ਇਜ਼ਰਾਇਲ ਦੇ ਵਿੱਤ ਮੰਤਰੀ ਦੀ ਭਾਰਤ ਫੇਰੀ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਇਜ਼ਰਾਇਲ ਦੇ ਵਿੱਤ ਮੰਤਰੀ ਬੇਜਾ ਲੇਲ ਸਮੋਟਰਿਚ ਦੀ ਭਾਰਤ ਫੇਰੀ ਦੇ ਵਿਰੋਧ ’ਚ 10 ਸਤੰਬਰ ਨੂੰ ਪੰਜਾਬ ਭਰ ’ਚ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜੰਗਾਂ ਦੀ ਭਿਆਨਕਤਾ ਤੋਂ ਜਾਗਰੂਕ, ਅਮਨ ਪਸੰਦ ਸਹਿਰੀਆਂ ਕੀਤੇ ਜਾ ਰਹੇ ਉਕਤ ਪ੍ਰਦਰਸ਼ਨਾਂ ’ਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਜ਼ੋਰਦਾਰ ਅਪੀਲ ਕੀਤੀ। ਇਸ ਸੱਦੇ ਤਹਿਤ ਸੂਬੇ ਭਰ ਵਿੱਚ ਜਲੰਧਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਬਠਿੰਡਾ,ਬਰਨਾਲਾ ਆਦਿ ਥਾਵਾਂ ’ਤੇ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ।
ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨਾਂ ਨੂੰ ‘ਫਰੰਟ’ ’ਚ ਸਾਮਲ ਪਾਰਟੀਆਂ ਤੇ ਜੱਥੇਬੰਦੀਆਂ ਦੇ ਆਗੂਆਂ ਸਰਵ ਸ੍ਰੀ ਬੰਤ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ, ਅਜਮੇਰ ਸਿੰਘ, ਕੰਵਲਜੀਤ ਖੰਨਾ, ਕਿਰਨਜੀਤ ਸੇਖੋਂ, ਅਤੇ ਆਰਐਮਪੀਆਈ ਦੇ ਸੂਬਾਈ ਆਗੂ ਰਤਨ ਸਿੰਘ ਰੰਧਾਵਾ, ਪਰਗਟ ਸਿੰਘ ਜਾਮਾਰਾਏ, ਪ੍ਰੋ. ਜੈਪਾਲ ਸਿੰਘ, ਮਹੀਪਾਲ, ਡਾ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਇਜ਼ਰਾਇਲ ਨੇ ਸਾਮਰਾਜੀ ਜੁੰਡਲੀ ਦੇ ਥਾਪੜੇ ਨਾਲ ਸਾਰੇ ਮਾਨਵੀ ਅਤੇ ਜੰਗੀ ਅਸੂਲਾਂ ਦੀ ਘੋਰ ਉਲੰਘਣਾ ਕਰਦਿਆਂ ਵਿਸ਼ਵ ਦੇ ਨਕਸ਼ੇ ਤੋਂ ਫ਼ਲਸਤੀਨ ਦੀ ਹੋਂਦ ਮਿਟਾਉਣ ਅਤੇ ਦੇਸ਼ ਦੀ ਸਮੁੱਚੀ ਵਸੋਂ ਦੀ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਹੋਈ ਹੈ। ਬਾਹਰੋਂ ਜਾਣ ਵਾਲੀ ਮਾਨਵੀ ਸਹਾਇਤਾ, ਖਾਸ ਕਰਕੇ ਖੁਰਾਕੀ ਵਸਤਾਂ, ਦਵਾਈਆਂ, ਪਾਣੀ ਆਦਿ ’ਤੇ ਵੀ ਰੋਕਾਂ ਲਾਈਆਂ ਹੋਈਆਂ ਹਨ। ਸਕੂਲਾਂ, ਹਸਪਤਾਲਾਂ, ਸਰਨਾਰਥੀ ਕੈਂਪਾਂ ’ਤੇ ਵਿਉਂਤਬੱਧ ਹਮਲੇ ਤੇ ਬੰਬਾਰੀ ਕੀਤੀ ਜਾ ਰਹੀ ਹੈ। ਬੱਚੇ, ਔਰਤਾਂ, ਬਜ਼ੁਰਗ ਤੇ ਇਜ਼ਰਾਇਲ-ਅਮਰੀਕਾ ਜੰਗਬਾਜ਼ ਜੁੰਡਲੀ ਦੇ ਕਾਲੇ ਕਾਰਨਾਮੇ ਬੇਪਰਦ ਵਾਲੇ ਪੱਤਰਕਾਰ ਇਨ੍ਹਾਂ ਘਾਤਕ ਹਮਲਿਆਂ ਦਾ ਉਚੇਚਾ ਨਿਸ਼ਾਨਾ ਬਣਾਏ ਜਾ ਰਹੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਨਾ ਕੇਵਲ ‘ਇੰਟਰਨੈਸ਼ਨਲ ਕੋਰਟ ਆਫ ਜਸਟਿਸ’ ਨੇ ਜੰਗੀ ਅਪਰਾਧੀ ਐਲਾਨਿਆ ਹੋਇਆ ਹੈ, ਬਲਕਿ ਇਨ੍ਹਾਂ ਘਿਨਾਉਣੇ ਕਾਰਨਾਮਿਆਂ ਖ਼ਿਲਾਫ਼ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਵੱਖੋ-ਵੱਖ ਸ਼ਹਿਰਾਂ ’ਚ ਲੱਖਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਹਨ। ਇੱਥੋਂ ਤੱਕ ਕਿ ਇਜ਼ਰਾਇਲ ਅੰਦਰ ਵੀ ਲੋਕ ਜੰਗਬੰਦੀ ਲਈ ਸੜਕਾਂ ’ਤੇ ਉੱਤਰੇ ਹਨ। ਨੇਤਨਯਾਹੂ ਚੋਣਾਂ ’ਚ ਲੋਕਾਂ ਦਾ ਸਾਹਮਣਾ ਕਰਨੋਂ ਬਚਣ ਤੇ ਆਪਣੇ ਭਿ੍ਰਸ਼ਟ ਕਾਰਨਾਮਿਆਂ ਨੂੰ ਢੱਕਣ ਲਈ ਜੰਗ ਜਾਰੀ ਰੱਖਣ ਲਈ ਬਜ਼ਿੱਦ ਹੈ।
ਇਸ ਹਾਲਾਤ ’ਚ ਇਜ਼ਰਾਇਲੀ ਵਿੱਤ ਮੰਤਰੀ ਦੀ ਭਾਰਤ ਫੇਰੀ ਤੇ ਮੋਦੀ ਸਰਕਾਰ ਵੱਲੋਂ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰਕ ਸਬੰਧ ਮਜ਼ਬੂਤ ਬਨਾਉਣ ਲਈ ਗੱਲਬਾਤ ਕਰਨੀ ਮਨੁੱਖਤਾ ਦੇ ਕਾਤਲ ਜੰਗਬਾਜ਼ਾਂ ਦੇ ਅਪਰਾਧਿਕ ਮਨਸੂਬਿਆਂ ਦੀ ਪੁਸ਼ਤ ਪਨਾਹੀ ਕਰਨਾ ਹੈ। ਇਥੇ ਇਹ ਵੀ ਯਾਦ ਰੱਖਣ ਯੋਗ ਹੈ ਕਿ ਯੂ.ਐਨ.ਓ. ਵਿੱਚ ਪੇਸ਼ ਕੀਤੇ ਗਏ ਜੰਗਬੰਦੀ ਦੇ ਮਤਿਆਂ ਦੇ ਹੱਕ ’ਚ ਵੋਟ ਪਾਉਣ ਦੀ ਬਜਾਇ ਮੋਦੀ ਸਰਕਾਰ ਨੇ ਗੈਰ-ਹਾਜ਼ਰ ਰਹਿਣ ਨੂੰ ਤਰਜੀਹ ਦੇਣ ਦੀ ਅਤਿ ਨਿੰਦਣਯੋਗ ਪਹੁੰਚ ਲਈ ਸੀ। ਹੁਣ ਦੁਵੱਲੀ ਵਾਰਤਾ ਰਾਹੀਂ ਇਜ਼ਰਾਇਲ ਨਾਲ ਸਬੰਧ ਹੋਰ ਮਜ਼ਬੂਤ ਕਰਨ ਵੱਲ ਵੱਧਣਾ ਦਰ ਹਕੀਕਤ ਫ਼ਲਸਤੀਨੀਆਂ ਦੇ ਵਿਰੋਧ ’ਚ ਭੁਗਤਣਾ ਹੈ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਖੱਬੀਆਂ ਪਾਰਟੀਆਂ ਵੱਲੋਂ ਡੇਰਾ ਬਾਬਾ ਨਾਨਕ ’ਚ ਹੜਾਂ ਦੇ ਮੁਆਵਜ਼ੇ ਲਈ ਰੈਲੀ ਤੇ ਪ੍ਰਦਰਸ਼ਨ
