/* SC_TH_END:4.3.24:fc0ffc30 */ ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਮਈ 2026) – Sangrami Lehar
Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਮਈ 2026)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਮਈ 2026)

ਹੰਗਰੀ : ਚੋਣਾਂ ’ਚ ਸੱਜ ਪਿਛਾਖੜੀ ਵਿਕਟਰ ਅਰਬਨ ਦੀ ਹਾਰ, ਪਰ ਸੱਜ ਪਿਛਾਖੜ ਹੀ ਜੇਤੂ
ਪੂਰਬੀ ਯੂਰਪ ਦੇ ਦੇਸ਼ ਹੰਗਰੀ ’ਚ ਹੋਈਆਂ ਸੰਸਦੀ ਚੋਣਾਂ ’ਚ ਪਿਛਲੇ 16 ਸਾਲਾਂ ਤੋਂ ਸੱਤਾ ’ਤੇ ਕਾਬਜ ਚੱਲੇ ਆ ਰਹੇ ਪ੍ਰਧਾਨ ਮੰਤਰੀ ਵਿਕਟਰ ਉਰਬਾਨ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁੱਝ ਕੁ ਬਹੁਤ ਹੀ ਨੇੜਲੇ ਚਹੇਤਿਆਂ ’ਚੋਂ ਇਕ ਹੈ, ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਧੁਰ ਸੱਜ-ਪਿਛਾਖੜੀ ਵਿਚਾਰਧਾਰਾ ਵਾਲੀ ਉਸਦੀ ‘ਫਿਡੇਜ਼ ਪਾਰਟੀ’ ਨੂੰ ਸਿਰਫ 53 ਸੀਟਾਂ ਹਾਸਲ ਹੋਈਆਂ ਹਨ। ਜਦਕਿ ਉਸਨੂੰ ਹਰਾਉਣ ਵਾਲੀ ’ਤਿਸਜ਼ਾ ਪਾਰਟੀ’, ਜਿਸਦਾ ਆਗੂ ਪੀਟਰ ਮਗਯਾਰ ਹੈ, ਨੂੰ 138 ਸੀਟਾਂ ਮਿਲੀਆਂ ਹਨ। ਸਿਰਫ 45 ਸਾਲਾਂ ਦਾ ਪੀਟਰ ਮਗਯਾਰ ਪਹਿਲਾਂ ਫਿਡੇਜ਼ ਪਾਰਟੀ ’ਚ ਹੀ ਸੀ ਤੇ ਵਿਕਟਰ ਉਰਬਾਨ ਦੇ ਮੰਤਰੀ ਮੰਡਲ ’ਚ ਮੰਤਰੀ ਰਿਹਾ ਸੀ। ਫਰਵਰੀ 2024 ’ਚ ‘ਕਾਤਲਿਕ ਨੇਵਾਕ ਰਾਸ਼ਟਰਪਤੀ ਮਾਫੀ ਸਕੈਂਡਲ’ ਕਰਕੇ ਉਸਨੇ ਮੰਤਰੀ ਮੰਡਲ ਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਸਨੇ 2020 ’ਚ ਬਣੀ ‘ਤਿਸਜ਼ ਪਾਰਟੀ’, ਜੋ ਇਕ ਤਰ੍ਹਾਂ ਨਾਲ ਗੈਰ ਸਰਗਰਮ ਹੋ ਚੁੱਕੀ ਸੀ, ਨੂੰ ਮੁੜ ਸਰਗਰਮ ਕਰਦਿਆਂ ਇਸਦੀ ਅਗਵਾਈ ਸੰਭਾਲੀ ਸੀ। 2024 ’ਚ ਹੋਈਆਂ ਯੂਰਪੀ ਸੰਸਦ ਦੀਆਂ ਚੋਣਾਂ ’ਚ ਉਹ ‘ਤਿਸਜ਼ ਪਾਰਟੀ’, ਜਿਸਨੇ ਦੂਜੇ ਨੰਬਰ ’ਤੇ ਰਹਿਕੇ 30% ਵੋਟ ਹਾਸਲ ਕੀਤੇ ਸਨ, ਵਲੋਂ ਚੁਣਿਆ ਗਿਆ ਸੀ । ਯੂਰਪੀ ਸੰਸਦ ’ਚ ‘ਤਿਸਜ਼ਾ ਪਾਰਟੀ’ ਯੂਰਪੀ ਸੱਜ-ਪਿਛਾਖੜੀ ਪਾਰਟੀਆਂ ਦੇ ਧੜੇ ‘ਯੂਰਪੀਅਨ ਪਾਪੂਲਰ ਪਾਰਟੀ’ ਦੀ ਮੈਂਬਰ ਹੈ।
ਪੀਟਰ ਮਗਯਾਰ, ਜਿਸ ਦਾ ਹੰਗਰੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ, ਵਿਚਾਰਧਾਰਕ ਪੱਖੋਂ ਵਿਕਟਰ ਉਰਬਾਨ ਨਾਲੋਂ ਬਹੁਤਾ ਵੱਖ ਨਹੀਂ ਹੈ। ਉਸਨੇ ਉਰਬਾਨ ਦੇ ਭ੍ਰਿਸ਼ਟ ਆਚਰਣ ਨੂੰ ਮੁੱਦਾ ਬਣਾਕੇ ਅਸਤੀਫਾ ਦਿੱਤਾ ਸੀ। ਜੇਕਰ ਤੌਰ ’ਤੇ ਵਿਕਟਰ ਉਰਬਾਨ ਜਿੱਥੇ ਡੋਨਾਲਡ ਟਰੰਪ ਦਾ ਕੱਟੜ ਪੈਰੋਕਾਰ ਹੈ ਤੇ ਉਸ ਵਾਂਗ ਹੀ ਵਿਹਾਰ ਕਰਦਾ ਹੈ, ਉੱਥੇ ਪੀਟਰ ਮਗਯਾਰ ਪੂਰੀ ਤਰ੍ਹਾਂ ਯੂਰਪ ਪ੍ਰਸਤ ਹੈ। ਦੋਹਾਂ ’ਚ ਵਿਚਾਰਧਾਰਕ ਅੰਤਰ ਨਾਂਹ ਦੇ ਬਰਾਬਰ ਹੈ।
ਵਿਕਟਰ ਉਰਬਾਨ ਦੀ ਹਾਰ ਦਾ ਮਹੱਤਵ ਇਸ ਲਈ ਹੈ ਕਿਉਂਕਿ ਉਸ ਨੇ ਸੱਤਾ ਸੰਭਾਲਣ ਪਿੱਛੋਂ ਯੂਰਪ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਦਿੱਤਾ ਸੀ ਅਤੇ ਵਿਆਪਕ ਸੋਧਾਂ ਰਾਹੀਂ ਸੰਵਿਧਾਨ ਦਾ ਸਰੂਪ ਹੀ ਬਦਲ ਦਿੱਤਾ ਸੀ। ਉਸ ਦੇਸ਼ ਦੇ ਪ੍ਰੈਸ ’ਤੇ ਕਬਜ਼ਾ ਕੀਤਾ। ਬਿਜਲਈ ਤੇ ਪ੍ਰਿੰਟ ਮੀਡੀਆ ਨੂੰ ਆਪਣੇ ਪੱਖ ਚ ਕਰਨ ਲਈ ਉਸਨੇ ਆਪਣੇ ਵਿਰੁੱਧ ਲਿਖਣ-ਬੋਲਣ ਵਾਲੇ ਮੀਡੀਆ ਅਦਾਰਿਆਂ ਨੂੰ ਸਰਕਾਰੀ ਇਸ਼ਤਿਹਾਰ ਤੇ ਮਦਦ ਦੇਣੀ ਬੰਦ ਕਰ ਦਿੱਤੀ ਸੀ। ਇਨ੍ਹਾਂ ਸੰਸਥਾਵਾਂ ’ਚ ਕੰਮ ਕਰਦੇ, ਉਰਬਾਨ ਦਾ ਵਿਰੋਧ ਕਰਨ ਵਾਲੇ ਪੱਤਰਕਾਰਾਂ ਨੂੰ ਜਾਂ ਤਾਂ ਅਦਾਰਿਆਂ ਨੇ ਕੱਢ ਦਿੱਤਾ ਜਾਂ ਫਿਰ ਉਹ ਖੁਦ ਹੀ ਅਸਤੀਫ਼ੇ ਦੇ ਕੇ ਚਲੇ ਗਏ। ਕੁੱਝ ਨੇ ਆਪਣੇ ਸੋਸ਼ਲ ਮੀਡੀਆ ਚੈਨਲ ਬਣਾ ਲਏ ਤੇ ਨਿਡਰਤਾ ਨਾਲ ਸਰਕਾਰੀ ਹਮਲੇ ਦਾ ਸਾਹਮਣਾ ਕਰਦੇ ਰਹੇ। ਪ੍ਰਿੰਟ ਮੀਡੀਆ ਦਾ ਹਾਲ ਇਹ ਸੀ ਕਿ ਸਰਕਾਰੀ ਨੀਤੀਆਂ ਦੀ ਨੁਕਤਾਚੀਨੀ ਕਰਨ ਵਾਲੇ ਕਿਸੇ ਵੀੇ ਅਖ਼ਬਾਰ, ਮੈਗਜ਼ੀਨ ਦਾ ਦੇਸ਼ ’ਚ ਪ੍ਰਕਾਸ਼ਨ ਸੰਭਵ ਨਹੀਂ ਸੀ ਰਿਹਾ। ਕੁੱਝ ਦਲੇਰ ਪੱਤਰਕਾਰਾਂ ਨੇ ਗੁਆਂਢੀ ਦੇਸ਼ ਸਲੋਵਾਕੀਆ ਤੋਂ ਛਪਾਈ ਦਾ ਪ੍ਰਬੰਧ ਕਰਕੇ ਇਕ ਮਹੀਨਾਵਾਰ ਅਖਬਾਰ ਪ੍ਰਕਾਸ਼ਤ ਕੀਤਾ ਤੇ ਦੇਸ਼ ’ਚ ਲਿਆ ਕੇ ਵੰਡਿਆ। ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਚੋਣ ਕਮੀਸ਼ਨ ਤੇ ਨਿਆਂ ਪਾਲਕਾ ’ਤੇ ਕਬਜ਼ਾ ਕਰ ਲਿਆ ਗਿਆ। ਉਸਦੀ ਹਾਂ ’ਚ ਹਾਂ ਮਿਲਾਉਣ ਤੋਂ ਆਕੀ ਸਰਵ ਉੱਚ ਅਦਾਲਤ ਦੇ ਜੱਜ ਨੂੰ ਅਹੁਦੇ ਤੋਂ ਹਟਾਉਣ ਲਈ ਦੇਸ਼ ਦੀ ਸੰਸਦ, ਜਿੱਥੇ ਉਸ ਕੋਲ ਦੋ-ਤਿਹਾਈ ਬਹੁਮਤ ਸੀ, ਰਾਹੀਂ ਜੱਜ ਦੇ ਕਾਰਜਕਾਲ ਦੀ ਮਿਆਦ ਘਟਾਕੇ ਰੁਖਸਤ ਕਰ ਦਿੱਤਾ ਗਿਆ। ਯੂਨੀਵਰਸਿਟੀਆਂ ਦੇ ਮੁਖੀ ਆਦਿ ਸਭ ਉਸਨੇ ਆਪਣੇ ਪੱਖੀ ਹੀ ਨਿਯੁਕਤ ਕਰ ਦਿੱਤੇ ਸਨ। ਆਪਣੀ ਪਾਰਟੀ ਨੂੰ ਲਾਭ ਪੁਚਾਉਣ ਲਈ ਚੋਣ ਹਲਕਿਆਂ ਦੀ ਹੱਦਬੰਦੀ ਕੀਤੀ। ਇਹੀ ਨਹੀਂ ਕਮਿਊਨਿਸਟ ਕਾਲ ਦੀਆਂ ਨਿਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਦੇ ਨਾਂ ’ਤੇ ਰਾਜਧਾਨੀ ਦੇ ‘ਬੁਡਾ ਕੈਸਲ’ ਖੇਤਰ ’ਚ ਸਰਕਾਰੀ ਦਫਤਰ ਲਿਆਉਣ ਲਈ ‘ਕੌਮੀ ਹੌਜ਼ਮਾਰ ਉਸਾਰੀ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ ਤੇ ਆਪਣੇ ਦਫ਼ਤਰ ਨੂੰ ਕਾਰਮੇਲੀਟਾ ਮੋਨਸਟਰੀ ਸਥਿਤ ਮਹਿਲਨੁਮਾ ਇਮਾਰਤ ’ਚ ਲੈ ਗਿਆ। ਪਹਿਲਾਂ ਉਸ ਦਾ ਦਫ਼ਤਰ ਸੰਸਦ ’ਚ ਹੀ ਸੀ, ਜਿੱਥੇ ਪੱਤਰਕਾਰ ਆਦਿ ਉਸਨੂੰ ਆਰਾਮ ਨਾਲ ਮਿਲ ਸਕਦੇ ਸਨ। ਪਰ ਵਿਕਟਰ ਉਰਬਾਨ ਨੇ ਤਾਂ ਮਹਿਲ ’ਚ ਦਫ਼ਤਰ ਲਿਜਾਕੇ ਸੁਰੱਖਿਆ ਚਾਕ-ਚੌਬੰਦ ਕਰ ਲਈ ਸੀ। ਇਹ ਫਹਰਿਸਤ ਬੜੀ ਲੰਬੀ ਹੈ।
ਇਹ ਸਭ, ਇਕ ਵਾਰ ਤਾਂ ਸਾਨੂੰ ਸਾਡੇ ਦੇਸ਼ ਦੇ ਭਾਜਪਾਈ ਹਾਕਮਾਂ ਦੀ ਯਾਦ ਦੁਆ ਦਿੰਦਾ ਹੈ। ਹੈ ਨਾ, ਪੂਰੀ ਤਰ੍ਹਾਂ ਕਾਪੀ ਕੀਤਾ ਤੌਰ-ਤਰੀਕਾ। ਹੁਣ ਇਹ ਨਹੀਂ ਪਤਾ ਵਿਕਟਰ ਉਰਬਾਨ ਨੇ ਕਾਪੀ ਕੀਤਾ ਜਾਂ ਸਾਡੇ ਹਾਕਮਾਂ ਨੇ। ਦੱਸਣ ਯੋਗ ਹੈ ਕਿ ਵਿਕਟਰ ਉਰਬਾਨ, 2010 ’ਚ ਦੋ ਤਿਹਾਈ ਸੀਟਾਂ ਹਾਸਲ ਕਰਕੇ ਹੰਗਰੀ ਦਾ ਪ੍ਰਧਾਨ ਮੰਤਰੀ ਬਣਿਆ ਸੀ। ਹਾਲੀਆ ਚੋਣਾਂ ’ਚ ਵੀ ਉਸਦੀ ਹਾਰ ਦੇ ਕੋਈ ਸੰਕੇਤ ਨਹੀਂ ਸਨ। ਜਿੱਤ ਯਕੀਨੀ ਬਨਾਉਣ ਲਈ ਸਭ ਸੈੱਟ ਕਰ ਲਿਆ ਗਿਆ ਸੀ। ਉਹ ਤਾਂ ਦੇਸ਼ ਦੇ ਲੋਕਾਂ ਵੱਲੋਂ ਭਾਰੀ ਗਿਣਤੀ ’ਚ ਵੋੋਟਾਂ ਪਾਉਣ ਨੇ ਸਾਰੀ ਖੇਡ ਵਿਗਾੜ ਦਿੱਤੀ। ਮਹਿਜ 1 ਕਰੋੜ ਆਬਾਦੀ ਤੇ 74 ਲੱਖ 52 ਹਜ਼ਾਰ 428 ਵੋਟਾਂ ਵਾਲੇ ਇਸ ਦੇਸ਼ ’ਚ ਇਸ ਵਾਰ 98.22% ਵੋਟਰਾਂ ਨੇ ਵੋਟ ਪਾਈ ਹੈ, ਜਦਕਿ ਪਿਛਲੀਆਂ 2022 ਦੀਆਂ ਚੋਣਾਂ ’ਚ ਜੋ ਚੰਗੀ ਪੋਲਿੰਗ ਦਰ ਕਹੀ ਜਾਂਦੀ ਸੀ, ਉਹ ਸਿਰਫ 69.59% ਸੀ। ਪੂਰੀ ਤਰ੍ਹਾਂ ਦੋ ਧਿਰੀ ਬਣਾ ਦਿੱਤੀ ਗਈ ਗਈ ਚੋਣ ’ਚ ਸਿਰਫ ਇਕ ਹੋਰ ਪਾਰਟੀ, ‘ਹੋਮਲੈਂਡ ਪਾਰਟੀ’ ਨੂੰ 6 ਸੀਟਾਂ ਮਿਲੀਆਂ ਹਨ।
