ਜੰਗ ਵਿਰੋਧੀ ਪ੍ਰਭਾਵਸ਼ਾਲੀ ਸਾਂਝੀ ਸੂਬਾਈ ਕਨਵੈਨਸ਼ਨ ਤੇ ਰੋਸ ਮਾਰਚ ਨੇ ਪਾਈ ਜੰਗਬਾਜ਼ ਨੂੰ ਵੰਗਾਰ
ਜਲੰਧਰ : ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਯੂ) ’ਤੇ ਆਧਾਰਿਤ ‘‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’’ ਵਲੋਂ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਪ੍ਰਭਾਵਸ਼ਾਲੀ ਜੰਗ ਵਿਰੋਧੀ ਕਨਵੈਨਸ਼ਨ ਕੀਤੀ ਗਈ। ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਈਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਨ ਲਈ ਸੱਦੀ ਗਈ ਇਸ ਸਾਂਝੀ ਸੂਬਾਈ ਕਨਵੈਨਸ਼ਨ ਦੀ ਸਮਾਪਤੀ ’ਤੇ ਸੂਬੇ ਭਰ ਚੋਂ ਪੁੱਜੇ ਪ੍ਰਤੀਨਿਧਾਂ ਵਲੋਂ ਅੰਤਾਂ ਦੀ ਗਰਮੀ ਨੂੰ ਦ੍ਰਿੜ੍ਹਤਾ ਨਾਲ ਚੁਣੌਤੀ ਦਿੰਦਿਆਂ ਹੱਥਾਂ ’ਚ ਲਾਲ ਫੁਰੇਰੇ ਤੇ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਫੜ੍ਹ ਕੇ ਸ਼ਹਿਰ ’ਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ।
ਕਨਵੈਨਸ਼ਨ ਤੇ ਮਾਰਚ ਨੇ ਇਹ ਜ਼ੋਰਦਾਰ ਸੁਨੇਹਾ ਦਿੱਤਾ ਹੈ ਕਿ ਵਿਸ਼ਵ ਦੇ ਸਾਰੇ ਦੇਸ਼ਾਂ, ਖਾਸ ਕਰਕੇ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਮੁਲਕਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਅਤੇ ਕਿਰਤੀ ਲੋਕਾਈ ਦੀ ਬੇਰਹਿਮ ਲੁੱਟ-ਖਸੁੱਟ ਦੇ ਖਾਤਮੇ ਅਤੇ ਘਾਤਕ ਜੰਗਾਂ-ਯੁੱਧਾਂ ਤੋਂ ਸੰਸਾਰ ਦੀ ਮੁਕਤੀ ਲਈ, ਗਲੋਬ ਦੇ ਹਰ ਕੋਨੇ ’ਚ ਮਾਨਵਤਾ ਦੇ ਸਭ ਤੋਂ ਘਾਤਕ ਵੈਰੀ, ਸਾਮਰਾਜ ਤੋਂ ਮੁਕਤ ਸੰਸਾਰ ਸਿਰਜਣ ਲਈ, ਤਿੱਖੇ ਤੋਂ ਤਿਖੇਰਾ ਲੋਕ ਯੁੱਧ ਵਿੱਢਣਾ ਅਜੋਕੇ ਦੌਰ ਦੀ ਪਲੇਠੀ, ਮਹੱਤਵਪੂਰਨ ਲੋੜ ਬਣ ਗਈ ਹੈ। ਇਸ ਦਿਸ਼ਾ ’ਚ ਅਮਨ ਦੇ ਚਾਹਵਾਨ ਲੋਕਾਂ ਤੇ ਨਿਆਂ ਪਸੰਦ, ਪ੍ਰਗਤੀ ਹਿਮੀ ਧਿਰਾਂ ਨੂੰ ਇਰਾਨ ਤੇ ਇਜ਼ਰਾਈਲ-ਅਮਰੀਕੀ ਸਾਮਰਾਜ ਦਰਮਿਆਨ ਸਥਾਈ ਜੰਗਬੰਦੀ ਤੇ ਸੰਸਾਰ ਅਮਨ ਦੀ ਕਾਇਮੀ ਦੇ ਬੱਝਵੇਂ ਯਤਨ ਹੋਰ ਤੇਜ਼ ਕਰਨੇ ਹੋਣਗੇ।
ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਰੁਲਦੂ ਸਿੰਘ ਮਾਨਸਾ, ਨਰੰਜਣ ਸਿੰਘ ਸਫੀਪੁਰ ਨੇ ਕੀਤੀ। ਮੰਚ ਸੰਚਾਲਨ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਕੀਤਾ। ਮੁੱਖ ਬੁਲਾਰਿਆਂ ਸਾਥੀ ਮੰਗਤ ਰਾਮ ਪਾਸਲਾ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਜਗਤਾਰ ਸਿੰਘ ਜਨਾਲ ਨੇ ਕਿਹਾ ਕਿ ਅਮਰੀਕੀ ਸਾਮਰਾਜ ਦੇ ਧਾੜਵੀ ਮੁੱਖੀ ਡੋਨਾਲਡ ਟਰੰਪ ਤੇ ਉਸ ਦੇ ਨਾਪਾਕ ਜੁੰਡੀਦਾਰ ਨੇਤਨਯਾਹੂ ਨੇ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਉਲੰਘਣਾ ਕਰਦਿਆਂ ਉਕਤ ਜੰਗ ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਵਸੀਲੇ ਹੜੱਪ ਜਾਣ ਲਈ ਤੇ ਆਪਣੀ ਪਸਾਰਵਾਦੀ ਲਾਲਸਾ ਪੂਰੇ ਕਰਨ ਲਈ ਛੇੜੀ ਹੈ। ਮਾਸੂਮ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ਾਂ ਦੀ ਬਲੀ ਲੈਣ ਵਾਲੀ ਇਸ ਜੰਗ ਨੇ ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰ ਦਿੱਤੇ ਹਨ ਹਨ, ਸੰਸਾਰ ਅਮਨ ਲਈ ਗੰਭੀਰ ਖਤਰੇ ਖੜ੍ਹੇ ਕਰ ਦਿੱਤੇ ਹਨ ਤੇ ਦੁਨੀਆ ਭਰ ਦੇ ਆਮ ਲੋਕੀਂ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾਬਾਜ਼ਾਰੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਬੇਗੁਨਾਹਾਂ ਦੇ ਕਾਤਲ, ਜੰਗੀ ਅਪਰਾਧੀ ਟਰੰਪ ਤੇ ਨੇਤਨਯਾਹੂ ਨੂੰ ਸਖ਼ਤ ਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਇਜ਼ਰਾਇਲ ਤੇ ਅਮਰੀਕਾ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਵਲੋਂ ਟਰੰਪ-ਨੇਤਨਯਾਹੂ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਡੱਟਵੀਂ ਸ਼ਲਾਘਾ ਕਰਦਿਆਂ ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗ ਨੂੰ ਵੀ ਉਕਤ ਵਿਸ਼ਵੀ ਲਾਮਬੰਦੀ ਦਾ ਮਜ਼ਬੂਤ ਹਿੱਸਾ ਬਣਨ ਦੀ ਪੁਰਜ਼ੋਰ ਅਪੀਲ ਕੀਤੀ। ਜੰਗ ਤੇ ਜੰਗਬਾਜ਼ਾਂ ਖਿਲਾਫ਼ ਤਕੜਾ ਲੋਕ ਪ੍ਰਤੀਰੋਧ ਉਸਾਰਨ ਵਾਲੇ ਈਰਾਨ ਦੇ ਲੋਕਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਰਤ ਦੀ ਫਿਰਕੂ ਜ਼ਿਹਣੀਅਤ ਵਾਲੀ ਮੋਦੀ ਸਰਕਾਰ ਨੇ ਪੀੜਤ ਈਰਾਨ, ਜੋ ਹਰ ਮੁਸ਼ਕਿਲ ਘੜੀ ’ਚ ਭਾਰਤ ਦਾ ਸਾਥ ਦਿੰਦਾ ਰਿਹਾ ਹੈ, ਦੀ ਥਾਂ ਧਾੜਵੀਆਂ ਨਾਲ ਖੜ੍ਹ ਕੇ ਨਾ ਕੇਵਲ ਦੇਸ਼ ਦਾ ਸਵੈਮਾਨ ਘੱਟੇ ’ਚ ਰੋਲ ਦਿੱਤਾ ਹੈ ਬਲਕਿ ਭਾਰਤ ਨੂੰ ਵਿਸ਼ਵ ਭਾਈਚਾਰੇ ’ਚੋਂ ਨਿਖੇੜਨ ਦਾ ਬੱਜਰ ਗੁਨਾਹ ਵੀ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਜ਼ਰਾਇਲ ਨਾਲ ਆਪਣੇ ਕੂਟਨੀਤਕ ਸਬੰਧ ਖ਼ਤਮ ਕਰੇ। ਬੁਲਾਰਿਆਂ ਨੇ ਜੰਗਬੰਦੀ ਲਈ ਜੰਗ ਦੌਰਾਨ ਹੋਏ ਆਪਣੇ ਵਸੀਹ ਨੁਕਸਾਨ ਦੀ ਭਰਪਾਈ ਸਮੇਤ ਈਰਾਨ ਵਲੋਂ ਰੱਖੀਆਂ ਸਾਰੀਆਂ ਸ਼ਰਤਾਂ ਤੇ ਮੰਗਾਂ ਦੀ ਮੁਕੰਮਲ ਹਿਮਾਇਤ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਈਰਾਨ ਸਮੇਤ ਸੰਸਾਰ ਦੇ ਹਰ ਦੇਸ਼ ਨੂੰ ਆਪਣੀ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਰਾਖੀ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ ਅਤੇ ਇਹ ਵੀ ਸਬੰਧਤ ਦੇਸ਼ ਦੇ ਲੋਕ ਹੀ ਤੈਅ ਕਰਨਗੇ ਕਿ ਉਥੇ ਕਿਹੋ ਜਿਹਾ ਸ਼ਾਸ਼ਨ ਤੇ ਕਿਹੋ ਜਿਹੀ ਸਰਕਾਰ ਹੋਵੇਗੀ। ਇਸ ਮਾਮਲੇ ’ਚ ਟਰੰਪ ਜਾਂ ਉਸ ਵਰਗਾ ਕੋਈ ਵੀ ਹੋਰ ਸਨਕੀ ਤਾਨਾਸ਼ਾਹ ਕਿਸੇ ਵੀ ਦੇਸ਼ ਨੂੰ ਮਜ਼ਬੂਰ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਜਰਵਾਣੇ ਨੂੰ ਕਿਸੇ ਹੋਰ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦਾ ਕੋਈ ਅਧਿਕਾਰ ਹੋਣਾ ਚਾਹੀਦਾ ਹੈ।
ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੀ ਨਿੰਦਾ ਕਰਦਿਆਂ ਕੇਂਦਰੀ ਸਰਕਾਰ ਵਲੋਂ ਇਸ ਸਬੰਧੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਾਪਸ ਲੈਣ ਦੀ ਵੀ ਮੰਗ ਕੀਤੀ ਗਈ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
‘‘ਸਾਮਰਾਜ ਭਜਾਓ ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ’’ ਕਾਨਫਰੰਸ
ਜੰਡਿਆਲਾ ਗੁਰੂ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਰਾਜ ਕਮੇਟੀ ਵਲੋਂ 29 ਮਾਰਚ ਨੂੰ ਇਤਿਹਾਸਕ ਕਸਬਾ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਖੇ ਮਾਝਾ ਜ਼ੋਨ ਦੀ ਬੜੀ ਹੀ ਪ੍ਰਭਾਵਸ਼ਾਲੀ ‘‘ਸਾਮਰਾਜ ਭਜਾਓ ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ’’ ਕਾਨਫਰੰਸ ਕੀਤੀ ਗਈ। ਜਿਕਰਯੋਗ ਹੈ ਕਿ 28-29 ਮਾਰਚ ਦੀ ਦਰਮਿਆਨੀ ਰਾਤ ਨੂੰ ਬਹੁਤ ਭਾਰੀ ਮੀਂਹ ਪੈਂਦਾ ਰਿਹਾ ਸੀ। ਇਸ ਦੇ ਬਾਵਜੂਦ ਮਾਝੇ ਦੇ ਜ਼ਿਲਿ੍ਹਆਂ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਤੋਂ ਪਾਰਟੀ ਆਗੂ ਤੇ ਜਨ ਸੰਗਠਨਾਂ ਦੇ ਕਾਰਕੁੰਨ, ਖਾਸ ਕਰਕੇ ਨੌਜਵਾਨ ਤੇ ਬੀਬੀਆਂ ਆਪਣੇ ਪਿਆਰੇ ਸ਼ਹੀਦਾਂ ਨੂੰ ਸਿਜਦਾ ਕਰਨ ਤੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਲਈ ਧਾਹ ਕੇ ਪੁੱਜੇ ਤੇ ਬੁਲਾਰਿਆਂ ਨੂੰ ਇਕਾਗਰ ਚਿੱਤ ਹੋ ਕੇ ਸੁਣਿਆ। ਲੋਕਾਂ ਨੇ ਆਪਣੇ ਹੱਥਾਂ ’ਚ ਕਿਰਤੀ ਦੀ ਬੰਦ ਖਲਾਸੀ ਦੇ ਮਾਨਵੀ ਲੋਕ ਯੁੱਧ ਦੇ ਪ੍ਰਤੀਕ ਲਾਲ ਫਰੇਰੇ ਤੇ ਵੱਖੋ-ਵੱਖ ਸੰਗਠਨਾਂ ਦੇ ਝੰਡੇ ਫੜ੍ਹੇ ਹੋਏ ਸਨ। ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਕਤ ਕਾਨਫਰੰਸ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਨੱਥਾ ਸਿੰਘ ਢਡਵਾਲ ਤੇ ਚਮਨ ਲਾਲ ਦਰਾਜ ਕੇ ਨੇ ਕੀਤੀ। ਮੰਚ ਦੀ ਕਾਰਵਾਈ ਰਾਜ ਕਮੇਟੀ ਦੇ ਮੈਂਬਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਨੇ ਚਲਾਈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ ਸਨ। ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਥੀ ਸ਼ਿਵ ਕੁਮਾਰ ਪਠਾਨਕੋਟ ਨੇ ਵੀ ਵਿਚਾਰ ਰੱਖੇ। ਉਨ੍ਹਾਂ ਭਾਰਤੀ ਕਿਰਤੀਆਂ ਤੇ ਮਿਹਨਤੀ ਵਸੋਂ ਨੂੰ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਅਡਾਨੀ-ਅੰਬਾਦੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਹਿਤ ਪੂਰਨ ਲਈ ਘੜੀਆਂ ਨਵ-ਉਦਾਰਵਾਦੀ ਨੀਤੀਆਂ ਅਤੇ ਦੇਸ਼ ਦੀ ਸਵੈ ਨਿਰਭਰਤਾ ਤੇ ਖੁਦ ਮੁਖਤਿਆਰੀ ਦਾ ਖਾਤਮਾ ਕਰਨ ਵਾਲੇ ’ਵਿਦੇਸ਼ ਵਪਾਰ ਸਮਝੌਤਿਆਂ’ ਰੂਪੀ ਨਵਬਸਤੀਵਾਦੀ ਗੁਲਾਮੀ ਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਤੋਂ ਮੁਕਤੀ ਦਾ ਨਵਾਂ ਸੁਤੰਤਰਤਾ ਸੰਗਰਾਮ ਛੇੜਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਫਿਰਕੂ-ਜਾਤੀਵਾਦੀ ਵੰਡ ਤਿੱਖੀ ਕਰਨ ਤੇ ਧਰਮ ਆਧਾਰਿਤ ਪਿਛਾਖੜੀ ਢਾਂਚਾ ਕਾਇਮ ਕਰਨ ਲਈ ਸੰਘ-ਭਾਜਪਾ ਤੇ ਮੋਦੀ ਸਰਕਾਰ ਵਲੋਂ ਮੁਸਲਿਮ ਤੇ ਈਸਾਈ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਬਾਇਲੀਆਂ ਦੇ ਕਤਲ ਕੀਤੇ ਜਾ ਰਹੇ ਹਨ ਤੇ ਇਨ੍ਹਾਂ ’ਤੇ ਅਕਹਿ ਜ਼ੁਲਮ ਢਾਹੇ ਜਾ ਰਹੇ ਹਨ। ਐਪਰ ਇਤਿਹਾਸ ਗਵਾਹ ਹੈ ਇਹ ਕਾਰਪੋਰੇਟ ਹਿਮਾਇਤੀ ਫਿਰਕੂ-ਫਾਸਿਸਟ ਸੱਤਾ ਚੰਦ ਕੁ ਧਨਾਢਾਂ ਦੇ ਖਜ਼ਾਨੇ ਭਰਨ ਲਈ ਦੇਸ਼ ਦੀ ਸਮੁੱਚੀ ਕਿਰਤੀ ਵਸੋਂ, ਖਾਸ ਕਰਕੇ ਹਿੰਦੂ ਭਾਈਚਾਰੇ ਦੇ ਮਿਹਨਤੀ ਤੇ ਅਗਾਂਹਵਧੂ ਲੋਕਾਂ ਨੂੰ ਕੰਗਾਲ ਕਰ ਦੇਵੇਗੀ ਤੇ ਅੰਤਮ ਤੌਰ ਤੇ ਕਿਸੇ ਵੀ ਕਿਸਮ ਦੀਆਂ ਵਿਰੋਧ ਦੀਆਂ ਆਵਾਜ਼ਾਂ ਨੂੰ ਅਣ-ਮਨੁੱਖੀ ਜਬਰ ਨਾਲ ਕੁਚਲ ਦੇਵੇਗੀ। ਦੇਸ਼ ਦੀ ਖੇਤੀ-ਬਾੜੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਦਾ ਯੋਜਨਾਬੱਧ ਖਾਤਮਾ ਕੀਤੇ ਜਾਣ ਤੇ ਕਿਰਤ ਕਾਨੂੰਨ ਖਾਰਜ ਕਰਕੇ ਚਾਰ ਕਿਰਤੀ ਮਾਰੂ ਕਿਰਤ ਕੋਡ ਘੜੇ ਜਾਣ ਤੋਂ ਮੋਦੀ ਸਰਕਾਰ ਦੇ ਘਾਤਕ ਇਰਾਦਿਆਂ ਦੀ ਪੁਸ਼ਟੀ ਹੁੰਦੀ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਅਪਰਾਧਿਕ ਵਾਰਦਾਤਾਂ, ਰੇਤ-ਬਜ਼ਰੀ ਮਾਫੀਆ ਦੀ ਮਨਚਾਹੀ ਲੁੱਟ ਤੇ ਵਧੀਕੀਆਂ ਅਤੇ ਲੜ ਰਹੇ ਲੋਕਾਂ ’ਤੇ ਪੁਲਸ ਜਬਰ ਦਾ ਬੇਲਗਾਮ ਵਾਧਾ ਦੱਸਦਾ ਹੈ ਕਿ ‘ਆਪ’ ਦਾ ਬਦਲਾਅ ਦਾ ਦਮਗਜਾ ਸੂਬੇ ਦੇ ਲੋਕਾਂ ਨਾਲ ਅੱਜ ਤਾਈਂ ਦਾ ਸਭ ਤੋਂ ਵੱਡਾ ਸਿਆਸੀ ਧੋਖਾ ਹੈ। ‘ਆਪ’ ਸਰਕਾਰ ਦੇ ਅਨੇਕਾਂ ਚੁਣੇ ਹੋਏ ਨੁਮਾਇੰਦੇ ਆਪਣੇ ਬਦ ਇਖਲਾਕ ਕਾਰਿਆਂ, ਭ੍ਰਿਸ਼ਟ ਕਾਰਨਾਮਿਆਂ, ਧੱਕੇਸ਼ਾਹੀ ਅਤੇ ਨਸ਼ੇ ਦੇ ਧੰਦੇ ’ਚ ਭਾਗੀਦਾਰੀ ਦੇ ਦੋਸ਼ਾਂ ਅਧੀਨ ਜੇਲ੍ਹਾਂ ’ਚ ਬੰਦ ਹਨ। ਉਨ੍ਹਾਂ ਕਿਹਾ ਕਿ ਹਰ ਮੁਹਾਜ ’ਤੇ ਆਪਣੀ ਅਸਲੋਂ ਨਖਿੱਧ ਕਾਰਗੁਜ਼ਾਰੀ ਦੀ ਪਰਦਾਪੋਸ਼ੀ ਕਰਨ ਲਈ ਮੁੱਖ ਮੰਤਰੀ ਸੂਬੇ ਦੇ ਮਿਹਨਤੀ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਚੋਂ ਵਸੂਲੇ ਟੈਕਸਾਂ ਦੇ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਬਾਜੀ ’ਤੇ ਫੂਕ ਰਿਹਾ ਹੈ ਅਤੇ ਵੋਟਾਂ ਬਟੋਰਨ ਲਈ ਰਿਆਇਤਾਂ ਦੇ ਗੱਫੇ ਵੰਡ ਰਿਹਾ ਹੈ। ਇਹੋ ਨਹੀਂ ਆਪਣੇ ਪਾਪ ਕੱਜਣ ਲਈ ਮੁੱਖ ਮੰਤਰੀ ਪ੍ਰੈਸ ਦੀ ਆਜ਼ਾਦੀ ਦਾ ਵੀ ਗਲਾ ਘੁੱਟ ਰਿਹਾ ਹੈ। ਸਾਥੀ ਮਹੀਪਾਲ, ਧਰਮਿੰਦਰ ਸਿੰਘ, ਮੁਖਤਿਆਰ ਸਿੰਘ ਮੱਲ੍ਹਾ, ਗੁਰਮੇਜ ਸਿੰਘ ਤਿੰਮੋਵਾਲ, ਧਿਆਨ ਸਿੰਘ ਠਾਕੁਰ, ਬਲਦੇਵ ਸਿੰਘ ਸੈਦਪੁਰ, ਦਲਜੀਤ ਸਿੰਘ ਦਿਆਲਪੁਰਾ, ਅਮਰੀਕ ਸਿੰਘ ਦਾਊਦ ਤੇ ਗੁਰਨਾਮ ਸਿੰਘ ਭਿੰਡਰ ਵੀ ਬਿਰਾਜਮਾਨ ਸਨ। ਨੌਜਵਾਨ ਆਗੂ ਸੰਦੀਪ ਲੱਧਰ ਵਲੋਂ ਪਾਰਟੀ ਸਾਹਿਤ ਦੀ ਵਿਕਰੀ ਲਈ ਸਟਾਲ ਵੀ ਲਾਈ ਗਈ।
ਬਰਨਾਲਾ : ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ ਤਰਕਸ਼ੀਲ ਭਵਨ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਫਾਸ਼ੀਵਾਦ ਵਿਰੋਧੀ’ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਬੇਹੱਦ ਸਫਲ ਸੈਮੀਨਾਰ ਦਾ ਆਰੰਭ ਲੋਕ ਪੱਖੀ ਗਾਇਕਾਂ ਅਜਮੇਰ ਅਕਲੀਆ ਤੇ ਬੱਗੜ ਸਿੰਘ ਰੂੜੇਕੇ ਕਲਾਂ ਦੇ ਇਨਕਲਾਬੀ ਗੀਤਾਂ ਨਾਲ ਹੋਇਆ। ਲਾਭ ਸਿੰਘ ਅਕਲੀਆ ਨੇ ਪੁੱਜੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਮੁੱਖ ਵਿਸ਼ੇ ‘‘ਸਾਮਰਾਜ ਤੇ ਕਾਰਪੋਰੇਟ, ਸੰਘੀ ਮਨੂੰਵਾਦ ਤੇ ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ ਪੱਖੀਆਂ ਦੀ ਭੂਮਿਕਾ’’ ਬਾਰੇ ਚਾਨਣਾ ਪਾਇਆ। ਇਸ ਉਪਰੰਤ ਗੰਭੀਰ ਵਿਚਾਰ-ਚਰਚਾ ਹੋਈ। ਮੁੱਖ ਬੁਲਾਰਿਆਂ; ਸਾਥੀ ਮੰਗਤ ਰਾਮ ਪਾਸਲਾ (ਜਨਰਲ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ), ਸਾਥੀ ਤੁਹਿਨ ਦੇਵ (ਪੋਲਿਟ ਬਿਓਰੋ ਮੈਂਬਰ ਸੀਪੀਆਈ ਐੱਮਐੱਲ ਰੈੱਡ ਸਟਾਰ) ਤੇ ਸਾਥੀ ਮੁਖਤਿਆਰ ਸਿੰਘ ਪੂਹਲਾ (ਸੀਨੀਅਰ ਆਗੂ ਇਨਕਲਾਬੀ ਕੇਂਦਰ ਪੰਜਾਬ) ਨੇ ਕਿਹਾ ਕਿ ਆਰਐਸਐਸ ਦਾ ਮਨੂੰਵਾਦੀ ਫਾਸ਼ੀਵਾਦ ਦੇ ਖ਼ਤਰਿਆਂ ਬਾਰੇ ਆਪੋ ਆਪਣੇ ਵਿਚਾਰ ਰੱਖੇ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਸਾਥੀ ਨਰਭਿੰਦਰ ਤੇ ਡੀਟੀਐਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ ਨੇ ਵੀ ਵਿਚਾਰ ਰੱਖੇ। ਅੰਤ ’ਚ ਪੰਜਾਬੀ ’ਚ ਛਪੇ ’ਫਾਸ਼ੀਵਾਦ ਵਿਰੋਧੀ ਕਿਤਾਬਚੇ’ ਦਾ ਵਿਮੋਚਨ ਕੀਤਾ ਗਿਆ। ਮੰਚ ਸੰਚਾਲਨ ਦੇ ਫਰਜ਼ ਡਾ. ਗੁਰਤੇਜ ਖੀਵਾ ਨੇ ਨਿਭਾਏ।
ਰਿਪੋਰਟ : ਰਮੇਸ਼ ਚੰਦਰ
ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਦੇ ਭੱਖਦੇ ਮਸਲਿਆਂ ਦੇ ਹੱਲ ਲਈ ਵਿਸ਼ਾਲ ਸੂਬਾਈ ਰੈਲੀ
ਜਲੰਧਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ‘‘ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ’’, ‘‘ਦੇਸ਼ ਭਗਤ ਯਾਦਗਾਰ ਜਲੰਧਰ ’’ ਵਿਖੇ ਪੰਜਾਬ ਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਮਜ਼ਦੂਰਾਂ ਤੇ ਹੋਰ ਗਰੀਬਾਂ ਦੇ ਭੱਖਦੇ ਮਸਲੇ ਹੱਲ ਕਰਾਉਣ ਲਈ ਵਿਸ਼ਾਲ ਸੂਬਾਈ ਰੈਲੀ ਕੀਤੀ ਗਈ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਉਕਤ ਰੈਲੀ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕੀਤੀ। ਖ਼ਰਾਬ ਮੌਸਮ ਤੇ ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਕਿਰਤੀ ਕਾਮੇ ਹੱਥਾਂ ’ਚ ਲਾਲ ਝੰਡੇ ਲੈਕੇ ਕੇਂਦਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਰੈਲੀ ’ਚ ਸ਼ਾਮਲ ਹੋਏ। ਰੈਲੀ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਮੀਤ ਪ੍ਰਧਾਨ ਚਮਨ ਲਾਲ ਦਰਜਾਕੇ ਅਤੇ ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਸੰਬੋਧਨ ਕੀਤਾ।