
ਤਰਨਤਾਰਨ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫ਼ੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜ਼ਿਲ੍ਹੇ ਇੱਕੋ ਕੋ-ਅਪਰੇਟਿਵ ਸ਼ੂਗਰ ਮਿੱਲ ਸੇਰੋ ਦੀ ਜ਼ਮੀਨ ਨੂੰ ਖੁਰਦ ਬੁਰਦ ਕਰਨ ਅਤੇ ਮਿੱਲ ਦੀ ਮਸ਼ੀਨਰੀ ਵੇਚਣ ਦੀਆਂ ਕੋਝੀਆ ਚਾਲਾਂ ਚੱਲ ਰਹੀ ਹੈ। ਇਸ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਨੰਗਿਆ ਕਰਨ ਲਈ ਪਿੰਡਾਂ ਵਿੱਚ ਜਥਾ ਮਾਰਚ ਕੀਤਾ ਜਾਵੇਗਾ ਅਤੇ ਭਗਵੰਤ ਸਿੰਘ ਮਾਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 16 ਅਪਰੈਲ ਨੂੰ ਡੀ ਸੀ ਤਰਨਤਾਰਨ ਨੂੰ ਮਾਸ ਡੈਪੂਟੇਸ਼ਨ ਮਿਲੇਗਾ।
ਮੀਟਿੰਗ ਵਿੱਚ ਪਾਸ ਕੀਤੇ ਮਤੇ ਰਾਹੀਂ ਬੇ ਮੌਸਮੀ ਬਾਰਸ਼ ਅਤੇ ਗੜਿਆਂ ਨਾਲ ਨੁਕਸਾਨੀਆਂ ਫਸਲਾਂ ਲਈ ਫੌਰੀ ਮੁਆਵਜਾ ਦੇਣ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਸਾਮਰਾਜੀ ਅਮਰੀਕਾ ਦੇ ਰਾਸ਼ਟਪਤੀ ਡੋਨਾਲਡ ਟਰੰਪ ਅੱਗੇ ਗੋਡੇ ਟੇਕ ਕੇ ਕੀਤੇ ਸਮਝੌਤਿਆਂ ਨਾਲ ਕਿਸਾਨੀ ਅਤੇ ਛੋਟੀਆਂ ਸਨਅਤਾਂ ਦੀ ਕੁਰਬਾਨੀ ਹੀ ਨਹੀਂ ਦਿੱਤੀ ਸਗੋਂ ਦੇਸ਼ ਦੀ ਪ੍ਰਭੂ ਸੱਤਾ ਵੀ ਗਹਿਣੇ ਧਰ ਦਿੱਤੀ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਜ਼ਮੀਨਾਂ ਤੇ ਹੱਲੇ ਕਰਨ ਅਤੇ ਸਰਕਾਰੀ ਜ਼ਮੀਨਾਂ ਵੇਚਣ ਦੇ ਰਾਹ ਪਈ ਅਤੇ ਫਸਲੀ ਵਿਭਨਤਾ ਲਈ ਜ਼ਰੂਰੀ, ਵਾਤਾਵਰਨ ਪੱਖੀ ਅਤੇ ਲੋਕਾਂ ਨੂੰ ਰੋਜ਼ਗਾਰ ਦਿੰਦੀ ਸੇਰੋਂ ਖੰਡ ਉਜਾੜ ਰਹੀ ਹੈ ਅਤੇ ਕਿਸਾਨਾਂ ਤੋਂ ਕੌਡੀਆ ਦੇ ਭਾਅ ਲਈ ਕਰੋੜਾਂ ਦੀ ਜ਼ਮੀਨ ਹਥਿਆਈ ਜਾ ਰਹੀ ਹੈ। ਉਹਨਾਂ ਕਿਹਾ ਕੇ ਸਰਕਾਰ ਦੇ ਭੈੜੇ ਮਨਸੂਬਿਆਂ ਨੂੰ ਭਾਜ ਦੇਣ ਲਈ ਲੜੇ ਜਾ ਰਹੇ ਸੰਘਰਸ਼ ਦੀ ਸਾਰੇ ਪੰਜਾਬ ਵਿੱਚੋ ਹਮਾਇਤ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਫੇਲੋਕੇ, ਦਾਰਾ ਸਿੰਘ ਮੁੰਡਾ ਪਿੰਡ, ਬਲਦੇਵ ਸਿੰਘ ਕੱਲਾ, ਹਰਭਜਨ ਸਿੰਘ ਚੂਸਲੇਵੜ, ਝਿਲਮਿਲ ਸਿੰਘ ਬਾਣੀਆ, ਜਗੀਰ ਸਿੰਘ ਗੰਡੀਵਿੰਡ, ਸਲੱਖਣ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ।