/* SC_TH_END:4.3.24:fc0ffc30 */ ਗੋਇਬਲਜ਼ ਦੀਆਂ ਔਲਾਦਾਂ ਆਰ.ਐਸ.ਐਸ.-ਭਾਜਪਾ ਦੇ 99 ਝੂਠ – Sangrami Lehar
Now Reading
ਗੋਇਬਲਜ਼ ਦੀਆਂ ਔਲਾਦਾਂ ਆਰ.ਐਸ.ਐਸ.-ਭਾਜਪਾ ਦੇ 99 ਝੂਠ

ਗੋਇਬਲਜ਼ ਦੀਆਂ ਔਲਾਦਾਂ ਆਰ.ਐਸ.ਐਸ.-ਭਾਜਪਾ ਦੇ 99 ਝੂਠ

ਆਨੰਦ ਤੇਲਤੁੰਬੜੇ

ਵੀ.ਡੀ. ਸਾਵਰਕਰ, ਬੀ.ਐਮ. ਮੁੰਜੇ, ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਤੇ ਇਸ ਦੇ ਦੂਜੇ ਮੁਖੀ (ਸਰ ਸੰਘਚਾਲਕ) ਮਾਧਵ ਸਦਾਸ਼ਿਵ  ਗੋਲਵਲਕਰ ਵਰਗੇ ਹਿੰਦੂਤਵੀ ਸਿਧਾਂਤਕਾਰ, ਉਨ੍ਹਾਂ ਦੇ ਹੋਰ ਸਮਕਾਲੀ ਤੇ ਉਤਰਾਧਿਕਾਰੀ, ਮੁੱਢ ਤੋਂ ਹੀ ਇਟਲੀ ਦੇ ਤਾਨਾਸ਼ਾਹ ਫਾਸ਼ੀਵਾਦੀ ਮੁਸੋਲਿਨੀ ਅਤੇ ਨਾਜ਼ੀਵਾਦੀ ਜਰਮਨੀ ਦੇ ਤਾਨਾਸ਼ਾਹ ਹਿਟਲਰ ਦੇ ਤੌਰ-ਤਰੀਕਿਆਂ ਦੇ ਪ੍ਰਸ਼ੰਸਕ ਰਹੇ ਹਨ। ਸਮਾਂ ਅਤੇ ਹਾਲਤ ਚਾਹੇ ਭਿੰਨ ਹਨ, ਫਿਰ ਵੀ ਇਨ੍ਹਾਂ ਅਤੇ ਯੂਰਪ ਦੇ ਫਾਸ਼ੀਵਾਦੀਆਂ ’ਚ ਸਭ ਤੋਂ ਵੱਡੀ ਸਮਾਨਤਾ ਇਹੋ ਹੈ ਕਿ ਇਹ ਪ੍ਰਚਾਰ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਨ ਅਤੇ ਨਿਰੰਤਰ ਸੱਚ ਨੂੰ ਤੋੜਨ-ਮਰੋੜਨ ਤੇ ਨੰਗੇ-ਚਿੱਟੇ ਝੂਠ ਨੂੰ ਸੱਚ ਬਣਾ ਕੇ ਪ੍ਰਚਾਰਦੇ ਹਨ। ਇਹ ਤਕਨੀਕ ਇਨ੍ਹਾਂ ਹਿਟਲਰ ਦੇ ਪ੍ਰਚਾਰ ਮੰਤਰੀ ਜੋਸ਼ਫ ਗੋਇਬਲਜ਼ ਤੋਂ ਸਿੱਖੀ ਹੈ। ਗੋਇਬਲਜ਼ ਨੇ ਕੋਰੇ ਝੂਠ ਨੂੰ ਸੱਚ ’ਚ ਤਬਦੀਲ ਕਰਨ ਦਾ ਮੰਤਰ ਦੱਸਦਿਆਂ ਕਿਹਾ ਸੀ, ‘‘ਬਹੁਤ ਵੱਡਾ ਝੂਠ ਬੋਲੋ, ਇਸਨੂੰ ਲਗਾਤਾਰ ਦੁਹਰਾਓ, ਅੰਤ ਨੂੰ ਇਹ ਸੱਚ ਬਣ ਜਾਵੇਗਾ।’’ ਹਿੰਦੂਤਵੀ ਵਿਚਾਰਕਾਂ ਦੀ ਮੌਜੂਦਾ ਪੀੜ੍ਹੀ ਨੂੰ ਇਸੇ ਕੂੜ ਮੰਤਰ ’ਤੇ ਅਮਲ ਕਰਦਿਆਂ ਅਤੇ ਝੂਠ ਦੀ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਦੇਖ ਕੇ ਅਸੀਂ ਇਨ੍ਹਾਂ ਨੂੰ ਉਚਿਤ ਹੀ ‘ਗੋਇਬਲਰ ਦੇ ਪੋਤਰੇ-ਪੜਪੋਤਰੇ’ ਕਹਿ ਸਕਦੇ ਹਾਂ।

ਬੁਨਿਆਦੀ ਝੂਠ : ਹਿੰਦੂਤਵੀ ਲਹਿਰ ਦੀ ਵਿਚਾਰਧਾਰਕ ਬੁਨਿਆਦ ਵੱਡੇ-ਵੱਡੇ ਝੂਠਾਂ ਦੀਆਂ ਲੜੀਆਂ ’ਤੇ ਟਿਕੀ ਹੋਈ ਹੈ। ਇਨ੍ਹਾਂ ਦਾ ਕੇਂਦਰੀ ਬਿਰਤਾਂਤ ਹੈ, ‘ਹਿੰਦੂ ਅਖੰਡ ਭਾਰਤ ਦੇ ਮੂਲ ਨਿਵਾਸੀ ਹਨ, ਜਿਨ੍ਹਾਂ ਨੇ ਉਹ ਮਹਾਨ ਸੱਭਿਅਤਾ ਬਣਾਈ, ਜੋ ਸਾਰੇ ਗਿਆਨ ਤੇ ਸੂਝ-ਸਿਆਣਪ ਦਾ ਸਰੋਤ ਹੈ।’’ ਇਸ ਬਿਰਤਾਂਤ ਅਨੁਸਾਰ, “ਸਾਡੀ (ਹਿੰਦੂਆਂ ਦੀ) ਇਹ ਆਨ-ਬਾਨ-ਸ਼ਾਨ ਸੱਤਵੀਂ ਸਦੀ ਤੋਂ ਪਿਛੋਂ ਕਾਇਮ ਹੋਏ ਇਸਲਾਮਿਕ ਰਾਜ ਅਧੀਨ ਖਤਮ ਹੋ ਗਈ ਅਤੇ ਹਿੰਦੂਆਂ ਨੂੰ ਅਤੀਤ ਦੀ ਆਪਣੀ ਸ਼ਾਨੋ-ਸ਼ੌਕਤ ਨੂੰ ਮੁੜ ਹਾਸਲ ਕਰਨ ਲਈ ਜੂਝਣਾ ਚਾਹੀਦਾ ਹੈ।’’ ਇਹ ਮਿੱਥ ਅੰਗਰੇਜ਼ਾਂ ਦੇ ਸਮੇਂ ਤੋਂ ਦੁਹਰਾਈ ਜਾ ਰਹੀ ਹੈ ਅਤੇ ਹਿੰਦੂਆਂ ਨੂੰ ਇਕਜੁੱਟ ਕਰਕੇ ਲਾਮਬੰਦ ਕਰਨ ਲਈ ਵਰਤੀ ਜਾਂਦੀ ਹੈ, ਭਾਵੇਂ ਇਹ ਹਿੰਦੂ ਏਕਤਾ ਇਤਿਹਾਸਕ ਤੌਰ ’ਤੇ ਕਿੰਨੀ ਵੀ ਸ਼ੱਕੀ ਕਿਉਂ ਨਾ ਹੋਵੇ। ਖ਼ੁਦ ‘ਹਿੰਦੂ’ ਸ਼ਬਦ ਹੀ ਵਿਦੇਸ਼ੀਆ ਵੱਲੋਂ ਘੜਿਆ ਗਿਆ ਹੈ, ਜੋ ਕਿ ਇੰਡਸ ਨਦੀ (ਸਿੰਧ ਦਰਿਆ) ਦੇ ਇਲਾਕੇ ਲਈ ਵਰਤੇ ਜਾਂਦੇ ਫਾਰਸੀ ਨਾਂ ਤੋਂ ਲਿਆ ਗਿਆ ਹੈ। ਪੁਰਾਤਨ ਫਾਰਸੀ ਅਤੇ ਯੂਨਾਨ ਸਿੰਧ (ਇੰਡਸ) ਦਰਿਆ ਤੋਂ ਪਾਰ ਰਹਿੰਦੇ ਲੋਕਾਂ ਬਾਰੇ ਦੱਸਣ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਸਨ। ਇਸ ਸ਼ਬਦ ਨੂੰ ਮੁਸਲਮਾਨਾਂ ਦੇ ਵਡੇਰੇ ਵਰਤਦੇ ਰਹੇ ਹਨ ਤੇ ਹਿੰਦੂਤਵੀ ਵਿਚਾਰਕ ਉਨ੍ਹਾਂ ਹੀ ਮੁਸਲਮਾਨਾਂ ਨੂੰ ਬਦਨਾਮ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਇਹ ਭੂਗੋਲਿਕ ਨਿਸ਼ਾਨੀ ਸੀ। ਇਹ ਸ਼ਬਦ, ਕਿਸੇ ਖਾਸ ਧਾਰਮਿਕ ਪਛਾਣ ਤੋਂ ਰਹਿਤ ਸੀ ਅਤੇ ਫਾਰਸੀ ਲੋਕ ਸਿੰਧ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਬਾਰੇ ਦੱਸਣ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਸਨ। ਮਤਲਬ ਇਹ ਸ਼ਬਦ ਕਿਸੇ ਖਾਸ ਧਾਰਮਿਕ ਪਛਾਣ ਨੂੰ ਨਹੀਂ ਸੀ ਦਰਸਾਉਂਦਾ, ਬਲਕਿ ਉਸ ਇਲਾਕੇ ਦੇ ਲੋਕਾਂ ਦੇ ਸੱਭਿਆਚਾਰਕ ਅਤੇ ਸਮਾਜਿਕ ਅਮਲਾਂ ਨੂੰ ਦਰਸਾਉਂਦਾ ਸੀ।

