
ਮੁਕਲ ਸਰਲ
“ਸੁਭਾ ਕੇ ਦਸ ਬਜੇ ਸੇ ਰਾਤ ਕੇ ਬਾਰ੍ਹਾਂ ਬਜਾਤੇ ਹੋ ਹਮੇਂ ਭੁੱਖ ਭੀ ਲਗਤੀ ਹੈ ਹਮੇਂ ਨੀਂਦ ਭੀ ਆਤੀ ਹੈ”
–ਓਮ ਪ੍ਰਕਾਸ਼ ਨਦੀਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਸਾਨੂੰ ਰੋਜ਼ਾਨਾ 18 ਘੰਟੇ ਕੰਮ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੰਫੋਸਿਸ ਦੇ ਮੁਖੀ ਨਾਰਾਇਣ ਮੂਰਤੀ ਸਾਨੂੰ ਹਫਤੇ ‘ਚ 70 ਘੰਟੇ ਕੰਮ ਕਰਨ ਦੀ ਸਲਾਹ ਦਿੰਦੇ ਹਨ। ਗੌਤਮ ਅਡਾਨੀ ਕਹਿੰਦਾ ਹੈ ਜੇ 8 ਘੰਟੇ ਘਰੇ ਰਹੋਗੇ ਤਾਂ ਤੁਹਾਡੀ ਪਤਨੀ ਭੱਜ ਜਾਵੇਗੀ। ਹੁਣ ਨਿੱਤਰਿਆ ਹੈ ਐੱਲਐਂਡਟੀ (ਲਾਰਸਨ ਐਂਡ ਟੁਬਰੋ) ਦਾ ਚੇਅਰਮੈਨ ਸੁਬਰਾਮਨੀਅਮ ਜੋ ਸਭ ਨੂੰ ਪਿੱਛੇ ਛੱਡ ਕੇ ਫਰਮਾਉਂਦਾ ਹੈ, ‘ਤੁਸੀਂ ਕਿੰਨਾ ਚਿਰ ਘਰੇ ਬੈਠੇ ਬੀਵੀ ਨੂੰ ਨਿਹਾਰ ਸਕਦੇ ਹੋ ? ਉਹ ਸਾਨੂੰ ਹਫਤੇ ‘ਚ 90 ਘੰਟੇ ਕੰਮ ਕਰਨ ਦੀ ਸਲਾਹ ਦਿੰਦਾ ਹੈ।
ਇਨ੍ਹਾਂ ਗੱਲਾਂ ਦੇ ਕੀ ਅਰਥ ਹਨ? ਇਹ ਕੁਝ ਕਾਮਯਾਬ ਲੋਕਾਂ ਦੀ ਕਾਮਯਾਬੀ ਦਾ ਮੰਤਰ ਹੈ, ਜੋ ਕੰਮ ਨੂੰ ਬੜਾ ਮਹੱਤਵ ਦਿੰਦੇ ਹਨ। ਕੁਝ ਥੈਲੀਸ਼ਾਹਾਂ ਦਾ ਸਿਰਫਿਰਾ ਵਿਚਾਰ ਸੋਚ ਹੈ ਜਾਂ ਇਸ ਪਿੱਛੇ ਪੂੰਜੀਵਾਦੀ ਤੰਤਰ ਦੀ ਕੋਈ ਹੋਰ ਮੰਸ਼ਾ, ਕੋਈ ਹੋਰ ਸਾਜ਼ਿਸ਼ ਹੈ। ਜਿਸਨੇ ਜਗੀਰੂ, ਫਿਰਕੂ ਰਾਜਨੀਤੀ ਨਾਲ ਪੱਕਾ ਗੰਢ ਜੋੜਾ ਕਰ ਲਿਆ ਹੈ। ਹੱਥਲੇ ਲੇਖ ‘ਚ ਆਪਾਂ ਇਸ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ।
“90 ਘੰਟੇ ਕੰਮ ਕਰਨ ਦੀ ਸਲਾਹ; ਔਰਤਾਂ ਦੀ ਤੌਹੀਨ” ਐਸ.ਐਨ. ਸੁਬਰਾਮਣੀਅਮ, ਚੇਅਰਮੈਨ ਐਲਐਂਡਟੀ (ਲਾਰਸਨ ਐਂਡ ਟੂਬਰੋ) ਨੇ ਆਪਣੇ ਮੁਲਾਜ਼ਮਾਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਇਹ ‘ਗਿਆਨ’ ਵੰਡਿਆ ਕਿ ਸਾਨੂੰ 90 ਘੰਟੇ ਕੰਮ ਕਰਨਾ ਚਾਹੀਦਾ ਹੈ। ਉਸਨੂੰ ਜਦੋਂ ਪੁੱਛਿਆ ਗਿਆ ਕਿ ਅਰਬਾਂ ਡਾਲਰ ਦੀ ਇਹ ਕੰਪਨੀ ਆਪਣੇ ਮੁਲਾਜ਼ਮਾਂ ਨੂੰ ਸ਼ਨੀਵਾਰ ਨੂੰ ਵੀ ਕਿਉਂ ਬੁਲਾਉਂਦੀ ਹੈ, ਤਾਂ ਉਸਨੇ ਕਿਹਾ, “ਅਫਸੋਸ, ਮੈਂ ਤੁਹਾਥੋਂ ਐਤਵਾਰ ਨੂੰ ਕੰਮ ਨਹੀਂ ਕਰਵਾ ਸਕਦਾ। ਜੇਕਰ ਮੈਂ ਤੁਹਾਥੋਂ ਐਤਵਾਰ ਨੂੰ ਵੀ ਕੰਮ ਕਰਵਾ ਸਕਾਂ ਤਾਂ ਮੈਨੂੰ ਇਸ ਤੋਂ ਵੱਧ ਖੁਸ਼ੀ ਹੋਵੇਗੀ, ਕਿਉਂਕਿ ਮੈਂ ਐਤਵਾਰ ਨੂੰ ਵੀ ਕੰਮ ਕਰਦਾ ਹਾਂ। ਫਿਰ ਇਹ ਮਹਾਂਗਿਆਨੀ ਧਨਾਢ ਆਪਣੇ ਮੁਲਾਜ਼ਮਾਂ ਨੂੰ ਪੁੱਛਦਾ ਹੈ, “ਤੁਸੀਂ ਘਰੇ ਬੈਠੇ ਕੀ ਕਰਦੇ ਹੋ? ਤੁਸੀਂ ਆਪਣੀ ਬੀਵੀ ਨੂੰ ਕਿੰਨਾ ਚਿਰ ਦੇਖ ਸਕਦੇ ਹੋ? ਤੁਹਾਡੀ ਬੀਵੀ ਤੁਹਾਨੂੰ ਕਿੰਨਾ ਚਿਰ ਦੇਖ ਸਕਦੀ ਹੈ? ਚਲੋ ਦਫ਼ਤਰ ਜਾਓ ਤੇ ਕੰਮ ਸ਼ੁਰੂ ਕਰੋ।
ਉਸ ਦੀ ਇਸ ਗੱਲ, ਇਸ ਸਲਾਹ ਦੇ ਤਿੰਨ ਸਿੱਧੇ ਤੇ ਸਾਫ ਅਰਥ ਹਨ ਨਿੱਕਲਦੇ ਹਨ
ਪਹਿਲਾ, ਇਹ ਬਿਆਨ ਸਿੱਧਮ-ਸਿੱਧਾ ਔਰਤ ਵਿਰੋਧੀ ਹੈ। ਉਨ੍ਹਾਂ ਦੀ ਤੌਹੀਨ ਕਰਦਾ ਹੈ, ਮਜ਼ਾਕ ਉਡਾਉਂਦਾ ਹੈ।
