12 ਅਕਤੂਬਰ 2021 ਦਾ ਦਿਨ ਪੰਜਾਬ ਦੀ ਜਮਹੂਰੀ ਲਹਿਰ ਲਈ ਇਕ ਬਹੁਤ ਹੀ ਮਹੱਤਵਪੂਰਨ ਤੇ ਇਤਿਹਾਸਕ ਦਿਵਸ ਵਜੋਂ ਜਾਣਿਆ ਜਾਵੇਗਾ। ਇਸ ਦਿਨ ਪ੍ਰਾਂਤ ਦੇ ਮਜ਼ਦੂਰਾਂ, ਦਿਹਾਤੀ ਮਜ਼ਦੂਰਾਂ, ਕਿਸਾਨਾਂ, ਔਰਤਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੇ ਸੰਗਠਨਾਂ ਅਤੇ ਕੇਂਦਰੀ ਤੇ ਸੂਬਾਈ ਮੁਲਾਜ਼ਮ ਫੈਡਰੇਸ਼ਨਾਂ ਦੇ ਸੂਬਾਈ ਆਗੂਆਂ ਤੇ ਪ੍ਰਤੀਨਿਧਾਂ ਨੇ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਭਰਵੀਂ ਸੂਬਾਈ ਇਕੱਤਰਤਾ ਕਰਕੇ ‘‘ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’’ ਮਿਸ਼ਨ ਤਹਿਤ ‘‘ਪੰਜਾਬ ਬਚਾਓ ਸੰਯੁਕਤ ਮੋਰਚਾ’’ ਕਾਇਮ ਕੀਤਾ।
250 ਦੇ ਕਰੀਬ ਉਕਤ ਆਗੂਆਂ ਤੇ ਪ੍ਰਤੀਨਿਧਾਂ ਨੇ ਹਰ ਵਰਗ ਦੀਆਂ ਮੰਗਾਂ, ਪੰਜਾਬ ਨਾਲ ਕੇਂਦਰ ਸਰਕਾਰ ਵਲੋਂ ਕੀਤੇ ਜਾਂਦੇ ਧੱਕਿਆਂ ਤੇ ਵਿਤਕਰਿਆਂ ਅਤੇ ਮੋਦੀ ਸਰਕਾਰ ਵਲੋਂ ਦੇਸ਼ ਦੇ ਧਰਮ ਨਿਰਪੱਖ, ਲੋਕ ਰਾਜੀ ਤੇ ਫੈਡਰਲ ਢਾਂਚੇ ਉਪਰ ਕੀਤੇ ਜਾ ਰਹੇ ਤਾਬੜਤੋੜ ਹਮਲਿਆਂ ਵਿਰੁੱਧ ਜਨਤਕ ਲਾਮਬੰਦੀ ਕਰਨ ਦਾ ਪ੍ਰਣ ਕੀਤਾ। ਬੁਲਾਰਿਆਂ ਨੇ ਇਹ ਵੀ ਐਲਾਨ ਕੀਤਾ ਕਿ ਦਿੱਲੀ ਦੀਆਂ ਜੂਹਾਂ ਤੋਂ ਚਲਾਏ ਜਾ ਰਹੇ ਦੇਸ਼ ਪੱਧਰੀ ਕਿਸਾਨ ਅੰਦੋਲਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਜਿੱਤ ਤੱਕ ਪੁਚਾਉਣ ਲਈ ਪੂਰਾ ਤਾਣ ਲਾਇਆ ਜਾਵੇਗਾ।
ਇਸ ਦਿਸ਼ਾ ਵਿੱਚ ਇਹ ਵੀ ਸਹਿਮਤੀ ਬਣੀ ਕਿ ਕਾਰਪੋਰੇਟ ਘਰਾਣਿਆਂ ਦੀ ਲੁੱਟ-ਖਸੁੱਟ ਵਿਰੁੱਧ ਅਤੇ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੀ ਨਾਪਾਕ ਜੁੰਡਲੀ ਖਿਲਾਫ਼ ਇਸ ਮਹਾਨ ਕਿਸਾਨ ਅੰਦੋਲਨ ਨੇ ਜਨ ਸਧਾਰਨ ’ਚ ਜਿਹੜੀ ਰਾਜਨੀਤਕ ਤੇ ਵਿਚਾਰਧਾਰਕ ਚੇਤਨਤਾ ਪੈਦਾ ਕੀਤੀ ਹੈ ਉਸਨੂੰ ਹੋਰ ਤਿਖੇਰਾ ਤੇ ਵਿਸ਼ਾਲ ਬਣਾਇਆ ਜਾਵੇਗਾ, ਤਾਂ ਕਿ ਆਮ ਲੋਕਾਂ ਨੂੰ ਦਰਪੇਸ਼ ਅਜੋਕੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਪ੍ਰਾਂਤ ਅੰਦਰ ਭਵਿੱਖ ’ਚ ਇੱਕ ਲੋਕ ਪੱਖੀ ਮੁਤਬਾਦਲ ਉਸਾਰਨ ’ਚ ਸਹਾਇਤਾ ਮਿਲ ਸਕੇ।
ਝੂਠੇ, ਧੋਖੇ ਭਰੇ ਨਾਅਰਿਆਂ ਰਾਹੀਂ ਲੋਕਾਂ ਨੂੰ ਭਰਮਾ ਕੇ, ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਤਰਲੋਮੱਛੀ ਹੋ ਰਹੇ, ਫਿਰਕੂ-ਫਾਸ਼ੀ ਮੋਦੀ ਸਰਕਾਰ ਵਾਂਗ ਹੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਹਿਤ ਕੰਮ ਕਰਨ ਵਾਲੇ ਦੂਸਰੇ ਰਾਜਨੀਤਕ ਦਲਾਂ; ਅਕਾਲੀ ਦਲ-ਬਸਪਾ ਗਠਜੋੜ, ਕਾਂਗਰਸ ਪਾਰਟੀ ਤੇ ‘ਆਪ’ ਦੇ ਮੁਕਾਬਲੇ ’ਚ ਇੱਕ ਲੋਕ ਮੁਖੀ ਆਰਥਿਕ ਤੇ ਰਾਜਨੀਤਕ ਨੀਤੀਆਂ ਦਾ ਮੁਤਬਾਦਲ ਪੇਸ਼ ਕਰਨ ਲਈ ਕਾਇਮ ਕੀਤਾ ਗਿਆ ਇਹ ਗੈਰ ਰਾਜਨੀਤਕ ‘‘ਪੰਜਾਬ ਬਚਾਓ ਸੰਯੁਕਤ ਮੋਰਚਾ’’ ਭਵਿੱਖ ’ਚ ਪ੍ਰਾਂਤ ਅੰਦਰ ਇੱਕ ਰਾਜਨੀਤਕ ਤੇ ਵਿਚਾਰਧਾਰਕ ਮੰਚ ਉਸਾਰਨ ’ਚ ਸਹਾਈ ਸਿੱਧ ਹੋਵੇਗਾ।
ਇਸ ਨਵੇਂ ਸੰਯੁਕਤ ਮੋਰਚੇ ਚੋਂ ਬਾਹਰ ਰਹਿ ਗਈਆਂ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ, ਮੁਲਾਜ਼ਮਾਂ ਦੀਆਂ ਜੱਥੇਬੰਦੀਆਂ, ਛੋਟੇ ਵਿਉਪਾਰੀਆਂ ਦੀਆਂ ਐਸੋਸੀਏਸਨਾਂ, ਬੁੁੱਧੀਜੀਵੀਆਂ, ਮਨੁੱਖੀ ਅਧਿਕਾਰ ਸੰਗਠਨਾਂ ਤੇ ਸਮਾਜਿਕ ਖੇਤਰ ’ਚ ਸਰਗਰਮ ਜਥੇਬੰਦੀਆਂ ਤੇ ਵਿਅਕਤੀਆਂ ਨੂੰ ਇਸ ਵਿੱਚ ਸ਼ਾਮਿਲ ਕਰਨ ਲਈ ਪੂਰੀ ਵਾਹ ਲਾਈ ਜਾਵੇਗੀ।
