
ਖਡੂਰ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਸੀਲ ਖਡੂਰ ਸਾਹਿਬ ਦੀ ਜਨਰਲ ਬਾਡੀ ਮੀਟਿੰਗ ਤਹਿਸੀਲ ਪ੍ਰਧਾਨ ਮਨਜੀਤ ਸਿੰਘ ਬੱਬੂ ਦੇ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਸਾਢੇ ਚਾਰ ਸਾਲ ਦੀ ਕਾਰਜਕਾਲ ਦੌਰਾਨ ਲੋਕਾਂ ਦੀ ਮਸਲੇ ਹੱਲ੍ਹ ਕਰਨ ਬੁਰੀ ਤਰ੍ਹਾਂ ਨਕਾਮ ਰਹੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ। ਪੰਜਾਬ ਦੇ ਮਸਲੇ ਹੱਲ ਕਰਨ ਦੀ ਥਾਂ ਉਹਨਾਂ ਨੂੰ ਉਲਝਾਇਆ ਜਾ ਰਿਹਾ ਹੈ। ਨੌਜਵਾਨ, ਮੁਲਾਜ਼ਮ ਸਮੇਤ ਹਰ ਵਰਗ ਇਹਨਾਂ ਨੀਤੀਆਂ ਤੋਂ ਦੁਖੀ ਹਨ। ਪੰਜਾਬ ਅੰਦਰ ਲੁੱਟਾਂ ਖੋਹਾਂ ਕਤਲ ਕਤਲੋਗਾਰਤ, ਸ਼ਰੇਆਮ ਗੋਲੀਆਂ ਚਲਦੀਆਂ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਪੁਲਿਸ ਹਾਕਮ ਧਿਰ ਦੀ ਪੁਸ਼ਤ ਪੁਨਾਹੀ ਕਰਦੀ ਹੈ ਅਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ।
ਆਗੂਆਂ ਨੇ ਅੱਗੇ ਦੱਸਿਆ ਕਿ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਇਆ ਜਾ ਰਿਹਾ ਅਤੇ ਹਰ ਸਾਲ ਦੀ ਤਰ੍ਹਾਂ ਵਿਛੜ ਚੁੱਕੇ ਸ਼ਹੀਦਾਂ ਨੂੰ ਯਾਦ ਕਰਨ ਲਈ 19 ਮਈ ਨੂੰ ਤਰਨ ਤਾਰਨ ਪ੍ਰਭਾਵਸ਼ਾਲੀ ਸਮਾਗਮ ਕੀਤਾ ਜਾ ਰਿਹਾ ਹੈ।
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਸੁਲੱਖਣ ਸਿੰਘ ਤੁੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਦੀ ਕਥਿਤ ਸ਼ਹਿ ਤੇ ਗੋਇੰਦਵਾਲ ਦੀ ਪੁਲਿਸ ਵਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮਹੀਨਿਆਂ ਬੱਧੀ ਦਿੱਤੀਆਂ ਦਰਖਾਸਤਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ, ਜਿਸ ਵਿਰੁੱਧ 12 ਮਈ ਨੂੰ ਗੋਇੰਦਵਾਲ ਸਹਿਬ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ।