
ਕਹਾਣੀ
ਜਲ੍ਹਿਆਂਵਾਲਾ ਜਾਗ ਪਿਆ
– ਨਵਤੇਜ ਸਿੰਘ
ਜਿਸ ਰੋਜ਼ਾਨਾ ਅਖ਼ਬਾਰ ਵਿਚ ਮੈਂ ਰਿਪੋਰਟਰ ਦਾ ਕੰਮ ਕਰਦਾ ਹਾਂ, ਉਹਦਾ ‘ਆਜ਼ਾਦੀ ਨੰਬਰ’ ਬੜੀ ਸੱਜ-ਧੱਜ ਨਾਲ ਨਿਕਲ ਰਿਹਾ ਸੀ। ਆਜ਼ਾਦੀ ਬਾਰੇ ਲੇਖ ਤੇ ਬਿਆਨ ਛੱਪਣ ਲਈ ਆ ਰਹੇ ਸਨ, ਆਜ਼ਾਦੀ ਦੀਆਂ ਤਸਵੀਰਾਂ ਦੇ ਬਲਾਕ ਬਣ ਰਹੇ ਸਨ, ਤੇ ਧੜਾ ਧੜ ਇਸ਼ਤਿਹਾਰ ਬੁੱਕ ਹੋ ਰਹੇ ਸਨ।
ਸਾਡੇ ਇਸ਼ਤਿਹਾਰ ਮੈਨੇਜ਼ਰ ਨੂੰ ਮਾਲਕ ਨੇ ਕਿਹਾ ਸੀ, “ਹਰ ਵਰ੍ਹੇ ਆਜ਼ਾਦੀ ਦਿਨ ਅਖ਼ਬਾਰਾਂ ਲਈ ਇਸ਼ਤਿਹਾਰਾਂ ਦੀ ਤੀਣੀ ਚੌਣੀ ਆਮਦਨ ਦਾ ਢੋਆ ਲੈ ਕੇ ਔਂਦਾ ਏ!’’
ਇਸ਼ਤਿਹਾਰ ਆ ਰਹੇ ਸਨ ਜਿਨ੍ਹਾਂ ਵਿਚ ਬਿਸਕੁਟ, ਕ੍ਰਿਕਟ ਬੈਟ ਤੇ ਬੰਦੂਕ, ਮਾਰਵਾੜੀ ਬੀਮਾ ਕੰਪਨੀ, ਬਰਤਾਨਵੀ ਬੈਂਕ, ਤੇ ਅਮਰੀਕਨ ਕੋਕਾ ਕੋਲਾ ਗੱਲ ਕੀ ਹਰ ਚੀਜ਼ ਦਾ ਸਾਡੇ ਦੇਸ਼ ਦੀ ਆਜ਼ਾਦੀ ਨਾਲ ਨਹੁੰ-ਮਾਸ ਦਾ ਰਿਸ਼ਤਾ ਖੋਲ੍ਹ ਕੇ ਦੱਸਿਆ ਗਿਆ ਸੀ।
ਸ਼ੈਦ ਸਾਨੂੰ ਆਜ਼ਾਦ ਕਰ ਕੇ ਆਪਣੇ ਘਰ ਚਲੇ ਜਾਣ ਵਾਲਿਆਂ ਦੀ ਸੱਜਰੀ ਪੈੜ ਦਾ ਰੇਤਾ ਹਿੱਕ ਨੂੰ ਲਾਣ ਦਾ ਯਤਨ ਸੀ, ਤਕਰੀਬਨ ਹਰ ਲੇਖ, ਬਿਆਨ ਤੇ ਇਸ਼ਤਿਹਾਰ ਅੰਗਰੇਜ਼ੀ ਵਿਚ ਸੀ।
ਤਰਜ਼ਮਾ ਕਰਨ ਵਾਲੇ ਸਟਾਫ਼ ਦੇ ਵਿਤੋਂ ਕੰਮ ਕਿਤੇ ਵੱਧ ਜਾਣ ਕਰਕੇ ਸਾਨੂੰ ਰਿਪੋਰਟਰਾਂ ਨੂੰ ਵੀ ਇਸੇ ਕੰਮ ਉਤੇ ਨੂੜ ਦਿੱਤਾ ਗਿਆ ਸੀ। ਨਾਲੇ ਰਿਪੋਰਟਾਂ ਤੇ ਅੱਗੇ ਵੀ ਸਾਨੂੰ ਦਫ਼ਤਰ ਵਿਚ ਬਹਿ ਕੇ ਹੀ ਲਿਖਣੀਆਂ ਪੈਂਦੀਆਂ ਸਨ। ਜੋ ਅੱਖਾਂ ਨਾਲ ਵੇਖੀਦਾ ਹੈ, ਓਹੀ ਤੇ ਸਿੱਧਾ ਸਪਾਟ ਨਹੀਂ ਨਾ ਲਿਖ ਦੇਈਦਾ! ਸਭ ਕੁੱਝ ਇਹ ਸੋਚ ਵਿਚਾਰ ਕੇ ਲਿਖੀਦਾ ਹੈ ਕਿ ਸਾਡੀ ਅਖ਼ਬਾਰ ਦੇ ਡਾਇਰੈਕਟਰ ਇਹਨੂੰ ਕਿਸ ਤਰ੍ਹਾਂ ਪੇਸ਼ ਕਰਨਾ ਚਾਹੁਣਗੇ।
ਸੋ ਏਨੇ ਦਿਨ ਆਜ਼ਾਦੀ-ਆਜ਼ਾਦੀ ਦਫ਼ਤਰ ਦੇ ਕਲਾਕ ਵਾਂਗ ਸਾਡੇ ਦਿਮਾਗ ਵਿਚ ਟਿਕ ਟਿਕ ਹੁੰਦੀ ਰਹੀ ਸੀ, ਤੇ ਆਜ਼ਾਦੀ-ਆਜ਼ਾਦੀ ਸਾਡੀ ਕਲਮ ਦੀ ਸਿਆਹੀ ਵਗਦੀ ਰਹੀ ਸੀ। ‘ਆਜ਼ਾਦੀ ਨੰਬਰ’ ਦੀ ਇਹ ਗਾਹੜ ਮੁੱਕਦਿਆਂ ਸਾਰ ਹੀ ਮੇਰੀ ਨੌਕਰੀ ਫੇਰ ਮੈਨੂੰ ਅਜਿਹੇ ਥਾਂ ’ਤੇ ਲੈ ਗਈ ਜਿੱਥੇ ਹਰ ਚੌਥਾ ਲਫ਼ਜ਼ ਜਿਹੜਾ ਮੇਰੇ ਕੰਨੀਂ ਪੈਂਦਾ ਉਹ ‘ਆਜ਼ਾਦੀ’ ਸੀ।