ਵਿਕਟਰ ਉਰਬਾਨ ਦੀ ਹਾਰ ਦਾ ਮਹੱਤਵ ਇਸ ਲਈ ਵੀ ਵੱਧ ਜਾਂਦਾ ਹੈ ਕਿ ਡੋਨਾਲਡ ਟਰੰਪ ਨੇ ਇਰਾਨ ਜੰਗ ਦੇ ਦਰਮਿਆਨ ਹੀ ਆਪਣੇ ਉਪ ਰਾਸ਼ਟਰਪਤੀ ਜੇ.ਡੀ.ਵਾਂਸ ਨੂੰ ਵਿਕਟਰ ਉਰਬਾਨ ਦੇ ਹੱਕ ’ਚ ਪ੍ਰਚਾਰ ਕਰਨ ਭੇਜਿਆ ਸੀ। ਟਰੰਪ ਨੇ ਉਰਬਾਨ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਹੰਗਰੀ ਦੇ ਲੋਕਾਂ ਨੂੰ ਉਸਦੇ ਚੁਣੇ ਜਾਣ ’ਤੇ ਵੱਡਾ ਆਰਥਿਕ ਪੈਕਜ ਦੇਣ ਦਾ ਲਾਲੀਪਾਪ ਵੀ ਦਿੱਤਾ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਰਜਨਟੀਨਾ ਦਾ ਰਾਸ਼ਟਰਪਤੀ ਮਿੱਲੀ ਟਰੰਪ ਦਾ ਕੱਟੜ ਪੈਰੋਕਾਰ ਹੈ। ਉਥੋਂ ਦੀ ਪਾਰਲੀਮੈਂਟ ਦੀਆਂ ਚੋਣਾਂ ’ਚ ਆਪਣੇ ਚਹੇਤੇ ਦੀ ਭੈੜੀ ਹਾਰ ਨੂੰ ਭਾਂਪਦਿਆਂ ਟਰੰਪ ਨੇ 20 ਅਰਬ ਡਾਲਰ ਦਾ ਸਹਾਇਤਾ ਪੈਕੇਜ਼ ਦਿੱਤਾ ਸੀ। ਅਰਜਨਟੀਨਾ ਦੇ ਲੋਕਾਂ ਨੂੰ ਟਰੰਪ ਨੇ ਇਹ ਸਾਫ ਕਿਹਾ ਸੀ ਕਿ ਇਹ ਪੈਕੇਜ਼ ਮਿੱਲੀ ਨੂੰ ਜਿਤਾਉਣ ਲਈ ਦਿੱਤਾ ਗਿਆ ਹੈ ਅਤੇ ਲੋਕਾਂ ਵਲੋਂ ਖੱਬੀ ਧਿਰ ਨੂੰ ਬਹੁਮਤ ਦਿੱਤੇ ਜਾਣ ਦੀ ਸੂਰਤ ’ਚ ਇਹ ਨਹੀਂ ਮਿਲੇਗਾ। ਇਸ ਧਮਕੀ ਦੇ ਪ੍ਰਭਾਵ ਅਧੀਨ ਹੀ ਸੱਜ ਪਿਛਾਖੜੀ ਨੀਤੀਆਂ ਲਾਗੂ ਕਰਕੇ ਦੇਸ਼ ਦੇ ਅਵਾਮ ਦੀਆਂ ਨਜ਼ਰਾਂ ’ਚ ਬੁਰੀ ਤਰ੍ਹਾਂ ਬੱਦੂ ਹੋਈ ਮਿੱਲੀ ਦੀ ਪਾਰਟੀ ਅਰਜਨਟੀਨਾ ਦੀ ਸੰਸਦ ’ਚ ਬਹੁਮਤ ਹਾਸਲ ਕਰਨ ਵਿਚ ਸਫਲ ਹੋ ਗਈ ਸੀ। ਟਰੰਪ ਨੇ ਹੰਗਰੀ ’ਚ ਵੀ ਇਹ ਪੱਤਾ ਖੇਡਣ ਦੇ ਯਤਨ ਕੀਤੇ ਸਨ, ਪਰ ਉਹ ਸਫਲ ਨਹੀਂ ਹੋ ਸਕਿਆ।
ਚੋਣਾਂ ਜਿੱਤਣ ਲਈ ਪੇਸ਼ ਕੀਤੇ ਗਏ ਪੀਟਰ ਮਗਯਾਰ ਦੇ ਪ੍ਰੋਗਰਾਮ ’ਚ ਜਨਤਕ ਸੇਵਾਵਾਂ ਦਾ ਸੁਧਾਰ ਤੇ ਭ੍ਰਿਸ਼ਟਾਚਾਰ ਵਿਰੁੱਧ ਪਹਿਲਕਦਮੀ ਕਰਨ ਜਿਹੀਆਂ ਨਵੀਆਂ ਗੱਲਾਂ ਹੋ ਸਕਦੀਆਂ ਹਨ। ਪਰ ਉਸਦਾ ਪ੍ਰੋਗਰਾਮ ਵੀ ਸੱਜ-ਪਿਛਾਖੜੀ ਲੋਕ ਲੁਭਾਉਣੇ ਚੌਖਟੇ ਵਾਲਾ ਵਿਦੇਸ਼ੀ ਪੂੰਜੀ ਦੀ ਅਧੀਨਗੀ ’ਤੇ ਅਧਾਰਤ ਹੀ ਹੈ। ਨਵੀਂ ਬਣਨ ਵਾਲੀ ਵਜ਼ਾਰਤ ’ਚ ਵੀ ਸੰਭਾਵਤ ਨਾਵਾਂ ’ਚ ਸ਼ੈਲ ’ਤੇ ਵੋਡਾਫੋਨ ਵਰਗੀ ਬਹੁਕੌਮੀ ਨਿਗਮਾਂ ਦੇ ਉਚ ਅਫਸਰਾਂ ਦੇ ਨਾਂਅ ਸ਼ਾਮਲ ਹਨ। ਐਨਾ ਜ਼ਰੂਰ ਹੈ ਕਿ ਉਰਬਾਨ ਦੇ ਕਾਰਜਕਾਲ ਵਾਂਗ ਯੂਰਪੀ ਯੂਨੀਅਨ ਨਾਲ ਇੱਟ-ਖੜਿੱਕਾ ਖਤਮ ਹੋ ਜਾਵੇਗਾ ਤੇ ਸਬੰਧਾਂ ’ਚ ਸੁਧਾਰ ਆਵੇਗਾ। ਇਵੇਂ ਹੀ ਕੌਮਾਂਤਰੀ ਅਪਰਾਧਕ ਅਦਾਲਤ ਵਰਗੀਆਂ ਸੰਸਥਾਵਾਂ, ਜਿੱਥੋਂ ਹੰਗਰੀ ਬਾਹਰ ਹੋ ਗਿਆ ਸੀ, ’ਚ ਹੰਗਰੀ ਦਾ ਮੁੜ ਦਾਖ਼ਲਾ ਹੋ ਜਾਵੇਗਾ।
ਪੀਟਰ ਮਗਯਾਰ ਦੀ ਅਗਵਾਈ ਹੇਠ ਨਵੀਂ ਬਣਨ ਵਾਲੀ ਸਰਕਾਰ ਤੋਂ ਦੇਸ਼ ਦੇ ਮਿਹਨਤਕਸ਼ਾਂ ਲਈ ਚੰਗੇਰੇ ਕੰਮਾਂ ਦੀ ਆਸ ਕਰਨੀ ਅਤਿਕਥਨੀ ਹੋਵੇਗੀ। ਉੱਘੇ ਸਮਾਜ ਵਿਗਿਆਨੀ ਤਿਬੋਰ ਮੇਜ਼ਮਾਨ ਮੁਤਾਬਕ, ‘ਇਸ ਨਾਲ ਹੰਗਰੀ ਦੀ ਯੂਰਪੀ ਖੇਮੇ ’ਚ ਵਾਪਸੀ ਤਾਂ ਯਕੀਨੀ ਹੈ, ਪਰ ਮਗਯਾਰ ਸਰਕਾਰ ਭਵਿੱਖੀ ਆਰਥਿਕ ਸੰਕਟ, ਜੋ ਕਿ ਸਪੱਸ਼ਟ ਦਿਸ ਰਿਹਾ ਹੈ, ਨੂੰ ਤਾਂ ਹੀ ਹੱਲ ਕਰ ਸਕੇਗੀ ਜੇਕਰ ਉਹ ਬਹੁਕੌਮੀ ਨਿਗਮਾਂ ਦੀ ਥਾਂ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦੇਵੇ। ਲੋਕਾਂ ਦੀਆਂ ਆਰਥਿਕ ਲੋੜਾਂ ਨੂੰ ਪੂਰੀ ਕਰਨ ਦੀ ਚੁਣੌਤੀ ਉਸਦੇ ਸਾਹਮਣੇ ਖਲੋਤੀ ਹੈ।’’