ਦੂਜਾ, ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਹਿਬ ਘਰੇਲੂ ਕੰਮ ਨੂੰ ਕਿੰਨਾ ਮਹੱਤਵ ਦਿੰਦਾ ਹੈ ਜਾਂ ਕਿੰਨਾ ਬੇਲੋੜਾ ਅਤੇ ਹੀਣਾ ਸਮਝਦਾ ਹੈ। ਅਤੇ ਨਾਲ ਹੀ ਇਹ ਵੀ ਮੰਨਦਾ ਹੈ ਕਿ ਘਰੇਲੂ ਕੰਮ ਔਰਤਾਂ ਜ਼ਿੰਮੇ ਹੀ ਹੈ।
ਅਤੇ ਤੀਜਾ, ਇਸ ਨੂੰ ਕੰਮ ਕਰਨ ਲਈ ਕਰਮਚਾਰੀ ਨਹੀਂ ਬਲਕਿ ਮਸ਼ੀਨ, ਜੇ ਹੋਰ ਵੀ ਸਾਫ ਕਹੀਏ ਤਾਂ ਗਧਾ ਚਾਹੀਦਾ ਹੈ। ਇਸ ਦੀ ਸਪੱਸ਼ਟ ਮੰਸ਼ਾ ਗੁਲਾਮਦਾਰੀ ਦੇ ਉਸ ਯੁੱਗ ‘ਚ ਪਰਤ ਜਾਣ ਦੀ ਹੈ, ਜਦੋਂ ਕਿਰਤ ਦਾ ਕੋਈ ਮੁੱਲ ਨਹੀਂ ਸੀ ਹੁੰਦਾ। ਰਸੂਖਵਾਨ, ਗਰੀਬ-ਨਤਾਣੇ ਲੋਕਾਂ ਨੂੰ ਆਪਣਾ ਗੁਲਾਮ ਜਾਂ ਦਾਸ ਬਣਾ ਕੇ ਰੱਖਦੇ ਸਨ ਤੇ ਉਨ੍ਹਾਂ ਤੋਂ ਦਿਨ-ਰਾਤ ਵਗਾਰ ਕਰਵਾਉਂਦੇ ਸਨ।
ਸੁਬਰਾਮਨੀਅਨ ਸਾਹਿਬ ਨੂੰ ਇਹ ਨਹੀਂ ਪਤਾ ਕਿ ਇਹ ਅਣਮਨੁੱਖੀ ਹਾਲਾਤ ਬਦਲਣ ਲਈ ਕਿੰਨੇ ਸਾਲ ਲੱਗੇ ਤੇ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ
“ਬਹੁਤ ਕੁਰਬਾਨੀਆਂ ਨਾਲ ਤੈਅ ਹੋਏ ਕੰਮ ਦੇ ਘੰਟੇ”
ਤੁਹਾਨੂੰ ਪਤਾ ਹੀ ਹੈ ਅੱਠ ਘੰਟੇ ਦਾ ਕੰਮ ਦਿਨ ਲਾਗੂ ਕਰਵਾਉਣ ਲਈ ਕਿੰਨੀਆਂ ਕੁਰਬਾਨੀਆਂ ਕਿੰਨੇ ਬਲੀਦਾਨ ਦਿੱਤੇ ਗਏ। ਪਹਿਲਾਂ ਕਿਵੇਂ ਅਤੇ ਕਿੰਨੇ ਘੰਟੇ ਜ਼ਬਰਨ ਕੰਮ ਲਿਆ ਜਾਂਦਾ ਸੀ? ਕਿੰਨਾ ਸ਼ੋਸ਼ਣ ਕੀਤਾ ਜਾਂਦਾ ਸੀ। ਇਹ ਜਾਣਨ ਲਈ ਤੁਹਾਨੂੰ ‘ਮਜ਼ਦੂਰ ਦਿਵਸ’ ਯਾਨੀ ‘ਮਈ ਦਿਵਸ’ ਦਾ ਇਤਿਹਾਸ ਜਾਣਨਾ ਹੋਵੇਗਾ। ਕਿਵੇਂ ਅਤੇ ਕਿਉਂ ਪਹਿਲੀ ਮਈ ਨੂੰ ‘ਕੌਮਾਂਤਰੀ ਕਿਰਤ ਦਿਹਾੜਾ’ ਮਨਾਇਆ ਜਾਣ ਲੱਗਿਆ?
ਕੰਮ ਦੇ ਘੰਟੇ ਤੈਅ ਕਰਨ ਦੀ ਮੰਗ ਪਹਿਲੀ ਵਾਰ 19ਵੀਂ ਸਦੀ ‘ਚ ਉੱਠੀ ਸੀ। ਇਹ ਪੱਛਮ ‘ਚ ਸਨਅਤੀਕਰਨ ਦਾ ਯੁੱਗ ਸੀ ਅਤੇ ਮਜ਼ਦੂਰਾਂ ਤੋਂ ਸੂਰਜ ਚੜ੍ਹਨ ਤੋਂ ਛਿਪਣ ਤੱਕ ਕੰਮ ਲਿਆ ਜਾਂਦਾ ਸੀ। ਅਕਤੂਬਰ 1884 ‘ਚ ਅਮਰੀਕਾ ਤੇ ਕੈਨੇਡਾ ਦੀਆਂ ਟਰੇਡ ਯੂਨੀਅਨਾਂ ਦੇ ਸੰਗਠਨ, ‘ਫੈਡਰੇਸ਼ਨ ਆਫ ਆਰਗੇਨਾਈਜਡ ਟਰੇਡਜ਼ ਐਂਡ ਲੇਬਰ ਯੂਨੀਅਨਜ’ ਨੇ ਫੈਸਲਾ ਕੀਤਾ ਕਿ ਮਜ਼ਦੂਰ,ਪਹਿਲੀ ਮਈ, 1886 ਤੋਂ ਪਿਛੋਂ ਦਿਨ ‘ਚ ਅੱਠ ਘੰਟੇ ਤੋਂ ਵੱਧ ਕੰਮ ਨਹੀਂ ਕਰਨਗੇ। ਉਸ ਦਿਨ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ਦੇ ਲੱਖਾਂ ਮਜ਼ਦੂਰ ਹੜਤਾਲ ‘ਤੇ ਚਲੇ ਗਏ।
ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਸ਼ਿਕਾਗੋ ਸੀ ਜਿੱਥੇ ਦੋ ਦਿਨ ਸਾਂਤਮਈ ਹੜਤਾਲ ਚੱਲੀ ਪਰ 3 ਮਈ ਦੀ ਸ਼ਾਮ ਨੂੰ ਪੁਲਿਸ ਦੇ ਬਰਬਰ ਜ਼ੁਲਮ ਢਾਹਿਆ ਅਤੇ ਕਈ ਮਜ਼ਦੂਰ ਮਾਰੇ ਗਏ। ਅਗਲੇ ਦਿਨ 4 ਮਈ ਨੂੰ ਮਜ਼ਦੂਰ ਸ਼ਿਕਾਗੋ ਦੇ ਹੇਅ ਮਾਰਕੀਟ ਸਕੁਏਅਰ ਵਿਖੇ ਇਸ ਘਟਨਾ ਵਿਰੁੱਧ ਇਕੱਠੇ ਹੋਏ। ਇੱਥੇ ਸਭਾ ਸਮਾਪਤ ਹੋਣ ਵੇਲੇ ਮਜ਼ਦੂਰਾਂ ‘ਤੇ ਸੁੱਟੇ ਗਏ ਬੰਬ ਨਾਲ ਚਾਰ ਮਜ਼ਦੂਰ ਤੇ ਸੱਤ ਪੁਲਸੀਏ ਮਾਰੇ ਗਏ। ਇਸ ਪਿੱਛੋਂ ਚਾਰ ਕਿਰਤੀ ਆਗੂਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਹੇਅ ਮਾਰਕਿਟ ਦੀ ਇਸ ਘਟਨਾ ਨੇ ਸਾਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਇਸ ਪਿੱਛੋਂ 1889 ਤੋਂ 1890 ਤੱਕ ਮਜ਼ਦੂਰਾਂ ਨੇ ਵੱਖੋ-ਵੱਖ ਦੇਸ਼ਾਂ ਵਿੱਚ ਪ੍ਰਦਰਸ਼ਨ ਕੀਤੇ। 1 ਮਈ 1890 ਨੂੰ ਬਰਤਾਨੀਆ ਦੇ ਹਾਈਡ ਪਾਰਕ ਵਿਚ 8 ਘੰਟੇ ਦੇ ਕੰਮ ਦਿਨ ਦੀ ਮੰਗ ਨੂੰ ਲੈ ਕੇ ਤਿੰਨ ਲੱਖ ਮਜਦੂਰ ਸੜਕਾਂ ‘ਤੇ ਉੱਤਰੇ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਬਾਕੀ ਰਹਿੰਦੇ ਕਿਰਤੀ ਅਧਿਕਾਰਾਂ ਵੱਲ ਧਿਆਨ ਖਿੱਚਣ ਦਾ ਵੀ ਮੌਕਾ ਬਣਦਾ ਗਿਆ।
ਇਹ ਇੱਕ ਜ਼ਾਇਜ ਮੰਗ ਸੀ, ਕਿਉਂਕਿ ਮਨੁੱਖ ਨਾ ਪਸ਼ੂ ਹੈ ਨਾ ਮਸ਼ੀਨ। ਅਤੇ ਪਸ਼ੂਆਂ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਉਸਦੇ ਵੀ ਇਹ ਅਧਿਕਾਰ ਹਨ। ਅਤੇ ਮਸ਼ੀਨਾਂ ਤਾਂ ਹੋਰ ਵੀ ਨਖਰੇਬਾਜ਼ ਤੇ ਮਹਿੰਗੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਵੀ ਵਿਚ-ਵਿਚ ਆਰਾਮ ਦਿੱਤਾ ਜਾਂਦਾ ਹੈ। ਸੁੱਖ-ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਕਾਰ ਬੰਦ ਹੋ ਜਾਂਦੀ ਹੈ। ਏਸੀ ਮੱਚ ਜਾਂਦਾ ਹੈ। ਤਾਂ ਫਿਰ ਤੁਹਾਡਾ ਜਿਸਮ ਤੇ ਦਿਮਾਗ ਕਿਵੇਂ ਤੰਦਰੁਸਤ ਰਹਿ ਸਕਦਾ ਹੈ?
ਅੱਜ, ਵਿਸ਼ਵ ਸਿਹਤ ਸੰਗਠਨ ਤੋਂ ਲੈ ਕੇ ਡਾਕਟਰਾਂ ਤੱਕ ਹਰ ਕੋਈ ਕਹਿੰਦਾ ਹੈ ਕਿ ਹਫ਼ਤੇ ਵਿੱਚ 35-40 ਘੰਟੇ ਤੋਂ ਵੱਧ ਕੰਮ ਕਰਨਾ ਨਾ ਕੇਵਲ ਸਰੀਰਕ-ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲਕਿ ਮੁਲਾਜ਼ਮਾਂ ਦੀ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਉਤਪਾਦਕਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਤੇ ਉਸ ਦੌਰ ਦੀਆਂ ਸਥਿਤੀਆਂ ਬਾਰੇ ਸੋਚੋ। ਕਿੰਨੇ ਮਾੜੇ ਹਾਲਾਤ ਸਨ। ਭਾਰਤ ਵਿੱਚ ਅੱਠ ਘੰਟੇ ਕੰਮ ਦਿਨ ਦੀ ਪਹਿਲੀ ਲੜਾਈ 1862 ਵਿੱਚ ਹਾਵੜਾ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਲੜੀ ਸੀ। ਭਾਰਤ ‘ਚ ਪਹਿਲਾ ਮਈ ਦਿਵਸ 1923 ਵਿੱਚ ਉਦੋਂ ਦੇ ਮਦਰਾਸ ਵਿਖੇ ਮਨਾਇਆ ਗਿਆ ਸੀ। ਖੈਰ ਇਹ ਇੱਕ ਲੰਮਾ ਇਤਿਹਾਸ ਹੈ। ਇਸ ਵਿੱਚ ਮਰਦਾਂ-ਔਰਤਾਂ ਸਭ ਨੇ ਕੁਰਬਾਨੀਆਂ ਕੀਤੀਆਂ। ਕਹਿਣ ਦਾ ਭਾਵ ਇਹ ਹੈ ਕਿ 8 ਘੰਟੇ ਦੀ ਕੰਮ ਦਿਹਾੜੀ ਲਾਗੂ ਕਰਵਾਉਣ ਦਾ ਹੱਕ ਕਿੰਨੀ ਔਖ ਨਾਲ ਕਿੰਨੀਆਂ ਕੁਰਬਾਨੀਆਂ ਸਦਕਾ ਹਾਸਲ ਕੀਤਾ ਗਿਆ, ਅੱਜ ਉਸ ਨੂੰ ਕਿਵੇਂ ਹਵਾ ‘ਚ ਉਡਾਇਆ ਜਾ ਰਿਹਾ ਹੈ, ਗਵਾਇਆ ਜਾ ਰਿਹਾ ਹੈ। ਸਾਰੀਆਂ ਵੱਡੀਆਂ ਕੰਪਨੀਆਂ ਨੇ ਪਹਿਲਾਂ ਹੀ ਬਿਨਾ ਐਲਾਨ ਕੀਤਿਆਂ 10-12 ਘੰਟੇ ਦੀ ਕੰਮ ਦਿਹਾੜੀ ਦਾ ਚਲਨ ਬਣਾ ਦਿੱਤਾ ਹੈ। ਇਸ ਵਿੱਚ ਮੀਡੀਆ ਦੀ ਸਭ ਤੋਂ ਮੋਹਰੀ ਭੂਮਿਕਾ ਹੈ।
ਕੀ ਕਹਿੰਦਾ ਹੈ ਕਾਨੂੰਨ ?