‘ਹਿੰਦੂ’ ਸ਼ਬਦ ਭਾਰਤੀ ਗ੍ਰੰਥਾਂ, ਜਿਵੇਂ ‘ਵੇਦ’, ‘ਉਪਨਿਸ਼ਦ’ ਵਗੈਰਾਂ ’ਚ ਵੀ ਕਿਤੇ ਨਹੀਂ ਆਉਂਦਾ। ਇਸ ਦੀ ਬਜਾਏ ਇਹ ਗ੍ਰੰਥ ਸਨਾਤਨ ਧਰਮ (ਫਰਜ਼ੀ ਪੁਰਾਤਨ) ਦੀਆਂ ਰਹੁਰੀਤਾਂ ਦੀ ਵਿਆਖਿਆ ਕਰਦੇ ਹਨ, ਜਾਂ ਕੁੱਝ ਖਾਸ ਰੀਤੀ ਬਾਰੇ, ਦਰਸ਼ਨ ਸ਼ਾਸ਼ਤਰਾਂ (ਫਿਲਾਸਫੀਆਂ) ਬਾਰੇ ਅਤੇ ਵਿਚਾਰਾਂ ਦੀ ਪੜ੍ਹਾਈ ਬਾਰੇ ਦੱਸਦੇ ਹਨ। ਬਰਤਾਨਵੀ ਸਾਮਰਾਜੀਆਂ ਨੇ ਪ੍ਰਬੰਧਕੀ ਕੰਮਾਂ ਲਈ ਇਕ-ਦੂਜੇ ਤੋਂ ਬਿਲਕੁੱਲ ਭਿੰਨ ਫਿਰਕਿਆਂ ਨੂੰ ਇਕੋ ਧਾਰਮਿਕ ਪਛਾਣ ‘ਹਿੰਦੂ’ ਦੇ ਦਿੱਤੀ ਸੀ। ਉਨ੍ਹਾਂ ਦੀ ਇਸ ਇਕਸਾਰਤਾ ਨੇ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਦੇ ਵਿਸ਼ਵਾਸ਼ ਤੇ ਰੀਤੀ-ਰਿਵਾਜ਼ਾਂ ਦੀ ਬਹੁਲਤਾ ਨੂੰ ਨਜ਼ਰ ਅੰਦਾਜ਼ ਕੀਤਾ। ਮਜ਼ੇਦਾਰ ਗੱਲ ਇਹ ਹੈ ਕਿ ‘ਹਿੰਦੂਵਾਦ’ ਸ਼ਬਦ ਦੀ ਕਾਢ 19ਵੀਂ ਸਦੀ ਦੇ ਸ਼ੁਰੂ ਵਿਚ ਬਰਤਾਨਵੀ ਲਿਖਾਰੀਆਂ ਨੇ ਕੱਢੀ ਨਾ ਕਿ ਸਥਾਨਿਕ ਲੋਕਾਂ ਨੇ।

ਇਹ ਦਾਅਵਾ ਕਿ ਹਿੰਦੂਸ (ਸਿੰਧੂ) ਸੱਭਿਅਤਾ ਦੀ ਮਾਂ ਹਨ ਵੀ ਹਿੰਦੂਤਵੀ ਪੈਰੋਕਾਰਾਂ ਦੇ ਅਹਿਸਾਸੇ ਕਮਤਰੀ (ਘਟੀਆਪਨ ਦੇ ਅਹਿਸਾਸ) ’ਚੋਂ ਨਿਕਲੀ ਹੋਈ ਇਕ ਹੋਰ ਮਨਘੜਤ ਕਹਾਣੀ ਹੈ। ਇਹੋ ਦਾਅਵਾ ਸਿੰਧੂ ਘਾਟੀ ਦੀ ਸੱਭਿਅਤਾ ਤੇ ਲਾਗੂ ਹੁੰਦਾ ਹੈ। ਇਹ ਸੱਭਿਅਤਾ ਕਾਂਸੀ ਯੁੱਗ ਵਿਚ ਉਤਰੀ-ਪੱਛਮੀ, ਦੱਖਣੀ ਏਸ਼ੀਆ ਵਿਚ ਈਸਾ ਤੋਂ 3300 ਸਾਲ ਪਹਿਲਾਂ ਤੋਂ ਲੈ ਕੇ 1300 ਸਾਲ ਪਹਿਲਾਂ ਤੱਕ ਰਹੀ ਅਤੇ ਈਸਾ ਤੋਂ 2600 ਸਾਲ ਪਹਿਲਾਂ ਤੋਂ ਲੈ ਕੇ 1900 ਸਾਲ ਪਹਿਲਾਂ ਤੱਕ ਇਹ ਸ਼ਿਖਰ ’ਤੇ ਸੀ। ਇਸ ਸੱਭਿਅਤਾ ਦੀ ਖੋਜ ਬਰਤਾਨਵੀ ਪੁਰਾਤਤਵ ਵਿਗਿਆਨੀ ਸਰ ਜੋਹਨ ਮਾਰਸ਼ਲ ਲੇ 1920 ਵਿਚ ਕੀਤੀ ਸੀ। ਸਿੰਧੂ ਘਾਟੀ ਦੀ ਸੱਭਿਅਤਾ ਦਾ ਸਮਾਂ ਅਖੌਤੀ ਆਰੀਆ ਲੋਕਾਂ ਦੀ ਆਮਦ ਤੋਂ ਪਹਿਲਾਂ ਦਾ ਹੈ। ਆਰੀਆ ਲੋਕ, ਭਾਰਤੀ ਇਤਿਹਾਸ ਦੇ ਹਨੇਰੇ ਯੁੱਗ ਦੌਰਾਨ ਇੱਥੇ ਆਏ ਕੇਂਦਰੀ ਏਸ਼ੀਆ ਦੇ ਚਰਵਾਹੇ ਸਨ। ਹਨੇਰੇ ਯੁੱਗ ਦਾ ਸਮਾਂ 2000 ਤੋਂ 1500 ਸਾਲ ਈਸਾ ਪੂਰਵ ਦਾ ਹੈ। ਸਾਰਿਆਂ ਨੂੰ ਅਪਨਾਉਣਾ ਉਨ੍ਹਾਂ ਦੀ ਵਿਚਾਰਧਾਰਕ ਮਜ਼ਬੂਰੀ ਹੈ, ਉਨ੍ਹਾਂ ਦੀਆਂ ਦਲੀਲਾਂ ਦਾ ਆਧਾਰ ਕੋਈ ਪੱਕੇ-ਠੱਕੇ ਇਤਿਹਾਸਕ ਜਾਂ ਪੁਰਾਤਤਵੀ ਸਬੂਤ ਨਹੀਂ ਹਨ। ਬੜੇ ਗੁੰਝਲਦਾਰ ਅਤੇ ਬਹੁ ਸੱਭਿਆਚਾਰਕ ਭੂਤਕਾਲ ਦਾ ਬੇਲੋੜਾ ਸਰਲੀਕਰਨ ਕਰਕੇ ਇਤਿਹਾਸ ਨੂੰ ਆਪਣੇ ਮੌਜੂਦਾ ਰਾਜਨੀਤਿਕ ਏਜੰਡੇ ਦੇ ਮੇਚਵਾਂ ਬਨਾਉਣ ਦੀ ਹਿੰਦਤਵੀ ਵਿਚਾਰਕਾਂ ਦੀ ਇਹ ਸ਼ਾਤਰ ਚਾਲ ਹੈ।

ਹਿੰਦੂਤਵ ਦਾ ਵਿਚਾਰਧਾਰਕ ਸਿਧਾਂਤ ਮਾਣ ਦੀ ਝੂਠੀ ਭਾਵਨਾ ਪੈਦਾ ਕਰਨ ’ਚੋਂ ਨਿਕਲਦਾ ਹੈ। ਤਾਂ ਹੀ ਇਨ੍ਹਾਂ ਦੇ ਉਲਟ ਭੁਗਤਦੀਆਂ ਸੱਚਾਈਆਂ ਨੂੰ ਮਿਟਾਇਆ ਜਾਂਦਾ ਹੈ। ਸੱਚਾਈ ਇਹ ਹੈ ਕਿ ਭਾਰਤ ਦਾ ਇਤਿਹਾਸ ਅਨੇਕਤਾ ਵਾਲਾ ਤੇ ਸਾਂਝਾ ਇਤਿਹਾਸ ਹੈ। ਇਨ੍ਹਾਂ ਮਨਘੜਤ ਕਹਾਣੀਆਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਤਾਂ ਕਿ ਉਸ ਵੰਡ ਪਾਊ ਏਜੰਡੇ ਨੂੰ ਪਛਾੜਿਆ ਜਾ ਸਕੇ ਜਿਸ ਨੂੰ ਇਹ ਪਰਚਾਰਦੇ ਹਨ।

ਹਿੰਦੂਤਵ ਦੀ ਸਿਰਜਣਾ : ‘ਹਿੰਦੂਤਵ’ ਬਜਾਤੇ ਖੁਦ ਵੀ ਲਾਹੌਰ (ਵਿਦੇਸ਼ੋਂ) ਲਿਆਂਦੀ ਵਿਚਾਰਧਾਰਾ ਹੈ। ਇਹ ਵੀ.ਡੀ.ਸਾਵਰਕਰ ਨੇ 1923 ਵਿਚ ਲਿਖੇ ਆਪਣੇ ‘‘ਹਿੰਦੂਤਵ : ਹਿੰਦੂ ਕੌਣ ਹੈ?’’ ਲੇਖ ਵਿਚ ਘੜੀ ਸੀ। ਉਸਨੇ ਹਿੰਦੂ ਦੀ ਪਰਿਭਾਸ਼ਾ ਧਾਰਮਿਕ ਰੀਤੀ-ਰਿਵਾਜ਼ਾਂ ਦੀ ਬਜਾਏ ਸੱਭਿਆਚਾਰਕ ਅਤੇ ਭਾਰਤ ਨਾਲ ਜੁੜੀਆਂ ਭੂਗੋਲਿਕ ਪਛਾਣਾਂ ਰਾਹੀ ਕੀਤੀ ਸੀ। ਇਹ ਸਨਾਤਨ ਧਰਮ ਦੇ ਅਧਿਆਤਮਕ ਲੋਕਾਚਾਰ ਨਾਲੋਂ ਬਿਲਕੁੱਲ ਵੱਖਰੀ ਸੀ। ਸਾਵਰਕਰ ਅਤੇ ਗੋਲਵਾਲਕਰ ਵਰਗੇ ਹਿੰਦੂਤਵੀ ਵਿਚਾਰਕ ਯੂਰਪੀ ਰਾਸ਼ਟਰਵਾਦੀ ਲਹਿਰਾਂ ਤੋਂ ਪ੍ਰਭਾਵਿਤ ਸਨ, ਖਾਸ ਤੌਰ ’ਤੇ ਇਟਲੀ ਦੇ ਫਾਸ਼ੀਵਾਦ ਅਤੇ ਜਰਮਨੀ ਦੇ ਨਾਜ਼ੀਵਾਦ ਤੋਂ। ਗੋਲਵਾਲਕਰ ਦੀਆਂ ਲਿਖਤਾਂ ’ਚ ਹਿਟਲਰ ਵੱਲੋਂ ਉਥੋਂ ਦੀਆਂ ਘੱਟ ਗਿਣਤੀਆਂ ਨਾਲ ਕੀਤੇ ਗਏ ਕਰੂਰ ਵਿਹਾਰ ਦੇ ਸੋਹਲੇ ਗਾਏ ਗਏ ਹਨ ਅਤੇ ਇਸਨੂੰ ਭਾਰਤ ਵਿਚ ਹਿੰਦੂ ਬਹੁਗਿਣਤੀ ਦਾ ਰਾਸ਼ਟਰ ਬਨਾਉਣ ਲਈ ਇਕ ਮਾਡਲ ਵਜੋਂ ਦੇਖਿਆ ਗਿਆ ਹੈ। ਇਕ ਧਾਰਮਿਕ ਪ੍ਰਭਾਵ ਬਨਾਉਣ ਤੇ ਧਿਆਨ ਕੇਂਦਰਤ ਕਰਨਾ ਅਤੇ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਨੂੰ ਬਦਨਾਮ ਕਰਨਾ, ਮਿਥਿਹਾਸਕ, ਅਖੌਤੀ ਸ਼ੁੱਧਤਾ ਭਰਪੂਰ ਭੂਤਕਾਲ ਦਾ ਗੁਣਗਾਣ ਕਰਨਾ, ਹਿੰਦੂਤਵੀ ਵਿਚਾਰਧਾਰਾ ਦੇ ਪ੍ਰਮਾਣਿਤ ਚਿੰਨ੍ਹ ਹਨ। ਇਹ ਚਿੰਨ੍ਹ ਯੂਰਪੀ ਫਾਸ਼ੀਵਾਦ ਨਾਲ ਹੂਬਹੂ ਮਿਲਦੇ-ਜੁਲਦੇ ਹਨ।

ਹਿੰਦੂਤਵੀਆਂ ਦਾ ਇਹ ਦਾਅਵਾ ਕਿ ਉਹ ਪੁਰਾਤਨ ਭਾਰਤੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਹਨ, ਭਾਰਤੀ ਇਤਿਹਾਸ ਦੇ ਬਹੁਲਤਾਵਾਦੀ ਅਤੇ ਅੱਡੋ-ਅੱਡ ਧਾਰਮਿਕ ਰਹੁ-ਰੀਤਾਂ ਦੇ ਏਕੀਕਰਨ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਇੰਜ ਭਾਰਤ ਦੇ ਅਮੀਰ ਸੱਭਿਆਚਾਰਕ ਗਲੀਚੇ (ਵੰਨ-ਸੁਵੰਨੇ ਰੰਗਾਂ) ਨੂੰ ਇਕਹਿਰੀ ਸਖਤ ਪਛਾਣ ਤਾਈਂ ਘਟਾਉਣਾ, ਇਤਿਹਾਸਕ ਸੱਚਾਈਆਂ ਨੂੰ ਵੀ ਤੋੜਨਾ-ਮਰੋੜਨਾ ਹੈ। ਹਾਸੇ ਦੀ ਗੱਲ ਤਾਂ ਇਹ ਹੈ ਕਿ ਹਿੰਦੂਤਵ ਸਥਾਨਕਤਾ ਦਾ ਏਜੰਡਾ ਅੱਗੇ ਵਧਾਉਂਦਾ ਹੈ, ਪਰ ਇਸ ਦਾ ਵਿਚਾਰਧਾਰਕ ਤਾਣਾ-ਬਾਣਾ ਯੂਰਪੀ ਕੌਮਵਾਦ ਅਤੇ ਸਭਿਆਚਾਰਕ ਧੌਂਸ ਤੋਂ ਪ੍ਰੇਰਨਾ ਲੈਂਦਾ ਹੈ। ਇਟਲੀ ਦੇ ਕੌਮਵਾਦੀ ਜਿਸਪ ਮੈਜ਼ਿਨੀ ਅਤੇ ਫਾਸ਼ੀਵਾਦੀ ਆਗੂ ਬੈਨੀਟੋ ਮੁਸੋਲਿਨੀ ਨੇ ਹਿੰਦੂਤਵ ਦੀਆਂ ਜਥੇਬੰਦਕ ਤੇ ਵਿਚਾਰਧਾਰਕ ਯੁੱਧਨੀਤੀਆਂ ਨੂੰ ਪ੍ਰਭਾਵਿਤ ਕੀਤਾ ਹੈ। ਹਿੰਦੂਤਵੀ ਬਿਰਤਾਂਤ ਇਸ ਸੱਚਾਈ ਨੂੰ ਵੀ ਅੱਖੋਂ ਪਰੋਖੇ ਕਰਦਾ ਹੈ ਕਿ ਸੰਸਕਿ੍ਰਤ, ਜਿਸ ਦੀ ਇਹ ‘ਦੇਵਤਿਆਂ ਦੀ ਭਾਸ਼ਾ’ ਵਜੋਂ ਪ੍ਰਸੰਸਾ ਕਰਦੇ ਹਨ, ਵੀ ਬਾਹਰਲਿਆਂ ਵੱਲੋਂ ਲਿਆਂਦੀ ਗਈ ਜ਼ੁਬਾਨ ਸੀ। ਸੰਸਕਿ੍ਰਤ ਦੇ ਮੁੱਢਲੇ ਬੀਜ ਮੈਗਨੀਸ਼ੀਅਨ ਗਰੀਕ ਅਤੇ ਪੁਰਾਤਨ ਗਰੀਕ ਭਾਸ਼ਾਵਾਂ ਦੇ ਪਰਿਵਾਰ ਵਿਚ ਮਿਲਦੇ ਹਨ ਜੋ ਲਗਪਗ 1500 ਸਾਲ ਈਸਾ ਪੂਰਵ ਸਮੇਂ ਦੇ ਹਨ।

ਅਖੰਡ ਭਾਰਤ : ਅਖੰਡ ਭਾਰਤ ਦਾ ਵਿਚਾਰ ਇਕ ਹੋਰ ਮਨਘੜਤ ਕਹਾਣੀ ਹੈ। ਇਤਿਹਾਸਕ ਤੌਰ ’ਤੇ ਬਰਤਾਨਵੀ ਬਸਤੀਵਾਦੀ ਰਾਜ ਤੋਂ ਪਹਿਲਾਂ ਭਾਰਤ ਦੀ ਸਾਰੇ ਉਪ ਮਹਾਂਦੀਪ ’ਚ ਫੈਲੀ ਹੋਈ ਕੋਈ ਵੀ ਇਕਹਿਰੀ ਪ੍ਰਬੰਧਕੀ ਜਾਂ ਰਾਜਨੀਤਕ ਹੋਂਦ ਨਹੀਂ ਸੀ। ਇਕਜੁੱਟ ਭਾਰਤ ਦਾ ਸੰਕਲਪ ਆਧੁਨਿਕ ਵਿਚਾਰ ਹੈ ਅਤੇ ਹਿੰਦੂਤਵੀ ਵਿਚਾਰਕਾਂ ਦਾ ਇਹ ਦਾਅਵਾ ਕਿ ਇਸਦੀ ਪੁਰਾਤਨ ਹੋਂਦ ਹੈ, ਇਤਿਹਾਸਕ ਪੱਖੋਂ ਗਲਤ ਹੈ। ਹੜੱਪਾ ਸੱਭਿਅਤਾ ਦੀ ਖੋਜ ਤੋਂ ਪਹਿਲਾਂ, ਇਤਿਹਾਸਕ ਵਰਨਣਾਂ ਵਿਚ ਭਾਰਤ ਦਾ ਪੁਰਾਤਨ ਸੱਭਿਆਤਾਵਾਂ ਵਿਚ ਉਚੇਚਾ ਉਲੇਖ ਨਹੀਂ ਸੀ ਹੁੰਦਾ। ਖਿਆਲੀ ਹਿੰਦੂ ਕੇਂਦਰਤ ਸੱਭਿਅਤਾ ਦਾ ਗੁਣਗਾਣ, ਇਸ ਖੇਤਰ ਦੇ ਬਹੁਲਤਾਵਾਦੀ, ਬਹੁਨਸਲੀ ਇਤਿਹਾਸ ਨੂੰ ਮਿਟਾਉਣ ਦਾ ਸੰਦ ਹੈ। ਇਹ ਝੂਠ ਕਿ ਭਾਰਤ ਇਕ ਰਾਸ਼ਟਰ ਵਜੋਂ ਹਜ਼ਾਰਾਂ ਸਾਲਾਂ ਤੋਂ ਹੋਂਦ ’ਚ ਰਿਹਾ ਸੀ, ਇਕ ਦਮ ਰਫ਼ੂ ਚੱਕਰ ਹੋ ਜਾਂਦਾ ਹੈ ਕਿਉਂਕਿ ਭਾਰਤ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਸੀ। ਇੰਡੀਆ (ਭਾਰਤ) ਬਸਤੀਵਾਦ ਸ਼ਾਸ਼ਨ ਦੌਰਾਨ ਹੋਂਦ ’ਚ ਆਇਆ ਅਤੇ 1947 ਵਿਚ ਇਕ ਰਾਸ਼ਟਰ ਵਜੋਂ ਜੰਮਿਆ ਹੈ। ਬਰਤਾਨਵੀ ਭਾਰਤ ਦੀ ਵੰਡ ਹੋ ਕੇ ਪਾਕਿਸਤਾਨ ਵੀ ਇਸਦੇ ਨਾਲ ਹੀ ਬਣਿਆ ਹੈ।

