/* SC_TH_END:4.3.24:fc0ffc30 */ ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2025) – Sangrami Lehar
Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2025)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2025)

ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਈਆਂ ਮਿਸਾਲੀ ਕਮਿਊਨਿਸਟ ਰਹਿਬਰਾਂ ਦੀਆਂ ਬਰਸੀਆਂ

ਰਾਏਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਮਸ਼ਹੂਰ ਪਿੰਡ ਲੋਹਟਬੰਦੀ ’ਚ ਮਹਾਨ ਦੇਸ਼ ਭਗਤ ਅਤੇ ਮਿਸਾਲੀ ਕਮਿਊਨਿਸਟ ਆਗੂ ਕਾਮਰੇਡ ਹਰਨਾਮ ਸਿੰਘ ਚਮਕ ਦੀ ਬਰਸੀ ਨੂੰ ਸਮਰਪਿਤ ਰਾਜਸੀ ਕਾਨਫਰੰਸ ਦੀ ਪ੍ਰਧਾਨਗੀ ਕਾਮਰੇਡ ਸੁਖਦੇਵ ਸਿੰਘ, ਰਘਵੀਰ ਸਿੰਘ ਬੈਨੀਪਾਲ ਅਤੇ ਜਗਤਾਰ ਸਿੰਘ ਚਕੋਹੀ, ਤਹਿਸੀਲ ਸਕੱਤਰ ਹਰਬੰਸ ਸਿੰਘ ਲੋਟਬੱਦੀ ਨੇ ਕੀਤੀ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਾਥੀ ਹਰਨਾਮ ਸਿੰਘ ਚਮਕ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਚਮਕ ਅਤੇ ਉਹਨਾਂ ਦੇ ਸਾਥੀਆਂ ਨੇ ਜਿਨ੍ਹਾਂ ਸੁਪਨਿਆਂ ਨੂੰ ਸੰਜੋਅ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਹ ਸਪਨੇ ਅਜੇ ਤੱਕ ਪੂਰੇ ਨਹੀਂ ਹੋਏ। ਉਲਟਾਂ ਮੋਦੀ-ਸ਼ਾਹ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਵਿੱਚ ਫੁੱਟ ਪਾ ਕੇ ਕਾਰਪੋਰੇਟਾਂ ਦਾ ਘਰ ਭਰਨਾ ਚਾਹੁੰਦੀ ਹੈ।  ਉੱਘੇ ਰੰਗਕਰਮੀ ਪ੍ਰੋ. ਸੋਮਪਾਲ ਹੀਰਾ ਨੇ ਆਪਣਾ ਪ੍ਰਸਿੱਧ ਨਾਟਕ “ਗੋਦੀ ਮੀਡੀਆ ਝੂਠ ਬੋਲਦਾ ਹੈ’’ ਪੇਸ਼ ਕਰਕੇ ਦਰਸ਼ਕਾਂ ਵਿੱਚ ਖੂਬ ਵਾਹ ਵਾਹ ਖੱਟੀ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਕਾਮਰੇਡ ਮੰਗਤ ਰਾਮ ਪਾਸਲਾ ਨੂੰ ਨਗਦ ਸਹਾਇਤਾ ਦੇ ਕੇ ਪਾਰਟੀ ਦੀ ਹੋਣ ਵਾਲੀ ਕਾਨਫਰੰਸ ਵਿੱਚ ਆਪਣਾ ਯੋਗਦਾਨ ਪਾਇਆ।  ਕਾਮਰੇਡ ਹਰਨੇਕ ਸਿੰਘ ਗੁੱਜਰਵਾਲ, ਗੁਰਦੀਪ ਸਿੰਘ ਮਿੱਠੇਵਾਲ, ਗੁਰਮੇਲ ਸਿੰਘ ਰੂਮੀ, ਗੁਰਦੀਪ ਕਲਸੀ, ਸਹਿਮਤ ਸਿੰਘ ਲੋਹਟਬੰਦੀ, ਸ਼ੇਰ ਸਿੰਘ ਲੋਟਬੱਦੀ, ਜਰਨੈਲ ਸਿੰਘ ਰਾਏਕੋਟ, ਜਸਬੀਰ ਸਿੰਘ ਲੋਹਟਬੰਦੀ, ਸੁਖਵਿੰਦਰ ਸਿੰਘ ਆਦਿ ਹਾਜ਼ਰ   ਸਨ।   