ਮਗਯਾਰ ਦੀ ਤਿਸਜ਼ਾ ਪਾਰਟੀ ਦੀ ਜਿੱਤ ਬਾਰੇ ਯੂਰਪੀ ਯੂਨੀਅਨ ਦੇ ਦੇਸ਼ਾਂ ਦੀਆਂ ਖੱਬੀਆਂ ਪਾਰਟੀਆਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਹੈ। ਉਨ੍ਹਾਂ ਦਾ ਤਾਂ ਬਲਕਿ ਇਹ ਮੰਨਣਾ ਹੈ ਕਿ ਅਗਾਂਹਵਧੂ ਤਾਕਤਾਂ ਨੂੰ ਹੰਗਰੀ ’ਚ ਪੂਰੀ ਤਰ੍ਹਾਂ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਮਿਲਣ ਦੀਆਂ ਬਹੁਤੀਆਂ ਸੰਭਾਵਨਾਵਾਂ ਇਸ ਸਰਕਾਰ ਦੇ ਹੁੰਦਿਆਂ ਵੀ ਨਹੀਂ ਹਨ। ਫਰਾਂਸ ਦੀ ਖੱਬੀ ਪਾਰਟੀ ਲਾ ਫਰਾਂਸ ਇੰਨਸਊਮਿਸ ਦੇ ਆਗੂ ਮਾਨੋਨ ਅਬਰੀ ਮੁਤਾਬਕ ‘‘ਪੀਟਰ ਮਗਯਾਰ, ਉਰਬਾਨ ਨਾਲੋਂ ਸਪੱਸ਼ਟ ਤੌਰ ’ਤੇ ਵੱਖਰਾ ਨਹੀਂ ਹੈ। ਅਸੀਂ ਆਸ ਕਰਦੇ ਹਾਂ ਕਿ ਉਹ ਕਾਨੂੰਨ ਮੁਤਾਬਕ ਕੰਮ ਕਰੇਗਾ। ਪ੍ਰੰਤੂ ਸਾਫ ਜਾਪਦਾ ਹੈ ਕਿ ਉਹ ਦ੍ਰਿੜ੍ਹਤਾ ਨਾਲ ਸੱਜ ਪਿਛਾਖੜੀ ਰਾਹ ’ਤੇ ਚੱਲੇਗਾ, ਕਿਉਂਕਿ ਉਸਨੇ ਪ੍ਰਵਾਸੀਆਂ ਦੇ ਮੁੱਦਿਆਂ ਬਾਰੇ ਵਿਕਟਰ ਉਰਬਾਨ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਸੀ।’’
ਨਵੀਂ ਬਣਨ ਵਾਲੀ ਸਰਕਾਰ ਤੋਂ ਇਹ ਆਸ ਤਾਂ ਕੀਤੀ ਜਾ ਸਕਦੀ ਹੈ ਕਿ ਉਹ ਉਰਬਾਨ ਵਾਂਗ ਜਮਹੂਰੀਅਤ ਦਾ ਗਲ ਘੁੱਟਣ ਵਾਲੀਆਂ ਨੀਤੀਆਂ ਨੂੰ ਮੋੜਾ ਦੇਵੇਗੀ ਤੇ ਲੋਕਾਂ ਨੂੰ ਮਾੜੀ-ਮੋਟੀ ਰਾਹਤ ਪ੍ਰਦਾਨ ਕਰੇਗੀ। ਪਰ ਦੇਸ਼ ਦੇ ਮਿਹਨਤਸ਼ਾਂ ਨੂੰ ਚੰਗੀ ਚੋਖੀ ਰਾਹਤ ਮਿਲਣ ਦੀ ਆਸ ਕਰਨੀ, ਲੋੜੋਂ ਵੱਧ ਹੋਵੇਗੀ। ਵਿਕਟਰ ਉਰਬਾਨ ਦੀ ਹਾਰ ਨਾਲ ਡੋਨਾਲਡ ਟਰੰਪ ਨੂੰ ਯੂਰਪੀ ਯੂਨੀਅਨ ’ਚ ਆਪਣੇ ਇਕ ਹੱਥਠੋਕੇ ਦੀ ਘਾਟ ਜਰੂਰ ਝੱਲਣੀ ਪਵੇਗੀ।
ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਪੀਟਰ ਅਗਯਾਰ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਟਰੰਪ ਨੂੰ ਫੋਨ ਨਹੀਂ ਕਰੇਗਾ। ਹਾਂ ਜੇਕਰ ਅਮਰੀਕੀ ਪ੍ਰਸ਼ਾਸ਼ਨ ਵੱਲੋਂ ਫੋਨ ਆਉਂਦਾ ਹੈ ਤਾਂ ਅਸੀਂ ਉਪਲੱਬਧ ਹਾਂ।

ਅਮਰੀਕਾ ’ਚ ਜੰਗਬੰਦੀ ਲਈ ਹਜ਼ਾਰਾਂ ਥਾਵਾਂ ’ਤੇ ਨਿਤਰੇ ਲੱਖਾਂ ਲੋਕ
ਜੰਗਬਾਜ ਅਮਰੀਕਾ ਦੇ ਹੰਕਾਰੇ ਸਦਰ ਡੋਨਾਲਡ ਟਰੰਪ ਨੇ ਪਹਿਲੀ ਅਪ੍ਰੈਲ ਨੂੰ ਵ੍ਹਾਈਟ ਹਾਊਸ ਵਿਖੇ 2027 ਲਈ ਆਪਣੀਆਂ ਖਰਚ ਤਰਜੀਹਾਂ ਐਲਾਨਦਿਆਂ ਕਿਹਾ, ‘‘ਅਮਰੀਕਾ ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦਾ। ਇਹ ਸਾਡੇ ਲਈ ਸੰਭਵ ਨਹੀਂ ਕਿ ਅਸੀਂ ਬੱਚਿਆਂ ਨੂੰ ਦਿਨੇ ਸਾਂਭਣ ਵਾਲੀਆਂ ਸੁਵਿਧਾਵਾਂ, ਮੈਡੀਏਡ, ਮੈਡੀਕਲੇਮ ਜਿਹੀਆਂ ਲੋਕਾਂ ਦੀ ਸਿਹਤ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਲਈ ਪੈਸਾ ਦੇ ਸਕੀਏ। ਇਹ ਸਭ ਨਿਜੀ ਮਾਮਲੇ ਹਨ।ਸਾਡਾ ਜਿੰਮਾ ਤਾਂ ਸਿਰਫ ਇਕੋ ਹੈ : ਦੇਸ਼ ਦੀ ਫੌਜੀ ਸੁਰੱਖਿਆ।’’
ਅਮਰੀਕਾ ਇਰਾਨ ਵਿਰੁੱਧ ਜੰਗ ’ਚ 1 ਅਰਬ ਡਾਲਰ ਪ੍ਰਤੀ ਦਿਨ ਤੋਂ ਵੱਧ ਰਕਮ ਖਰਚ ਰਿਹਾ ਹੈ। ਟਰੰਪ ਨੇ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਲਈ ਸਾਲਾਨਾ 15 ਖਰਬ ਡਾਲਰ ਦਾ ਬਜਟ ਮੰਗਿਆ ਹੈ। ਉਸਨੇ ਕਿਹਾ ਕਿ ਬੱਚਿਆਂ ਦੀ ਸੰਭਾਲ, ਸਿਹਤ ਸੰਭਾਲ ਤੇ ਸਮਾਜ ਭਲਾਈ ਦੀਆਂ ਅਜਿਹੀਆਂ ਹੋਰ ਸਰਕਾਰੀ ਯੋਜਨਾਵਾਂ ਦਾ ਜਿੰਮਾ ਸੂਬਾ ਸਰਕਾਰਾਂ ਚੁੱਕਣ।
ਆਪਣੀਆਂ ਦੋਹਾਂ ਚੋਣਾਂ ਸਮੇਂ ਚਲਾਈਆਂ ਮੁਹਿੰਮਾਂ ਦੌਰਾਨ ਉਸ ਨੇ ਆਪਣੇ ਸਮਰਥਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮਿਹਨਤਕਸ਼ਾਂ ਦੀਆਂ ਲੋੜਾਂ ਪੂਰਨ ਲਈ ਫੰਡ ਦੇਣ ਨੂੰ ਤਰਜ਼ੀਹ ਦੇਵੇਗਾ ਤੇ ਜੰਗਾਂ ਨੂੰ ਸਮਰਥਨ ਦੇਣ ਤੋਂ ਦੂਰ ਰਹੇਗਾ। ਪਰ ਉਹ ਜ਼ੋਰ-ਸ਼ੋਰ ਨਾਲ ਆਪਣੇ ਅੰਤਮ ਸਾਹ ਗਿਣ ਰਹੇ ਪੂੰਜੀਪਤੀ ਬਸਤੀਵਾਦ ਨੂੰ ਮੁੜ ਜਿਉਂਦਾ ਕਰਨ ਦਾ ਯਤਨ ਕਰ ਰਿਹਾ ਹੈ।