ਭਾਰਤ ਵਿੱਚ ਕਾਨੂੰਨ ਅਨੁਸਾਰ ਲੋਕਾਂ ਦੇ ਵੱਧ ਤੋਂ ਵੱਧ ਕੰਮ ਦੇ ਘੰਟੇ ਨਿਸ਼ਚਿਤ ਹਨ। ਫੈਕਟਰੀ ਐਕਟ-1948 ਅਨੁਸਾਰ ਭਾਰਤੀ ਫੈਕਟਰੀਆਂ ਅਤੇ ਪੈਦਾਵਾਰੀ ਇਕਾਈਆਂ ‘ਚ ਦਿਨ ‘ਚ ਵੱਧ ਤੋਂ ਵੱਧ 8 ਤੋਂ 9 ਘੰਟੇ ਹੀ ਕੰਮ ਲਿਆ ਜਾ ਸਕਦਾ ਹੈ। ਹਾਲਾਂਕਿ, ਇੱਕ ਹਫਤੇ ਵਿੱਚ ਕੁੱਲ ਕੰਮ ਘੰਟੇ 48 ਤੋਂ ਵੱਧ ਨਹੀਂ ਹੋਣੇ ਚਾਹੀਦੇ। ਭਾਵ ਛੇ ਦਿਨਾਂ ‘ਚ ਵੱਧ ਤੋਂ ਵੱਧ 48 ਘੰਟੇ ਕੰਮ ਕਰਨ ਦੀ ਹੀ ਵਿਵਸਥਾ ਹੈ।
ਇਉਂ ਹੀ, ਜੇਕਰ ਕਿਸੇ ਫੈਕਟਰੀ ਜਾਂ ਪੈਦਾਵਾਰੀ ਇਕਾਈ ‘ਚ ਵਧੇਰੇ ਕੰਮ ਦੇ ਬਦਲੇ ਓਵਰਟਾਈਮ ਦੇ ਪੈਸੇ ਦਿੱਤੇ ਜਾਂਦੇ ਹਨ, ਤਾਂ ਵੀ ਹਫਤੇ ‘ਚ 60 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾਣਾ ਚਾਹੀਦਾ। ਇਹੋ ਨਹੀਂ, ਕਾਨੂੰਨ ਇਹ ਵੀ ਕਹਿੰਦਾ ਹੈ ਕਿ ਹਰ ਰੋਜ਼ ਵੱਧ ਤੋਂ ਵੱਧ ਪੰਜ ਘੰਟੇ ਕੰਮ ਕਰਨ ਪਿੱਛੋਂ ਘੱਟੋ-ਘੱਟ ਇੱਕ ਘੰਟੇ ਦਾ ਬ੍ਰੇਕ (ਵਿਰਾਮ) ਦੇਣਾ ਜ਼ਰੂਰੀ ਹੈ। ਪਰ ਹੁਣ ਦੇਸ਼ ਵਿੱਚ 44 ਕਿਰਤ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਗਏ ਹਨ। ਇਸ ਤਹਿਤ ਕੰਮ ਦਿਹਾੜੀ 8 ਤੋਂ ਵਧਾ 12 ਘੰਟੇ ਕਰਨ ਦੀ ਵਿਵਸਥਾ ਹੈ। ਹਾਲਾਂਕਿ, ਸ਼ੁਕਰ ਹੈ ਕਿ ਅਜੇ ਇਸ ਵਿਚ ਵੀ ਇੱਕ ਹਫਤੇ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਕਰਨ ਦੀ ਵਿਵਸਥਾ ਹੈ।
ਕੁੱਝ ਦੇਸ਼ਾਂ ‘ਚ ਹਫਤੇ ‘ਚ ਵੱਧ ਤੋਂ ਵੱਧ 40 ਘੰਟੇ ਕੰਮ ਲੈਣ ਦਾ ਕਾਨੂੰਨ ਹੈ। ਕਈ ਬਹੁਕੌਮੀ ਤੇ ਕੁਝ ਕੌਮੀ ਕੰਪਨੀਆਂ ਨੇ ਵੀ ਭਾਰਤ ‘ਚ 5 ਦਿਨ ਕੰਮ ਅਤੇ ਦੋ ਦਿਨ ਦੀ ਛੁੱਟੀ ਦਾ ਰਿਵਾਜ਼ ਲਾਗੂ ਕੀਤਾ ਹੈ। ਪਰ ਇਸ ਨਾਲ ਵੀ ਕਈ ਅਦਾਰਿਆਂ ਦਾ ਰਵੱਈਆ ਬਦਲਿਆ ਨਹੀਂ। ਜੇ ਕੋਈ ਕਰਮਚਾਰੀ 8 ਘੰਟੇ ਕੰਮ ਕਰਨ ਪਿੱਛੋਂ ਘਰ ਜਾਣ ਲਈ ਆਪਣੀ ਸੀਟ ਤੋਂ ਉੱਠ ਖਲੋਂਦਾ ਹੈ, ਕੰਮ ਕਰਨੋਂ ਮਨ੍ਹਾ ਕਰਦਾ ਹੈ ਤਾਂ ਉਸ ਨੂੰ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਢਿੱਲਾ ਸਮਝਿਆ ਜਾਂਦਾ ਹੈ ਅਤੇ ਕਿਸੇ ਨਾ ਕਿਸੇ ਬਹਾਨੇ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ।
ਕੀ ਤੁਸੀਂ ਜਾਣਦੇ ਹੋ ਸਾਡੇ ਭਾਰਤੀ ਨੌਜਵਾਨਾਂ ਨੂੰ ਅਮਰੀਕਾ, ਬਰਤਾਨੀਆ ਵਰਗੇ ਦੇਸ਼ਾਂ ‘ਚ ਇੰਨਾ ਪਸੰਦ ਕਿਉਂ ਕੀਤਾ ਜਾਂਦਾ ਹੈ। ਕਿਉਂ ਇੰਨੇ ਨੌਜਵਾਨ ਮੁੰਡੇ-ਕੁੜੀਆਂ ਇਨ੍ਹਾਂ ਦੀਆਂ ਕੰਪਨੀਆਂ ‘ਚ ਅਮਰੀਕਾ ਵਰਗੇ ਮੁਲਕਾਂ ਵਿੱਚ ਹਨ ਜਾਂ ਇੱਥੇ ਰਹਿ ਕੇ ਉਨ੍ਹਾਂ ਲਈ ਕੰਮ ਕਰ ਰਹੇ ਹਨ ? ਦਰਅਸਲ ਇਨ੍ਹਾਂ ਦੇਸ਼ਾਂ ਦੇ ਨੌਜਵਾਨ ਆਪਣੀ ਕੰਪਨੀ ਨੂੰ ਆਪਣੀ ਡਿਊਟੀ ਦੇ ਸਮੇਂ ਤੋਂ ਇਕ ਮਿੰਟ ਵੀ ਵੱਧ ਸਮਾਂ ਨਹੀਂ ਦਿੰਦੇ। ਅਤੇ ਵੀਕਐਂਡ ਤਾਂ ਬਿਲਕੁਲ ਵੀ ਨਹੀਂ ਛੱਡਦੇ। ਪਰ ਸਾਡੇ ਭਾਰਤੀ ਨੌਜਵਾਨਾਂ ਤੋਂ ਉਹ ਆਸਾਨੀ ਨਾਲ ਕਿੰਨੇ ਵੀ ਘੰਟੇ ਕੰਮ ਲੈ ਸਕਦੇ ਹਨ ਅਤੇ ਉਹ ਕੋਈ ਸ਼ਿਕਾਇਤ ਵੀ ਨਹੀਂ ਕਰਦੇ।
