
ਪਠਾਨਕੋਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਮਜ਼ਦੂਰ ਜਮਾਤ ਨਾਲ ਧ੍ਰੋਹ ਕਰਦਿਆਂ ਮਜ਼ਦੂਰ ਪੱਖੀ ਬਣਾਏ ਸਾਰੇ ਕਿਰਤ ਕਾਨੂੰਨ ਖਤਮ ਕਰਕੇ ਪਹਿਲੀ ਅਪ੍ਰੈਲ 2026 ਤੋਂ ਲਾਗੂ ਕਰਨ ਦੇ ਅਦੇਸ਼ ਜਾਰੀ ਕਰਨ ਖਿਲਾਫ ਦੇਸ਼ ਭਰ ਦੀਆਂ ਸਮੁੱਚੀਆਂ ਟਰੇਡ ਯੂਨੀਅਨਾਂ ਤੇ ਮਜ਼ਦੂਰ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤਹਿਤ ਵਿਰੋਧ ਵਜੋਂ ਇਥੇ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵਲੋਂ ਪਹਿਲਾਂ ਲੇਬਰ ਸ਼ੈਡ ਰੈਲੀ ਕੀਤੀ, ਵਰ੍ਹਦੀ ਬਾਰਿਸ਼ ਦੌਰਾਨ ਕਾਲੇ ਝੰਡਿਆਂ ਨਾਲ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਤੇ ਬਾਲਮੀਕ ਚੌਂਕ ਲੇਬਰ ਕੋਡ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ।
ਰੈਲੀ ਅਤੇ ਮਾਰਚ ਦੀ ਅਗਵਾਈ ਟਰੇਡ ਯੂਨੀਅਨ ਮੋਰਚੇ ਵਿੱਚ ਸ਼ਾਮਲ ਏਟਕ, ਸੀਟੂ, ਸੀ ਟੀ ਯੂ ਪੰਜਾਬ ਅਤੇ ਇਫਟੂ ਦੇ ਆਗੂਆਂ ਕਾਮਰੇਡ ਸ਼ੁਰੇਸ਼ ਕੁਮਾਰ, ਸੁਰਿੰਦਰ ਸਹਿਗਲ, ਮਾਸਟਰ ਸੁਭਾਸ਼ ਸ਼ਰਮਾ, ਵਿਜੇ ਕੁਮਾਰ ਰਛਪਾਲਵਾਂ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦਿਆਂ ਮਜ਼ਦੂਰ ਪੱਖੀ ਕਿਰਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰ ਜਮਾਤ ਨਾਲ ਘਿਨਾਉਣਾ ਅਪਰਾਧ ਕੀਤਾ ਹੈ। ਲੇਬਰ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਤੋਂ ਅੱਠ ਘੰਟਿਆਂ ਦੀ ਬਜਾਏ ਬਾਰਾ ਘੰਟੇ ਕੰਮ ਲੈਣਾ, ਯੂਨੀਅਨ ਬਣਾਉਣ ਦਾ ਅਧਿਕਾਰ ਖੋਹਣਾ, ਵੇਜ ਮਨਮਰਜ਼ੀ ਨਾਲ ਦੇਣੀ, ਸਮਾਜਿਕ ਸੁਰੱਖਿਆ ਦੀ ਕੋਈ ਗਰੰਟੀ ਨਹੀਂ, ਵਰਕਿੰਗ ਕੰਡੀਸ਼ਨ ਬੇਹੱਦ ਮਾੜੀ ਹੋਵੇਗੀ, ਔਰਤਾਂ ਤੋਂ ਰਾਤ ਵੇਲੇ ਕੰਮ ਲੈਣ ਦੀ ਬੰਦਸ਼ ਖਤਮ ਕਰਨਾ ਅਤੇ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਵਿਵਸਥਾ ਖਤਮ ਕਰਨਾ ਸਮੇਤ ਮਜ਼ਦੂਰਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਯਾਦ ਰਹੇ 2004 ਵਿੱਚ ਲੇਟ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਹਿਲੀ ਭਾਜਪਾ ਸਰਕਾਰ ਨੇ ਮੁਲਾਜ਼ਮ ਦੀ ਪੈਨਸ਼ਨ ਖਤਮ ਕਰਕੇ ਮੁਲਾਜ਼ਮ ਦੇ ਭਵਿੱਖ ਨਾਲ ਵੱਡਾ ਖਿਲਵਾੜ ਕੀਤਾ ਸੀ। ਮੋਦੀ ਸਰਕਾਰ ਕਿਸਾਨੀ ਨੂੰ ਬਰਬਾਦ ਕਰਨ ਲਈ ਵਾਰ-ਵਾਰ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਸਰਕਾਰਾਂ ਦਾ ਇਹ ਵਰਤਾਰਾ ਮਜ਼ਦੂਰ, ਕਿਸਾਨ, ਮੁਲਾਜ਼ਮ ਵਿਰੋਧੀ ਮਾਨਸਿਕਤਾ ਸਪਸ਼ਟ ਤੌਰ ਤੇ ਦਿਖਾਈ ਰਹੀ ਹੈ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਟਰੇਡ ਯੂਨੀਅਨ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ, ਬਿਕਰਮਜੀਤ, ਇਕਬਾਲ ਸਿੰਘ, ਵਿਜੇ ਕੁਮਾਰ, ਸ਼ਿਵ ਕੁਮਾਰ, ਬਲਵਿੰਦਰ ਕੁਮਾਰ, ਕਿਸਾਨ ਆਗੂ ਕੇਵਲ ਕਾਲੀਆ ਅਤੇ ਬਲਵੰਤ ਸਿੰਘ ਘੋਹ ਨੇ ਕਿਹਾ ਕਿ ਪੁਰਾਣੇ ਕਿਰਤ ਕਾਨੂੰਨ ਬਹਾਲ ਕਰਾਉਣ, ਮਨਰੇਗਾ ਕਾਨੂੰਨ ਮੁੜ ਬਹਾਲ ਕਰਨ, ਬਿਜਲੀ ਤੇ ਬੀਜ ਸੋਧ ਬਿੱਲ 2025 ਰੱਦ ਕਰਾਉਣ ਲਈ ਸਾਂਝੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।