Now Reading
ਮਾਰੀਆ ਕੋਰੀਨਾ ਮਾਕਾਡੋ ਨੂੰ ਨੋਬਲ ਅਮਨ ਇਨਾਮ; ਸੰਸਾਰ ਅਮਨ ਤੇ ਮਨੁੱਖੀ ਆਜ਼ਾਦੀਆਂ ਦੇ ਮਾਨਵੀ ਸੰਕਲਪ ਨਾਲ ਕੋਝਾ ਮਜ਼ਾਕ

ਮਾਰੀਆ ਕੋਰੀਨਾ ਮਾਕਾਡੋ ਨੂੰ ਨੋਬਲ ਅਮਨ ਇਨਾਮ; ਸੰਸਾਰ ਅਮਨ ਤੇ ਮਨੁੱਖੀ ਆਜ਼ਾਦੀਆਂ ਦੇ ਮਾਨਵੀ ਸੰਕਲਪ ਨਾਲ ਕੋਝਾ ਮਜ਼ਾਕ

ਰਵੀ ਕੰਵਰ
ਪੂੰਜੀਵਾਦੀ ਸੰਸਾਰ, ਖਾਸ ਕਰਕੇ ਵਿਕਸਿਤ ਤੇ ਅਮੀਰ ਦੇਸ਼ਾਂ ’ਚ ਵੱਕਾਰੀ ਸਮਝਿਆ ਜਾਂਦਾ ਨੋਬੇਲ ਇਨਾਮ ਦੇਣ ਦੀ ਕਲਪਨਾ 1895 ’ਚ ਸੰਸਾਰ ਪ੍ਰਸਿੱਧ ਵਿਗਿਆਨੀ ਸਰ ਅਲਫਰਡ ਨੋਬੇਲ ਨੇ ਕੀਤੀ ਸੀ। ਇਸ ਪਿੱਛੇ ਉਸਦੀ ਭਾਵਨਾ ਉਨ੍ਹਾਂ ਹਸਤੀਆਂ ਜਾਂ ਸੰਗਠਨਾਂ ਨੂੰ ਸਨਮਾਨਿਤ ਕਰਨ ਦੀ ਸੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਦੇਸ਼ਾਂ ਦਰਮਿਆਨ ਸਦਭਾਵਨਾ ਕਾਇਮ ਕਰਨ ਲਈ ਲਾਇਆ ਹੋਵੇ ਜਾਂ ਇਸ ਦਿਸ਼ਾ ’ਚ ਸਭ ਤੋਂ ਉਮਦਾ ਯਤਨ ਕੀਤੇ ਹੋਣ। ਇਸੇ ਨਜ਼ਰੀਏ ਤੋਂ ਹੀ ਪਿੱਛਲੀ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਦਿੱਤੇ ਜਾ ਰਹੇ ਇਸ ਇਨਾਮ ਨੂੰ ਉਨ੍ਹਾਂ ਲੋਕਾਂ ਜਾਂ ਸੰਸਥਾਵਾਂ ਨੂੰ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ, ਜਿਨ੍ਹਾਂ ਸੰਸਾਰ ’ਚ ਅਮਨ ਦੀ ਕਾਇਮੀ, ਜਮਹੂਰੀਅਤ ਦੀ ਬਹਾਲੀ ਤੇ ਮਜ਼ਬੂਤੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉੱਘੇ ਕਾਰਜ ਕੀਤੇ ਹੋਣ।


ਪ੍ਰੰਤੂ, ਦੂਜੀ ਸੰਸਾਰ ਜੰਗ ਤੋਂ ਪਿੱਛੋਂ ਇਹ ਇਨਾਮ ਦੇਣ ਲਈ, ਅਕਸਰ ਜਮਹੂਰੀਅਤ ਬਾਰੇੇ ਪੱਛਮੀ ਦੇਸ਼ਾਂ ਦੇ ਇਕ ਪਾਸੜ ਬਿਰਤਾਂਤ, ਖੁੱਲ੍ਹੀ ਮੰਡੀ ’ਤੇ ਅਧਾਰਤ ਨਵ ਉਦਾਰਵਾਦੀ ਆਰਥਿਕ-ਸਮਾਜਿਕ ਕਦਰਾਂ-ਕੀਮਤਾਂ ਦੇ ਮੇਚ ਬਹਿਦੀਆਂ ਸਰਗਰਮੀਆਂ ਤੇ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ। ਦੂਜੇ ਸ਼ਬਦਾਂ ’ਚ ਇਹ ਇਨਾਮ ਵਧੇਰੇ ਕਰਕੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜੋ ਪੱਛਮ ਦੀਆਂ ਪੂੰਜੀਵਾਦੀ ਕਦਰਾਂ-ਕੀਮਤਾਂ ਦੀ ਰਾਖੀ ਕਰਦੇ ਹਨ, ਉਨ੍ਹਾਂ ਦਾ ਗੁਣਗਾਨ ਕਰਦੇ ਹਨ ਤੇ ਗਲੋਬ ’ਤੇ ਸਾਮਰਾਜੀ ਗਲਬਾ ਕਾਇਮ ਰੱਖਣ ਲਈ ਕੰਮ ਕਰਦੇ ਹਨ।