ਅਤੇ ਇਸ ਵਿੱਚ ਸਭ ਤੋਂ ਭੈੜੀ ਭੂਮਿਕਾ ਨਿਭਾਉਂਦੇ ਹਨ ਵਿਦੇਸ਼ ਵਿੱਚ ਜਾਂ ਭਾਰਤ ਵਿੱਚ ਤਾਇਨਾਤ ਸਾਡੇ ਭਾਰਤੀ ਪ੍ਰਬੰਧਕ। ਉਹ ਸਾਡੇ ਨੌਜਵਾਨਾਂ ਨੂੰ ਮਾਲਕਾਂ ਦੇ ਮੁਨਾਫੇ ਲਈ ਕੰਮ ‘ਚ ਝੋਕ ਦੇਣਾ ਚਾਹੁੰਦੇ ਹਨ। ਕੋਵਿਡ ਕਾਲ ‘ਚ ਜਦੋਂ ਹਰ ਜਗ੍ਹਾ ‘ਘਰ ਤੋਂ ਕੰਮ’ ਦਾ ਚਲਣ ਲਾਗੂ ਹੋ ਗਿਆ ਤਾਂ ਪਹਿਲਾਂ ਤਾਂ ਇਨ੍ਹਾਂ ਭਾਰਤੀ ਪ੍ਰਬੰਧਕਾਂ ਨੂੰ ਇਸ ਸੰਕਲਪ ਦੀ ਸਮਝ ਹੀ ਨਹੀਂ ਆਈ। ਕਿਉਂਕਿ ਇਨ੍ਹਾਂ ਦੀਆਂ ਨਜ਼ਰਾਂ ‘ਚ, ਐੱਲ.ਐਂਡ.ਟੀ. ਦੇ ਚੇਅਰਮੈਨ ਵਾਂਗ ਘਰ ‘ਚ ਕੀਤਾ ਗਿਆ ਕੰਮ ਕੋਈ ਕੰਮ ਥੋੜ੍ਹਾ ਹੈ! ਇਹ ਤਾਂ ਸਿਰਫ ਆਰਾਮ ਕਰਨਾ ਹੈ ਜਾਂ ਫਿਰ ਪਤਨੀਆਂ ਵੱਲ ਦੇਖੀ ਜਾਣਾ ਹੈ। ਇਸੇ ਲਈ, ਇਨ੍ਹਾਂ ਨੇ ਸਵੇਰੇ 9 ਵਜੇ ਤੋਂ ਰਾਤ ਦੇ 8-8, 10- 10 ਵਜੇ ਤੱਕ ਕੰਮ ਲਿਆ । ਹੁਕਮ ਸੁਣਾਇਆ ਗਿਆ ਕਿ ਕੋਈ ਵੀ ਆਫਲਾਈਨ ਨਹੀਂ ਹੋਵੇਗਾ, ਲੌਗਆਊਟ ਨਹੀਂ ਕਰੇਗਾ।
ਕੰਪਿਊਟਰ, ਲੈਪਟਾਪ ਦਾ ਕੈਮਰਾ ਹਰ ਸਮੇਂ ਚਾਲੂ ਹੋਣਾ ਚਾਹੀਦਾ ਹੈ, ਤਾਂ ਜੋ ਉਹ ਦੇਖ ਸਕਣ ਕਿ ਤੁਸੀਂ ਅਜੇ ਵੀ ਕੁਰਸੀ ‘ਤੇ ਹੀ ਹੋ ਕਿਤੇ ਇਧਰ-ਉਧਰ ਤਾਂ ਨਹੀਂ ਗਏ। ਹੁਣ ਹਰ ਰੋਜ ਤਕਨੀਕ ਤੇ ਮਸੀਨਾਂ ਵਧਦੀਆਂ ਜਾ ਰਹੀਆਂ ਹਨ, ਪਰ ਕੰਮ ਦੇ ਘੰਟੇ ਨਹੀਂ ਘਟ ਰਹੇ ਸਗੋਂ ਇਨ੍ਹਾਂ ਨੂੰ ਵਧਾਉਣ ਦੀ ਪੈਰਵੀ ਕੀਤੀ ਜਾ ਰਹੀ ਹੈ।
ਸੋਸਣ ਦੇ ਨਵੇਂ-ਨਵੇਂ ਢੰਗ-ਤਰੀਕੇ ਲੱਭੇ ਜਾ ਰਹੇ ਹਨ। ਅੱਜ ਵੀ ਸਾਰੇ ਅਦਾਰੇ ਆਪਣੇ ਫੀਲਡ ਕਰਮਚਾਰੀਆਂ ਤੋਂ ਲਾਈਵ ਲੋਕੇਸਨ ਮੰਗਦੀਆਂ ਹਨ। ਤਾਂ ਜੋ ਉਹਨਾਂ ਨੂੰ ਪਲ-ਪਲ ਦੀ ਖਬਰ ਰਹੇ ਕਿ ਤੁਸੀਂ ਕਿੱਥੇ ਹੋ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੰਪਨੀਆਂ ਆਪਣੇ ਮੁਲਾਜ਼ਮਾਂ ‘ਤੇ ਉੱਕਾ ਹੀ ਭਰੋਸਾ ਨਹੀਂ ਕਰਦੀਆਂ।
ਕੁੱਝ ਸਰਮਾਏਦਾਰਾਂ, ਕਾਰਪੋਰੇਟਾਂ ਦੇ ਮੁਨਾਫੇ ਲਈ। ਉਨ੍ਹਾਂ ਦੀ ਵਾਫ਼ਰ ਕਮਾਈ ਲਈ। ਅਤੇ ਇਸਦੇ ਲਈ ਸੱਤਾ ਨਾਲ ਗਠਜੋੜ ਜ਼ਰੂਰੀ ਹੈ। ਇਸ ਲਈ ਅਜਿਹੇ ਲੋਕਾਂ ਨੇ ਵਿਕਸਿਤ ਭਾਰਤ ਦੇ ਨਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਦਿਨ ਦੇ 18-18 ਘੰਟੇ ਅਣਥੱਕ ਕੰਮ ਕਰਨ ਦੀਆਂ ਕਹਾਣੀਆਂ ਘੜਨੀਆਂ ਸੁਰੂ ਕਰ ਦਿੱਤੀਆਂ। ਇਸ ਦਾ ਮੋਦੀ ਜੀ ਨੂੰ ਵੀ ਫਾਇਦਾ ਹੋਇਆ। ਉਸਦੀ ਇੱਕ ਮਹਾਮਾਨਵ ਵਜੋਂ ਛਵੀ ਬਣਨ ਲੱਗੀ, ਜੋ ਬਿਨਾਂ ਥੱਕੇ, ਬਿਨਾਂ ਰੁਕੇ ਦੇਸ਼ ਸੇਵਾ ‘ਚ ਲੱਗਾ ਹੋਇਆ ਹੈ। ਇਹੋ ਵਜ੍ਹਾ ਹੈ ਕਿ ਗਾਹੇ-ਬਗਾਹੇ ‘ਤੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਮੋਦੀ ਜੀ ਕਦੇ ਛੁੱਟੀ ਨਹੀਂ ਲੈਂਦੇ। ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਛੁੱਟੀ ਨਹੀਂ ਲਈ।
ਮੈਂ ਤੁਹਾਨੂੰ ਪੁੱਛਦਾ ਹਾਂ ਕਿ ਜਦੋਂ ਤੁਸੀਂ ਆਪਣੇ ਖੁਦ ਦੇ ਬੌਸ ਜਾਂ ਮਾਲਕ ਹੋ। ਤੁਸੀਂ ਕਿਸੇ ਨੂੰ ਆਪਣੇ ਸਮੇਂ ਦਾ ਹਿਸਾਬ ਦੇਣਾ ਹੀ ਨਹੀਂ, ਕਿਸੇ ਤੋਂ ਛੁੱਟੀ ਮੰਗਣੀ ਹੀ ਨਹੀਂ। ਤੁਸੀਂ ਦਫ਼ਤਰ ਆਉਣ-ਜਾਣ ਸਮੇਂ ਦਸਤਖਤ ਜਾਂ ਪੰਚ ਵੀ ਨਹੀਂ ਕਰਨਾ। ਜੇ ਤੁਸੀਂ ਦਫ਼ਤਰ ਗੇੜਾ ਮਾਰਨ ਵੀ ਗਏ ਤਾਂ ਤਨਖਾਹ ਬਣ ਜਾਂਦੀ ਹੈ ਉਹ ਵੀ ਮਾੜੀ-ਮੋਟੀ ਨਹੀਂ ਕਰੋੜਾਂ ‘ਚ। ਇਸ ਮਹਾਗਿਆਨਵਾਨ ਸੁਬਰਾਮਣੀਅਮ ਹੈ ਇਸ ਦੀ ਸਾਲਾਨਾ ਤਨਖਾਹ ਵੀ 51 ਕਰੋੜ ਰੁਪਏ ਹੈ, ਜੋ ਕੰਪਨੀ ਦੇ ਕਰਮਚਾਰੀਆਂ ਦੀ ਔਸਤ ਤਨਖਾਹ ਨਾਲੋਂ 534.57 ਗੁਣਾ ਵੱਧ ਹੈ।
ਜੇਕਰ ਸੂਰਜ ਨੂੰ ਰੂਪਕ ਬਣਾ ਕੇ ਮੈਂ ਪੂੰਜੀਵਾਦ ਅਤੇ ਇਸਦੇ ਪ੍ਰਬੰਧਕਾਂ ਦੀ ਹਕੀਕਤ ਬਿਆਨ ਕਰਾਂ ਤਾਂ ਇਹੀ ਕਹਾਂਗਾ ਕਿ ਇਹ ਕਿੰਨੇ ਤਾਰੇ ਕਤਲ ਕਰਦਾ ਹੈ !