ਬੰਗਾ : ਖੱਬੀਆਂ ਪਾਰਟੀਆਂ ਵੱਲੋਂ ਮਰਹੂਮ ਆਗੂ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੀ ਸੱਤਵੀਂ ਬਰਸੀ ਸੀਪੀਆਈ ਦਫ਼ਤਰ ਵਿਖੇ ਸਾਂਝੇ ਤੌਰ ’ਤੇ ਮਨਾਈ ਗਈ। ਪ੍ਰਧਾਨਗੀ ਦਸੋਂਧਾ ਸਿੰਘ, ਚਰਨਜੀਤ ਦੌਲਤਪੁਰ, ਸਤਨਾਮ ਗੁਲਾਟੀ, ਜਸਵੀਰ ਦੀਪ ਨੇ ਕੀਤੀ। ਵੱਖ ਵੱਖ ਬੁਲਾਰਿਆਂ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੀਨੀਅਰ ਪੱਤਰਕਾਰ ਜਤਿੰਦਰ ਪੰਨੂ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਚੰਦ ਫਤਿਹਪੁਰੀ ਮੁੱਖ ਸੰਪਾਦਕ ਨਵਾਂ ਜ਼ਮਾਨਾ, ਅੰਗਦ ਸਿੰਘ ਸਾਬਕਾ ਵਿਧਾਇਕ ਨਵਾਂ ਸ਼ਹਿਰ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਸੂਬਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਸੀਪੀਆਈ (ਐਮ) ਦੇ ਆਗੂ ਮਹਾਂ ਸਿੰਘ ਰੋੜੀ, ਸੀਪੀਆਈ (ਐਮਐਲ) ਆਗੂ ਐਡਵੋਕੇਟ ਦਲਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਨਿਰੰਜਣ ਸਿੰਘ ਸੁੱਜੋਂ ਨੂੰ ਇਹੋ ਹੀ ਸੱਚੀਂ ਸ਼ਰਧਾਂਜਲੀ ਹੋਵੇਗੀ ਖੱਬੀਆਂ ਪਾਰਟੀਆਂ ਦਾ ਏਕਾ ਜ਼ਰੂਰੀ ਹੈ। ਅੱਜ ਜੋ ਦੇਸ਼ ਦੇ ਹਲਾਤ ਹਨ ਉਸ ਦਾ ਸਾਹਮਣਾ ਕਰਨ ਲਈ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਸੰਘਰਸ਼ ਉਲੀਕੇ ਜਾਣ ਅਤੇ ਲੜਾਈ ਰਲ ਮਿਲ ਕੇ ਹੀ ਜਿੱਤੀ ਜਾ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਸਾਥੀ ਸੁੱਜੋਂ ਜੀ ਮਜ਼ਦੂਰਾਂ, ਕਿਸਾਨਾਂ, ਕਿਰਤੀਆਂ ਦੇ ਸਾਂਝੇ ਆਗੂ ਸਨ। ਕਾਮਰੇਡ ਸੁੱਜੋਂ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨਾਲ ਰਲ ਕੇ ਲੜਾਈ ਲੜੀ ਅਤੇ ਅਜ਼ਾਦੀ ਤੋਂ ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਹੱਕਾਂ ਲਈ ਅਨੇਕਾਂ ਹੀ ਸੰਘਰਸ਼ ਕੀਤੇ, ਕਤਲ ਦਾ ਮੁਕੱਦਮਾ ਵੀ ਝੱਲਿਆ ਅਤੇ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ।  ਕਾਮਰੇਡ ਨਿਰੰਜਣ ਸਿੰਘ ਸੁੱਜੋਂ ਨੇ ਲਾਲ ਝੰਡੇ ਦੀ ਗੁੜ੍ਹਤੀ ਆਪਣੇ ਬੱਚਿਆਂ ਨੂੰ ਵੀ ਦਿੱਤੀ। ਸਟੇਜ਼ ਸਕੱਤਰ ਦੀ ਭੂਮਿਕਾ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਨਿਭਾਈ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਨਰੰਜਣ ਦਾਸ ਮੇਹਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮਾਤਾ ਮਹਿੰਦਰ ਕੌਰ ਸੁੱਜੋਂ, ਨਰਿੰਦਰ ਸਿੰਘ ਸੁੱਜੋਂ, ਕੁਲਦੀਪ ਸਿੰਘ ਸੁੱਜੋਂ, ਸਤਨਾਮ ਸਿੰਘ ਸੁੱਜੋਂ, ਜਸਵਿੰਦਰ ਸਿੰਘ ਭੰਗਲ, ਜੁਝਾਰ ਸਿੰਘ, ਅਮਰਜੀਤ ਮੇਹਲੀ, ਵੀਨਾ ਰਾਣੀ ਰਾਹੋਂ, ਜਰਨੈਲ ਸਿੰਘ ਪਨਾਮ, ਰਾਜ ਕੁਮਾਰ ਸੋਢੀ, ਰਾਣਾ ਪਿੰਦੂ ਬਲਾਚੌਰ, ਧਰਮਪਾਲ ਬਲਾਚੌਰ ਆਦਿ ਹਾਜ਼ਰ ਸਨ।   

