
ਅਜਨਾਲਾ: ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਦੇ ਸੱਦੇ ਤੇ ਇਕੱਠੇ ਹੋਏ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਵੱਲੋਂ ਸ਼ਿਕਾਗੋ (ਅਮਰੀਕਾ) ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਪ੍ਰਤਿਗਿਆ ਕੀਤੀ ਕਿ ਦੇਸ਼ ਦੇ ਮਜ਼ਦੂਰ ਤੇ ਕਿਰਤੀ ਲੋਕ ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਤੇ ਕੰਮ ਕਰਦੀ ਬੀ ਜੇ ਪੀ ਦੀ ਮੋਦੀ ਸਰਕਾਰ ਵੱਲੋਂ ਜਿਹੜੇ ਦਿਹਾੜੀ ਦੇ ਕੰਮ ਦੇ ਘੰਟੇ ਵਧਾ ਕੇ 12 ਘੰਟੇ ਅਤੇ ਮਜ਼ਦੂਰਾਂ ਵੱਲੋਂ ਪਿਛਲੇ ਕੋਈ 100 ਸਾਲਾਂ ਪਹਿਲਾਂ ਅੰਗਰੇਜ਼ਾਂ ਅਤੇ ਬਾਅਦ ਚ ਭਾਰਤ ਸਰਕਾਰਾਂ ਕੋਲੋਂ 29 ਮਜਦੂਰ ਪੱਖੀ ਕਾਨੂੰਨ ਬਣਵਾਏ ਸਨ ਉਹਨਾਂ ਨੂੰ ਤੋੜ ਕੇ ਕਾਰਪੋਰੇਟ ਪੱਖੀ ਚਾਰ ਕੋਡਾਂ ਲਾਗੂ ਕਰ ਦਿੱਤੀਆਂ ਗਈਆਂ, ਜਿੰਨਾ ਚਿਰ ਇਹਨਾਂ ਸਾਰੇ ਕਾਲੇ ਕਾਨੂੰਨਾਂ ਨੂੰ ਦਫਨਾ ਨਹੀਂ ਦਿੰਦੇ ਉਨਾ ਚਿਰ ਮਜ਼ਦੂਰ ਸਿਰੜੀ ਤੇ ਲਹੂ ਵੀਟਵੇ ਸੰਘਰਸ਼ ਜਾਰੀ ਰੱਖਣਗੇ।
ਇਕੱਠ ਨੂੰ ਸੰਬੋਧਨ ਕਰਦਿਆਂ ਜੇ ਪੀ ਐਮ ਓ ਦੇ ਕਨਵੀਨਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕਿਸਾਨ ਆਗੂ ਸਤਵਿੰਦਰ ਸਿੰਘ ਓਠੀਆਂ, ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਉਮਰਪੁਰਾ ਤੇ ਸੁਰਜੀਤ ਸਿੰਘ ਦੁਧਰਾਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਤੇ ਸਕੱਤਰ ਸੁੱਚਾ ਸਿੰਘ ਘੋਗਾ, ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟਰਜਾਦਾ ਤੇ ਆਗੂ ਹਰਪ੍ਰੀਤ ਕੌਰ ਘੋਗਾ ਅਤੇ ਸਮਾਜ ਸੇਵਕ ਪ੍ਰੋਫੈਸਰ ਮਾਲਕ ਸਿੰਘ ਗੁਰਾਲਾ ਤੇ ਰਜਿੰਦਰ ਸਿੰਘ ਭਲਾ ਪਿੰਡ ਹੋਣਾ ਨੇ ਦੱਸਿਆ ਕਿ ਸੰਸਾਰ ਜੰਗਾਂ ਮਨੁੱਖਤਾ ਦੀ ਵੈਰੀ ਹੁੰਦੀਆਂ। ਇਸੇ ਲਈ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਜਿੰਨਾ ਚਿਰ ਸਾਮਰਾਜ ਹੈ ਉਨਾਂ ਚਿਰ ਜੰਗਾਂ ਲੱਗਦੀਆਂ ਰਹਿਣਗੀਆਂ। ਜਿਸ ਲਈ ਸਾਮਰਾਜ ਤੋਂ ਮੁਕਤੀ ਦੇ ਘੋਲ ਪ੍ਰਚੰਡ ਰੱਖਣੇ ਚਾਹੀਦੇ ਹਨ।ਉਕਤ ਆਗੂਆਂ ਨੇ ਮੰਗ ਕੀਤੀ ਕਿ ਇਰਾਨ ਖਿਲਾਫ ਅਮਰੀਕਾ-ਇਜ਼ਰਾਇਲ ਵੱਲੋਂ ਵਿੱਢੀ ਨਿਹੱਕੀ ਜੰਗ ਫੌਰੀ ਬੰਦ ਕਰੇ। ਇਹਨਾਂ ਜੇਪੀਐਮਓ ਆਗੂਆਂ ਨੇ ਕਿਹਾ ਕਿ ਮਈ ਦਿਵਸ ਸਾਨੂੰ ਦਿਸ਼ਾ ਦਿੰਦਾ ਹੈ ਕਿ ਸਮੁੱਚੀ ਵਸੋਂ ਨੂੰ ਪੱਕਾ ਰੁਜ਼ਗਾਰ, ਬੇਰੁਜ਼ਗਾਰੀ ਭੱਤਾ, ਇਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ, ਯੋਗ ਰਹਾਇਸ਼, ਸਵੱਛ ਪਾਣੀ ਤੇ ਮਜ਼ਦੂਰਾਂ ਕਿਸਾਨਾਂ ਨੂੰ 58 ਸਾਲ ਬਾਅਦ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਾਪਤੀ ਲਈ ਜਨਤਕ ਲਾਮਬੰਦੀ ਕਰਕੇ ਵੱਡੇ ਘੋਲ ਆਰੰਭੇ ਜਾਣ ਜਿਸ ਵਿੱਚ ਰੁਜ਼ਗਾਰ ਖੋਹਣ ਵਾਲਾ” ਵੀ. ਬੀ. ਜੀ. ਰਾਮ.ਜੀ ” ਕਾਨੂੰਨ ਰੱਦ ਕਰਵਾ ਕੇ ਮਨਰੇਗਾ ਬਹਾਲ ਕਰਾਉਣ ਤੇ ਇਸ ਨੂੰ ਸਾਰਾ ਸਾਲ ਸੱਤ ਸੌ ਦਿਹਾੜੀ ਲਾਗੂ ਕਰਵਾਉਣਾ ਸ਼ਾਮਿਲ ਹੋਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ਿਕਾਗੋ ਦੇ ਸ਼ਹੀਦਾਂ ਨੂੰ ਲੋਕ ਸੇਵਕ ਤੇ ਸੀਨੀਅਰ ਕਿਸਾਨ ਆਗੂ ਲਖਬੀਰ ਸਿੰਘ ਤੇੜਾ ਰਾਜਪੂਤਾਂ, ਦੇਸਾ ਸਿੰਘ ਭਿੰਡੀ ਔਲਖ, ਕਰਨੈਲ ਸਿੰਘ ਭਿੱਡੀ ਸੈਦਾਂ, ਦੇਸ਼ ਭਗਤ ਗੁਰਨਾਮ ਸਿੰਘ ਦਾਲਮ, ਸਾਬਕਾ ਫੌਜੀਆਂ ਦੇ ਆਗੂ ਅਤੇ ਆੜਤੀ ਐਸੋਸੀਏਸ਼ਨ ਦੇ ਆਗੂ ਰੇਸ਼ਮ ਸਿੰਘ ਭੂਰੇ ਗਿੱਲ, ਹਰਜਿੰਦਰ ਸਿੰਘ ਛੀਨਾ ਰਾਏਪੁਰ ਖੁਰਦ, ਨੌਜਵਾਨ ਆਗੂ ਜਸਪ੍ਰੀਤ ਸਿੰਘ ਜੌਂਸ, ਰਛਪਾਲ ਸਿੰਘ ਸਾਹੋਵਾਲ, ਸੰਤੋਖ ਸਿੰਘ ਅਜਨਾਲਾ ਨੇ ਵੀ ਸ਼ਰਧਾਂਜਲੀਆਂ ਪੇਸ਼ ਕੀਤੀਆਂ।