51 ਕਰੋੜ ਰੁਪਏ ਸਾਲਾਨਾ ਦੇ ਹਿਸਾਬ ਨਾਲ ਸ੍ਰੀ ਸੁਬਰਾਮਨੀਅਨ ਨੂੰ ਪ੍ਰਤੀ ਮਹੀਨਾ 4.25 ਕਰੋੜ ਰੁਪਏ ਮਿਲਦੇ ਹਨ। ਯਾਨਿ ਲਗਭਗ 14 ਲੱਖ ਰੁਪਏ ਪ੍ਰਤੀ ਦਿਨ। ਜੇ 14 ਘੰਟੇ ਦੇ ਕੰਮ ਦਾ ਹਿਸਾਬ ਵੀ ਲਾਇਆ ਜਾਵੇ ਤਾਂ 1 ਲੱਖ ਰੁਪਏ ਪ੍ਰਤੀ ਘੰਟਾ ਬਣਦਾ ਹੈ। ਸੋਚੋ, ਜੇਕਰ ਸੁਬਰਾਮਣੀਅਮ ਦਿਨ ਵੇਲੇ ਦਫਤਰ ਆ ਕੇ ਦਸ-ਵੀਹ ਮਿੰਟ ਬੈਠ ਕੇ ਇਕ ਕੌਫੀ ਵੀ ਪੀਂਦਾ ਹੈ ਤਾਂ ਉਸਦੀ ਓਨੀ ਤਨਖਾਹ ਬਣ ਜਾਂਦੀ ਹੈ, ਜਿੰਨੀ ਇੱਕ ਆਮ ਮੁਲਾਜ਼ਮ ਜਾਂ ਮਜ਼ਦੂਰ ਨੂੰ ਪੂਰੇ ਮਹੀਨੇ ‘ਚ ਨਹੀਂ ਮਿਲਦੀ ਅਤੇ ਭਾਵੇਂ ਦਫ਼ਤਰ ਨਾ ਵੀ ਆਓ, ਘਰੇ ਬੈਠੇ ਮੁਲਾਜ਼ਮਾਂ ਨੂੰ ਝਿੜਕ ਹੀ ਦਿੰਦੇ ਹੋ, ਤਾਂ ਵੀ ਡਿਊਟੀ ਹੋ ਜਾਂਦੀ ਹੈ ਤੇ ਤਨਖਾਹ ਵੀ ਬਣ ਜਾਂਦੀ ਹੈ। ਅਤੇ ਜੇਕਰ ਕੰਪਨੀ ਤੁਹਾਡੀ ਆਪਣੀ ਹੈ, ਤੁਸੀਂ ਖੁਦ ਹੀ ਮਾਲਕ ਹੋ, ਤਾਂ ਤਨਖਾਹ ਦੇ ਨਾਲ-ਨਾਲ ਸਾਰਾ ਮੁਨਾਫਾ ਵੀ ਤੁਹਾਡਾ ਕੁੱਲ ਮਿਲਾ ਕੇ ਜਦੋਂ ਤੁਹਾਡੇ ਸੌਣ-ਜਾਗਣ ਸਭ ਤੁਹਾਡੇ ਕੰਮ ਵਿੱਚ ਗਿਣੇ ਜਾਣਗੇ, ਤਾਂ ਇਹੀ ਕਿਹਾ ਜਾਵੇਗਾ ਕਿ ਤੁਸੀਂ ਦਿਨ-ਰਾਤ ਕੰਮ ਕਰਦੇ ਹੋ ਅਤੇ ਤੁਸੀਂ ਕੋਈ ਛੁੱਟੀ ਨਹੀਂ ਲਈ।
ਤੁਸੀਂ ਦੱਸੋ, ਜਦੋਂ ਦੇਸ਼ ਦੇ ਪ੍ਰਧਾਨ ਸੇਵਕ ਮੋਦੀ ਜੀ ਆਪਣੀ ਮਾਂ ਨੂੰ ਮਿਲਣ ਗੁਜਰਾਤ ਜਾਂਦੇ ਸਨ, ਤਾਂ ਕੀ ਉਹ ਪ੍ਰਧਾਨ ਮੰਤਰੀ ਦਫ਼ਤਰ ‘ਚ ਛੁੱਟੀ ਦੀ ਅਰਜ਼ੀ ਦੇ ਕੇ ਜਾਂਦੇ ਸਨ? ਇਹ ਵੀ ਛੱਡੋ, ਜਦੋਂ ਉਹ ਮਹੀਨਾ-ਮਹੀਨਾ ਚੋਣ ਪ੍ਰਚਾਰ ਕਰਦੇ ਹਨ, ਦਿਨ ਵਿੱਚ ਤਿੰਨ-ਤਿੰਨ ਚੋਣ ਰੈਲੀਆਂ ਕਰਦੇ ਹਨ ਤਾਂ ਕੀ ਇਹ ਕੰਮ ਕਿਸ ‘ਚ ਗਿਣਿਆ ਜਾਂਦਾ ਹੈ ? ਉਹਨਾਂ ਦੀ ਡਿਊਟੀ ਜਾਂ ਛੁੱਟੀ?