ਖੱਬੀਆਂ ਪਾਰਟੀਆਂ, ਸੀਪੀਆਈ, ਸੀਪੀਆਈ (ਐਮ), ਆਰ. ਐਮ.ਪੀ.ਆਈ. ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿਖੇ ਹੜ੍ਹ ਪੀੜਤਾਂ ਦੇ ਹੱਕ ਵਿੱਚ ਰੈਲੀ ਕਰਕੇ ਮੁੱਖ ਮੰਤਰੀ ਦੇ ਨਾਂ ਐਸਡੀਐਮ ਡੇਰਾ ਬਾਬਾ ਨਾਨਕ ਨੂੰ 8 ਮੰਗਾਂ ਦਾ ਮੰਗ ਚਾਰਟਰ ਦਿੱਤਾ ਗਿਆ। ਪ੍ਰਧਾਨਗੀ ਅਸ਼ਵਨੀ ਕੁਮਾਰ ਲੱਖਣ ਕਲਾਂ, ਜਰਨੈਲ ਸਿੰਘ ਬਟਾਲਾ, ਅਵਤਾਰ ਸਿੰਘ ਠੱਠਾ ਅਤੇ ਨਰਿੰਦਰ ਸਿੰਘ ਡੇਰਾ ਬਾਬਾ ਨਾਨਕ ਵੱਲੋਂ ਕੀਤੀ ਗਈ। ਗੁਲਜ਼ਾਰ ਸਿੰਘ ਬਸੰਤਕੋਟ, ਰਣਬੀਰ ਸਿੰਘ ਵਿਰਕ, ਮਾਸਟਰ ਰਘਬੀਰ ਸਿੰਘ ਪਕੀਵਾਂ, ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਐਲਾਨੇ ਗਏ ਮੁਆਵਜ਼ੇ ਨੂੰ ਤੁਸ ਅਤੇ ਅਧੂਰਾ ਐਲਾਨ ਕਿਹਾ। ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਇਹ ਦਾਅਵਾ ਠੋਕਤਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਆਫਤਾਂ ਤੋਂ ਪੀੜਿਤ ਕਿਸਾਨਾਂ ਨੂੰ ਦੇਸ਼ ਵਿੱਚ ਸਭ ਤੋ ਵਧੇਰੇ ਫੀ ਏਕੜ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੰਦੀ ਸੀ ਅਤੇ ਹੁਣ ਜਦੋ ਭਗਵੰਤ ਮਾਨ ਦੀ ਆਪਣੀ ਪੰਜਾਬ ਵਿੱਚ ਸਰਕਾਰ ਚੱਲ ਰਹੀ ਹੈ ਤਾਂ ਕਿਸਾਨਾਂ ਦੀ 100 ਫੀਸਦੀ ਬਰਬਾਦ ਹੋਈ ਝੋਨੇ ਦੀ ਫ਼ਸਲ ਲਈ ਕੇਵਲ 20 ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ ਹੈ, ਡੇਰਾ ਬਾਬਾ ਨਾਨਕ ਖੇਤਰ ਵਿੱਚ ਕਰੀਬ 3000 ਏਕੜ ਗੋਭੀ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ ਪਰ ਗੋਭੀ ਦੀ ਫ਼ਸਲ ਸਮੇਤ ਮੁਰਗੀਆਂ, ਮੱਛੀ ਧਾਰਕਾਂ ਅਤੇ ਤਰ੍ਹਾਂ-ਤਰ੍ਹਾਂ ਦੀ ਪਿੰਡਾਂ ਵਿੱਚ ਦਸਤਕਾਰੀ ਕਰ ਰਹੇ ਪਰਿਵਾਰਾਂ ਲਈ ਕੁੱਝ ਵੀ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਗਰੀਬਾਂ ਦੇ ਢਹਿ ਚੁੱਕੇ ਅਤੇ ਢੈਣ ਦੀ ਹਾਲਤ ਵਿੱਚ ਖੜੇ੍ਹ ਮਕਾਨਾਂ ਲਈ ਸਰਕਾਰ ਨੇ ਕੋਈ ਨੀਤੀ ਐਲਾਨ ਕੀਤੀ ਹੈ। ਆਗੂਆਂ ਐਸਡੀਐਮ ਡੇਰਾ ਬਾਬਾ ਨਾਨਕ ਨੂੰ 8 ਮੰਗਾਂ ਦੇ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਕਿਸਾਨੀ ਦੀ ਫਸਲ ਦਾ ਫੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਇਸ ਔਖੇ ਸਮੇ ਪਰਿਵਾਰ ਚਲਾਉਣ ਲਈ ਪ੍ਰਤੀ ਪਰਿਵਾਰ 25 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇ, ਜਿਨਾਂ ਕਿਸਾਨਾਂ ਦੇ ਖੇਤਾਂ ਵਿੱਚ ਰੇਤ ਜਮ੍ਹਾਂ ਹੋ ਚੁੱਕੀ ਹੈ ਉਹਨਾਂ ਕਿਸਾਨਾਂ ਨੂੰ ਪੂਰਨ ਤੌਰ ’ਤੇ ਰੇਤ ਦਾ ਮਾਲਕ ਐਲਾਨਿਆ ਜਾਵੇ, ਮਰੇ ਹੋਏ ਪਸ਼ੂਆਂ ਦੇ ਮੁਆਵਜ਼ੇ ਦੀ ਰਕਮ ਤੈਅ ਕੀਤੀ ਜਾਵੇ, ਪਿੰਡਾਂ ਦੇ ਮਜ਼ਦੂਰਾਂ ਅਤੇ ਲੋੜਵੰਦ ਕਿਸਾਨਾਂ ਨੂੰ ਲਗਾਤਾਰ ਮਨਰੇਗਾ ਦਾ ਰੁਜ਼ਗਾਰ ਦਿੱਤਾ ਜਾਵੇ, ਖੱਬੇ ਪੱਖੀ ਆਗੂਆਂ ਨੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਲਈ ਦਿੱਤਾ ਗਿਆ 1600 ਕਰੋੜ ਰੁਪਏ ਦੇ ਰਾਹਤ ਪੈਕਜ ਨੂੰ ਰੱਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਅਤੇ ਧੱਕਾ ਕਰ ਰਹੀ ਹੈ।
ਰਿਪੋਰਟ : ਰਮੇਸ਼ ਚੰਦਰ
ਆਰ.ਐਮ.ਪੀ.ਆਈ. ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੁਆਉਣ ਲਈ ਮੁਜ਼ਾਹਰੇ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਹੜ੍ਹ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਲਈ ਅੱਜ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ’ਤੇ ਜ਼ੋਰਦਾਰ ਧਰਨੇ ਮਾਰੇ ਗਏ ਤੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ। ਮੁਜ਼ਾਹਰਾਕਾਰੀ, ਹੜ੍ਹਾਂ ਦੀ ਅਗਾਊਂ ਰੋਕ-ਥਾਮ ਕਰਨ ਪੱਖੋਂ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦੀ ਮੁਜ਼ਰਮਾਨਾ ਅਣਗਹਿਲੀ ਤੇ ਹੜ੍ਹ ਪੀੜਤਾਂ ਪ੍ਰਤੀ ਹਕੂਮਤਾਂ ਦੀ ਸਿਰੇ ਦੀ ਸੰਵੇਦਨਹੀਨਤਾ ਖਿਲਾਫ਼ ਜਬਰਦਸਤ ਨਾਅਰਿਆਂ ਰਾਹੀਂ ਤਿੱਖਾ ਰੋਸ ਪ੍ਰਗਟਾਅ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਰਕਾਰਾਂ ਨੇ ਮੁਆਵਜ਼ੇ ਦੀ ਨਿਗੂਣੀ ਰਕਮ ਐਲਾਨ ਕੇ ਹੜ੍ਹ ਪੀੜਤਾਂ ਦੇ ਜਖਮਾਂ ’ਤੇ ਲੂਣ ਭੁੱਕਣ ਵਾਲਾ ਭੱਦਾ ਮਜ਼ਾਕ ਕੀਤਾ ਹੈ। ਮੁਜ਼ਾਹਰਾਕਾਰੀਆਂ ਦੀ ਅਗਵਾਈ ਕਰ ਰਹੀਆਂ ਪਾਰਟੀ ਦੀਆਂ ਜ਼ਿਲ੍ਹਾ ਤੇ ਤਹਿਸੀਲ ਕਮੇਟੀਆਂ ਨੇ ਅਧਿਕਾਰੀਆਂ ਰਾਹੀਂ ਮੋਦੀ-ਮਾਨ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜੇ ਹਨ। ਹਕੂਮਤਾਂ ਨੂੰ ਭੇਜੇ ਗਏ ਇਕ ਵੱਖਰੇ ਮੰਗ ਪੱਤਰ ਰਾਹੀਂ ਪ੍ਰਵਾਸੀ ਬਨਾਮ ਪੰਜਾਬੀ ਵਿਵਾਦ ਖੜ੍ਹਾ ਕਰਕੇ ਦੇਸ਼ ਭਰ ’ਚ ਭਰਾ ਮਾਰੂ ਜਿਹਾਦ ਭੜਕਾਉਣ ਵਾਲੇ ਅਨਸਰਾਂ ਨਾਲ ਕਰੜੇ ਹੱਥੀਂ ਸਿੱਝਣ ਦੀ ਮੰਗ ਕੀਤੀ ਗਈ ਹੈ।