ਦੇਸ਼ ਦੀ ਪੂੰਜੀਵਾਦੀ ਸਰਕਾਰ, ਅਮਰੀਕਾ ਦੇ ਸਿਖਰਲੇ ਅਮੀਰਾਂ, ਜਿਨ੍ਹਾਂ ’ਚ ਟਰੰਪ ਦਾ ਟੱਬਰ ਵੀ ਸ਼ਾਮਲ ਹੈ, ਦੀ ਚਾਕਰੀ ਕਰ ਰਹੀ ਹੈ ਤੇ ਸਮਾਜਿਕ ਖਰਚਿਆਂ ਲਈ ਅਰਬਪਤੀਆਂ ਤੋਂ ਟੈਕਸ ਵਸੂਲਣ ਦੀ ਥਾਂ ਆਰਥਿਕ ਪੱਖੋਂ ਸਭ ਤੋਂ ਕੰਮਜ਼ੋਰ ਨਾਗਰਿਕਾਂ ਦਾ ਲਹੂ ਨਿਚੋੜ ਰਹੀ ਹੈ।
ਆਪਣੀ ਦੂਜੇ ਕਾਰਜਕਾਲ ਦੇ ਪਹਿਲੇ ਸਾਲ ’ਚ ਟਰੰਪ ਨੇ ਸਰਕਾਰ ਦੇ ਸ਼ਟ-ਡਾਊਨ ਦੀ ਵਰਤੋਂ ਕਰਦਿਆਂ ਲੱਖਾਂ ਗਰੀਬਾਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਦੀ ਸਹੂਲਤ ‘ਐਸ.ਐਨ.ਏ.ਪੀ.’ ਨੂੰ ਦਿੱਤੇ ਜਾਂਦੇ ਫੰਡ ਬੰਦ ਕਰ ਦਿੱਤੇ। ਦੂਜੇ ਸਾਲ ’ਚ ਬੱਚਾ ਸੰਭਾਲ ਪ੍ਰੋਗਰਾਮ ਦਾ ਖਾਤਮਾ ਉਸਦਾ ਤਰਜੀਹੀ ਨਿਸ਼ਾਨਾ ਹੈ। ਪ੍ਰਵਾਸੀਆਂ ਵਿਰੁੱਧ ਆਪਣੀ ਘਰੇਲੂ ਜੰਗ ਦੇ ਹਿੱਸੇ ਵਜੋਂ ਮਿੰਨੀਸੋਟਾ ਸੂਬੇ ’ਚ ਸੋਮਾਲੀ ਭਾਈਚਾਰੇ ਵੱਲੋਂ ਚਲਾਏ ਜਾਂਦੇ ਬੱਚਾ ਸੰਭਾਲ ਕੇਂਦਰਾਂ ’ਤੇ ਉਹ ਪਹਿਲਾਂ ਹੀ ਹਮਲਾ ਕਰ ਚੁੱਕਾ ਹੈ। ਇਸ ਲਈ ਉਸਨੇ ਸੱਜ ਪਿਛਾਖੜੀ ‘ਪੜਤਾਲੀਆਂ’ ਦੇ ਧੋਖਾਧੜੀ ’ਤੇ ਅਧਾਰਤ ਝੂਠੇ ਦਾਅਵਿਆਂ ਨੂੰ ਆਧਾਰ ਬਣਾਇਆ ਹੈ। ਜਨਵਰੀ ਮਹੀਨੇ ਤੋਂ ਟਰੰਪ ਪ੍ਰਸ਼ਾਸਨ ਨੇ 5 ਸੂਬਿਆਂ ਦੇ ਬੱਚਾ ਸੰਭਾਲ ਕੇਂਦਰਾਂ ਲਈ ਰੱਖੇ 10 ਅਰਬ ਡਾਲਰ ਤੋਂ ਵੱਧ ਦੇ ਅਸਾਸੇ ਠੰਡੇ ਬਸਤੇ ’ਚ ਪਾ ਦਿੱਤੇ ਹਨ।
ਕੰਮ ’ਤੇ ਜਾਣ ਲਈ ਬੱਚਿਆਂ ਨੂੰ ਬੱਚਾ ਸੰਭਾਲ ਕੇਂਦਰਾਂ ’ਚ ਛੱਡਣ ਵਾਲੇ ਮਾਪਿਆਂ ਨੂੰ ਇਕ ਬੱਚੇ ਦੀ ਸਾਰਾ ਦਿਨ ਸੰਭਾਲ ਲਈ ਆਪਣੀ ਆਮਦਨ ਦਾ ਔਸਤਨ 8.9% ਤੋਂ ਲੈ ਕੇ 16% ਤੱਕ ਹਿੱਸਾ ਖਰਚਣਾ ਪਵੇਗਾ। ਟਿਕਾਣੇ ਤੇ ਬੱਚੇ ਦੀ ਉਮਰ ਮੁਤਾਬਕ ਇਹ ਸਾਲਾਨਾ 6,500 ਡਾਲਰ ਤੋਂ ਲੈ ਕੇ 15,600 ਡਾਲਰ ਜਾਂ ਉਸ ਤੋਂ ਵੀ ਵੱਧ ਹੋ ਸਕਦਾ ਹੈ। ਕਈ ਵਾਰ ਤਾਂ ਬੱਚਿਆਂ ਦੀ ਦਿਨ ਦੀ ਸੰਭਾਲ ਦੀ ਲਾਗਤ ਮਕਾਨ ਕਿਰਾਏ ਤੋਂ ਵੀ ਵਧ ਜਾਂਦੀ ਹੈ।
ਮੌਜੂਦਾ ਸਮੇਂ, ਬੱਚਾ ਸੰਭਾਲ ਫੰਡ ਲਗਭਗ 30 ਅਰਬ ਡਾਲਰ ਹਨ, ਜਿਨ੍ਹਾਂ ਨੂੰ ਬੱਚਾ ਸੰਭਾਲ ਤੇ ਵਿਕਾਸ ਫੰਡ ਅਤੇ ਹੈਡ ਸਟਾਰਟ ਦਰਮਿਆਨ ਵੰਡਿਆ ਜਾਂਦਾ ਹੈ। ਸਮੁੱਚੇ ਰੂਪ ’ਚ ਕੇਂਦਰੀ ਸਰਕਾਰ ਵੱਲੋਂ ਬੱਚਿਆਂ ’ਤੇ ਕੀਤਾ ਜਾਂਦਾ ਖਰਚ 2021 ਵਿਚ 11.98% ਤੋਂ ਘੱਟ ਕੇ 2025 ਵਿਚ 8.57% ਰਹਿ ਗਿਆ ਹੈ। ਟਰੰਪ ਦਾ ਧੂਮ-ਧੜੱਕੇ ਨਾਲ ਲਿਆਂਦਾ ‘‘ਬਿਗ ਬੈਡ ਟੈਕਸ ਬਿਲ’’ ਉਚੇਰੀ ਆਮਦਨ ਵਾਲਿਆਂ ਨੂੰ ਬੱਚਾ ਸੰਭਾਲ ਖਰਚ ’ਤੇ ਟੈਕਸ ਛੋਟ ਦਿੰਦਾ ਹੈ।
ਪਰ, ਪੈਂਟਾਗਨ ਨੂੰ ਸਾਲਾਨਾ ਡੇਢ ਲੱਖ ਕਰੋੜ ਡਾਲਰ ਕਿਉਂ ਚਾਹੀਦੇ ਹਨ? ਅਮਰੀਕਾ ਨੇ, ਇਰਾਨ ਵਿਰੁੱਧ ਜੰਗ ’ਚ ਪਹਿਲੇ ਚਾਰ ਹਫਤਿਆਂ ’ਚ ਹੀ 850 ਤੋਂ ਵੱਧ ‘ਟਾਮ ਹਾਕ ਮਿਜ਼ਾਇਲ’ ਵਰਤੇ ਹਨ। ਇਨ੍ਹਾਂ ਚੋਂ ਹਰੇਕ ਦਾ ਮੁੱਲ 40 ਲੱਖ ਡਾਲਰ ਦੇ ਕਰੀਬ ਹੈ। ਇਨ੍ਹਾਂ ਮਿਜ਼ਾਇਲਾਂ ਰਾਹੀਂ ਅਮਰੀਕਾ ਨੇ ਆਪਣੀ ਜਨਤਾ ਤੋਂ ਟੈਕਸਾਂ ਰਾਹੀਂ ਚੂੰਡੇ 3 ਅਰਬ 20 ਕਰੋੜ ਡਾਲਰ ਫੂਕ ਦਿੱਤੇ ਹਨ। ਦੁਨੀਆਂ ਦੇ ਵੱਖ-ਵੱਖ ਰੱਖਿਆ ਮਾਹਿਰਾਂ ਮੁਤਾਬਕ ਇਸ ਜੰਗ ਦਾ ਪਹਿਲੇ 6 ਦਿਨਾਂ ਦਾ ਖਰਚਾ 11.3 ਅਰਬ ਡਾਲਰ ਸੀ ਜੋ 16 ਦਿਨਾਂ ਚ ਵਧਕੇ 16.5 ਅਰਬ ਡਾਲਰ ਹੋ ਗਿਆ ਸੀ। ਪਹਿਲੇ 6 ਦਿਨਾਂ ਦਾ ਸਿਰਫ ਗੋਲਾ-ਬਾਰੂਦ ਦਾ ਖਰਚਾ ਹੀ 5.5 ਅਰਬ ਡਾਲਰ ਸੀ। ਅਜੇਤੂ ਮੰਨੇ ਜਾਂਦੇ ਅਮਰੀਕਾ ਦੇ ਜੈਟ ਤੇ ਹੋਰ ਆਧੁਨਿਕ ਲੜਾਕੂ ਹਵਾਈ ਜਹਾਜ਼ ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਫੁੰਡ ਦਿੱਤੇ ਹਨ। 