
ਡਾ. ਨਵਜੋਤ
(ਖਾਲਸਾ ਸਾਜਨਾ ਦਿਵਸ ਅਤੇ ਜਲਿ੍ਹਆਂਵਾਲਾ ਬਾਗ਼ ਸ਼ਹੀਦੀ ਸਾਕੇ ਦੀ ਵਰ੍ਹੇਗੰਢ ਨੂੰ ਸਮਰਪਿਤ ਲੇਖ)
ਵਿਸਾਖੀ ਦਾ ਦਿਹਾੜਾ ਸਿਰਫ਼ ਫਸਲਾਂ ਦੇ ਪੱਕ ਜਾਣ ਤੋਂ ਬਾਅਦ ਜਸ਼ਨ ਮਨਾਉਣ ਦਾ ਦਿਨ ਹੀ ਨਹੀਂ ਹੈ। ਸਗੋਂ ਖਾਲਸਾ ਪੰਥ ਦੀ ਸਾਜਨਾ ਤੇ ਜੱਲਿ੍ਹਆਂ ਵਾਲੇ ਬਾਗ਼ ਦੇ ਖ਼ੂਨੀ ਮੰਜ਼ਰ ਦੇ ਸ਼ਹੀਦਾਂ ਨੁੂੰ ਸਿਜਦਾ ਕਰਨ ਦਾ ਸ਼ਾਨਾਮੱਤਾ ਇਤਿਹਾਸਕ ਦਿਨ ਵੀ ਹੈ। 1699 ਦੀ ਵਿਸਾਖੀ ਉਹ ਮੁਕੱਦਸ ਦਿਨ ਹੈ, ਜਿਸ ਦਿਨ ਇਕ ਬਹਾਦਰ ਤੇ ਸਿਰਲੱਥ ਪੰਥ ਦਾ ਆਗਾਜ਼ ਹੋਇਆ ਸੀ। ਇਸੇ ਪੰਥ ਨੇ ਪੰਜਾਬ ਵਿਚ ਮੁਗ਼ਲਾਂ ਤੇ ਅਫ਼ਗਾਨਾਂ ਵਰਗੇ ਤਾਕਤਵਰ ਸਾਮਰਾਜਾਂ ਨੂੰ ਨੇਸਤੋਨਾਬੂਦ ਕਰ ਦਿੱਤਾ ਸੀ। ਸਿੱਖ ਇਤਿਹਾਸ ਵਿਚ ਇਕ ਨਵੇਂ ਯੁੱਗ ਦੀ ਸ਼ੁਰੂੁਆਤ ਹੋਈ ਸੀ। ਇਸ ਦਿਨ ਨੇ ਦੱਬੇ-ਕੁਚਲੇ ਤੇ ਮਜ਼ਲੂਮ ਲੋਕਾਂ ਦੇ ਮਨ ਮਸਤਕ ਅੰਦਰ ਕ੍ਰਾਂਤੀ ਦੀ ਇਕ ਚਿਣਗ ਜਗਾ ਦਿੱਤੀ ਸੀ। ਇਸ ਦਿਨ ਦੀ ਨੀਂਹ ਤਾਂ “ਏਤੀ ਮਾਰ ਪਈ ਕੁਰਲਾਣੈ” ਤੋਂ ਸ਼ੁਰੂ ਹੋਏ ਜ਼ਾਲਮ ਬਾਦਸ਼ਾਹਤ ਦੇ ਵਿਰੋਧ, ਸ਼ਾਤੀਂ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਅਸਹਿ ਤੇ ਅਕਹਿ ਜ਼ੁਲਮ ਸਹਾਰਦਿਆਂ ਸਿਦਕ ਤੇ ਸਿਰੜ ਨਾਲ ਦਿੱਤੀ ਸ਼ਹਾਦਤ ਨਾਲ ਹੀ ਧਰ ਦਿੱਤੀ ਗਈ ਸੀ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਦੇ ਨਾਲ ਪੀਰੀ ਦੀ ਤਲਵਾਰ ਪਹਿਨ ਕੇ ਸੰਤ ਤੇ ਸਿਪਾਹੀ ਦਾ ਸੁਮੇਲ ਕਰ ਜ਼ੁਲਮ ਨੂੁੰ ਰੋਕਣ ਤੇ ਮਜ਼ਲੂਮਾਂ ਦੀ ਰਾਖੀ ਕਰਨ ਦਾ ਰਾਹ ਅਖ਼ਤਿਆਰ ਕਰਦਿਆਂ ਵੇਲੇ ਦੇ ਹਾਕਮਾਂ ਨੂੰ ਲਲਕਾਰਿਆ ਸੀ। ਜ਼ੁਲਮ ਖਿਲਾਫ਼ ਜੂਝਣ ਦੀ ਇਹ ਗਰਜ਼ਵੀਂ ਤੇ ਦਲੇਰਾਨਾ ਵੰਗਾਰ ਸੀ। ਨੌਵੇਂ ਨਾਨਕ ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ ਮੁਗਲ ਸਲਤਨਤ ਕੋਲ ਕੁਰਬਾਨ ਹੋਣ ਲਈ ਆਪ ਤੁਰ ਕੇ ਜਾਣ ਨੇ ਨਿਮਾਣੀ ਤੇ ਨਿਤਾਣੀ ਕੌਮ ਅੰਦਰ ਮਾਨਵੀ ਹੱਕਾਂ ਲਈ ਜੂਝਣ ਦਾ ਚਾਅ ਭਰਿਆ। ਉਨ੍ਹਾਂ ਦੇ ਇਸ ਕਰਮ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਗੁਰੂ ਤੇਗ਼ ਬਹਾਦਰ ਦੇ “ਨਾ ਕਿਸੇ ਤੋਂ ਡਰੋ ਨਾ ਡਰਾਓ” ਦੇ ਸੰਕਲਪ ਨੇ ਹਿੰਮਤ, ਦਲੇਰੀ ਅਤੇ ਬਹਾਦਰੀ ਦੀਆਂ ਭਾਵਨਾਵਾਂ ਦਾ ਸੰਚਾਰ ਕੀਤਾ। ਕਲਮ ਤੋਂ ਸ਼ੁਰੂ ਹੋਇਆ ਇਹ ਸਫ਼ਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਵਾਰਨ ਨਾਲ ਕਿਰਪਾਨ ਤੱਕ ਦਾ ਸਫ਼ਰ ਤੈਅ ਕਰਦਾ ਹੈ ।
ਇਹ ਉਹ ਵੇਲਾ ਸੀ ਜਦੋਂ ਔਰੰਗੇਜ਼ਬ ਦੀ ਕੱਟੜਤਾ ਕਰਕੇ ਸਾਰੇ ਭਾਰਤ ਵਿਚ ਹਾਹਾਕਾਰ ਮਚੀ ਹੋਈ ਸੀ। ਮਾਨਵੀ ਹੱਕਾਂ ਦਾ ਹਨਨ ਹੋ ਰਿਹਾ ਸੀ। ਬਾਦਸ਼ਾਹ ਦੀ ਧਾਰਮਿਕ ਕੱਟੜਤਾ ਨੇ ਮਜ਼ਲੂਮਾਂ ਦੀ ਕਤਲੋਗ਼ਾਰਤ ਸ਼ੁਰੂ ਕਰ ਦਿੱਤੀ ਸੀ। ਉਸ ਘੜੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਮੁਗਲ ਸਲਤਨਤ ਖਿਲਾਫ਼ ਇਕਜੁੱਟ ਹੋਣ ਲਈ ਪ੍ਰੇਰਿਤ ਕੀਤਾ। ਇਹ ਉਹੀ ਪਹਾੜੀ ਰਾਜੇ ਸਨ, ਜਿਨ੍ਹਾਂ ਦੇ ਪੁਰਖਿਆਂ ਨੁੂੰ ਗੁਰੂ ਹਰਿਗੋਬਿੰਦ ਜੀ ਨੇ ਗਵਾਲੀਅਰ ਦੀ ਕੈਦ ਤੋਂ ਮੁਕਤ ਕਰਵਾਇਆ ਸੀ। ਜਾਤੀ ਹੰਕਾਰ ’ਚ ਗ੍ਰਸੇ ਇਹ ਅਕਿਰਤਘਣ ਰਾਜੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਹਿੱਤ ਖੁੂਨ ਪੀਣੇ ਹਾਕਮਾਂ ਨਾਲ ਜਾ ਰਲੇ। ਦਲੀਲ ਉਨਾਂ ਦੀ ਇਹ ਸੀ ਕਿ ਜੋ ਤੁਸੀਂ ਦਲਿਤਾਂ ਤੇ ਪਛੜੇ ਵਰਗਾਂ ਦੀ ਬਰਾਬਰੀ ਦੀ ਗੱਲ ਕਰਦੇ ਹੋ, ਉਹ ਸਾਡੇ ਧਰਮ ਦੇ ਖਿਲਾਫ਼ ਹੈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਹਿਸਾਸ ਹੋਇਆ ਕਿ ਦਿਨੋਂ-ਦਿਨ ਵੱਧ ਰਹੇ ਅੱਤਿਆਚਾਰ ਨੂੰ ਠੱਲ੍ਹ ਪਾਉਣ ਲਈ ਆਪਣੀ ਇਕ ਅਜਿਹੀ ਸੈਨਾ ਤਿਆਰ ਕਰਨ ਦੀ ਲੋੜ ਹੈ, ਜੋ ਮੌਕਾਪ੍ਰਸਤ ਨਾ ਹੋਵੇ ਤੇ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰ ਸਕੇ। ਬੇਸ਼ੱਕ ਦਸ਼ਮੇਸ਼ ਪਿਤਾ ਤੋਂ ਪਹਿਲੇ ਗੁਰੂ ਸਾਹਿਬਾਨ ਨੇ ਵੀ ਸੰਗਤ ਤੇ ਪੰਗਤ ਦੀ ਪ੍ਰਥਾ ਸ਼ੁਰੂ ਕਰਕੇ ਜਾਤ-ਪਾਤ, ਧਰਮ, ਨਸਲ ਆਦਿ ਦੇ ਵਿਤਕਰੇ ’ਤੇ ਤਕੜੀ ਸੱਟ ਮਾਰੀ ਸੀ, ਪਰ ਅਜੇ ਵੀ ਇਹ ਬੁਰਾਈ ਪੁਰਜ਼ੋਰ ਰੂਪ ਵਿਚ ਬਰਕਰਾਰ ਸੀ। ਗੁਰੂ ਜੀ ਅਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ, ਜੋ ਹਰ ਤਰ੍ਹਾਂ ਦੇ ਵਖਰੇਵੇਂ ਤੋਂ ਮੁਕਤ ਹੋਵੇ ਤੇ ਜਿਥੇ ਹਰ ਇਨਸਾਨ ਬਰਾਬਰ ਹੋਵੇ। ਉਸ ਹਾਲਾਤ ਵਿਚ ਪੁੱਟਿਆ ਇਹ ਇਕ ਕ੍ਰਾਂਤੀਕਾਰੀ ਕਦਮ ਸੀ। ਸਹੀ ਅਰਥਾਂ ਵਿਚ ਉਹ ਮੁਕੰੰਮਲ ਰੂਪ ਵਿਚ ਸਮਾਜਕ ਏਕਤਾ ਦੇ ਝੰਡਾ ਬਰਦਾਰ ਸਨ। ਸੱਚੇ-ਸੁੱਚੇ ਮਾਨਵਤਾਵਾਦੀ, ਜਿਨ੍ਹਾਂ ਹਕੀਕੀ ਲੋਕ ਰਾਜ ਦੀ ਸਥਾਪਨਾ ਲਈ ਉਨ੍ਹਾਂ ਦੱਬੇ-ਕੁਚਲੇ, ਮਜ਼ਲੂਮ ਲੋਕਾਂ ਅੰਦਰ ਛਿਪੀ ਚਿਣਗ ਨੂੰ ਪ੍ਰਚੰਡ ਕਰਨ ਲਈ ਤੇਲ ਦੀ ਥਾਂ ਪੂਰੀ ਕੁਲ ਦਾ ਲਹੂ ਪਾ ਕੇ ਮਾਨਵੀ ਹੱਕਾਂ ਤੇ ਅਜ਼ਾਦੀ ਦੀ ਸ਼ਮ੍ਹਾਂ ਰੌਸ਼ਨ ਕੀਤੀ। ਗੁਰੂ ਰਾਮਦਾਸ ਦੁਆਰਾ ਸਾਜੀ ਮਸੰਦ ਪ੍ਰਥਾ ਵੀ ਉਸ ਸਮੇਂ ਘੋਰ ਬੁਰਾਈਆਂ ਦਾ ਸ਼ਿਕਾਰ ਹੋ ਚੁੱਕੀ ਸੀ। ਮਸੰਦ ਆਪਣੇ ਆਪ ਨੂੰ ਗੁਰੂ ਦੇ ਸਾਜਨਹਾਰ ਹੀ ਸਮਝਣ ਲੱਗ ਪਏ ਸਨ। ਕੁਝ ਇਕ ਮੁੂੜ੍ਹਮੱਤੀਆਂ ਨੇ ਤਾਂ ਆਪਣੀਆਂ ਗੱਦੀਆਂ ਵੀ ਕਾਇਮ ਕਰ ਲਈਆਂ ਸਨ। ਘਟੀਆ ਹੱਦ ਤੱਕ ਨਿੱਘਰ ਚੁੱਕੇ ਪਿਰਥੀ ਚੰਦ, ਧੀਰ ਮੱਲ ਤੇ ਰਾਮ ਰਾਏ ਵਰਗਿਆਂ ਤੋਂ ਛੁਟਕਾਰਾ ਪਾਉਣ ਲਈ ਵੀ ਸਿੱਖਾਂ ਨੂੰ ਇੱਕ ਵੱਖਰੇ ਰੂਪ ਵਿਚ ਜਥੇਬੰਦ ਕਰਨ ਦੀ ਲੋੜ ਸੀ।
1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਕੇਸਗੜ੍ਹ ਵਿਖੇ ਭਾਰੀ ਦੀਵਾਨ ਸਜਾਇਆ ਗਿਆ। ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਲੋਕ ਮਨਾਂ ’ਚ ਉਤਸ਼ਾਹ ਭਰ ਕੇ ਪੰਡਾਲ ਵਿਚ ਪੁਹੰਚੇ। ਲੋਕਾਈ ਨਾਲ ਖੌਲਦੇ ਉਸ ਭਰੇ ਮੇਲੇ ਵਿਚ ਲੋਕ ਦਰਦੀ ਗੁਰੂ ਨੇ ਆਪਣੀ ਨੰਗੀ ਕਿਰਪਾਨ ਹਵਾ ਵਿਚ ਲਹਿਰਾਈ ਤੇ ਧਰਮ ਵਾਸਤੇ ਇਕ ਸੀਸ ਦੀ ਕੁਰਬਾਨੀ ਦੀ ਮੰਗ ਕੀਤੀ। ਓਪਰੀ ਨਜ਼ਰੇਂ ਵੇਖਿਆਂ ਭਾਵੇਂ ਇਹ ਕਾਰਜ ਧਾਰਮਿਕ ਲੱਗਦਾ ਸੀ, ਪਰ ਹਕੀਕੀ ਰੂਪ ’ਚ ਇਹ ਜ਼ਬਰ-ਜ਼ੁਲਮ ਖਿਲਾਫ਼ ਲੋਕ ਯੁੱਧ ਵਿੱਢਣ ਦਾ ਇਕ ਸ਼ਾਨਦਾਰ ਯਤਨ ਸੀ। ਜੀਵਨ ਰੌਂਅ ਨਾਲ ਧੜਕਦੇ ਉਸ ਮੇਲੇ ਵਿਚ ਇਕ ਵਾਰੀ ਤਾਂ ਚੁੱਪ ਵਰਤ ਗਈ। ਲੋਕਾਂ ਵਿਚ ਘਬਰਾਹਟ ਫੈਲ ਗਈ। ਫਿਰ ਸੀਸ ਤਲੀ ’ਤੇ ਧਰ ਕੇ ਇੱਕ ਯੋਧਾ ਨਿੱਤਰਿਆ। ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ ਤੇ ਪੰਜਵੀਂ ਵਾਰ ਫੇਰ ਉਹੀ ਮੰਗ ਦੁਹਰਾਈ ਗਈ। ਵਾਰੋ-ਵਾਰੀ ਆਪੋ-ਆਪਣਾ ਸੀਸ ਗੁਰੂ ਦੇ ਕਦਮਾਂ ’ਚ ਅਰਪਨ ਕਰਨ ਵਾਲੇ ਉਨ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਨੇ ਆਪਣੀ ਹਿੱਕ ਨਾਲ ਲਾਇਆ ਤੇ ਇਨ੍ਹਾਂ ਬਹਾਦਰ ਮਰਜੀਵੜਿਆਂ ਨੂੰ ਪਹਿਲਾਂ ਦਸਤਾਰ ਦਾ ਸਤਿਕਾਰ ਦਿੱਤਾ ਤੇ ਫਿਰ ਖੰਡੇ ਬਾਟੇ ਦਾ ਪਾਹੁਲ ਛਕਾਇਆ। ਮਾਤਾ ਸਾਹਿਬ ਦੇਵਾ ਤੋਂ ਅੰਮ੍ਰਿਤ ’ਚ ਪਤਾਸੇ ਪੁਆ ਕੇ ਨਾਰੀ ਸ਼ਕਤੀ ਦਾ ਅਹਿਸਾਸ ਵੀ ਕਰਵਾਇਆ ਤੇ ਬਹਾਦਰੀ ਤੇ ਸੂਰਮਤਾਈ ਦੇ ਨਾਲ-ਨਾਲ ਨਿਮਰਤਾ ਦਾ ਪਾਠ ਵੀ ਪੜ੍ਹਾਇਆ। “ਆਪੇ ਗੁਰ ਚੇਲਾ’’ ਦਾ ਨਿਆਰਾ ਸਿਧਾਂਤ ਵੀ ਪਹਿਲੀ ਵਾਰ ਦੁਨੀਆਂ ਦੇ ਇਤਿਹਾਸ ਵਿਚ ਸਥਾਪਤ ਕੀਤਾ। ਖਾਲਸੇ ਦੀ ਸਥਾਪਨਾ ਨੇ ਜਾਤ-ਪਾਤ ਦੀਆਂ ਜੰਜ਼ੀਰਾਂ ਨੂੰ ਤੋੜ, ਪੱਛੜੀਆਂ ਕਹੀਆਂ ਜਾਣ ਵਾਲੀਆਂ ਸ਼੍ਰੇਣੀਆਂ ਨੂੰ ਸੱਤਾ ਦੇ ਅਸਲੀ ਹੱਕਦਾਰ ਬਣਾਇਆ। ਇਹ ਖਰੀ ਜਮਹੂਰੀਅਤ ਵੱਲ ਪੁੱਟਿਆ ਪਹਿਲਾ ਕਦਮ ਸੀ। ਪੰਜ ਪਿਆਰਿਆਂ ਨੂੰ ਸਮੂਹਿਕ ਰੂਪ ਵਿਚ ਨਿਰਣੇ ਲੈਣ ਦਾ ਹੱਕ ਮਿਲਿਆ। ਉਸ ਵੇਲੇ ਹਾਲਾਤ ਅਜਿਹੇ ਸਨ ਕਿ ਕਮਜ਼ੋਰ ਤੇ ਨਿਤਾਣੇ ਲੋਕ ਡਰੂ ਤੇ ਕਾਇਰ ਮਾਨਸਿਕਤਾ ਦਾ ਸ਼ਿਕਾਰ ਹੋ ਕੇ ਹਰ ਜ਼ੁਲਮ ਝੱਲੀ ਹੀ ਜਾ ਰਹੇ ਸਨ। ਅਜਿਹੇ ਸਮੇਂ ਖਾਲਸੇ ਦੀ ਸਥਾਪਨਾ ਨੇ ਮੁਰਦਿਆਂ ਵਿਚ ਵੀ ਅਦੁੱਤੀ ਜੋਸ਼ ਦਾ ਸੰਚਾਰ ਕੀਤਾ। ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਪਿਆ। ਆਮ ਲੋਕ ਵੀ ਆਤਮ ਸਨਮਾਨ ਨਾਲ ਸਿਰ ਉੱਚਾ ਕਰਕੇ ਜੀਣਾ ਸਿੱਖ ਗਏ। ਨਾਮ ਕਿਸੇ ਦੀ ਸ਼ਖਸ਼ੀਅਤ ’ਤੇ ਕਿਵੇਂ ਅਸਰ ਅੰਦਾਜ਼ ਹੁੰਦਾ ਹੈ, ਇਹ ਗੁਰੂ ਦੇ ਦਿੱਤੇ ਸਿੰਘ ਤੇ ਕੌਰ ਦੇ ਖਿਤਾਬ ਨੇ ਸਾਬਿਤ ਕਰ ਦਿੱਤਾ। ਨਾਮ ਦਾ ਉਨ੍ਹਾਂ ਦੇ ਮਨੋਭਾਵਾਂ ’ਤੇ ਮਨੋ-ਵਿਗਿਆਨਕ ਅਸਰ ਹੋਇਆ। ਲੱਖਾਂ ਦੀ ਸ਼ਕਤੀਸ਼ਾਲੀ ਬਾਦਸ਼ਾਹਤ ਦੇ ਸਾਹਵੇਂ ਸੀਮਤ ਜਿਹੇ ਸਾਧਨਾਂ ਨਾਲ ਦਲੇਰੀ ਤੇ ਸੂਰਮਤਾਈ ਨਾਲ ਮੁਗ਼ਲ ਬਾਦਸ਼ਾਹਤ ਨਾਲ ਟੱਕਰ ਲੈਣੀ ਇਸੇ ਖਾਲਸੇ ਦੀ ਸਿਰਜਨਾ ਦੀ ਬਦੌਲਤ ਹੀ ਸੰਭਵ ਹੋ ਸਕੀ।
ਪੀੜਤਾਂ ਨੂੰ ਵੱਖਰੀ ਪਹਿਚਾਣ ਮਿਲੀ ਤੇ ਇਕ ਸੁਤੰਤਰ ਪੰਥ ਉਸ ਸਮੇਂ ਦੇ ਇਤਿਹਾਸ ’ਤੇ ਉਦੈੇ ਹੋਇਆ, ਜਿਸ ਕੋਲ ਹਥਿਆਰ ਹੋਣ ਦਾ ਮਕਸਦ ਸਿਰਫ਼ ਅੱਤਿਆਚਾਰ ਤੇ ਅਨਿਆਂ ਦਾ ਵਿਰੋਧ ਕਰਨਾ ਸੀ। ਮਨੁੱਖੀ ਆਜ਼ਾਦੀ ਤੇ ਹੱਕ-ਸੱਚ ਲਈ ਲੜਨਾ-ਮਰਨਾ ਤੇ ਉੱਚੀਆਂ-ਸੁੱਚੀਆਂ ਜੀਵਨ ਕਦਰਾਂ-ਕੀਮਤਾਂ ਦੀ ਰਾਖੀ ਕਰਨਾ ਹੀ ਖਾਲਸੇ ਦਾ ਮੰਤਵ ਸੀ। ਸਹੀ ਅਰਥਾਂ ਵਿਚ ਇਹ ਬਾਬੇ ਨਾਨਕ ਦੇ ਮਿਸ਼ਨ ਨੂੰ ਅੱਗੇੇ ਤੋਰਨ ਦਾ ਇਕ ਜ਼ਬਰਦਸਤ ਉਪਰਾਲਾ ਸੀ। ਮਹਾਨ ਬਲਿਦਾਨੀ ਚੋਜੀ ਪਾਤਸ਼ਾਹ ਨੇ ਆਪਣੀ ਵਡਿਆਈ ਕਰਨ ਤੋਂ ਵੀ ਇਹ ਕਹਿ ਕੇ ਵਰਜਿਆ:
“ਜੋ ਹਮ ਕੋ ਪਰਮੇਸੁਰ ਉਚਰਿ ਹੈ
