Now Reading
ਲੋਪੋਕੇ ਵਿਖੇ ਕਿਸਾਨ ਸਭਾ ਨੇ ਮੰਗ ਪੱਤਰ ਦਿੱਤਾ

ਲੋਪੋਕੇ ਵਿਖੇ ਕਿਸਾਨ ਸਭਾ ਨੇ ਮੰਗ ਪੱਤਰ ਦਿੱਤਾ


ਲੋਪੋਕੇ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਐੱਸਡੀਐੱਮ ਲੋਪੋਕੇ ਨੂੰ ਸਤਵਿੰਦਰ ਸਿੰਘ ਉਠੀਆ, ਬਲਕਾਰ ਸਿੰਘ ਜੋਸ, ਬੇਅੰਤ ਸਿੰਘ ਮੱਲੂ ਨੰਗਲ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂ ਨੰਗਲ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਕੱਲ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਹ ਨਗੂਣੀ ਰਕਮ ਹੈ ਅਤੇ ਜੋ ਰੇਤਾ ਖੇਤ ਮਾਲਕ ਨੂੰ ਚਕਾਉਣ ਦੀ ਸਮਾਂ ਸੀਮਾ 15 ਨਵੰਬਰ ਤੱਕ ਕੀਤੀ ਹੈ ਇਹ ਬਿਲਕੁਲ ਗਲਤ ਹੈ 15 ਨਵੰਬਰ ਤੱਕ ਨਾ ਤਾਂ ਇਸ ਇਲਾਕੇ ਦੀਆਂ ਸੜਕਾਂ ਦੀ ਮਰੰਮਤ ਹੋਣੀ ਹੈ ਅਤੇ ਨਾ ਹੀ ਇਹ ਜ਼ਮੀਨਾਂ ਸੁੱਕਣੀਆਂ ਹਨ। ਇਸ ਕਰਕੇ ਸਰਕਾਰ ਆਪਣੀ ਨਕਾਮੀ ਨੂੰ ਛੁਪਾਉਣ ਲਈ ਝੂਠੇ ਵਾਅਦੇ ਕਰ ਰਹੀ ਹੈ।
ਜਮਹੂਰੀ ਕਿਸਾਨ ਸਭਾ ਦੀ ਮੰਗ ਹੈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 70 ਹਜ਼ਾਰ ਪਰ ਏਕੜ ਮੁਆਵਜਾ ਦਿੱਤਾ ਜਾਵੇ। ਪਸੂ ਧਨ ਦਾ ਇਕ ਲੱਖ ਰੁਪਏ ਦਿੱਤਾ ਜਾਵੇ ਅਤੇ ਘਰ ਬਣਾਉਣ ਨੂੰ 10 ਲੱਖ ਰੁਪਏ ਦਿੱਤਾ ਜਾਵੇ ਅਤੇ ਹੜ੍ਹਾਂ ਵਿੱਚ ਜਾਨ ਗਵਾ ਚੁੱਕੇ ਲੋਕਾਂ ਨੂੰ 10 ਲੱਖ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ। ਗਰੀਬ ਮਜ਼ਦੂਰਾਂ ਨੂੰ ਘਰ ਪ੍ਰਤੀ ਇਕ ਲੱਖ ਰੁਪਏ ਨਗਦ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗਰੀਬ ਮਜ਼ਦੂਰ ਆਪਣਾ ਚੁੱਲਾ ਤਪਦਾ ਰੱਖ ਸਕਣ। ਹੜ੍ਹਾਂ ਕਾਰਨ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਹੈ ਨਾਲ ਹੀ ਗਰੀਬ ਮਜ਼ਦੂਰਾਂ ਦੇ ਘਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ, ਇਸ ਕਰਕੇ ਸਰਕਾਰ ਨੂੰ ਫੌਰੀ ਰਾਹਤ ਦੇਣੀ ਚਾਹੀਦੀ ਹੈ।
ਇਸ ਮੌਕੇ ਸੁਖਦੇਵ ਸਿੰਘ ਸੰਤੂ ਨੰਗਲ, ਜਗਤਾਰ ਸਿੰਘ ਮੱਲੂ ਨੰਗਲ ਅਤੇ ਹੋਰ ਸਾਥੀ ਡੈਪੂਟੇਸ਼ਨ ਵਿੱਚ ਸ਼ਾਮਿਲ ਸਨ।

Scroll To Top