ਖੇਤਰੀ ਹੱਦਾਂ, ਰਾਜ ਪ੍ਰਬੰਧ ਦੀਆਂ ਪ੍ਰਣਾਲੀਆਂ ਅਤੇ ਇੱਕਜੁੱਟ ਰਾਸ਼ਟਰ ਦਾ ਵਿਚਾਰ ਬਸਤੀਵਾਦੀ ਪ੍ਰਬੰਧ ਦੌਰਾਨ ਉਭਰੇ ਸਨ। 1947 ਤੋਂ ਪਹਿਲਾਂ, ਭਾਰਤੀ ਉਪ ਮਹਾਂਦੀਪ, ਕਈ ਸਾਰੀਆਂ ਸਲਤਨਤਾਂ, ਬਾਦਸ਼ਾਹਤਾਂ ਅਤੇ ਖੁਦ ਮੁਖਤਾਰ ਇਲਾਕਿਆਂ ਦਾ ਇਕੱਠ ਸੀ। ਜਦਕਿ ਸੱਭਿਆਚਾਰ ਤੇ ਵਿਉਪਾਰਕ ਤਾਣੇ-ਬਾਣੇ ਕਾਰਨ ਇਕ ਸੱਭਿਆਚਾਰਕ ਏਕਤਾ ਦੀ ਭਾਵਨਾ ਤਾਂ ਵਿਕਸਤ ਹੋਈ ਪਰ ਇਕਲੌਤੀ ਰਾਜਨੀਤਕ ਇਕਾਈ ਵਜੋਂ ‘ਭਾਰਤ’ ਹੋਂਦ ਵਿਚ ਨਹੀਂ ਸੀ ਅਤੇ ਸਾਮਰਾਜ ਵਿਰੋਧੀ, ਜਮਹੂਰੀ ਸੰਘਰਸ਼ ਨੇ ਹੀ ਅੱਡੋ-ਅੱਡ ਫਿਰਕਿਆਂ ਨੂੰ ਭਾਰਤੀ ਕੌਮਵਾਦ ਦੇ ਝੰਡੇ ਹੇਠ ਇਕੱਠੇ ਕੀਤਾ ਸੀ। ਗਾਂਧੀ, ਨਹਿਰੂ, ਅੰਬੇਦਕਰ ਜਿਹੇ ਆਗੂਆਂ ਨੇ ਭਾਰਤ ਨੂੰ ਬਹੁਲਤਾਵਾਦੀ ਦੇਸ਼ ਵਜੋਂ ਦੇਖਿਆ ਅਤੇ ਇਸਦੀ ਵੰਨ-ਸੁਵੰਨਤਾ ਦਾ ਹਮੇਸ਼ਾ ਸਤਿਕਾਰ ਕੀਤਾ।

ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਪੁਰਾਤਨ ਭਾਰਤ ਨੇ ਸੱਭਿਅਤਾ ਦੇ ਵਿਕਾਸ ਵਿਚ ਗਿਆਨ ਅਤੇ ਆਰਥਿਕ ਸ਼ਕਤੀ ਪੱਖੋਂ ਬੇਹੱਦ ਤਰੱਕੀਆਂ ਕੀਤੀਆਂ ਹਨ। ਪਰ ਇਹ ਸਾਰੀਆਂ ਪ੍ਰਾਪਤੀਆਂ ਸਿਰਫ ਤੇ ਸਿਰਫ ਬ੍ਰਾਹਮਣਵਾਦੀ ਨਹੀਂ ਸਨ। ਇਨ੍ਹਾਂ ਵਿਚ, ਉਨ੍ਹਾਂ ਦੀਆਂ ਵਿਰੋਧੀ ਸ਼ਰਮਣਿਕ ਰਵਾਇਤਾਂ ਨੇ ਵੀ ਵੱਡਾ ਯੋਗਦਾਨ ਪਾਇਆ ਸੀ। ਹਿੰਦੂਤਵੀ ਬਿਰਤਾਂਤ ਇਨ੍ਹਾਂ ਰਵਾਇਤਾਂ ਨੂੰ ਵੀ ਆਪਣਿਆਂ ਵਜੋਂ ਸ਼ਾਮਿਲ ਕਰ ਲੈਂਦਾ ਹੈ। ਇਸ ਤਰ੍ਹਾਂ ਚੋਣਵੀਆਂ ਗੱਲਾਂ ਨੂੰ ਅਪਣਾਉਣ ਨਾਲ, ਭਾਰਤ ਦੀ ਇਤਿਹਾਸਕ ਵਿਰਾਸਤ ਦੀਆਂ ਬਦਲਵੀਆਂ ਧਾਰਾਵਾਂ ਦਾ ਯੋਗਦਾਨ ਮਿਟਾਇਆ ਜਾਂਦਾ ਹੈ। ਇਸ ਨਾਲ ਭਾਰਤ ਦੀ ਇਸ ਵਿਰਾਸਤ ਦੀ ਡੂੰਘਾਈ ਅਤੇ ਇਸ ਵਿਚ ਸਭ ਦਾ ਸ਼ਾਮਿਲ ਹੋਣਾ ਵੀ ਮਿਟਾਇਆ ਜਾਂਦਾ ਹੈ। ਜਦੋਂ ਸਾਡੇ ਆਜ਼ਾਦੀ ਘੁਲਾਟੀਏ ਅੰਗਰੇਜ਼ਾਂ ਦੀਆਂ ਗੋਲੀਆਂ  ਤੇ ਲਾਠੀ-ਡੰਡੇ ਖਾ ਰਹੇ ਸਨ, ਉਦੋਂ ਹਿੰਦੂਤਵੀ ਪ੍ਰਚਾਰਕ ਅੰਗਰੇਜ਼ਾਂ ਨਾਲ ਸਮਝੌਤੇ ਕਰ ਰਹੇ ਸਨ ਅਤੇ ਲੋਕਾਂ ’ਚ ਇਹ ਪ੍ਰਚਾਰ ਕਰ ਰਹੇ ਸਨ ਕਿ ਅੰਗਰੇਜ਼ ਲੋਕਾਂ ਦੇ ਦੁਸ਼ਮਣ ਨਹੀਂ। ਅੰਗਰੇਜ਼ਾਂ ਦੀ ਥਾਂ ਉਹ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਜੋ ਵੱਡੀ ਪੱਧਰ ’ਤੇ ਉਨ੍ਹਾਂ ਵਰਗੇ ਹੀ ਸਨ ਅਤੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ  ਭਾਰਤ ਨੂੰ ਹੀ ਆਪਣਾ ਦੇਸ਼ ਮੰਨਿਆ ਹੋਇਆ ਸੀ। ਇਸ ਤਰ੍ਹਾਂ ਹਿੰਦੂਤਵ ਦਾ ਸਾਰਾ ਢਾਂਚਾ ਹੀ ਝੂਠ-ਫਰੇਬ ਦੀ ਖੋਖਲੀ ਬੁਨਿਆਦ ’ਤੇ ਖੜ੍ਹਾ ਹੈ। ਇੰਜ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਰਾਜਸੀ ਤਾਕਤ ਹਾਸਲ ਕਰਨ ਲਈ ਕੂੜ ਪ੍ਰਚਾਰ, ਗਲਤ ਜਾਣਕਾਰੀ ਫੈਲਾਉਣ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਯੁੱਧਨੀਤੀ ਅਪਣਾਈ ਹੈ।

ਇਤਿਹਾਸ ਦੀ ਗਲਤ ਪੇਸ਼ਕਾਰੀ : ਆਰ.ਐਸ.ਐਸ. ਦਾ ਫੰਡਾ ਮੁਸਲਿਮ ਸ਼ਾਸ਼ਕਾਂ, ਖਾਸ ਕਰਕੇ ਮੁਗਲਾਂ ਨੂੰ ਸਰਵ ਵਿਆਪੀ ਲੋਟੂ ਧਾੜਵੀਆਂ ਵਜੋਂ ਪੇਸ਼ ਕਰਕੇ ‘ਅਸੀਂ ਬਨਾਮ ਉਹ’ ਦਾ ਬਿਰਤਾਂਤ ਸਿਰਜਣ ਦਾ ਹੈ। ਅਜਿਹਾ ਕਰਦੇ ਸਮੇਂ ਉਹ, ਹਿੰਦੂ-ਮੁਸਲਮਾਨਾਂ ਦੀ ਸੱਭਿਆਚਾਰਕ ਸਾਂਝ, ਮੁਸਲਿਮ ਸ਼ਾਸ਼ਕਾਂ ਦੀਆਂ ਅਗਾਂਹਵਧੂ ਨੀਤੀਆਂ ਅਤੇ ਹਿੰਦੂ ਸ਼ਾਸ਼ਕਾਂ ਨਾਲ ਹੋਏ ਉਨ੍ਹਾਂ ਦੇ ਗੱਠਜੋੜਾਂ ਨੂੰ ਜਾਣ-ਬੁੱਝ ਕੇ ਅੱਖੋਂ ਪਰੋਖੇ ਕਰਦੇ ਹਨ। ਇਉਂ ਹੀ, ਸਾਵਰਕਾਰ ਨੂੰ ਇਨ੍ਹਾਂ ਨੇ ਕੱਟੜ ਰਾਸ਼ਟਰਵਾਦੀ ਵਜੋਂ ਪੇਸ਼ ਕੀਤਾ ਹੈ, ਜਦੋਂਕਿ ਸਾਮਰਾਜੀਆਂ ਨਾਲ ਉਸਦੀ ਭਾਈਵਾਲੀ ਅਤੇ ਧਾਰਮਿਕ ਲੀਹਾਂ ਤੇ ਲੋਕਾਂ ਦੀ ਏਕਤਾ ਤੋੜਨ ਦੇ ਦਸਤਾਵੇਜ਼ੀ ਸਬੂਤਾਂ ਨੂੰ ਅੱਖੋਂ ਓਹਲੇ ਕੀਤਾ ਹੈ।

ਆਦਿਵਾਸੀਆਂ ਬਾਰੇ ਬਿਰਤਾਂਤ : ਆਰ.ਐਸ.ਐਸ. ਤੇ ਉਸ ਨਾਲ ਜੁੜੀਆਂ ਸੰਸਥਾਵਾਂ ਨੇ ਇਹ ਪ੍ਰਚਾਰ ਵੀ ਕੀਤਾ ਹੈ ਕਿ ਜੰਗਲੀ ਕਬੀਲੇ ਮੂਲ ਰੂਪ ’ਚ ਹਿੰਦੂ ਸਮਾਜ ਦਾ ਹਿੱਸਾ ਹਨ। ਇਹ ਉਨ੍ਹਾਂ ਨੂੰ ਆਦਿਵਾਸੀ (ਮੂਲ ਨਿਵਾਸੀ) ਕਹਿਣ ਦੀ ਬਿਜਾਏ ਵਨਵਾਸੀ (ਜੰਗਲ ਵਿਕਸਤ ਕਰਨ ਵਾਲੇ) ਕਹਿੰਦੇ ਹਨ। ਅਜਿਹੇ ਨਾਂ ਰੱਖਣ ਨਾਲ ਉਹ ਉਨ੍ਹਾਂ ਦੀ ਨਿਵੇਕਲੀ ਪਛਾਣ ਤੇ ਖੁਦਮੁਖਤਿਆਰੀ ਤੋਂ ਮੁਨਕਰ ਹੋ ਕੇ ਉਨ੍ਹਾਂ ਨੂੰ ਹਿੰਦੂ ਸੱਭਿਆਚਾਰਕ ਵਿਰਾਸਤ ਦੇ ਵਧੇ ਹੋਏ ਰੂਪ ’ਚ ਹੀ ਦੇਖਦੇ ਹਨ। ਇਸੇ ਵਿਚੋਂ ਹੀ ਉਨ੍ਹਾਂ ਨੇ ‘ਵਨਵਾਸੀ ਕਲਿਆਣ ਆਸ਼ਰਮ’ ਵਗੈਰਾ ਸ਼ੁਰੂ ਕੀਤੇ ਹਨ ਤਾਂ ਕਿ ਆਦਿਵਾਸੀਆਂ ਨੂੰ ਖਾਸ ਕਰਕੇ ਇਸਾਈ ਧਰਮ ਤੇ ਦੂਜੇ ਅਧਿਆਤਮਕ ਵਿਸ਼ਵਾਸ਼ਾਂ ਨੂੰ ਮੰਨਣ ਵਾਲਿਆਂ ਨੂੰ ਦੁਬਾਰਾ ਹਿੰਦੂ ਧਰਮ ’ਚ ਲਿਆਂਦਾ ਜਾ ਸਕੇ। ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾ ਕੇ ਈਸਾਈ ਮੱਤ ਨਾਲ ਜੁੜੇ ਆਦਿਵਾਸੀ ਕਬੀਲਿਆਂ ਨੂੰ ਨਿਸ਼ਾਨਾ ਬਨਾਉਣਾ ਅਤੇ ਇਸ ਨੂੰ ਹਿੰਦੂ ਸੱਭਿਆਚਾਰ ਲਈ ਖਤਰਾ ਦੱਸਣਾ, ਹਿੰਦੂਤਵੀਆਂ ਦੀ ਇਸੇ ਰਣਨੀਤੀ ਦਾ ਹਿੱਸਾ ਹੈ। ਅਜਿਹਾ ਕਰਦੇ ਹੋਏ ਲੋਕਾਂ ਦੇ ਸਵੈਇੱਛਾ ਨਾਲ ਕਿਸੇ ਵੀ ਧਰਮ ’ਚ ਸ਼ਾਮਿਲ ਹੋਣ ਦੇ ਅਧਿਕਾਰ ਨੂੰ ਉਹ ਅੱਖੋਂ ਓਹਲੇ ਕਰਦੇ ਹਨ ਅਤੇ ਉਨ੍ਹਾਂ ਦਾ ਮੁੱਢ ਹਿੰਦੂ ਮਹਾਂਕਾਡਾਂ (ਰਮਾਇਣ, ਮਹਾਂਭਾਰਤ) ਦੇ ਮਿਥਿਹਾਸਕ ਪਾਤਰਾਂ ਜਿਵੇਂ ਸ਼ਬਰੀ ਜਾਂ ਹਨੂਮਾਨ ਬੰਨ੍ਹਦੇ ਹਨ। ਬਨਵਾਸੀ ਸ਼ਬਦ ਦੀ ਇਕ ਭਾਵਨਾ ਇਹ ਵੀ ਹੈ ਕਿ ਉਨ੍ਹਾਂ ਨੇ ਜੰਗਲ ਮਹਿਜ਼ ਉਗਾਏ ਹਨ ਤੇ ਉਹ ਉਸ ਧਰਤੀ ਦੇ ਅਧਿਕਾਰਤ ਹੱਕਦਾਰ ਨਹੀਂ ਹਨ। ਜਿਸ ਕਰਕੇ ਸੰਵਿਧਾਨ ਦੀ ਪੰਜਵੀਂ ਸ਼ਡਿਊਲ ਅਤੇ ਫੋਰੈਸਟ ਅਧਿਕਾਰ ਕਾਨੂੰਨ ਅਧੀਨ ਆਦਿਵਾਸੀਆਂ ਦੇ ਰਾਜਨੀਤਕ ਤੇ ਕਾਨੂੰਨੀ ਤੇ ਸਵੈ ਨਿਰਨੇ ਦੇ ਅਧਿਕਾਰ ਕਮਜ਼ੋਰ ਹੁੰਦੇ ਹਨ।

ਧਾਰਮਿਕ ਵੰਡ ਤਿੱਖੀ ਕਰਨ ਲਈ ਪ੍ਰਚਾਰ : ਹਿੰਦੂਤਵੀ ਟੋਲੇ ਇਹ ਝੂਠ ਵੀ ਫੈਲਾਉਂਦੇ ਹਨ ਕਿ ਭਾਰਤ ਦੀ ਸੱਤਾ ’ਤੇ ਕਾਬਜ਼ ਹੋਣ ਲਈ ਮੁਸਲਮਾਨ ਇਕ ਤੋਂ ਵੱਧ ਪਤਨੀਆਂ ਰੱਖਦੇ ਹਨ ਤੇ ਵਧੇਰੇ ਬੱਚੇ ਪੈਦਾ ਕਰਦੇ ਹਨ।  ਇਨ੍ਹਾਂ ਨੇ ‘ਲਵ ਜ਼ਿਹਾਦ’ ਵਰਗੇ ਫਰਜ਼ੀ ਲਕਸ਼ ਵੀ ਬਣਾਏ ਹੋਏ ਹਨ ਅਤੇ ਲਗਾਤਾਰ ਇਹ ਪ੍ਰਚਾਰ  ਕਰਦੇ ਹਨ ਕਿ ਮੁਸਲਿਮ ਮੁੰਡੇ, ਹਿੰਦੂ ਕੁੜੀਆਂ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਵਿਆਹ ਤੋਂ ਪਿੱਛੋਂ ਉਨ੍ਹਾਂ ਦਾ ਧਰਮ ਬਦਲਵਾ ਦਿੰਦੇ ਹਨ। ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਇਨ੍ਹਾਂ ਨੇ ਨਿਰੋਲ ਧਾਰਮਿਕ ਮੁੱਦਾ ਬਣਾਇਆ ਅਤੇ ਇਸ ਪਿੱਛੇ ਲੁਕੇ ਆਪਣੇ ਰਾਜਸੀ ਮੰਤਵਾਂ ਨੂੰ ਜਾਣ-ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਹੈ।

ਆਰਥਿਕ ਵਿਕਾਸ ਦੇ ਝੂਠੇ ਦਾਅਵੇ :  ਆਪਣੇ-ਆਪ ਨੂੰ ਸਾਫ-ਸੁਥਰੀ ਤੇ ਅਸੂਲ ਪ੍ਰਸਤ ਪਾਰਟੀ ਵਜੋਂ ਪੇਸ਼ ਕਰਕੇ ਭਾਜਪਾ ਨੇ ਵਿਦੇਸ਼ੀ ਬੈਂਕਾਂ ’ਚ ਜਮ੍ਹਾਂ ਕਾਲਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੇ ਬੈਂਕ ਖਾਤੇ ’ਚ 15-15 ਲੱਖ ਰੁਪਏ ਪਾਉਣ ਦਾ ਵਾਅਦਾ ਕਰ ਮਾਰਿਆ, ਜਿਸਨੂੰ ਪਿੱਛੋਂ ਚੋਣ ਜੁਮਲਾ ਕਹਿ ਕੇ ਖਾਰਜ ਕਰ ਦਿੱਤਾ। ਇਵੇਂ ਹੀ ਲੱਖਾਂ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ, ਜਦਕਿ ਅਨੇਕਾਂ ਰਿਪੋਰਟਾਂ ਤੇ ਅੰਕੜੇ ਦੱਸਦੇ ਹਨ ਕਿ ਬੇਰੁਜ਼ਗਾਰੀ ਜਾਂ ਤਾਂ ਬੇਤਹਾਸ਼ਾ ਵੱਧ ਰਹੀ ਹੈ ਜਾਂ ਫਿਰ ਬਹੁਤ ਹੀ ਨਿਗੂਣਾ ਰੁਜ਼ਗਾਰ ਵਾਧਾ ਹੋਇਆ ਹੈ।

ਝੂਠੀਆਂ ਤੁਲਨਾਵਾਂ ਅਤੇ ਭਟਕਾਅ : ਵਿਰੋਧੀ ਵਿਚਾਰ ਨੂੰ ਰਾਸ਼ਟਰ ਵਿਰੋਧੀ ਕਰਾਰ ਦੇਣਾ, ਅਜਿਹਾ ਮਾਹੌਲ ਸਿਰਜਣਾ ਜਿੱਥੇ ਸਰਕਾਰ ਨੂੰ ਸਵਾਲ ਕਰਨ ਦਾ ਅਰਥ ਦੇਸ਼ ਨਾਲ ਗੱਦਾਰੀ ਸਮਝਿਆ ਜਾਵੇ ਬੀਜੇਪੀ ਦਾ ਮਨ ਭਾਉਂਦਾ ਸ਼ੁਗਲ ਹੈ। ਭਾਜਪਾ ਤੇ ਆਰ.ਐਸ.ਐਸ. ਹਿੰਦੂ ਰਾਸ਼ਟਰ ਬਨਾਉਣ ਅਤੇ ਵਿਰੋਧੀਆਂ ਨੂੰ ਮੁਕੰਮਲ ਤੌਰ ’ਤੇ ਖਤਮ ਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਦਿਨ-ਰਾਤ ਲੱਗੇ ਹੋਏ ਹਨ ਅਤੇ ਜੋ ਹੁਣ ਕੋਈ ਪਰਦਾਦਾਰੀ ਵੀ ਨਹੀਂ ਰੱਖੀ ਜਾ ਰਹੀ। ਸੰਘ-ਭਾਜਪਾ ਦੇਸ਼ ਦੀਆਂ ਸਾਰੀਆਂ ਬਿਮਾਰੀਆਂ ਲਈ ਸਿਰਫ ਕਾਂਗਰਸ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ, ਹਾਲਾਂਕਿ ਇਹ ਭਾਜਪਾ ਦੀਆਂ ਆਪਣੀਆਂ ਨੀਤੀਆਂ ਦੀ ਪੈਦਾਵਾਰ ਹਨ।

ਵਿਰੋਧੀਆਂ ਬਾਰੇ ਝੂਠੇ ਬਿਰਤਾਂਤ : ਕਾਂਗਰਸ ਪਾਰਟੀ ਤੇ ਲਗਾਤਾਰ ਪਰਿਵਾਰਵਾਦ ਦੇ ਦੋਸ਼ ਲਾਏ ਜਾ ਰਹੇ ਹਨ ਜਦਕਿ ਬੀਜੇਪੀ ਵਿਚ ਬਹੁਤ ਸਾਰੇ ਆਗੂ ਪਰਿਵਾਰਕ ਜੀਆਂ ਨੂੰ ਜਿਵੇਂ ‘ਸੈਟ’ ਕਰ ਰਹੇ ਹਨ ਉਹ ਹੁਣ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਰਿਹਾ। ਇਸਨੇ ਵਿਰੋਧੀਆਂ ’ਤੇ ਘੱਟ ਗਿਣਤੀਆਂ ਨੂੰ ਖੁਸ਼ ਕਰਨ (ਤੁਸ਼ਟੀਕਰ) ਦਾ ਇਲਜ਼ਾਮ ਲਾ ਕੇ ਧਰਮ ਨਿਰਪੱਖਤਾ ਦੇ ਮਾਨਵੀ ਅਸੂਲ  ਨੂੰ ਹਿੰਦੂ ਬਹੁਗਿਣਤੀ ਨਾਲ ਕੀਤੀ ਜਾਂਦੀ ਬੇਇਨਸਾਫ਼ੀ ਵਜੋਂ ਪ੍ਰਚਾਰਿਆ ਹੈ।

ਟੈਕਨੋਲੋਜੀ ਰਾਹੀਂ ਪ੍ਰਚਾਰ : ਮੀਡੀਆ ’ਤੇ ਕੰਟਰੋਲ ਰਾਹੀਂ ਝੂਠੀਆਂ ਖਬਰਾਂ ਫੈਲਾਉਣ ਦਾ ਇਨ੍ਹਾਂ ਨੇ ਪੂਰਾ ਜ਼ਾਲ ਵਿਛਾਇਆ ਹੋਇਆ ਹੈ। ਕਾਂਟ-ਛਾਂਟ ਕੀਤੀਆਂ ਵੀਡੀਓਜ਼, ਝੂਠੇ ਦਾਅਵੇ ਅਤੇ ਜਾਣਕਾਰੀਆਂ ਫੈਲਾਉਣ ਲਈ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਆਈ.ਟੀ. ਸੈਲਾਂ ਦੀ ਵਰਤੋਂ ਇਹ ਰਾਜਨੀਤਕ ਵਿਰੋਧੀਆਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਨਾਉਣ ਲਈ ਕਰਦੇ ਹਨ। ਈ.ਵੀ.ਐਮਜ਼ ਛੇੜਛਾੜ ਅਤੇ ਚੋਣ ਹੇਰਾਫੇਰੀਆਂ ਕਰਨ ਦੇ ਇਲਜ਼ਾਮ ਵੀ ਇਨ੍ਹਾਂ ਪਲੇਟਫਾਰਮਾਂ ਰਾਹੀਂ ਖਾਰਜ ਕੀਤੇ ਜਾਂਦੇ ਹਨ।

ਸੱਭਿਆਚਾਰ ਅਤੇ ਸੱਭਿਅਤਾ ਸਬੰਧੀ ਮਿੱਥਾਂ : ਬੀਜੇਪੀ ਅਤੇ ਆਰ.ਐਸ.ਐਸ. ਦੇ ਆਗੂ ਬੇਸਿਰ ਪੈਰ, ਮਨਘੜਤ ਦਾਅਵੇ ਤੇ ਪੁਰਾਤਨ ਕਾਲ ਦੀ ਫਰਜ਼ੀ ਵਿਗਿਆਨਕ ਤਰੱਕੀ ਦੀਆਂ ਡੀਂਗਾਂ ਮਾਰਦੇ ਹੋਏ ਕਹਿੰਦੇ ਹਨ ਕਿ ਪੁਰਾਤਨ ਭਾਰਤੀਆਂ ਨੇ ਹਵਾਬਾਜ਼ੀ, ਪਲਾਸਟਿਕ ਸਰਜਰੀ ਜਾਂ ਸਟੈਮ ਸੈਲ ਟੈਕਨੋਲੋਜੀ ਵਿਕਸਤ ਕੀਤੀ ਹੋਈ ਹੈ। ਇਸ ਦੇ ਨਾਲ ਹੀ ਭਾਰਤ ਦੀਆਂ ਅਸਲ ਇਤਿਹਾਸਕ ਪ੍ਰਾਪਤੀਆਂ ਦਾ ਮਖੌਲ ਉਡਾਇਆ ਜਾਂਦਾ ਹੈ। ਇਹ ਹਿੰਦੀ ਭਾਸ਼ਾ ਅਤੇ ਹਿੰਦੂ ਧਰਮ ਨੂੰ ਭਾਰਤੀ ਸੱਭਿਅਤਾ ਦੇ ਬਰਾਬਰ ਰੱਖਦੇ ਹਨ। ਇਸ ਤਰ੍ਹਾਂ ਇਹ ਭਾਰਤ ਦੀ ਭਾਸ਼ਾਈ ਤੇ ਸੱਭਿਆਚਾਰਕ ਬਹੁਲਤਾ ਨੂੰ ਗੁੱਠੇ ਲਾਉਂਦੇ ਹਨ।

ਝੂਠਾਂ ਦੇ ਆਸਰੇ ਸਰਕਾਰ ਚਲਾਉਣੀ : ਸੰਨ 2014 ਦੀ ਚੋਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਤਾ ’ਤੇ ਆਉਣ ਦਾ ਆਧਾਰ ਵੀ ਝੂਠ ਹੀ ਸੀ। ਉਸਨੇ ਖੁਦ ਨੂੰ ਵਿਕਾਸ ਪੁਰਸ਼ ਵਜੋਂ ਪੇਸ਼ ਕੀਤਾ ਅਤੇ ਝੂਠੇ ਗੁਜਰਾਤ ਮਾਡਲ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਪਰਚਾਰਿਆ।

ਆਪਣੀ ਜ਼ਹਿਰੀਲੀ ਫਿਰਕੂ ਵਿਚਾਰਧਾਰਾ ਨੂੰ ਉਸ ਨੇ ਬੜੀ ਮੁਹਾਰਤ ਨਾਲ ਇਕ ਧਰਮ ਨਿਰਪੱਖ ਨਾਹਰੇ ‘ਸਬਕਾ ਸਾਥ, ਸਬਕਾ ਵਿਕਾਸ’ ਵਿਚ ਲਪੇਟ ਕੇ ਪੇਸ਼ ਕੀਤੀ। ਪਾਰਲੀਮੈਂਟ ’ਚ ਪਹਿਲੀ ਵਾਰ ਦਾਖ਼ਲ ਹੁੰਦੇ ਸਮੇਂ ਦਵਾਰ ’ਤੇ ਨਤਮਸਤਕ ਹੋ ਕੇ  ਉਸ ਨੇ ਇਉਂ ਨਾਟਕ ਕੀਤਾ ਜਿਵੇਂ ਉਹ ਪਾਰਲੀਮਾਨੀ ਜਮਹੂਰੀਅਤ ਦਾ ਸਭ ਤੋਂ  ਵੱਡਾ ਪੁਜਾਰੀ ਹੋਵੇ। ਪਰ ਛੇਤੀ ਹੀ ਉਸਦਾ ਇਹ ਝੂਠ ਉਦੋਂ ਨੰਗਾ ਹੋ ਗਿਆ ਜਦੋਂ ਉਸਨੇ ਪਾਰਲੀਮਾਨੀ ਰਸਮ-ਰਵਾਇਤਾਂ ਅਤੇ ਕਦਰਾਂ-ਕੀਮਤਾਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ।

ਸੰਵਿਧਾਨ ਅਤੇ ਇਸਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਬਾਰੇ ਪ੍ਰਤੀਬੱਧਤਾ ਅਤੇ ਸ਼ਰਧਾ ਦਾ ਉਸਦਾ ਦਿਖਾਵਾ ਵੀ ਝੂਠਾ ਸੀ, ਕਿਉਂਕਿ ਉਸਨੇ ਨਾ ਸਿਰਫ ਸੰਵਿਧਾਨਕ ਸਦਾਚਾਰ ਨੂੰ ਅੱਖੋਂ ਪਰੋਖੇ ਕੀਤਾ ਬਲਕਿ ਉਸਦੇ ਸ਼ਬਦਾਂ ਨੂੰ ਵੀ ਨਾ ਗੌਲਿਆ। ਅੰਬੇਦਕਰ ਵੱਲੋਂ ਦਿੱਤੀ ਸੰਵਿਧਾਨ ਦੀ ਪ੍ਰਸਤਾਵਨਾ, ਇਨਸਾਫ਼, ਆਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਮਾਣ ਸਤਿਕਾਰ ਨੂੰ ਟਿੱਚ ਜਾਣਦਿਆ ਤਾਨਾਸ਼ਾਹੀ ਤਾਕਤ ਹਾਸਲ ਕਰਨ ਲਈ ਹਰ ਹਰਬਾ ਵਰਤਿਆ।

ਪਿਛਲੇ 10 ਸਾਲਾਂ ਵਿਚ ਮੋਦੀ ਸਰਕਾਰ ਵਲੋਂ ਬੋਲੇ ਗਏ ਕੁੱਝ ਮਸ਼ਹੂਰ ਝੂਠ ਅਤੇ ਕੀਤੇ ਗਏ ਗੁੰਮਰਾਹਕੁੰਨ ਵਾਅਦੇ ਤੇ ਦਾਅਵੇ ਹੇਠ ਲਿਖੇ ਅਨੁਸਾਰ ਹਨ।

ਸਭ ਤੋਂ ਤੇਜ਼ ਗਤੀ ਨਾਲ ਵੱਧ ਰਹੀ ਆਰਥਿਕਤਾ : ਮੋਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ ਗਤੀ ਨਾਲ ਵੱਧ ਰਹੀ ਆਰਥਿਕਤਾ ਹੈ। ਸੱਚਾਈ ਇਹ ਹੈ ਕਿ ਸ਼ੁਰੂ ’ਚ ਕੱਝ ਤੇਜ਼ ਵਾਧੇ ਤੋਂ ਪਿੱਛੋਂ ਕੀਤੀ ਨੋਟਬੰਦੀ ਅਤੇ ਕੋਵਿਡ ਮਹਾਂਮਾਰੀ ਕਾਰਨ ਇਹ ਦਰ ਥੱਲੇ ਆ ਗਈ ਹੈ। ਆਰਥਿਕਤਾ ਦੇ ਵਾਧੇ ਦਾ ਮੁਕਾਬਲਾ ਕਰਨ ਵੇਲੇ ਇਤਿਹਾਸਕ ਸੰਦਰਭ ਅਤੇ ਸੰਸਾਰ ਰੁੱਖ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।

