
ਪੱਟੀ: ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਸਵਿੰਦਰ ਸਿੰਘ ਚੱਕ, ਸੰਤੋਖ ਸਿੰਘ ਮੱਖੀ ਕਲਾਂ, ਲਾਜ਼ਰ ਲਾਖਣਾ, ਬਲਦੇਵ ਸਿੰਘ ਆਗੂਆਂ ਦੀ ਅਗਵਾਈ ਹੇਠ ਅੱਜ ਜਥੇਬੰਦੀ ਦਾ ਵਫ਼ਦ ਡੀਐਸਪੀ ਪੱਟੀ ਨੂੰ ਮਿਲਿਆ। ਡੀਐਸਪੀ ਪੱਟੀ ਨੂੰ ਮਿਲਣ ਉਪਰੰਤ ਆਗੂਆਂ ਨੇ ਦੱਸਿਆ ਕਿ ਪਿੰਡ ਭਾਈ ਲੱਧੂ ਦੇ ਖੇਤ ਮਜ਼ਦੂਰ ਪ੍ਰੇਮ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਪਿਛਲੀ 2 ਨਵੰਬਰ ਦੀ ਸ਼ਾਮ ਨੂੰ ਕੁੱਝ ਵਿਅਕਤੀਆਂ ਨੇ ਹਮ ਸਲਾਹ ਹੋ ਕੇ, ਘਰ ਦਾਖਲ ਹੋ ਕੇ ਪ੍ਰੇਮ ਸਿੰਘ ਤੇ ਉਸ ਦੇ ਪਰਿਵਾਰ ਦੀ ਭਾਰੀ ਕੁੱਟਮਾਰ ਕੀਤੀ ਅਤੇ ਔਰਤਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ ਅਤੇ ਘਰ ਦਾ ਸਾਰਾ ਸਮਾਨ ਤੋੜ ਦਿੱਤਾ ਗਿਆ। ਜਿਸ ਦੌਰਾਨ ਪ੍ਰੇਮ ਸਿੰਘ ਨੂੰ ਸੁਰਸਿੰਘ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿਸ ਦਾ ਹਸਪਤਾਲ ਤੋਂ ਨਤੀਜਾ ਲੈਕੇ ਸਦਰ ਪੱਟੀ ਦੇ ਹੁਕਮਾਂ ਨਾਲ ਚੌਕੀ ਇੰਚਾਰਜ ਘਰਿਆਲਾ ਨੂੰ ਦਿੱਤਾ ਗਿਆ ਪਰ ਐੱਸਐੱਚਓ ਸਦਰ ਪੱਟੀ ਨੇ ਮਜ਼ਦੂਰ ਪਰਿਵਾਰ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ। ਦਰਾਜਕੇ ਆਤੇ ਸਾਥੀਆਂ ਨੇ ਅੱਗੇ ਦੱਸਿਆ ਕਿ ਇਸ ਅਰਸੇ ਦੌਰਾਨ ਹਮਲਾਵਰਾਂ ਨੇ ਫਿਰ ਦੁਬਾਰਾ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਫਾਇਰ ਕਰਨੇ ਸ਼ੁਰੂ ਕਰ ਦਿਤੇ। ਉਸ ਵਕਤ ਪ੍ਰੇਮ ਸਿੰਘ ਇਕੱਲਾ ਘਰ ਵਿੱਚ ਸੀ, ਉਸ ਨੇ ਆਪਣੇ ਪਿਤਾ ਦੀ ਬਾਰਾਂ ਬੋਰ ਦੀ ਰਾਇਫਲ ਨਾਲ ਆਵਦੇ ਘਰ ਦੇ ਅੰਦਰ ਆਵਦੇ ਬਚਾ ਲਈ ਫਾਇਰ ਕਰ ਦਿੱਤਾ, ਜਿਸ ਨਾਲ ਗੁਰਵਿੰਦਰ ਸਿੰਘ ਦੀ ਪ੍ਰੇਮ ਸਿੰਘ ਦੇ ਘਰ ਦੇ ਅੰਦਰ ਹੀ ਮੌਤ ਹੋ ਗਈ।
ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਸਾਰਾ ਘਟਨਾਕ੍ਰਮ ਐੱਸਐੱਚਓ ਸਦਰ ਪੱਟੀ ਤੇ ਚੌਕੀ ਇੰਚਾਰਜ ਘਰਿਆਲਾ ਦੀ ਅਣਗਹਿਲੀ ਕਾਰਨ ਹੋਇਆ ਹੈ। ਜੇਕਰ ਪ੍ਰੇਮ ਸਿੰਘ ਦੀ ਦਰਖ਼ਾਸਤ ਤੇ ਕਾਰਵਾਈ ਕੀਤੀ ਹੁੰਦੀ ਜਾਂ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਸਮਝੌਤਾ ਕਰਵਾਇਆ ਜਾਂਦਾ ਤਾਂ ਗੁਰਵਿੰਦਰ ਸਿੰਘ ਦਾ ਕਤਲ ਨਹੀਂ ਸੀ ਹੋਣਾ। ਇਹਨਾਂ ਆਗੂਆਂ ਨੇ ਐੱਸਐੱਸਪੀ ਤਰਨਤਾਰਨ, ਡੀਐਸਪੀ ਪੱਟੀ ਤੋਂ ਮੰਗ ਕਰਦਿਆਂ ਕਿਹਾ ਕਿ ਹੋਏ ਕਤਲ ਦੀ ਇਨਕੁਆਰੀ ਪੁਲਿਸ ਦੇ ਕਿਸੇ ਆਲਾ ਅਫਸਰ ਤੋਂ ਬਰੀਕੀ ਨਾਲ ਕਰਵਾਈ ਜਾਵੇ ਤਾਂ ਜੋ ਪਰਚੇ ਵਿਚ ਪਾਏ ਗਏ ਨਿਰਦੋਸ਼ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਆਗੂਆਂ ਨੇ ਕਿਹਾ ਕਿ ਜੇ ਇਸ ਹੱਕੀ ਤੇ ਵਾਜਿਬ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਦਿਹਾਤੀ ਮਜ਼ਦੂਰ ਸਭਾ ਵੱਲੋਂ 24 ਨਵੰਬਰ ਦਿਨ ਸੋਮਵਾਰ ਨੂੰ ਐੱਸਐੱਚਓ ਸਦਰ ਪੱਟੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ, ਦਿਆਲ ਸਿੰਘ ਲੋਹਕਾ, ਬਲਦੇਵ ਸਿੰਘ ਲੋਹਕਾ, ਗੁਰਬੀਰ ਭੱਟੀ ਰਾਜੋਕੇ ਆਦਿ ਆਗੂ ਹਾਜ਼ਰ ਸਨ।