Now Reading
ਖਟਕੜ ਕਲਾਂ ਮੋਰਚੇ ਦੇ ਦੂਜੇ ਦਿਨ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਨੌਜਵਾਨਾਂ ਨੇ ਲਗਾਈ ਹਾਜ਼ਰੀ, ਕੀਤੀ ਮੰਗ ਪੱਕੇ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਦੀ

ਖਟਕੜ ਕਲਾਂ ਮੋਰਚੇ ਦੇ ਦੂਜੇ ਦਿਨ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਨੌਜਵਾਨਾਂ ਨੇ ਲਗਾਈ ਹਾਜ਼ਰੀ, ਕੀਤੀ ਮੰਗ ਪੱਕੇ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਦੀ


ਖਟਕੜ ਕਲਾਂ : ਅੱਜ ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਲਗਾਏ ਗਏ ਧਰਨੇ ਦੇ ਦੂਜੇ ਦਿਨ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ‘ਚ ਰੁਜ਼ਗਾਰ ਦਾ ਵਾਅਦਾ ਕਰਕੇ ਆਈ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਹਾਲੇ ਵੀ ਸਰਕਾਰੀ ਵਿਭਾਗਾਂ ‘ਚ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ। ਪੰਜਾਬ ‘ਚ ਸਿਰਫ ਇੱਕ ਵਿਅਕਤੀ ਨੂੰ ਹੀ ਬੇਰੁਜ਼ਗਾਰੀ ਭੱਤਾ ਮਿਲ ਰਿਹਾ ਹੈ।
ਇਹ ਧਰਨਾ ਕੱਲ੍ਹ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨ ਉਪਰੰਤ ਆਰੰਭ ਕੀਤਾ ਗਿਆ ਸੀ। ਇਸ ਧਰਨੇ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਅਤੇ ਪੀਐੱਸਐੱਫ ਦੇ ਸੂਬਾ ਆਗੂ ਰਵੀ ਲੋਹਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸੰਗਰਾਮੀ, ਜਤਿੰਦਰ ਫਰੀਦਕੋਟ, ਮਨੋਜ ਕੁਮਾਰ, ਲਾਭ ਸਿੰਘ, ਜਨਕ ਰਾਜ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਖਟਕੜ ਕਲਾਂ ‘ਚ ਹੀ ਸਹੁੰ ਚੁੱਕੀ ਸੀ, ਉਸ ਸਹੁੰ ਨੂੰ ਯਾਦ ਕਰਵਾਉਂਦਿਆਂ ਆਗੂਆਂ ਨੇ ਕਿਹਾ ਕਿ ਇਸ ਸਰਕਾਰ ਨੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਵੀ 1979 ਵਾਲਾ ਕਾਨੂੰਨ ਚੱਲ ਰਿਹਾ ਹੈ, ਜਿਸ ਤਹਿਤ ਸਿਰਫ 150 ਰੁਪਏ ਭੱਤਾ ਦਿੱਤਾ ਜਾ ਰਿਹਾ ਹੈ, ਉਹ ਵੀ ਪੰਜਾਬ ‘ਚ ਸਿਰਫ ਇੱਕ ਨੌਜਵਾਨ ਨੂੰ ਭੱਤਾ ਮਿਲਦਾ ਹੈ। ਆਗੂਆਂ ਨੇ ਕਿਹਾ ਕਿ ਪੱਕਾ ਰੁਜ਼ਗਾਰ ਦੀ ਥਾਂ ਕੱਚੇ ਕਾਮੇ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ। ਇਸ ਦੇ ਬਦਲੇ ਸਰਕਾਰ ਡਾਂਗਾਂ ਚਲਾ ਰਹੀ ਹੈ ਅਤੇ ਹਰਾ ਪੈੱਨ ਚਲਾਉਣਾ ਭੁੱਲ ਗਈ ਹੈ।
ਆਗੂਆਂ ਨੇ ਕਿਹਾ ਕਿ ਤਿੰਨ ਸਾਲ ਬੀਤ ਜਾਣ ਬਾਅਦ ਸਰਕਾਰ ਨੂੰ ਨਸ਼ੇ ਦਾ ਚੇਤਾ ਆਇਆ। ਜਿਸ ਤਹਿਤ ਵੱਡੀ ਗਿਣਤੀ ‘ਚ ਜੇਲ੍ਹਾਂ ‘ਚ ਭੇਜਣ ਤੋਂ ਬਿਨ੍ਹਾਂ ਹੋਰ ਕੁੱਝ ਨਹੀਂ ਕਰ ਸਕੀ। ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਸਮਗਲਰ ਕਹਿ ਕੇ ਜੇਲ੍ਹ ਭੇਜਿਆ ਗਿਆ ਹੈ। ਜੇ ਇਹ ਸੱਚ ਹੋਵੇ ਤਾਂ ਨਸ਼ੇ ‘ਚ ਲੱਗੇ ਨੌਜਵਾਨ ਤਾਂ ਕਈ ਲੱਖਾਂ ‘ਚ ਹੋਣਗੇ।
ਆਗੂਆਂ ਨੇ ਕਿਹਾ ਕਿ ਇਸ ਸਰਕਾਰ ਦੇ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ।
ਇਸ ਮੌਕੇ ਵਿਨੋਦ ਕੁਮਾਰ, ਛਿੰਦਾ ਰੱਕੜੀ, ਰਾਜੇਸ਼ ਹਾਜੀਪੁਰ, ਹਰੀ ਦਾਸ, ਰਣਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ। ਅੱਜ ਦੇ ਧਰਨੇ ‘ਚ ਫਰੀਦਕੋਟ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਨੇ ਹਾਜ਼ਰੀ ਲਵਾਈ।

Scroll To Top