5 ਅਪ੍ਰੈਲ ਤੱਕ ਫੂੰਡੇ ਗਏ ਵਿਚ ਇਨ੍ਹਾਂ ਜਹਾਜ਼ਾਂ ’ਚ, 4 ਐਫ-15 ਈ ਹਵਾਈ ਜਹਾਜ਼, 4 ਹਵਾਈ ਜਹਾਜ਼ਾਂ ’ਚ ਹਵਾ ’ਚ ਤੇਲ ਭਰਨ ਵਾਲੇ ਟੈਂਕਰ ਹਵਾਈ ਜਹਾਜ਼ ਕੇ.ਸੀ.-135 ਅਤੇ ਅਮਰੀਕਾ ਦੇ ਫੌਜੀ ਅੱਡਿਆਂ ’ਤੇ ਤਬਾਹ ਇਕ ਅਵਾਕਸ ਹਵਾਈ ਜਹਾਜ਼, ਜਿਹੜਾ ਉਡਦਾ ਰਡਾਰ ਸਿਸਟਮ ਹੁੰਦਾ ਅਤੇ ਲੜਾਕੂ ਹਵਾਈ ਜਹਾਜਾਂ ਨੂੰ ਹਮਲਿਆਂ ਲਈ ਨਿਰਦੇਸ਼ ਦੇਣ ਨਾਲ-ਨਾਲ ਉਨ੍ਹਾਂ ਦੀ ਰੱਖਿਆ ਵੀ ਯਕੀਨੀ ਬਣਾਉਂਦਾ ਹੈ ਅਤੇ ਇਕ ਏ-10 ਲੜਾਕੂ ਹਵਾਈ ਜਹਾਜ਼, ਸ਼ਾਮਲ ਹਨ। ਹਵਾਈ ਜਹਾਜ਼ਾਂ ਦਾ ਇਹ ਨੁਕਸਾਨ ਹੀ ਕਈ ਅਰਬ ਡਾਲਰ ਬਣਦਾ ਹੈ। ਪੈਂਟਾਗਨ ਨੇ ਇਸ ਜੰਗ ’ਚ ਨੁਕਸਾਨੇ ਗਏ ਅਸਾਸਿਆਂ ਨੂੰ ਫੌਰੀ ਬਦਲਣ ਲਈ 200 ਅਰਬ ਡਾਲਰ ਮੰਗੇ ਹਨ।
ਅਮਰੀਕਾ ਵੱਲੋਂ, ਇਰਾਨ ਵਿਰੁੱਧ ਵਿੱਢੀ ਇਸ ਜੰਗ ਦੇ ਸ਼ੁਰੂ ’ਚ ਪੱਛਮੀ ਏਸ਼ੀਆ ’ਚ ਅਮਰੀਕਾ ਦੇ 17 ਫੌਜੀ ਅੱਡੇ ਸਨ, ਜਿਨ੍ਹਾਂ ’ਚੋਂ 13 ਮੁਕੰਮਲ ਤਬਾਹ ਹੋ ਚੁੱਕੇ ਹਨ ਤੇ ਰਹਿਣ ਯੋਗ ਵੀ ਨਹੀਂ ਬਚੇ। ਵਾਰ ਕੋਸਟ ੳ.ਆਰ.ਜੀ. ਮੁਤਾਬਕ ਦੁਨੀਆਂ ’ਚ ਅਮਰੀਕਾ ਦੇ 112 ਦੇਸ਼ਾਂ ਤੇ ਖਿੱਤਿਆਂ ਚ ਸਭ ਤੋਂ ਵਧ 694 ਫੌਜੀ ਅੱਡੇ ਹਨ।ਇਸ ਤੋਂ ਬਿਨਾਂ ਦੇਸ਼ ਦੇ 50 ਸੂਬਿਆਂ ’ਚ ਘਰੇਲੂ ਫੌਜੀ ਅੱਡੇ ਵੀ 820 ਹਨ। ਗਲੋਬ ਦਾ ਕੋੋਈ ਹੋਰ ਦੇਸ਼ ਉਸਦੇ ਨੇੜ-ਤੇੜੇ ਵੀ ਨਹੀਂ ਹੈ।
ਹਥਿਆਰ ਬਨਾਉਣ ਵਾਲੀਆਂ ਦੁਨੀਆਂ ਦੀਆਂ 100 ਸਿਖਰਲੀਆਂ ਕੰਪਨੀਆਂ ਨੇ ਯੂਕਰੇਨ ਤੇ ਗਾਜ਼ਾ ਜੰਗਾਂ ’ਚੋਂ ਹੀ ਰਿਕਾਰਡ ਮੁਨਾਫ਼ਾ ਖੱਟਿਆ ਹੈ। 2024 ’ਚ ਕਮਾਏ 679 ਅਰਬ ਡਾਲਰ, ਪਿਛਲੇ ਸਾਲਾਂ ਨਾਲੋਂ 5.9% ਵੱਧ ਹਨ। ਮੁਕਾਬਲੇ ’ਤੇ ਬੱਚਿਆਂ ਦੀ ਸੰਭਾਲ ਕਰਦੇ ਕਾਮੇ ਨਿਰਧਾਰਤ ਘੱਟੋ-ਘੱਟ ਤਨਖਾਹ ਨਾਲੋਂ ਕੁੱਝ ਵੱਧ ਤਾਂ ਕਮਾਉਂਦੇ ਹਨ, ਜੇ ਉਹ ਪੜ੍ਹੇ-ਲਿਖੇ ਤੇ ਹੁਨਰਮੰਦ ਹੋਣ।
ਇਸੇ ਪਿਛੋਕੜ ’ਚ, ਟਰੰਪ ਦੀ ਸਰਕਾਰ ਬਣਨ ਪਿਛੋਂ ਅਮਰੀਕੀ ਲੋਕ ਰੋਸ ਪ੍ਰਗਟਾਵੇ ਲਈ ਨਿਰੰਤਰ ਸੜਕਾਂ ’ਤੇ ਨਿੱਕਲ ਰਹੇ ਹਨ। ਲੰਘੀ 28 ਮਾਰਚ ਨੂੰ 3300 ਸ਼ਹਿਰਾਂ-ਕਸਬਿਆਂ ਚ ਟਰੰਪ ਵਿਰੁੱਧ ‘ਨੋ ਕਿੰਗਜ਼’ (ਉਹ ਬਾਦਸ਼ਾਹ ਨਹੀਂ) ਰੋਸ ਮੁਜ਼ਾਹਰੇ ਹੋਏ ਹਨ, ਜਿਨ੍ਹਾਂ ’ਚ 80 ਲੱਖ ਤੋਂ ਵਧੇਰੇ ਲੋਕਾਂ ਨੇ ਭਾਗ ਲਿਆ ਹੈ। ਉਸਦੇ ਦੂਜੇ ਕਾਰਜਕਾਲ ਦਾ ਇਹ ਤੀਜਾ ‘ਨੋ ਕਿੰਗਜ਼’ ਮੁਜ਼ਾਹਰਾ ਸੀ। ਪਹਿਲਿਆਂ ’ਚ ਵੀ ਸੈਂਕੜੇ ਸ਼ਹਿਰਾਂ ਦੇ ਲੱਖਾਂ ਲੋਕਾਂ ਨੇ ਭਾਗ ਲਿਆ ਸੀ। ਇਨ੍ਹਾਂ ਰੋਸ ਮੁਜ਼ਾਹਰਿਆਂ ’ਚੋਂ ਇਹ ਗੱਲ ਵੀ ਉਭਰ ਕੇ ਆਈ ਹੈ ਕਿ ‘ਸੇਵ ਅਮਰੀਕਾ ਕਾਨੂੰਨ’ ਰਾਹੀਂ ਟਰੰਪ ਦੀ ਵਿਰੋਧੀਆਂ ਦਾ ਵੋਟ ਦਾ ਅਧਿਕਾਰ ਹੀ ਖੋਹ ਲੈਣ ਦੀ ਯੋਜਨਾ ਹੈ। ਇਸ ਮੁਤਾਬਕ ਵੋਟ ਬਣਉਣ ਤੇ ਪਾਉਣ ਲਈ ਨਾਗਰਿਕਤਾ ਦਾ ਸਬੂਤ ਲੋੜੀਂਦਾ ਹੋਵੇਗਾ। ਟਰੰਪ ਦੇ ਪੈਰੋਕਾਰ ਤਾਂ ਸਪੱਸ਼ਟ ਕਹਿੰਦੇ ਹਨ, ‘‘ਇਸਨੂੰ ਇਉਂ ਤਿਆਰ ਕਰਦਿਆਂ ਇਹ ਯਕੀਨੀ ਬਣਾਇਆ ਗਿਆ ਹੈ ਕਿ ‘‘ਦੇਸ਼ ਦੀ ਅਗਵਾਈ ‘ਠੀਕ’ ਆਗੂ ਹੀ ਕਰਨ।’’ ਕਾਂਗਰਸ ’ਚ ਇਹ ਬਿਲ ਲੰਘੀ ਮਾਰਚ ’ਚ ਪਾਸ ਹੋ ਚੁੱਕਾ ਹੈ, ਪਰ ਸੀਨੇਟ ’ਚ ਅਜੇ ਵਿਚਾਰ ਅਧੀਨ ਹੈ। ਕੁੱਝ ਸੂਬੇ ਵੀ ਅਜਿਹਾ ਕਾਨੂੰਨ ਪਾਸ ਕਰਨ ਦੀ ਮਨਸ਼ਾ ਜਾਹਿਰ ਕਰ ਚੁੱਕੇ ਹਨ। ਇਹ ਮੋਦੀ ਦੇ ਚੇਲੇ ਗਿਆਨੇਸ਼ ਦੇ ‘ਐਸਆਈਆਰ’ ਦਾ ਹੂਬਹੂ ਅਮਰੀਕੀ ਤਰਜ਼ਮਾ ਹੈ
