
ਪ੍ਰੋ. ਸੁਰਿੰਦਰ ਕੌਰ ਜੈਪਾਲ
ਗਰੀਬੀ ਨੂੰ ਹਰ ਰੋਜ਼ ਧੱਕਾ ਮਾਰ ਕੇ ਪਰ੍ਹੇ ਕਰਦੀਆਂ ਔਰਤਾਂ ਨੂੰ ਸ਼ਹਿਰਾਂ ਵਿਚ ‘ਕੰਮ ਵਾਲੀਆਂ ਔਰਤਾਂ’ ‘ਮਾਈਆਂ’, ‘ਬਾਈਆਂ’, ‘ਮੇਡ’ ਆਖਿਆ ਜਾਂਦਾ ਹੈ। ਅਕਸਰ ਨਿੱਕੇ-ਨਿੱਕੇ 8 ਤੋਂ 20 ਕਮਰਿਆਂ ਵਿਚਕਾਰ ਭੀੜੇ ਵਿਹੜੇ ਦੀ ਗੁਜ਼ਾਰਗਾਹ ਹੁੰਦੀ ਹੈ, ਸੁਪਨਗਾਹ ਨਹੀਂ। ਇਹ ਸਮਾਜਿਕ-ਆਰਥਿਕ ਨਾਬਰਾਬਰੀ ਦੀਆਂ ਜੀਂਦੀਆਂ ਦਾਸਤਾਨਾਂ ਨੇ। 8-10 ਪਰਿਵਾਰਾਂ ਲਈ ਇਕ ਟਾਇਲਟ ਤੇ ਇਕ ਭੈੜਾ ਜਿਹਾ ਗੁਸਲਖਾਨਾ ਹੁੰਦਾ ਹੈ । ਟੂਟੀ ਆਉਣ ਦਾ ਬੱਝਵਾਂ ਵਕਤ ਹੁੰਦਾ ਹੈ ਅਤੇ ਇਸੇ ਸੀਮਤ ਸਮੇਂ ਵਿੱਚ ਸੱਭ ਨੇ ਸਾਰੇ ਕੰਮ ਨਿਬੇੜ ਕੇ ਕੋਠੀਆਂ ਵਿੱਚ ਕੰਮ ਕਰਨ ਲਈ ਨਿਕਲਣਾ ਹੁੰਦਾ ਹੈ। ਸੀਮਤ ਸਾਧਨਾਂ ਅਤੇ ਭੀੜੀ ਜਗ੍ਹਾ ਵਿੱਚ ਗੁਜ਼ਾਰਾ ਕਰਨ ਦਾ ਸੁਚੱਜ ਇਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ। ਸ਼ਹਿਰਾਂ ਵਿਚ ਇਹ ਕੋਠੀਆਂ ਵਿਚ ਭਾਂਡੇ ਮਾਂਜਣ, ਝਾੜੂ-ਪੋਚਾ ਕਰਨ, ਕੱਪੜੇ ਧੋਣ, ਖਾਣਾ ਬਣਾਉਣ ਦੇ ਕੰਮ ਤੋਂ ਇਲਾਵਾ ਬਜ਼ੁਰਗਾਂ ਦੀ ਦੇਖ-ਭਾਲ ਵੀ ਕਰਦੀਆਂ ਹਨ।
ਪੱਛਮੀ ਮੁਲਕਾਂ ਵਿਚ ਘਰੇਲੂ ਨੌਕਰੀਆਂ ਕਰਨ ਵਾਲਿਆਂ ਦੇ ਹੱਕ-ਹਕੂਕ ਹੁੰਦੇ ਹਨ ਤੇ ਕਾਨੂੰਨ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਨ। ਸਾਡੇ ਮੁਲਕ ਵਿਚ ਇਨ੍ਹਾਂ ਦੇ ਹੱਕਾਂ ਬਾਰੇ ਕਾਨੂੰਨ ਦੀ ਅਣਹੋਂਦ ਹੈ ਅਤੇ ਸਮਾਜ ਵਿਚ ਹੇਠਲੀ ਪੱਧਰ ’ਤੇ ਲੰਮੀ ਚੁੱਪ ਹੈ। ਕੰਮ ਦੀ ਕਿਸਮ ਤੇ ਭਾਰ ਘਰੇਲੂ ਨੌਕਰਰਾਣੀਆਂ ਤੇ ਬੀਬੀਆਂ ਵਿਚਕਾਰ ਪੈਸਾ ਤਹਿ ਕਰਦਾ ਹੈ। ਕੋਠੀਆਂ ਵਾਲੀਆਂ ਬੀਬੀਆਂ ਦੀ ਆਰਥਿਕ ਸਥਿਤੀ ਵਧੀਆ ਹੋਣ ਕਾਰਨ ਉਹ ਸਮਾਜਿਕ ਰੁਤਬੇ ਵਿੱਚ ਆਪਣੇ-ਆਪ ਨੂੰ ਉੱਚੀਆਂ ਤੇ ਇਨ੍ਹਾਂ ਨੂੰ ਨੀਵਾਂ ਮੰਨਦੀਆਂ ਹਨ। ਇਸੇ ਕਰਕੇ ਉਨ੍ਹਾਂ ਦੇ ਉਤੇ ਚੜ੍ਹਕੇ ਟੋਕਾ-ਟਾਕੀ ਤੇ ਕਈ ਵਾਰ ਅਪਸ਼ਬਦਾਂ ਦੀ ਵਰਤੋਂ ਕਰਦੀਆਂ ਹਨ। ਤਾਂ ਹੀ ਬਿਹਾਰ ਦੀ ਸਪਨਾ ਆਖਦੀ ਹੈ, ‘‘ਭਗਵਾਨ ਜੀ, ਅਗਲੇ ਜਨਮ ਮਾ ਹਮੇਂ ਬੀਬੀ ਬਣਾਨਾ….’’
ਅੰਤਰਰਾਸ਼ਟਰੀ ਔਰਤ ਦਿਵਸ ਬਾਰੇ ਇਕੱਲੀ-ਇਕੱਲੀ ਨਾਲ ਤੇ ਗਰੁੱਪ ਨਾਲ ਵੀ ਗੱਲਾਂ ਕੀਤੀਆਂ। ਕਿਸੇ ਨੇ ਇਸ ਦਿਨ ਬਾਰੇ ਕਦੇ ਸੁਣਿਆ ਤੱਕ ਨਹੀਂ। ਕਰਵਾ ਚੌਥ ਅਤੇ ਹੋਲੀ ਨੂੰ ਇਹ ਔਰਤਾਂ ਦਾ ਦਿਨ ਮੰਨਦੀਆਂ ਹਨ । ਰਹਿਣ ਦੀ ਤੰਗ ਜਗ੍ਹਾ ਤੇ ਗੁਰਬਤ ਇਨ੍ਹਾਂ ਦੇ ਵਿਹੜਿਆਂ ਵਿਚੋਂ ਬਾਹਰ ਉੱਲਰਦੀ ਹੈ। ਔਰਤ-ਮਰਦ ਦੀ ਬਰਾਬਰੀ ਬਾਰੇ ਪੁੱਛਿਆ ਤਾਂ ਇਹੀ ਆਵਾਜ਼ਾਂ ਆਈਆਂ ‘‘ਕਾਹੇ ਕੀ ਬਰਾਬਰੀ? ਮਰਦ ਕੀ ਬਰਾਬਰੀ ਕੋਊ ਔਰਤ ਨਾ ਕਰ ਸਕੈ, ਮਰਦ ਪੀਟਤਾ ਹੈ ਤਬ ਭੀ ਠੀਕ ਹੈ, ਮਰਦ ਤੋ ਹੈ ਨਾ।’’ ਕੁਸੁਮ ਕਹਿ ਰਹੀ ਹੈ, ‘‘ਬਾਤ ਯੂੰ ਰਹੀ ਕਿ ਜੋ ਨਸ਼ਾ ਨਹੀਂ ਕਰਤੇ ਵੋਹ ਨਹੀਂ ਪੀਟਤੇ, ਬੱਚੋਂ ਕੋ ਅੱਛਾ ਪੜ੍ਹਾਤੇ ਹੈਂ, ਖੁਸ਼ੀ ਮੇਂ ਰਹਿਤੇ ਹੈ।’’