ਇਸ ਵਾਰ ਦਾ ਨੋਬਲ ਅਮਨ ਇਨਾਮ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਾਕਾਡੋ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਦੱਸਿਆ ਇਹ ਜਾ ਰਿਹਾ ਹੈ ਉਸ ਨੂੰ ਇਹ ਇਨਾਮ ਉਸ ਵੱਲੋਂ ਸਾਲ 2025 ’ਚ ਆਪਣੇ ਦੇਸ਼ ਵੈਨੇਜ਼ੁਏਲਾ ਅੰਦਰ ਅਮਨ, ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਮਜ਼ਬੂਤੀ ਲਈ ਕੰਮ ਕਰਨ ਬਦਲੇ ਦਿੱਤਾ ਗਿਆ ਹੈ। ਉਸਨੂੰ ‘ਜਮਹੂਰੀਅਤ ਦੀ ਅਲੰਬਰਦਾਰ’ ਵਜੋਂ ਖੂਬ ਵਡਿਆਇਆ ਵੀ ਜਾ ਰਿਹਾ ਹੈ। ਲੇਕਿਨ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਉੱਕਾ ਹੀ ਮੇਲ ਨਹੀਂ ਖਾਂਦੀ। ਲੱਗਦੇ ਹੱਥ ਇਹ ਵੀ ਦੱਸ ਦੇਈਏ ਕਿ ਉਸਨੇ ਆਪਣਾ ਇਹ ਇਨਾਮ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਮਰਪਿਤ ਕੀਤਾ ਹੈ। ਮਾਰੀਆ ਕੋਰੀਨਾ ਮਾਕਾਡੋ ਦਾ ਸਮੁੱਚਾ ਸਿਆਸੀ ਜੀਵਨ ਪਿਛਾਂਹ ਖਿਚੂ ਤੇ ਵੱਖਵਾਦੀ ਵਿਚਾਰਾਂ ਨੂੰ ਪ੍ਰਫੁੱਲਤ ਕਰਨ, ਆਪਣੇ ਦੇਸ਼ ਵੈਨੇਜ਼ੁਏਲਾ ਦੀ ਪ੍ਰਭੂਸੱਤਾ ਨੂੰ ਖੋਰਾ ਲਾਉਣ ਤੇ ਆਪਣੇ ਦੇਸ਼ ਵਾਸੀਆਂ ਦੇ ਮਾਣ-ਸਨਮਾਨ ਨਾਲ ਜੀਉਣ ਦੇ ਅਧਿਕਾਰ ਨੂੰ ਸੱਟ ਮਾਰਨ ਦੇ ਯਤਨਾਂ ਦੁਆਲੇ ਕੇਂਦਿ੍ਰਤ ਰਿਹਾ ਹੈ।


ਪਿਛਲੀ ਸਦੀ ਦੇ 8ਵੇਂ ਦਹਾਕੇ ਤੋਂ ਅਮਰੀਕੀ ਸਾਮਰਾਜ ਨੇ ਲਾਤੀਨੀ ਅਮਰੀਕੀ ਮਹਾਦੀਪ ਨੂੰ ਆਪਣੀਆਂ ਪਸਾਰਵਾਦੀ ਆਰਥਿਕ-ਸਮਾਜਿਕ ਨੀਤੀਆਂ ’ਤੇ ਅਧਾਰਤ ਸਾਮਰਾਜੀ ਸੰਸਾਰੀਕਰਣ ਦੀ ਪ੍ਰਯੋਗਸ਼ਾਲਾ ਬਣਾਇਆ ਹੋਇਆ ਸੀ। ਅਮਰੀਕਾ ਦੀਆਂ ਵਪਾਰਕ ਕਾਰਪੋਰੇਸ਼ਨਾਂ ਨੇ ਇਸ ਖਿੱਤੇ ਦੇ ਸਾਰੇ ਦੇਸ਼ਾਂ ਦੇ ਸਮੁੱਚੇ ਕੁਦਰਤੀ ਤੇ ਮਾਨਵੀ ਵਸੀਲਿਆਂ ’ਤੇ ਕਬਜ਼ਾ ਕੀਤਾ ਹੋਇਆ ਸੀ। ਉਸ ਦੇ ਇਨ੍ਹਾਂ ਕਦਮਾਂ ਦਾ ਵਿਰੋਧ ਕਰਨ ਵਾਲੇ ਵੱਖੋ-ਵੱਖ ਦੇਸ਼ਾਂ ਦੇ ਰਾਜਸੀ ਆਗੂਆਂ ਨੂੰ ਤਖ਼ਤਾ ਪਲਟ ਕਰਕੇ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਂਦਾ ਸੀ। ਸਿਆਸੀ ਆਗੂਆਂ ਦੇ ਕਤਲ ਤੇ ਹਿੰਸਾ ਆਮ ਵਰਤਾਰਾ ਸੀ। ਸਾਲ 1999 ’ਚ ਵੈਨੇਜ਼ੁਏਲਾ ’ਚ ਦੇਸ਼ ਵਾਸੀਆਂ ਵਲੋਂ ਹੂਗੋ ਸ਼ਾਵੇਜ਼ ਦੀ ਅਗਵਾਈ ਵਿਚ ਸਾਮਰਾਜ ਪੱਖੀ ਹਾਕਮਾਂ ਨੂੰ ਭਾਂਜ ਦਿੰਦੇ ਹੋਏ ਬੋਲੀਵਾਰੀਅਨ ਇਨਕਲਾਬ ਕੀਤਾ ਗਿਆ ਸੀ। ਇਹ ਕ੍ਰਾਂਤੀ ਕੋਈ ਤਖ਼ਤਾਪਲਟ ਨਹੀਂ ਸੀ, ਬਲਕਿ ਬਕਾਇਦਾ ਵੋਟਾਂ ਨਾਲ ਚੁਣਕੇ ਕਾਇਮ ਹੋਈ ਸੱਤਾ ਸੀ। ਸਾਥੀ ਸ਼ਾਵੇਜ਼ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਵਿਚ ਸਾਮਰਾਜੀ ਸੰਸਾਰੀਕਰਨ ਦੇ ਬਦਲ ਵਜੋਂ ਲੋਕ ਪੱਖੀ ਨੀਤੀਆਂ ਲਾਗੂ ਕਰਕੇ ਇਕ ਲੋਕ ਪੱਖੀ ਸਰਕਾਰ ਦਾ ਗਠਨ ਕੀਤਾ ਸੀ। ਅੱਗੋਂ ਇਨ੍ਹਾਂ ਲੋਕ ਪੱਖੀ ਨੀਤੀਆਂ ’ਤੇ ਅਧਾਰਤ ਬਦਲਵੇਂ ਮਾਡਲ ਨੇ ਲਾਤੀਨੀ ਅਮਰੀਕਾ ਦੇ ਸਮੁੱਚੇ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਮਹਾਦੀਪ ਦੇ ਕਈ ਹੋਰ ਦੇਸ਼ਾਂ ’ਚ ਵੀ ਲੋਕ ਪੱਖੀ ਸਰਕਾਰਾਂ ਬਣੀਆਂ ਸਨ। ਕਹਿਣ ਦੀ ਲੋੜ ਨਹੀਂ ਅਮਰੀਕੀ ਗਲਬੇ ਅਤੇ ਦਖ਼ਲ ਨੂੰ ਤਕੜੀ ਚੁਣੌਤੀ ਦੇਣ ਵਾਲੀਆਂ ਉਕਤ ਸਰਕਾਰਾਂ ਸਾਮਰਾਜੀ ਹਾਕਮਾਂ ਦੀਆਂ ਅੱਖਾਂ ’ਚ ਬਹੁਤ ਰੜਕਦੀਆਂ ਸਨ। ਇਸੇ ਕਰਕੇ ਅਮਰੀਕੀ ਪ੍ਰਸ਼ਾਸਨ ਇਨ੍ਹਾਂ ਸਰਕਾਰਾਂ ਨੂੰ ਸੱਤਾ ਤੋਂ ਬੇਦਖ਼ਲ ਕਰਨ ਅਤੇ ਇਨ੍ਹਾਂ ਦੇਸ਼ਾਂ ਨੂੰ ਅਸਥਿਰ ਕਰਨ ਲਈ ਤਖ਼ਤਾ ਪਲਟ ਸਮੇਤ ਹਰ ਹਰਬਾ ਵਰਤਦਾ ਆ ਰਿਹਾ ਹੈ। ਜਾਹਿਰ ਹੈ ਅਜਿਹੇ ਤਖ਼ਤਾ ਪਲਟ ਲਈ ਸਾਮਰਾਜ ਆਪਣੇ ਹੱਥਠੋਕੇ ਸਿਆਸਤਦਾਨਾਂ ਦਾ ਇਸਤੇਮਾਲ ਕਰਦਾ ਹੈ।


