
ਭਿੱਖੀਵਿੰਡ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਵਧ ਰਹੇ ਨਸ਼ਿਆਂ ਦੇ ਖ਼ਿਲਾਫ਼ ਸਥਾਨਕ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ।ਧਰਨੇ ਦੀ ਅਗਵਾਈ ਕਫ਼ਨ ਬੋਲ ਪਿਆ ਦੇ ਆਗੂ ਜਗਤਾਰ ਸਿੰਘ ਸਿੱਧਵਾਂ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਵਾਂ ਨੇ ਕੀਤੀ।
ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕੇਵਲ ਸਿੰਘ ਕੰਬੋਕੇ ਅਤੇ ਮੁਖਤਿਆਰ ਸਿੰਘ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਥਾਣਾ ਭਿੱਖੀਵਿੰਡ ਦੀ ਹੱਦ ਦੇ ਅੰਦਰ ਨਸ਼ਿਆਂ ਦਾ ਭਾਰੀ ਬੋਲਬਾਲਾ ਹੈ, ਵਧ ਰਹੇ ਨਸ਼ੇ ਦੇ ਨਾਲ ਲੋਕਾਂ ਦੇ ਪੁੱਤ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਭਿੱਖੀਵਿੰਡ ਦੀ ਪੁਲਿਸ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ ਅਤੇ ਨਸ਼ੇ ਵੇਚਣ ਵਾਲਿਆਂ ਦੀ ਪਿੱਠ ਥਾਪੜੀ ਜਾ ਰਹੀ ਹੈ। ਇਸ ਸਾਰੇ ਘਟਨਾਕ੍ਰਮ ਦੇ ਅੰਦਰ ਭਿੱਖੀਵਿੰਡ ਥਾਣੇ ਦਾ ਇੱਕ ਹੌਲਦਾਰ ਸ਼ਾਮਲ ਹੈ, ਇਹ ਨਸ਼ਿਆਂ ਦੇ ਸੌਦਾਗਰਾਂ ਨਾਲ ਰਲਿਆ ਹੋਇਆ ਹੈ। ਇਹਨਾਂ ਆਗੂਆਂ ਨੇ ਐੱਸ.ਐੱਸ. ਪੀ ਤਰਨਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਕੇਸ ਦੀ ਕਿਸੇ ਪੁਲਿਸ ਦੇ ਆਹਲਾ ਅਫ਼ਸਰ ਤੋਂ ਜਾਂਚ ਕਰਵਾ ਕੇ ਕੌ ਕਰੱਪਟ ਹੌਲਦਾਰ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਧਰਨੇ ਦੇ ਅੰਤ ਵਿੱਚ ਐੱਸ.ਪੀ ਬਲਜੀਤ ਸਿੰਘ ਭੁੱਲਰ ਵਲੋਂ ਧਰਨੇ ਵਿੱਚ ਪਹੁੰਚ ਕੇ ਧਰਨਾਕਾਰੀਆਂ ਨੂੰ ਇਨਸਾਫ਼ ਦੇਣ ਭਰੋਸਾ ਦਿਵਾਇਆ, ਜਿਸ ਉਪਰੰਤ ਧਰਨਾ ਸਮਾਪਤ ਹੋਇਆ।
ਧਰਨੇ ਦੇ ਅੰਤ ਵਿੱਚ ਜਥੇਬੰਦੀਆਂ ਵਲੋਂ ਐੱਸ.ਐੱਚ.ਓ ਭਿੱਖੀਵਿੰਡ ਦਾ ਪੂਤਲਾ ਵੀ ਸਾੜਿਆ ਗਿਆ। ਆਗੂਆਂ ਨੇ ਕਿਹਾ ਕਿ ਜੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀਆਂ ਵਲੋਂ ਐੱਸ.ਐੱਚ.ਓ ਭਿੱਖੀਵਿੰਡ ਦੇ ਵੱਖ-ਵੱਖ ਪਿੰਡਾਂ ਵਿੱਚ 8 ਦਿਨ ਲਗਾਤਾਰ ਪੂਤਲੇ ਸਾੜੇ ਜਾਣਗੇ। ਇਸ ਮੌਕੇ ਜਥੇਬੰਦੀਆਂ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਬਲਦੇਵ ਸਿੰਘ ਭਿੱਖੀਵਿੰਡ, ਗੁਰਪ੍ਰੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਪ੍ਰੀਤ ਸਿੰਘ ਸਿੱਧਵਾਂ ਪ੍ਰਧਾਨ ਟਰੱਕ ਯੂਨੀਅਨ, ਸਰਬਜੀਤ ਸਿੰਘ ਜੰਡ, ਸੰਦੀਪ ਸਿੰਘ ਮਨਿਆਲਾ ਆਦਿ ਹਾਜ਼ਰ ਸਨ।