ਦਿਨ-ਰਾਤ ਦੌੜ-ਦੌੜ ਕੇ ਕੰਮ ਕਰਨ ਵਾਲੀਆਂ ਹਰ ਤਰ੍ਹਾਂ ਹਾਸ਼ੀਏ ’ਤੇ ਧੱਕੀਆਂ ਹੋਈਆਂ ਇਨ੍ਹਾਂ ਔਰਤਾਂ ਨੂੰ ਕੋਈ ਇਲਮ ਨਹੀਂ ਕਿ 8 ਮਾਰਚ ਨੂੰ ਦੁਨੀਆਂ ਭਰ ਦੇ ਵਿਦਵਾਨ ਇਨ੍ਹਾਂ ਨਾਲ ਹੁੰਦੇ ਲਿੰਗਕ ਵਿਤਕਰੇ, ਘਰੇਲੂ ਹਿੰਸਾ ਬਾਰੇ ਵੱਡੀਆਂ-ਵੱਡੀਆਂ ਫਲਸਫਾਨਾ ਬਹਿਸਾਂ, ਭਾਸ਼ਣ, ਵਿਚਾਰ-ਵਟਾਂਦਰੇ ਆਦਿ ਕਰਨਗੇ। ਇਹ ਨਹੀਂ ਜਾਣਦੀਆਂ ਕਿ ‘ਯੂਨੈਸਕੋ’ ਨੇ ਇਸ ਵਾਰ ਦਾ ਵਿਸ਼ਾ ‘ਲਿੰਗਕ ਬਰਾਬਰੀ ਦਾ ਅਮਲ ਤੇਜ਼ ਕਰੋ’ ਰੱਖਿਆ ਹੈ ਅਤੇ ‘ਵਰਲਡ ਇਕਨੌਮਿਕ ਫੋਰਮ’ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਲਿੰਗਕ ਬਰਾਬਰੀ ਦੀ ਮੌਜੂਦਾ ਚਾਲ ਮੁਤਾਬਿਕ 2158 ਤੱਕ ਪੂਰਨ ਲਿੰਗਕ ਬਰਾਬਰਤਾ ਹੋ ਸਕਦੀ ਹੈ ਅਰਥਾਤ ਅਜੇ ਹੋਰ 5 ਪੀੜ੍ਹੀਆਂ ਲਿੰਗਕ ਅਸਮਾਨਤਾਵਾਂ ਦਾ ਸੰਤਾਪ ਝੱਲਦੀਆਂ ਖਪ ਜਾਣਗੀਆਂ। ਲਿੰਗਕ ਵਿਤਕਰੇ ਕਾਰਨ ਔਰਤਾਂ ਨੂੰ ਮਰਦਾਂ ਦੇ ਬਰਾਬਰ ਇਨਸਾਨ ਮੰਨਣ ਵਿੱਚ ਵੱਡੀ ਦਿੱਕਤ ਆਉਂਦੀ ਹੈ। ਜਿੱਥੇ ਇਹ ਘੋਰ ਸਮਾਜਿਕ ਬੇਇਨਸਾਫੀ ਹੈ, ਉੱਥੇ ਸੰਵਿਧਾਨ ਦੀ ਘੋਰ ਉਲੰਘਣਾ ਵੀ ਹੈ।
