
ਜਲੰਧਰ: ਸੀ.ਪੀ.ਆਈ., ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.), ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕ੍ਰੇਸੀ, ਸੀ.ਪੀ.ਆਈ. (ਐੱਮ.ਐੱਲ.)ਲਿਬ੍ਰੇਸ਼ਨ, ਐੱਮ.ਸੀ.ਪੀ.ਆਈ.-ਯੂ. ਦੇ ਕੇਂਦਰੀ ਤੇ ਸੂਬਾਈ ਆਗੂਆਂ ਦੀ ਸਾਂਝੀ ਮੀਟਿੰਗ, ਸਥਾਨਕ ਸ਼ਹੀਦ ਸਾਥੀ ਸਰਵਣ ਸਿੰਘ ਚੀਮਾ ਭਵਨ ਵਿਖੇ ਸਾਥੀ ਰਾਜਬਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਸਾਥੀ ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਜਮੇਰ ਸਿੰਘ ਸਮਰਾ, ਸੁਰਿੰਦਰ ਪਾਲ ਸ਼ਰਮਾ, ਕਿਰਨਜੀਤ ਸਿੰਘ ਸੇਖੋਂ, ਪ੍ਰੋ ਜੈਪਾਲ ਸਿੰਘ, ਕੁਲਵਿੰਦਰ ਸਿੰਘ ਵੜੈਚ, ਮਹੀਪਾਲ, ਗੁਰਨਾਮ ਸਿੰਘ ਦਾਊਦ ਸ਼ਾਮਲ ਹੋਏ।
ਮੀਟਿੰਗ ‘ਚ ਹਾਜ਼ਰ ਆਗੂਆਂ ਵਲੋਂ ਹਜ਼ਾਰਾਂ ਬੇਗੁਨਾਹਾਂ ਦੀ ਬਲੀ ਲੈਣ ਵਾਲੀ ਤੇ ਵਿਸ਼ਵ ਦੇ ਸਾਰੇ ਦੇਸ਼ਾਂ, ਖਾਸ ਕਰਕੇ ਏਸ਼ੀਆਈ ਮੁਲਕਾਂ ਦੇ ਅਰਥਚਾਰੇ ਝੰਜੋੜ ਸੁੱਟਣ ਵਾਲੀ ਖਾੜੀ ਜੰਗ ਰੋਕੇ ਜਾਣ ਲਈ ਹੋਈ ਦੋ ਹਫਤਿਆਂ ਦੀ ਅਸਥਾਈ ਜੰਗਬੰਦੀ ਦਾ ਸੁਆਗਤ ਕਰਦਿਆਂ ਮੁਕੰਮਲ ਤੇ ਸਥਾਈ ਜੰਗਬੰਦੀ ਕੀਤੇ ਜਾਣ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ।
ਮੀਟਿੰਗ ਦੀ ਇਹ ਪ੍ਰਪੱਕ ਰਾਇ ਕਿ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਵਲੋਂ ਈਰਾਨ ਖਿਲਾਫ ਵਿੱਢੀ ਨਿਹੱਕੀ ਜੰਗ, ਅਸਲ ‘ਚ ਈਰਾਨ ਸਮੇਤ ਮੱਧ ਪੂਰਬ ਖਿੱਤੇ ਦੇ ਸਾਰੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਅਤੇ ਕੁਦਰਤੀ ਤੇ ਮਾਨਵੀ ਵਸੀਲੇ ਹਥਿਆਉਣ ਦੀ ਸਾਮਰਾਜੀਆਂ ਦੀ ਚਿਰੋਕਣੀ ਸਾਜ਼ਿਸ਼ ਦੀ ਪੈਦਾਵਾਰ ਹੈ।