ਜਲ੍ਹਿਆਂਵਾਲੇ ਬਾਗ਼ ਵਿਚ ਆਜ਼ਾਦੀ ਦਿਨ ਮਨਾਇਆ ਜਾ ਰਿਹਾ ਸੀ, ਤੇ ਮੈਂ ਇਸ ਜਲਸੇ ਦੀ ਰਿਪੋਰਟ ਲਿਖਣੀ ਸੀ।
ਬੜੇ ਉੱਘੇ ਕੌਮੀ ਨੇਤਾ ਸਟੇਜ ਉੱਤੇ ਸਜੇ ਹੋਏ ਸਨ। ਝੰਡੇ ਝੰਡੀਆਂ ਨੇ ਉਨ੍ਹਾਂ ਦੇ ਸਿਰਾਂ ਉੱਤੇ ਜਿਵੇਂ ਇਕ ਸਾਇਬਾਨ ਤਣ ਦਿੱਤਾ ਸੀ। ਕੌਮੀ ਨੇਤਾ ਵਾਰੀ ਵਾਰੀ ਬੋਲ ਰਹੇ ਸਨ ਤੇ ਜਿਸ ਤਰ੍ਹਾਂ ਸਾਡੇ ‘ਆਜ਼ਾਦੀ ਨੰਬਰ’ ਦੇ ਹਰ ਇਸ਼ਤਿਹਾਰ ਵਿਚ ਆਜ਼ਾਦੀ ਦਾ ਸਬੰਧ ਇਸ਼ਤਿਹਾਰ ਦੇਣ ਵਾਲੀ ਫ਼ਰਮ ਦੇ ਮਾਲ ਭਾਵੇਂ ਕ੍ਰਿਕਟ ਬੈਟ ਜਾਂ ਬੰਦੂਕ, ਭਾਵੇਂ ਬਰਤਾਨਵੀ ਬੈਂਕ ਜਾਂ ਅਮਰੀਕਨ ਕੋਕਾ ਕੋਲਾ ਨਾਲ ਖੋਲ੍ਹ ਕੇ ਦੱਸਿਆ ਗਿਆ ਸੀ, ਉਸੇ ਤਰ੍ਹਾਂ ਹੀ ਇੱਥੇ ਸਾਰੇ ਨੇਤਾ ਵਾਰੀ ਵਾਰੀ ਆਪਣੀ ਪਾਰਟੀ ਨਾਲ ਆਜ਼ਾਦੀ ਦਾ, ਤੇ ਆਜ਼ਾਦੀ ਨਾਲ ਆਪਣੀ ਪਾਰਟੀ ਦੇ ਸਬੰਧ ਖੋਲ੍ਹ ਕੇ ਸਮਝਾਅ ਰਹੇ ਸਨ ਇਕ ਬੀਜ ਸੀ ਤੇ ਦੂਜਾ ਬੂਟਾ, ਤੇ ‘ਅਹਿੰਸਾ’ ਇਸ ਬੂਟੇ ਲਈ ਜਿਵੇਂ ਖਾਦ ਸੀ। ਤੇ ਭਾਸ਼ਣ ਜਾਰੀ ਸਨ ਆਜ਼ਾਦੀ ਸਾਡੀ ਪਾਰਟੀ ਆਜ਼ਾਦੀ।
ਏਸ ਖੁੱਲ੍ਹੇ ਬਾਗ਼ ਵਿਚ ਵੀ ਦਫ਼ਤਰ ਦੇ ਕਲਾਕ ਵਰਗੀ ਟਿਕ ਟਿਕ ਲਗਾਤਾਰ ਨਿੱਕੀਆਂ ਨਿੱਕੀਆਂ ਹਥੌੜੀਆਂ ਵਾਂਗ ਮੇਰੇ ਦਿਮਾਗ ਵਿਚ ਵੱਜਣ ਲੱਗ ਪਈ। ਕੁੱਝ ਏਨੇ ਦਿਨਾਂ ਦੀ ਥਕਾਵਟ ਸੀ ਤੇ ਕੁਝ ਇਹ ਅਕਾਵੀਂ ਟਿਕ ਟਿਕ, ਮੈਨੂੰ ਊਂਘ ਜਿਹੀ ਔਂਦੀ ਜਾਪੀ। ਊਂਘ ਹਟਾਣ ਲਈ ਮੈਂ ਆਪਣੀ ਕਾਪੀ ਉੱਤੇ ਰਿਪੋਰਟ ਦਾ ਹੈੱਡਿੰਗ ਲਿਖਣਾ ਸ਼ੁਰੂ ਕੀਤਾ,
“ਆਜ਼ਾਦੀ ਦੇ ਤੀਰਥ ਆਜ਼ਾਦੀ ਦਿਨ ਦਾ ਜਲਸਾ’’
ਫੇਰ ਮੈਂ ਸੋਚਿਆ ‘ਤੀਰਥ’ ਤੇ ‘ਜਲਸਾ’ ਦੋਵਾਂ ਨਾਲ ਇਕ ਇਕ ਵਿਸ਼ੇਸ਼ਣ ਜੋੜ ਦਿੱਤਾ ਜਾਏ ‘ਪਵਿੱਤਰ ਤੀਰਥ’ ‘ਮਹਾਨ ਜਲਸਾ’।
ਸਾਡੀ ਪਾਰਟੀ ਆਜ਼ਾਦੀ ਨੇਤਾ ਬੋਲੀ ਜਾ ਰਹੇ ਸਨ। ਅਹਿੰਸਾ ਆਦਮ-ਤਸ਼ੱਦਦ ਲਾਊਡ ਸਪੀਕਰ ਗੂੰਜ ਰਹੇ ਸਨ।
ਤੇ ਨੀਂਦਰ ਨੇ ਮੈਨੂੰ ਆਪਣੇ ਵੱਸ ਕਰ ਲਿਆ
