ ਦੇਸ਼ ਤੇ ਨੇਪਾਲ ‘ਚ ਵੀ ਦੇਖਿਆ ਗਿਆ ਸੀ, ਜਿੱਥੇ ਲੋਕ ਹਿੱਤਾਂ ਦੀ ਅਣਦੇਖੀ ਕਰਕੇ ਸਵਾਰਥੀ ਹਿੱਤਾਂ ਨੂੰ ਪੱਠੇ ਪਾਉਣ ਵਾਲੀਆਂ ਹਾਕਮਾਂ ਦੀਆਂ ਨੀਤੀਆਂ ਖਿਲਾਫ਼ ਆਮ ਲੋਕਾਂ ‘ਚ ਭਾਰੀ ਰੋਸ ਉਪਜਿਆ ਸੀ। ਕਿਸੇ ਹਕੀਕੀ ਸਮਾਜਿਕ ਬਦਲਾਅ ਤੇ ਕ੍ਰਾਂਤੀਕਾਰੀ ਬਦਲ ਪੇਸ਼ ਕਰਨ ਵਾਲੀ ਰਾਜਸੀ ਧਿਰ ਦੀ ਅਣਹੋਂਦ ਕਾਰਨ ਇਸ ਉਥਲ-ਪੁੱਥਲ ਤੋਂ ਪਿੱਛੋ ਇਨ੍ਹਾਂ ਦੇਸ਼ਾਂ ‘ਚ ਸੱਤਾ ਦੀ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ‘ਚ ਆ ਗਈ ਜੋ ਲੋਕ ਭਲਾਈ ਦਾ ਕੋਈ ਨਵਾਂ ਨੀਤੀਗਤ ਸਿਆਸੀ-ਆਰਥਿਕ ਬਦਲ ਪੇਸ਼ ਕਰਨ ਦੇ ਸਮਰੱਥ ਹੀ ਨਹੀਂ ਹਨ। ਇਸ ਨਾਲ ਲੋਕਾਂ ‘ਚ ਪੈਦਾ ਹੋਇਆ ਰੋਹ ਵੀ ਹੌਲੀ-ਹੌਲੀ ਮੱਠਾ ਪੈ ਗਿਆ ਹੈ ਤੇ ਜਨ ਸਾਧਾਰਣ, ਜੋ ਕਿਸੇ ਲੋਕ ਪੱਖੀ ਤਬਦੀਲੀ ਦੀ ਆਸ ਲਾਈ ਬੈਠੇ ਸਨ, ਇਕ ਹੱਦ ਤੱਕ ਨਿਰਾਸ਼ ਵੀ ਹੋਏ ਹਨ।
ਸਾਮਰਾਜ ਵੱਲੋਂ ਆਪਣੇ ਮੁਨਾਫ਼ੇ ਤੇਜ਼ੀ ਨਾਲ ਵਧਾਉਣ ਤੇ ਦੂਜੇ ਆਜ਼ਾਦ ਦੇਸ਼ਾਂ ‘ਤੇ ਆਪਣਾ ਦਬਦਬਾ ਕਾਇਮ ਕਰਨ ਲਈ ਸੰਸਾਰ ਭਰ ‘ਚ ਛੇੜੀਆਂ ਨਿਹੱਕੀਆਂ ਜੰਗਾਂ ਵਿਰੁੱਧ ਭਾਰੀ ਗੁੱਸਾ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੂੰਜੀਵਾਦ ਦੇ ਸੰਕਟ ਦੇ ਮੱਦੇ ਨਜ਼ਰ ਬੇਰੋਕ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਲੋਕਾਂ ਦੀਆਂ ਹੋਰ ਅਨੇਕਾਂ ਮੁਸ਼ਕਿਲਾਂ ਦੇ ਵਿਰੋਧ ‘ਚ ਵੀ ਲੱਖਾਂ ਲੋਕਾਂ ਦਾ ਹੜਤਾਲਾਂ ਕਰਨਾ ਤੇ ਸੜਕਾਂ ‘ਤੇ ਨਿਕਲ ਕੇ ਹਾਕਮਾਂ ਵਿਰੁੱਧ ਰੋਸ ਦਰਜ ਕਰਨਾ ਵੀ ਲੋਕਾਂ ਦੇ ਮਨਾਂ ‘ਚ ਹਾਕਮਾਂ ਖਿਲਾਫ ਉਬਾਲੇ ਮਾਰੇ ਰਹੇ ਰੋਹ ਦਾ ਸਪਸ਼ਟ ਪ੍ਰਮਾਣ ਹੈ। ਪ੍ਰਤੀਰੋਧ ਦੇ ਢੰਗ ਤੇ ਫੌਰੀ ਕਾਰਨ ਅੱਡੋ-ਅੱਡ ਹੋ ਸਕਦੇ ਹਨ, ਪ੍ਰੰਤੂ ਸਾਮਰਾਜ ਤੇ ਪੂੰਜੀਵਾਦ ਵਿਰੁੱਧ ਜਨ ਸਧਾਰਨ ਦੇ ਮਨਾਂ ‘ਚ ਉਪਜੀ ਨਫ਼ਰਤ ਇਨ੍ਹਾਂ ਵਿਚਾਲੇ ਇਕ ਸਾਂਝੀ ਕੜੀ ਜ਼ਰੂਰ ਹੈ।
ਭਾਰਤ ‘ਚ ਅੰਨਾ ਹਜ਼ਾਰੇ ਵੱਲੋਂ ਛੇੜੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ‘ਚ ਲੋਕਾਂ ਦੀ ਭਾਰੀ ਸ਼ਮੂਲੀਅਤ, ਤਿੱਖੀ ਹੋਈ ਲੋਕ ਬੇਚੈਨੀ ਦਾ ਸਬੂਤ ਹੀ ਸੀ, ਜਿਸ ਦੀ ਬਿਨਾਂ ਸ਼ੱਕ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਪਰ ਅੰਦੋਲਨ ਦੇ ਨੇਤਾਵਾਂ ਨੇ ਬੜੇ ਲੁਕਵੇਂ ਢੰਗ ਨਾਲ, ਸ਼ਾਤਰ ਚਾਲਾਂ ਚੱਲਦਿਆਂ ਪੂੰਜੀਵਾਦੀ ਢਾਂਚੇ ਖਿਲਾਫ਼ ਉਪਜੇ ਰੋਹ ਨੂੰ ਖੱਬੀ-ਇਨਕਲਾਬੀ ਦਿਸ਼ਾ ਤੋਂ ਭਟਕਾ ਕੇ ਇਸ ਘੋਲ ਦਾ ਰੁਖ਼ ਸੱਜ ਪਿਛਾਖੜੀ, ਫਿਰਕੂ-ਫਾਸ਼ੀ ਧਿਰ ਭਾਜਪਾ ਤੇ ਆਰ.ਐਸ.ਐਸ. ਵੱਲ ਮੋੜ ਦਿੱਤਾ ਸੀ। ਇਸ ਕੁਚਾਲ ਨੂੰ ਬਰੀਕੀ ਨਾਲ ਸਮਝਣ ‘ਚ ਦੇਸ਼ ਦੀ ਅਗਾਂਹਵਧੂ ਤੇ ਖੱਬੀ ਲਹਿਰ ਵੀ ਅਸਫਲ ਰਹੀ ਸੀ ਅਤੇ ਬਹੁਤ ਸਾਰੇ ਲੋਕ ਪੱਖੀ ਸੋਚ ਵਾਲੇ ਸੁਹਿਰਦ ਲੋਕ ਵੀ ਅੰਨਾ ਹਜ਼ਾਰੇ ਦੀ ਲਹਿਰ ਤੋਂ ਪ੍ਰਭਾਵਤ ਹੋ ਕੇ ‘ਆਪ’ ਜਾਂ ਭਾਜਪਾ ਸੰਗ ਜੁੜ ਗਏ ਸਨ। ਇਵੇਂ ਹੀ, 2022 ‘ਚ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਉਦੋਂ ਦੀ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਉਪਜੀ ਬੇਚੈਨੀ ਨੂੰ ਵਰਤਦਿਆਂ, ਸ਼ੋਸ਼ਲ ਮੀਡੀਆ ਮੰਚਾਂ ‘ਤੇ ਲੋਕ ਪੱਖੀ ਰਾਜਸੀ ਬਦਲ ਪੇਸ਼ ਕਰਨ ਦੇ ਨਾਂ ਹੇਠ ਕੀਤੇ ਯੋਜਨਾਬੱਧ ਪ੍ਰਚਾਰ ਸਦਕਾ, ‘ਆਪ’ ਨੇ 92 ਵਿਧਾਨ ਸਭਾ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਰਾਜਸੀ ਚੇਤਨਾ ਦੇ ਪਸਾਰੇ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਇਕ ਸਾਲ ਤੋਂ ਵਧੇਰੇ ਸਮਾਂ ਸ਼ਾਂਤਮਈ ਤੇ ਅਨੁਸ਼ਾਸ਼ਤ ਰਹਿ ਕੇ ਲੜੇ ਗਏ ਜੇਤੂ ਕਿਸਾਨ ਘੋਲ ਦੀ ਵੀ ਵੱਡੀ ਭੂਮਿਕਾ ਰਹੀ ਸੀ। ਹਾਲਾਂਕਿ ਕੋਈ ਵੀ ਨਹੀਂ ਦੱਸ ਸਕਦਾ ਕਿ ‘ਆਪ’ ਦੇ ਆਗੂਆਂ ਦੇ ਵੱਡੇ ਹਿੱਸੇ ਨੇ ਕਦੀ ਵੀ ਕਿਸੇ ਜਨਤਕ ਘੋਲ ਦੀ ਅਗਵਾਈ ਕੀਤੀ ਹੋਵੇ ਜਾਂ ਲੋਕ ਹਿੱਤਾਂ ਦੀ ਰਾਖੀ ਕਰਦਿਆਂ ਕੋਈ ਕੁਰਬਾਨੀ ਭਰਿਆ ‘ਜੌਹਰ’ ਦਿਖਾਇਆ ਹੋਵੇ! ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਅਖੌਤੀ ‘ਰਾਜਸੀ ਬਦਲ’ ਦੀ ਸਜ਼ਾ ਅੱਜ ਸਾਰੇ ਪ੍ਰਾਂਤ ਵਾਸੀ ਭੁਗਤ ਰਹੇ ਹਨ। ਸ਼ੋਸ਼ਲ ਮੀਡੀਆ ਅਤੇ ਇਕ ਖਾਸ ਹੱਦ ਤੱਕ ਬਿਜਲਈ ਤੇ ਪ੍ਰਿੰਟ ਮੀਡੀਆ ਵੀ, ਜਿੱਥੇ ਹਾਕਮ ਧੜੇ ਲਈ ਪ੍ਰਚਾਰ-ਪ੍ਰਸਾਰ ਕਰਨ ਤੇ ਆਪਣੀਆਂ ਨਾਕਾਮੀਆਂ ਕੱਜਣ ਦਾ ਵੱਡਾ ਜਰੀਆ ਬਣ ਗਿਆ ਹੈ, ਉੱਥੇ ਇਹ ਜਨਤਾ ਲਈ ਵੀ ਸਰਕਾਰਾਂ ਪ੍ਰਤੀ ਨਰਾਜ਼ਗੀ ਪ੍ਰਗਟਾਉਣ ਜਾਂ ਆਪਣੀਆਂ ਦੁੱਖ-ਤਕਲੀਫ਼ਾਂ ਤੇ ਮੰਗਾਂ ਹਾਕਮਾਂ ਦੇ ਕੰਨਾਂ ਤੱਕ ਪੁਚਾਉਣ ਦਾ ਕਾਰਗਾਰ ਹਥਿਆਰ ਸਿੱਧ ਹੋ ਰਿਹਾ ਹੈ।
‘ਕਾਕਰੋਚ ਜਨਤਾ ਪਾਰਟੀ’ ਦੇ ਮੰਚ ਤੋਂ ਉੱਭਰੀ ਕਰੋੜਾਂ ਲੋਕਾਂ ਦੀ ਆਵਾਜ਼ ਨੂੰ ਇਕ ਠੋਸ ਤੇ ਸਾਰਥਿਕ ਬਦਲਾਅ ਦੀ ਆਵਾਜ਼ ‘ਚ ਵਟਾਉਣ ਤੇ ਜਥੇਬੰਦਕ ਰੂਪ ਦੇਣ ਲਈ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਧਿਰਾਂ ਨੂੰ ਸਾਂਝੇ ਯਤਨ ਕਰਨੇ ਹੋਣਗੇ। ਆਰ.ਐਮ.ਪੀ.ਆਈ. ‘ਕਾਕਰੋਚ ਜਨਤਾ ਪਾਰਟੀ’ ਦੇ ਮੰਚ ਨਾਲ ਜੁੜੇ ਤੇ ਜੁੜ ਰਹੇ ਕਰੋੜਾਂ ਸੂਝਵਾਨ ਲੋਕਾਂ ਨੂੰ ਇਸ ਗੱਲੋਂ ਖਬਰਦਾਰ ਰਹਿਣ ਦੀ ਅਪੀਲ ਕਰਦੀ ਹੈ ਕਿ ਉਹ ਭਾਵੁਕਤਾ ਦੇ ਵਹਿਣ ‘ਚ ਵਹਿ ਕੇ ਪੂਰੇ ਸੰਸਾਰ ‘ਚ ਫੈਲੇ ਸਾਮਰਾਜੀ ਏਜੰਸੀਆਂ ਦੇ ਤਾਣੇ- ਬਾਣੇ ਤੇ ਭਾਰਤ ਦੀ ਮੋਦੀ ਸਰਕਾਰ ਤੇ ਸੰਘ ਪਰਿਵਾਰ ਦੇ ਗੁੰਦਵੇਂ ਤੇ ਵਿਸ਼ਾਲ ਜਥੇਬੰਦਕ ਢਾਂਚੇ ਦੀ ਤਾਕਤ ਨੂੰ ਕਿਸੇ ਵੀ ਕੀਮਤ ‘ਤੇ ਘਟਾਕੇ ਅੰਗਣ ਦੀ ਭੁੱਲ ਨਾ ਕਰਨ। ਸਗੋਂ ਸਰਕਾਰ ਦੀਆਂ ਸੂਹੀਆ ਏਜੰਸੀਆਂ ਦੀ ਧਨ ਦੀ ਦੁਰਵਰਤੋਂ ਤੇ ਸੱਤਾ ਦੇ ਲਾਲਚ ਜਿਹੇ ਹਥਿਆਰਾਂ ਦੀ ਵਰਤੋਂ ਰਾਹੀਂ ਇਨ੍ਹਾਂ ਬਾਗ਼ੀ ਸੁਰਾਂ ਨੂੰ ਸਥਾਪਤੀ ਦੇ ਸਾਂਚੇ ‘ਚ ਢਾਲਣ ਦੀ ਕਿਸੇ ਵੀ ਸਾਜਿਸ਼ ਤੋਂ ਸੁਚੇਤ ਰਹਿਣ। ਦੇਸ਼ ਦੇ ਮਿਹਨਤਕਸ਼ਾਂ ਦੀਆਂ ਘੋਰ ਵਿਰੋਧੀ, ਫਿਰਕੂ-ਫਾਸ਼ੀ ਤਾਕਤਾਂ, ਲੋਕ ਮਨਾਂ ਅੰਦਰ ਮੋਦੀ ਸਰਕਾਰ ਵਿਰੁੱਧ ਪੈਦਾ ਹੋਏ ਰੋਹ ਨੂੰ ਮਨਫੀ ਕਰਨ ਜਾਂ ਇਸ ਖ਼ਿਲਾਫ਼ ਲੜ ਰਹੇ ਲੋਕਾਂ ਅੰਦਰ ਘੁਸਪੈਠ ਕਰਕੇ ਇਸ ਦਾ ‘ਭਗਵਾਂਕਰਨ’ ਕਰਨ ਦਾ ਯਤਨ ਕਰਦੀਆਂ ਹਨ, ਜਿਸ ਤੋਂ ਸਾਵਧਾਨ ਰਹਿਣਾ ਹੋਵੇਗਾ। ਇਸ ਅੰਦੋਲਨ ‘ਚ ਸ਼ਾਮਿਲ ਲੋਕਾਂ ਨੂੰ ਸਭ ਤੋਂ ਪਹਿਲਾਂ ਹਰ ਪ੍ਰਾਂਤ ਦੀਆਂ ਸਥਿਤੀਆਂ ਦੇ ਅਨੁਕੂਲ, ਦੇਸ਼ ਭਰ ‘ਚ ਧਰਮ-ਜਾਤੀ ਦੇ ਨਾਂ ‘ਤੇ ਸੰਘ ਪਰਿਵਾਰ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਖਤਮ ਕਰਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ, ਸਾਰੇ ਧਰਮਾਂ ਦੇ ਲੋਕਾਂ ਵਿਚਕਾਰ ਏਕਤਾ, ਭਰੋਸਾ ਤੇ ਸਤਿਕਾਰ ਬਹਾਲ ਕਰਨ ਅਤੇ ਭਾਰਤੀ ਸੰਵਿਧਾਨ ਦੀ ਰਾਖੀ ਕਰਨ ਦੀ ਆਵਾਜ਼ ਬੁਲੰਦ ਕਰਨ ਲਈ ਪ੍ਰੇਰਣਾ ਹੋਵੇਗਾ। ਨਾਲ ਹੀ ਸੰਵਿਧਾਨਕ ਅਦਾਰਿਆਂ ਜਿਵੇਂ ਇਲੈਕਸ਼ਨ ਕਮਿਸ਼ਨ, ਈ.ਡੀ., ਸੀ.ਬੀ.ਆਈ. ਤੇ ਨਿਆਂ ਪਾਲਕਾ ਵਲੋਂ ਸੁਤੰਤਰ ਰੂਪ ‘ਚ ਕੰਮ ਕਰਦਿਆਂ ਆਪਣੇ ਫਰਜ਼ ਅਦਾ ਕਰਨ ਲਈ ਵੀ ਜ਼ੋਰਦਾਰ ਜਨਤਕ ਦਬਾਅ ਬਣਾਉਣਾ ਹੋਵੇਗਾ।
ਇਹ ਪਹੁੰਚ ਮੋਦੀ ਸਰਕਾਰ ਖ਼ਿਲਾਫ਼ ਪੈਦਾ ਹੋਏ ਲੋਕਾਂ ਦੇ ਗੁੱਸੇ ਨੂੰ ਸਿਆਸੀ-ਵਿਚਾਰਧਾਰਕ ਤੇ ਜਥੇਬੰਦਕ ਰੂਪ ਦੇਣ ‘ਚ ਸਹਾਈ ਸਿੱਧ ਹੋ ਸਕਦੀ ਹੈ ਅਤੇ ਸੰਘ ਦਾ ਥਾਪੜਾ ਪ੍ਰਾਪਤ ਮੋਦੀ ਸਰਕਾਰ ਦੇ ਕਿਸੇ ਵੀ ਛੜਯੰਤਰ ਨੂੰ ਨੰਗਾ ਕਰਨ ‘ਚ ਮਦਦਗਾਰ ਬਣ ਸਕਦੀ ਹੈ।
ਖੱਬੇ ਪੱਖੀ ਤੇ ਜਮਹੂਰੀ ਸੋਚ ਵਾਲੇ ਲੋਕ ਹਾਂ-ਪੱਖੀ ਨਜ਼ਰੀਏ ਤੋਂ ਯੋਗ ਦਖ਼ਲ ਦੇ ਕੇ ਹੀ ਇਸ ਅੰਦੋਲਨ ਦੀ ਹਕੀਕਤ ਨੂੰ ਸਮਝ ਸਕਦੇ ਹਨ। ਇਹ ਯਾਦ ਰੱਖਣਯੋਗ ਹੈ ਕਿ ਖੱਬੀ-ਇਨਕਲਾਬੀ ਲਹਿਰ ਦੇ ਤਾਕਤਵਰ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਆਪ ਮੁਹਾਰੇ ਅੰਦੋਲਨ ਉੱਠਦੇ ਰਹਿਣੇ ਹਨ। ਇਹ ਸਮਾਜਿਕ ਬਦਲਾਅ ਦੀ ਲਹਿਰ ਲਈ ਸਹਾਈ ਵੀ ਹੋ ਸਕਦੇ ਹਨ ਤੇ ਦੁਸ਼ਮਣ ਜਮਾਤਾਂ ਵੱਲੋਂ ਇਨਕਲਾਬੀ ਲਹਿਰ ਨੂੰ ਕੁਰਾਹੇ ਪਾਉਣ ਦਾ ਯੋਜਨਾਬੱਧ ਛਡਯੰਤਰ ਵੀ ਹੋ ਸਕਦੇ ਹਨ। ਇਨਕਲਾਬੀ ਧਿਰਾਂ ਵੱਲੋਂ ਲੋਕਾਂ ਦੇ ਕਿਸੇ ਮੁਹਾਣ ਨੂੰ ਮੂਕ ਦਰਸ਼ਕ ਬਣਕੇ ਦੇਖਦੇ ਰਹਿਣਾ, ਜਾਂ ਮੁੱਢੋਂ ਹੀ ਨਕਾਰ ਦੇਣਾ ਵਾਜ਼ਿਬ ਪੈਂਤੜਾ ਨਹੀਂ ਹੋਵੇਗਾ। ਇਵੇਂ ਹੀ, ਅੱਖਾਂ ਮੀਟ ਕੇ ਕਿਸੇ ਵੀ ਉਲਟ ਇਨਕਲਾਬੀ ਜਨਤਕ ਉਭਾਰ ਦੇ ਪਿੱਛਲੱਗੂ ਬਣਨਾ ਵੀ ਤਰਕ ਸੰਗਤ ਨਹੀਂ ਕਿਹਾ ਜਾ ਸਕਦਾ।
ਸਾਰਥਕ, ਆਪ ਮੁਹਾਰੇ ਅੰਦਲਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਕੇ ਸਮੁੱਚੀ ਜਮਹੂਰੀ ਲਹਿਰ ਦਾ ਅੰਗ ਬਨਾਉਣਾ ਖੱਬੀਆਂ ਸ਼ਕਤੀਆਂ ਦੀ ਡਿਊਟੀ ਹੈ। ਇਸ ਤਰ੍ਹਾਂ ਸੰਘ ਦੇ ਸ਼ਿਸ਼ਕਾਰੇ ਫਿਰਕੂ ਟੋਲਿਆਂ ਦੀ ਪਛਾਣ ਵੀ ਕੀਤੀ ਜਾ ਸਕੇਗੀ ਤੇ ਸਰਕਾਰ ਪੱਖੀ ਸ਼ਰਾਰਤੀ ਤੱਤਾਂ ਨੂੰ ਇਸ ਲਹਿਰ ਨੂੰ ਕੁਰਾਹੇ ਪਾਉਣ ਤੋਂ ਰੋਕਿਆ ਵੀ ਜਾ ਸਕੇਗਾ। ਦਰੁਸਤ ਰਾਜਸੀ ਪੈਂਤੜੇ ਤੇ ਜਥੇਬੰਦਕ ਸ਼ਕਤੀ ਨਾਲ ਹੀ ਇਹ ਜਨ ਉਭਾਰ ਹਾਂ-ਪੱਖੀ ਸਿੱਟੇ ਕੱਢ ਸਕੇਗਾ। ਇਸ ਦੇ ਵਿਪਰੀਤ ਇਸ ਦੀ ਅਸਫਲਤਾ ਲੋਕਾਂ ਅੰਦਰ, ਉੱਜਵਲ ਭਵਿੱਖ ਲਈ ਸੰਘਰਸ਼ਾਂ ਪ੍ਰਤੀ ਨਿਰਾਸ਼ਤਾ ਫੈਲਾਉਣ ਦਾ ਸਬੱਬ ਵੀ ਬਣ ਸਕਦੀ ਹੈ।
ਮੰਗਤ ਰਾਮ ਪਾਸਲਾ
(24 ਮਈ, 2026)