ਮੈਡਮ ਮਾਰੀਆ ਕੋਰੀਨਾ ਮਾਕਾਡੋ ਵੀ ਸਾਮਰਾਜ ਦੇ ਹਿਤਾਂ ਦੀ ਰਾਖੀ ਲਈ ਕਾਰਜਸ਼ੀਲ ਅਜੇਹੀ ਹੀ ਸਿਆਸਤਦਾਨ ਹੈ। ਇਸਨੇ ਸਾਲ 2002 ’ਚ ਅਮਰੀਕੀ ਸਾਮਰਾਜ ਦੀ ਸ਼ਹਿ ਨਾਲ ਹੂਗੋ ਸ਼ਾਵੇਜ਼ ਦੀ ਲੋਕ ਪੱਖੀ ਸਰਕਾਰ ਵਿਰੁੱਧ ਤਖ਼ਤਾ ਪਲਟ ਕਰਕੇ ਸ਼ਾਵੇਜ ਨੂੰ ਗਿ੍ਰਫਤਾਰ ਕਰ ਲਿਆ ਸੀ। ਪਰ, ਲੋਕਾਂ ਦੇ ਦਬਾਅ ਅਧੀਨ ਦੋ ਦਿਨਾਂ ਪਿਛੋਂ ਹੀ ਸਾਥੀ ਸ਼ਾਵੇਜ਼ ਨੂੰ ਰਿਹਾਅ ਕਰਨਾ ਪਿਆ ਸੀ ਅਤੇ ਉਨ੍ਹਾਂ ਮੁੜ ਸੱਤਾ ਸੰਭਾਲ ਲਈ ਸੀ। ਇਸ ਤਖ਼ਤਾਪਲਟ ਦੇ ਦੋ ਦਿਨ ਦੇ ਵਕਫੇ ਵਿਚ ਹੀ ਇਸ ਮੈਡਮ ਨੇ ਸ਼ਾਵੇਜ ਦੀ ਸਰਕਾਰ ਦਾ ਲੋਕ ਪੱਖੀ ਸੰਵਿਧਾਨ ਅਤੇ ਸਾਰੇ ਜਨਤਕ ਅਦਾਰਿਆਂ ਨੂੰ ਖਤਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਇਹ ਹੈ ‘ਜਮਹੂਰੀਅਤ ਦੀ ਅਲੰਬਰਦਾਰ’ ਵਜੋਂ ਧੁੰਮਾਈ ਜਾ ਰਹੀ ਇਸ ਮੈਡਮ ਦੀ ਜਮਹੂਰੀਅਤ ਪ੍ਰਤੀ ਕਾਰਗੁਜ਼ਾਰੀ ਦਾ ਹੀਜ਼-ਪਿਆਜ਼।


ਸਾਥੀ ਸ਼ਾਵੇਜ਼ ਸਾਲ 2013 ਤੱਕ ਦੇਸ਼ ਦੀ ਅਗਵਾਈ ਕਰਦੇ ਰਹੇ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਦੁਨੀਆਂ ਦੇ ਇਸ ਪੰਜਵੇਂ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ ਦੀਆਂ ਤੇਲ ਕੰਪਨੀਆਂ ਦਾ ਕੌਮੀਕਰਨ ਕਰਕੇ ਇਨ੍ਹਾਂ ਨੂੰ ਸਾਮਰਾਜੀ ਵਪਾਰਕ ਕਾਰਪੋਰੇਸ਼ਨਾਂ ਤੋਂ ਮੁਕਤ ਕਰਵਾਇਆ ਤੇ ਮੁਨਾਫ਼ੇ ਦੀ ਸ਼ਕਲ ’ਚ ਜਿਹੜੀ ਆਮਦਨ ਅਮਰੀਕੀ ਕੰਪਨੀਆਂ ਤੇ ਸਾਮਰਾਜੀ ਬਘਿਆੜ ਲੈ ਜਾਂਦੇ ਸਨ ਉਹ ਦੇਸ਼ ਦੇ ਲੋਕਾਂ ਦੇ ਕਲਿਆਣ ਦੀਆਂ ਯੋਜਨਾਵਾਂ ’ਤੇ ਖਰਚ ਕੀਤੀ ਸੀ। ਉਨ੍ਹਾਂ ਸਾਹਮਣੇ ਤਾਂ ਮਾਕਾਡੋ ਵਰਗੇ ਸਾਮਰਾਜ ਦੇ ਝੋਲੀ ਚੁੱਕਾਂ ਦੀ ਕੋਈ ਪੇਸ਼ ਨਹੀਂ ਚੱਲੀ। ਪਰ ਸਾਲ 2013 ’ਚ ਸਾਥੀ ਸ਼ਾਵੇਜ਼ ਦੇ ਦਿਹਾਂਤ ਤੋਂ ਪਿੱਛੋਂ ਦੇਸ਼ ਦੀ ਸੱਤਾ ਸਾਥੀ ਨਿਕੋਲਸ ਮਾਦੂਰੋ ਨੇ ਸੰਭਾਲੀ ਸੀ।