ਰੂਪਨਗਰ : ਪੰਜਾਬ ਦੀ ਮੁਲਾਜ਼ਮ ਲਹਿਰ ਦੇ ਬਾਨੀ ਤੇ ਜਮਹੂਰੀ ਲਹਿਰ ਦੇ ਸਿਰਮੌਰ ਆਗੂ ਸਾਥੀ ਤਰਲੋਚਨ ਸਿੰਘ ਰਾਣਾ ਦੀ ਦੂਜੀ ਬਰਸੀ ਕੋਟਲਾ ਨਿਹੰਗ ਵਿਖੇ ਰਾਣਾ ਭਵਨ ‘ਚ ਮਨਾਈ ਗਈ। ਜੇਪੀਐਮਓ ਵੱਲੋਂ ਮਰਹੂਮ ਸੂਬਾਈ ਆਗੂ ਦੇ ਬਰਸੀ ਸਮਾਗਮ ਦੌਰਾਨ ਉਨ੍ਹਾ ਦੇ ਸਪੁੱਤਰ ਨਵਤੇਜ ਸਿੰਘ ਰਾਣਾ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰਧਾਨਗੀ ਪ੍ਰੋਫੈਸਰ ਨਿਰਮਲ ਸਿੰਘ, ਜਰਨੈਲ ਸਿੰਘ ਘਨੌਲਾ ਤੇ ਕਮਲੇਸ਼ ਕੌਰ ਨੇ ਸਾਂਝੇ ਤੌਰ ’ਤੇ ਕੀਤੀ। ਸਾਥੀ ਰਾਣਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਆਰਐਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਸੱਜਣ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁਲਾਜ਼ਮ ਧਿਰਾਂ ਵੀ ਆਰਥਿਕ ਸੰਘਰਸ਼ ਨੂੰ ਰਾਜਨੀਤਿਕ ਤੌਰ ’ਤੇ ਲੜਨ ਤੇ ਹੋਰ ਮਜ਼ਬੂਤੀ ਨਾਲ ਉਦਾਰੀਕਰਨ ਵਿਸ਼ਵੀਕਰਨ ਤੇ ਨਿੱਜੀਕਰਨ ਹਾਮੀ ਸ਼ਕਤੀਆ ਦਾ ਮੁਕਾਬਲਾ ਕਰਨ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਰਾਣਾ ਦੇ ਪਾਏ ਪੂਰਨਿਆ ’ਤੇ ਚੱਲ ਕੇ ਹੀ ਅਸੀ ਉਨ੍ਹਾਂ ਵੱਲੋਂ ਦਿਵਾਏ ਹੱਕਾਂ ਨੂੰ ਸਾਂਭ ਕੇ ਰੱਖ ਸਕਦੇ ਹਾਂ ਕਿਉਂਕਿ ਅਜੋਕੇ ਹਾਲਾਤ ’ਚ ਅਧਿਆਪਕਾਂ ਤੇ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਇਲਾਵਾ ਹੋਰ ਕੋਈ ਰਾਹ ਬਾਕੀ ਨਹੀਂ ਬਚਿਆ ਹੈ। ਉਨ੍ਹਾ ਕਿਹਾ ਕਿ ਸਾਨੂੰ ਇਨ੍ਹਾਂ ਆਗੂਆਂ ਦੇ ਪਾਏ ਪੂਰਨਿਆ ’ਤੇ ਹਰ ਹਾਲਤ ’ਚ ਚੱਲਣਾ ਚਾਹੀਦਾ ਹੈ। ਤਰਲੋਚਨ ਸਿੰਘ ਰਾਣਾ ਦੀ ਨੂੰਹ ਬਲਦੀਪ ਕੌਰ, ਗੁਰਨੈਬ ਸਿੰਘ ਜੇਤੇਵਾਲ, ਦਰਸ਼ਨ ਸਿੰਘ ਬੜਵਾ, ਹਜ਼ਾਰਾ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਸਭ ਦਾ ਧੰਨਵਾਦ ਪ੍ਰੋਫੈਸਰ ਨਿਰਮਲ ਸਿੰਘ ਅਤੇ ਨਵਤੇਜ ਸਿੰਘ ਰਾਣਾ ਨੇ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਾਮਰੇਡ ਮੋਹਨ ਸਿੰਘ ਧਮਾਣਾ ਨੇ ਬਾਖੂਬੀ ਨਿਭਾਈ।

ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਪਿੰਡ ਮੁਠੱਡਾ ਕਲਾਂ ਵਿਖੇ ਉੱਘੇ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 46ਵੀਂ ਬਰਸੀ ਮਨਾਈ ਗਈ। ਪਾਰਟੀ ਦੇ ਜ਼ਿਲ੍ਰਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਫੈਡਰਲ ਢਾਂਚੇ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇੱਕ ਦੇਸ਼, ਇੱਕ ਚੋਣ ਵਰਗੇ ਮੁੱਦੇ ਉਭਾਰ ਕੇ ਅਤੇ ਰਾਜਾਂ ਦੇ ਅਧਿਕਾਰਾਂ ਨੂੰ ਕੁਤਰ ਕੇ ਮੋਦੀ ਸਰਕਾਰ ਲਗਾਤਾਰ ਅੱਗੇ ਵੱਧ ਰਹੀ ਹੈ। ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ‘ਤੇ ਅੱਤਿਆਚਾਰ ਵੱਧ ਰਹੇ ਹਨ। ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ ’ਤੇ ਕਾਰਪੋਰੇਟ ਘਰਾਣੇ ਵੱਡੇ ਹਮਲੇ ਕਰ ਰਹੇ ਹਨ। ਮੁਨਾਫੇ ਦੀ ਅੰਨ੍ਹੀ ਦੌੜ ਤਹਿਤ ਇਹ ਕੰਪਨੀਆਂ ਪੰਜਾਬ ਅੰਦਰ ਵੀ ਆਪਣੇ ਪੈਰ ਜਮ੍ਹਾ ਰਹੀਆਂ ਹਨ। ਪਾਰਟੀ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਮਜ਼ਦੂਰਾਂ ਲਈ ਕੰਮ ਘੰਟੇ ਵਧਾ ਕੇ ਲੁੱਟ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸਾਥੀ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਯੂਨੀਅਨ ਬਜਟ ’ਚ ਸਰਕਾਰ ਨੇ ਕਿਸਾਨਾਂ ਸਮੇਤ ਮਜ਼ਦੂਰਾਂ ਦੀ ਭਲਾਈ ਲਈ ਕੁੱਝ ਨਹੀਂ ਕੀਤਾ। ਕੁਲਦੀਪ ਫਿਲੌਰ ਅਤੇ ਜਰਨੈਲ ਫਿਲੌਰ ਨੇ ਸੰਬੋਧਨ ਕੀਤਾ।  ਆਰੰਭ ’ਚ ਵਿਛੜੇ ਸਾਥੀ ਦੀ ਯਾਦ ‘ਚ ਝੰਡਾ ਲਹਿਰਾਉਣ ਦੀ ਰਸਮ ਜਸਬੀਰ ਸਿੰਘ ਫਿਲੌਰ ਨੇ ਅਦਾ ਕੀਤੀ। ਬੇਅੰਤ ਔਜਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। 

