
ਅਜਨਾਲਾ: ਆਰਐੱਮਪੀਆਈ ਵਲੋਂ ਜਾਤੀਵਾਦ ਤੇ ਲਿੰਗਕ ਜ਼ਬਰ ਦੇ ਵਿਤਕਰੇ ਵਿਰੁੱਧ ਸਥਾਨਕ ਬਜ਼ਾਰਾਂ ਵਿੱਚ ਮੁਜ਼ਾਹਰਾ ਕੀਤਾ ਤੇ ਹਸਪਤਾਲ ਦੇ ਸਾਹਮਣੇ ਫਿਰਕਾਪ੍ਰਸਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਤੇ ਸਤਵਿੰਦਰ ਸਿੰਘ ਉਠੀਆਂ ਨੇ ਮਨੂੰਵਾਦੀ ਹਿੰਦੂਤਵੀ ਵਿਚਾਰਾਂ ਤੋਂ ਮੁਕਤੀ ਲਈ ਸੰਘਰਸ਼ ਦਾ ਸੱਦਾ ਦਿੱਤਾ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਦੇਸ਼ ਭਰ ਦੇ ਸੱਦੇ ਤਹਿਤ ਅੱਜ ਇਥੇ ਜਾਤੀਵਾਦ ਤੇ ਲਿੰਗਕ ਜ਼ਬਰ ਦੇ ਵਿਤਕਰੇ ਤੋਂ ਮੁਕਤੀ ਹਾਸਲ ਕਰਨ ਦੇ ਮਾਨਵੀ ਸੰਘਰਸ਼ ਦੀ ਕੜੀ ਵਜੋਂ ਅੱਜ ਇਥੇ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਜਿੱਥੇ ਪਾਰਟੀ ਦੇ ਉਕਤ ਪ੍ਰਮੁੱਖ ਆਗੂਆਂ ਤੋਂ ਇਲਾਵਾ ਦੇਸਾ ਸਿੰਘ ਭਿੰਡੀ ਔਲਖ, ਪ੍ਰੋ. ਮਾਲਕ ਸਿੰਘ ਗੁਰਾਲਾ ਨੇ ਇਸ ਸਮੇਂ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਸਰਬ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਆਰਐੱਸਐੱਸ ਨਾਲ ਜੁੜੇ ਵਿਅਕਤੀ ਵੱਲੋਂ ਜੁੱਤੀ ਵਗਾਹ ਕੇ ਮਾਰਨ ਤੋਂ ਇਹ ਸਿੱਧ ਹੁੰਦਾ ਹੈ ਕਿ ਸੰਘ ਪਰਿਵਾਰ ਬੀਜੇਪੀ ਦੀਆਂ ਨਜ਼ਰਾਂ ਚ ਦੇਸ਼ ਦੇ ਸੰਵਿਧਾਨ ਕਨੂੰਨ ਦਾ ਮੁੱਲ ਕਾਣੀ ਕੋਡੀ ਬਰਾਬਰ ਵੀ ਨਹੀਂ।
ਉਹਨਾਂ ਅੱਗੇ ਕਿਹਾ ਕਿ ਹਰਿਆਣੇ ਦੇ ਆਈਪੀਐੱਸ ਅਫਸਰ ਪੂਰਨ ਕੁਮਾਰ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਇਹ ਸਿੱਧ ਕਰਦਾ ਹੈ ਕਿ ਦੇਸ਼ ਅੰਦਰ ਜਾਤੀਵਾਦ ਦੀਆਂ ਕਿੰਨੀਆਂ ਡੂੰਘੀਆਂ ਜੜ੍ਹਾਂ ਹਨ, ਦੇਸ਼ ਵਿੱਚ ਜਦੋਂ ਤੋਂ ਮੋਦੀ ਸਰਕਾਰ ਕੇਂਦਰ ਚ ਆਈ ਹੈ ਉੱਦੋ ਤੋਂ ਹੀ ਔਰਤਾਂ ਖ਼ਿਲਾਫ਼ ਵੀ ਜਿਸਮਾਨੀ ਅਪਰਾਧਾਂ ਵਿੱਚ ਰਾਕੇਟ ਦੀ ਸਪੀਡ ਨਾਲ ਵਾਧਾ ਹੋਇਆ ਹੈ, ਦਲਿਤਾਂ, ਘੱਟ ਗਿਣਤੀਆਂ ਤੇ ਗਰੀਬ ਆਦਿ ਹਰ ਪ੍ਰਕਾਰ ਦੇ ਅਧਿਕਾਰਾਂ ਤੋਂ ਵਾਂਝੇ ਹੋ ਰਹੇ ਹਨ। ਸਮੂਹ ਬੁਲਾਰਿਆਂ ਨੇ ਉਕਤ ਮੁੱਖ ਘਟਨਾਵਾਂ ਮੋਦੀ ਸਰਕਾਰ ਵੱਲੋਂ ਬਣਦਾ ਪ੍ਰਤੀਕਰਮ ਵੀ ਨਾ ਕਰਨਾ ਵੀ ਕੋਈ ਮਾਮੂਲੀ ਘਟਨਾ ਨਹੀਂ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਥਾਣੇਦਾਰ ਲਖਬੀਰ ਸਿੰਘ ਤੇੜਾਂ, ਹਰਦੀਪ ਸਿੰਘ ਬੱਗੇ ਕਲਾਂ, ਔਰਤ ਮੁਕਤੀ ਮੋਰਚਾ ਦੀ ਆਗੂ ਸਰਬਜੀਤ ਕੌਰ ਜਸਰਾਊਰ, ਮਹਿੰਦਰ ਸਿੰਘ ਗੁਰਾਲਾ, ਕੁਲਦੀਪ ਸਿੰਘ ਅਜਨਾਲਾ, ਕਰਨੈਲ ਸਿੰਘ ਭਿੰਡੀ ਸੈਦਾਂ, ਹਰਿੰਦਰ ਸਿੰਘ ਤੇੜਾਂ ਰਾਜਪੂਤਾਂ, ਹੀਰਾ ਸਿੰਘ ਕੋਟਲੀ ਕੋਰਾਟਨ, ਹਰਦੀਪ ਸਿੰਘ ਅੰਬ ਕੋਟਲੀ, ਜਗਤਾਰ ਸਿੰਘ ਲੱਖੋਵਾਲ, ਮੇਜਰ ਸਿੰਘ ਸਰਾਏ ਆਦਿ ਵੀ ਹਾਜ਼ਰ ਸਨ।