ਨੋਟਬੰਦੀ : ਸਰਕਾਰ ਨੇ ਨੋਟਬੰਦੀ ਦੀ ਸਫਲਤਾ ਦੇ ਦਮਗਜ਼ੇ ਮਾਰੇ ਭਾਵ ਕਿ ਇਸਨੇ ਕਾਲਾ ਧਨ ਖਤਮ ਕੀਤਾ, ਅੱਤਵਾਦ ਤੇ ਕਾਬੂ ਪਾਇਆ, ਅਰਥਚਾਰਾ ਡਿਜੀਟਲ ਕੀਤਾ ਆਦਿ। ਪਰ ਰਿਜ਼ਰਵ ਬੈਂਕ ਦੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਬੰਦ ਕੀਤੇ ਨੋਟਾਂ ਦਾ 99%  ਸਿਸਟਮ ਵਿਚ ਵਾਪਸ ਆ ਗਿਆ ਹੈ ਅਤੇ ਨੋਟਬੰਦੀ ਤੇ ਅੱਤਵਾਦ ਦਾ ਆਪਸੀ ਸੰਬੰਧ ਨਜ਼ਰ ਨਹੀਂ ਆਇਆ ਤੇ ਨਾ ਹੀ ਇਸਦੇ ਕੋਈ ਆਰਥਿਕ ਲਾਭ ਦਿਸੇ ਹਨ। ਉਲਟਾ ਭਾਰਤ ਦੀ ਕਰੰਸੀ, ਜੋ ਸਰਕੂਲੇਸ਼ਨ ’ਚ ਹੈ, ਉਹ ਨੋਟਬੰਦੀ ਤੋਂ ਬਾਅਦ ਤੇਜ਼ੀ ਨਾਲ ਵਧੀ ਹੈ। ਨਵੰਬਰ 2016 ਵਿਚ ਇਹ 16 ਲੱਖ 63 ਹਜ਼ਾਰ ਕਰੋੜ ਤੋਂ ਇਕ ਵਾਰ ਘੱਟ ਕੇ 13 ਲੱਖ 35 ਹਜ਼ਾਰ ਕਰੋੜ ’ਤੇ ਆਈ ਤੇ ਫਿਰ ਅਮਰ ਵੇਲ ਵਾਂਗ ਵੱਧਦੀ ਹੋਈ ਮਾਰਚ 2024 ਵਿਚ 35 ਲੱਖ 15 ਹਜ਼ਾਰ ਕਰੋੜ ’ਤੇ ਪੁੱਜ ਗਈ।

ਜੀ.ਐਸ.ਟੀ. : ਇਸ ਸਰਕਾਰ ਨੇ ਜੀ.ਐਸ.ਟੀ. ਨੂੰ ਸੁਖਾਲੀ ਟੈਕਸ ਪ੍ਰਣਾਲੀ ਵਜੋਂ ਪਰਚਾਰਦਿਆਂ ਇਸ ਦੀਆਂ ਸਮੱਸਿਆਵਾਂ ਨੂੰ ਘਟਾ ਕੇ ਦੇਖਿਆ ਤੇ ਇਸਦੇ ਲਾਗੂ ਹੋਣ ਦਾ ਛੋਟੇ ਕਾਰੋਬਾਰਾਂ ਤੇ ਪੈਣ ਵਾਲਾ ਮਾਰੂ ਅਸਰ ਨਜ਼ਰ ਅੰਦਾਜ਼ ਕੀਤਾ। ਇਕ ਪਾਸੜ ਸੋਚ ਨਾਲ ਲਾਗੂ ਕੀਤੀ ਜੀਐਸਟੀ ਨੇ ਵੱਡੀਆਂ ਆਰਥਿਕ ਪਛਾੜਾਂ ਦਿੱਤੀਆਂ ਅਤੇ ਦੇਸ਼ ਦੇ ਫੈਡਰਲ ਢਾਂਚੇ ’ਤੇ ਮਾੜੇ ਅਸਰ ਪਾਏ। ਇਹ ਸਾਰੇ ਖਦਸ਼ੇ ਬੇਸ਼ਰਮੀ ਨਾਲ ਰੱਦ ਕੀਤੇ ਗਏ।

See Also

ਭਲਾਈ ਸਕੀਮਾਂ ਦੀ ਸਫਲਤਾ : ‘ਪੀ.ਐਮ. ਕਿਸਾਨ ਸਕੀਮ’, ‘ਸਵੱਛ ਭਾਰਤ’ ਅਤੇ ‘ਉਜਵਲਾ ਯੋਜਨਾ’ ਨੂੰ ਹੱਦੋਂ ਵੱਧ ਵਧਾ-ਚੜ੍ਹਾ ਕੇ ਪੇਸ਼ ਕੀਤਾ ਅਤੇ ਇਨ੍ਹਾਂ ਦੇ ਲਾਗੂ ਹੋਣ ’ਚ ਰਹਿੰਦੀਆਂ ਘਾਟਾਂ ਤੋਂ ਮੂੰਹ ਮੋੜੀ ਰੱਖਿਆ।

ਰਿਸ਼ਵਤਖੋਰੀ ਖਤਮ ਕਰਨ ਤੇ ਝੂਠੇ ਦਾਅਵੇ : ਬੀਜੇਪੀ ਦਾ ਦਾਅਵਾ ਹੈ ਕਿ ਉਸਨੇ ਕੁਰੱਪਸ਼ਨ ਖਤਮ ਕਰ ਦਿੱਤੀ ਹੈ, ਪਰ ਜੁੰਡੀ ਪੂੰਜੀਵਾਦ (ਕਰੋਨੀ ਕੈਪਟਲਿਜ਼ਮ) ਦੀ ਹਨੇਰਗਰਦੀ ਅਤੇ ਚੋਣ ਫੰਡਾਂ ਦੇ ਚੌਤਰਫ਼ਾ ਘਪਲੇ ਜਿਉਂ ਦੇ ਤਿਉਂ ਜਾਰੀ ਰਹੇ। ਰਾਫੇਲ ਸੌਦੇ ’ਚ ਹੋਏ ਘਪਲੇ ਅਤੇ ਨਿੱਜੀ ਖੇਤਰ ਦੇ ਚੋਣਵੇਂ ਧਨਾਢਾਂ ਦੇ ਹੱਕ ’ਚ ਕੀਤੇ ਗਏ ਪੱਖਪਾਤੀ ਫੈਸਲਿਆਂ ਨੇ ਪਾਰਦਰਸ਼ਤਾ ਦੇ ਸਰਕਾਰੀ ਦਾਅਵਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ।

ਨਿਰਮਾਣ ਖੇਤਰ ਅਤੇ ਰੁਜ਼ਗਾਰ : ਸਰਕਾਰ ਦਾ ਦਾਅਵਾ ਹੈ ਕਿ ਉਸਦੀ ‘ਮੇਕ ਇਨ ਇੰਡੀਆ’ ਪਹਿਲ ਕਦਮੀ ਨਾਲ ਨਿਰਮਾਣ ਖੇਤਰ ਨੂੰ ਹੁਲਾਰਾ ਮਿਲਣ ਕਰਕੇ ਵੱਡੀ ਮਾਤਰਾ ’ਚ ਰੁਜ਼ਗਾਰ ਪੈਦਾ ਹੋਇਆ ਹੈ। ਪਰ ਸੱਚ ਇਹ ਹੈ ਕਿ ਨਿਰਮਾਣ ਖੇਤਰ ਖੜੋਤ ’ਚ ਹੈ, ਵੱਡੇ-ਵੱਡੇ ਐਲਾਨਾਂ ਦੇ ਬਾਵਜੂਦ ਰੁਜ਼ਗਾਰ ਪੈਦਾ ਨਹੀਂ ਹੋਇਆ। ਬੀਜੇਪੀ ਦੇ ਹਰ ਸਾਲ 2 ਕਰੋੜ ਰੁਜ਼ਗਾਰ ਪੈਦਾ ਹੋਣ ਦੇ ਦਾਅਵੇ ਦੇ ਉਲਟ ਭਾਰਤੀ ਆਰਥਿਕਤਾ ਦੇ ਮੋਨੀਟਰਿੰਗ ਸੈਂਟਰ (ਸੀਐਮਈਆਈ) ਤੇ ਐਨ.ਐਸ.ਐਮ.ਓ. ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਬੇਰੁਜ਼ਗਾਰੀ ਦੀ ਦਰ ਵੱਧ ਰਹੀ ਹੈ ਤੇ ਇਹ ਪਿਛਲੇ 15 ਸਾਲਾਂ ਦੇ ਸਭ ਤੋਂ ਉਚੇਰੇ ਪੱਧਰ ’ਤੇ ਹੈ।

ਕਿਸਾਨਾਂ ਦੀ ਆਮਦਨ : ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕੀਤਾ ਸੀ। ਪਰ ਅਸਲ ’ਚ ਕਿਸਾਨਾਂ ਦੀ ਆਮਦਨ ਵੱਡੇ ਪੱਧਰ ’ਤੇ ਖੜੋਤ ’ਚ ਰਹੀ ਅਤੇ ਖੇਤੀ ਘਾਟੇ ਵਾਲੇ ਸੌਦਾ ਬਣੀ ਰਹੀ। ਇਸ ਸਿਸਟਮ ਦੇ ਫੇਲ੍ਹ ਹੋਣ ਵਿਰੁੱਧ ਵੱਡੇ ਰੋਸ ਮੁਜ਼ਾਹਰੇ ਹੋਏ।

ਮਹਾਂਮਾਰੀ ਨਾਲ ਨਜਿੱਠਣ ’ਚ ਅਸਫਲਤਾ : ਭਾਰਤ ਸਰਕਾਰ ਦੇ ਫੜ੍ਹ ਮਾਰੀ ਸੀ ਕਿ ਉਸਨੇ ਬਾਕੀ ਦੇਸ਼ਾਂ ਦੇ ਮੁਕਾਬਲੇ ਮਹਾਂਮਾਰੀ ਨੂੰ ਵਧੀਆ ਢੰਗ ਨਾਲ ਸੰਭਾਲਿਆ ਹੈ। ਸੱਚਾਈ ਇਹ ਹੈ ਕਿ ਮਹਾਂਮਾਰੀ ਦੀ ਦੂਜੀ ਲਹਿਰ ਨੇ ਬਹੁਤ ਸਾਰੀਆਂ ਸਰਕਾਰੀ ਅਸਫਲਤਾਵਾਂ, ਜਿਵੇਂ ਆਕਸੀਜਨ ਦੀ ਘਾਟ ਅਤੇ ਦੂਜੇ ਸਿਹਤ ਸੇਵਾਵਾਂ ਦੇ ਹੋਰ  ਦੁਰਪ੍ਰਬੰਧ ਆਦਿ, ਨੰਗੀਆਂ ਕੀਤੀਆਂ ਹਨ। ਸਰਕਾਰੀ ਤੌਰ ’ਤੇ ਦੱਸੀਆਂ ਗਈਆਂ ਮੌਤਾਂ ਦੀ ਗਿਣਤੀ ਅਸਲ ਮੌਤਾਂ ਦਾ ਦਸਵਾਂ ਹਿੱਸਾ ਹੀ ਹਨ। ਅੰਕੜਿਆਂ ਨਾਲ ਛੇੜਛਾੜ ਨੂੰ ਇਕ ਨੀਤੀ ਵਜੋਂ ਲਿਆ ਗਿਆ।