ਮਾਹਿਲਪੁਰ : ਸਮਰਪਿਤ ਕਮਿਊਨਿਸਟ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਹੁਸ਼ਿਆਰਪੁਰ ਜ਼ਿਲ੍ਹਾ ਕਮੇਟੀ ਦੇ ਵਿੱਤ ਸਕੱਤਰ ਮਰਹੂਮ ਕਾਮਰੇਡ ਸੱਤਪਾਲ ਲੱਠ ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਪਿੰਡ ਗੋਂਦਪੁਰ ਨਜ਼ਦੀਕ ਮਾਹਿਲਪੁਰ ਵਿਖੇ ਹੋਇਆਂ। ਸ਼ਰਧਾਂਜਲੀ ਸਮਾਰੋਹ ਵਿੱਚ ਸਮਾਜਿਕ ਸੰਸਥਾਵਾਂ, ਜੱਥੇਬੰਦੀਆਂ, ਰਾਜਸੀ ਨੇਤਾਵਾਂ, ਸਾਥੀ ਲੱਠ ਦੇ ਯੁੱਧ ਸਾਥੀਆਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਹਾਜ਼ਰੀ ਭਰੀ। ਆਰ.ਐਮ.ਪੀ.ਆਈ ਦੇ ਕੌਮੀਂ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਥੀ ਲੱਠ ਸਚੁਮੱਚ ਹੀ ਲੋਕ ਘੋਲਾਂ ਨੂੰ ਪ੍ਰਣਾਰਿਆਂ ਹੋਇਆ ਇੱਕ ਸੁਹਿਰਦ ਆਗੂ ਅਤੇ ਲੋਕਾਂ ਦੇ ਦੁੱਖ-ਦਰਦ ਨੂੰ ਆਪਣਾ ਦੁੱਖ ਸਮਝਣ ਵਾਲਾ ਇੱਕ ਬਹੁਤ ਹੀ ਸੰਵੇਦਨਸ਼ੀਲ ਇਨਸਾਨ ਸੀ। ਉਹਨਾਂ ਕਿਹਾ ਕਿ ਸਮਾਜ ਅੰਦਰ ਹੋ ਰਹੀ ਲੁੱਟ-ਖਸੁੱਟ ਨੂੰ ਖਤਮ ਕਰਕੇ ਇਥੇ ਬਾਬਾ ਨਾਨਕ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਬਾਬਾ ਸਾਹਿਬ ਅੰਬੇਦਕਰ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਾਥੀ ਲੱਠ ਦੇ ਨਕਸ਼ੇ ਕਦਮਾਂ ਤੇ ਚੱਲਣਾਂ ਦੀ ਸੱਚੀ ਸ਼ਰਧਾਂਜਲੀ ਹੈ। ਉੱਘੇ ਟਰੇਡ ਯੂਨੀਅਨ ਆਗੂ ਅਤੇ ਪਾਰਟੀ ਦੇ ਕੇਂਦਰੀ ਸਟੈਂਡਿੰਗ ਕਮੇਟੀ ਮੈਂਬਰ ਕਾ. ਹਰਕੰਵਲ ਸਿੰਘ ਨੇ ਕਿਹਾ ਕਿ ਸਾਥੀ ਲੱਠ ਨੇ ਜਿੱਥੇ ਸਰਕਾਰੀ ਸੇਵਾ ਦੌਰਾਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਅਫਸਰਸ਼ਾਹੀ ਦੀਆਂ ਮਨਮਾਨੀਆਂ ਵਿਰੁੱਧ ਸੰਘਰਸ਼ ਦਾ ਝੰਡਾ ਬੁਲੰਦ ਕੀਤਾ ਉੱਥੇ ਹੀ ਸੇਵਾ-ਮੁਕਤ ਹੋਣ ਉਪਰੰਤ ਦਬੇ-ਕੁਚਲੇ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਸਨਮਾਨਜਨਕ ਬਣਾਉਣ ਲਈ ਆਪਣਾ ਸਾਰਾ ਜੀਵਣ ਅਰਪਣ ਕਰ ਦਿੱਤਾ। ਸੀ.ਪੀ.ਆਈ (ਐਮ) ਦੇ ਆਗੂ ਕਾ. ਦਰਸ਼ਨ ਸਿੰਘ ਮੱਟੂ, ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਵਿਰਦੀ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ, ਰਾਮਜੀਦਾਸ ਚੌਹਾਨ, ਮਲਕੀਤ ਸਿੰਘ ਬਾਹੋਵਾਲ, ਤਲਵਿੰਦਰ ਸਿੰਘ ਹੀਰ ਕਿਸਾਨ ਆਗੂ ਨੇ ਕਿਹਾ ਕਿ ਸਾਥੀ ਲੱਠ ਤੇ ਬੇਵਕਤ ਤੁਰ ਜਾਣ ਕਾਰਨ ਪਰਿਵਾਰ ਅਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਲਿਆ ਹੈ। ਆਰ.ਐਮ.ਪੀ.ਆਈ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਗਿਆਨ ਸਿੰਘ ਗੁਪਤਾ ਨੇ ਸਭ ਦਾ ਧੰਨਵਾਦ ਕੀਤਾ। ਉਪਰੋਕਤ ਆਗੂਆਂ ਤੋਂ ਇਲਾਵਾ ਸਾਥੀ ਧਰਮਿੰਦਰ ਸਿੰਘ ਮੁਕੇਰੀਆਂ, ਮੱਖਣ ਸਿੰਘ ਲੰਗੇਰੀ, ਮਨਜੀਤ ਸਿੰਘ ਸੈਣੀ, ਪ੍ਰਦੁੱਮਣ ਗੌਤਮ, ਇਕਬਾਲ ਸਿੰਘ ਜੱਸੋਵਾਲ, ਡਾ. ਸੁਖਦੇਵ ਸਿੰਘ ਢਿੱਲੋਂ, ਰਾਮ ਕੁਮਾਰ, ਤਰਸੇਮ ਸਿੰਘ ਹਰਿਆਣਾ, ਸੁਖਦੇਵ ਜਾਜਾ, ਅਮਰਜੀਤ ਕੁਮਾਰ, ਬਲਰਾਜ ਸਿੰਘ ਸੈਣੀ, ਸ਼ਾਮ ਸੁੰਦਰ ਕਪੂਰ, ਕਮਲਜੀਤ ਕੌਰ, ਹਰਭਜਨ ਸਿੰਘ ਅਜਨੋਹਾ, ਮਨਜੀਤ ਬਾਜਵਾ, ਸਵਰਨ ਸਿੰਘ ਮੁਕੇਰੀਆਂ,  ਬਲਵੰਤ ਰਾਮ, ਗੋਪਾਲ ਦਾਸ ਮਲਹੋਤਰਾ, ਰਘਵੀਰ ਸਿੰਘ, ਦੀਪਕ ਠਾਕੁਰ, ਗੁਰਪ੍ਰੀਤ ਸਿੰਘ, ਸ਼ਿੰਗਾਰਾ ਰਾਮ ਭੱਜਲ, ਗਿਆਨੀ ਅਵਤਾਰ ਸਿੰਘ, ਰਾਜੀਵ ਸ਼ਰਮਾ ਆਦਿ ਆਗੂ ਵੀ ਹਾਜ਼ਰ ਸਨ।                            

ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ

ਆਰਐਮਪੀਆਈ ਵੱਲੋਂ ਡੀਐੱਸਪੀ ਗੋਇੰਦਵਾਲ ਸਾਹਿਬ ਦਫ਼ਤਰ ਅੱਗੇ ਤਿੰਨ ਰੋਜ਼ਾ ਧਰਨਾ

ਗੋਇੰਦਵਾਲ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਜਨਤਕ ਜਥੇਬੰਦੀਆ ਵੱਲੋਂ ਨਸ਼ੇ, ਲੁੱਟਾਂ, ਖੋਹਾਂ, ਡਕੈਤੀਆ ਅਤੇ ਇਲਾਕੇ ਦੇ ਪਿੰਡਾਂ ’ਚ ਨਜ਼ਾਇਜ਼ ਤੌਰ ’ਤੇ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਖ਼ਿਲਾਫ਼ ਤਿੰਨ ਰੋਜ਼ਾ ਦਿਨ-ਰਾਤ ਧਰਨਾ ਦਿੱਤਾ ਗਿਆ ਜਿਸ ਵਿੱਚ ਇਲਾਕੇ ਦੇ ਕਈ ਪੀੜਤ ਪਰਿਵਾਰ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਹੱਲ ਕਰਾਉਣ ਲਈ ਧਰਨੇ ਵਿੱਚ ਪਹੁੰਚੇ।  ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ,  ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ, ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ, ਔਰਤ ਮੁਕਤੀ ਮੋਰਚਾ ਦੀ ਆਗੂ ਕੁਲਵਿੰਦਰ ਕੌਰ ਖੰਡੂਰ ਸਾਹਿਬ ਨੇ ਸੰਬੋਧਨ ਕੀਤਾ। ਧਰਨੇ ਦੇ ਤੀਜੇ ਦਿਨ ਧਰਨਾਕਾਰੀਆਂ ਨਾਲ ਡੀਐੱਸਪੀ ਗੋਇੰਦਵਾਲ ਸਾਹਿਬ ਨੇ ਆਗੂਆਂ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਿਵਾਇਆ ਕਿ ਸਾਰੇ ਮਸਲਿਆਂ ਦਾ ਹੱਲ ਫੌਰੀ ਤੌਰ ’ਤੇ ਕੀਤੇ ਜਾਣਗੇ। ਇਸ ਬਆਦ ਧਰਨਾ ਸਮਾਪਤ ਕਰ ਦਿੱਤਾ ਗਿਆ। ਸਰਬਜੀਤ ਸਿੰਘ ਭਰੋਵਾਲ, ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ, ਨਛੱਤਰ ਸਿੰਘ ਤੁੜ, ਜੰਗ ਬਹਾਦਰ ਸਿੰਘ ਤੁੜ, ਝਿਲਮਲ ਸਿੰਘ ਬਾਣੀਆਂ, ਜਗੀਰ ਸਿੰਘ ਗੰਡੀਵਿੰਡ, ਦਾਰਾ ਸਿੰਘ ਮੁੰਡਾ ਪਿੰਡ, ਸਰਵਨ ਸਿੰਘ, ਗੁਰਸਰਨ ਸਿੰਘ ਕੰਮਲਜੀਤ ਕੌਰ, ਬੂਟਾ ਸਿੰਘ ਕੋਟ ਆਦਿ ਹਾਜ਼ਰ ਸਨ।                           

ਰਿਪੋਰਟ : ਰਮੇਸ਼ ਚੰਦਰ

See Also

ਫੈਕਟਰੀ ਮਾਲਕ ਦੀ ਧੱਕੇਸ਼ਾਹੀ ਖ਼ਿਲਾਫ਼ ਸੀਟੀਯੂ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ

ਲੁਧਿਆਣਾ : ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ (ਸਬੰਧਤ ਸੀਟੀਯੂ ਪੰਜਾਬ) ਵੱਲੋਂ ਸਾਥੀ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਸਾਥੀ ਜਗਦੀਸ਼ ਸਿੰਘ ਜ਼ਿਲ੍ਹਾ ਸਕੱਤਰ  ਦੀ ਅਗਵਾਈ ਹੇਠ ਫੋਕਲ ਪੋਆਇੰਟ ਵਿਖੇ ਗਣਤੰਤਰ ਦਿਵਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਕ ਹੈਂਕੜਬਾਜ਼ ਫੈਕਟਰੀ ਮਾਲਕ ਵੱਲੋਂ ਆਪਣੇ ਵਰਕਰਾਂ ਜਿਨ੍ਹਾਂ ’ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਬੇਇੱਜ਼ਤ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਅਤੇ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।  ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਕਾਰਨ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। 44 ਕਿਰਤ ਕਾਨੂੰਨਾਂ ਨੂੰ ਤੋੜ ਕੇ ਚਾਰ ਕੋਡਾਂ ਵਿਚ ਲਾਗੂ ਕਰਕੇ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਇਕ ਇਕ ਕਰਕੇ ਖੋਹੀਆਂ ਜਾ ਰਹੀਆਂ ਹਨ। ਇਸੇ ਨੀਤੀ ਤਹਿਤ ਨਿੱਜੀਕਰਨ, ਠੇਕੇਦਾਰੀ ਪ੍ਰਥਾ ਲਾਗੂ ਕੀਤੀ ਜਾ ਰਹੀ ਹੈ।

ਦਾਨ ਸਿੰਘ ਵਾਲਾ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਦਿੱਤਾ ਧਰਨਾ

ਬਠਿੰਡਾ : ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅੱਗੇ ਪਿੰਡ ਦਾਨ ਸਿੰਘ ਵਾਲਾ ਦੇ ਮਜ਼ਦੂਰਾਂ ਨੂੰ 10 – 10 ਲੱਖ ਰੁਪਏ ਦਾ ਮੁਆਵਜ਼ਾ ਦਿਵਾਉਣ, ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਾਉਣ ਅਤੇ ਅਗਨੀ ਕਾਂਡ ਦੀ ਜੁਡੀਸ਼ੀਅਲ ਜਾਂਚ ਕਰਵਾ ਕੇ ਇਸ ਕਾਂਡ ਦੇ ਸਾਜ਼ਿਸ਼ ਕਰਤਾਵਾਂ ਨੂੰ ਇਸ ਕੇਸ ਵਿੱਚ ਸ਼ਾਮਿਲ ਕਰਵਾ ਕੇ ਗਿ੍ਰਫਤਾਰ ਕਰਵਾਉਣ ਲਈ ਵਿਸ਼ਾਲ ਧਰਨਾ ਦਿੱਤਾ ਗਿਆ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਅਸਲੀ ਦੋਸ਼ੀਆਂ ਨੂੰ ਨਾਮਜ਼ਦ ਕਰਵਾਕੇ ਗਿ੍ਰਫਤਾਰ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।  ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਆਇਰਲਾ ਦੇ ਆਗੂ ਗੋਬਿੰਦਸਿੰਘ ਛਾਜ਼ਲੀ, ਪੰਜਾਬ ਖੇਤ ਮਜ਼ਦੂਰ ਸਭਾ ਦੀ ਆਗੂ ਦੇਵੀ ਕੁਮਾਰੀ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਆਗੂ ਭਗਵੰਤ ਸਿੰਘ ਸਮਾਉ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਿੱਕਰ ਸਿੰਘ ਦਾਨ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਬਲਕਰਨ ਸਿੰਘ ਬਰਾੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜ਼ੋਰਾ ਸਿੰਘ ਨਸਰਾਲੀ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀਵਾਲਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਭੂਪ ਚੰਦ ਚੰਨੋ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੇਲਵਰਹਾ, ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਆਗੂ ਜਗਜੀਤ ਸਿੰਘ ਕੋਟ ਸ਼ਮੀਰ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂ ਜਗਸ਼ੀਰ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਖਸ਼ੀਸ਼ ਸਿੰਘ ਤੇ ਲਾਲ ਝੰਡਾ ਮਜ਼ਦੂਰ ਯੂਨੀਅਨ ਦੇ ਆਗੂ ਵਿਜੈ ਕੁਮਾਰ ਨੇ ਸੰਬੋਧਨ ਕੀਤਾ। 

ਰਿਪੋਰਟ : ਰਮੇਸ਼ ਚੰਦਰ

Scroll To Top