ਭਰਾਤਰੀ ਜਥੇਬੰਦੀ ਮਨਰੇਗਾ ਵਰਕਰਜ ਯੂਨੀਅਨ ਦੇ ਸੂਬਾਈ ਕਨਵੀਨਰ ਦੀਪਕ ਠਾਕੁਰ ਅਤੇ ਸੂਬਾ ਕਮੇਟੀ ਦੇ ਮੈਂਬਰ ਚਰਨਜੀਤ ਥੰਮੂਵਾਲ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਨ ਸੂਬਾਈ ਵਿੱਤ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਸਿੰਘ ਨੇ ਕੀਤਾ। ਮੰਚ ਤੇ ਸਾਥੀ ਅਮਰੀਕ ਸਿੰਘ ਦਾਊਦ, ਪਰਮਜੀਤ ਸਿੰਘ ਰੰਧਾਵਾ, ਜਗਜੀਤ ਸਿੰਘ ਜੱਸੇਆਣਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਨਾਮ ਸਿੰਘ ਭਿੰਡਰ ਵੀ ਮੌਜੂਦ ਸਨ। ਰੈਲੀ ਨੂੰ ਸੰਬੋਧਨ ਕਰਨ ਲਈ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ। ਉਨ੍ਹਾਂ ਸੂਬੇ ਅੰਦਰ ਅਜਿਹੀ ਵਿਸ਼ਾਲ ਤੇ ਮਜਬੂਤ ਜਥੇਬੰਦੀ ਉਸਾਰਨ ਦਾ ਸੱਦਾ ਦਿੱਤਾ ਜਿਸਦਾ ਇਕੱਲਾ-ਇਕੱਲਾ ਕਾਰਕੁੰਨ ਹਾਕਮ ਜਮਾਤਾਂ ਤੇ ਉਨ੍ਹਾਂ ਦੇ ਹੱਥਠੋਕੇ ਸਿਆਸਤਦਾਨਾਂ ਦੇ ਲੋਟੂ ਕਿਰਦਾਰ ਤੋਂ ਬਾਖੂਬੀ ਵਾਕਫ ਹੋਵੇ। ਦੇਸ਼ ਭਗਤ ਯਾਦਗਾਰ ਜਲੰਧਰ ਦੇ ਪ੍ਰਧਾਨ, ਉੱਘੇ ਕਿਸਾਨ ਆਗੂ ਸਾਥੀ ਕੁਲਵੰਤ ਸਿੰਘ ਸੰਧੂ ਨੇ ਵੀ ਰੈਲੀ ਦੀ ਕਾਮਯਾਬੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲਣ ਦਾ ਅਹਿਦ ਲਿਆ
ਜਲੰਧਰ: ਅੰਬੇਡਕਰ ਭਵਨ, ਨਕੋਦਰ ਰੋਡ ਜਲੰਧਰ ਵਿਖੇ ’ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ’ (ਰਜਿ.) ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 135ਵੇਂ ਜਨਮ ਦਿਨ ਇਕ ਵਿਸ਼ਾਲ ਸਮਾਗਮ ਕਰਕੇ ਮਨਾਇਆ ਗਿਆ। ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਆਪਣੇ ਜੀਵਨ ਦੌਰਾਨ ਇਸ ਇਤਿਹਾਸਿਕ ਥਾਂ ’ਤੇ ਆਪਣੇ ਚਰਨ ਵੀ ਪਾ ਚੁੱਕੇ ਹਨ।
ਜੇਐਨਯੂ ਨਵੀਂ ਦਿੱਲੀ ਦੇ ਪ੍ਰੋਫੈਸਰ ਡਾ. ਸਈਅਦ ਮੁਹੰਮਦ ਅਨਵਰ ਆਲਮ ਪਾਸ਼ਾ, ਜੋ ਆਪਣੇ ਵਿਦਿਆਰਥੀ ਜੀਵਨ ਦੌਰਾਨ ਐਸਐਫਆਈ ’ਚ ਸਰਗਰਮ ਰਹੇ ਸਨ, ਸਮਾਰੋਹ ਦੇ ਮੁੱਖ ਮਹਿਮਾਨ ਸਨ। ਉੱਘੇ ਸਮਾਜਿਕ ਚਿੰਤਕ ਤੇ ਮਜ਼ਦੂਰ ਨੇਤਾ ਕਾਮਰੇਡ ਮੰਗਤ ਰਾਮ ਪਾਸਲਾ(ਜਨਰਲ ਸਕੱਤਰ ਆਰ.ਅੇੈਮ.ਪੀ.ਆਈ. ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਰੀ ਗਿਣਤੀ ’ਚ ਜੁੜੇ ਮੋਹਤਬਰਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਅਨਵਰ ਪਾਸ਼ਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਨਾਲ ਬਾਵਸਤਾ ਪੰਜਾਬ ਦੀ ਇਸ ਸਰ-ਜ਼ਮੀਂ ਨੂੰ ਸਜਦਾ ਕਰਦਿਆਂ ਕਿਹਾ ਕਿ ਇਸ ਸਰ-ਜ਼ਮੀਂ ਦੀ ਯਾਤਰਾ ਨਾਲ ਜੁੜੀਆਂ ਬੇਸ਼ਕੀਮਤੀ ਯਾਦਾਂ ਦੇ ਖਜ਼ਾਨੇ ਚੋਂ ਇਕ ਮਹਾਨ ਦੌਲਤ ਅੰਬੇਡਕਰ ਭਵਨ ਦੀ ਯਾਤਰਾ ਦੀ ਸੁਹਾਨੀ ਯਾਦ ਵੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਭੂਮੀ ਪ੍ਰਤੀ ਮੇਰੇ ਮਨ ’ਚ ਵਿਸ਼ੇਸ਼ ਸਤਿਕਾਰ ਤੇ ਲਗਾਓ ਇਸ ਲਈ ਵੀ ਰਿਹਾ ਹੈ, ਕਿਉਂਕਿ ਇਸ ਦ ਉਸਰੱਈਏ ਸ਼?ਰੀ ਲਾਹੌਰੀ ਰਾਮ ਬਾਲੀ ਜੀ ਮੇਰੇ ਪ੍ਰੇਰਨਾ ਸਰੋਤ ਹਨ। ਉਨ੍ਹਾਂ ਯਾਦ ਦਿਵਾਇਆ ਕਿ ਤਾਉਮਰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਮਿਸ਼ਨ ਪ੍ਰਤੀ ਤਨੋ-ਮਨੋ ਸਮਰਪਿਤ ਰਹੇ ਸ਼?ਰੀ ਬਾਲੀ ਨੂੰ ਲੰਮਾ ਸਮਾਂ ਉਨ੍ਹਾਂ ਦੇ ਸੰਪਰਕ ’ਚ ਰਹਿਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਬਾਲੀ ਸਾਹਿਬ ਨਾਲ 2017 ’ਚ ਵੀ ਅੰਬੇਡਕਰ ਜਯੰਤੀ ਮੌਕੇ ਉਹ ਇਸ ਇਤਿਹਾਸਕ ਸਥਾਨ ‘ਤੇ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ।