ਮਹਿੰਗਾਈ ਦੀ ਮਾਰ ਲਾਖੇ ਲੇਖਾਂ ਵਾਲੇ ਪਰਿਵਾਰਾਂ ਅਤੇ ਔਰਤਾਂ ’ਤੇ ਸੱਭ ਤੋਂ ਵੱਧ ਪੈਂਦੀ ਹੈ। ਇਹ ਨਿੱਕੇ-ਨਿੱਕੇ ਕਮਰਿਆਂ ਦਾ ਕਿਰਾਇਆ ਦੇਣ ਤੋਂ ਹਰ ਮਹੀਨੇ ਹੋਰ ਵੀ ਅਸਮਰੱਥ ਹੋ ਜਾਂਦੀਆਂ ਨੇ। ਇਹ ਨੇ ਗਰੀਬੀ ਨਾਲ ਨਿੱਤ ਦਿਹਾੜੀ ਜੂਝਦੀਆਂ ਸਾਧਨ-ਹੀਣ ਬੇਘਰੀਆਂ ਔਰਤਾਂ। ਦੇਵਕੀ ਪੁੱਛਣ ਲੱਗੀ, ‘‘8 ਮਾਰਚ ਕੋਈ ਦੇਵਤਾ ਹੈ? ਦੇਵਤਾ ਹੈ ਤਾਂ ਇਕ ਛੋਟਾ ਘਰ ਦਿਲਵਾ ਦੋ, ਇਹ ਦੇਵਤਾ ਕਿੱਥੇ ਰਹਿੰਦਾ, ਕਿਵੇਂ ਕਿਸ ਦਿਨ ਪੂਜਾ ਕਰਨੀ ਹੈ?’’
ਰਾਜਕੁਮਾਰੀ, ਦੇਵਕੀ, ਪੂਜਨ, ਰਾਮ ਦੇਵੀ ਵਿਧਵਾ ਹਨ। ਪਰ ਇਨ੍ਹਾਂ ਦੀ ਵਿਧਵਾ ਪੈਨਸ਼ਨ ਨਹੀਂ ਲੱਗੀ। ਆਪਣੇ ਦੇਸ਼ (ਸੂਬਾ) ਤੋਂ ਵੋਟ ਨਹੀਂ ਕਟੀ। ਉਥੋਂ ਦੇ ਮੁਖੀਆ ਕੱਟਣ ਨਹੀਂ ਦਿੰਦੇ। ਪੰਚਾਇਤੀ ਵੋਟਾਂ ਸਮੇਂ ਇਨ੍ਹਾਂ ਨੂੰ ਵੋਟ ਭੁਗਤਾਨ ਲਈ ਜਬਰੀ ਬੁਲਾਉਂਦੇ ਹਨ, ਨਹੀਂ ਤਾਂ ਉਹ ਇਨ੍ਹਾਂ ਦਾ ਕੋਈ ਕੰਮ ਨਹੀਂ ਕਰਨਗੇ। ਇੱਥੇ ਪੰਜਾਬ ਵਿਚ ਨਾ ਵੋਟ ਬਣੀ ਨਾ ਰਾਸ਼ਨ ਕਾਰਡ। ਬਹੁਤ ਘੱਟ ਨੂੰ ਪੰਜ ਕਿਲੋ ਰਾਸ਼ਨ ਮਿਲਦਾ ਹੈ। ਰਾਜ ਕੁਮਾਰੀ ਪੰਜ ਕਿਲੋ ਰਾਸ਼ਨ ਦੀ ਪਰਚੀ ਲੈਣ ਵਾਸਤੇ ਤਿੰਨ-ਤਿੰਨ ਹਫਤੇ ਖੱਜਲ-ਖੁਆਰ ਹੁੰਦੀ ਹੈ। ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਬੱਦੋਵਾਲ ਕੋਲ ਹਰ ਵੀਰਵਾਰ ‘ਪੀਰ ਬਾਬਾ ਜ਼ਾਹਰ ਬਲੀ’ ਦਾ ਮੇਲਾ ਲੱਗਦਾ ਹੈ। ਇਹ ਸਾਰੀਆਂ ਉਸ ਨੂੰ ‘ਜ਼ਹਿਰ ਬਲੀ’ ਕਹਿੰਦੀਆਂ ਹਨ। ਬਹੁਤੀਆਂ ਨੇ ਪੀਰ ਤੋਂ ਮਕਾਨ ਮੰਗਿਆ ਹੈ। ਰਾਜਕੁਮਾਰੀ ਵੀ ਪੀਰ ਬਾਬਾ ਦੀ ਜੋਤ ਅੱਗੇ ਮਕਾਨ ਦਾ ਖਾਕਾ ਵਾਹ ਕੇ ਆਈ ਹੈ। ਦੇਵਕੀ ਨੇ ਬਿਮਾਰ ਲੜਕੇ ਲਈ ਇਕ ਦਿਨ ਦੇ 35000 ਰੁਪਏ ਹਸਪਤਾਲ ‘ਚ ਭਰਨ ਮਗਰੋਂ ਛੁੱਟੀ ਲੈ ਲਈ ਤੇ ਮਨ ਵਿਚ ਸ਼ਿਵ ਮੰਦਰ ਲਖਨਊ ਵਿਖੇ ਦਰਸ਼ਨ ਕਰਨ ਦੀ ਸੁਖਨਾ ਸੁੱਖਣ ਲਈ ਮਜ਼ਬੂਰ ਹੋਈ। ਜਨਤਕ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਿਹਨਤਕਸ਼ ਅੰਧਵਿਸ਼ਵਾਸ ਵੱਲ ਧੱਕੇ ਜਾਂਦੇ ਹਨ ।
ਇਨ੍ਹਾਂ ਔਰਤਾਂ ਨੂੰ ਯੂ.ਪੀ., ਬਿਹਾਰ ਨਾ ਘਰ ਮਿਲੇ, ਨਾ ਪਖਾਨਾ, ਨਾ ਪੈਨਸ਼ਨ, ਨਾ ਵੋਟਾਂ ਵੇਲੇ ਲਾਰਿਆਂ ਦੇ 1000, 2000 ਰੁਪਏ ਮਹੀਨਾ ਨਾ ‘ਲੜਕੀ ਬਹਿਨ ਸਕੀਮ’ ਨਾ ਕੁੱਝ ਹੋਰ। ਕਿਸੇ ਵੀ ਰੁੱਤ ਵਾਸਤੇ ਇਨ੍ਹਾਂ ਕੋਲ ਪੂਰੇ ਕੱਪੜੇ ਨਹੀਂ ਹੁੰਦੇ। ਸਿਆਲ ਵਿਚ ਪੂਰੀਆਂ ਰਜ਼ਾਈਆਂ ਨਹੀਂ ਹੁੰਦੀਆਂ। ਮਿਹਰਬਾਨ ਬੀਬੀਆਂ ਇਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਦੀਆਂ ਹਨ। ਜੇ ਕਿਤੇ ਢਿੱਲ-ਮੱਠ ਜਾਂ ਕਿਸੇ ਹੋਰ ਜ਼ਰੂਰੀ ਵਜ੍ਹਾ ਕਰਕੇ ਕੰਮ ਲਈ ਕੋਠੀ ਨਾ ਆ ਸਕਣ ਤਾਂ ਬਹੁਤੀਆਂ ਬੀਬੀਆਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ। ਝੱਟ ਇਕ-ਦੂਜੀ ਨੂੰ ਫੋਨ ਖੜਕਾਉਣ ਲੱਗਦੀਆਂ ਹਨ : ‘ਮੇਰੇ ਵਾਲੀ ਅੱਜ ਆਈ ਨਹੀਂ, ਤੇਰੇ ਵਾਲੀ ਭੇਜ ਦੇ ਘੰਟਾ ਕੁ।’’ ਕੰਮ ਵਾਲੀਆਂ ਵੀ ਅਕਸਰ ਆਪਣਾ ਫੋਨ ਬੰਦ ਰੱਖਦੀਆਂ ਹਨ, ਉਹ ਵੀ ਮਾਲਕਣਾਂ ਦੇ ਹੁਕਮ ਨੂੰ ਦੈਵੀ ਪ੍ਰਸ਼ਾਦ ਨਹੀਂ ਸਮਝਦੀਆਂ। ਹਸਮੁੱਖ ਬੀਬੀ ਦਾ ਕੰਮ ਇਹ ਵੀ ਹੱਸ ਕੇ ਕਰਦੀਆਂ ਹਨ। ਆਮ ਤੌਰ ’ਤੇ ਇਕ ਜਣੀ ਦੋ-ਤਿੰਨ ਕੋਠੀਆਂ ਵਿਚ ਕੰਮ ਕਰਦੀ ਹੈ। ਸਾੜ੍ਹੀ ਦਾ ਪੱਲਾ ਟੁੰਗੀ, ਹਵਾਈ ਚੱਪਲ ਦੀ ਤੇਜ਼ ਚੱਪ-ਚੱਪ ਦੀ ਆਵਾਜ਼ ਕਰਦੀਆਂ ਇਕ ਤੋਂ ਦੂਜੀ ਕੋਠੀ ਵੱਲ ਭੱਜਦੀਆਂ ਤੁਸੀਂ ਰੋਜ਼ ਵੇਖ ਸਕਦੇ ਹੋ। ਘਰ ਦੇ ਕੰਮ ਤੋਂ ਇਲਾਵਾ ਘੱਟੋ-ਘੱੱਟ 6 ਘੰਟੇ ਇਹ ਬਾਹਰ ਦਾ ਕੰਮ ਕਰਦੀਆਂ ਹਨ।
ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸ਼੍ਰੀ ਬੀ.ਆਰ. ਗਵੱਈ ਜੀ ਨੇ ਬਿਨਾਂ ਕੰਮ ਕੀਤੇ ਪੈਸੇ ਅਤੇ ਫਰੀ ਰਾਸ਼ਨ ਲੈਣ ਵਾਲਿਆਂ ਨੂੰ ਕੰਮਚੋਰ, ਮੁਫ਼ਤ ਖੋਰੇ, ਪਰਜੀਵੀ ਆਖਿਆ ਹੈ। ਕੇਂਦਰ ਦੀ ਸਰਕਾਰ ਖ਼ੁਦ ਮੰਨਦੀ ਹੈ ਕਿ ਉਹ 80 ਕਰੋੜ ਗਰੀਬ ਲੋਕਾਂ ਨੂੰ ਮੁਫ਼ਤ 5 ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਅਨਾਜ ਦਿੰਦੀ ਹੈ। ਬਹੁਤ ਵੱਡਾ ਸਵਾਲ ਹੈ ਕਿ ਸਾਡੇ ਆਜ਼ਾਦ ਭਾਰਤ ਵਿਚ ਸਮੇਂ-ਸਮੇਂ ਕਿਹੜੀਆਂ ਆਰਥਿਕ ਨੀਤੀਆਂ ਹਨ ਜੋ ਏਨੀ ਵੱਡੀ ਵਸੋਂ ਨੂੰ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਦੀ ਦਲਦਲ ਵਿਚ ਧੱਕ ਰਹੀਆਂ ਹਨ? ਔਕਸਫਾਮ ਦੀ 2025 ਦੀ ਆਰਥਿਕ ਅਸਮਾਨਤਾ ਤੇ ਲੁੱਟ-ਖਸੁੱਟ ਬਾਰੇ ਹਾਲੀਆ ਰਿਪੋਰਟ ਲੂੰ-ਕੰਡੇ ਖੜ੍ਹੇ ਕਰਨ ਵਾਲੀ ਹੈ। 2027 ਤੱਕ ਦੁਨੀਆਂ ਦਾ ਪਹਿਲਾ ਖਰਬਪਤੀ ਅਮਰੀਕਾ ਦਾ ਏਲਨ ਮਸਕ ਹੋਵੇਗਾ ਤੇ ਦੋ ਨੰਬਰ ’ਤੇ ਭਾਰਤ ਦਾ ਗੌਤਮ ਅਡਾਨੀ। ਭਾਰਤ ਦੀ 25% ਦੌਲਤ ਇਕ ਹੀ ਅਡਾਨੀ ਪਰਿਵਾਰ ਕੋਲ ਜਮ੍ਹਾਂ ਹੋਣ ਦੇ ਆਸਾਰ ਹਨ ਤੇ ਭਾਰਤ ਆਪਣੀ ਹੀ ਵੱਡੀ ਵੱਸੋਂ ਨੂੰ ਕੰਗਾਲੀ ਵੱਲ ਧੱਕ ਕੇ ਵਿਸ਼ਵ ਗੁਰੂ ਬਣਨ ਦੇ ਗੁਣਗਾਣ ਕਰ ਰਿਹਾ ਹੈ।
ਦੂਜੇ ਪਾਸੇ ਕਾਮਰੇਡ ਬਰਿੰਦਾ ਕਰਤ ਪੋਲਿਟ ਬਿਊਰੋ ਮੈਂਬਰ ਸੀਪੀਆਈਐਮ ਨੇ ਮਾਣਯੋਗ ਜੱਜ ਸ਼੍ਰੀ ਬੀ.ਆਰ. ਗਵੱਈ ਜੀ ਨੂੰ ਪੱਤਰ ਲਿਖਿਆ ਹੈ ਕਿ ਵੱਡੀ ਗਿਣਤੀ ਭਾਰਤੀ ਔਰਤਾਂ 7-8 ਘੰਟੇ ਬਿਨਾਂ ਉਜ਼ਰਤ ਘਰ ਦਾ ਕੰਮ ਕਰਦੀਆਂ ਹਨ; ਹਫਤੇ ਦੇ 50 ਘੰਟੇ। ਔਰਤ ਦੀ ਮਿਹਨਤ ਪਰਿਵਾਰ ਦੇ ਗੁਜ਼ਾਰੇ ਤੇ ਖੁਸ਼ੀਆਂ ਦੀ ਕੁੰਜੀ ਹੈ। ਸਮਾਜ ਅਣਦਿਸਦੀ ਮਿਹਨਤ ਨੂੰ ਬਿਲਕੁਲ ਨਹੀਂ ਗੌਲਦਾ।
ਐਸਬੀਆਈ ਦੇ 2023-24 ਦੇ ਸਰਵੇ ਮੁਤਾਬਿਕ ਜੇ ਔਰਤਾਂ ਦੇ ਗੈਰ ਇਵਜ਼ਾਨਾ ਕੰਮ ਨੂੰ ਪੈਸਿਆਂ ਵਿਚ ਤਬਦੀਲ ਕਰੀਏ ਤਾਂ ਇਹ ਰਕਮ 22 ਲੱਖ ਕਰੋੜ ਰੁਪਏ ਸਾਲਾਨਾ ਬਣਦੀ ਹੈ, ਜਿਹੜੀ ਕਿਸੇ ਜੀ.ਡੀ.