ਮੀਟਿੰਗ ਨੇ ਦੁੱਖ ਅਤੇ ਗੁੱਸੇ ਨਾਲ ਨੋਟ ਕੀਤਾ ਹੈ ਕਿ ਪੀੜਤ ਈਰਾਨ ਨਾਲ ਖੜ੍ਹਨ ਦੀ ਥਾਂ ਬੇਹਿਆਈ ਨਾਲ ਅਮਰੀਕਾ-ਇਜ਼ਰਾਇਲ ਦਾ ਸਾਥ ਦੇਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦਾ ਸਵੈਮਾਨ ਘੱਟੇ ਰੋਲ ਦਿੱਤਾ ਹੈ ਤੇ ਦੇਸ਼ ਵਾਸੀਆਂ ਨੂੰ ਅਣ ਕਿਆਸੀਆਂ ਮੁਸੀਬਤਾਂ ‘ਚ ਫਸਾ ਦਿੱਤਾ ਹੈ।
ਮੀਟਿੰਗ ਦੀ ਇਹ ਠੋਸ ਸਮਝਦਾਰੀ ਹੈ ਕਿ ਵਿਸ਼ਵ ਭਰ ਦੇ ਅਮਨ ਪਸੰਦ ਲੋਕਾਂ ਦੇ ਦਬਾਅ ਸਦਕਾ ਹੋਈ ਜੰਗਬੰਦੀ ਦੇ ਬਾਵਜੂਦ ਸਾਮਰਾਜੀ ਜਰਵਾਣੇ, ਖਾਸ ਕਰਕੇ ਅਮਰੀਕਾ ਆਪਣੇ ਅੰਦਰੂਨੀ ਸੰਕਟ ਦਾ ਬੋਝ ਨਵੇਂ ਆਜ਼ਾਦ ਹੋਏ ਦੇਸ਼ਾਂ ਸਿਰ ਲੱਦਣ ਦੀ ਮੰਸ਼ਾ ਤਹਿਤ, ਆਪਣੀਆਂ ਜੰਗ ਭੜਕਾਊ ਸਾਜਿਸ਼ਾਂ ਤੇ ਪਸਾਰਵਾਦੀ ਮਨਸੂਬਾਬੰਦੀ ਤੋਂ ਬਾਜ ਨਹੀਂ ਆਉਣ ਲੱਗੇ। ਇਸ ਲਈ ਵਿਸ਼ਵ ਨੂੰ ਜੰਗਾਂ-ਯੁੱਧਾਂ ਤੋਂ ਸਦੀਵੀ ਮੁਕਤੀ ਦਿਵਾਉਣ ਲਈ ਸਾਮਰਾਜੀ ਲੁੱਟ ਤੇ ਦਾਬੇ ਖਿਲਾਫ਼ ਵਿਸ਼ਾਲ ਲੋਕ ਲਾਮਬੰਦੀ ‘ਤੇ ਅਧਾਰਤ ਤਿੱਖੇ ਤੇ ਬੱਝਵੇਂ, ਸੰਸਾਰ ਵਿਆਪੀ ਜਨ ਸੰਗਰਾਮ ਵਿੱਢਣੇ ਸਮੇਂ ਦੀ ਸਭ ਤੋਂ ਪਲੇਠੀ, ਮਹੱਤਵਪੂਰਨ ਲੋੜ ਬਣ ਚੁੱਕੀ ਹੈ।
ਉਕਤ ਸੇਧ ਵਿੱਚ ਮੀਟਿੰਗ ਵਲੋਂ ਆਉਣ ਵਾਲੀ 16 ਅਪ੍ਰੈਲ ਨੂੰ ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਬਾਬਾ ਜਵਾਲਾ ਸਿੰਘ ਠੱਠੀਆਂ ਹਾਲ’ ਵਿਖੇ ਸਾਂਝੀ ਸੂਬਾਈ ਕਨਵੈਨਸ਼ਨ ਅਤੇ ਸ਼ਹਿਰ ‘ਚ ਜੰਗ ਵਿਰੋਧੀ ਮਾਰਚ ਕਰਨ ਦਾ ਨਿਰਣਾ ਲਿਆ ਗਿਆ ਹੈ।