ਵਿਸ਼ੇਸ਼ ਮਹਿਮਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਉਹ ਬੇਸ਼ੱਕ ਮਾਰਕਸੀ ਫਲਸਫੇ ਤੇ ਕਮਿਊਨਿਜ਼ਮ ’ਚ ਭਰੋਸਾ ਰੱਖਦੇ ਹਨ, ਪਰ ਡਾ. ਅੰਬੇਡਕਰ ਦੇ ਜੀਵਨ, ਘਾਲਣਾਵਾਂ ਤੇ ਚਿੰਤਨ ਪ੍ਰਤੀ ਉਨ੍ਹਾਂ ਦੇ ਮਨ ’ਚ ਅਥਾਹ ਸਤਿਕਾਰ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਅੰਦਰ ਵਰਗ-ਰਹਿਤ ਸਮਾਜਵਾਦੀ ਸਮਾਜ ਸਿਰਜਣ ਦਾ ਅੰਦੋਲਨ ਜਾਤ-ਪਾਤ ਦੇ ਖਾਤਮੇ ਦੇ ਮਾਨਵੀ ਘੋਲ ਲੜੇ ਤੋਂ ਬਿਨਾਂ ਕਦੀ ਵੀ ਸਫਲ ਨਹੀਂ ਹੋ ਸਕਦਾ। ਧਾਰਮਿਕ ਕੇਂਦਰੀਕਰਨ ਅਤੇ ਅਣਵਿਗਿਆਨਿਕ ਸੋਚ ਕਮਿਊਨਿਸਟਾਂ, ਦਲਿਤਾਂ, ਘੱਟ-ਗਿਣਤੀਆਂ, ਔਰਤਾਂ ਦੀ ਕੱਟੜ ਵਿਰੋਧੀ ਹੈ। ਉਨ੍ਹਾਂ ਇਸ ਗੱਲ ’ਤੇ ਉਚੇਚਾ ਜ਼ੋਰ ਦਿੱਤਾ ਕਿ ਲੁੱਟੇ-ਲਤਾੜੇ ਵਰਗਾਂ ਦੇ ਲੋਕਾਂ ਨੂੰ ਡਾ. ਅੰਬੇਡਕਰ ਅਤੇ ਸ਼ਹੀਦ ਇ ਆਜ਼ਮ ਭਗਤ ਸਿੰਘ ਦੀ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ, ਪ੍ਰੰਤੂ ਸਮਾਜਿਕ ਤਬਦੀਲੀ ਦੇ ਇਨ੍ਹਾਂ ਮਹਾਨ ਜੰਗਜੂਆਂ ਨੂੰ ਆਸਥਾ ਦਾ ਕੇਂਦਰ ਬਣਾਉਣ ਤੋਂ ਹਰ ਹਾਲ ਬਚਿਆ ਜਾਣਾ ਚਾਹੀਦਾ ਹੈ।
ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ, ਆਲ ਇੰਡੀਆ ਸਮਤਾ ਸੈਨਿਕ ਦਲ ਦੇ ਪੰਜਾਬ ਯੂਨਿਟ ਦੇ ਸਕੱਤਰ ਸਨੀ ਥਾਪਰ ਨੇ ਵਿਚਾਰ ਰੱਖੇ। ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਸੇਵਾਮੁਕਤ ਪ੍ਰਿੰਸੀਪਲ ਡਾ. ਕੇ. ਐਸ. ਫੁੱਲ ਦੀ ਅਗਵਾਈ ਹੇਠ ’ਅੰਬੇਡਕਰ ਸਟੂਡੈਂਟਸ ਗਾਈਡੈਂਸ ਸੈੱਲ’ ਦੇ ਗਠਨ ਕੀਤਾ ਗਿਆ ਅਤੇ ਛੇਤੀ ਹੀ ਮਹਿਲਾ-ਵਿੰਗ ਦਾ ਗਠਨ ਕਰਨ ਦਾ ਵੀ ਐਲਾਨ ਕੀਤਾ ਗਿਆ। ਆਰੰਭ ’ਚ ਭਾਰਤੀ ਵਿਦੇਸ਼ ਸੇਵਾ (ਆਈਐਫਐਸ) ਦੇ ਸੇਵਾਮੁਕਤ ਅਧਿਕਾਰੀ ਸਤਨਾਮ ਸਿੰਘ ਬਧਾਵਨ ਦੀ ਅਗਵਾਈ ਹੇਠ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂਆਂ ਤੇ ਹੋਰ ਪਤਵੰਤੇ ਸੱਜਣਾਂ ਨੇ ਅੰਬੇਡਕਰ ਭਵਨ ਦੇ ਸਾਹਮਣੇ ਅੰਬੇਡਕਰ ਮਾਰਗ ਦੇ ਡਿਵਾਈਡਰ ’ਚ ਬਾਬਾ ਸਾਹਿਬ ਦੇ 135ਵੇਂ ਜਨਮ ਉਤਸਵ ਦੇ ਇਤਿਹਾਸਿਕ ਮੌਕੇ ’ਤੇ 135 ਬੂਟੇ ਲਾਉਣ ਦਾ ਕਾਰਜ ਆਰੰਭਿਆ। ਨਾਲ ਹੀ ਸਾਰੇ ਹਾਜ਼ਰ ਲੋਕ ਤਥਾਗਤ ਬੁੱਧ ਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦੇ ਬੁੱਤ ਅੱਗੇ ਨਤਮਸਤਕ ਹੋਏ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਬਲਦੇਵ ਰਾਜ ਜੱਸਲ ਅਤੇ ਚਰਨ ਦਾਸ ਸੰਧੂ ਨੇ ਕੀਤਾ। ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਸੰਘਰਸ਼ ਨੂੰ ਯਾਦ ਕੀਤਾ। ਸਮਾਗਮ ਵਿੱਚ ਏਆਈਐਸਐਸਡੀ ਦੇ ਪੰਜਾਬ ਯੂਨਿਟ ਵਲੋਂ ਪ੍ਰਕਾਸ਼ਿਤ ਸੋਵੀਨਾਰ ਜਾਰੀ ਕੀਤਾ ਗਿਆ।