ਪੀ. ਦਾ ਹਿੱਸਾ ਨਹੀਂ। ਰਾਣੀ, ਰਾਜਕੁਮਾਰੀ, ਨੂਰਜਹਾਂ, ਦੇਵਕੀ, ਸੁਮਨ, ਸਪਨਾ, ਰਾਮਦੇਵੀ, ਦੁਲਾਰੀ, ਸੁਸ਼ੀਲਾ, ਗੌਰੀ, ਮਾਧੁਰੀ, ਗੀਤਾ, ਰੇਖਾ, ਮਨੀਸ਼ਾ ਤੇ ਹੋਰ ਔਰਤਾਂ ਬਿਹਤਰ ਜ਼ਿੰਦਗੀ ਲਈ ਅਸਮਾਨਤਾ ਵਾਲੇ ਪੱਖਪਾਤੀ ਸਮਾਜ ਵਿਚ ਹਰ ਦੁਸ਼ਵਾਰੀ ਨਾਲ ਘੁਲਦੀਆਂ ਨਜ਼ਰ ਆਉਣਗੀਆਂ। ਉਹ ਕਹਿੰਦੀਆਂ ਨੇ ਕਿ ਉਹ ਆਪਣੀ ਸਿਹਤ ਜਾਂ ਸੁਖ-ਆਰਾਮ ਨਹੀਂ ਵੇਖਦੀਆਂ, ਸਦਾ ਹਿਸਾਬ ਕਰਦੀਆਂ ਰਹਿੰਦੀਆਂ ਨੇ ਕਿ ਕਿੰਨੇ ਦੇ ਚਾਵਲ, ਤੇਲ, ਸਾਬਣ, ਦਾਲ, ਸਬਜ਼ੀ, ਕਮਰੇ ਦਾ ਕਿਰਾਇਆ ਤੇ ਹੋਰ ਜ਼ਰੂਰਤਾਂ… ਰਹਿਣ ਦੇ ਮਾੜੇ ਹਾਲਤਾਂ ਕਾਰਨ ਬਿਮਾਰੀ ਠਿਮਾਰੀ ਵੀ ਵੱਧ ਆਉਂਦੀ ਹੈ। ਇਹ ਦੋ ਡੰਗ ਦੀ ਰੋਟੀ ਦੇ ਜੁਗਾੜ ਦੇ ਫਿਕਰਾਂ ਵਿਚ ਜੀਉਂਦੀਆਂ ਨਹੀਂ ਜਾਣਦੀਆਂ ਕਿ ਸਿਹਤ, ਸਿੱਖਿਆ, ਸੁਰੱਖਿਆ, ਬਰਾਬਰ ਦਾ ਕੰਮ, ਬਰਾਬਰ ਦੀ ਉਜ਼ਰਤ, ਬਰਾਬਰ ਸਨਮਾਨ, ਇਨ੍ਹਾਂ ਦੇ ਵੀ ਬੁਨਿਆਦੀ ਹੱਕ ਹਨ। 8 ਮਾਰਚ ਦਾ ਦੇਵਤਾ ਇਹਨਾਂ ਹਾਲਾਤਾਂ ਵਿੱਚ ਇਹਨਾਂ ਰਾਜ ਕੁਮਾਰੀਆਂ,ਦੇਵਕੀਆਂ..ਦੇ ਅੰਦਰੋਂ ਪ੍ਰਗਟ ਹੋਵੇਗਾ, ਸਮਾਨਤਾ ਵਾਲੇ ਹੱਕ-ਹਕੂਕ ਹਾਸਲ ਕਰਨ ਲਈ ਜਥੇਬੰਦ ਹੋਣ ਦੀ ਸੋਝੀ ਦੇਵੇਗਾ, ਲਾਖੇ ਲੇਖਾਂ ਵਾਲੀਆਂ ਦੇ ਕਿਰਤੀ ਹੱਥ ਬਰਾਬਰ ਜੀਵਨ ਮਾਣਨ ਲਈ ਸਰਕਾਰਾਂ ਨੂੰ ਚੁਨੌਤੀ ਦੇਣ ਲਈ ਵੱਟੇ ਹੋਏ ਮੁੱਕੇ ਵਿੱਚ ਤਬਦੀਲ ਹੋਣਗੇ।
