ਸੁਖਦੇਵ ਸਿੰਘ ਸੋਹਲ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ (1675 ਈ.) ਮਨੁੱਖੀ ਇਤਿਹਾਸ ਦੀ ਅਜਿਹੀ ਵਿਲੱਖਣ ਘਟਨਾ ਹੈ, ਜਿਸਦੀ ਪ੍ਰਸੰਗਕਤਾ ਜਿੰਨੀ ਭੁਤਕਾਲ ’ਚ ਸੀ ਓਨੀ ਹੀ ਵਰਤਮਾਨ ’ਚ ਵੀ ਹੈ। ਇਸ ਅਦੁੱਤੀ ਵਰਤਾਰੇ ਦੀ 350 ਵੀਂ ਬਰਸੀ ਮਨਾਉਣ ਲਈ ਸਰਕਾਰੀ ਤੌਰ ’ਤੇ ਵੱਖੋ-ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ’ਚ ਵਿਸ਼ੇਸ ਸੈਮੀਨਾਰ, ਕਾਨਫਰੰਸਾਂ, ਲੈਕਚਰ ਆਦਿ ਆਯੋਜਿਤ ਕੀਤੇ ਜਾ ਰਹੇ ਹਨ। ਸ਼ਹਾਦਤ ਨਾਲ ਜੁੜੇ ਜਿਨ੍ਹਾਂ ਪਹਿਲੂਆਂ ਨੂੰ ਉਚੇਚਾ ਉਜਾਗਰ ਕੀਤਾ ਜਾ ਰਿਹਾ ਹੈ ਉਨ੍ਹਾਂ ’ਚ ਮਨੁੱਖੀ ਅਧਿਕਾਰ ਤੇ ਧਾਰਮਿਕ ਆਜ਼ਾਦੀ ਅਹਿਮ ਪੱਖ ਹਨ। ਇਹ ਪਹਿਲੂ ਅਜੋਕੇ ਸਮੇਂ ਦੀ ਧਰੁਵੀਕਰਨ ਦੀ ਰਾਜਨੀਤੀ ਨੂੰ ਠੱਲ੍ਹ ਪਾਉਣ ਲਈ ਕਾਰਗਰ ਹਨ ਤਾਂ ਜੋ ਮਨੁੱਖੀ ਸਦਭਾਵਨਾ ਪ੍ਰਜਵਲਿਤ ਕੀਤੀ ਜਾ ਸਕੇ। ਹੱਥਲੇ ਲੇਖ ਦਾ ਮੁੱਖ ਮੰਤਵ ਇਸ ਮਹਾਨ ਘਠਨਾ ਦੀ ਮਹੱਤਤਾ ਨੂੰ ਠੀਕ ਪਰਿਪੇਖ ’ਚ ਜਾਣਨ-ਸਮਝਣ ਲਈ ਸ਼ਹਾਦਤ ਨਾਲ ਜੁੜੇ ਕੁੱਝ ਜ਼ਰੂਰੀ ਪਹਿਲੂਆਂ ਨੂੰ ਉਜਾਗਰ ਕਰਨਾ ਹੈ।
ਇਤਿਹਾਸਕ ਪਿਛੋਕੜ
ਪੰਜਾਬ, ਰਣਨੀਤਕ ਪੱਖੋਂ ਮੁਗਲ ਸਾਮਰਾਜ ਲਈ ਅਹਿਮ ਮੁਕਾਮ ਰੱਖਦਾ ਸੀ, ਕਿਉਂਕਿ ਇਹ ਕਸ਼ਮੀਰ, ਇਰਾਨ ਤੇ ਕੇਂਦਰੀ ਏਸ਼ੀਆ ਨਾਲ ਜੁੜਦਾ ਸੀ। ਮੁਗਲਾਂ ਦੇ ਇਨ੍ਹਾਂ ਇਲਾਕਿਆਂ ਨਾਲ ਸੱਭਿਆਚਾਰਕ ਸਬੰਧ ਸਨ। ਮੁਗਲ ਸਾਮਰਾਜ ਤਾਕਤ ਦੇ ਸਹਾਰੇ ਚਲਦਾ ਸੀ ਤੇ ਇਸ ਨੂੰ ਚਲਾਉਣ ਦੇ ਸਾਧਨ ਜ਼ੋਰ-ਜਬਰ ਨਾਲ ਇਕੱਠੇ ਕੀਤੇ ਜਾਂਦੇ ਸਨ। ਰਾਜ ਪ੍ਰਬੰਧ ਨੂੰ ਚਲਾਉਣ ਲਈ ਖੁਫੀਆ ਤੰਤਰ, ਜਿਸ ’ਚ ਵਾਇਆ ਨਵੀਸ, ਖੁਫੀਆ ਨਵੀਸ, ਹਰਕਾਰੇ ਅਤੇ ਖਬਰ ਨਵੀਸ ਸ਼ਾਮਲ ਸਨ, ਦੀ ਕਾਰਗੁਜ਼ਾਰੀ ਅਹਿਮ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ (1618-1707 ਈ.) ਕੋਲ ਹਰ ਸੂਚਨਾ ਖੁਫੀਆ ਵਿਭਾਗ ਅਤੇ ਉਸਦੇ ਸੂਬੇਦਾਰਾਂ ਰਾਹੀਂ ਪਹੁੰਚਦੀ ਸੀ।
ਹਰ ਪ੍ਰਕਾਰ ਦੇ ਮਾਮਲੇ ਅਤੇ ਕਰ ਸਖ਼ਤੀ ਨਾਲ ਵਸੂਲੇ ਜਾਂਦੇ ਸਨ, ਜਿਸ ਕਾਰਨ ਕਿਸਾਨੀ ਭਾਰੀ ਦਬਾਅ ਹੇਠ ਸੀ। ਪੰਜਾਬ ਦੇ ਲੋਕਾਂ ਨੂੰ ਅਕਸਰ ਕੁਦਰਤੀ ਆਫਤਾਂ, ਬਿਮਾਰੀਆਂ, ਸੋਕੇ ਤੇ ਅਨਾਜ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ। ਸਿੱਟੇ ਵਜੋਂ ਕਿਸਾਨੀ ਬਗਾਵਤਾਂ ਆਮ ਸਨ। ਸੰਨ 1642 ਈ. ’ਚ ਕਸ਼ਮੀਰ ’ਚ ਕਾਲ ਪੈਣ ਕਰਕੇ 30,000 ਲੋਕਾਂ ਨੂੰ ਲਾਹੌਰ ਆਉਣਾ ਪਿਆ ਸੀ। 1646 ਈ. ’ਚ ਭੁੱਖਮਰੀ ਕਰਕੇ ਲੋਕ ਆਪਣੇ ਬੱਚੇ ਵੇਚਣ ਲਈ ਵੀ ਮਜ਼ਬੂਰ ਹੋਏ ਸਨ। ਅਫਗਾਨਿਸਤਾਨ ਤੇ ਯੂਸਫਜਈ ਲੜਾਕੂ 1667 ਈ. ਵਿਚ ਹਜ਼ਾਰਾ ਜ਼ਿਲ੍ਹੇ ’ਚ ਆਣ ਵੜੇ ਸਨ। 1669 ਈ. ਵਿਚ ਮਥੁਰਾ ਦੇ ਜਾਟਾਂ ਨੇ ਅਤੇ ਸਤਨਾਮੀਆਂ ਨੇ 1672 ਵਿਚ ਬਗ਼ਾਵਤ ਵਿੱਢ ਦਿੱਤੀ ਸੀ। 1669-1672 ਦੌਰਾਨ ਦੱਖਣ ’ਚ ਮਰਾਠਿਆਂ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਸਨ।
ਔਰੰਗਜ਼ੇਬ ਸ਼ੱਕੀ ਸੁਭਾਅ ਦਾ ਸਾਜ਼ਿਸ਼ੀ ਬਾਦਸ਼ਾਹ ਸੀ। ਦਰਅਸਲ ਮੁਗਲ ਬਾਦਸ਼ਾਹ ਜਹਾਂਗੀਰ ਨੇ ਰਾਜਕੁਮਾਰ ਸਲੀਮ (ਬਾਦਸ਼ਾਹ ਸ਼ਾਹ ਜਹਾਨ) ਦੇ ਵਿਦਰੋਹ ਸਮੇਂ ਉਸਦੇ ਦੋ ਪੁੱਤਰਾਂ ਦਾਰਾ ਸ਼ਿਕੋਹ ਤੇ ਔਰੰਗਜ਼ੇਬ ਨੂੰ ਕੈਦ ਕਰ ਲਿਆ ਸੀ। ਔਰੰਗਜ਼ੇਬ ਸਾਜ਼ਿਸ਼ਾਂ ਰਾਹੀਂ ਆਪਣੇ ਭਰਾਵਾਂ ਨੂੰ ਮਰਵਾ ਕੇ 1658-59 ’ਚ ਗੱਦੀ ’ਤੇ ਬੈਠ ਗਿਆ ਸੀ। ਦਿੱਲੀ ਵਿਚਲੇ ਕਾਜ਼ੀਆਂ ਨੇ ਉਸ ਨੂੰ ਧਾਰਮਿਕ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਅਸਲੀ ਬਾਦਸ਼ਾਹ ਸ਼ਾਹ ਜਹਾਨ ਜ਼ਿੰਦਾ ਸੀ। ਗੁਜਰਾਤ ਦੇ ਸ਼ਹਿਰ ਮਟਨ ਦੇ ਕਾਜ਼ੀ ਅਬਦੁਲ ਵਹਾਬ ਬੋਹਰਾ ਨੇ ਮਾਨਤਾ ਦੇਣ ਦੀ ਹਾਮੀ ਭਰੀ ਤਾਂ ਉਸਨੂੰ ਦਿੱਲੀ ਵਿਚ ਮੁੱਖ ਕਾਜ਼ੀ ਸਥਾਪਤ ਕਰ ਦਿੱਤਾ ਗਿਆ। ਇਹ ਇਕ ਭਿ੍ਰਸ਼ਟ ਕਾਜ਼ੀ ਸੀ। ਔਰੰਗਜ਼ੇਬ ਨੇ ਸੁੰਨੀ ਕੱਟੜਤਾ ਨੂੰ ਤਰਜੀਹ ਦਿੱਤੀ ਅਤੇ ਕਈ ਹਿੰਦੂ ਮੰਦਰ ਤੋੜਨ ਦੇ ਫਰਮਾਨ ਜਾਰੀ ਕਰ ਦਿੱਤੇ। ਇਸ ਤੋਂ ਇਲਾਵਾ ਔਰੰਗਜ਼ੇਬ ਪੰਜਾਬ ਵਿਚ ਨਕਸ਼ਬੰਦੀ ਫਿਰਕੇ ਦੇ ਨਾਲ ਸੀ, ਜਿਸਦਾ ਮੁਖੀ ਸ਼ੇਖ ਅਹਿਮਦ ਸਰਹਿੰਦੀ ਸੀ। ਇਸਦੇ ਪੁੱਤਰ ਸ਼ੇਖ ਮੁਹੰਮਦ ਮਾਸੂਮ ਨੂੰ ਔਰੰਗਜ਼ੇਬ ਆਪਣਾ ਪੀਰ ਮੰਨਦਾ ਸੀ। ਉਸਦਾ ਪੁੱਤਰ ਸੈਫ ਉਦ ਦੀਨ ਖਾਨ ਵੀ ਔਰੰਗਜ਼ੇਬ ਦਾ ਪੀਰ ਤੇ ਗਾਈਡ ਸੀ। ਔਰੰਗਜ਼ੇਬ ਧਰਮ ਨੂੰ ਰਾਜਨੀਤੀ ਲਈ ਵਰਤਦਾ ਸੀ। ਨਕਸ਼ਬੰਦੀਆਂ ਵੱਲੋਂ ਪੰਜਾਬ ’ਚ ਨਫ਼ਰਤ ਦੀ ਰਾਜਨੀਤੀ ਨੂੰ ਤਰਜੀਹ ਦਿੱਤੀ ਜਾਂਦੀ ਸੀ।
ਗੁਰੂ ਤੇਗ਼ ਬਹਾਦਰ : ਗੁਰਗੱਦੀ ਤੋਂ ਸ਼ਹਾਦਤ ਤੱਕ
ਗੁਰੂ ਤੇਗ਼ ਬਹਾਦਰ ਜੀ ਦਾ ਮੁੱਢਲਾ ਨਾਮ ਤਿਆਗ ਮੱਲ ਸੀ, ਜੋ ਕਰਤਾਰਪੁਰ ਦੀ ਲੜਾਈ (1635 ਈ.) ਵੇਲੇ ਦਿਖਾਈ ਬਹਾਦਰੀ ਕਾਰਨ ਤੇਗ਼ ਬਹਾਦਰ ਹੋ ਗਿਆ ਸੀ। ਉਨ੍ਹਾਂ ਦਾ ਬਚਪਨ ਨਾਨਕੇ ਪਰਿਵਾਰ ‘ਚ ਕਸਬਾ ਬਾਬਾ ਬਕਾਲਾ ਵਿਖੇ ਬੀਤਿਆ ਸੀ। ਇਥੇ ਉਨ੍ਹਾਂ ਨੇ ਸਾਧਨਾ ਕੀਤੀ। ਉਹ ਸ਼ਾਂਤ ਸੁਭਾਅ ਦੇ ਮਾਲਕ ਸਨ। ਉਹ 1664 ਈ. ਨੂੰ ਨੌਵੇਂ ਗੁਰੂ ਵਜੋਂ ਸਥਾਪਤ ਹੋਏ ਸਨ। ਉਨ੍ਹਾਂ ਵਲੋਂ ਕੀਤੀ ਪੂਰਬੀ ਭਾਰਤ ਦੀ ਲੰਮੀ ਯਾਤਰਾ ਦੌਰਾਨ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਦਰਸ਼ਨ ਕੀਤੇ ਸਨ। ਇਸ ਪਿੱਛੋਂ ਉਨ੍ਹਾਂ ਨੇ ਦੱਖਣੀ ਪੰਜਾਬ ਦੀ ਵੀ ਯਾਤਰਾ ਕੀਤੀ ਸੀ। ਇਸ ਅਰਸੇ ਦੌਰਾਨ ਮੁਗਲ ਸਾਮਰਾਜ ਦੇ ਖੁਫੀਆ ਜਸੂਸ ਬਾਦਸ਼ਾਹ ਨੂੰ ਬਕਾਇਦਾ ਸਭ ਕਾਸੇ ਦੀਆਂ ਖਬਰਾਂ ਭੇਜ ਰਹੇ ਸਨ।
ਇਸ ਸਮੇਂ ਦੌਰਾਨ ਹੀ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਵਧ ਰਹੀ ਸੀ। ਦੱਖਣ ‘ਚ ਲਗਾਤਾਰ ਲੜਾਈਆਂ ਛਿੜਨ ਕਾਰਨ ਔਰੰਗਜ਼ੇਬ ਹੋਰ ਵਧੇਰੇ ਸਖ਼ਤ ਹੋ ਗਿਆ ਸੀ। ਫਤਵਾ-ਇ-ਆਲਮਗੀਰੀ ਦਸਤਾਵੇਜ਼ 8 ਸਾਲਾਂ ਵਿਚ 2 ਲੱਖ ਰੁਪਏ ਲਗਾ ਕੇ ਤਿਆਰ ਕੀਤਾ ਗਿਆ ਸੀ। ਔਰੰਗਜ਼ੇਬ ਨਿੱਜੀ ਤੌਰ ’ਤੇ ਭਾਵੇਂ ਸਧਾਰਨ ਰਹਿਣ-ਸਹਿਣ ਦਾ ਮਾਲਕ ਸੀ, ਪਰ ਘਮੰਡੀ ਸੀ। ਧਾਰਮਿਕ ਨੇਤਾਵਾਂ ਜਿਵੇਂ ਕਿ ਸਯੀਅਦ ਸੇਖ ਅਤੇ ਹੋਰਾਂ ਨੂੰ ਖਾਸ ਰਿਆਇਤਾਂ ਦੇ ਕੇ ਉਸਨੇ ਆਪਣੇ ਨਾਲ ਜੋੜਿਆ ਹੋਇਆ ਸੀ।
ਕਸ਼ਮੀਰ ’ਚ ਸੂਬੇਦਾਰ ਇਫਿਤਖਾਰ ਖਾਨ (1671-75) ਦੇ ਸਮੇਂ ਹਿੰਦੂਆਂ ਨੂੰ ਧਰਮ ਤਬਦੀਲੀ ਲਈ ਮਜ਼ਬੂਰ ਕੀਤਾ ਜਾਣ ਲਗਾ। ਕਿਰਪਾ ਰਾਮ ਦੀ ਅਗਵਾਈ ਹੇਠ, 25 ਮਈ 1675 ਨੂੰ ਅਨੰਦਪੁਰ ਸਾਹਿਬ ਵਿਖੇ ਇਕ ਵਫ਼ਦ ਗੁਰੂ ਤੇਗ਼ ਬਹਾਦਰ ਜੀ ਪਾਸ ਆਇਆ ਤੇ ਆਪਣੀਆਂ ਮੁਸ਼ਕਲਾਂ ਦੱਸੀਆਂ। ਜ਼ਿਕਰਯੋਗ ਹੈ ਕਿ ਕਿਰਪਾ ਰਾਮ ਦੇ ਵੱਡੇ-ਵਡੇਰੇ ਗੁਰੂ ਨਾਨਕ ਦੇਵ ਵੇਲੇ ਤੋਂ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਸਨ। ਇਸ ਤੋਂ ਇਲਾਵਾ ਇਨ੍ਹਾਂ ਦਾ ਸਬੰਧ ਕਰਬਲਾ ਦੇ ਮੈਦਾਨ ‘ਚ ਹੋਈ ਇਮਾਮ ਹੁਸੈਨ ਦੀ ਸ਼ਹਾਦਤ ਨਾਲ ਵੀ ਜੋੜਿਆ ਜਾਂਦਾ ਹੈ। ਇਸੇ ਕਰਕੇ ਇਨ੍ਹਾਂ ਨੂੰ ਹੁਸੈਨੀ ਬ੍ਰਹਮਣ ਵੀ ਕਿਹਾ ਜਾਂਦਾ ਸੀ। ਜੰਗਜੂ ਪੰਡਤਾਂ ਨੇ ਗੁਰੂ ਜੀ ਨੂੰ ਮਿਲਣਾ ਮੁਨਾਸਬ ਸਮਝਿਆ ਅਤੇ ਗੁਰੂ ਜੀ ਨੇ ਵੀ ਉਨ੍ਹਾਂ ਦੇ ਵਿਚਾਰਾਂ ਸੰਜੀਦਗੀ ਨਾਲ ਸੁਣਿਆ। ਬਾਲ ਗੋਬਿੰਦ ਰਾਇ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਇਸ ਮਸਲੇ ਨੂੰ ਔਰੰਗਜ਼ੇਬ ਦੇ ਸਾਹਮਣੇ ਖ਼ੁਦ ਪੇਸ਼ ਕਰਨ। ਗੁਰੂ ਜੀ ਨੇ ਯਾਤਰਾ ਸ਼ੁਰੂ ਕਰ ਦਿੱਤੀ। ਲਹੌਰ ਦੇ ਸੂਬੇਦਾਰ ਨੇ ਗੁਰੂ ਜੀ ਨੂੰ ਕੈਦ ਕਰਨ ਦੇ ਹੁਕਮ ਦੇ ਦਿੱਤੇ। ਭੱਟ ਵਹੀਆਂ ਮੁਤਾਬਕ ਗੁਰੂ ਜੀ ਨੂੰ 12 ਜੁਲਾਈ 1675 ਨੂੰ ਰੋਪੜ ਸ਼ਹਿਰ ਦੇ ਨੇੜੇ ਮਲਕਪੁਰ ਰੰਘੜਾ ਤੋਂ ਕੈਦ ਕਰ ਲਿਆ ਅਤੇ 4 ਮਹੀਨੇ ਤੱਕ ਸਰਹਿੰਦ ਜ਼ੇਲ੍ਹ ਵਿਚ ਰੱਖਿਆ ਗਿਆ। ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ ਅਤੇ ਕਰਾਮਾਤ ਦਿਖਾਉਣ ਲਈ ਮਜ਼ਬੂਰ ਕੀਤਾ ਗਿਆ। ਇਸਤੋਂ ਇਲਾਵਾ ਇਸਲਾਮ ਕਬੂਲ ਕਰਨ ਲਈ ਵੀ ਕਿਹਾ ਗਿਆ। ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਖੀਰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਮੁਤਾਬਕ ਮੁੱਖ ਕਾਜ਼ੀ ਅਬਦੁਲ ਵਹਾਬ ਦੀ ਅਦਾਲਤ ਵਿਚ ਗੁਰੂ ਜੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੇ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਨਤਕ ਹਾਜ਼ਰੀ ’ਚ ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਗਿਆ। ਇਸ ਸਜ਼ਾ ਦਾ ਜਲਾੱਦ ਜ਼ਲਾਲਉਦੀਨ, ਸਮਾਨੇ ਦਾ ਰਹਿਣ ਵਾਲਾ ਸੀ। ਉਸਦਾ ਸਬੰਧ ਉਸ ਜਲਾਦ ਨਾਲ ਸੀ, ਜਿਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ। ਗੁਰੂ ਜੀ ਦੇ ਜਿਸਮ ਨੂੰ ਜਨਤਾ ਦੇ ਵੇਖਣ ਲਈ ਛੱਡ ਦਿੱਤਾ ਗਿਆ। ਪਰ ਗੁਰੂ ਜੀ ਦੇ ਸਿਰ ਨੂੰ ਭਾਈ ਨਾਨੂੰ, ਭਾਈ ਉਡ ਅਤੇ ਭਾਈ ਜੈਤਾ ਨੇ ਆਪਣੇ ਕੋਲ ਰੱਖ ਲਿਆ ਅਤੇ ਯਾਤਰਾ ਕਰਕੇ 15 ਨਵੰਬਰ 1675 ਨੂੰ ਕੀਰਤਪੁਰ ਪਹੁੰਚਾ ਦਿੱਤਾ। 16 ਸਤੰਬਰ 1675 ਨੂੰ ਅਨੰਦਪੁਰ ਸਾਹਿਬ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ, ਜਿੱਥੇ ਅੱਜ ਵੀ ਸੀਸ ਗੰਜ ਗੁਰਦਵਾਰਾ ਹੈ। ਇਸੇ ਤਰ੍ਹਾਂ ਪਾਵਨ ਸਰੀਰ ਨੂੰ ਲੱਖੀ ਸ਼ਾਹ ਲੁਬਾਣਾ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਸੁਪਰਦੇ ਖਾਕ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਆਪਣੇ ਮਨਸੂਬੇ ਨਾਕਾਮਯਾਬ ਹੋਣ ਕਰਕੇ ਔਰੰਗਜ਼ੇਬ ਬਹੁਤ ਪ੍ਰੇਸ਼ਾਨ ਹੋਇਆ ਸੀ। ਕੁੱਝ ਹੀ ਮਹੀਨਿਆਂ ਪਿੱਛੋਂ 1676 ਵਿਚ ਮੁੱਖ ਕਾਜੀ ਅਬਦੁਲ ਵਹਾਬ ਫੌਤ ਹੋ ਗਿਆ ਤਾਂ ਉਸਦੇ ਪੁੱਤਰ ‘ਮੁਖ ਕਾਜ਼ੀ ਸ਼ੇਖ਼ ਉਲ ਇਸਲਾਮ ਨੇ ਐਲਾਨ ਕੀਤਾ ਕਿ ਉਹ ਉਸਦੇ ਪਿਤਾ ਵੱਲੋਂ ਨਜ਼ਾਇਜ਼ ਤਰੀਕੇ ਨਾਲ ਇਕੱਠੇ ਕੀਤੇ 33 ਲੱਖ ਰੁਪਏ ਗਰੀਬਾਂ, ਫਕੀਰਾਂ ’ਚ ਵੰਡ ਦੇਵੇਗਾ। ਇਹ ਔਰੰਗਜ਼ੇਬ ਦੇ ਇਸਲਮੀ ਰਾਜ ਦੀ ਤਸਵੀਰ ਸੀ। ਖੁਦ ਔਰੰਗਜ਼ੇਬ ਨੇ ਮਰਨ ਵੇਲੇ ਆਪਣੇ ਪੁੱਤਰ ਕਾਮ ਬਖਸ਼ ਨੂੰ ਖ਼ਤ ਲਿਖਿਆ ਸੀ ਕਿ ਉਸਨੇ ਬਹੁਤ ਪਾਪ ਕੀਤੇ ਹਨ ਅਤੇ ਉਸਨੂੰ ਮੌਤ ਨੇੜੇ ਨਜ਼ਰ ਆ ਰਹੀ ਹੈ। ਔਰੰਗਜ਼ੇਬ ਗੁਰੂ ਜੀ ਨੂੰ ਰਾਜਨੀਤਕ ਦੁਸ਼ਮਣ ਸਮਝਦਾ ਸੀ ਨਾ ਕਿ ਧਾਰਮਿਕ ਨੇਤਾ।
ਸ਼ਹਾਦਤ- ਮਨੁੱਖੀ ਅਧਿਕਾਰਾਂ ਲਈ ਸੁਨੇਹਾ
ਸ਼ਹਾਦਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿਚ ਇਸ ਤਰ੍ਹਾਂ ਪੇਸ਼ ਕੀਤਾ :
ਸੀਸ ਦੀਆ ਪਰ ਸਿਰਰ ਨ ਦੀਆ।
ਭਾਵ ਗੁਰੂ ਜੀ ਨੇ ਸੀਸ ਤਾਂ ਵਾਰ ਦਿੱਤਾ ਪਰ ਆਪਣੀ ਨਿਸ਼ਠਾ, ਇਰਾਦਾ ਨਹੀਂ ਵਾਰਿਆ
ਠੀਕਰ ਫੋਰਿ ਦਿਲੀਸ ਸਿਰਿ ਪ੍ਰਭੂ ਪੁਰਿ ਕੀਯਾ ਪਯਾਨਾ।
ਭਾਵ ਔਰੰਗਜ਼ੇਬ ਪੱਥਰ ਤੇ ਸਿਰ ਮਾਰ ਕੇ ਸ਼ਹਾਦਤ ਦਿੱਤੀ
ਗੁਰ ਗੋਬਿੰਦ ਸਿੰਘ ਜੀ ਮੁਤਾਬਕ ਔਰੰਗਜ਼ੇਬ ਗੈਰ ਇਸਲਾਮੀ ਬਾਦਸ਼ਾਹ ਸੀ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਡਰ ਤੋਂ ਮੁਕਤੀ ਦਾ ਸੰਦੇਸ਼ ਅਤੇ ਮਨ ਨੂੰ ਲੋਭ ਮੋਹ ਤੋਂ ਦੂਰ ਰੱਖਣ ਦਾ ਆਦੇਸ਼ ਹੈ। ਗੁਰੂ ਜੀ ਮੁਤਾਬਕ ਰਾਜਨੀਤਕ ਤਾਕਤ ਇਕ ਭੁਲੇਖਾ ਹੈ ਅਤੇ ਰੇਤ ਦੀ ਕੰਧ ਹੈ। ਇਤਿਹਾਸਕਾਰ ਜੇ.ਐਸ. ਗਰੇਵਾਲ ਮੁਤਾਬਕ ਗੁਰੂ ਜੀ ਭਰੋਸੇ ਦੇ ਪੈਗੰਬਰ ਹਨ। ਸੁਰਜੀਤ ਹਾਂਸ ਮੁਤਾਬਕ ਗੁਰੂ ਜੀ ਦੀ ਬਾਣੀ ‘ਚ ਸ਼ਹਾਰਤ ਦੀ ਭਵਿੱਖਬਾਣੀ ਦਰਜ ਹੈ। ਇਹ ਸ਼ਹਾਦਤ ਸਾਰੇ ਮਨੁੱਖਾਂ ਦੇ ਮਨੁੱਖੀ ਅਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਵਾਸਤੇ ਦਿੱਤੀ ਗਈ ਸੀ। ਸਿੱਖ ਧਰਮ ਭਾਵੇਂ ਜਨੇਊ ਪਾਉਣ ਦੇ ਹੱਕ ਵਿਚ ਨਹੀਂ ਸੀ, ਪਰ ਇਸ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਸੀ, ਜਿਨ੍ਹਾਂ ਚੋਂ ਸ਼ਹਾਦਤ ਸਭ ਤੋਂ ਬੁਲੰਦ ਰੁਤਬਾ ਹੈ। ਗੁਰੂ ਜੀ ਮੁਤਾਬਕ :
