
ਜਲੰਧਰ: ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦੇਸ਼ ਦੀ ਅਤੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਮਜ਼ਦੂਰ ਮੰਗਾਂ ਜਿਨ੍ਹਾਂ ਵਿਚ ਹੜਾਂ/ਬਾਰਸ਼ਾਂ ਨਾਲ ਹੋਏ ਭਾਰੀ ਨੁਕਸਾਨ ਦੇ ਫੌਰੀ ਮੁਆਵਜ਼ੇ, ਅਤੇ ਨਰੇਗਾ ਕਾਮਿਆਂ ਨੂੰ ਰੈਗੂਲਰ ਕੰਮ, ਬੇਘਰਿਆਂ ਨੂੰ ਪਲਾਟ ਤੇ ਮਕਾਨ ਬਣਾਉਣ ਲਈ ਗਰਾਂਟ, ਕਰਜ਼ੇ ਦੀ ਮੁਆਫੀ ਆਦਿ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਪ੍ਰੋਗਰਾਮ ਉਲੀਕਿਆ ਗਿਆ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਹੜਾਂ/ ਬਾਰਸ਼ਾਂ ਨਾਲ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਲਈ ਅਤੇ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ 13 ਨਵੰਬਰ ਨੂੰ ਪੰਜਾਬ ਵਿੱਚ ਸਾਰੇ ਡੀਸੀਜ਼ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਮਜ਼ਦੂਰ ਮੰਗਾਂ ਦੇ ਮੰਗ ਪੱਤਰ ਸੌਂਪੇ ਜਾਣਗੇ ਅਤੇ ਜਨਵਰੀ ਮਹੀਨੇ ਵਿੱਚ ਪੰਜਾਬ ਭਰ ਵਿੱਚ ਜ਼ਿਲ੍ਹਿਆਂ ਦੀਆਂ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ ਇਹਨਾਂ ਮੀਟਿੰਗਾਂ ਵਿੱਚ ਯੂਨਿਟ ਪੱਧਰ ਤੋਂ ਲੈ ਕੇ ਏਰੀਆ/ਤਹਿਸੀਲ/ਜ਼ਿਲ੍ਹਾ ਅਤੇ ਸਭਾ ਦੇ ਸੂਬਾਈ ਅਹੁਦੇਦਾਰ ਸ਼ਾਮਿਲ ਹੋਣਗੇ। ਸਾਥੀ ਨੂਰਪੁਰੀ ਨੇ ਅੱਗੇ ਦੱਸਿਆ ਫਰਵਰੀ 2026 ਵਿੱਚ ਪੰਜਾਬ ਭਰ ਵਿੱਚ ਸੂਬਾਈ ਟੀਮ ਵੱਲੋਂ ਜਥਾ ਮਾਰਚ ਕਰਕੇ ਕਿਰਤੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਅਪਰੈਲ ਦੇ ਪਹਿਲੇ ਹਫਤੇ ਦਿਹਾਤੀ ਮਜ਼ਦੂਰਾਂ ਦੀ ਸੂਬਾ ਪੱਧਰੀ ਰੈਲੀ ਜਲੰਧਰ ਵਿੱਚ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਭਰ ‘ਚੋਂ ਹਜ਼ਾਰਾਂ ਮਜ਼ਦੂਰ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ।