Now Reading
ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦੀ ਸਰਕਾਰ ਪੂਰੀ ਭਰਪਾਈ ਕਰੇ

ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦੀ ਸਰਕਾਰ ਪੂਰੀ ਭਰਪਾਈ ਕਰੇ


ਕੂੰਮਕਲਾਂ: ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕੂੰਮਕਲਾਂ ਦੀ ਸਾਂਝੀ ਮੀਟਿੰਗ ਅੱਜ ਸਾਬਕਾ ਸਰਪੰਚ ਹਰਪ੍ਰਸ਼ਾਦਿ ਸਿੰਘ ਵਿਰਕ ਕੂੰਮਕਲਾਂ ਦੇ ਗ੍ਰਹਿ ਵਿਖੇ ਚੇਅਰਮੈਨ ਬੇਅੰਤ ਸਿੰਘ ਗਰੇਵਾਲ, ਪ੍ਰਧਾਨ ਦਲਵੀਰ ਸਿੰਘ ਪਾਗਲੀਆ ਅਤੇ ਸਹਿਜਪ੍ਰੀਤ ਸਿੰਘ ਬੋੜਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਇਹ ਹੜ੍ਹ ਕੁਦਰਤੀ ਕਰੋਪੀ ਘੱਟ ਹੈ, ਪਰ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਕਰਨ ਲਈ ਅਗਾਊ ਪ੍ਰਬੰਧ ਨਾ ਕੀਤੇ ਜਾਣ ਕਾਰਨ ਹੜ੍ਹ ਜ਼ਿਆਦਾ ਆਏ ਹਨ। ਉਹਨਾਂ ਕਿਹਾ ਕਿ ਜੇ ਸੂਬਾ ਸਰਕਾਰ ਜੇ ਪਹਿਲਾਂ ਦਰਿਆਵਾਂ ਦੇ ਬੰਨ ਮਜ਼ਬੂਤ ਕਰ ਦਿੰਦੀ, ਨਾਲੇ, ਨਹਿਰਾਂ, ਟੋਬਿਆ ਦੀ ਸਫਾਈ ਕਰ ਦਿੰਦੀ ਤਾਂ ਇਹ ਹੜ੍ਹ ਆਉਣ ਦਾ ਖ਼ਤਰਾ ਖਤਮ ਹੋ ਸਕਦਾ ਸੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਵਿੱਚ ਜਿੰਨਾ ਕਿਸਾਨਾਂ ਮਜ਼ਦੂਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਹੋਏ ਨੁਕਸਾਨ ਮੁਤਾਬਕ ਰਾਹਤ ਦਿੱਤੀ ਜਾਵੇ। ਨਾਲ ਹੀ ਉਹਨਾਂ ਕਿਹਾ ਕਿ ਇਹਨਾਂ ਮਜ਼ਦੂਰਾਂ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕੀਤੇ ਜਾਣ। ਆਗੂਆਂ ਨੇ ਆਖਿਆ ਕਿ ਪਿੰਡਾਂ ਵਿੱਚੋਂ ਲਿਆਂਦੀ ਗਈ ਰਾਹਤ ਸਮੱਗਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਮੁਤਾਬਕ ਵੰਡਿਆ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਅਤੇ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਉਹਨਾ ਵੱਲੋ ਇਲਾਕੇ ਵਿੱਚੋਂ ਰਾਹਤ ਸਮੱਗਰੀ ਇਕੱਠੀ ਕੀਤੀ ਜਾ ਰਹੀ ਹੈ, ਜੋ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਮੁਤਾਬਕ ਟੀਮਾਂ ਬਣਾ ਕੇ ਪ੍ਰਭਾਵਿਤ ਪਿੰਡਾਂ ਵਿੱਚ ਵੰਡੀ ਜਾਵੇਗੀ। ਉਹਨਾ ਕਿਹਾ ਕਿ ਇਸ ਇਲਾਕੇ ਵਿੱਚ ਸਤਲੁਜ ਦਰਿਆ ਨਾਲ ਲੱਗਦਾ ਹੈ, ਜਿਸ ਦੇ ਬੰਨ੍ਹਾਂ ਦੀ ਰਾਖੀ ਪਹਿਰੇ ਲਗਾਏ ਜਾ ਰਹੇ ਹਨ। ਜਿੱਥੇ ਕਿਤੇ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ, ਉਸ ਦੀ ਰੀਪੇਅਰ ਲਈ ਬੰਨ੍ਹ ਉੱਪਰ ਮਿੱਟੀ ਆਦਿ ਪਾਈ ਜਾ ਰਹੀ ਹੈ।
ਉਹਨਾ ਮੰਗ ਕੀਤੀ ਕਿ ਪਾਣੀ ਉਤਰਨ ‘ਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਪਾਣੀ ਰਾਹੀਂ ਆਈ ਮਿੱਟੀ ਚੁੱਕਣ ਦੀ ਆਗਿਆ ਦਿੱਤੀ ਜਾਵੇ। ਤਾਂ ਜੋ ਕਿਸਾਨ ਆਪਣੇ ਖੇਤ ਪੱਧਰ ਕਰਕੇ ਅਗਲੀ ਫਸਲ ਬੀਜ ਸਕਣ। ਮੀਟਿੰਗ ਤੋਂ ਉਪਰੰਤ ਇਲਾਕਾ ਕਮੇਟੀ ਦੇ ਆਗੂਆਂ ਵੱਲੋਂ ਸਤਲੁਜ ਦਰਿਆ ਉੱਪਰ ਪੈਂਦੇ ਬੰਨ੍ਹ ਦਾ ਦੌਰਾ ਵੀ ਕੀਤਾ। ਆਗੂਆਂ ਨੇ ਆਖਿਆ ਕਿ ਇਲਾਕੇ ਦੇ ਲੋਕਾਂ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਬਲਵਿੰਦਰ ਸਿੰਘ ਬਿੱਟੂ ਚੌਂਤਾ, ਹਰਜਿੰਦਰ ਸਿੰਘ ਸੋਨੀ ਰਤਨਗੜ, ਸਰਪੰਚ ਸੁਖਜਿੰਦਰ ਸਿੰਘ ਗੋਰਾ ਰਤਨਗੜ, ਕੁਲਜੀਤ ਸਿੰਘ ਸਿੱਧੂ, ਹਰਜੀਤ ਸਿੰਘ ਗਰਚਾ, ਨੰਦ ਸਿੰਘ ਸੇਖੋਵਾਲ, ਗੁਰਬਚਨ ਸਿੰਘ ਸੇਖੋਵਾਲ, ਪਰਮਜੀਤ ਸਿੰਘ ਮਾਛੀਵਾੜਾ, ਸਾਬਕਾ ਸਰਪੰਚ ਗੁਰਚਰਨ ਸਿੰਘ ਝੁੰਗੀਆ ਬੇਗਾ ਆਦਿ ਹਾਜ਼ਰ ਸਨ।

Scroll To Top