
ਸਰਦੂਲਗੜ੍ਹ: ਆਰਐੱਮਪੀਆਈ ਦੇ ਸੱਦੇ ਉੱਤੇ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਦੇਸ਼ ਵਿੱਚ ਪਿਛਲੇ ਦਿਨੀਂ ਵਾਪਰੀਆਂ ਜਾਤੀ ਅਤਿਆਚਾਰਾਂ, ਉੱਚ ਅਧਿਕਾਰੀ ਵਾਈ ਪੂਰਨ ਕੁਮਾਰ ਸਿੰਘ ਆਈ.ਪੀ.ਐਸ. ਏ.ਡੀ.ਜੀ.ਪੀ. ਹਰਿਆਣਾ ਵੱਲੋਂ ਕੀਤੀ ਖੁਦਕੁਸ਼ੀ, ਸੁਪਰੀਮ ਕੋਰਟ ਦੇ ਮੁਖੀ ਜੱਜ ਬੀ.ਆਰ. ਗਵੱਈ ਉੱਤੇ ਜੁੱਤੀ ਸੁੱਟਣ ਦੀ ਘਟਨਾ ਅਤੇ ਰਾਏਬਰੇਲੀ ਦੇ ਬੇਕਸੂਰ ਦਲਿਤ ਨੌਜਵਾਨ ਹਰੀ ਓਮ ਵਾਲਮੀਕੀ ਦੀ ਹੱਤਿਆ ਖ਼ਿਲਾਫ਼ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਉੱਤੇ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰਕੇ ਮਨੂਵਾਦੀ ਵਿਵਸਥਾ ਲਾਗੂ ਕਰਨ ਦੇ ਦੋਸ਼ ਲਗਾਏ। ਬੁਲਾਰਿਆਂ ਨੇ ਕਿਹਾ ਕਿ ਚੀਫ਼ ਜਸਟਿਸ ਉੱਤੇ ਜੁੱਤੀ ਸੁੱਟਣ ਵਾਲੇ ਸ਼ਖ਼ਸ ਬਾਰੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਏ.ਡੀ.ਜੀ.ਪੀ. ਪੂਰਨ ਕੁਮਾਰ ਸਿੰਘ ਦੀ ਮੌਤ ਨੂੰ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਬੀ.ਜੇ.ਪੀ. ਦੀ ਸੈਣੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਜਾਤੀ ਅਧਾਰਿਤ ਭੇਦਭਾਵ ਦੇਸ਼ ਦੇ ਪ੍ਰਸ਼ਾਸਕੀ ਢਾਂਚੇ ਤੱਕ ਪਹੁੰਚ ਚੁੱਕਾ ਹੈ।
ਇਸ ਮੌਕੇ ਆਗੂਆਂ ਨੇ ਰਾਏਬਰੇਲੀ ਦੇ ਦਲਿਤ ਨੌਜਵਾਨ ਹਰੀ ਓਮ ਦੀ ਹੱਤਿਆ ਅਤੇ ਯੂ.ਪੀ. ਸਰਕਾਰ ਹੇਠ ਔਰਤਾਂ ਨਾਲ ਹੋ ਰਹੀਆਂ ਬੇਇੱਜ਼ਤੀ ਭਰੀਆਂ ਘਟਨਾਵਾਂ ਦੀ ਵੀ ਸਖ਼ਤ ਨਿੰਦਾ ਕੀਤੀ। ਕੇਰਲਾ ਦੇ ਇੱਕ ਇੰਜਨੀਅਰ ਵੱਲੋਂ ਆਰ.ਐਸ.ਐਸ. ਦੇ ਸ਼ਾਖਾ ਪ੍ਰਣਾਲੀ ਵਿੱਚ ਹੋਈ ਯੌਨ ਸ਼ੋਸ਼ਣ ਦੇ ਖ਼ੁਲਾਸੇ ਉੱਤੇ ਵੀ ਕੜੀ ਪ੍ਰਤੀਕ੍ਰਿਆ ਦਿੱਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਜੀ.ਟੀ. ਰੋਡ ਉੱਤੇ ਮੋਦੀ ਸਰਕਾਰ ਦੀ ਪ੍ਰਤੀਕਾਤਮਕ ਅਰਥੀ ਫੂਕੀ ਗਈ ਅਤੇ ਸੰਵਿਧਾਨ ਦੀ ਰੱਖਿਆ ਲਈ ਲੋਕਾਂ ਨੂੰ ਇਕੱਠਾ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਕਾਮਰੇਡ ਲਾਲ ਚੰਦ, ਕਾਮਰੇਡ ਆਤਮਾ ਰਾਮ, ਗੁਰਦੇਵ ਸਿੰਘ ਲੋਹਗੜ੍ਹ, ਅੰਗਰੇਜ਼ ਸਿੰਘ ਜਟਾਣਾ (ਬੀ.ਐਮ.ਪੀ.), ਪੀ.ਪੀ. ਧਮਾਕਾ (ਸਫਾਈ ਸੇਵਕ ਯੂਨੀਅਨ), ਬੰਸੀ ਲਾਲ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਬਿਰਜ ਲਾਲ ਸਾਧੂਵਾਲਾ (ਮਨਰੇਗਾ ਵਰਕਰ ਯੂਨੀਅਨ ਪੰਜਾਬ), ਰਣਜੀਤ ਸਿੰਘ ਨਾਗਰਾ ਅਤੇ ਜੋਗਿੰਦਰ ਸਿੰਘ (ਜਮਹੂਰੀ ਕਿਸਾਨ ਸਭਾ) ਵੱਲੋਂ ਹਾਜ਼ਰੀ ਭਰੀ ਗਈ ਅਤੇ ਸਾਰਿਆਂ ਨੇ ਇਕਸੁਰ ਹੋ ਕੇ ਦੇਸ਼ ਵਿੱਚ ਜਾਤੀਵਾਦੀ ਤੇ ਸਾਵਨਵਾਦੀ ਤਾਕਤਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।