ਜਲ੍ਹਿਆਂ ਵਾਲਾ ਬਾਗ਼ ਹੀ ਸੀ ਇਹ! ਪਰ ਅਛੋਪਲੇ ਹੀ ਸਰੋਤੇ ਤੇ ਬੁਲਾਰੇ ਦੋਵੇਂ ਬਦਲ ਗਏ ਸਨ। ਝੰਡੇ ਝੰਡੀਆਂ ਦਾ ਸਾਇਬਾਨ ਅਲੋਪ ਹੋ ਗਿਆ ਸੀ, ਤੇ ਅਲੋਪ ਉਹ ਅਕਾਵੀਂ ਟਿਕ-ਟਿਕ, ਅਲੋਪ ਉਹ ਉਜਲੀਆਂ ਖੁੰਭ-ਚੜ੍ਹੀਆਂ ਪੁਸ਼ਾਕਾਂ। ਹੁਣ ਸਭਨਾਂ ਦੀਆਂ ਪੁਸ਼ਾਕਾਂ ਉੱਤੇ ਲਹੂ ਦੇ ਡਬ ਸਨ। ਇਕ ਕੁੜੀ ਉੱਠ ਕੇ ਖੜੋ ਗਈ, ਮਿੱਠੇ ਸੋਲ੍ਹਾਂ ਕੁ ਵਰ੍ਹਿਆਂ ਦੀ ਕੁੜੀ, “ਜਲ੍ਹਿਆਂ ਵਾਲੇ ਬਾਗ਼, ਮੈਂ ਤੇ ਮੇਰੇ ਪੰਜ ਸਾਥੀ ਕੂਚ-ਬਿਹਾਰ ਤੋਂ ਚਲ ਕੇ ਤੇਰੇ ਕੋਲ ਆਏ ਹਾਂ। ਮੇਰੇ ਨਾਲ ਸੁਰੇਸ਼ ਏ ਸੱਤਾਂ ਵਰ੍ਹਿਆਂ ਦੀ ਕਬੀਤਾ ਏ, ਤੇ ਮੇਰਾ ਹਮਉਮਰ ਸਤੀਸ਼ ਤੇ ਸਾਥੋਂ ਰਤਾ ਕੁ ਵੱਡੇ ਬਾਦਲ ਤੇ ਮਹਾਂਬੀਰ। ਜਿਸ ਮਹੀਨੇ ਡਾਇਰ ਨੇ ਤੇਰੀ ਹਿੱਕ ਉੱਤੇ ਗੋਲੀਆਂ ਚਲਾਈਆਂ ਸਨ, ਬੱਤੀ ਵਰ੍ਹਿਆਂ ਬਾਅਦ ਓਸੇ ਵਿਸਾਖ ਦੇ ਮਹੀਨੇ ਸਾਨੂੰ ਛਿਆਂ ਨੂੰ ਗੋਲੀ ਮਾਰੀ ਗਈ। ਅਸੀਂ ਭੁੱਖੇ ਸਾਂ, ਸਾਡੇ ਭੈਣ ਭਰਾ ਤੇ ਮਾਂ ਪਿਓ ਭੁੱਖੇ ਸਨ। ਤੇ ਅਸਾਂ ਸਭਨਾਂ ਰਲ ਕੇ ਆਪਣੀ ਸਰਕਾਰ ਕੋਲੋਂ ਰੋਟੀ ਮੰਗੀ ਤੇ ਉਨ੍ਹਾਂ ਸਾਡੇ ਉੱਤੇ ਗੋਲੀ ਚਲਾਅ ਦਿੱਤੀ।’’
ਇਕ ਮਾਂ ਉੱਠੀ, ਚਾਂਦੀ ਚਿੱਟੇ ਕੇਸਾਂ ਵਾਲੀ ਮਾਂ, “ਮੈਂ ਮਾਂ ਹਾਂ, ਮੇਰੀਆਂ ਅਣਗਿਣਤ ਧੀਆਂ ਨੇ। ਹਿੰਦੁਸਤਾਨ ਦੇ ਅਨੇਕਾਂ ਪਿੰਡਾਂ ਤੇ ਨਗਰਾਂ ਵਿਚ, ਸਭਨੀਂ ਥਾਈਂ ਮੇਰੀਆਂ ਹੀ ਧੀਆਂ ਵੱਸਦੀਆਂ ਨੇ। ਜਲ੍ਹਿਆਂ ਵਾਲੇ ਬਾਗ਼, ਇਨ੍ਹਾਂ ਪਿੰਡਾਂ ਵਿਚ ਅੱਜ ਦੇ ਡਾਇਰਾਂ ਨੇ ਮੇਰੀਆਂ ਧੀਆਂ ਨੂੰ ਆਪਣੇ ਪਿਓਵਾਂ ਤੇ ਆਪਣੇ ਭਰਾਵਾਂ ਨਾਲ ਜ਼ਬਰੀ ਨੰਗਿਆਂ ਲਿਟਾਇਆ ਹੈ। ਉਨ੍ਹਾਂ ਦੀਆਂ ਸੁਥਣਾਂ ਵਿਚ ਜੋਕਾਂ ਤੇ ਪੀਸੀਆਂ ਹੋਈਆਂ ਮਰਚਾਂ ਤੁੰਨੀਆਂ ਨੇ। ਉਨ੍ਹਾਂ ਨੂੰ ਅਲਫ਼ ਨੰਗੀਆਂ ਕਰ ਕੇ ਪੁਲਿਸ ਤੇ ਫ਼ੌਜ ਦੀ ਐਸ਼ ਦਾ ਸਮਾਨ ਬਣਾਇਆ ਏ।’’
ਤੇ ਏਸ ਮਾਂ ਮਗਰੋਂ ਕਈ ਨਿਆਣੇ, ਮਨੁੱਖੀ ਬੋਟ ਜਹੇ, ਅੱਗੇ ਆਏ। ਇਨ੍ਹਾਂ ਦੀਆਂ ਮਾਂਵਾਂ ਦੇ ਥਣ ਸੁੱਕ ਗਏ ਸਨ, ਤੇ ਇਹ ਬੋਟ ਵਿਲਕ ਵਿਲਕ ਕੇ ਮਰ ਗਏ ਸਨ। ਤਿੰਨ-ਤਿੰਨ, ਚਾਰ-ਚਾਰ ਮਹੀਨਿਆਂ ਦੇ ਬਾਲ, ਸੁੱਕੀਆਂ ਹੱਡੀਆਂ ਪਰ ਫੁੱਲੇ ਢਿੱਡ ਤੇ ਉਹ ਬੋਲ ਨਹੀਂ ਸਨ ਸਕਦੇ, ਹੌਲੀ-ਹੌਲੀ, ਲਗਾਤਾਰ ਰੋਈ ਜਾ ਰਹੇ ਸਨ। ਉਹ ਮਾਂਵਾਂ ਦੇ ਥਣ ਟਟੋਲਦੇ ਸਨ, ਮਾਂਵਾਂ ਦੀਆਂ ਬਾਹਵਾਂ ਲੱਭਦੇ ਸਨ। ਪਰ ਥਣ ਕਿਸੇ ਰਾਕਸ਼ ਨੇ ਸੁਕਾਅ ਦਿੱਤੇ ਸਨ, ਤੇ ਮਾਂਵਾਂ ਠੇਕੇਦਾਰਾਂ ਨੂੰ ਰੋੜੀ ਕੁੱਟਣ ਲਈ ਸੌਂਪ ਦਿੱਤੀਆਂ ਗਈਆਂ ਸਨ। ਸੋ ਇਹ ਨਿਆਣੇ ਰੋਈ ਜਾ ਰਹੇ ਸਨ, ਹੌਲੀ-ਹੌਲੀ, ਲਗਾਤਾਰ ਤੇ ਪਤਾ ਨਹੀ ਜਲਿ੍ਹਆਂਵਾਲੇ ਬਾਗ਼ ਵਿਚ ਕਿਵੇਂ ਪੁੱਜ ਗਏ ਸਨ।
ਇਕ ਪੰਜਾਬੀ ਗੱਭਰੂ ਉਠਿਆ, “ਮੈਂ ਪ੍ਰੇਮ ਸਿੰਘ ਸਰਾਭਾ ਹਾਂ ਓਸ ਕਰਤਾਰ ਸਿੰਘ ਸਰਾਭਾ ਦਾ ਗਰਾਈਂ ਜਿਸ ਨੂੰ ਅੰਗਰੇਜ਼ ਹਾਕਮਾਂ ਨੇ ਬਗ਼ਾਵਤ ਦੇ ਦੋਸ਼ ਵਿਚ ਫਾਹੇ ਲਾ ਦਿੱਤਾ ਸੀ। ਅਸਾਂ ਕਰਤਾਰ ਸਿੰਘ ਸਰਾਭੇ ਦੀ ’ਵਾਜ ਉਹਦੀ ਮੌਤ ਨਾਲ ਹੀ ਚੁੱਪ ਨਹੀਂ ਹੋ ਜਾਣ ਦਿੱਤੀ, ਅਸੀਂ ਉਹਦੀ ’ਵਾਜ ਨਾਨਕ, ਹੀਰ ਤੇ ਭਗਤ ਸਿੰਘ ਦੀ ਜੰਮਣ-ਭੌਂ ਦੀ ਨੁੱਕਰ ਨੁੱਕਰ ਤੱਕ ਪੁਚਾਣ ਲਈ ਆਪਣੀ ਪੂਰੀ ਵਾਹ ਲਾਈ ਏ, ਏਸ ਲਈ ਅੱਜ ਦੇ ਹਾਕਮਾਂ ਨੇ ਮੈਨੂੰ ਤੇ ਮੇਰੇ ਅਨੇਕਾਂ ਸਾਥੀਆਂ ਨੂੰ ਜੇਲ੍ਹ ਵਿਚ ਡਕ ਦਿੱਤਾ, ਸਾਡੇ ਉੱਤੇ ਅਣ-ਮਨੁੱਖੀ ਜ਼ੁਲਮ ਕੀਤੇ। ਅਸੀਂ ਜ਼ੁਲਮ ਦੇ ਖਿਲਾਫ਼ ਭੁੱਖ ਹੜਤਾਲਾਂ ਕੀਤੀਆਂ, ਮਹੀਨਿਆਂ ਬੱਧੀ ਭੁੱਖ-ਹੜਤਾਲਾਂ, ਤੇ ਇਕ ਭੁੱਖ-ਹੜਤਾਲ ਵਿਚ ਉਨ੍ਹਾਂ ਤਸੀਹੇ ਦੇ ਦੇ ਮੈਨੂੰ ਪਾਰ ਬੁਲਾਅ ਦਿੱਤਾ। ਪਰ ਜਲਿ੍ਹਆਂਵਾਲੇ ਬਾਗ਼, ਤੂੰ ਚੰਗੀ ਤਰ੍ਹਾਂ ਜਾਣਦਾ ਏਂ ਕਿ ਜਿੱਥੇ ਇਕ ਸ਼ਹੀਦ ਡਿਗਦਾ ਏ ਓਥੋਂ ਤੀਹ ਨਹੀਂ, ਤਿੰਨ ਸੌਂ, ਤਿੰਨ ਹਜ਼ਾਰ ਹੋਰ ਉੱਠਦੇ ਨੇ, ਤੇ ਜਿਵੇਂ ਤੇਰੀ ਹਿੱਕ ਛਾਨਣੀ ਕਰਨ ਵਾਲੇ ਡਾਇਰਾਂ ਦੇ ਦਿਨ ਪੁਗ ਗਏ, ਤਿਵੇਂ।’’ ਤੇ ਉਹਦੇ ਮਗਰੋਂ ਇਕ ਮਜ਼ਦੂਰ ਉਠਿਆ, ਜਿਹੜਾ ਪ੍ਰਦੇਸ਼ਾਂ ਤੋਂ ਸਮੁੰਦਰ ਚੀਰ ਕੇ ਇੱਥੇ ਪੁੱਜਾ ਸੀ, “ਮੈਂ ਆਪਣੀ ਉਮਰ ਦਾ ਬਹੁਤਾ ਹਿੱਸਾ ਮਲਾਇਆ ਦੇ ਜੰਗਲਾਂ ਵਿਚ ਅੰਗਰੇਜ਼ ਮਾਲਕਾਂ ਲਈ ਰਬੜ ਪੈਦਾ ਕਰਦਾ ਰਿਹਾ ਹਾਂ। ਓਥੇ ਏਸ ਦੇਸ਼ ਵਿਚੋਂ ਵੀ ਬੜੇ ਮਜ਼ਦੂਰ ਗਏ ਹੋਏ ਨੇ। ਜਲ੍ਹਿਆਂ ਵਾਲੇ ਬਾਗ਼, ਇਨ੍ਹਾਂ ਵਿਚੋਂ ਇਕ ਗਣਪਤੀ ਨੇ ਇਕ ਦਿਨ ਰਬੜ ਦੇ ਦਰੱਖਤ ਥੱਲੇ ਕੰਮ ਕਰਦਿਆਂ ਮੈਨੂੰ ਤੇਰੀ ਕਹਾਣੀ ਸੁਣਾਈ ਸੀ। ਤੇ ਹੁਣ ਉਹੀ ਗਣਪਤੀ ਆਪ ਤੇਰੇ ਵਰਗੇ ਇਕ ਮਹਾਨ ਸਾਕੇ ਦਾ ਸੂਰਮਾ ਬਣ ਚੁੱਕਿਆ ਏ। ਜਦੋਂ ਜਰਵਾਣਿਆਂ ਨੇ ਉਹਨੂੰ ਮਾਰਿਆ ਤਾਂ ਉਹਦਿਆਂ ਬੁੱਲ੍ਹਾਂ ਉਤੇ ਵੀ ਉਹੀ ਮੁਸਕਰਾਹਟ ਸੀ ਜਿਹੜੀ ਇਕ ਦਿਨ ਅਨੇਕਾਂ ਫੁੱਲਾਂ ਵਾਂਗ ਤੇਰੇ ਪਿੰਡੇ ਉੱਤੇ ਖਿੜੀ ਸੀ
“ਤੇਰੇ ਦੇਸ਼ ਦੇ ਹਾਕਮਾਂ ਦੀ ਰਜ਼ਾਮੰਦੀ ਨਾਲ ਅੰਗਰੇਜ਼ ਅਫ਼ਸਰ ਇੱਥੇ ਔਂਦੇ ਨੇ। ਤੇਰੇ ਦੇਸ਼ ਦਾ ਮਿੱਠਾ ਪਾਣੀ ਪੀ ਕੇ ਤੇ ਨਰੋਇਆ ਅੰਨ ਖਾ ਕੇ, ਤੇਰੇ ਦੇਸ਼ ਦੀਆਂ ਰੇਲਾਂ ਤੇ ਚੜ੍ਹ ਕੇ ਉਹ ਇਥੋਂ ਗੋਰਖੇ ਸਿਪਾਹੀ ਭਰਤੀ ਕਰ ਲਿਜਾਂਦੇ ਨੇ। ਇਹ ਗੋਰਖੇ ਸਿਪਾਹੀ ਮੇਰੇ ਦੇਸ਼ ਵਿਚ ਜਾ ਕੇ ਅਨੇਕਾਂ ਜਲਿ੍ਹਆਂਵਾਲੇ ਬਾਗ਼ ਲਾਂਦੇ ਨੇ। ਇਨ੍ਹਾਂ ਵਿਚੋਂ ਹੀ ਕਿਸੇ ਇਕ ਦੀ ਗੋਲੀ ਨੇ ਮੇਰੀ ਜਿੰਦ ਲਈ ਸੀ।’’
ਤੇ ਇਕ ਭਰਵੀਂ ’ਵਾਜ ਸੁਣਾਈ ਦਿੱਤੀ ਲਹੂ ਦੇ ਦਰਿਆ ਤਰ ਕੇ ਆਈ, ਜ਼ਬਰ ਦੇ ਪਹਾੜ ਲੰਘ ਕੇ ਆਈ ’ਵਾਜ, “ਮੈਂ ਦੱਖਣ ਤੋਂ ਆਇਆ ਹਾਂ। ਮੈਂ ਦੱਖਣ ਦੇ ਸ਼ਹੀਦਾਂ ਵੱਲੋਂ ਏਸ ਸ਼ਹੀਦਾਂ ਦੀ ਧਰਤੀ ਲਈ ਸ਼ਰਧਾ ਦੇ ਕੱੁਝ ਲਾਲ ਚੰਗਿਆੜੇ ਲੈ ਕੇ ਆਇਆ ਹਾਂ। ਲੋਕਾਂ ਲਈ ਭਵਿੱਖ ਦੀਆਂ ਨੂਰੀ ਕਿਰਨਾਂ ਲੈ ਕੇ ਆਇਆ ਹਾਂ। ਦੱਖਣ ਤੋਂ ਸ਼ਹੀਦਾਂ ਦੇ ਹੱਥ ਉੱਠੇ ਨੇ, ਜਲਿ੍ਹਆਂਵਾਲੇ ਦੇ ਸ਼ਹੀਦਾਂ ਨਾਲ ਇਹ ਹੱਥ ਮਿਲ ਰਹੇ ਨੇ।’’
ਤੇ ਫੇਰ ਜਲਿ੍ਹਆਂ ਵਾਲੇ ਦਾ ਅਣੂ-ਅਣੂ ਜਾਗ ਪਿਆ। ਏਨੇ ਵਰ੍ਹਿਆਂ ਤੋਂ ਸੁੱਤੇ ਸ਼ਹੀਦ ਜਾਗ ਪਏ। ਪੁਰਾਣੀਆਂ ਗੋਲੀਆਂ ਦੇ ਨਿਸ਼ਾਨ ਜਾਗ ਕੇ ਨਵੀਆਂ ਗੋਲੀਆਂ ਦੇ ਫੱਟਾਂ ਨੂੰ ਮਮਤਾ ਨਾਲ ਤੱਕਣ ਲੱਗ ਪਏ। ਪੁਰਾਣਾ ਤੇ ਸੱਜਰਾ ਡੁੱਲ੍ਹਾ ਲਹੂ ਇਕ ਦੂਜੇ ਵਿਚ ਰਲ ਗਿਆ। ਲਹੂ ਸੁੱਚਾ ਤੇ ਲਾਲ, ਲਹੂ ਅਨੋਖਾ ਤੇ ਪਵਿੱਤਰ, ਲਹੂ- ਜਿਦ੍ਹੀ ਹਵਾੜ ਵਿਚ ਭਿੰਨ੍ਹੀ ਜਿਹੀ ਮਹਿਕ ਸੀ, ਇਕ ਚਿਰ ਪੁਰਾਣੀ ਪਰ ਨਿੱਤ-ਨਵੀਂ ਮਹਿਕ, ਆਜ਼ਾਦੀ ਦੀ ਨਰੋਈ, ਮਨੁੱਖਤਾ ਜਿੰਨੀ ਪੁਰਾਣੀ ਤੇ ਸੱਜਰੀ ਮਹਿਕ.