ਸੂਬਾ ਕੇਂਦਰ ’ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਉਕਤ ਧਰਨੇ-ਮੁਜਾਹਰੇ ਜਲੰਧਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਸ਼੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਰੋਪੜ, ਸੰਗਰੂਰ, ਪਟਿਆਲਾ, ਬਰਨਾਲਾ ਦੇ ਡੀਸੀ ਦਫਤਰਾਂ ਅਤੇ ਅਬੋਹਰ ਤੇ ਸਰਦੂਲਗੜ੍ਹ ਦੇ ਐਸਡੀਐਮ ਦਫਤਰਾਂ ਸਾਹਵੇਂ ਕੀਤੇ ਗਏ ਹਨ। ਜਦਕਿ ਨਵਾਂ ਸ਼ਹਿਰ ਵਿਖੇ ਭਰਵੇਂ ਜਨਤਕ ਵਫਦ ਵਲੋਂ ਮੰਗ ਪੱਤਰ ਸੌਂਪਿਆ ਗਿਆ ਹੈ। ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਫੈਸਲੇ ਤਹਿਤ ਮਾਰੇ ਗਏ ਉਕਤ ਰੋਸ ਧਰਨਿਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਸੂਬਾਈ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰਾਨ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ ਤੇ ਪ੍ਰੋ. ਜੈਪਾਲ ਸਿੰਘ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਨੱਥਾ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਹੜ੍ਹ ਕੇਵਲ ਕੁਦਰਤੀ ਕਰੋਪੀ ਹੀ ਨਹੀਂ ਬਲਕਿ ਆਪਣਾ ਬਣਦਾ ਫਰਜ ਨਿਭਾਉਣ ਪੱਖੋਂ ਸਰਕਾਰਾਂ ਦੀ ਘੋਰ ਅਸਫਲਤਾ ਅਤੇ ਉੱਪਰ ਤੋਂ ਹੇਠਾਂ ਤੱਕ ਫੈਲੇ ਭਿ੍ਰਸਟਾਚਾਰ ਚੋਂ ਉਪਜੀ ਮਨੁੱਖ ਸਿਰਜੀ ਤਬਾਹੀ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਸਰਕਾਰ ਭਾਰੀ ਗਿਣਤੀ ਮੌਤਾਂ ਤੇ ਵਸੀਹ ਮਾਲੀ ਨੁਕਸਾਨ ਦੇ ਮੱਦੇਨਜ਼ਰ ਸੂਬੇ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਘੱਟੋ-ਘੱਟ 40 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਜਾਰੀ ਕਰੇ। ਉਨ੍ਹਾਂ ਮਿ੍ਰਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜਾ ਅਤੇ ਟੱਬਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ ਇਕੱਲੇ-ਇਕੱਲੇ ਪੀੜਤ ਨੂੰ ਬਣਦਾ ਮੁਆਵਜ਼ਾ ਦਿੱਤੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਸ਼ਹੀਦ ਸੋਹਣ ਸਿੰਘ ਢੇਸੀ ਦੀ 36ਵੀਂ ਬਰਸੀ ਮਨਾਈ
ਜੰਡਿਆਲਾ ਮੰਜਕੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਵੱਲੋਂ ਸ਼ਹੀਦ ਸੋਹਣ ਸਿੰਘ ਢੇਸੀ ਦੀ 36ਵੀਂ ਬਰਸੀ ਪਿੰਡ ਢੇਸੀਆਂ ਕਾਹਨਾ ਵਿੱਚ ਮਨਾਈ ਗਈ। ਬਰਸੀ ਦੇ ਆਰੰਭ ’ਚ ਮਾਰਚ ਕਰਦੇ ਹੋਏ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਸ਼ਹੀਦ ਢੇਸੀ ਦੀ ਯਾਦ ’ਚ ਜੋਸ਼ ਭਰੀ ਨਾਅਰੇਬਾਜ਼ੀ ਕਰਦਿਆਂ ਉਸ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਅਹਿਦ ਲਿਆ ਗਿਆ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਜਿੰਨਾ ਚਿਰ ਸਾਮਰਾਜ ਕਾਇਮ ਹੈ, ਉਨਾ ਚਿਰ ਸੰਸਾਰ ਭਰ ’ਚ ਅਮਨ ਦੀ ਗਾਰੰਟੀ ਨਹੀਂ ਹੋ ਸਕਦੀ, ਇਹ ਸਾਮਰਾਜ ਹੀ ਜੰਗਾਂ ਲਗਵਾਉਂਦਾ ਰਿਹਾ ਹੈ। ਅਜੋਕੇ ਦੌਰ ’ਚ ਅਮਰੀਕਨ ਸਾਮਰਾਜ ਨੇ ਮੋਦੀ ਨਾਲ ਮਿੱਤਰਤਾ ਵੀ ਰੱਖੀ ਹੋਈ ਹੈ ਅਤੇ ਭਾਰਤ ਖ਼ਿਲਾਫ਼ ਟੈਕਸ ਵੀ ਲਗਾਏ ਜਾ ਰਹੇ ਹਨ। ਪਾਸਲਾ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਿਹੜੇ ਸਮਝੌਤੇ ਕੀਤੇ ਜਾ ਰਹੇ ਹਨ, ਉਸ ਨਾਲ ਭਾਰਤ ਦੇ ਲੋਕਾਂ ਦਾ ਆਰਥਿਕ ਤੌਰ ’ਤੇ ਖਾਤਮਾ ਹੋ ਜਾਏਗਾ। ਮੋਦੀ ਵਲੋਂ ਜਿਹੜੀਆਂ ਨੀਤੀਆਂ ਖਾਸ ਕਰ ਘੱਟ ਗਿਣਤੀਆਂ ਦੇ ਖ਼ਿਲਾਫ਼ ਲਿਆਂਦੀਆਂ ਜਾ ਰਹੀਆਂ ਹਨ, ਉਸ ਨਾਲ ਦੇਸ ਭਰ ’ਚ ਬਦਅਮਨੀ ਫੈਲ ਰਹੀ ਹੈ। ਹੜ੍ਹ ਪੀੜਤਾਂ ਦੀ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰ ਨੇ ਬਾਂਹ ਨਹੀਂ ਫੜੀ। ਭਗਵੰਤ ਮਾਨ ਸਰਕਾਰ ਦੀ ਅਲੋਚਨਾ ਕਰਦੇ ਹੋਏ ਪਾਸਲਾ ਨੇ ਕਿਹਾ ਕਿ ਕਿਸੇ ਵੇਲੇ ਲੋਕ ਇਹ ਕਹਿੰਦੇ ਸਨ ਕਿ ਕਮਿਊਨਿਸਟਾਂ ਵਾਲਾ ਹੀ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਹੈ ਪਰ ਹੁਣ ਅਸਲੀਅਤ ਸਾਹਮਣੇ ਆ ਗਈ ਹੈ ਕਿ ਪੰਜਾਬ ਦੀ ਇਸ ਸਰਕਾਰ ਨੇ ਲੁੱਟ-ਖਸੁੱਟ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਨੇ ਵੀ ਸੰਬੋਧਨ ਕੀਤਾ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸਾਰਿਆਂ ਦਾ ਅੰਤ ’ਚ ਧੰਨਵਾਦ ਕੀਤਾ। ਸਮਾਗਮ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਬਨਾਰਸੀ ਦਾਸ ਅਤੇ ਕਾਮਰੇਡ ਰਾਣਾ ਨੇ ਕੀਤੀ। ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕੈਮਵਾਲਾ ਅਤੇ ਬੀਬੀ ਅਜਮੇਰ ਕੌਰ ਢੇਸੀ, ਬਖਸ਼ੀ ਪੰਡੋਰੀ, ਕੁਲਦੀਪ ਵਾਲੀਆ ਅਤੇ ਸ਼ਹੀਦ ਸੋਹਣ ਸਿੰਘ ਢੇਸੀ ਦੇ ਪੋਤਰੇ ਜਸਰਾਜ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ। ਸਟੇਜ ਦੀ ਕਾਰਵਾਈ ਮਨਜਿੰਦਰ ਸਿੰਘ ਢੇਸੀ ਨੇ ਚਲਾਈ।