ਗੁਰਾਇਆ : ਇੱਥੋਂ ਨੇੜਲੇ ਪਿੰਡ ਪਾਸਲਾ ਦੀ ’ਅੰਬੇਦਕਰ ਵੈਲਫੇਅਰ ਸਭਾ’ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਪਿੰਡ ਤੇ ਇਲਾਕਾ ਨਿਵਾਸੀਆਂ ਦਾ ਭਰਵਾਂ ਇਕੱਠ ਕਰਕੇ ਉਤਸ਼ਾਹ ਪੂਰਬਕ ਮਨਾਇਆ। ਜਨਮ ਦਿਵਸ ਸਮਾਰੋਹ ਦੇ ਮੁੱਖ ਬੁਲਾਰੇ, ਇਸੇ ਪਿੰਡ ਦੇ ਜੰਮਪਲ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਅੇੈਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਸਨ। ਸਾਥੀ ਪਾਸਲਾ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੌਰਾਨ ਬਸਤੀਵਾਦੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਹਾਸਲ ਕਰਨ ਜੂਝਣ ਵਾਲੇ ਦੇਸ਼ ਭਗਤਾਂ ਦੀਆਂ ਬੇਸ਼ਕ ਵੱਖੋ-ਵੱਖਰੀਆਂ ਧਾਰਾਵਾਂ ਸਨ, ਪਰ ਸਾਰਿਆਂ ਦਾ ਸਾਂਝਾ ਉਦੇਸ਼ ਦੇਸ਼-ਕੌਮ ਨੂੰ ਸਾਮਰਾਜ ਤੋਂ ਆਜ਼ਾਦ ਕਰਵਾਉਣਾ ਸੀ। ਪ੍ਰੰਤੂ ਇਹ ਦੇਸ਼ ਤੇ ਦੇਸ਼ ਵਾਸੀਆਂ ਦਾ ਵੱਡਾ ਦੁਰਭਾਗ ਹੈ ਕਿ ਅੱਜ ਭਾਰਤ ਦੀ ਕੇਂਦਰੀ ਸੱਤਾ ’ਤੇ ਆਪਣੀ ਹੱਥਠੋਕਾ ਭਾਜਪਾ ਰਾਹੀਂ ਸਿਰੇ ਦਾ ਸ਼ਾਵਨਵਾਦੀ, ਪਿਛਾਂਹ ਖਿੱਚੂ ਤੇ ਫਿਰਕੂ-ਫਾਸ਼ੀ ਸੰਗਠਨ ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐਸ.ਐਸ. ਜਾਂ ’ਸੰਘ’) ਕਾਬਜ ਹੋਇਆ ਬੈਠਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਇਹ ਤੱਥ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸੰਘ’ ਦਾ ਹੋਂਦ ’ਚ ਆਉਣਾ ਅੰਗ੍ਰੇਜ਼ ਸਾਮਰਾਜੀਆਂ ਦੀ ਸੁਤੰਤਰਤਾ ਸੰਗਰਾਮ ’ਚ ਧਰਮ ਦੇ ਆਧਾਰ ’ਤੇ ਫੁੱਟ ਪਵਾਉਣ ਦੀ ਸਾਜ਼ਿਸ਼ ਦਾ ਨਤੀਜਾ ਸੀ। ਇਸ ਲਈ ਸੁਤੰਤਰਤਾ ਪ੍ਰਾਪਤੀ ਲਈ ਜੂਝਣ ਵਾਲੇ ਅੰਬੇਦਕਰ ਦੇ ਸੱਚੇ ਪੈਰੋਕਾਰਾਂ, ਗਦਰੀ ਸੂਰਬੀਰਾਂ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਸੋਚ ਦੇ ਵਾਰਿਸ ਕਮਿਊਨਿਸਟਾਂ ਅਤੇ ਧਰਮ ਨਿਰਪੱਖਤਾ, ਲੋਕ ਰਾਜ ਤੇ ਫੈਡਰਲ ਅਧਿਕਾਰਾਂ ਦੇ ਹਾਮੀਆਂ ਨੂੰ ਆਰ.ਐਸ.ਐਸ. ਦੀਆਂ ਸੰਵਿਧਾਨ ਬਦਲਣ ਦੀਆਂ ਕੁਚਾਲਾਂ ਨੂੰ ਵਿਰਾਮ ਦੇਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਕਜੁੱਟ ਘੋਲ ਵਿੱਢਣੇ ਚਾਹੀਦੇ ਹਨ। ਨਾਮਵਰ ਬੁੱਧੀਜੀਵੀ ਸਤਨਾਮ ਚਾਨਾ ਨੇ ਵੀ ਵਿਚਾਰ ਰੱਖੇ। ਇਸ ਮੌਕੇ ਪਿੰਡ ਪਾਸਲਾ ਦੇ ਨੇੜੇ-ਤੇੜੇ ਦੇ ਸਕੂਲਾਂ ’ਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਪਿੰਡ ਦੀਆਂ ਸਾਰੀਆਂ ਪੰਚਾਇਤਾਂ ਅਤੇ ਮੋਹਤਬਰ ਹਸਤੀਆਂ ਮੌਜੂਦ ਸਨ।
ਫਤਹਿਗੜ੍ਹ ਸਾਹਿਬ: ’ਸਮਤਾ ਸਮਾਜ ਪਾਰਟੀ’ ਵਲੋਂ ਪ੍ਰਭਾਵਸ਼ਾਲੀ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਮੁੱਖ ਬੁਲਾਰੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਸਨ। ਉਨ੍ਹਾਂ ਤੋਂ ਬਿਨਾਂ ਬਲਵਿੰਦਰ ਸਿੰਘ ਖਟਕੜ ਕਲਾਂ ਨੇ ਵੀ ਵਿਚਾਰ ਰੱਖੇ।
ਰਿਪੋਰਟ: ਸ਼ਮਸ਼ੇਰ ਸਿੰਘ/ ਰਮੇਸ਼ ਚੰਦਰ