ਹੁਣ ਜਲਿ੍ਹਆਂਵਾਲੇ ਬਾਗ਼ ਵਿਚ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਆਣ ਪੁੱਜਾ ਸੀ, ਤੇ ਇਹ ਸਮੁੰਦਰ ਗੜ੍ਹਕ ਰਿਹਾ ਸੀ। ਪੁਲਿਸ ਦੇ ਸਿਪਾਹੀ ਬੰਦੂਕਾਂ ਨਾਲ ਤੇ ਕੁਝ ਵਲੰਟੀਅਰ ਲਾਠੀਆਂ ਨਾਲ ਸਮੁੰਦਰ ਦੀਆਂ ਲਹਿਰਾਂ ਨੂੰ ਡੱਕਣ ਦਾ ਉਪਰਾਲਾ ਕਰ ਰਹੇ ਸਨ। ਲੋਕਾਂ ਦਾ ਸਮੁੰਦਰ ਚੜ੍ਹਦਾ ਆ ਰਿਹਾ ਸੀ। ਪੁਲਿਸ ਦੀਆਂ ਗੋਲੀਆਂ, ਵਲੰਟੀਅਰਾਂ ਦੀਆਂ ਲਾਠੀਆਂ, ਲੋਕਾਂ ਦਾ ਲਹੂ ਪਰ ਸਮੁੰਦਰ ਫੈਲਦਾ ਜਾ ਰਿਹਾ ਸੀ ਅੱਭੜਵਾਹੇ ਮੈਂ ਜਾਗ ਪਿਆ। ਮੇਰੇ ਸਾਹਮਣੇ ਓਸੇ ਤਰ੍ਹਾਂ ਲਾਊਡ ਸਪੀਕਰ ਵਿਚੋਂ ’ਵਾਜ ਆ ਰਹੀ ਸੀ, “ਸਾਡੀ ਪਾਰਟੀ ਆਜ਼ਾਦੀ ਅਹਿੰਸਾ’’
ਮੈਂ ਜਾਗ ਪਿਆ। ਮੇਰੀ ਕਲਮ ਦੀ ਅਣਖ ਜਾਗ ਪਈ। ਮੇਰੀ ਕਲਮ ਵੀ ਲੋਕਾਂ ਦੇ ਇਸ ਸਮੁੰਦਰ ਦੀ ਇਕ ਲਹਿਰ ਬਣ ਗਈ। ਮੇਰੀ ਕਲਮ ਨੇ ਇਸ ਜਲਸੇ ਦੀ ਰਿਪੋਰਟ ਨੂੰ ਮਾਲਕ ਦੀ ਮਰਜ਼ੀ ਅਨੁਸਾਰ ਲਿਖਣੋਂ ਉੱਕਾ ਇਨਕਾਰ ਕਰ ਦਿੱਤਾ।
जान तोते में नहीं, व्यापारी में है
व्यंग्य
डॉ. द्रोण कुमार शर्मा
कहानी पुरानी है। वैसे कहानी तो असली वह होती है जो कभी भी पुरानी न हो। ऐसे ही हमारी यह कहानी पुरानी तो है ही, नई भी है।
तो हमारी इस कहानी में एक देश है और उस देश का एक राजा है। पहले भी यही होता था, आज भी यही होता है। देश तो देश ही होता है पर राजा का नाम या तो राष्ट्रपति हो जाता है या फिर प्रधानमंत्री। पर होता वह राजा ही है।
कहानियों में राजा की जान एक तोते में होती है। मतलब राजा तब तक है जब तक तोता है। तोता खत्म तो राजा खत्म। किसी को राजा को मारना हो तो तोते को मारे। उधर तोते की एक टांग तोड़ी तो राजा भी लंगड़ा हो गया। गरदन मरोड़ी तो राजा भी मर गया।
आप कहेंगे, मैं झूठी कहानी सुना रहा हूँ। बचपन में तो जो कहानी सुनी थी, उसमें तो राक्षस की जान तोते में होती थी। एक भीमकाय, बड़े बड़े दांतों वाले महाराक्षस की जान तोते में होती थी। और उस दैत्याकर राक्षस की कैद में एक सुन्दर सी राजकुमारी भी होती थी। राजकुमार को उस राजकुमारी से प्यार हो जाता था। तब राजकुमार राजकुमारी को राक्षस की कैद से छुड़ाने के लिए उस तोते को मार डालता था। बस उस तोते तक पहुंचने का रास्ता जरूर कठिन होता था।
लेकिन अब आप बड़े हो गए हैं। व्हाट्सप्प व्हाट्सप्प खेलने लगे हैं। और इस खेल में कमाने भी लगे हैं। बताया जाता है कि हर एक व्हाट्सप्प फॉरवर्ड का कुछ पैसा भी मिलता है। तो आप यह भी समझ जाओ कि वह राक्षस राजा भी हो सकता है और राजा भी वह राक्षस। बस कर्मों का फेर है। कर्म से ही तो कोई राजा या राक्षस होता है।
राजा की जान अपने आप में नहीं, तोते में बसती है। आपने तोते को पहचाना नहीं, कि राजा की जान का पता चल गया। लेकिन यह पुरानी बात है। उस जमाने में राजा और राक्षस अपनी जान तोते या मैना में रखते थे। जान किसी निरीह पक्षी में रखो और फिर उसको कहीं दूर जंगलों, नदियों, पहड़ों पार किसी किले में पिंजरे में कैद रखो। चारों ओर पहरा रखो। अपने को नहीं, उस तोते को जेड प्लस प्लस सुरक्षा दो। उस पर खर्च करो। मतलब जान की सुरक्षा के लिए सब कुछ करो।