ਰਿਪੋਰਟ: ਸ਼ਮਸ਼ੇਰ ਸਿੰਘ ਬਟਾਲਾ
19 ਸਤੰਬਰ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਨਫਰੰਸ
ਪਠਾਨਕੋਟ : 19 ਸਤੰਬਰ 1968 ਦੇ ਰੇਲਵੇ ਦੇ ਸ਼ਹੀਦਾਂ ਦੀ ਯਾਦ ਸਹੀਦੀ ਕਾਨਫਰੰਸ ਆਲ ਗੋਰਮਿੰਟ ਇੰਪਲਾਈਜ ਟ੍ਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਕਾਮਰੇਡ ਹਰਿੰਦਰ ਰੰਧਾਵਾ ਅਤੇ ਐਨਆਰਐਮਯੂ ਡਿਵੀਜ਼ਨਲ ਪ੍ਰਧਾਨ ਕਾਮਰੇਡ ਸੰਬਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਆਰੰਭ ’ਚ 19 ਸਤੰਬਰ ਦੇ ਸ਼ਹੀਦਾਂ ਅਤੇ ਹਾਲ ਹੀ ਵਿੱਚ ਆਏ ਹੜ੍ਹ ਆਫ਼ਤ ਵਿੱਚ ਮਾਰੇ ਗਏ ਸਾਥੀਆਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ। ਐਨ.ਆਰ.ਐਮ.ਯੂ. ਮੰਡਲ ਫਿਰੋਜ਼ਪੁਰ ਦੇ ਸਕੱਤਰ ਕਾਮਰੇਡ ਸ਼ਿਵ ਦੱਤ ਨੇ ਕਿਹਾ ਕਿ 19 ਸਤੰਬਰ 1968 ਨੂੰ ਮਜ਼ਦੂਰਾਂ ਅਤੇ ਰੇਲਵੇ ਕਰਮਚਾਰੀਆਂ ਦੇ ਡਿਊਟੀ ਘੰਟੇ ਨਿਸ਼ਚਿਤ ਕੀਤੇ ਗਏ ਸਨ। ਉਹ ਘੱਟੋ-ਘੱਟ ਉਜ਼ਰਤ ਅਤੇ ਬੋਨਸ ਦੀ ਮੰਗ ਨੂੰ ਲੈ ਕੇ ਸਨ, ਪਰ ਉਸ ਸਮੇਂ ਦੀ ਸਰਕਾਰ ਨੇ 927 ਗੋਲੀਆ ਚਲਾਈਆ, ਜਿਸ ਵਿੱਚ ਪੰਜ ਸਾਥੀ ਸ਼ਹੀਦ ਹੋ ਗਏ ਅਤੇ ਲਗਭਗ 30 ਹੜਤਾਲੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਰੇਲਵੇ ਦੀਆ ਭਿਆਨਕ ਸਥਿਤੀਆਂ, ਸਟਾਫ ਦੀ ਘਾਟ, ਰੇਲਵੇ ਕਲੋਨੀਆਂ ਦੀ ਤਰਸਯੋਗ ਹਾਲਤ ਅਤੇ ਪਾਣੀ ਦੀਆਂ ਸਮੱਸਿਆਵਾਂ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਅਤੇ ਉੱਤਰੀ ਰੇਲਵੇਮੈਨ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਘਰਸ਼ ਅਤੇ ਸੰਕਲਪ ਰੇਲਵੇ ਕਰਮਚਾਰੀਆਂ ਦੇ ਅਧਿਕਾਰਾਂ ਅਤੇ ਹਿੱਤਾ ਦੀ ਰੱਖਿਆ ਲਈ ਹੈ। ਉਨ੍ਹਾਂ ਕਿਹਾ ਕਿ ਚੁਣੋਤੀਆ ਘੱਟ ਨਹੀਂ ਹਨ ਪਰ ਕਈ ਮੋਰਚਿਆ ’ਤੇ ਸਫਲਤਾ ਪ੍ਰਾਪਤ ਕੀਤੀ ਗਈ ਹੈ। ਸੀਟੀਯੂ ਦੇ ਉਪ ਪ੍ਰਧਾਨ ਅਤੇ ਜਮਹੂਰੀ ਲਹਿਰ ਦੇ ਉਘੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਿਹਾ ਕਿ ਦੇਸ਼ ਦੇ ਹਾਲਾਤ ਮਜ਼ਦੂਰ ਵਰਗ ਦੇ ਹੱਕ ਵਿਚ ਨਹੀ ਹਨ। ਮੌਜੂਦਾ ਸਰਕਾਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ’ਤੇ ਕੀਤੀ ਗਈ ਕਾਰਵਾਈ ਨਿੰਦਣਯੋਗ ਹੈ। ਜੋਨਲ ਪ੍ਰਧਾਨ ਕਾਮਰੇਡ ਐਸਕੇ ਤਿਆਗੀ ਨੇ ਕਿਹਾ ਕਿ ਸਾਨੂੰ ਰੇਲਵੇ ਸਾਹਮਣੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕਜੁੱਟ ਹੋਣ ਦੀ ਲੋੜ ਹੈ। ਲਖਬੀਰ ਸਿੰਘ, ਵਰਕਸ਼ਾਪ ਡਿਵੀਜ਼ਨ ਦੇ ਡਿਵੀਜ਼ਨਲ ਪ੍ਰਧਾਨ ਕਿ੍ਰਸਨ ਕੁਮਾਰ ਪਹਿਲਵਾਨ, ਬਿ੍ਰਜ ਡਿਵੀਜਨ ਦੇ ਪ੍ਰਧਾਨ ਮਹਾਵੀਰ ਪ੍ਰਸਾਦ, ਓਬੀਸੀ ਦੇ ਡਿਵੀਜ਼ਨਲ ਸਕੱਤਰ ਬਿ੍ਰਜੇਸ ਕੁਮਾਰ, ਪੁਆਇੰਟਸਮੈਨ ਐਸੋਸੀਏਸ਼ਨ ਦੇ ਡਿਵੀਜ਼ਨਲ ਸਕੱਤਰ ਸੰਜੀਵ ਕੁਮਾਰ, ਸੀਟੀਯੂ ਪੰਜਾਬ ਦੇ ਕਾਮਰੇਡ ਨੱਥਾ ਸਿੰਘ, ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਕਾਮਰੇਡ ਸ਼ਿਵ ਕੁਮਾਰ, ਘਰੇਲੂ ਮਜ਼ਦੂਰ ਯੂਨੀਅਨ ਦੇ ਮਾਸਟਰ ਸੁਭਾਸ ਸ਼ਰਮਾ, ਜਮਹੂਰੀ ਕਿਸਾਨ ਸਭਾ ਦੇ ਬਲਵੰਤ ਸਿੰਘ ਘੋਹ ਅਤੇ ਐਨਆਰਐਯੂ ਦੇ ਮੈਂਬਰਾਂ ਨੇ ਵੀ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ।
–ਰਮੇਸ਼ ਚੰਦਰ
ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਬਰਸੀ ਮਨਾਈ
ਜਗਰਾਓਂ : ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਬਰਸੀ ਦੇਸ਼ ਭਗਤ ਯਾਦਗਾਰ ਹਾਲ ਅੱਚਰਵਾਲ ਵਿਖੇ ਮਨਾਈ ਗਈ। ਸ਼ਰਧਾਂਜਲੀ ਸਮਾਗਮ ’ਚ ਵੱਡੀ ਗਿਣਤੀ ਲੋਕਾਂ, ਜਥੇਬੰਦੀਆਂ ਦੇ ਆਗੂ ਤੇ ਉਨ੍ਹਾ ਦੀਆਂ ਧੀਆਂ ਸਮੇਤ ਪਰਿਵਾਰ ਦੇ ਮੈਬਰਾਂ ਨੇ ਸ਼ਰਧਾਂਜਲੀ ਦਿੱਤੀ। ਕਾਮਰੇਡ ਅਮਰ ਸਿੰਘ ਅੱਚਰਵਾਲ, ਗ਼ਦਰੀ ਬਾਬੇ ਤੇ ਕੂਕਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੀਪੀਆਈ ਐਮ.ਐਲ. ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਸਦੇਵ ਸਿੰਘ ਲਲਤੋਂ ਨੇ ਕਿਹਾ ਸਰਕਾਰਾਂ ਹੜ੍ਹਾਂ ’ਚ ਲੋਕਾਂ ਦੀ ਮਦਦ ਕਰਨ ਦੀ ਜਗ੍ਹਾ ਇੱਕ ਦੂਜੇ ’ਤੇ ਦੇਸ਼ ਲਾ ਕੇ ਸਮਾਂ ਲੰਘਾ ਰਹੀਆ ਹਨ ਤੇ ਦੇਸ਼ ਦੇ ਲੋਕ ਹੀ ਲੋਕਾਂ ਦੀ ਬਾਂਹ ਫੜ ਰਹੇ ਹਨ। ਉਨ੍ਹਾ ਕਿਹਾ ਹੜ੍ਹਾਂ ਦੀ ਲਪੇਟ ’ਚ ਜਿਹੜੇ ਪਿੰਡ ਆਏ ਉਨ੍ਹਾ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ। ਉਨ੍ਹਾ ਕਿਹਾ ਕਿਸਾਨਾਂ-ਮਜ਼ਦੂਰਾ ਨੂੰ ਜਥੇਬੰਦੀਆ ’ਚ ਸ਼ਾਮਲ ਹੋਣਾ ਚਾਹੀਦਾ ਤੇ ਕਾਮਰੇਡ ਅਮਰ ਸਿੰਘ ਅੱਚਰਵਾਲ ਵਾਂਗ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਰੰਗਮੰਚ ਮਾਨਸਾ ਦੀ ਟੀਮ ਵੱਲੋਂ ਗਦਰੀ ਗੁਲਾਬ ਕੌਰ ਨੂੰ ਸਮਰਪਿਤ ਨਾਟਕ ਖੇਡਿਆ ਗਿਆ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਜਸਪ੍ਰੀਤ ਸਿੰਘ ਤੇ ਸਾਧੂ ਸਿੰਘ ਅੱਚਰਵਾਲ ਨੇ ਨਿਭਾਈ।
ਸਾਥੀ ਸ਼ਿੰਗਾਰਾ ਸਿੰਘ ਬੋਪਾਰਾਏ ਦੀ 8ਵੀਂ ਬਰਸੀ ਮਨਾਈ
ਗੁਰਾਇਆ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਸ਼ਿੰਗਾਰਾ ਸਿੰਘ ਬੋਪਾਰਾਏ ਦੀ 8ਵੀਂ ਬਰਸੀ ਪਿੰਡ ਬੋਪਾਰਾਏ ਵਿਖੇ ਮਨਾਈ ਗਈ। ਝੰਡਾ ਲਹਿਰਾਉਣ ਦੀ ਰਸਮ ਕੁਲਵੰਤ ਸਿੰਘ ਸੰਧੂ ਨੇ ਅਦਾ ਕੀਤੀ।
‘ਮੁਕਤ ਵਪਾਰ ਸਮਝੌਤਾ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਰਮਾਏਦਾਰੀ ਦੇ ਸੰਕਟ ਕਾਰਨ ਹੀ ਪਹਿਲੀ ਤੇ ਦੂਜੀ ਜੰਗ ਲੱਗੀ ਸੀ ਅਤੇ ਮੌਜੂਦਾ ਸਮੇਂ ਦੌਰਾਨ ਵੀ ਸੰਕਟ ਨੂੰ ਟਾਲਣ ਲਈ ਟੈਕਸ ਲਗਾਏ ਜਾ ਰਹੇ ਹਨ। ਦੁਨੀਆ ਭਰ ‘ਚ ਸਰਮਾਏਦਾਰੀ ਵਲੋਂ ਖੇਤੀ ’ਚੋਂ ਲੋਕਾਈ ਨੂੰ ਕੱਢ ਕੇ ਸ਼ਹਿਰਾਂ ਵੱਲ ਬੇਰੁਜ਼ਗਾਰਾਂ ਦੀ ਫੌਜ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੰਧੂ ਨੇ ਕਿਹਾ ਕਿ ਭਾਰਤ ਦੀ ਪੌਣੇ ਚਾਰ ਟਿ੍ਰਲੀਅਨ ਦੀ ਇਕਾਨਮੀ ਦੇ ਮੁਕਾਬਲੇ ਅਮਰੀਕਾ ਦੀ ਇੱਕੀ ਟਿ੍ਰਲੀਅਨ ਡਾਲਰ ਦੀ ਇਕਾਨਮੀ ਹੈ। ਭਾਰਤ ਨੂੰ ਦੂਜੇ ਦੇਸ਼ਾਂ ’ਤੇ ਨਿਰਭਰ ਰਹਿਣਾ ਪਵੇਗਾ ਜਦੋਂ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਹੁਣ ਵਿਸ਼ਵ ਤਾਕਤ ਬਣ ਗਿਆ ਹੈ। ਸੰਧੂ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਨਾਲ ਇਥੋਂ ਦੇ ਕਾਰੋਬਾਰ ਖਤਮ ਹੋਣ ਕੰਢੇ ਪੁੱਜ ਜਾਣਗੇ। ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਕੁਲਦੀਪ ਦੌੜਕਾ ਅਤੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕਰਦੇ ਹੋਏ ਸ਼ਿੰਗਾਰਾ ਸਿੰਘ ਬੋਪਾਰਾਏ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਸ਼ੀਤਲ ਬੰਗਾ ਤੇ ਕੁਲਦੀਪ ਵਾਲੀਆ ਨੇ ਕਵਿਤਾਵਾਂ ਪੇਸ਼ ਕੀਤੀਆਂ।
ਹੜ੍ਹ ਪੀੜਤ ਮਜ਼ਦੂਰਾਂ ਦੇ ਮੁਆਵਜ਼ੇ ਲਈ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਰਕਾਰਾਂ ਦੀ ਅਣਗਹਿਲੀ ਕਾਰਨ, ਪਾਣੀ ਨਾਲ ਆਫਰੇ ਨਦੀਆਂ ਨਾਲਿਆਂ ਵਲੋਂ ਮਚਾਈ ਤਬਾਹੀ ਨੇ ਜਿਥੇ ਪੰਜਾਬ ਦੇ ਦਰਿਆਵਾਂ ਵੇਈਆਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ ਉਥੇ ਭਾਰੀ ਬਾਰਸ਼ ਕਾਰਨ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਵੀ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਪਰ ਸੂਬਾ ਸਰਕਾਰ ਪੀੜਤਾਂ ਦੀ ਬਾਂਹ ਫੜਨ ਵਿਚ ਅਸਫਲ ਰਹੀ ਹੈ। ਸਾਂਝੇ ਮਜ਼ਦੂਰ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਹੜ੍ਹਾਂ/ਬਾਰਸ਼ਾਂ ਕਾਰਨ ਹੋਏ ਮਜ਼ਦੂਰਾਂ-ਕਿਸਾਨਾਂ ਦੇ ਅਤੇ ਆਮ ਲੋਕਾਂ ਦੇ ਭਾਰੀ ਨੁਕਸਾਨ ਦੀ ਭਰਪਾਈ ਲਈ 11-12 ਸਤੰਬਰ ਨੂੰ ਜ਼ਿਲ੍ਹਾ ਤੇ ਤਹਿਸੀਲ ਪੱਧਰਾਂ ’ਤੇ ਵਿਸ਼ਾਲ ਮੁਜ਼ਾਹਰੇ ਕਰਕੇ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਂਅ ਡਿਪਟੀ ਕਮਿਸ਼ਨਰਾਂ ਅਤੇ ਐੱਸ ਡੀ ਐੱਮਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ। ਸੂਬੇ ਭਰ ’ਚ ਜਲੰਧਰ, ਨਕੋਦਰ, ਫਿਲੌਰ, ਸ਼ਾਹਕੋਟ, ਬਾਬਾ ਬਕਾਲਾ ਸਾਹਿਬ, ਜੰਡਿਆਲਾ ਗੁਰੂ, ਤਰਨਤਾਰਨ ਸਾਹਿਬ, ਭਿੱਖੀਵਿੰਡ, ਗੁਰਦਾਸਪੁਰ, ਮੁਕਤਸਰ ਸਾਹਿਬ ਆਦਿ ਥਾਵਾਂ ’ਤੇ ਵਿਸ਼ਾਲ ਇਕੱਠ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ। ਸਰਵਸਾਥੀ ਦਰਸ਼ਨ ਨਾਹਰ ਸੂਬਾ ਪ੍ਰਧਾਨ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਹਰਮੇਸ਼ ਮਾਲੜੀ ਸੂਬਾ ਵਿੱਤ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ, ਮੁਕੇਸ਼ ਮਲੌਦ ਜੋਨਲ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਸੋਢੀ ਲਾਲ ਸੂਬਾ ਆਗੂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਜਰਨਲ ਸਕੱਤਰ ਦੇਵੀ ਕੁਮਾਰੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਂਜਲੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਵਰਾ, ਕਸ਼ਮੀਰ ਘੁਗਸ਼ੋਰ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਅਹੁਦੇਦਾਰਾਂ ਚਮਨ ਲਾਲ ਦਰਜਾਕੇ, ਅਮਰੀਕ ਸਿੰਘ ਦਾਊਦ, ਬਲਦੇਵ ਨੂਰਪੁਰੀ, ਸ਼ਮਸ਼ੇਰ ਸਿੰਘ ਬਟਾਲਾ, ਪਰਮਜੀਤ ਸਿੰਘ ਰੰਧਾਵਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਨਾਮ ਸਿੰਘ ਭਿੰਡਰ ਤੋਂ ਬਿਨਾਂ ਸੂਬਾਈ ਤੇ ਜ਼ਿਲ੍ਹਾ ਲੀਡਰਸ਼ਿਪ ਨੇ ਸੰਬੋਧਨ ਕੀਤਾ। ਆਗੂਆਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੀ ਮਾਰ ਨੂੰ ਕੁਦਰਤੀ ਕਰੋਪੀ ਗਰਦਾਨ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਪੰਜਾਬ ਵਿੱਚ ਹੜ੍ਹਾਂ ਨੂੰ ਕੌਮੀ ਆਫਤ ਐਲਾਨ ਕੇ ਵੱਡੇ ਰਾਹਤ ਪੈਕੇਜ਼ ਦਾ ਐਲਾਨ ਕੀਤਾ ਜਾਵੇ, ਹੜ੍ਹਾਂ ਕਾਰਨ ਜਾਨਾਂ ਗਵਾਉਣ ਵਾਲੇ ਇਨਸਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਮਰੇ ਡੰਗਰਾਂ ਲਈ ਪ੍ਰਤੀ ਪਸ਼ੂ ਇਕ ਲੱਖ ਰੁਪਏ, ਮਜ਼ਦੂਰਾਂ ਦੇ ਢਹਿ ਗਏ ਘਰਾਂ ਦੀ ਮੁੜ ਉਸਾਰੀ ਲਈ 15 ਲੱਖ ਰੁਪਏ ਅਤੇ ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ ਦੀ ਗਰਾਂਟ ਤੋਂ ਇਲਾਵਾ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦਿਹਾੜੀਆਂ ਲਈ 50000 ਰੁਪਏ ਪ੍ਰਤੀ ਪਰਿਵਾਰ ਦਿੱਤੇ ਜਾਣ। ਸਾਂਝੇ ਮੋਰਚੇ ਨੇ ਮੰਗ ਕੀਤੀ ਹੈ ਕਿ ਹੜ੍ਹਾਂ ਤੋਂ ਰੋਕਥਾਮ ਦੇ ਸਥਾਈ ਹੱਲ ਲਈ ਦਰਿਆਵਾਂ, ਵੇਈਆਂ, ਬਰਸਾਤੀ ਨਾਲਿਆਂ ਦੀ ਸਫਾਈ ਲਈ ਪੱਕੇ ਮੁਲਾਜ਼ਮ ਭਰਤੀ ਕੀਤੇ ਜਾਣ ਅਤੇ ਫੌਰੀ ਸਫਾਈ ਲਈ ਮਨਰੇਗਾ ਬਜਟ ਵਧਾ ਕੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਅਤੇ ਪ੍ਰਤੀ ਦਿਨ ਕੰਮ ਲਈ 700 ਰੁਪਏ ਦਿਹਾੜੀ ਦਿੱਤੀ ਜਾਵੇ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮਾਫ ਕੀਤੇ ਜਾਣ, ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਅਣਗਹਿਲੀ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਉਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ/ਰਮੇਸ਼ ਚੰਦਰ
ਮਨਰੇਗਾ ਵਰਕਰਜ਼ ਯੂਨੀਅਨ ਦੇ ਰੋਸ ਧਰਨੇ
ਮਾਹਿਲਪੁਰ : ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਥਾਨਕ ਬੀਡੀਪੀਓ ਦਫ਼ਤਰ ਅੱਗੇ ਬਲਾਕ ਪ੍ਰਧਾਨ ਸੁਰਿੰਦਰ ਕੌਰ ਮੁਗੋਵਾਲ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ ਵੱਡੀ ਗਿਣਤੀ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਬੀਡੀਪੀਓ ਅਵਤਾਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਸੂਬਾ ਕਨਵੀਨਰ ਦੀਪਕ ਤਲਵਾੜਾ,ਜੇਪੀਐੱਮਓ ਦੇ ਆਗੂ ਮਲਕੀਤ ਬਾਹੋਵਾਲ ਅਤੇ ਰਾਮ ਆਸਰਾ ਚੰਦੇਲੀ ਨੇ ਸੰਬੋਧਨ ਕੀਤਾ।
ਤਰਨ ਤਾਰਨ : ਭਾਰੀ ਬਾਰਿਸਾਂ ਨਾਲ ਮਜਦੂਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਸਬੰਧੀ ਮਨਰੇਗਾ ਵਰਕਰਜ਼ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾਂ ਦੇ ਘਰ ਢਹਿਣ, ਕੰਧਾਂ ਪਾਟਣ, ਬਾਲਿਆਂ ਵਾਲੀਆਂ ਛੱਤਾਂ ਚੋਣ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਵੱਖ-ਵੱਖ ਪਿੰਡਾਂ ਦੀਆਂ ਦਰਖਾਸਤਾਂ ਸਮੇਤ ਦਿੱਤਾ ਗਿਆ। ਅਗਵਾਈ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ, ਜਰਨੈਲ ਸਿੰਘ ਰਸੂਲਪੁਰ, ਦਾਰਾ ਸਿੰਘ ਮੁੰਡਾ ਪਿੰਡ, ਮੀਨਾ ਕੌਰ ਸਰਪੰਚ ਪਿੰਡ ਸੁਕਰਚੱਕ ਚੀਮਾ, ਕਮਲਜੀਤ ਸਿੰਘ ਨਾਗੋਕੇ ਨੇ ਕੀਤੀ।
ਬੰਗਾ : ਮਨਰੇਗਾ ਵਰਕਰਜ ਯੂਨੀਅਨ ਪੰਜਾਬ ਵਲੋਂ ਤਹਿਸੀਲ ਪੱਧਰੀ ਰੈਲੀ ਅਤੇ ਅਰਥੀ ਫੂਕ ਮੁਜ਼ਾਹਰਾ ਤਹਿਸੀਲ ਦਫ਼ਤਰ ਵਿਖੇ ਕੀਤਾ ਗਿਆ ਸੁਰਜੀਤ ਰਾਮ ਨੂਰਪੁਰ, ਮਹਿੰਦਰ ਪਾਲ ਖਾਨਖਾਨਾ, ਵਰਿੰਦਰ ਕੌਰ ਬਘੌਰਾ, ਲੱਛਮੀ, ਸਿਮਰੋ ਜਗਤਪੁਰ ਅਤੇ ਪਰਮਜੀਤ ਲਿੱਦੜ ਦੀ ਪ੍ਰਧਾਨਗੀ ਹੇਠ ਕੀਤੇ ਮੁਜ਼ਾਹਰੇ ਨੂੰ ਹਰਪਾਲ ਸਿੰਘ ਜਗਤਪੁਰ ਅਤੇ ਹਰੀਬਿਲਾਸ ਹੀਉਂ, ਕਰਨੈਲ ਚੰਦ ਚੱਕ ਬਿਲਗਾਂ, ਜਸਵੀਰ ਸਿੰਘ ਮੋਰੋਂ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ।
ਨਕੋਦਰ : ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐੱਸਡੀਐੱਮ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਲਗਾ ਕੇ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦੇ ਸੂਬਾ ਆਗੂ ਚਰਨਜੀਤ ਸਿੰਘ ਥੰਮੂਵਾਲ, ਵਿੱਕੀ ਬੀੜ ਬਾਲੋਕੀ, ਬਲਜਿੰਦਰ ਕੌਰ, ਰਾਧਾ, ਜਗਦੀਸ਼ ਕੌਰ, ਮਨੀ ਬਾਲੋਕੀ ਨੇ ਸੰਬੋਧਨ ਕੀਤਾ।
ਸ਼੍ਰੀ ਮੁਕਤਸਰ ਸਾਹਿਬ : ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਏਡੀਸੀ ਦਫ਼ਤਰ ਸਾਹਮਣੇ ਵਿਸ਼ਾਲ ਰੈਲੀ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਵੱਟੂ, ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪੱਧਰੀ ਆਗੂ ਕਾਰਜ ਸਿੰਘ ਗੁੜੀ ਸੰਘਰ, ਗੁਰਦੀਪ ਸਿੰਘ ਅਤੇ ਕਰਨਵੀਰ ਸਿੰਘ ਕਾਨਿਆਂ ਵਾਲੀ, ਸੁਖਦੇਵ ਸਿੰਘ ਸਾਬਕਾ ਮੈਂਬਰ ਪੰਨੀਵਾਲਾ ਫੱਤਾ ਅਤੇ ਗੁਰਵਿੰਦਰ ਸਿੰਘ ਧੂੜੀਆ ਨੇ ਸੰਬੋਧਨ ਕੀਤਾ। ਅੰਤ ਵਿੱਚ ਮੰਗ ਪੱਤਰ ਦਿੱਤਾ ਗਿਆ।
ਅਟਾਰੀ : ਬੀਡੀਪੀਓ ਬਲਾਕ ਦਫ਼ਤਰ ਅੱਗੇ ਧਰਨਾ ਲਾ ਕੇ ਮੰਗ ਪੱਤਰ ਭੇਜਿਆ ਗਿਆ। ਅਗਵਾਈ ਡਾ. ਬਲਵਿੰਦਰ ਸਿੰਘ ਛੇਹਰਾਟਾ, ਹਰਦੇਵ ਸਿੰਘ ਬਾਸਰਕੇ ਗਿੱਲਾਂ, ਅਮਰੀਕ ਕੌਰ, ਕਸ਼ਮੀਰ ਕੌਰ ਨੇ ਕੀਤੀ। ਮੰਗਲ ਸਿੰਘ ਟਾਂਡਾ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ ਪ੍ਰੇਮ ਚੰਦ ਨੇ ਜ਼ੋਰਦਾਰ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਦਾ ਬੰਦ ਪਿਆ ਕੰਮ ਤੁਰੰਤ ਚਾਲੂ ਕੀਤਾ ਜਾਵੇ। ਮਨਰੇਗਾ ਵਰਕਰਾ ਦੇ ਕਾਫੀ ਸਮੇਂ ਤੋਂ ਰੁਕੇ ਬਕਾਏ ਤੁਰੰਤ ਪਾਏ ਜਾਣ ਅਤੇ ਕਾਫੀ ਵਰਕਰਾਂ ਦੇ ਪਿਛਲੇ ਬਣਦੇ ਬੁਕਾਏ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣ ।
ਸਰਦੂਲਗੜ੍ਹ : ਮਨਰੇਗਾ ਵਰਕਰਜ਼ ਯੂਨੀਅਨ ਵੱਲੋ ਦਿੱਤੇ ਗਏ ਰੋਸ ਧਰਨਾ ਨੂੰ ਸਾਥੀ ਲਾਲ ਚੰਦ, ਆਤਮਾ ਰਾਮ ਨੇ ਸੰਬੋਧਨ ਕੀਤਾ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ/ਰਮੇਸ਼ ਚੰਦਰ
ਹੜ੍ਹਾਂ ਕਾਰਨ ਹੋਏ ਖਰਾਬੇ ਦੇ ਮੁਆਵਜ਼ੇ ਲਈ ਕਿਸਾਨਾਂ ਨੇ ਦਿੱਤੇ ਮੰਗ ਪੱਤਰ
ਜਮਹੂਰੀ ਕਿਸਾਨ ਸਭਾ ਪੰਜਾਬ ਹੜ੍ਹਾਂ ਕਾਰਨ ਹੋਏ ਖਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ/ਐੱਸਡੀਐੱਮ ਨੂੰ 9 ਸਤੰਬਰ ਨੂੰ ਸਾਰੇ ਪੰਜਾਬ ਦੇ ਜ਼ਿਲਿ੍ਹਆਂ/ਤਹਿਸੀਲਾਂ ਵਿੱਚ ਮੰਗ ਪੱਤਰ ਦਿੱਤੇ ਜਾਣ ਦੇ ਫੈਸਲੇ ਤਹਿਤ ਫਿਲੌਰ, ਨਕੋਦਰ, ਬਾਬਾ ਬਕਾਲਾ ਸਾਹਿਬ, ਅਜਨਾਲਾ, ਲੋਪੋਕੇ ,ਤਰਨਤਾਰਨ ਸਾਹਿਬ, ਖਡੂਰ ਸਾਹਿਬ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਆਦਿ ਥਾਵਾਂ ਤੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤੇ ਗਏ।
ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਹਰਪ੍ਰੀਤ ਬੁਟਾਰੀ, ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਰਘਬੀਰ ਸਿੰਘ ਬੈਨੀਪਾਲ, ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਮਨਹੋਰ ਗਿੱਲ, ਮਨਜੀਤ ਸਿੰਘ ਬੱਗੂ, ਹਰਜੀਤ ਸਿੰਘ ਕਾਹਲੋ, ਗੁਰਮੇਜ ਸਿੰਘ ਤਿੰਮੋਵਾਲ, ਬਲਰਾਜ ਸਿੰਘ ਕੋਟ ਉਮਰਾ,ਬਲਵੰਤ ਘੋਹ, ਕੁਲਵੰਤ ਸਿੰਘ ਮੱਲੂਨੰਗਲ ਆਗੂਆਂ ਨੇ ਇੱਕ ਮੱਤ ਹੋ ਕੇ ਆਖਿਆ ਕਿ ਇਹ ਹੜ੍ਹ ਕੁਦਰਤੀ ਆਫਤ ਘੱਟ ਹਨ, ਪਰ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਇਹਨਾਂ ਹੜ੍ਹਾਂ ਨੇ ਨੁਕਸਾਨ ਜ਼ਿਆਦਾ ਕੀਤਾ ਹੈ। ਇਸ ਲਈ ਇਹਨਾਂ ਹੜ੍ਹਾਂ ਨੂੰ ਸਰਕਾਰ ਵਲੋਂ ਕੀਤੀ ਗਈ ਅਣਗਹਿਲੀ ਮੰਨਿਆ ਜਾਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਪ੍ਰਤੀ ਏਕੜ 70000 ਰੁਪਏ ਅਤੇ ਗੰਨੇ ਲਈ ਪ੍ਰਤੀ ਏਕੜ ਲੱਖ ਰੁਪਏ ਜਾਰੀ ਕੀਤਾ ਜਾਵੇ। ਪੋਲਟਰੀ, ਡੇਅਰੀ, ਫਿਸਰੀ ਵਰਗੇ ਸਹਾਇਕ ਧੰਦਿਆਂ ਦੇ ਨੁਕਸਾਨ ਦੀ ਵੀ ਪੂਰਤੀ ਕੀਤੀ ਜਾਵੇ। ਜਾਨੀ ਨੁਕਸਾਨ ਲਈ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਪਸ਼ੂ 1 ਲੱਖ ਰੁਪਏ ਦਿੱਤਾ ਜਾਵੇ। ਘਰਾਂ ਦੇ ਨੁਕਸਾਨ ਲਈ ਪ੍ਰਤੀਘਰ 10 ਲੱਖ ਰੁਪਏ ਦਿੱਤਾ ਜਾਵੇ। ਮੁਆਵਜ਼ੇ ਵਿੱਚ ਕੋਈ ਵੀ ਮਾਲਕ ਤੇ ਆਬਾਦਕਾਰਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਉਹਨਾਂ ਆਖਿਆ ਕਿ ਇਸ ਮੌਕੇ ਕਿਸਾਨਾਂ ਤੋਂ ਕਰਜ਼ੇ ਦੀ ਵਸੂਲੀ ਰੋਕੀ ਜਾਵੇ ਅਤੇ ਹੜ੍ਹ ਪੀੜਤਾਂ ਲਈ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ। ਇਸ ਤਰਾਂ ਨਾਲ ਧਰਤੀ ਹੇਠਲਾ ਪਾਣੀ ਵੀ ਬਚੇਗਾ। ਦਰਿਆਵਾਂ, ਨਦੀਆਂ, ਨਹਿਰਾਂ ਦੇ ਬੰਨ ਨਵੀਂ ਤਕਨੀਕ ਨਾਲ ਬਣਾਏ ਜਾਣ ਤਾਂ ਜੋ ਉਹ ਟੁੱਟਣ ਨਾ ਅਤੇ ਨਦੀਆਂ ਵਿੱਚੋਂ ਮਿੱਟੀ ਅਤੇ ਰੇਤਾ ਹਟਾਉਣ ਲਈ ਮਾਈਨਿੰਗ ਦੇ ਅਧਿਕਾਰ ਮਾਲਕਾਂ ਜਾਂ ਆਬਾਦਕਾਰਾਂ ਨੂੰ ਮਿਲਣੇ ਚਾਹੀਦੇ ਹਨ। ਉਹਨਾਂ ’ਤੇ ਕੋਈ ਰੁਕਾਵਟ ਨਾ ਹੋਵੇ। ਉਨਾਂ ਆਖਿਆ ਕਿ ਖੇਤਾਂ ਵਿੱਚ ਹੜ੍ਹਾਂ ਕਾਰਨ ਰੁੜਕੇ ਆਈ ਮਿੱਟੀ, ਰੇਤ ਅਤੇ ਗਾਰੇ ਨੂੰ ਹਟਾਉਣ ਦੇ ਅਧਿਕਾਰ ਜ਼ਮੀਨ ਮਾਲਕਾਂ, ਕਾਸ਼ਤਕਾਰ ਜਾਂ ਅਬਾਦਕਾਰਾਂ ਦੇ ਕੋਲ ਹੋਣ। ਸਰਕਾਰ ਇਸ ਵਿੱਚ ਕੋਈ ਦਖ਼ਲ ਅੰਦਾਜ਼ੀ ਨਾ ਕਰੇ ਤਾਂ ਕਿ ਕਿਸਾਨ, ਕਾਸ਼ਤਕਾਰ, ਅਬਾਦਕਾਰ ਆਪਣੀ ਅਗਲੀ ਫ਼ਸਲ ਦੀ ਤਿਆਰੀ ਢੁਕਵੇ ਤਰੀਕੇ ਨਾਲ ਕਰ ਸਕਣ। ਹੜ੍ਹ ਪੀੜਤਾਂ ਦੀ ਮਦਦ ਲਈ ਸਾਰੇ ਪੰਜਾਬ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਹੜ੍ਹ ਪੀੜਤਾਂ ਲਈ ਜ਼ਰੂਰੀ ਸਮੱਗਰੀ, ਤੇਲ, ਬੀਜ, ਖਾਦਾਂ, ਦਵਾਈਆਂ ਤੇ ਪਸੂਆ ਲਈ ਤੂੜੀ, ਅਚਾਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿੰਦਿਆ ਕਰਦਿਆਂ ਕਿਹਾ ਕਿ ਜੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਮਾਂ ਰਹਿੰਦਿਆਂ ਇਹਨਾਂ ਹੜ੍ਹਾਂ ਦੀ ਰੋਕਥਾਮ ਲਈ ਯੋਗ ਉਪਰਾਲੇ ਕੀਤੇ ਹੁੰਦੇ ਤਾਂ ਅੱਜ ਪੰਜਾਬ ਨੂੰ ਇਹ ਦਿਨ ਨਾ ਦੇਖਣੇ ਪੈਂਦੇ।
ਰਿਪੋਰਟ: ਸ਼ਮਸ਼ੇਰ ਸਿੰਘ ਬਟਾਲਾ
ਪੰਡਿਤ ਕਿਸ਼ੋਰੀ ਲਾਲ ਦੀ ਯਾਦ ’ਚ ਇਨਕਲਾਬੀ ਨਾਟਕ ਮੇਲਾ ਆਯੋਜਿਤ
ਤਲਵਾੜਾ : ਸਥਾਨਕ ਖੋਖਾ ਮਾਰਕੀਟ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੰਢੀ ਖ਼ੇਤਰ ਦੇ ਇਨਕਲਾਬੀ ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਦੀ ਯਾਦਗਾਰ ’ਚ ਸਲਾਨਾ ਨਾਟਕ ਮੇਲਾ ਕਰਵਾਇਆ ਗਿਆ। ਆਯੋਜਿਤ ਨਾਟਕ ਮੇਲੇ ’ਚ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜੇਪੀਐਮਓ ਦੇ ਆਗੂ ਸਾਥੀ ਪਰਗਟ ਸਿੰਘ ਜਾਮਾਰਾਏ ਬਤੌਰ ਮੁੱਖ ਮਹਿਮਾਨ ਅਤੇ ਡਾ. ਡੀ. ਪੀ. ਐਸ. ਰੰਧਾਵਾ, ਸਾਬਕਾ ਪ੍ਰਧਾਨ ਬਾਰ ਐਸੋਸਿਏਸ਼ਨ, ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੇ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਦੇਸ਼ ਭਗਤਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਪੰਡਤ ਕਿਸ਼ੋਰੀ ਲਾਲ ਆਜ਼ਾਦੀ ਉਪਰੰਤ ਵੀ ਆਮ ਲੋਕਾਂ ਦੀ ਬੰਦ ਖਲਾਸੀ ਖਿਲਾਫ਼ ਸੰਘਰਸ਼ ਕਰਦੇ ਰਹੇ, ਅਤੇ ਉਨ੍ਹਾਂ ਨੂੰ ਕਈ ਵਾਰ ਜ਼ੇਲ੍ਹ ਵੀ ਜਾਣਾ ਪਿਆ। ਉਹ ਆਪਣੇ ਅੰਤਿਮ ਸਾਹਾਂ ਤੱਕ ਦੱਬੇ, ਕੁਚਲੇ ਤੇ ਹਾਸ਼ੀਆ ਗ੍ਰਸਤ ਲੋਕਾਂ ਦੇ ਲਈ ਜੂਝਦੇ ਰਹੇ। ਸਾਥੀ ਜਾਮਾਰਾਏ ਨੇ ਕਾਰਪੋਰੇਟ ਪੱਖੀ ਹਾਕਮ ਜਮਾਤਾਂ ਦੀਆਂ ਵੰਡ ਪਾਊ ਨੀਤੀਆਂ ਤੋਂ ਸੁਚੇਤ ਕਰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਡੀ. ਪੀ. ਐਸ. ਰੰਧਾਵਾ ਨੇ ਭਾਰਤੀ ਨਿਆਂ ਪ੍ਰਣਾਲੀ ਦੀ ਤਰਸਯੋਗ ਹਾਲਤ ’ਤੇ ਚਰਚਾ ਕੀਤੀ। ਉਮਰ ਖਾਲਿਦ ਜਿਹੇ ਨੌਜਵਾਨ ਸਮਾਜਿਕ ਕਾਰਕੁੰਨਾਂ ਨੂੰ ਬਿਨ੍ਹਾਂ ਟਰਾਇਲ ਤੋਂ ਜ਼ੇਲ੍ਹਾਂ ਅੰਦਰ ਡੱਕ ਕੇ ਸਰਕਾਰ ਆਪਣੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਇਪਟਾ ਮੋਗਾ ਤੋਂ ਅਵਤਾਰ ਚੜਿੱਕ ਅਤੇ ਰਮਨਦੀਪ ਸਿੰਘ ਨੇ ਦੇਸ਼ ਦੇ ਮੌਜ਼ੂਦਾ ਸਿਆਸੀ ਅਤੇ ਸਮਾਜਿਕ ਹਲਾਤਾਂ ’ਤੇ ਵਿਅੰਗਮਈ ਅੰਦਾਜ਼ ’ਚ ਪੇਸ਼ ਕਰਕੇ ਰੰਗ ਬੰਨਿ੍ਹਆ। ਮੰਚ ਰੰਗ ਮੰਚ ਅਮਿ੍ਰੰਤਸਰ ਦੀ ਨਾਟਕ ਮੰਡਲੀ ਨੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ‘ਕੱਲਰ’ ਅਤੇ ‘ਸੱਚ ਜਿੰਨ੍ਹ ਪੱਲੇ ਹੋਏ’ ਨਾਟਕ ਖੇਡੇ। ਪ੍ਰਬੰਧਕ ਕਮੇਟੀ ਵੱਲੋਂ ਹੈਡਮਾਸਟਰ ਓਮ ਪ੍ਰਕਾਸ਼ ਨੂੰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸਨਮਾਨਿਤ ਕੀਤਾ ਗਿਆ। ਪ੍ਰਧਾਨ ਸ਼ਸ਼ੀਕਾਂਤ, ਨਰੇਸ਼ ਮਿੱਡਾ, ਹਿਤੇਸ਼ ਸ਼ਰਮਾ, ਕੁੰਦਨ ਲਾਲ, ਕਿਹਰ ਸਿੰਘ, ਗਿਰਧਾਰੀ ਲਾਲ, ਜਸਵਿੰਦਰ ਸਿੰਘ ਸਿੰਗਲਾ, ਵਰਿੰਦਰ ਸਿੰਘ ਵਿੱਕੀ, ਸੱਤ ਪ੍ਰਕਾਸ਼, ਜਸਵੀਰ ਤਲਵਾੜਾ, ਗਿਆਨ ਸਿੰਘ ਗੁਪਤਾ ਆਦਿ ਹਾਜ਼ਰ ਸਨ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ/ ਰਮੇਸ਼ ਚੰਦਰ