ਸ਼ਹਿ ਲਾਈ ਬੈਠੀ ਮੈਡਮ ਮਕਾਡੋ ਤੇ ਉਸ ਵਰਗੇ ਹੋਰ ਸਾਮਰਾਜ ਪੱਖੀ ਸਿਆਸਤਦਾਨਾਂ ਨੇ ਸਾਲ 2014 ’ਚ ‘ਲਾ ਸਾਲੀਦਾ’ ਨਾਮੀ ਹਿੰਸਕ ਮੁਹਿੰਮ ਵਿੱਢ ਦਿੱਤੀ। ਉਨ੍ਹਾਂ ਮੁਜ਼ਾਹਰਿਆਂ ਦੇ ਨਾਂਅ ’ਤੇ ਵੱਡੇ ਪੱਧਰ ’ਤੇ ਸੜਕਾਂ ਰੋਕਣ ਲਈ ਅੱਗਾਂ ਲਾਈਆਂ ਤੇ ਬੱਸਾਂ ਸਾੜੀਆਂ ਗਈਆਂ। ਸਰਕਾਰ ਪੱਖੀਆਂ ’ਤੇ ਹਮਲੇ ਕੀਤੇ ਗਏ। ਕਈਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਮਾਰ ਤੱਕ ਦਿੱਤਾ ਗਿਆ। ਕਿਊਬਾ ਤੋਂ ਸਿਹਤ ਸੇਵਾਵਾਂ ਦੇਣ ਲਈ ਆਏ ਡਾਕਟਰ ਤੇ ਐਂਬੂਲੈਂਸਾਂ ਨੂੰ ਵੀ ਨਾ ਬਖਸ਼ਿਆ। ਜਨਤਕ ਇਮਾਰਤਾਂ ਤੇ ਭੋਜਨ ਢੋਅ ਰਹੇ ਟਰੱਕਾਂ ਨੂੰ ਸਾੜ ਦਿੱਤਾ। ਇਕ ਤਰ੍ਹਾਂ ਨਾਲ ਸਮੁੱਚਾ ਦੇਸ਼ ਬੰਧਕ ਬਣਾ ਲਿਆ ਗਿਆ। ਇਹ ਹੈ ਮੈਡਮ ਮਕਾਡੋ ਦਾ ਅਮਨ ਤੇ ਭਾਈਚਾਰਿਆਂ ਵਿਚ ਸਦਭਾਵਨਾ ਕਾਇਮ ਕਰਨ ਦਾ ਨਮੂਨਾ, ਜਿਸ ਬਦਲੇ ਉਨ੍ਹਾਂ ਨੂੰ ਨੋਬਲ ਅਮਨ ਇਨਾਮ ਦਿੱਤਾ ਗਿਆ ਹੈ।