ਤੇ ਸਭਿ ਨਰਕ ਕੁੰਡ ਮਹਿ ਪਰਿ ਹੈ”
ਕੁੱਲ ਮਿਲਾ ਕੇ ਖਾਲਸਾ ਪੰਥ ਦੀ ਸਾਜਣਾ ਹਕੂਮਤੀ ਜ਼ੁਲਮ, ਲੁੱਟ-ਖਸੁੱਟ ਅਤੇ ਜਾਤੀਵਾਦੀ ਤੇ ਲਿੰਗਕ ਜ਼ਬਰ ਵਿਤਕਰੇ ਦੇ ਖਾਤਮੇਂ ਦੀ ਕ੍ਰਾਂਤੀ ਪੁਰ ਚੜ੍ਹਾਉਣ ਲਈ ਕੀਤੀ ਗਈ ਸੀ।
ਸਮਾਂ ਤੇ ਸਥਾਨ ਬਦਲਦਾ ਹੈ। ਪੁੂਰੇ ਦੋ ਸੌ ਵੀਹ ਵਰਿ੍ਹਆਂ ਬਾਅਦ ਸੰਨ ਉੱੱਨੀ ਸੌ ਉੱੱਨੀ ਵਿਚ ਵਿਸਾਖੀ ਦਾ ਉਹੀ ਦਿਹਾੜਾ। ਚੜ੍ਹਦੀ ਕਲਾ ਦੀ ਜਿਹੜੀ ਗੁੜ੍ਹਤੀ ਆਨੰਦਪੁਰ ਦੀ ਧਰਤੀ ਤੋਂ ਮਿਲੀ ਸੀ, ਵਕਤ ਬੀਤਣ ’ਤੇ ਅੰਮ੍ਰਿਤਸਰ ਦੀ ਸਰਜ਼ਮੀਨ ’ਤੇ ਫੇਰ ਆਪਣਾ ਰੰਗ ਵਿਖਾਉਂਦੀ ਹੈ। ਦੋਨੋਂ ਹੀ ਧਰਤੀਆਂ ਨੂੰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਸਮਾਜਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ, ਉਸੇ ਧਰਤੀ ’ਤੇ ਅੰਗਰੇਜ਼ ਹਕੂਮਤ “ਵੰਡੋ ਤੇ ਰਾਜ ਕਰੋ” ਦੀ ਨੀਤੀ ਤਹਿਤ ਦੇਸ਼ ਵਾਸੀਆਂ ਨੂੰ ਜਾਤ-ਪਾਤ, ਧਰਮ, ਰੰਗ, ਨਸਲ ਤੇ ਭਾਸ਼ਾ ਦੇ ਆਧਾਰ ’ਤੇ ਵੰਡਣ ਲਈ ਉਤਾਰੂ ਸੀ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਜੱਲਿ੍ਹਆਂ ਵਾਲੇ ਬਾਗ਼ ਦੇ ਸ਼ਹੀਦੀ ਸਾਕੇ ਦੀ ਅਹਿਮ ਭੂਮਿਕਾ ਰਹੀ ਹੈ। ਇਹ ਉਹ ਦੌਰ ਹੇੈ ਜਦੋਂ ਪੂਰੇ ਭਾਰਤ ਵਿਚ ਸੱਤਿਆਗ੍ਰਹਿ ਅੰਦੋਲਨ ਦਸਤਕ ਦੇ ਚੁੱਕਾ ਸੀ। ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਾਉਣ ਲਈ ਇਕੋ ਵੇਲੇ ਦੋ ਤਰ੍ਹਾਂ ਦੇ ਸ਼ੰਘਰਸ਼, ਸ਼ਾਂਤਮਈ ਤੇ ਕ੍ਰਾਂਤੀਕਾਰੀ ਅੰਦੋਲਨ, ਨਾਲੋ ਨਾਲ ਚੱਲ ਰਹੇ ਸਨ। ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਸੀ। ਪੰਜਾਬੀਆਂ ਦੀ ਦੇਸ਼ ਭਗਤੀ ਤੋਂ ਅੰਗਰੇਜ਼ ਔਖੇ ਸਨ। ਇੱਥੋਂ ਦਾ ਲੈਫਟੀਨੈਂਟ ਗਵਰਨਰ ਮਾਈਕਲ-ਓ-ਡਵਾਇਰ ਚਾਹੁੰਦਾ ਸੀ ਕਿ ਪੰਜਾਬ ਵਿਚ ਦੇਸ਼ ਭਗਤਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਪੂਰੇ ਦੇਸ਼ ਵਿਚ ਦਹਿਸ਼ਤ ਫੈਲ ਜਾਵੇ। ਰਾਜਨੀਤਿਕ ਤੌਰ ਤੇ ਅੰਮ੍ਰਿਤਸਰ ਉਸ ਵੇਲੇ ਰਾਜਨੀਤੀ ਦਾ ਧੁਰਾ ਸੀ। ਮਹਾਤਮਾ ਗਾਂਧੀ ਦਾ ਫਰਮਾਨ ਸੀ, “ਦੇਸ਼ ਖਾਤਰ ਕੁਰਬਾਨ ਹੋਣ ਲਈ ਤਿਆਰ ਰਹੋ, ਪਰ ਸ਼ਾਂਤੀ ਦਾ ਪਾਠ ਕਦੇ ਨਹੀਂ ਭੁੱਲਣਾ।” ਡਾਕਟਰ ਸੈਫੂਦੀਨ ਕਿਚਲੂ ਤੇ ਸੱਤਿਆਪਾਲ ਆਜਾਦ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ ਇਕ ਕਮੇਟੀ ਬਣਾਈ ਗਈ ਤੇ ਲਗਾਤਾਰ ਸ਼ਾਂਤਮਈ ਮੀਟਿੰਗਾਂ ਹੁੰਦੀਆਂ ਰਹੀਆਂ। ਰਾਮਨੌਮੀ ਦੇ ਪਵਿੱਤਰ ਤਿਉਹਾਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦਾ ਫੇੈਸਲਾ ਕੀਤਾ ਗਿਆ। ਹਿੰਦੂ, ਸਿੱਖ ਤੇ ਮੁਸਲਮਾਨ ਭਰਾਵਾਂ ਨੇ ਇਸ ਦਿਨ ਸ਼ਹਿਰ ਵਿਚ ਸ਼ਾਂਤਮਈ ਸ਼ੋਭਾ ਯਾਤਰਾ ਕੱਢੀ। ਰਾਮਨੌਮੀ ਦੇ ਤਿਉਹਾਰ ’ਤੇ ਵੱਖੋ-ਵੱਖ ਫਿਰਕਿਆਂ ਦੇ ਲੋਕਾਂ ਦੀ ਮੁਹੱਬਤ ਅਤੇ ਭਾਈਚਾਰਕ ਸਾਂਝ ਦੇਖ ਕੇ ਅਡਵਾਇਰ ਬੌਖ਼ਲਾ ਗਿਆ। ਲੀਡਰ ਗ੍ਰਿਫ਼ਤਾਰ ਕਰਕੇ ਜੇਲ੍ਹ ’ਚ ਡੱਕ ਦਿੱਤੇ ਗਏ। ਇਸ ਅਨਿਆ ਤੇ ਧੱਕੇਸ਼ਾਹੀ ਖ਼ਿਲਾਫ਼ ਰੋਹਲੀ, ਸ਼ਾਂਤਮਈ ਆਵਾਜ਼ ਬੁਲੰਦ ਕਰਨ ਲਈ ਵਿਸਾਖੀ ਵਾਲੇ ਦਿਨ ਸਿਆਸੀ ਕਾਨਫਰੰਸ ਸੱਦੇ ਜਾਣ ਦਾ ਮਤਾ ਪਕਾਇਆ ਗਿਆ। ਵਿਸਾਖੀ ਵਾਲੇ ਦਿਨ ਪੰਜਾਬ ਤੋਂ ਹਜ਼ਾਰਾਂ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਦ ਜਲਿ੍ਹਆਂ ਵਾਲੇ ਬਾਗ਼ ਵਿਚ ਤੈਅਸ਼ੁਦਾ ਕਾਨਫਰੰਸ ਵਿਚ ਸ਼ਾਮਿਲ ਹੁੰਦੇ ਹਨ। ਅੱਗ ਬਬੂੁਲਾ ਹੋਇਆ ਜਰਨਲ ਡਾਇਰ ਤਬਾਹੀ ਦਾ ਮਨ ਬਣਾ ਕੇ ਬਾਗ ਵਿਚ ਦਾਖਲ ਹੁੰਦਾ ਹੈ ਤੇ ਲੋਕਾਂ ਦਾ ਮਿਸਾਲੀ ਇਕੱਠ ਵੇਖ ਕੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਬਾਰੀ ਦਾ ਹੁਕਮ ਚਾੜ੍ਹ ਦਿੰਦਾ ਹੈ। ਦਸ ਤੋਂ ਪੰਦਰਾਂ ਮਿੰਟ ਹੈਵਾਨੀਅਤ ਦਾ ਨੰਗਾ ਨਾਚ ਹੁੰਦਾ ਹੈ। ਮਸ਼ੀਨ ਗੰਨਾਂ ਤੇ ਬਦੂੰਕਾਂ ਤੋਂ ਅਜਿਹੀ ਅੱਗ ਵਰ੍ਹਦੀ ਹੈ ਕਿ ਬਾਗ ਵਿਚ ਚੀਕ-ਚਿਹਾੜਾ ਪੈ ਜਾਂਦਾ ਹੈ। ਲਾਸ਼ਾਂ ਦੇ ਢੇਰ ਲੱਗ ਜਾਂਦੇ ਹਨ। ਸਾਰੀ ਰਾਤ ਜ਼ਖ਼ਮੀ ਕਰਾਹੁੰਦੇ ਰਹਿੰਦੇ ਹਨ। ਜਾਨਾਂ ਬਚਾਉਣ ਲਈ ਅਨੇਕਾਂ ਲੋਕ ਬਾਗ਼ ਵਿਚਲੇ ਖੁੂਹ ’ਚ ਛਾਲਾਂ ਮਾਰ ਦਿੰਦੇ ਹਨ। ਆਨੰਦਪੁਰ ਦੀ ਧਰਤੀ ਵਾਂਗ ਹੀ ਅੰਮ੍ਰਿਤਸਰ ਦੀ ਧਰਤੀ ’ਤੇ ਵੀ ਹਰ ਧਰਮ, ਜਾਤ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਸਾਮਰਾਜੀ ਤਾਨਾਸ਼ਾਹਾਂ ਨੂੰ ਵੰਗਾਰਿਆ ਤੇ ਆਪਣਾ ਲਹੂ ਡੋਲ ਕੇ ਅਜ਼ਾਦੀ ਦੀ ਮਸ਼ਾਲ ਨੂੰ ਹੋਰ ਪ੍ਰਜਵਲਤ ਕੀਤਾ। ਅੱਜ ਇਸ ਖੁੂਨੀ ਇਤਿਹਾਸ ਦੇ ਵਰਕੇ ਫਰੋਲਣ ਦਾ ਦਿਨ ਵੀ ਹੈ।
ਇਹ ਅਟੱਲ ਸੱਚਾਈ ਹੈ ਕਿ ਕੋਈ ਵੀ ਕੌਮ ਆਪਣੇ ਇਤਿਹਾਸ ਤੇ ਆਪਣੇ ਸੱਭਿਆਚਾਰ ਨਾਲੋਂ ਟੁੱਟ ਕੇ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਦੀ। ਪੰਜਾਬ ਦਾ ਇਤਿਹਾਸ ਤਾਂ ਲਿਖਿਆ ਹੀ ਸ਼ਹੀਦਾਂ ਦੇ ਲਹੂ ਨਾਲ ਹੈ। ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਦੇ ਰੰਗ ਕਦੇ ਫਿੱਕੇ ਨਹੀ ਪੈਂਦੇ। ਉਸ ਵੇਲੇ ਨਿਰਦੋਸ਼ ਲੋਕਾਂ ਦੇ ਕਤਲੇਆਮ ’ਤੇ ਰਬਿੰਦਰ ਨਾਥ ਟੈਗੋਰ ਨੇ ਆਪਣੀ ਨਾਈਟ ਹੁੱਡ ਦੀ ਉਪਾਧੀ ਛੱਡ ਕੇ ਸ਼ਾਸਕ ਵਰਗ ਦੇ ਲੁਟੇਰੇ ਖਾਸੇ ਨੂੰ ਨੰਗਿਆਂ ਕਰਦਿਆਂ ਵਾਇਸਰਾਏ ਨੂੰ ਜ਼ੋਰਦਾਰ ਸ਼ਬਦਾ ’ਚ ਲਾਹਨਤ ਪਾਈ ਤੇ ਲਿਖਿਆ, “ਸਮਾਂ ਆ ਗਿਆ ਹੈ ਜਦੋਂ ਮੈ ਆਪਣੇ ਲੋਕਾਂ ਨਾਲ ਖੜ੍ਹਨਾ ਹੈ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖ਼ੂਨੀ ਸਾਕੇ ਨੇ ਹੀ ਆਜ਼ਾਦੀ ਦੇ ਘੋਲ ਨੂੰ ਸਿਖ਼ਰਾਂ ਤੇ ਪੁਚਾਇਆ। ਦੋਨੋਂ ਹੀ ਘਟਨਾਵਾਂ ਇਕ-ਦੂਜੇ ਦੀਆਂ ਪੁੂਰਕ ਹਨ। ਸੋਲਾਂ ਸੌ ਨੜ੍ਹਿੰਨਵੇਂ ’ਚ ਇਕ ਪਾਸੇ ਲੁਟੇਰੇ ਧਾੜਵੀ ਸਨ ਤੇ ਦੂਜੇ ਪਾਸੇ ਕਿਰਤ ਕਰਨ ਵਾਲੇ ਮਜ਼ਲੂਮ ਲੋਕ। 1919 ਵਿਚ ਵੀ ਲੁੱਟ-ਖਸੁੱਟ ਦਾ ਇਹੀ ਵਰਤਾਰਾ ਪ੍ਰਧਾਨ ਸੀ। ਦੋਨੋਂ ਹੀ ਵੇਲੇ ਦੀਆਂ ਸ਼ਹਾਦਤਾਂ ਆਪਣੇ ਨਿੱਜੀ ਰਾਜ ਦੇ ਵਿਸਥਾਰ ਲਈ ਹਰਗਿਜ਼ ਨਹੀਂ ਸਨ, ਸਗੋ ਮਨੁੱਖੀ ਅਣਖ਼, ਸਵੈਮਾਨ, ਸੁਤੰਤਰਤਾ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਬਹਾਲੀ ਲਈ ਸਨ।
1699 ਦੀ ਵਿਸਾਖੀ ਤੇ 1919 ਦੀ ਵਿਸਾਖੀ ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਕੇਸਗੜ੍ਹ ਹੋਵੇ ਜਾਂ ਅ੍ਰੰਮਿਤਸਰ, ਦੋਨੋਂ ਹੀ ਘਟਨਾਵਾਂ ਅੰਤਿਮ ਸਾਹ ਤੱਕ ਸੱਚ ਦੇ ਪੈਰੋਕਾਰ ਬਣਨ ਦਾ ਸੁਨੇਹਾ ਦਿੰਦੀਆਂ ਹਨ।
1919 ਦੇ ਸ਼ਹੀਦਾਂ ਦੇ ਖ਼ੂਨ ਵਿਚ ਵੀ ਗੁਰੂ ਅਰਜਨ ਦੇਵ, ਗੁਰੂ ਤੇਗ਼ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਰਚੀਆਂ ਹੋਈਆਂ ਸਨ। ਵਿਚਾਰਧਾਰਾ ਇਕੋ ਸੀ। ਦੋਨੋਂ ਹੀ ਮੁੰਹਿਮਾਂ ਵਿਚ ਕਿਰਤੀਆਂ ਤੇ ਮਜ਼ਦੂਰਾਂ ਦਾ ਖਾਸ ਮਹੱਤਵ ਰਿਹਾ ਹੈ। ਪੰਜਾਬ ਦੇ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਪ੍ਰਸੰਗ ਵਿਚ ਮਜ਼ਦੂਰ-ਕਿਸਾਨ ਹਰ ਦੌਰ ’ਚ ਮੋਹਰੀ ਰਿਹਾ ਹੈ। ਦੁਨੀਆਂ ਦੇ ਸਭ ਤੋਂ ਵੱਡੇ ਕਿਰਤੀ ਬਾਬੇ ਨਾਨਕ ਨੇ ਵੀ ਤਾਂ ਪੂਰੀ ਦੁਨੀਆਂ ਦਾ ਗਮਨ ਕਰ ਅਖੀਰ ਕਰਤਾਰਪੁਰ ਦੀ ਧਰਤੀ ਤੇ ਕਿਸਾਨੀ ਕਿੱਤਾ ਹੀ ਅਪਣਾਇਆ ਸੀ।
ਜੇਕਰ ਅਜੋਕੇ ਦੌਰ ਦੀ ਗੱਲ ਕਰੀਏ ਤਾਂ ਇਕ ਅੰਦੋਲਨ ਲੰਬੇ ਸਮੇਂ ਤੱਕ ਦਿੱਲੀ ਦੀਆਂ ਬਰੂਹਾਂ ’ਤੇ ਵੀ ਲੜਿਆ ਗਿਆ ਸੀ, ਜਿਸ ਨੂੰ ਕਿਸਾਨ ਅੰਦੋਲਨ ਨਾਲੋਂ ਲੋਕ ਅੰਦੋਲਨ ਕਹਿਣਾ ਵਧੇਰੇ ਵਾਜ਼ਬ ਹੋਵੇਗਾ। ਤਿੰਨੋਂ ਹੀ ਸਮਿਆਂ ਵਿਚ ਹਰ ਫਿਰਕੇ ਦੇ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਦੀ ਗਵਾਹ ਹੈ ਕਿ ਤਿੰਨੋਂ ਲਹਿਰਾਂ ਵਿਚ ਇਕ ਸਾਂਝੀ ਕੜੀ ਇਹੀ ਹੈ ਕਿ ਇਹ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਦੀਆਂ ਲਹਿਰਾਂ ਹਨ। ਸਦੀਆਂ ਬੀਤ ਜਾਣ ਪਿੱਛੋਂ ਵੀ ਇਹ ਪ੍ਰਸ਼ਨ ਬੈਚੈਨ ਕਰਦਾ ਹੈ ਕਿ ਕੀ ਅਸੀਂ ਆਪਣੇ ਗੁਰੂਆਂ, ਆਪਣੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜ ਸਕੇ ਹਾਂ? ਕਿਰਤੀ ਸਮਾਜ ’ਚੋਂ ਚੁਣ-ਚੁਣ ਕੇ ਜਿਸ ਜਾਤ-ਪਾਤ ਰਹਿਤ ਖਾਲਸੇ ਦੀ ਸਿਰਜਨਾ ਸਾਡੇ ਗੁਰੂ ਨੇ ਕੀਤੀ ਸੀ, ਉਹ ਨੈਤਿਕਤਾ ਤੇ ਸਦਾਚਾਰਕ ਕੀਮਤਾਂ ਦੀ ਸਿਖਰ ਸੀ। ਬੜਾ ਦੁੱਖ ਹੁੰਦਾ ਹੈ ਜਦੋਂ ਦੇਖਦੇ ਹਾਂ ਅਜੋਕਾ ਅਖੌਤੀ ਖਾਲਸਾ ਕੁਰਸੀ ਖਾਤਰ ਲਹੂ ਪੀਣੇ ਜਰਵਾਣਿਆਂ ਦਾ ਭਾਈਵਾਲ ਬਣਨ ਤੇ ਮਨ ਆਈਆਂ ਕਰਨ ’ਚ ਇਕ ਪਲ ਦੀ ਵੀ ਦੇਰ ਨਹੀਂ ਲਾਉਂਦਾ। ਮਸੰਦਾਂ ਤੋਂ ਵੀ ਮਾੜਾ, ਖ਼ੁਦਗਰਜ਼ੀ ਤੇ ਹਊਮੇਂ ’ਚ ਗ੍ਰਸਿਆ ਸਰਮਾਏਦਾਰ- ਜਾਗੀਰਦਾਰ ਟੋਲਾ ਸਿੱਖੀ ਤੇ ਗਲਬਾ ਪਾਈ ਬੈਠਾ ਹੈ। ਪੁੱਤਰ ਮੋਹ ਤੋਂ ਮੁਕਤ ਗੁਰੂ ਗੋਬਿੰਦ ਸਿੰਘ ਨੇ ਸਾਰੀ ਲੋਕਾਈ ਨੂੰ ਆਪਣਾ ਪੁੱਤਰ ਸਮਝ ਕੇ, ਆਪਣਾ ਸਰਬੰਸ ਵਾਰ ਕੇ ਸਾਨੂੁੰ ਜੀਣਾ ਵੀ ਸਿਖਾਇਆ ਸੀ ਤੇ ਮਰਨਾ ਵੀ। ਪਰ ਅੱਜ ਸਾਡੇ ਹੁਕਮਰਾਨ ਧਿ੍ਰਤਰਾਸ਼ਟਰ ਤੋਂ ਵੀ ਵੱਧ ਬੇਗ਼ੈਰਤ ਬਣ ਗਏ ਹਨ। ਕਿੰਨੀ ਤਕਲੀਫ਼ ਹੁੰਦੀ ਹੈ ਜਦੋਂ ਅੱਜ ਦੇ ਹੁਕਮਰਾਨਾਂ ਨੂੰ ਆਪਣੀ ਜੈ-ਜੈ ਕਾਰ ਕਰਵਾਉਂਦੇ ਦੇਖਦੇ ਹਾਂ । ਰਾਜੇ ਦੇ ਸੋਹਲੇ ਗਾਉਣ ਵਾਲੇ ਨੂੰ ਹੀ ਸੱਚਾ ਰਾਸ਼ਟਰ ਭਗਤ ਮੰਨਿਆ ਜਾਂਦਾ ਹੈ । ਕਾਸ਼ ਸਾਡੇ ਸਮਾਜ ਦੀ ਉਸਾਰੀ ਗੁਰੂ ਸਾਹਿਬਾਨ ਦੇ ਸਿਧਾਤਾਂ ਅਨੁਸਾਰ ਹੋ ਸਕਦੀ!