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
ਭਾਵ ਕਿਸੇ ਨੂੰ ਡਰਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਡਰਨਾ ਚਾਹੀਦਾ ਹੈ। ਇਹ ਸੁਨੇਹਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਜਬਰ ਦੀ ਨੀਤੀ ਬਾਰੇ ਗੁਰੂ ਜੀ ਦੀ ਸੋਚ ਨੂੰ ਸਪੱਸ਼ਟ ਕਰਦਾ ਹੈ। ਮੱਧਕਾਲ ’ਚ ਜਿਸਦੀ ਲਾਠੀ ਉਸਦੀ ਭੈਂਸ ਵਾਲੀ ਸੋਚ ਹਾਵੀ ਸੀ। ਪਰ ਗੁਰੂ ਜੀ ਦੀ ਸੋਚ ਨਵੀਂ ਅਤੇ ਆਧੁਨਿਕ ਸੀ, ਜਿਸ ’ਚ ਮਨੁੱਖੀ ਕਦਰਾਂ-ਕੀਮਤਾਂ ਪ੍ਰਮੁੱਖ ਸਨ ਯਾਨੀ ਹਰ ਧਰਮ ਨੂੰ ਮੰਨਣ ਦੀ ਆਜ਼ਾਦੀ ਅਤੇ ਬਰਾਬਰਤਾ ਹੋਣੀ ਜ਼ਰੂਰੀ ਹੈ ਮਨੁੱਖਤਾ ਅਹਿਮ ਹੈ ਅਤੇ ਸੱਤਾ, ਤਾਕਤ ਵਕਤੀ ਹਨ। ਇਹ ਸੋਚ ਨੂੰ ਯੂ.ਐਨ. ਓ. ਨੇ 1945-46 ਦੇ ਮਨੁੱਖੀ ਅਧਿਕਾਰਾਂ ਦੇ ਚਾਰਟਰ ਰਾਹੀਂ ਪੇਸ਼ ਕੀਤਾ ਹੈ, ਕਿਉਂਕਿ ਦੂਜੀ ਸੰਸਾਰ ਜੰਗ (1939-45) ਦੌਰਾਨ ਮਨੁੱਖੀ ਅਧਿਕਾਰਾਂ ਦੀ ਵੱਡੀ ਪੱਧਰ ’ਤੇ ਉਲੰਘਣਾ ਕੀਤੀ ਸੀ। ਅੱਜ ਦੇ ਸੰਸਾਰ ਵਿਚ ਆਪਹੁਦਰਾਪਨ ਅਤੇ ਮਨੁੱਖਤਾ ਵਿਰੋਧੀ ਨਿੱਜੀ ਸਵਾਰਥ ਹਾਵੀ ਹੋ ਰਹੇ ਹਨ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਰਾਹੀਂ ਅਸੀਂ ਮਨੁੱਖੀ ਕਦਰਾਂ-ਕੀਮਤਾਂ ਨੂੰ ਮਾਨਤਾ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਪ੍ਰੋਫੈਸਰ ਅਤੇ ਮੁਖੀ (ਸੇਵਾ ਮੁਕਤ), ਇਤਿਹਾਸ ਵਿਭਾਗ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਕੁੱਝ ਪਹਿਲੂ