ਇਹੋ ਨਹੀਂ, ਤੇਲ ਉਤਪਾਦਕ ਦੇਸ਼ ਵੈਨੇਜ਼ੁਏਲਾ ਦੀ ਆਮਦਨ ਦਾ ਵੱਡਾ ਸਾਧਨ ਤੇਲ ਦੀ ਬਰਾਮਦ ਹੈ। ਦੇਸ਼ ਵਾਸੀਆਂ ’ਚ ਬੇਚੈਨੀ ਪੈਦਾ ਕਰਨ ਲਈ ਇਹ ਦਰਾਮਦ ਰੋਕਣ ਦੇ ਵੀ ਯਤਨ ਕੀਤੇ ਗਏ। ਅਮਰੀਕਾ ਨੇ ਵੈਨੇਜ਼ੁਏਲਾ ’ਤੇ ਸਖ਼ਤ ਵਪਾਰਕ ਤੇ ਸਮਾਜਿਕ ਪਾਬੰਦੀਆਂ ਲਾਈਆਂ। ਸਿੱਟਾ, ਦੇਸ਼ ’ਚ ਸਖ਼ਤ ਆਰਥਿਕ ਸੰਕਟ ਪੈਦਾ ਹੋਇਆ, ਮਹਿੰਗਾਈ ਵਧੀ ਤੇ ਚੋਖੇ ਲੋਕ ਦੇਸ਼ ਛੱਡਣ ਲਈ ਵੀ ਮਜ਼ਬੂਰ ਹੋਏ। ਪਰ ਸਰਕਾਰ ਇਸ ਨੂੰ ਕਾਬੂ ਕਰਨ ਵਿਚ ਸਫਲ ਰਹੀ। ਮੈਡਮ ਮਕਾਡੋ, ਉਨ੍ਹਾਂ ਰਾਜਨੀਤੀਵਾਨਾਂ ਚੋਂ ਇਕ ਹੈ, ਜਿਨ੍ਹਾਂ ਦੀ ਮੰਗ ’ਤੇ ਉਕਤ ਪਾਬੰਦੀਆਂ ਲਾਈਆਂ ਗਈਆਂ ਸਨ। ਅਮਰੀਕਾ ਦੀ ਸ਼ਹਿ ’ਤੇ ਛੇੜੀ ਇਸ ਮੁਹਿਮ ਨਾਲ ਦੇਸ਼ ਦਾ ਅਰਥਚਾਰਾ ਬੇਸ਼ੁਮਾਰ ਮੁਸ਼ਕਲਾਂ ’ਚ ਘਿਰ ਗਿਆ ਸੀ।
ਇਸ ਮੈਡਮ ਦੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਇੱਥੇ ਹੀ ਨਹੀਂ ਮੁੱਕਦਾ। ਵੈਨੇਜ਼ੁਏਲਾ ਇਕ ਅਜਿਹਾ ਦੇਸ਼ ਹੈ ਜਿੱਥੇ ਨਿੱਤ ਵਰਤੋਂ ਦੀਆਂ ਵਸਤਾਂ ਦਰਾਮਦ ਕਰਨੀਆਂ ਪੈਂਦੀਆਂ ਹਨ। ਸਾਲ 1999 ਤੋਂ ਪਹਿਲਾਂ ਦੇ ਸਾਮਰਾਜ ਪੱਖੀ ਹਾਕਮਾਂ ਨੇ ਦੇਸ਼ ’ਚ ਸਨਅਤਾਂ ਤੇ ਖੇਤੀ ਖੇਤਰ ਵੱਲ ਧਿਆਨ ਨਹੀਂ ਸੀ ਦਿੱਤਾ। ਉਹ ਸਿਰਫ ਤੇਲ ਤੋਂ ਮੁਨਾਫ਼ੇ ਕਮਾਉਣ ਤੱਕ ਹੀ ਸੀਮਤ ਰਹੇ ਸਨ। ਨਿਕੋਲਸ ਮਾਦੂਰੋ ਦੀ ਲੋਕ ਪੱਖੀ ਸਰਕਾਰ ਡੇਗਣ ਲਈ, ਦੇਸ਼ ਦੇ ਧਨਾਢ ਵਪਾਰੀਆਂ ਵੱਲੋਂ ਨਿੱਤ ਵਰਤੋਂ ਦੀਆਂ ਵਸਤਾਂ ਦੀ ਦਰਾਮਦ ਘਟਾਕੇ ਅਤੇ ਕੀਮਤਾਂ ਨੂੰ ਵਧਾਕੇ ਵੀ ਅਫਰਾ-ਤਫਰੀ ਪੈਦਾ ਕਰਨ ਦੇ ਯਤਨ ਕੀਤੇ ਗਏ। ਦੇਸ਼ ਦੇ ਬਿਜਲੀ ਢਾਂਚੇ ’ਤੇ ਸਾਈਬਰ ਹਮਲਿਆਂ ਤੱਕ ਦਾ ਰਾਹ ਅਪਣਾਇਆ ਗਿਆ। ਮੈਡਮ ਮਕਾਡੋ ਇਨ੍ਹਾਂ ਸਭ ਕਾਰਵਾਈਆਂ ਦੀ ਐਲਾਨੀਆ ਹਿਮਾਇਤ ਕਰ ਰਹੀ ਸੀ।