ਔਰੰਗਿਆਂ, ਓ-ਡਵਾਇਰਾਂ ਨੇ ਅੱਜ ਵੀ ਸਾਡਾ ਖਹਿੜਾ ਨਹੀਂ ਛੱਡਿਆ। ਜ਼ਹਿਰੀਲਾ ਪ੍ਰਚਾਰ ਕਰਕੇ ਹਜ਼ੂਮੀ ਭੀੜ ਨੂੰ ਪ੍ਰੋਤਸਾਹਿਤ ਕਰ ਨਫ਼ਰਤ ਦੀ ਫਸਲ ਬੀਜੀ ਜਾ ਰਹੀ ਹੈ। ਦੇਸ਼, ਇਕ ਵਾਰ ਫਿਰ ਪੂਰੀ ਤਰ੍ਹਾਂ ਫਿਰਕੂ ਲੀਹਾਂ ਤੇ ਵੰਡੇ ਜਾਣ ਵੱਲ ਅਗਰਸਰ ਹੈ। ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਮੂੰਹ ਮੋੜੀ ਤੇ ਕਾਰਪੋਰੇਟ ਘਰਾਣਿਆਂ ਦੀ ਧਿਰ ਬਣੀ ਸਿਆਸੀ ਜਮਾਤ ਅੱਜ ਫਿਰ ਮਨਾਂ ’ਚ ਫਿਰਕੂ ਜ਼ਹਿਰ ਭਰਨ ਦੀ ਘਿਨਾਉਣੀ ਕੋਸ਼ਿਸ਼ ਵਿਚ ਹੈ। ਇੱਕ ਦੇਸ਼, ਇਕ ਧਰਮ, ਇਕ ਭਾਸ਼ਾ ਬਾਕੀ ਸਭ ਵਿਦੇਸ਼ੀ ਦੀ ਗੂੰਜ ਪੂਰੇ ਦੇਸ਼ ਵਿਚ ਸੁਣੀ ਜਾ ਸਕਦੀ ਹੈ। ਕਦੇ ਧਰਮ ਦਾ ਪੱਤਾ ਖੇਡਿਆ ਜਾ ਰਿਹਾ ਹੈ। ਕਦੇ ਸਾਨੁੂੰ ਖਿੱਤਿਆਂ ਵਿਚ ਵੰਡਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਕਰੂਰ ਤੇ ਕਠੋਰ ਯਥਾਰਥ ਇਹੀ ਹੈ ਕਿ ਵਿਅਕਤੀਗਤ ਆਜ਼ਾਦੀ ਅੱਜ ਫਿਰ ਖ਼ਤਰੇ ਵਿਚ ਹੈ। ਅਖੌਤੀ ਲੋਕਤੰਤਰ ਵਿਚ ਆਰਜ਼ਕਤਾ ਤੇ ਫ਼ਾਸ਼ੀਵਾਦ ਸਿਖ਼ਰ ’ਤੇ ਹੈ। ਘੱਟ ਗਿਣਤੀਆਂ ਨਿਸ਼ਾਨੇ ਹੇਠ ਨੇ। ਦੇਸ਼ ਦੀ ਰੀੜ੍ਹ ਦੀ ਹੱਡੀ, ਕਿਸਾਨੀ ਨੂੰ ਉਜਾੜਨ ਦੇ ਰਾਹ ਪਏ ਅੱਜ ਦੇ ਔਰੰਗੇ। ਕਿਸਾਨੀ ਨੂੰ ਕਾਰਪੋਰੇਟਾਂ ਕੋਲ ਗਹਿਣੇ ਰੱਖਣ ਦੀ ਪੂਰੀ ਤਿਆਰੀ ਵਿੱਢੀ ਬੈਠੇ ਹਨ। ਮੋਦੀ ਦੇ ਢੰਡੋਰਚੀ ਕਿਸਾਨ ਦੀ ਪਰਿਭਾਸ਼ਾ ਹੀ ਉਲਟਾਈ ਜਾ ਰਹੇ ਹਨ। ਗ਼ੁਲਾਮੀ ਦਾ ਸਿਲਸਿਲਾ ਫਿਰ ਸ਼ੁਰੂ ਹੋਣ ਵਾਲਾ ਹੈ। ਬੇਦਿਲੀ ਤੇ ਨਿਰਾਸ਼ਤਾ ਕਰਕੇ ਪਰਾਈ ਧਰਤੀ ਵੱਲ ਰੁਖ ਕਰ ਗਏ ਸਾਡੇ ਧੀਆਂ-ਪੁੱਤ ਉਥੋਂ ਵੀ ਖੱਜਲ-ਖੁਆਰ ਹੋ ਸਭ ਕੁੱਝ ਲੁਟਾ ਕੇ, ਮੁਜ਼ਰਮ ਬਣੇ ਹੱਥਕੜੀਆਂ-ਬੇੜੀਆਂ ’ਚ ਜਕੜੇ ਖਾਲੀ ਹੱਥੀਂ ਘਰਾਂ ਨੂੰ ਪਰਤ ਰਹੇ ਹਨ । ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ।
ਪਰ ਇਹ ਵੀ ਸੱਚ ਹੈ ਕਿ ਸੱਤਾ ਦੇ ਨਸ਼ੇ ’ਚ ਮਗ਼ਰੂਰ ਫ਼ਾਸ਼ੀਵਾਦੀ ਹਾਕਮਾਂ ਜਦ ਵੀ ਕਦੀ ਪੰਜਾਬ ਦੀ ਗ਼ੈਰਤ ਤੇ ਅਣਖ-ਆਬਰੂ ਨੂੰ ਵੰਗਾਰਿਆ ਹੈ, ਗੁਰੂ ਸਾਹਿਬਾਨ, ਗ਼ਦਰੀ ਸੂਰਬੀਰਾਂ ਤੇ ਭਗਤ ਸਿੰਘ ਦੇ ਹਕੀਕੀ ਵਾਰਸ ਪੰਜਾਬੀ ਸੀਸ ਤਲੀ ’ਤੇ ਧਰ ਕੇ ਨਿੱਤਰੇ ਹਨ। ਜਦੋਂ ਕਨੂੰਨ ਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਅਧਾਰਹੀਣ ਤੇ ਤਰਕਹੀਣ ਕਾਨੂੰਨ ਸਾਡੇ ’ਤੇ ਥੋਪੇ ਗਏ ਤਾਂ ਦਿੱਲੀ ਦੀਆਂ ਬਰੂਹਾਂ ਤੇ ਐਲਾਨ-ਏ-ਜੰਗ ਦਾ ਨਗਾਰਾ ਵੱਜ ਉੱਠਿਆ। ਸ਼ੰਭੂ, ਟੀਕਰੀ ਬਾਰਡਰਾਂ ਤੋਂ ਲੈ ਕੇ ਦਿੱਲੀ ਤੱਕ ਹਰ ਪੈਰ ਤੇ ਮੁਸੀਬਤਾਂ ਸਨ, ਪਰ ਫਿਰ ਵੀ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨ-ਮਜ਼ਦੂਰ ਵਹੀਰਾਂ ਘੱਤ ਦਿੱਲੀ ਨਾਲ ਮੱਥਾ ਲਾਉਣ ਲਈ ਤਿਆਰ-ਬਰ-ਤਿਆਰ ਬੈਠੇ ਸਨ। ਇਸ ਸੰਘਰਸ਼ ਵਿਚ ਇਕੱਲੇ ਸਾਡੇ ਪਿਓ, ਭਰਾ, ਪਤੀ ਤੇ ਦਾਦੇ-ਨਾਨੇ ਹੀ ਸ਼ਾਮਿਲ ਨਹੀਂ ਸਨ, ਸਗੋਂ ਇਨਕਲਾਬ ਦੀ ਲਾਟ ’ਚੋ ਨਿੱਕਲੀਆਂ, ਇਸ ਧਰਤੀ ਦੀਆਂ ਜਾਈਆਂ ਧੀਆਂ ਦੀ ਵੀ ਬਰਾਬਰ ਦੀ ਸ਼ਮੂਲੀਅਤ ਰਹੀ ਹੈ। ਪੰਜਾਬ ਦੀ ਧਰਤੀ ਤੋਂ ਉਦੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਪੂੁਰੇ ਦੇਸ਼ ’ਚ ਨਵੀਂ ਰੂਹ ਫੂਕੀ ਸੀ। ਦੇਸ਼ ਦਾ ਚੱਪਾ-ਚੱਪਾ ਜਾਗ ਪਿਆ ਸੀ। ਹਰ ਪਾਸੇ ਰੌਸ਼ਨ ਮਸ਼ਾਲਾਂ ਬਲ ਉੱਠੀਆਂ ਸਨ। ਇਸ ਅੰਦੋਲਨ ਨੇ ਹਰ ਵਰਗ ਦੇ ਲੋਕਾਂ ਨੂੰ ਧੱਕੇਸ਼ਾਹੀਆਂ ਖਿਲਾਫ਼ ਲੜਨਾ ਸਿਖਾਇਆ। ਲੰਬੇ ਸਮੇਂ ਤੋਂ ਸੱਤਾਧਾਰੀ ਧਿਰ ਨਾਲ ਅਸਹਿਮਤੀ ਜ਼ਾਹਿਰ ਕਰਨ ਦੀ ਕਿਸੇ ’ਚ ਹਿੰਮਤ ਹੀ ਨਹੀਂ ਸੀ ਰਹਿ ਗਈ। ਇੰਝ ਲਗਦਾ ਸੀ ਜਿਵੇਂ ਪੂਰੇ ਦੇਸ਼ ਨੇ ਗ਼ੁਲਾਮੀ ਦੀ ਭਾਵਨਾ ਮਨੋਂ ਸਵੀਕਾਰ ਲਈ ਹੋਵੇ।
ਮਾਣ ਵਾਲੀ ਗੱਲ ਹੈ ਕਿ ਪੰਜਾਬ ਤੇ ਦਿੱਲੀ ਦੀ ਇਸ ਜੰਗ ਨੂੰ ਕੌਮਾਂਤਰੀ ਪੱਧਰ ਤੇ ਹੁੰਗਾਰਾ ਮਿਲਿਆ। ਇਹ ਲੜਾਈ ਸਾਡਾ ਸ਼ੌਕ ਨਹੀਂ, ਮਜ਼ਬੂਰੀ ਹੈ। ਸਾਡੇ ਸਾਹਮਣੇ ਦੋ ਹੀ ਰਾਹ ਸਨ। ਜਾਂ ਜ਼ਹਿਰ ਪੀ ਕੇ ਆਤਮਘਾਤ ਕੀਤਾ ਜਾਵੇ ਜਾਂ ਫਿਰ ਜੰਗ ਦੇ ਮੈਦਾਨ ਵਿਚ ਕੁੱਦਿਆ ਜਾਵੇ। ਖ਼ੂਨ ਪੀਣੀ ਦਿੱਲੀ ਅਜੇ ਵੀ ਸਾਡੇ ਖ਼ੂੁਨ ਦੀ ਪਿਆਸੀ ਹੈ। ਇਸੇ ਕਰਕੇ ਕੇਂਦਰ ਦੀ ਕਾਰਪੋਰੇਟ ਹਮਾਇਤੀ ਫਿਰਕੂ-ਫਾਸ਼ੀ ਸੱਤਾ ਨੇ ਕਿਸਾਨ ਅੰਦੋਲਨ ’ਚ ਪਹਿਲਾਂ ਫੁੱਟ ਪਵਾਈ ਤੇ ਜ਼ਬਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ। ਕੇਂਦਰੀ ਸਰਕਾਰ ਦੇ ਇਸ ਕੁਕਰਮ ’ਚ ਪੰਜਾਬ ਦੀ ‘ਬਦਲਾਅ’ ਵਾਲੀ ਸਰਕਾਰ ਵੀ ਬਰਾਬਰ ਦੀ ਭਾਈਵਾਲ ਹੈ।
ਜੇ ਹਜ਼ਾਰਾਂ ਸਾਲ ਪਹਿਲਾਂ ਅਸੀਂ ਹਜ਼ਾਰਾਂ ਗੁਣਾਂ ਵੱਡੀਆਂ ਔਰੰਗਜ਼ੇਬ ਵਰਗੀਆਂ ਮਹਾਂ ਸ਼ਕਤੀਸ਼ਾਲੀ ਹਕੂਮਤਾਂ ਦਾ ਖਾਤਮਾ ਕਰ ਸਕਦੇ ਹਾਂ। ਜਿਨਾਂ ਹੁਕਮਰਾਨਾਂ ਦੇ ਰਾਜ ਵਿਚ ਸੂਰਜ ਨਹੀਂ ਸੀ ਡੁੱਬਦਾ, ਉਨ੍ਹਾਂ ਨੂੰ ਪਿੱਛਲਪੈਰੀਂ ਭਜਾ ਸਕਦੇ ਹਾਂ ਤਾਂ ਅੋੌਰੰਗਿਆਂ ਤੇ ਡਾਇਰਾ ਦੇ ਸਕੇ ਭਰਾਵਾਂ ਅਜੋਕੇ ਕਾਰਪੋਰੇਟ ਹਮਾਇਤੀ ਫਿਰਕੂ-ਫਾਸ਼ੀਵਾਦੀ ਹੁਕਮਰਾਨਾਂ ਨੂੰ ਸ਼ਿਕਸਤ ਦੇਣੀ ਵੀ ਕੋਈ ਔਖਾ ਕੰਮ ਨਹੀਂ । ਇਨਕਲਾਬੀ ਵਿਰਸੇ ਦੇ ਵਾਰਸੋ! ਯਾਦ ਰੱਖਿਓ ਜੂਝ ਮਰਨ ਦਾ ਚਾਅ ਹੀ ਕਿਸੇ ਕੌਮ ਦੀ ਵੱਖਰੀ ਪਹਿਚਾਣ ਦਾ ਅਧਾਰ ਬਣਦਾ ਹੈ। ਆਪਣੇ ਅੰਦਰਲੀ ਅਣਖ਼ ਦੀ ਚਿਣਗ ਨੂੰ ਜਗਾ ਕੇ ਆਪਣੀ ਅਥਾਹ ਤਾਕਤ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਜੇ ਤੁਸੀਂ ਕੱਲੇ ਕਾਰੇ ਪਹਾੜ ਕੱਟ ਸਕਦੇ ਹੋ ਤਾਂ ਫਿਰ ਸੰਗਠਿਤ ਹੋ ਕੇ ਤਾਂ ਹਨੇਰੀਆਂ ਲਿਆ ਸਕਦੇ ਹੋ। ਮਹਿੰਗੇ ਮੁੱਲ ਲਈ ਅਜ਼ਾਦੀ ਨੂੰ ਸਾਂਭਣ ਦੀ ਜ਼ਿੰਮੇਵਾਰੀ ਅੱਜ ਤੁਹਾਡੇ ਮੋਢਿਆਂ ਤੇ ਹੈ।
ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ
