
ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜਰਨਲ ਬਾਡੀ ਮੀਟਿੰਗ ਨਰਿੰਦਰ ਸਿੰਘ ਰਟੋਲ, ਦਾਰਾ ਸਿੰਘ ਮੁੰਡਾ ਪਿੰਡ, ਜਰਨੈਲ ਸਿੰਘ ਰਸੂਲਪੁਰ, ਜਸਬੀਰ ਕੌਰ, ਡਾਕਟਰ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹ ਕੁਦਰਤੀ ਦੀ ਕਰੋਪੀ ਤੋਂ ਸਮੇਂ ਦੇ ਹਾਕਮਾਂ ਦੀ ਨਲਾਇਕੀ ਸਦਕਾ ਆਏ। ਜਿਸ ਕਾਰਨ ਲੱਖਾਂ ਏਕੜ ਫ਼ਸਲ, ਹਜ਼ਾਰਾਂ ਪਿੰਡ ਤੇ ਲੱਖਾਂ ਘਰ ਬਰਬਾਦ ਹੋ ਚੁੱਕੇ ਹਨ ਤੇ ਲੱਖਾਂ ਲੋਕ ਆਪਣਾ ਸਭ ਕੁਝ ਗੁਆ ਚੁੱਕੇ ਹਨ।
ਪੰਡੋਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਨੂੰ ਕੌਮੀ ਆਫ਼ਤ ਘੋਸ਼ਿਤ ਕਰੇ ਤਾਂ ਕਿ ਕੌਮੀ ਰਾਹਤ ਫੰਡ ਵਿੱਚੋਂ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਉਨ੍ਹਾਂ ਕਿਹਾ ਕਿ ਬਰਸਾਤ ਜਿਆਦਾ ਹੋਣ ਕਾਰਨ ਮਜ਼ਦੂਰਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਹਨ ਅਤੇ ਗਰੀਬ ਲੋਕਾਂ ਦੀਆਂ ਛੱਤਾਂ ਬਰਸਾਤ ਜਿਆਦਾ ਹੋਣ ਕਾਰਨ ਤ੍ਰਿੱਪ ਤ੍ਰਿੱਪ ਕਰ ਰਹੀਆਂ ਹਨ। ਢਹਿ ਚੁੱਕੇ ਘਰਾਂ ਨੂੰ ਬਣਾਉਣ ਲਈ ਘੱਟੋ ਘੱਟ 10 ਲੱਖ ਰੁਪਏ ਦੀ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕੀਤਾ ਜਾਵੇਗਾ। ਪੰਡੋਰੀ ਨੇ ਕਿਹਾ ਕਿ ਸਾਡੀਆਂ ਸਮੇਂ ਦੀਆਂ ਸਰਕਾਰਾਂ ਭਗਤ ਦੇ ਵਿਚਾਰਾਂ ਨਾਲ ਗਦਾਰੀ ਕਰ ਰਹੀਆਂ ਹਨ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਦੀ ਸਖਤ ਅਲੋਚਨਾ ਕਰਦਿਆ ਕਿਹਾ ਕਿ ਦੋਵੇਂ ਸਰਕਾਰਾਂ ਲਗਾਤਾਰ ਮਨਰੇਗਾ ਕਾਨੂੰਨ ਕਮਜ਼ੋਰ ਕਰ ਰਹੀਆਂ ਹਨ। ਪਿਛਲੇ ਸਾਲ ਘਟਾਏ ਬਜਟ ਕਾਰਨ ਕਾਮਿਆਂ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ, ਹੁਣ ਮਨਰੇਗਾ ਕੰਮਾਂ ਵਿੱਚ ਕਟੌਤੀ ਕਰਕੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਜਿਸ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਨਰੇਗਾ ਵਰਕਰਾਂ ਦਾ ਮਿਹਨਤਆਨਾ ਘੱਟੋ ਘੱਟ ਪ੍ਰਤੀ ਦਿਹਾੜੀ 700 ਰੁਪਏ, ਸਾਰਾ ਸਾਲ ਕੰਮ ਦੇਣ, ਪੈਨਸ਼ਨ ਘੱਟੋ ਘੱਟ 7000 ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਹੋਰਨਾਂ ਤੋਂ ਗੁਰਪ੍ਰਤਾਪ ਸਿੰਘ ਬਾਠ, ਪਰਮਜੀਤ ਸਿੰਘ ਗੰਡੀਵਿੰਡ, ਬੁੱਧ ਸਿੰਘ ਪੱਖੋਕੇ, ਦਲਬੀਰ ਸਿੰਘ ਬਾਗੜੀਆ, ਕਮਲਜੀਤ ਕੌਰ ਨੌਸ਼ਹਿਰਾ ਪੰਨੂਆ, ਵੱਸਣ ਸਿੰਘ ਮੱਜੂਪੁਰ, ਸਰਵਣ ਸਿੰਘ, ਸੁਰਜੀਤ ਸਿੰਘ ਦੇਓ, ਲਖਬੀਰ ਸਿੰਘ ਲੁਹਾਰ, ਅਮਰੀਕ ਸਿੰਘ ਸੰਗਤਪੁਰ, ਕੁਲਦੀਪ ਸਿੰਘ ਭੁੱਲਰ, ਬਲਵਿੰਦਰ ਸਿੰਘ ਮੱਜੂਪੁਰ, ਕੁਲਦੀਪ ਸਿੰਘ ਰਟੌਲ, ਮੰਗਲ ਸਿੰਘ ਰਟੌਲ ਆਦਿ ਆਗੂਆਂ ਨੇ ਸੰਬੋਧਨ ਕੀਤਾ।