ਵੈਨੇਜ਼ੁਏਲਾ ਵਿਚ ਅਮਰੀਕੀ ਸਾਮਰਾਜ ਤੇ ਉਸਦੇ ਚਹੇਤੇ ਮੈਡਮ ਮਕਾਡੋ ਵਰਗੇ ਰਾਜਸੀ ਆਗੂਆਂ ਦੇ ਹਰ ਹਮਲੇ ਦਾ ਟਾਕਰਾ ਕਰਦੇ ਹੋਏ ਸਾਥੀ ਨਿਕੋਲਸ ਮਾਦੂਰੋ, ਸਾਥੀ ਸ਼ਾਵੇਜ਼ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਲੋਕ ਪੱਖੀ ਵਿਰਸੇ ਨੂੰ ਲੈ ਕੇ ਅੱਗੇ ਵੱਧ ਰਹੇ ਹਨ। ਸਾਲ 2013 ’ਚ ਸਾਥੀ ਹੂਗੋ ਸ਼ਾਵੇਜ਼ ਦੇ ਦਿਹਾਂਤ ਤੋਂ ਪਿੱਛੋਂ ਵੀ ਆਪਣੀ ਸੱਤਾ ਦੀ ਜਾਇਜ਼ਤਾ ਸਿੱਧ ਕਰਨ ਲਈ ਉਨ੍ਹਾਂ ਉਸੇ ਸਾਲ ਚੋਣਾਂ ਕਰਵਾਈਆਂ ਤੇ ਜਿੱਤ ਹਾਸਲ ਕੀਤੀ। ਉਸ ਪਿੱਛੋਂ ਵੀ ਉਹ ਸਾਲ 2018 ’ਚ ਚੋਣ ਜਿੱਤੇ ਸਨ ਅਤੇ ਸਾਲ 2024 ’ਚ ਵੀ ਉਨ੍ਹਾਂ ਨੇ ਚੋਣਾਂ ਜਿੱਤ ਕੇ ਤੀਜੀ ਵਾਰ ਸੱਤਾ ਸੰਭਾਲੀ ਹੈ। ਅਮਰੀਕੀ ਸਾਮਰਾਜ, ਮਾਕਾਡੋ ਤੇ ਉਸ ਵਰਗੇ ਆਪਣੇ ਹੋਰ ਹੱਥਠੋਕੇ ਸਿਆਸਤਦਾਨਾਂ ਨੂੰ ਮੋਹਰਾ ਬਣਾ ਕੇ ਉਨ੍ਹਾਂ ਨੂੰ ਚੋਣਾਂ ’ਚ ਹਰਾਉਣ ’ਚ ਤਾਂ ਸਫਲ ਨਹੀਂ ਹੋ ਸਕਿਆ। ਪਰ ਸਾਲ 2019 ’ਚ ਇਸ ਨੇ ਆਪਣੇ ਗੁਰਗੇ ਜੁਆਨ ਗੁਈਡੋ ਦੀ ਜਲਾਵਤਨ ਸਰਕਾਰ ਬਣਵਾ ਦਿੱਤੀ ਸੀ। ਅਮਰੀਕਾ ਦਾ ਇਹ ਤਜ਼ਰਬਾ ਵੀ ਬੁਰੀ ਤਰ੍ਹਾਂ ਨਾਕਾਮ ਰਿਹਾ ਸੀ। ਪਰ ਇਸ ਨਾਲ ਅਮਰੀਕਾ ਨੇ ਆਪਣੇ ਦੇਸ਼ ’ਚ ਜਮ੍ਹਾਂ ਵੈਨੇਜ਼ੁਏਲਾ ਦੇ ਵਸੀਲਿਆਂ ਦੀ ਲੁੱਟ ਜ਼ਰੂਰ ਕਰ ਲਈ ਸੀ। ਇਸ ਜਲਾਵਤਨ ਸਰਕਾਰ ਦੀ ਸਿਰਜਕ ਅਸਲ ਵਿਚ ਮੈਡਮ ਮਕਾਡੋ ਹੀ ਸੀ। ਜਦੋਂ ਦੇਸ਼ ਦੇ ਵਸੀਲਿਆਂ ਦੀ ਲੁੱਟ ਹੋ ਰਹੀ ਸੀ ਤਾਂ ਇਹ ਮੈਡਮ ਉਸ ਲੁੱਟ ਦੀ ਚਾਲਕ ਬਣੀ ਹੋਈ ਸੀ, ਜਦੋਂਕਿ ਦੇਸ਼ ਦੇ ਬੱਚਿਆਂ ਨੂੰ ਇਨ੍ਹਾਂ ਦੀ ਸਖ਼ਤ ਲੋੜ ਸੀ।
ਆਓ, ਹੁਣ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਵੀ ਮੈਡਮ ਮਾਰੀਆ ਕੋਰੀਆ ਮਾਕਾਡੋ ਦਾ ਕਿਰਦਾਰ ਪਰਖੀਏ।
ਡੋਨਾਲਡ ਟਰੰਪ ਅਮਰੀਕਾ ’ਚ ਰਹਿੰਦੇ ਪ੍ਰਵਾਸੀਆਂ, ਜਿੰਨ੍ਹਾਂ ’ਚ ਵੈਨੇਜ਼ੁਏਲਾ ਦੇ ਨਾਗਰਿਕ ਵੀ ਸ਼ਾਮਲ ਹਨ, ਨੂੰ ਹੱਥਕੜੀਆਂ-ਬੇੜੀਆਂ ’ਚ ਨੂੜ ਕੇ ਉਨ੍ਹਾਂ ਦੇ ਮੂਲ ਦੇਸ਼ਾਂ ਨੂੰ ਡਿਪੋਰਟ ਕਰ ਰਿਹਾ ਹੈ। ਮਾਕਾਡੋ ਨੇ, ਪ੍ਰਵਾਸੀਆਂ ਨੂੰ ਜਲੀਲ ਕਰਕੇ ਅਣਮਨੁੱਖੀ ਢੰਗ ਨਾਲ ਡਿਪੋਰਟ ਕਰਨ ਦੇ ਟਰੰਪ ਦੇ ਕਦਮ ਦਾ ‘ਫੈਸਲਾਕੁੰਨ ਐਕਸ਼ਨ’ ਕਹਿ ਕੇ ਸਵਾਗਤ ਕੀਤਾ ਹੈ। ਜਦੋਂ ਵੈਨੇਜ਼ੁਏਲਾ ਦੀਆਂ ਮਾਵਾਂ ਆਪਣੇ ਪੁੱਤਾਂ ਦੇ ਅਮਰੀਕਾ ਦੀਆਂ ਪ੍ਰਵਾਸ ਨੀਤੀਆਂ ਕਰਕੇ ਗਾਇਬ ਹੋਣ ਲਈ ਹੰਝੂ ਵਹਾਅ ਰਹੀਆਂ ਹਨ ਤਾਂ ਇਹ ਮੈਡਮ ਮਾਕਾਡੋ ਲਈ ‘ਫੈਸਲਾਕੁੰਨ ਐਕਸ਼ਨ’ ਹੈ।
ਇਹੋ ਨਹੀਂ, ਮੈਡਮ ਮਕਾਡੋ ਨਾ ਕੇਵਲ ਫ਼ਲਸਤੀਨੀਆਂ ਦਾ ਨਰਸੰਘਾਰ ਕਰਨ ਵਾਲੇ ਨੇਤਨਯਾਹੂ ਦਾ ਸਮਰਥਨ ਕਰਦੀ ਹੈ, ਬਲਕਿ ਉਸ ਨੂੰ ਆਪਣੇ ਦੇਸ਼ ਵੈਨੇਜ਼ੁਏਲਾ ਨੂੰ ਵੀ ਇਉਂ ਹੀ ‘ਆਜ਼ਾਦ’ ਕਰਵਾਉਣ ਲਈ ਕਾਰਵਾਈ ਕਰਨ ਦਾ ਸੱਦਾ ਦਿੰਦੀ ਹੋਈ ਜੇਰੂਸ਼ਲਮ ’ਚ ਵੈਨੇਜ਼ੁਏਲਾ ਦਾ ਦੂਤਾਵਾਸ ਖੋਲ੍ਹਣ ਦਾ ਭਰੋਸਾ ਵੀ ਦਿੰਦੀ ਹੈ।