ਕੀ ਇਹੀ ਇਨ੍ਹਾਂ ਦੀ 18-18 ਘੰਟੇ ਦੀ ਬਿਨਾਂ ਥੱਕੇ, ਬਿਨਾਂ ਛੁੱਟੀ ਲਏ ਕੰਮ ਹੈ? ਕੀ ਇਹ ਸ੍ਰੀ ਮੋਦੀ ਦਾ ਨਿੱਜੀ ਕੰਮ ਨਹੀਂ? ਕਿਉਂਕਿ ਉਹ ਇਹ ਚੋਣ ਪ੍ਰਚਾਰ ਪ੍ਰਧਾਨ ਮੰਤਰੀ ਵਜੋਂ ਨਹੀਂ, ਸਗੋਂ ਆਪਣੀ ਪਾਰਟੀ ਦੇ ਆਗੂ ਵਜੋਂ ਕਰਦੇ ਹਨ। ਤਾਂ ਕੀ ਉਨ੍ਹਾਂ ਦੀ ਪਾਰਟੀ ਲਈ ਕੀਤਾ ਗਿਆ ਇਹ ਚੋਣ ਪ੍ਰਚਾਰ ਛੁੱਟੀ ‘ਚ ਨਹੀਂ ਗਿਣਿਆ ਜਾਣਾ ਚਾਹੀਦਾ? ਪਰ ਹਾਕਮ ਨੂੰ ਸਵਾਲ ਕੌਣ ਕਰੇ? ਦਰਅਸਲ ਐਸੀਆਂ ਕਹਾਣੀਆਂ ਤੇ ਮਿਸਾਲਾਂ ਇਸ ਲਈ ਘੜੀਆਂ ਜਾਂਦੀਆਂ ਹਨ ਤਾਂ ਜੋ ਪੂੰਜੀਵਾਦੀ ਤੰਤਰ ਆਪਣੇ ਮੁਲਾਜ਼ਮਾਂ- ਮਜ਼ਦੂਰਾਂ ਦਾ ਬੇਰੋਕ-ਟੋਕ ਸ਼ੋਸ਼ਣ ਕਰ ਸਕੇ। ਇਸੇ ਲਈ ਫਸਲਾਂ ਦਾ ਉਚਿਤ ਸਮਰਥਨ ਮੁੱਲ ਨਹੀਂ ਦਿੱਤਾ ਜਾਂਦਾ ਤਾਂ ਕਿ ਕਿਸਾਨ ਆਪਣੀਆਂ ਫਸਲਾਂ ਸਿੱਟ ਕੇ ਵੇਚਣ ਲਈ ਮਜ਼ਬੂਰ ਹੋ ਜਾਣ ਅਤੇ ਕੰਗਾਲ ਬਣੇ ਰਹਿਣ। ਉਹਨਾਂ ਦੇ ਬੱਚੇ ਖੇਤੀ ਛੱਡ ਕੇ ਇਹਨਾਂ ਸਰਮਾਏਦਾਰਾਂ ਦੀਆਂ ਫੈਕਟਰੀਆਂ ‘ਚ ਮਜ਼ਦੂਰ ਬਣ ਜਾਣ। ਉਨ੍ਹਾਂ ਦਾ ਬਾਲਣ ਬਣ ਜਾਣ। ਇਸ ਕਾਰਨ, 44 ਕਿਰਤ ਕਾਨੂੰਨਾਂ ਦੀ ਥਾਂ 4 ਕਿਰਤ ਕੋਡ ਲਿਆਂਦੇ ਜਾਂਦੇ ਹਨ ਤਾਂ ਜੋ ਮਜ਼ਦੂਰ ਆਪਣੇ ਹੱਕ ਨਾ ਮੰਗ ਸਕਣ। ਕੰਪਨੀਆਂ ਚ ਮਜ਼ਦੂਰ ਯੂਨੀਅਨਾਂ ਹੁਣ ਬੀਤੇ ਜ਼ਮਾਨੇ ਦੀ ਗੱਲ ਬਣ ਕੇ ਰਹਿ ਗਈਆਂ ਹਨ। ਪ੍ਰਾਈਵੇਟ ਕੰਪਨੀਆਂ ‘ਚ ਤਾਂ ਯੂਨੀਅਨਾਂ ਬਣਾਉਣ ਦੀ ਇਜ਼ਾਜਤ ਹੀ ਨਹੀਂ ਦਿੱਤੀ ਜਾਂਦੀ।
ਇਸ ਕਾਰਨ ਬੇਰੁਜ਼ਗਾਰੀ ਵੀ ਦੂਰ ਨਹੀਂ ਕੀਤੀ ਜਾਂਦੀ ਤਾਂ ਜੋ ਬੇਰੁਜ਼ਗਾਰਾਂ ਦੀ ਫੌਜ਼ ਬਰਕਰਾਰ ਰਹੇ ਅਤੇ ਨੌਕਰੀਆਂ ਦੇਣ ਵੇਲੇ ਮਾਲਕ ਉਨ੍ਹਾਂ ਦਾ ਸ਼ੋਸ਼ਣ ਕਰ ਸਕਣ। ਬੇਰੁਜ਼ਗਾਰੀ ਦਾ ਕਾਇਮ ਰਹਿਣਾ ਸਰਮਾਏਦਾਰਾਂ ਲਈ ਮੁਨਾਫੇ ਦਾ ਸੌਦਾ ਹੈ। ਇੱਥੇ ਮੰਡੀ ਦੀ ਮੰਗ ਅਤੇ ਪੂਰਤੀ ਦਾ ਨਿਯਮ ਲਾਗੂ ਹੁੰਦਾ ਹੈ। ਤਾਂ ਹੀ ਕੰਮ ਮੰਗਣ ‘ਤੇ ਵਿਦਿਆਰਥੀਆਂ ’ਤੇ ਡਾਂਗ ਵਰ੍ਹਾਈ ਜਾਂਦੀ ਹੈ ਅਤੇ ਦੂਜੇ ਪਾਸੇ ਵਧੇਰੇ ਕੰਮ ਕਰਨ ਦਾ ਉਪਦੇਸ਼ ਦਿੱਤਾ ਜਾਂਦਾ ਹੈ।
ਸੋ ਇਉਂ ਹੀ ਕਹਾਣੀਆਂ ਘੜ ਕੇ ਆਪਣੀਆਂ ਮਿਸਾਲਾਂ ਦੇ ਕੇ ਪ੍ਰਧਾਨ ਮੰਤਰੀ ਜਾਂ ਕੰਪਨੀਆਂ ਦੇ ਮਾਲਕ ਅਤੇ ਚੈਅਰਮੈਨ ਕੀ ਸਾਬਤ ਕਰਦੇ ਹਨ? ਕੁੱਝ ਨਹੀਂ ਬੱਸ ਤੁਹਾਡੇ ਹੋਰ ਵਧੇਰੇ ਸ਼ੋਸ਼ਣ ਲਈ ਜ਼ਮੀਨ ਤਿਆਰ ਕਰਦੇ ਹਨ। ਵਿਕਾਸ ਤੇ ਵਿਕਸਤ ਭਾਰਤ ਦਾ ਨਾਂ ਲੈਂਦੇ ਹਨ ਤੇ ਆਪਣੀਆਂ ਜੇਬਾਂ ਭਰਦੇ ਹਨ।
ਇਸ ਲਈ ਅਜਿਹਾ ਵਿਚਾਰ ਸਿੱਧਮ-ਸਿੱਧਾ ਮਜ਼ਦੂਰ ਵਿਰੋਧੀ, ਮਨੁੱਖ ਵਿਰੋਧੀ ਹੈ। ਅਤੇ ਸੁਬਰਾਮਨੀਅਮ ਜੋ ਔਰਤ ਵਿਰੋਧੀ ਵੀ ਹੈ, ਕਿਉਂਕਿ ਇੱਥੇ ਪੂੰਜੀਵਾਦੀਆਂ ਅਤੇ ਜਗੀਰਦਾਰਾਂ ਦਾ ਗਠਜੋੜ ਹੈ ਅਤੇ ਇਹ ਜਗੀਰਦਾਰੀ, ਬ੍ਰਾਹਮਣਵਾਦ ਅਤੇ ਪਿੱਤਰਸੱਤਾਵਾਦ ਦੀ ਹੀ ਪੈਦਾਵਾਰ ਹੈ। ਅਤੇ ਔਰਤਾਂ ਪ੍ਰਤੀ ਇਹ ਰਵੱਈਆ ਜਾਂ ਨਜ਼ਰੀਆ ਕੁੱਝ ਨੇਤਾਵਾਂ ਜਾਂ ਕੰਪਨੀ ਮਾਲਕਾਂ ਅਤੇ ਚੇਅਰਪਰਸਨਾਂ ਦਾ ਨਹੀਂ ਹੈ, ਬਲਕਿ ਸਰਕਾਰ ਦਾ ਵੀ ਹੈ ਜੋ ਔਰਤਾਂ ਦੀ ਘਰੋਗੀ ਕਿਰਤ ਨੂੰ ਵੀ ਕਿਰਤ ਦੀ ਸ਼੍ਰੇਣੀ ਵਿੱਚ ਹੀ ਨਹੀਂ ਰੱਖਦੀ।
