Now Reading
8 ਅਪ੍ਰੈਲ ਦੀ ਸੂਬਾਈ ਰੈਲੀ ‘ਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਸ਼ਾਮਲ ਹੋਣਗੇ ਕਿਰਤੀ ਕਾਮੇ

8 ਅਪ੍ਰੈਲ ਦੀ ਸੂਬਾਈ ਰੈਲੀ ‘ਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਸ਼ਾਮਲ ਹੋਣਗੇ ਕਿਰਤੀ ਕਾਮੇ

ਬਟਾਲਾ: ਦਿਹਾਤੀ ਮਜ਼ਦੂਰ ਸਭਾ ਵਲੋਂ ਡਾ ਬੀ ਆਰ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ 8 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਮਜ਼ਦੂਰਾਂ ਦੇ ਭੱਖਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਵਿਸ਼ਾਲ ਸੂਬਾਈ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਰੈਲੀ ਦੀ ਤਿਆਰੀ ਲਈ ਪਿੰਡ ਛਿੱਤ, ਦਿਆਲਗੜ੍ਹ, ਭੁੱਲਰ, ਕੋਟਲੀ ਫੱਸੀ, ਉਧੋਵਾਲ , ਸੰਦਲਪੁਰ,ਰਾਜੂਵਾਲ ਆਦਿ ਥਾਵਾਂ ਤੇ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਰੈਲੀ ਵਿੱਚ ਮਨਰੇਗਾ ਕਾਨੂੰਨ ਮੁੜ ਬਹਾਲ ਕਰਨ ਤੇ ਨਵਾਂ ਕਾਨੂੰਨ ਵੀ ਬੀ ਜੀ ਰਾਮ ਜੀ ਰੱਦ ਕਰਾਉਣ ਲਈ, ਜਨਤਕ ਵੰਡ ਪ੍ਰਣਾਲੀ ਰਾਹੀਂ ਪਿੰਡਾਂ /ਸ਼ਹਿਰਾਂ ਚ ਸਸਤੇ ਭਾਅ ਦੇ ਰਾਸ਼ਣ ਡੀਪੂ ਖੋਲਣ, ਗਰੀਬਾਂ ਸਿਰ ਚੜਿਆ ਹਰ ਤਰਾਂ ਦਾ ਕਰਜ਼ਾ ਮੁਆਫ ਕਰਾਉਣ ਲਈ, ਬੀਬੀਆਂ ਦੇ 1000/1500 ਰੁਪਏ ਪਿਛਲੇ ਚਾਰ ਸਾਲ ਦੇ ਬਕਾਏ ਉੰਨਾ ਦੇ ਖਾਤਿਆਂ ਚ ਪੁਵਾਉਣ ਲਈ, ਵਿਧਵਾ, ਬੁਢਾਪਾ, ਅੰਗਹੀਣ ਤੇ ਆਸ਼ਰਿਤਾਂ ਦੀ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਾਉਣ ਲਈ ਤੇ ਮਾਨ ਸਰਕਾਰ ਵਲੋਂ ਚੋਣਾਂ ਚ ਕੀਤੀ 2500 ਰੁਪਏ ਵਾਲੀ ਗਰੰਟੀ ਤਹਿਤ ਬਕਾਏ ਪੈਨਸ਼ਨ ਧਾਰਕਾਂ ਦੇ ਖਾਤੇ ਚ ਪਾਉਣ ਲਈ, ਲੋੜਵੰਦ ਗਰੀਬਾਂ ਨੂੰ 10/10 ਮਰਲੇ ਦੇ ਪਲਾਟ ਦੇਣ ਤੇ ਪਲਾਟ ਤੇ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਿਵਾਉਣ ਲਈ, ਭੂਮੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਜਮੀਨ ਲੋੜਵੰਦਾਂ ਤੇ ਬੇਜ਼ਮੀਨੇ ਲੋਕਾਂ ਚ ਵੰਡੀ ਜਾਵੇ, ਦਲਿਤ ਮਜ਼ਦੂਰਾਂ ਤੇ ਜਾਤੀ ਪਾਤੀ ਅਧਾਰਤ ਹੁੰਦਾ ਸਮਾਜਿਕ ਜ਼ਬਰ ਬੰਦ ਕਰਾਉਣ ਲਈ, ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਮਜ਼ਦੂਰਾਂ ਕਿਸਾਨਾਂ ਤੇ ਪੰਜਾਬ ਸਰਕਾਰ ਵਲੋਂ ਬਣਾਏ ਝੂਠੇ ਕੇਸ ਵਾਪਸ ਲਏ ਜਾਣ ਆਦਿ ਅਤੀ ਜ਼ਰੂਰੀ ਤੇ ਭਖਦੀਆਂ ਮੰਗਾਂ ਨੂੰ ਮੰਨਵਾਉਣ ਲਈ ਪੂਰੇ ਪੰਜਾਬ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਸ਼ਾਮਲ ਹੋ ਕੇ ਜ਼ੋਰਦਾਰ ਅਵਾਜ਼ ਬਲੰਦ ਕਰਨਗੇ।
ਇਸ ਵਿਸ਼ਾਲ ਰੈਲੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿੱਚ ਕਿਰਤੀ-ਕਾਮੇ ਸ਼ਾਮਲ ਹੋਣਗੇ। ਇਨ੍ਹਾਂ ਮੀਟਿੰਗਾਂ ਵਿੱਚ ਮਨੀਰ ਮਸੀਹ ਸਤਕੋਹਾ, ਜਸਵਿੰਦਰ ਸਿੰਘ ਛਿੱਤ, ਸੁਖਵੰਤ ਸਿੰਘ ਸੰਦਲਪੁਰ,ਨਥਾਨੀਅਲ ਦਿਆਲਗੜ੍ਹ, ਬੂਟਾ ਮਸੀਹ ਕੋਟਲੀ ਫੱਸੀ, ਸਤਨਾਮ ਸਿੰਘ ਭੁੱਲਰ, ਨਿਸ਼ਾਨ ਮਸੀਹ ਉਧੋਵਾਲ, ਬਿੱਟੂ ਮਸੀਹ ਰਾਜੂਵਾਲ,ਬਲਕਾਰ ਕਿਲ੍ਹਾ ਦਰਸ਼ਨ ਸਿੰਘ, ਮਾਸਟਰ ਡੇਵਿਡ ਦਿਆਲਗੜ੍ਹ, ਹਮੀਦ ਦਿਆਲਗੜ੍ਹ, ਨਿਸ਼ਾਨ ਕੋਟਲੀ ਫੱਸੀ ਆਦਿ ਹਾਜ਼ਰ ਸਨ।

Scroll To Top