See Also


ਪਿਛਲੇ ਦੋ ਮਹੀਨਿਆਂ ਤੋਂ ਅਮਰੀਕੀ ਸਾਮਰਾਜ ਨੇ ਟਰੰਪ ਦੇ ਹੁਕਮਾਂ ਨਾਲ ਪ੍ਰਮਾਣੂ ਪਣਡੁੱਬੀਆਂ, ਜੰਗੀ ਬੇੜੇ ਭੇਜ ਕੇ ਵੈਨੇਜ਼ੁਏਲਾ ਦੀ ਫੌਜੀ ਘੇਰਾਬੰਦੀ ਕੀਤੀ ਹੋਈ ਹੈ। ਦੇਸ਼ ਦਾ ਹਰ ਮਿਹਨਤਕਸ਼ ਆਪਣੇ ਦੇਸ਼ ਦੀ ਰਾਖੀ ਕਰਨ ਲਈ ਕਮਰਕੱਸੇ ਕਰ ਰਿਹਾ ਹੈ। ਮੈਡਮ ਮਾਕਾਡੋ, ਆਪਣੇ ਦੇਸ਼ ਨੂੰ ਦਰਪੇਸ਼ ਅਜਿਹੇ ਗੰਭੀਰ ਸੰਕਟ ਦੇ ਸਮੇਂ ਟਰੰਪ ਦੇ ਫੌਜੀ ਹੱਲੇ ਨੂੰ ਹੱਕੀ ਹੀ ਨਹੀਂ ਠਹਿਰਾ ਰਹੀ, ਬਲਕਿ ਪੂਰੀ ਢੀਠਤਾਈ ਨਾਲ ਉਸ ਦੇ ਮੋਢੇ ਨਾਲ ਮੋਢਾ ਜੋੜਕੇ ਖਲੋਤੀ ਹੈ ਅਤੇ ਦੇਸ਼ ਦੀ ਪ੍ਰਭੂਸੱਤਾ ਚਾਂਦੀ ਦੀ ਥਾਲੀ ’ਚ ਪਰੋਸ ਕੇ ਟਰੰਪ ਨੂੰ ਸੌਂਪ ਦੇਣ ਲਈ ਪੱਬਾਂ ਭਾਰ ਹੈ। ਉਹ ਆਪਣੇ ਦੇਸ਼ ਵੈਨੇਜ਼ੁਏਲਾ ਦੇ ਤੇਲ, ਪਾਣੀ ਸਮੇਤ ਹਰ ਕੁਦਰਤੀ ਵਸੀਲਾ ਨਿੱਜੀ ਕਾਰਪੋਰੇਸ਼ਨਾਂ ਨੂੰ ਦੇਣ ਦੀ ਪੈਰੋਕਾਰ ਹੈ। ਠੀਕ ਉਵੇਂ ਹੀ ਜਿਵੇਂ ਲਾਤੀਨੀ ਅਮਰੀਕਾ ਵਿਚ 1990ਵਿਆਂ ਤੱਕ ਹੁੰਦਾ ਰਿਹਾ ਹੈ।


ਮੈਡਮ ਮਾਕਾਡੋ ਅਮਨ ਜਾਂ ਤਰੱਕੀ ਦੀ ਪ੍ਰਤੀਕ ਨਹੀਂ ਬਲਕਿ ਨਵ-ਉਦਾਰਵਾਦੀ ਫਾਸ਼ੀਵਾਦ, ਜਾਇਨਵਾਦ ਦਰਮਿਆਨ ਕਾਇਮ ਹੋਏ ਸੰਸਾਰ ਪੱਧਰੀ ਉਸ ਨਾਪਾਕ ਗਠਜੋੜ ਦੀ ਭਾਈਵਾਲ ਹੈ, ਜੋ ਜੰਗ, ਉਤਪੀੜਨ ਤੇ ਗ਼ਲਬੇ ਨੂੰ ਜਮਹੂਰੀਅਤ ਤੇ ਅਮਨ ਆਦਿ ਸ਼ਬਦਾਂ ਦੀ ਚਾਸ਼ਨੀ ਚਾੜ੍ਹ ਕੇ ਪੇਸ਼ ਕਰਦਾ ਹੈ। ਵੈਨੇਜ਼ੁਏਲਾ ’ਚ ਇਸ ਗਠਜੋੜ ਦਾ ਭਾਵ ਹੈ, ਤਖਤਾਪਲਟ, ਪਾਬੰਦੀਆਂ ਤੇ ਨਿੱਜੀਕਰਨ ਤੇ ਗਾਜ਼ਾ ’ਚ ਇਸ ਦਾ ਮਤਲਬ ਹੈ ਨਰਸੰਘਾਰ ਤੇ ਲੋਕਾਂ ਨੂੰ ਭੁੱਖੇ ਮਾਰਨਾ।


