
ਜਲੰਧਰ: ਦਿਹਾਤੀ ਮਜ਼ਦੂਰ ਸਭਾ ਵਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ 8 ਅਪ੍ਰੈਲ ਨੂੰ ਸ਼ਹੀਦ ਭਗਤ ਸਿੰਘ ਐਡੀਟੋਰੀਅਮ ਦੇਸ਼ ਭਗਤ ਯਾਦਗਾਰ ਵਿੱਚ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਇਹ ਜਾਣਕਾਰੀ ਸੂਬਾ ਪ੍ਰਧਾਨ ਦਰਸ਼ਨ ਨਾਹਰ ਤੇ ਸੂਬਾ ਪ੍ਰੈੱਸ ਸਕੱਤਰ ਬਲਦੇਵ ਨੂਰਪੁਰੀ ਨੇ ਦਿੱਤੀ। ਉਹਨਾਂ ਨੇ ਕਿਹਾ ਕਿ ਮਜਦੂਰਾਂ ਦੀ ਸੂਬਾ ਪੱਧਰੀ ਵਿਸ਼ਾਲ ਰੈਲੀ ਲਈ ਪੇਂਡੂ ਖੇਤ ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਸਾਥੀ ਨਾਹਰ ਤੇ ਨੂਰਪੁਰੀ ਕਿਹਾ ਕਿ ਇਸ ਰੈਲੀ ਵਿਚ ਮੁੱਖ ਮੰਗਾਂ ਵੀ ਬੀ ਜੀ ਰਾਮ ਜੀ ਕਾਨੂੰਨ ਰੱਦ ਕਰਕੇ, ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਅਤੇ 700 ਰੁਪਏ ਦਿਹਾੜੀ ਤੇ ਸਾਰਾ ਸਾਲ ਕੰਮ ਦਿੱਤਾ ਜਾਵੇ, ਜਨਤਕ ਵੰਡ ਪ੍ਰਣਾਲੀ ਰਾਹੀਂ ਪਿੰਡਾਂ /ਸ਼ਹਿਰਾਂ ਚ ਸਸਤੇ ਭਾਅ ਦੇ ਰਾਸ਼ਨ ਡੀਪੂ ਖੋਲ ਕੇ ਨਿੱਤ ਵਰਤੋਂ ਦੀਆਂ ਜ਼ਰੂਰੀ ਵਸਤਾਂ ਸਸਤੇ ਭਾਅ ਤੇ ਸਪਲਾਈ ਕੀਤੀਆਂ ਜਾਣ, ਗਰੀਬਾਂ ਸਿਰ ਚੜਿਆ ਸਰਕਾਰੀ, ਗੈਰ ਸਰਕਾਰੀ, ਸਹਿਕਾਰੀ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਦਾ ਕਰਜ਼ਾ ਮੁਆਫ ਕੀਤਾ ਜਾਵੇ, ਔਰਤਾਂ ਦੇ 1000/1500 ਰੁਪਏ ਪਿਛਲੇ ਚਾਰ ਸਾਲ ਦੇ ਬਕਾਏ ਉਹਨਾਂ ਦੇ ਖਾਤਿਆਂ ‘ਚ ਪਾਏ ਜਾਣ, ਵਿਧਵਾ, ਬੁਢਾਪਾ, ਅੰਗਹੀਣ ਤੇ ਆਸ਼ਰਿਤਾਂ ਦੀ ਪੈਨਸ਼ਨ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਔਰਤਾਂ ਦੀ ਉਮਰ 55 ਤੇ ਮਰਦਾਂ ਦੀ 58 ਸਾਲ ਮਿਥੀ ਜਾਵੇ, ਮਾਨ ਸਰਕਾਰ ਵਲੋਂ ਚੋਣਾਂ ‘ਚ ਕੀਤੀ 2500 ਰੁਪਏ ਵਾਲੀ ਗਰੰਟੀ ਤਹਿਤ ਬਕਾਏ ਪੈਨਸ਼ਨ ਧਾਰਕਾਂ ਦੇ ਖਾਤੇ ‘ਚ ਪਾਏ ਜਾਣ, ਪ੍ਰਸਤਾਵਤ ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਵੇ,ਬੇਘਰਾਂ ਅਤੇ ਲੋੜਵੰਦ ਗਰੀਬਾਂ ਨੂੰ 10/10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਚਾਰ ਕੋਡ ਖ਼ਤਮ ਕਰਕੇ ਪਹਿਲੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ, ਭੂਮੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀ ਜ਼ਮੀਨ ਬੇਜ਼ਮੀਨੇ ਲੋਕਾਂ ‘ਚ ਮੁਫ਼ਤ ਵੰਡੀ ਜਾਵੇ, ਦਲਿਤ ਮਜ਼ਦੂਰਾਂ ‘ਤੇ ਜਾਤੀ ਪਾਤੀ ਅਧਾਰਤ ਹੁੰਦਾ ਸਮਾਜਿਕ ਜ਼ਬਰ ਬੰਦ ਕੀਤਾ ਜਾਵੇ, ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਮਜ਼ਦੂਰਾਂ ਕਿਸਾਨਾਂ ਉਤੇ ਪੰਜਾਬ ਸਰਕਾਰ ਵਲੋਂ ਬਣਾਏ ਝੂਠੇ ਕੇਸ ਵਾਪਸ ਲਏ ਜਾਣ ਆਦਿ ਭਖਦੀਆਂ ਮੰਗਾਂ ਨੂੰ ਮਨਵਾਉਣ ਲਈ ਜ਼ੋਰਦਾਰ ਅਵਾਜ਼ ਬਲੰਦ ਕੀਤੀ ਜਾਵੇਗੀ। ਉਪਰੋਕਤ ਆਗੂਆਂ ਨੇ ਦੱਸਿਆ ਕਿ ਮਜ਼ਦੂਰਾਂ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੁੰਮ ਹੁੰਮਾ ਕੇ ਪੁੱਜਣਗੇ।