पर आज का राजा (राजा कहो या राक्षस, बात एक ही है) समझदार हो गया है। एसपीजी की, ब्लैक कमांडो की जेड प्लस प्लस सुरक्षा अपने लिए रखता है और अपनी जान आठ हकाार करो? के हवाई जहाज में रखता है, चारों और फ्लैश लाइट जलाते कैमरों में रखता है या फिर रखता है अपने व्यापारी मित्र में। अपनी जान अपने व्यापारी मित्र में रखना सबसे लाभदायक है, यह हमारे सरकार जी जानते हैं।
जान व्यापारी मित्र में रखने का लाभ यह है कि आपको उस पर नहीं खर्च करना पड़ेगा बल्कि वह आप पर खर्च करेगा। आपको आपकी चुनावी यात्रा के लिए अपना प्राइवेट जेट देगा। आपकी चुनावी सभाओं का, रोड शो का, रैलीओं का खर्च उठाएगा। आपको चंदा देगा। बस बदले में धंधा लेगा। देश में ही नहीं, विदेश में भी धंधा। सरकार जी की गारंटी मांगेगा। सुरक्षा की गारंटी। तो सरकार जी ने अपनी जान व्यापारी में रख दी।
आज कल का राजा ज्यादा समझदार है। जान तोते में नहीं, व्यापारी में रखता है।
और आजकल राजकुमार भी ज्यादा समझदार है। जानता है कि जान का पता चल जाये, आप एक बार उस तक पहुंच जाएं तो फिर आप राजा जी को जैसे मर्जी नचा सकते हो। तोते को पहचानने के बाद जितना मकाा राजा को नचाने में है उतना जान लेने में नहीं है। यह बात माय फ्रेंड ट्रम्प को भी पता है।
ट्रम्प जी जानते हैं कि जान तोते में नहीं, एक व्यापारी में है। और व्यापारी फंसा हुआ है। ट्रम्प जी के देश में ही फंसा हुआ है। ट्रम्प जी ने कह दिया है दोस्त, तेरी जान महफूज रहेगी। तू बस हाथी सहलाता रह, शेर के साथ फोटो खिंचवाता रह, गंगा माँ के मायके जाता रह। तेरा देश अब में चलाऊंगा। भारत कितना टैरिफ वसूलेगा, उससे कितना टैरिफ वसूला जायेगा, यह मैं यहाँ वाशिंगटन में बताऊंगा। दोस्त तेरा तोता मैं सम्हालूंगा।
ਕਵਿਤਾ
– ਮੰਗਤ ਰਾਮ ਪਾਸਲਾ
ਹੋਲਿਕਾ
ਕਿਸੇ ’ਤੇ ਗੁਲਾਲ ਪੌਣਾ
ਟਿੱਕਾ ਲੌਣਾ
ਕੱਪੜੇ ਰੰਗ ਦੇਣੇ
ਹੋਲੀ ਤਾਂ ਹੈ
ਪਰ……
ਲਾਲੋਆਂ ਨੂੰ ਲਾਲ ਕਰਨਾ
ਠੰਡੇ ਚੁੱਲਿ੍ਹਆਂ ਨੂੰ
ਬਲਦੇ ਰੱਖਣਾ
ਝਾੜੂ ਦੇ ਰਹੀ ਕੁੜੀ ਦੇ
ਝੀਤਾਂ ਮਾਰਦੇ ਕੁੜਤੇ ਨੂੰ
ਟਾਕੀਆਂ ਲੌਣਾ
ਔਖਾ ਤੇ ਕੰਡਿਆਲਾ ਤਾਂ ਹੈ
ਪਰ ਮਹਿਸੂਸ ਹੁੰਦਾ ਹੈ
ਕੁੱਝ ਹੋ ਰਿਹਾ ਹੈ
ਕੋਈ ਕਰ ਰਿਹਾ ਹੈ
ਆਏਗਾ ਜ਼ਰੂਰ ਮੌਸਮ
ਹੋਲੇ ਮਹੱਲੇ ਵਰਗਾ
ਕਰਾਰੇ ਹੱਥਾਂ ਦੇ
ਹੱਲੇ ਵਰਗਾ
ਮੁਟਿਆਰਾਂ ਦੇ ਗਿੱਧਿਆਂ ਵਰਗਾ
ਗੱਭਰੂ ਦੇ ਬੋਲਾਂ ਵਰਗਾ
ਦੰਗਲ ’ਚ ਵੱਜਦੇ
ਢੋਲਾਂ ਵਰਗਾ
ਤੱਕਦਾ ਹਾਂ ਜਦ
ਸੜਦੀ ਤੇ ਤੜਪਦੀ ਹੋਲਿਕਾ ਨੂੰ
ਤਾਂ
ਇਤਿਹਾਸ ਘੋਖਣ ਨੂੰ ਦਿਲ ਕਰਦਾ
ਸੂਲੀ ਚੜ੍ਹੇ, ਤੜਫ਼ਦੇ ਗੁਲਾਮ ਦਾ
ਗਾਇਆ ਗੀਤ ਸੁਣ ਕੇ
ਮਨ ਭਰਦਾ
ਰਾਜੇ ਦੀ ਮੁੱਠੀ ਚਾਪ ਕਰਦੇ
‘ਸੈਣ’ ਦੇ ਦਮਦਾਰ ਹੱਥਾਂ ਨੂੰ ਛੂਹ
ਸੁਕਰਾਤ ਵਰਗਾ ਨਸ਼ਾ ਚੜ੍ਹਦਾ
ਬੁੱਲੇ ਦੀ ਬਾਗ਼ੀਆਨਾ ਕਾਫ਼ੀ ਸੁਣ
ਮਨ ਠਰਦਾ
ਖੱਡੀ ’ਤੇ ਚੜ੍ਹੇ ਤਾਣੇ ’ਚ
ਘੁੰਮਦੀ ਛਟਲ ਦੀ ਚਾਲ ਨੂੰ
ਗਰਮੀਓ ਗਰਮੀ ਹੋਏ
ਹਥੌੜਾ ਵਹੁੰਦੇ
ਦੁੱਮਣ ਲੁਹਾਰ ਨੂੰ
ਕਾਗਜ਼ ਚੁਗ ਰਹੇ
ਭੁੱਖੇ ਬਾਲ ਨੂੰ