ਮੁਜ਼ਾਹਰਿਆਂ ਰਾਹੀਂ ਜਿੱਥੇ ਵੱਖੋ-ਵੱਖ ਨਾਅਰਿਆਂ ਤੇ ਸਮੱਗਰੀ ਨਾਲ ਟਰੰਪ ਦੇ ਤਾਨਾਸ਼ਾਹ ਵਿਹਾਰ ਤੇ ਉਸਦੇ ਬੇਥ?ਵੇ ਫੈਸਲਿਆਂ ਦਾ ਵਿਰੋਧ ਕੀਤਾ ਗਿਆ, ਉੱਥੇ ਨਾਲ ਹੀ ਇਜ਼ਰਾਈਲ ਨੂੰ ਹਰ ਤਰ੍ਹਾਂ ਦੀ ਸਹਾਇਤਾ ਬੰਦ ਕਰਨ, ਇਰਾਨ ਜੰਗ ਫੌਰੀ ਬੰਦ ਕਰਨ ਦੀ ਮੰਗ ਕੀਤੀ ਵੀ ਗਈ। ਇਕ ਹੋਰ ਮੰਗ ਵੀ ਉੱਭਰੀ ‘‘ਦੇਸ਼ ਦੇ ਕਰਦਾਤਿਆਂ ਦਾ ਪੈਸਾ ਗਰੀਬਾਂ-ਮਿਹਨਤਕਸ਼ਾਂ ਲਈ ਹੈ-ਟਰੰਪ ਤੇ ਪੈਂਟਾਗਨ ਵੱਲੋਂ ਲੜੀਆਂ ਜਾਂਦੀਆਂ ਜੰਗਾਂ ਲਈ ਨਹੀਂ।’’

See Also

ਇਜ਼ਰਾਈਲ : ਜੰਗ ਵਿਰੁੱਧ ਦੇਸ਼ ਵਿਆਪੀ ਮੁਜ਼ਾਹਰੇ
ਇਜ਼ਰਾਈਲ-ਅਮਰੀਕਾ ਵੱਲੋਂ ਇਰਾਨ ਵਿਰੁੱਧ ਜਾਰੀ ਜੰਗ ਦਾ ਦੇਸ਼ ਅੰਦਰ ਨਿਰੰਤਰ ਵਿਰੋਧ ਹੋ ਰਿਹਾ ਹੈ। ਇਸ ਖਿਲਾਫ ਰੋਸ ਮੁਜ਼ਾਹਰੇ, ਜੰਗ ਛੇੜੇ ਜਾਣ ਦੇ ਪਹਿਲੇ ਦਿਨ ਹੀ ਲਗਾਤਾਰ ਹੋ ਰਹੇ ਹਨ ਜੋ ਲੰਘੀ 11 ਅਪ੍ਰੈਲ ਨੂੰ ਸਤਵੇਂ ਹਫ਼ਤੇ ’ਚ ਦਾਖ਼ਲ ਹੋ ਗਏ ਸਨ। ਇਸ ਦਿਨ ਰਾਜਧਾਨੀ ਤੇਲ ਅਵੀਵ ਦੇ ਹਬੀਮਾ ਚੌਕ ਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਦੇਸ਼ ਦੀ ਧੁਰ ਸੱਜ-ਪਿਛਾਖੜੀ ਸਰਕਾਰ ਵੱਲੋਂ ਅਮਰੀਕਾ ਨਾਲ ਰਲਕੇ ਇਰਾਨ ਵਿਰੁੱਧ ਵਿੱਢੀ ਜੰਗ ਦਾ ਵਿਰੋਧ ਕੀਤਾ। ਇਸੇ ਦਿਨ ਬੀਰ ਸ਼ੇਵਾ, ਜੇਰੂਸ਼ਲਮ ਤੇ ਹਾਇਫ਼ਾ ਵਿਖੇ ਵੀ ਵੱਡੇ ਰੋਸ ਮੁਜ਼ਾਹਰੇ ਹੋਏ ਸਨ। ਦੇਸ਼ ਦੇ ਹੋਰ ਸ਼ਹਿਰਾਂ ਕਫਾਰ ਸਾਬਾ, ਕਾਫ਼ਰ ਯਾਸੀਰ, ਦੀਰ ਅਲ-ਅਸਾਦ, ਕਿਰਯਾਤ ਓਨੋ, ਮੋਦੀ ਇਨ, ਪੇਟਾਹ ਟਿਕਵਾ, ਮਾਓਨ ਜੰਸ਼ਨ, ਝੇਮਾਚ ਝਿਖਰੋਨ, ਯਾਕੋਵ, ਸ਼ਾਰ ਹਾ ਨਾਗੇਵ, ਕਫਾਰ ਯੋਹੋਸ਼ੂਆ ਪੁੱਲ, ਨਿਊਰਿਮ ਪੁੱਲ, ਬੀਤ ਹਾਸ਼ੀਤਾ, ਹਾਲੁਕਿਮ ਜੰਕਸ਼ਨ, ਗੋਮੇਹ ਜੰਕਸ਼ਨ ਤੇ ਕਾਰਕੁਰ ਜੰਕਸ਼ਨ ਸਮੇਤ ਹੋਰ ਕਈ ਥਾਵਾਂ ’ਤੇ ਹੋਏ ਛੋਟੇ-ਵੱਡੇ ਮੁਜ਼ਾਹਰਿਆਂ ਚ ਸੈਂਕੜੇ ਲੋਕਾਂ ਨੇ ਭਾਗ ਲਿਆ।
ਤੇਲ ਅਵੀਵ ’ਚ ਇਕੱਠੇ ਹੋਏ ਹਜ਼ਾਰਾਂ ਲੋਕ ਬੁਲੰਦ ਆਵਾਜ਼ ’ਚ ਨਾਅਰੇ ਲਗਾ ਰਹੇ ਸਨ, ‘‘ਦੱਖਣੀ ਲੈਬਨਾਨ ’ਤੇ ਕਬਜ਼ਾ ਕਰਨਾ ਮੁਸੀਬਤ ਨੂੰ ਸੱਦਾ ਦੇਣਾ ਹੈ’’, ‘‘ ਅਸੀਂ ਉਦੋਂ ਤੱਕ ਸੁਰੱਖਿਅਤ ਨਹੀਂ ਹੋਵਾਂਗੇ, ਜਦੋਂ ਤੱਕ ਅਮਨ ਕਾਇਮ ਨਹੀਂ ਕਰਦੇ’’, ‘‘ਅਮਨ ਹਾਂ-ਹਾਂ, ਕਬਜ਼ਾ ਨਾ-ਨਾ’’, ‘‘ਅਮਰੀਕਾ ਦੀ ਸੇਵਾ ਹਿਤ ਨਾ ਮਰਾਂਗੇ, ਨਾ ਮਾਰਾਂਗੇ’’ ਆਦਿ। ਹਜ਼ਾਰਾਂ ਦੇ ਇਸ ਇਕੱਠ ਤੋਂ ਬਿਨਾਂ ਚੌਕ ਦੇ ਪੱਛਮੀ ਖੂੰਜੇ ’ਚ 200 ਹੋਰ ਲੋਕ ਵੀ ਆਪਣੇ ਹੱਥਾਂ ’ਚ ਮੋਮਬੱਤੀਆਂ ਤੇ ਇਜ਼ਰਾਇਲ ਵੱਲੋਂ ਗਾਜ਼ਾ, ਲੈਬਨਾਨ, ਪੱਛਮੀ ਕਿਨਾਰੇ, ਇਰਾਨ ’ਚ ਮਾਰੇ ਬੱਚਿਆਂ ਦੀਆਂ ਤਸਵੀਰਾਂ ਚੁੱਕੀ ਖੜ੍ਹੇ ਸਨ।
ਚੌਕ ’ਚ ਇਕ ਉਚੀ ਥਾਂ ਤੋਂ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਇਜ਼ਰਾਇਲੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਗਠਿਤ ਸਾਂਝੇ ਮੋਰਚੇ ‘ਹਦਸ਼’ ਵਲੋਂ ਇਜ਼ਰਾਇਲੀ ਸੰਸਦ ਦੇ ਮੈਂਬਰ ਅਯਮਾਨ ਉਡੇਹ ਨੇ ਜਾਇਨਵਾਦ ਵਿਰੋਧੀ ਪਾਰਟੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਜੰਗ ਤੇ ਸੱਜ ਪਿਛਾਖੜੀ ਸਰਕਾਰ ਦਾ ਬਦਲ ਪੇਸ਼ ਕਰਨ ਪੱਖੋਂ ਨਾਕਾਮ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ- ‘‘ਮੈਂ ਸਮਝਦਾ ਹਾਂ ਤੁਹਾਨੂੰ ਜੰਗ ਲਈ ਯਹੂਦੀ-ਅਰਬ ਭਾਈਵਾਲੀ ਦੀ ਲੋੜ ਨਹੀਂ ਹੈ ਬਲਕਿ ਅਮਨ ਲਈ ਇਸਦੀ ਲੋੜ ਹੈ। ਸਾਡੀ ਵੱਡੀ ਸਮੱਸਿਆ ਇਹ ਹੈ ਕਿ ਸਾਡੀ ਵਿਰੋਧੀ ਧਿਰ ਕਮਜ਼ੋਰ ਹੈ ਤੇ ਅਸੀਂ ਸਰਕਾਰ ਦਾ ਬਦਲ ਪੇਸ਼ ਕਰਨ ਯੋਗ ਨਹੀਂ ਹਾਂ। ਇਸ ਸਰਕਾਰ ਦਾ ਇਕੋ-ਇਕ ਢੁਕਵਾਂ ਬਦਲ ਅਮਨ ਹੈ।’’