ਮਾਰੀਆ ਕੋਰੀਨਾ ਮਕਾਡੋ ਨੂੰ ਉਸਦੇ ਅਜਿਹੇ ਜਮਹੂਰੀਅਤ, ਅਮਨ ਤੇ ਮਨੁੱਖਤਾ ਵਿਰੋਧੀ ਕਿਰਦਾਰ ਹੋਣ ਦੇ ਬਾਵਜੂਦ ਅਮਨ ਇਨਾਮ ਦੇਣਾ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ ਅਮਰੀਕਾ ਦੀ ਵੀਅਤਨਾਮ ਖ਼ਿਲਾਫ਼ ਜੰਗ ਦੇ ਚਾਲਕਾਂ ’ਚੋਂ ਇਕ ਅਮਰੀਕੀ ਉਪ ਰਾਸ਼ਟਰਪਤੀ ਹੇਨਰੀ ਕਿਸਿੰਗਰ ਅਤੇ ਅਮਰੀਕਾ ਦੇ ਹੀ ਰਾਸ਼ਟਰਪਤੀ ਬਾਰਾਕ ਓਬਾਮਾ ਨੂੰ ਵੀ ਅਜਿਹੇ ਇਨਾਮ ਦਿੱਤੇ ਜਾ ਚੁੱਕੇ ਹਨ। ਦਰਅਸਲ ਨੋਬਲ ਕਮੇਟੀ ਦੁਨੀਆਂ ਦੇ ਲੋਕਾਂ ਸਾਹਵੇਂ ਇਹ ਦਰਸਾਉਣ ਦਾ ਯਤਨ ਕਰਦੀ ਹੈ ਕਿ ਜਮਹੂਰੀਅਤ ਤੇ ਮਨੁੱਖੀ ਅਧਿਕਾਰ ਉਵੇਂ ਹੀ ਹਨ, ਜਿਵੇਂ ਅਮਰੀਕੀ ਸਾਮਰਾਜ ਤੇ ਪੱਛਮੀ ਦੇਸ਼ ਉਨ੍ਹਾਂ ਨੂੰ ਪਰਿਭਾਸ਼ਿਤ ਕਰਦੇ ਹਨ। ਜੇਕਰ ਇਸ ਇਨਾਮ ਦੀ ਨੈਤਿਕ ਕਦਰ ਬਹਾਲ ਕਰਨੀ ਹੈ ਤਾਂ ਇਸ ਨੂੰ ਲੁੱਟ-ਖਸੱੁਟ ਅਤੇ ਦਖਲ-ਦਾਬੇ ’ਤੇ ਅਧਾਰਤ ਵਿਵਸਥਾ ਦੇ ਵਿਚਾਰਧਾਰਕ ਚੁੰਗਲ ਤੋਂ ਮੁਕਤ ਕਰਨਾ ਹੋਵੇਗਾ। ਇਸ ਗੱਲ ਨੂੰ ਮਾਨਤਾ ਦੇਣੀ ਚਾਹੀਦੀ ਹੈ ਕਿ ਅਮਨ ਸਿਰਫ ਜੰਗ ਦੀ ਗੈਰ ਹਾਜ਼ਰੀ ਜਾਂ ਖੁੱਲ੍ਹੀ ਮੰਡੀ ਦਾ ਪ੍ਰਸਾਰ ਹੀ ਨਹੀਂ ਹੈ ਬਲਕਿ ਇਹ ਆਰਥਿਕ ਤੇ ਰਾਜਨੀਤਕ ਪ੍ਰਣਾਲੀਆਂ ਰਾਹੀਂ ਅਸਮਾਨਤਾ, ਸਾਮਰਾਜ ਤੇ ਨਵ-ਉਦਾਰਵਾਦ ਨੂੰ ਕਾਇਮ ਰੱਖਣ ਵਾਲੇ ਪ੍ਰਬੰਧਾਂ ਸਮੇਤ ਢਾਂਚਾਗਤ ਹਿੰਸਾ ਦੇ ਸਮੁੱਚੇ ਸਰੋਤਾਂ ਨੂੰ ਖਤਮ ਕਰਨਾ ਹੈ।
ਮਾਰੀਆ ਕੋਰੀਨਾ ਮਾਕਾਡੋ ਦੇ ਹੱਕ ਵਿਚ ਇਕ ਗੱਲ ਜ਼ਰੂਰ ਜਾਂਦੀ ਹੈ ਕਿ ਉਹ ਹਰ ਸਥਿਤੀ ਵਿਚ ਬੇਕਿਰਕੀ ਨਾਲ ਪੂੰਜੀਵਾਦੀ ਵਿਚਾਰਧਾਰਾ ਤੇ ਉਸਦੀ ਰਾਖੀ ਲਈ ਪੂਰੀ ਦੁਨੀਆਂ ਵਿਚ ਜੰਗਾਂ-ਪਾਬੰਦੀਆਂ ਤੇ ਹੋਰ ਹਰ ਤਰ੍ਹਾਂ ਦੇ ਕੁਕਰਮ ਕਰਨ ਵਾਲੇ, ਅਮਰੀਕੀ ਸਾਮਰਾਜ ਤੇ ਉਸਦੇ ਪੱਛਮੀ ਭਾਈਵਾਲਾਂ ਦੇ ਮੋਢੇ ਨਾਲ ਮੋਢਾ ਜੋੜਕੇ ਖਲੋਤੀ ਰਹੀ ਹੈ। ਪਰ, ਉਹ ਵੀ ਮੁਫ਼ਤ ਵਿਚ ਨਹੀਂ, ਉਸਦੀ ਸੰਸਥਾ ‘ਸੁਮੇਟ’ ਅਖੌਤੀ ਜਮਹੂਰੀ ਸਿਵਲ ਸੁਸਾਇਟੀ ਗਰੁੱਪ ਦੀਆਂ ਸਭ ਤੋਂ ਵੱਡੀਆਂ ਵਿੱਤ ਪੋਸ਼ਕ ਅਮਰੀਕੀ ਸਰਕਾਰ ਅਧੀਨ ਚੱਲਣ ਵਾਲੀਆਂ ਸੰਸਥਾਵਾਂ ਹਨ।


ਮਾਰੀਆ ਕੋਰੀਨਾ ਮਾਕਾਡੋ ਨੂੰ ਦਿੱਤਾ ਗਿਆ ਅਮਨ ਇਨਾਮ ਇਸ ਗੱਲ ਨੂੰ ਇਕ ਵਾਰ ਮੁੜ ਚੇਤੇ ਕਰਵਾ ਦਿੰਦਾ ਹੈ ਕਿ ਇਸ ਵਕਾਰੀ ਇਨਾਮ ਦੀ ਵਰਤੋਂ ਤਖਤਾ ਪਲਟ ਦੀ ਰਾਜਨੀਤੀ ਤੇ ਨਵਉਦਾਰਵਾਦੀ ਕੱਟੜਪੰਥ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਗਈ ਹੈ। ਇਹ ਅਮਨ ਦਾ ਪ੍ਰਤੀਕ ਨਹੀਂ ਹੈ। ਇਹ ਮਨੁੱਖਤਾ ਦੇ ਭਲੇ ਲਈ ਨਹੀਂ ਦਿੱਤਾ ਗਿਆ ਇਨਾਮ ਨਹੀਂ, ਬਲਕਿ ਸਾਮਰਾਜੀ ਗਲਬੇ ਨੂੰ ਵਡਿਆਉਣ ਲਈ ਵਰਤਿਆ ਗਿਆ ਹਥਿਆਰ ਹੈ। (14-10-25)

Scroll To Top