ਨਾਗਰਿਕਤਾ ਸੋਧ ਕਾਨੂੰਨ : ਸਰਕਾਰ ਕਹਿੰਦੀ ਸੀ ਇਹ ਕਾਨੂੰਨ ਨਾ ਤਾਂ ਵਿਤਕਰੇ ਭਰਪੂਰ ਹੈ ਅਤੇ ਨਾ ਹੀ ਕਿਸੇ ਖਾਸ ਫਿਰਕੇ ਨੂੰ ਨਿਸ਼ਾਨਾ ਬਣਾਉਂਦਾ ਹੈ। ਪਰ, ਕਾਨੂੰਨੀ ਮਾਹਿਰਾਂ ਸਮੇਤ ਇਸ ਦੇ ਸਾਰੇ ਆਲੋਚਕਾਂ ਅਨੁਸਾਰ ਇਹ ਮੁਸਲਮਾਨਾਂ ਵਿਰੁੱਧ ਵਿਤਕਰੇ ਪੂਰਨ ਹੈ, ਖਾਸ ਕਰਕੇ ਜਦੋਂ ਇਸ ਨੂੰ ਕੌਮੀ ਨਾਗਰਿਕਤਾ ਰਜਿਸਟਰ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਹੋਰ ਵੀ ਪੱਖਪਾਤੀ ਹੈ।

ਧਾਰਾ 370 ਦਾ ਖਾਤਮਾ : ਸਰਕਾਰ ਨੇ ਦਾਅਵਾ ਕੀਤਾ ਸੀ ਕਿ ਧਾਰਾ 370 ਤੋੜਨ ਨਾਲ ਜੰਮੂ-ਕਸ਼ਮੀਰ ਵਿਚ ਸ਼ਾਂਤੀ ਕਾਇਮ ਹੋਈ ਹੈ, ਵਿਕਾਸ ਦੇ ਮੌਕੇ ਵਧੇ ਹਨ ਤੇ ਦੇਸ਼ ਨਾਲ ਇਕਜੁੱਟਤਾ ਦੀ ਭਾਵਨਾ ਮਜ਼ਬੂਤ ਹੋਈ ਹੈ। ਪਰ ਸੱਚ ਤਾਂ ਇਹ ਹੈ ਕਿ ਮਨੁੱਖੀ ਅਧਿਕਾਰਾਂ ਦੀ ਸ਼ਰ੍ਹੇਆਮ ਉਲੰਘਣਾ, ਲੰਮੀ ਮਿਆਦ ਦੇ ਵਾਰ-ਵਾਰ ਦੇ ਇੰਟਰਨੈਟ ਬਲੈਕ ਆਊਟ ਅਤੇ ਲੰਬੇ ਸਮੇਂ ਲਈ ਰਾਜਨੀਤਕ ਗਤੀਵਿਧੀਆਂ ਬੰਦ ਕਰਨ ਨਾਲ ਵੱਖਰੀ ਤਸਵੀਰ ਉੱਭਰਦੀ ਹੈ। ਅਖੌਤੀ ਵਿਕਾਸ ਦੇ ਕੋਈ ਲਾਭ ਹੋਣ ਦੇ ਸਬੂਤ ਵੀ ਨਜ਼ਰ ਨਹੀਂ ਆਉਂਦੇ। ਜੰਮੂ-ਕਸ਼ਮੀਰ ਦਾ ਰਾਜ ਦਾ ਦਰਜ਼ਾ ਖਤਮ ਕਰਕੇ ਇਸ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾਉਣਾ ਵੀ ਮੋਦੀ ਵੱਲੋਂ ਸੰਵਿਧਾਨ ਦੀਆਂ ਝੂਠੀਆਂ ਸੌਂਹਾਂ ਖਾਣ ਅਤੇ ਉਸਦੀ ਉਲੰਘਣਾ ਦਾ ਸਬੂਤ ਹੈ।

ਮਿਥਿਹਾਸਕ ਹਿੰਦੂ ਸ਼ਾਨੋ-ਸ਼ੌਕਤ : ਆਰ.ਐਸ.ਐਸ. ਤੇ ਬੀਜੇਪੀ ਦੇ ਆਗੂਆਂ ਨੇ ਝੂਠਾ ਇਤਿਹਾਸ ਫੈਲਾ ਕੇ ਮੁਸਲਿਮ ਦੌਰ ਨੂੰ ਨਿੰਦਿਆ ਅਤੇ ਮਿਥਿਹਾਸਕ ਹਿੰਦੂ ਸ਼ਾਨੋ-ਸ਼ੌਕਤ ਦਾ ਗੁਣਗਾਣ ਕੀਤਾ। ਕਿਸੇ ਹੋਰ ਨੇ ਨਹੀਂ ਬਲਕਿ ਖੁਦ ਮੋਦੀ ਨੇ ਵੀ ਪੁਰਾਤਨ ਭਾਰਤ ਵਿਚ ਹੋਈ ਵਿਗਿਆਨਕ ਤਰੱਕੀ ਦੇ ਗੁਣ ਗਾਏ। ਸ਼੍ਰੀ ਮੋਦੀ ਨੇ ਇੱਥੋਂ ਤੱਕ ਕਿਹਾ ਕਿ ਉਦੋਂ ਲੋਕ ਇਕ ਗ੍ਰਹਿ ਤੋਂ ਦੂਜੇ ਗ੍ਰਹਿ ’ਤੇ ਜਾਂਦੇ ਸਨ ਤੇ ਪਲਾਸਟਿਕ ਸਰਜਰੀ ਵੀ ਹੁੰਦੀ ਸੀ। ਅਜਿਹੇ ਦਾਅਵੇ, ਵਿਗਿਆਨਕ ਲੋਕਾਂ ਵੱਲੋਂ ਹਮੇਸ਼ਾ ਨਕਲੀ ਵਿਗਿਆਨ ਕਹਿਕੇ ਭੰਡਿਆ ਜਾਂਦੇ ਹਨ।

ਰਾਮ ਮੰਦਰ ਦਾ ਮੁੱਦਾ : ਇਹ ਸਾਰਾ ਵਰਤਾਰਾ, ਜਿਸਨੇ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਬਦਲਿਆ ਅਤੇ ਧਰਮ ਨਿਰਪੱਖ ਸਰੋਕਾਰਾਂ ਨੂੰ ਡੂੰਘੀ ਸੱਟ ਲਾਈ, ਬਹੁਤ ਸਾਰੇ ਝੂਠਾਂ ’ਤੇ ਅਧਾਰਤ ਸੀ। ਮਸਲਨ ਕਿਹਾ ਗਿਆ ਕਿ ਰਾਮ ਮੰਦਰ ਲਈ ਲਿਆ ਗਿਆ ਸਾਰਾ ਦਾਨ ਬਿਲਕੁੱਲ ਪਾਰਦਰਸ਼ੀ ਹੈ। ਪ੍ਰੰਤੂ ਇਸ ਵਿਚ ਹੇਰਾਫੇਰੀਆਂ ਅਤੇ ਜ਼ਮੀਨੀ ਲੈਣ-ਦੇਣ ਨਾਲ ਸਬੰਧਤ ਫੰਡਾਂ ਬਾਰੇ ਇਲਜ਼ਾਮ ਲੱਗੇ ਹਨ।

ਝੂਠੀਆਂ ਖ਼ਬਰਾਂ : ਖਬਰਾਂ ਦੇ ਸੱਚ-ਝੂਠ ਦਾ ਖੁਰਾ ਖੋਜ ਲੱਭਣ ਵਾਲੀਆਂ  ‘ਆਲਟ ਨਿਊਜ਼’ ਜੇਹੀਆਂ ਸੰਸਥਾਵਾਂ ਨੇ ਆਰ.ਐਸ.ਐਸ ਤੇ ਬੀਜੇਪੀ ਵੱਲੋਂ ਫੈਲਾਈਆਂ ਕਿੰਨੀਆਂ ਹੀ ਝੂਠੀਆਂ ਖ਼ਬਰਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਝੂਠੀਆਂ ਖ਼ਬਰਾਂ ਵਿਰੋਧੀ ਧਿਰਾਂ ਅਤੇ ਘੱਟ ਗਿਣਤੀਆਂ ਵਿਰੁੱਧ ਸੇਧਤ ਹੁੰਦੀਆਂ ਹਨ।

ਧਾਰਮਿਕ ਆਜ਼ਾਦੀ : ਕਿਹਾ ਜਾਂਦਾ ਹੈ ਕਿ ਬੀਜੇਪੀ ਧਾਰਮਿਕ ਆਜ਼ਾਦੀ ਅਤੇ ਸੈਕੂਲਰਿਜ਼ਮ ਦੇ ਹੱਕ ਵਿਚ ਹੈ, ਪਰ ਨਫ਼ਰਤੀ ਅਪਰਾਧ, ਫਿਰਕੂ ਹਿੰਸਾ ਅਤੇ ਭੜਕਾਊ ਭਾਸ਼ਣ ਬੀਜੇਪੀ ਦੇ ਰਾਜ ਦੌਰਾਨ ਵਧੇ ਹਨ ਤੇ ਇਸ ਪਿੱਛੇ ਇਨ੍ਹਾਂ ਦੇ ਆਗੂਆਂ ਦਾ ਸਮਰਥਨ ਰਹਿੰਦਾ ਹੈ।

ਇਹ ਕੁੱਝ ਉਦਾਹਰਣਾਂ ਹਨ। ਚਾਹੇ ਗੋਬਲਜ਼ ਦੇ ਪੋਤਿਆਂ ਦੇ ਇਸ ਕੰਮ ਨੇ ਉਨ੍ਹਾਂ ਨੂੰ ਸਫਲਤਾਵਾਂ ਦਿੱਤੀਆਂ ਹਨ, ਪਰ ਇਤਿਹਾਸ ਦੱਸਦਾ ਹੈ ਕਿ ਅਜਿਹਾ ਧੋਖਾ ਲੰਮਾਂ ਸਮਾਂ ਨਹੀਂ ਚੱਲਦਾ। ਉਨ੍ਹਾਂ ਨੂੰ ਆਪਣੇ ਧਰਮ ਗਰੰਥ-ਮੁੰਡਕਾ-ਉਪਨਿਸ਼ਦ ਵਿਚ ਦੱਸੀ ਸਿਆਣਪ ਤੋਂ ਸਿੱਖਣਾ ਹੀ ਪਵੇਗਾ, ਜੋ ਕਹਿੰਦਾ ਹੈ ‘ਸਤਿਆ ਮੇਵ ਜਯਤੇ’ ਭਾਵ ਸਿਰਫ ਸੱਚ ਦੀ ਹੀ ਜਿੱਤ ਹੁੰਦੀ ਹੈ। ਅਨੁਵਾਦ : – ਪ੍ਰੋ ਜੈਪਾਲ ਸਿੰਘ

Scroll To Top