ਜੀ ਹਾਂ, ਘਰੇਲੂ ਕੰਮ ਦੇਸ਼ ਦੇ ਜੀਡੀਪੀ ਵਿੱਚ ਨਹੀਂ ਗਿਣਿਆ ਜਾਂਦਾ। ਇਸ ਬਿਨਾਂ ਤਨਖਾਹ ਵਾਲੀ ਘਰੇਲੂ ਮਜ਼ਦੂਰੀ ਦਾ ਨਾ ਕੋਈ ਮਹੱਤਵ ਹੈ, ਨਾ ਹੀ ਕੋਈ ਸੁਵਿਧਾ-ਸੁਰੱਖਿਆ। ਅਤੇ ਇੱਥੇ ਮੈਂ ਆਪਣੀ ਮਿਹਨਤ ਅਤੇ ਆਪਣੀ ਕਿਰਤ ਦੇ ਮੁੱਲ ਪ੍ਰਤੀ ਸੁਚੇਤ ਮਰਦਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਅੰਦਰ ਵੀ ਝਾਤੀ ਮਾਰਨ ਕਿ ਕਿਤੇ ਉਹ ਵੀ ਸੁਬਰਾਮਨੀਅਮ ਵਰਗੀ ਮਾਨਸਿਕਤਾ ਦੇ ਸ਼ਿਕਾਰ ਤਾਂ ਨਹੀਂ ਕਿਉਂਕਿ ਅੱਜ ਵੀ ਪਤੀ ਅਕਸਰ ਆਪਣੀਆਂ ਪਤਨੀਆਂ ਨੂੰ ਤਾਅਨੇ ਮਾਰਦੇ ਹਨ ਕਿ ਤੁਸੀਂ ਸਾਰਾ ਦਿਨ ਘਰੇ ਬੈਠੀਆਂ ਕੀ ਕਰਦੀਆਂ ਹੋ? ਇਸ ਸੰਦਰਭ ‘ਚ ਰੋਜ਼ਾ ਲਕਜ਼ਮਬਰਗ ਦੀ ਕਵਿਤਾ ਯਾਦ ਕਰਨੀ ਜ਼ਰੂਰੀ ਹੈ, ਜਿਸ ‘ਚ ਉਹ ਕਹਿੰਦੀ ਹੈ
ਜਿਸ ਦਿਨ
ਔਰਤਾਂ ਦੀ ਮਿਹਨਤ ਦਾ ਹਿਸਾਬ ਲਿਆ ਜਾਵੇਗਾ
ਉਸ ਦਿਨ
ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਫੜੀ ਜਾਵੇਗੀ।
ਅਤੇ ਹੁਣ ਤਾਂ ਔਰਤਾਂ ਦੀ ਮਜ਼ਦੂਰੀ ਦੀ ਚੋਰੀ ਹੋਰ ਵੱਧ ਗਈ ਹੈ ਕਿਉਂਕਿ ਔਰਤਾਂ ਘਰਾਂ ਬਾਹਰ ਨਿੱਕਲ ਕੇ ਵੀ ਕੰਮ ਕਰ ਰਹੀਆਂ ਹਨ। ਖੇਤ ਮਜ਼ਦੂਰਾਂ ‘ਚ ਤਾਂ ਪਹਿਲਾਂ ਤੋਂ ਹੀ ਸੀ, ਹੁਣ ਹਰ ਖੇਤਰ ‘ਚ ਅੱਗੇ ਵਧ ਕੇ ਕੰਮ ਕਰ ਰਹੀਆਂ ਹਨ। ਪਰ ਫਿਰ ਵੀ ਉਨ੍ਹਾਂ ਦੇ ਕੰਮ ਨੂੰ ਓਨਾ ਮਹੱਤਵ ਨਹੀਂ ਦਿੱਤਾ ਜਾਂਦਾ। ਨਾ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਤਨਖਾਹ ਮਿਲਦੀ ਹੈ, ਨਾ ਮਜ਼ਦੂਰੀ, ਨਾ ਅਹੁਦਾ, ਨਾ ਸਨਮਾਨ। ਜਦਕਿ ਔਰਤਾਂ ਦੋਹਰਾ ਕੰਮ ਕਰਦੀਆਂ ਹਨ-
ਤਾਂ ਹੀ ਸੁਜਾਤਾ ਗੁਪਤਾ ਕਹਿੰਦੀ ਹੈ ਕਿ- ਕੰਮ ਤੋਂ ਪਰਤ ਕੇ ਵੀ ਔਰਤਾਂ
ਕੰਮ ‘ਤੇ ਹੀ ਵਾਪਸ ਪਰਤਦੀਆਂ ਹਨ।
ਇਸ ਲਈ ਚਾਹੇ ਨਾਰਾਇਨ ਮੂਰਤੀ ਹੋਵੇ, ਜਾਂ ਸੁਬਰਾਮਨੀਅਨ ਜਾਂ ਅਡਾਨੀ। ਜਾਂ ਪ੍ਰਧਾਨ ਸੇਵਕ ਦੇ ਕਿੱਸੇ ਕਹਾਣੀਆਂ, ਸਲਾਹ- ਉਪਦੇਸ਼ਾਂ ਸਾਨੂੰ ਇਨ੍ਹਾਂ ਦਾ ਮਜ਼ਾਕ ਉਡਾਉਣ ਦੀ ਬਜਾਏ, ਇਨ੍ਹਾਂ ਦੇ ਅਸਲ ਸਿਆਸੀ-ਆਰਥਿਕ ਗੁੱਝੇ ਅਰਥ ਸਮਝਣੇ ਹੋਣਗੇ, ਸਹੀ ਆਲੋਚਨਾ ਕਰਨੀ ਹੋਵੇਗੀ, ਵਿਰੋਧ ਕਰਨਾ ਹੋਵੇਗਾ ਅਤੇ ਆਪਣੇ ਵਿਚਾਰਾਂ ‘ਚ ਸੁਧਾਰ ਵੀ, ਤਾਂ ਹੀ ਕਿਰਤ ਦੀ ਕਦਰ ਘਟਾਈ ਅਤੇ ਚੋਰੀ ਰੋਕੀ ਜਾ ਸਕਦੀ ਹੈ। ਔਰਤਾਂ ਦਾ ਅਪਮਾਨ ਅਤੇ ਸ਼ੋਸ਼ਣ ਰੋਕਿਆ ਜਾ ਸਕਦਾ ਹੈ। ਇਸ ਸੰਦਰਭ ‘ਚ, ਅੰਤ ‘ਚ, ਫੈਜ਼ ਅਹਿਮਦ ਫੈਜ਼ ਯਾਦ ਆਉਂਦੇ ਹਨ ਜੋ ਕਹਿੰਦੇ ਹਨ : –
ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਆਪਣਾ ਹਿੱਸਾ ਮਾਂਗੇਂਗੇ ਇਕ ਬਾਗ ਨਹੀਂ, ਇਕ ਖੇਤ ਨਹੀਂ ਹਮ ਸਾਰੀ ਦੁਨੀਆ ਮਾਂਗੇਂਗੇ
‘ਨਿਊਜਕਲਿੱਕ’ ‘ਚੋਂ ਧੰਨਵਾਦ ਸਹਿਤ