ਜੇ ਆਪਣੀ ਹੋਂਦ ਦਾ ਅਹਿਸਾਸ ਹੋ ਜਾਏ
ਸਤਰੰਗੀ ਪੀਂਘ ਵਰਗੀ
ਕੁੱਲ ਕਾਇਨਾਤ ਹੋ ਜਾਏ
ਘਰਾਂ ਦੀਆਂ ਕੱਚੀਆਂ ਕੰਧਾਂ
ਤੇ ਚੋਂਦੀਆਂ ਛੱਤਾਂ
ਰੰਗੋਲੀ ਦੇ ਰੰਗਾਂ ’ਚ ਜ਼ਜ਼ਬ ਹੋ ਜਾਵਣ ਦਾ
ਕੁੱਝ ਹੋਰ ਹੀ ਮਜ਼ਾ ਹੈ
ਇਸ ਦੇ ਬਿਨਾਂ
ਹੋਲੀ ਵੀ ਸਜ਼ਾ ਹੈ
ਗ਼ਜ਼ਲ
ਜਲ੍ਹਿਆਂ ਵਾਲਾ ਬਾਗ਼ ਦੇ ਨਾਮ
– ਮੱਖਣ ਕੁਹਾੜ
ਜੇ ਸਾਂਝਾ ਖੂਨ ਡੁੱਲ੍ਹਦਾ ਹੈ, ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਦਰਦ ਇਕਮੁੱਠ ਹੋ ਤੁਰਦਾ ਹੈ ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਜਵਾਨੀ ਜਦ ਖਲੋ ਚੌਂਕਾਂ ਦੇ ਵਿਚ ਰੁਜ਼ਗਾਰ ਮੰਗਦੀ ਹੈ,
ਤੇ ਹਾਕਮ ਅੱਗ ਉੱਗਲਦਾ ਹੈ ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਖਲੋਤੇ ਹੋਣ ਚੌਂਕਾਂ ਵਿਚ, ਜਦੋਂ ਸਭ ਡਾਇਰ ਘੇਰਾ ਘੱਤ,
ਨਾ ਰਸਤਾ ਫਿਰ ਵੀ ਰੁਕਦਾ ਹੈ ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਜੇ ਰਾਤਾਂ ਨੂੰ ਦਿਨ ਆਖਣ, ਨਾ ਦਿਨ ਨੂੰ ਰਾਤ ਆਖਣ ਲੋਕ,
ਇਹ ਗੱਲ ਹਾਕਮਾਂ ਨਾ ਜ਼ਰਦਾ ਹੈ, ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਜਦੋਂ ਹਿੰਦੂ ਤੇ ਮੁਸਲਿਮ ਪੀਣ ਇਕੋ ਮਸ਼ਕ ’ਚੋਂ ਪਾਣੀ,
ਪਸੀਨਾ ਸ਼ਾਹ ਦਾ ਵਗਦਾ ਹੈ, ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਜਦੋਂ ਦੁਸ਼ਮਣ ਦੀ ਕਰ ਪਹਿਚਾਣ ਸਭ ਤੁਰ ਪੈਣ ਲੱਕ ਬੰਨ੍ਹ ਲੋਕ,
ਕੋਈ ਪਿੱਛੇ ਨਾ ਹਟਦਾ ਹੈ ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਜੇ ਆਪਣੇ ਰਾਹ ਤੁਰੀ ਪਰਜ਼ਾ ਦੇ ਰਾਹ ਵਿਚ ਰਾਜਾ ਖੂਹ ਪੁੱਟੇ,
ਸਿੰਘਾਸਨ ਜਦ ਵੀ ਹਿਲਦਾ ਹੈ, ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਜਦੋਂ ਵੀ ਸਾਜ਼ਿਸ਼ੀ ’ਨੇਰ੍ਹੀ ਬੁਝਾਵੇ, ਜਗ ਰਹੇ ਸਭ ਦੀਪ,
ਨਾ ਚਾਨਣ ਫਿਰ ਵੀ ਘਟਦਾ ਹੈ, ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਦਿਲਾਂ ਵਿਚ ਬਲ ਰਿਹਾ ਭਾਂਬੜ, ਸਿਰਾਂ ਵਿਚ ਲੋਅ ਜਦੋਂ ਕਰਦੈ
ਤੇ ਲਾਵਾ ਛਾਤੀ ਫਟਦਾ ਹੈ, ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
‘ਕੁਹਾੜ’ ਉਚੀਆਂ ਉਡਾਣਾਂ ਭਰਨ, ਜਦ ਚਿੜੀਆਂ ਬਣਾ ਡਾਰਾਂ,
ਤੇ ਕੰਬਣ ਬਾਜ਼ ਲੱਗਦਾ ਹੈ, ਤਾਂ ਬਣਦੈ ਜਲ੍ਹਿਆਂ ਵਾਲਾ ਬਾਗ਼।
ਗ਼ਜ਼ਲ
– ਅਰਸ਼ਦ ਮਨਜ਼ੂਰ
ਅੱਜ ਨਹੀਂ ਤੇ ਕੱਲ੍ਹ ਹੋਵੇਗੀ
ਮਿਹਨਤਕਸ਼ ਦੀ ਗੱਲ ਹੋਵੇਗੀ
ਜੇ ਨਾ ਰੱਜ ਕੇ ਰੋਟੀ ਲੱਭੀ
ਧਰਤੀ ’ਤੇ ਤਰਥੱਲ ਹੋਵੇਗੀ
ਝੂਠਾਂ ਦੇ ਗਲ ਫਾਹ ਹੋਵੇਗਾ
ਖ਼ਲਕਤ ਸੱਚਿਆਂ ਵੱਲ ਹੋਵੇਗੀ
ਜਾਂ ਤੇ ਲਾਸ਼ ਹੋਵੇਗੀ ਮੇਰੀ
ਜਾਂ ਫਿਰ ਤੇਰੀ ਖੱਲ ਹੋਵੇਗੀ
ਮੈਂ ਨਈਂ ਮੰਨਦਾ ਤੇਰਾ ਜਿਰਗਾ
ਤਬਦੀਲੀ ਦੀ ਗੱਲ ਹੋਵੇਗੀ
ਮੁੱਕ ਜਾਵਣਗੇ ਘੁੱਪ ਹਨੇਰੇ
ਬਸ ਚਾਨਣ ਦੀ ਗੱਲ ਹੋਵੇਗੀ
ਰਾਜ ਕਰੇਗੀ ਰੱਬ ਦੀ ਖਲ਼ਕਤ
‘ਅਰਸ਼ਦ’ ਚੱਲ ਸੋ ਚੱਲ ਹੋਵੇਗੀ।
ग़ज़ल
– दुष्यन्त कुमार
इस नदी की धार में ठंडी हवा आती तो है,
नाव जर्जर ही सही, लहरों से टकराती तो है।
एक चिनगारी कही से ढूँढ लाओ दोस्तो,
इस दिए में तेल से भीगी हुई बाती तो है।
एक खंडहर के हृदय-सी, एक जंगली फूल-सी,
आदमी की पीर गूंगी ही सही, गाती तो है।
एक चादर साँझ ने सारे नगर पर डाल दी,
यह अंधेरे की सडक़ उस भोर तक जाती तो है।
निर्वचन मैदान में लेटी हुई है जो नदी,
पत्थरों से, ओट में जा-जा के बतियाती तो है।
दुख नहीं कोई कि अब उपलब्धियों के नाम पर,
और कुछ हो या न हो, आकाश-सी छाती तो है।