ਸਾਥੀ ਉਡੇਹ ਨੇ ਹੋਰ ਕਿਹਾ ‘‘ਅਸੀਂ ਇਕ ਸੱਚਾਈ ’ਚ ਰਹਿ ਰਹੇ ਹਾਂ ਜਿੱਥੇ ਨਿਰੰਤਰ ਜੰਗ ਤੇ ਤਬਾਹੀ ਨਿੱਤਨੇਮ ਬਣ ਚੁੱਕੇ ਹਨ ਤੇ ਇਹ ਗੱਲ ਮੈਨੂੰ ਆਸ ਨਾਲ ਭਰ ਦਿੰਦੀ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਇਸਦੇ ਬਦਲ ਚ ਭਰੋਸਾ ਰੱਖਦੇ ਹਨ। ਸਾਨੂੰ ਜੰਗਾਂ ਤੇ ਕਬਜ਼ਾ ਕਰਨਾ ਫੌਰੀ ਬੰਦ ਕਰਨਾ ਚਾਹੀਦਾ ਹੈ।’’ ਇਸ ਸੰਬੋਧਨ ਦਾ ਲੋਕਾਂ ਨੇ ‘‘ਅਮਨ, ਆਜ਼ਾਦੀ, ਸਮਾਜਿਕ ਨਿਆਂ’’ ਦੇ ਨਾਅਰੇ ਲਾਕੇ ਖੈਰ- ਮਕਦਮ ਕੀਤਾ।
ਫਾਸ਼ੀਵਾਦੀ ਆਗੂ ਮੋਦੇਚਈ ਡੇਵਿਡ ਨੇ ਦਰਜਨ ਕੁ ਕਾਰਕੁੰਨਾਂ ਨੂੰ ਨਾਲ ਲੈ ਕੇ ਚੌਕ ’ਚ ਪੁੱਜਣ ਦਾ ਯਤਨ ਕੀਤਾ ਪਰ ਮੁਜ਼ਾਹਰਾ ਜੱਥੇਬੰਦ ਕਰਨ ਵਾਲੇ ਕਾਰਕੁੰਨਾਂ ਨੇ ਉਨ੍ਹਾਂ ਦਾ ਯਤਨ ਨਾਕਾਮ ਕਰ ਦਿੱਤਾ। ਪੁਲਿਸ ਉਸਨੂੰ ਚੌਕ ਤੋਂ ਬਾਹਰ ਲੈ ਗਈ, ਪਰ ਉਹ ਇਕ ਹੋਰ ਥਾਂ ਤੋਂ ਚੌਕ ’ਚ ਫੇਰ ਦਾਖ਼ਲ ਹੋ ਗਿਆ।
ਜੇਰੂਸ਼ਲਮ ਦੇ ਪੈਰਿਸ ਚੌਕ ’ਚ ਵੀ ਅਜਿਹੀ ਹੀ ਰੋਸ ਰੈਲੀ ਤੇ ਮੁਜ਼ਾਹਰਾ ਹੋਇਆ। ਪੁਲਸ ਨੇ ਤਿੰਨ ਕਾਰਕੁੰਨਾਂ ਨੂੰ ਇਕ ਲਾਇਨ ਉਲੰਘਣ ਦੇ ਅਖੌਤੀ ਬਹਾਨੇ ਹੇਠ ਗ੍ਰਿਫ਼ਤਾਰ ਕਰ ਲਿਆ। ਸੈਂਕੜੇ ਲੋਕਾਂ ਨੇ ਹਾਇਫਾ ਦੇ ਵਾਡੀ ਨਿਸਨਾਸ ਤੇ ਹੋਰੇਵ ਚੌਕ ਵਿਖੇ ਰੋਸ ਮੁਜ਼ਾਹਰੇ ਕੀਤੇ। 10 ਅਪ੍ਰੈਲ ਦੀ ਰਾਤ ਨੂੰ ਉਮ ਆਲ-ਫਾਹਮ ਵਿਖੇ ਵੀ ਫ਼ਲਸਤੀਨੀ ਕੈਦੀਆਂ ਨੂੰ ਫਾਂਸੀ ਦੇਣ ਲਈ ਘੜੇ ਕਾਨੂੰਨ ਦਾ ਵਿਰੋਧ ਕਰ ਰਹੇ ਚਾਰ ਮੁਜ਼ਾਹਰਾਕਾਰੀ ਗ੍ਰਿਫ਼ਤਾਰ ਕੀਤੇ ਗਏ ਸਨ। ਸ਼ਹਿਰ ਦੀ ‘ਪਾਪੂਲਰ ਕਮੇਟੀ’ ਦੇ ਕਾਰਕੁੰਨਾਂ ਨੇ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੇ ਬੈਨਰ ਵੀ ਲਹਿਰਾਏ। ਉਨ੍ਹਾਂ ਦੀ ਦਲੀਲ ਸੀ ਕਿ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਖਾਸ ਕਰਕੇ ਉਨ੍ਹਾਂ ਸਥਿਤੀਆਂ ’ਚ ਜਦੋਂ ਦੇਸ਼ ਦੀਆਂ ਜੇਲ੍ਹਾਂ ’ਚ ਫਲਸਤੀਨੀ ਕੈਦੀਆਂ ਦਾ ਸਖਤ ਦਮਨ ਕਰਨ ਤੇ ਉਨ੍ਹਾਂ ਨੂੰ ਭੁੱਖੇ ਮਾਰਨ ਦੀ ਨੀਤੀ ਅਪਣਾਈ ਜਾ ਰਹੀ ਹੈ।
ਜੰਗ ਵਿਰੁੱਧ ਤੇ ਅਮਨ ਕਾਇਮੀ ਲਈ ਹੋਏ ਇਨ੍ਹਾਂ ਮੁਜ਼ਾਹਰਿਆਂ ਦਾ ਅੱਜ ਹੋਰ ਵਡੇਰਾ ਮਹੱਤਵ ਹੈ, ਕਿਉਂਕਿ ਇਜ਼ਰਾਇਲ ਦੀ ਚੋਖੀ ਵਸੋਂ ਜੰਗਬਾਜ਼ਾਂ ਦੇ ਝਾਂਸੇ ’ਚ ਆਈ ਹੋਈ ਹੈ। ਇਕ ਸਰਵੇ ਮੁਤਾਬਕ ਦੇਸ਼ ਦੇ ਅੱਧੇ ਤੋਂ ਕੁੱਝ ਵੱਧ ਲੋਕ ਇਸ ਜੰਗ ਦੇ ਹੱਕ ’ਚ ਹਨ, 33% ਗੋਲੀਬੰਦੀ ਨੂੰ ਠੀਕ ਮੰਨਦੇ ਹਨ ਤੇ 25% ਅਜਿਹੇ ਹਨ ਜੋ ਇਸ ਰਾਏ ਦੇ ਹਨ ਕਿ ਇਜ਼ਰਾਇਲ ਤੇ ਅਮਰੀਕਾ ਨੇ ਜਿੱਤ ਹਾਸਲ ਕਰ ਲਈ ਹੈ।
ਸਰਕਾਰ ਨੇ ਮੁਜ਼ਾਹਰਿਆਂ ’ਚ ਗਿਣਤੀ ਸੀਮਤ ਰੱਖਣ ਦੀ ਸ਼ਰਤ ਲਾਈ ਹੋਈ ਸੀ। ਪਰ ਦੇਸ਼ ਦੀ ਨਾਗਰਿਕ ਅਧਿਕਾਰਾਂ ਬਾਰੇ ਜਥੇਬੰਦੀ ਨੇ ਇਕ ਕਾਰਕੁੰਨ ਤੇ ਵਿਦਿਆਰਥੀ ਆਗੂ ਇਟਮਾਰ ਗ੍ਰੀਨਬਰਗ ਨੇ ਇਸ ਸ਼ਰਤ ਨੂੰ ਤੇ ਜੰਗ ਕਾਲ ਦੀਆਂ ਪਾਬੰਦੀਆਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹਾਈਕੋਰਟ ਨੇ ਮੁਜ਼ਾਹਰਿਆਂ ਵਚ ਗਿਣਤੀ ਸੀਮਤ ਰੱਖਣ ਦਾ ਹੁਕਮ ਰੱਦ ਕਰ ਦਿੱਤਾ।

Scroll To Top