‘ਪੰਜਾਬ ਬਚਾਓ, ਸੰਯੁਕਤ ਮੋਰਚੇ’ ਵਲੋਂ 28 ਨਵੰਬਰ 2021 ਨੂੰ ਲੁਧਿਆਣਾ ਸ਼ਹਿਰ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਅੰਦਰ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਰੈਲੀ ਦੀ ਤਿਆਰੀ ਲਈ ਵੱਖ-ਵੱਖ ਤਰੀਕਾਂ ’ਤੇ ਅਨੇਕਾਂ ਵੰਨਗੀਆਂ ਦੇ ਜਨਤਕ ਐਕਸ਼ਨਾਂ ਦੀ ਯੋਜਨਾਬੰਦੀ ਵੀ ਕੀਤੀ ਗਈ ਹੈ, ਤਾਂਕਿ ਸੰਯੁਕਤ ਮੋਰਚੇ ਦੀ ਆਵਾਜ਼ ਪੰਜਾਬ ਦੇ ਹਰ ਵਿਅਕਤੀ ਤੇ ਹਰ ਨੁੱਕਰ ਤੱਕ ਪਹੁੰਚਾਈ ਜਾ ਸਕੇ।
ਇਸ ਵਿਸ਼ਾਲ ਰੈਲੀ ਵਿਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਦੀ ਸ਼ਮੂਲੀਅਤ ਕਰਾਉਣ ਦਾ ਵੀ ਹਰ ਉਪਰਾਲਾ ਕੀਤਾ ਜਾਵੇਗਾ।
ਕਿਸਾਨ ਅੰਦੋਲਨ ਨੂੰ ਲਾਮਬੰਦ ਕਰਨ ਵਾਲੇ ‘ਸੰਯੁਕਤ ਮੋਰਚੇ’ ਦੇ ਆਗੂਆਂ ਵਲੋਂ ਕਿਸਾਨ ਅੰਦੋਲਨ ਤੇ ਗੈਰ-ਭਾਜਪਾ ਰਾਜਨੀਤਕ ਪਾਰਟੀਆਂ ਦਰਮਿਆਨ ਜਨਤਕ ਸਰਗਰਮੀਆਂ ਦਾ ਸਮਤੋਲ ਬਿਠਾਉਣ ਲਈ 10 ਸਤੰਬਰ ਨੂੰ ਚੰਡੀਗੜ੍ਹ ਵਿਖੇ ਬੁਲਾਈ ਗਈ ਸੂਬਾਈ ਮੀਟਿੰਗ ’ਚ ਅਕਾਲੀ ਦਲ, ਕਾਂਗਰਸ, ਆਪ, ਬਸਪਾ ਤੇ ਸਾਰੀਆਂ ਕਮਿਊਨਿਸਟ ਪਾਰਟੀਆਂ ਦੇ ਪ੍ਰਤੀਨਿਧਾਂ ਨੇ ਕਿਸਾਨ ਆਗੂਆਂ ਨੂੰ ਭਰੋਸਾ ਦੁਆਇਆ ਸੀ ਕਿ ਕਿਸਾਨ ਮੋਰਚੇ ਦੀ ਮੰਗ ਅਨੁਸਾਰ ਕੋਈ ਵੀ ਰਾਜਸੀ ਦਲ ਪੰਜਾਬ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਚੋਣ ਪ੍ਰਚਾਰ ਨਹੀਂ ਅਰੰਭੇਗਾ ਤਾਂਕਿ ਲੋਕਾਂ ਦਾ ਸਾਰਾ ਧਿਆਨ ਕਿਸਾਨ ਮੋਰਚੇ ਦੁਆਲੇ ਕੇਂਦਰਤ ਰਹੇ ਅਤੇ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਕੇ ਜਿੱਤ ਦੇ ਝੰਡੇ ਗੱਡੇ ਜਾਣ। ਪ੍ਰੰਤੂ ਅਕਾਲੀ ਦਲ-ਬਸਪਾ ਗਠਜੋੜ, ਕਾਂਗਰਸ ਤੇ ‘ਆਪ’ ਦੇ ਆਗੂ ਸੱਤਾ ਹਾਸਲ ਕਰਨ ਲਈ ਐਨੇ ਹਾਬੜੇ ਪਏ ਹਨ ਕਿ ਪਬਲਿਕ ਤੌਰ ’ਤੇ ਕੀਤੇ ਗਏ ਵਾਅਦੇ ਦੇ ਉਲਟ ਉਪਰੋਕਤ ਮੀਟਿੰਗ ਤੋਂ ਤੁਰੰਤ ਪਿੱਛੋਂ ਹੀ ਚੋਣ ਪ੍ਰਚਾਰ ’ਚ ਰੁੱਝ ਗਏ। ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ, ਚੋਣ ਪੋਸਟਰ ਜਾਰੀ ਹੋ ਰਹੇ ਹਨ ਤੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨ ਮੋਰਚੇ ਨੇ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਦੀ ਲੋਕਾਂ ਦੀਆਂ ਦੁਸ਼ਵਾਰੀਆਂ ਲਈ ਦੋਸ਼ੀ ਮੁੱਖ ਖਲਨਾਇਕਾਂ ਵਜੋਂ ਨਿਸ਼ਾਨਦੇਹੀ ਕੀਤੀ ਹੈ ਉਨ੍ਹਾਂ ਦੇ ਕੁਕਰਮਾਂ ਨੂੰ ਅਣਡਿੱਠ ਕਰਕੇ ਸਾਰਾ ਜ਼ੋਰ ਝੂਠੇ ਲਾਰਿਆਂ ਤੇ ਵਾਅਦਿਆਂ ਉਪਰ ਲਗਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਵੋਟਰਾਂ ਨੂੰ ਨਵੇਂ ਸਿਰਿਓਂ ਠੱਗਿਆ ਜਾ ਸਕੇ।
ਭਾਜਪਾ ਦਾ ਫਿਰਕੂ-ਫਾਸ਼ੀ ਫੁੱਟ ਪਾਊ ਏਜੰਡਾ ਤੇ ਆਰਥਿਕ ਨੀਤੀਆਂ ਅਤੇ ਲੋਕ ਦੋਖੀ ਅਮਲਾਂ ਬਾਰੇ ‘‘ਪੰਜਾਬ ਬਚਾਓ, ਸੰਯੁਕਤ ਮੋਰਚਾ’’ ਪੂਰੀ ਤਰ੍ਹਾਂ ਚੌਕਸ ਹੈ ਤੇ ਲੋਕਾਂ ਅੰਦਰ ਭਾਜਪਾ ਵਿਰੁੱਧ ਪੈਦਾ ਹੋਏ ਜਨ ਉਭਾਰ ਨੂੰ ਹੋਰ ਪਕੇਰਾ ਕਰਨ ਦਾ ਹਰ ਸੰਭਵ ਯਤਨ ਕਰਨਾ ਹੀ ਮੋਰਚੇ ਦਾ ਪ੍ਰਮੁੱਖ ਉਦੇਸ਼ ਹੈ।
ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਭਾਜਪਾ ਤੇ ਮੋਦੀ ਸਰਕਾਰ ਨੂੰ ਨਕਾਰ ਚੁੱਕਾ ਹੈ ਤੇ ਭਾਜਪਾ ਆਗੂ ਲੋਕ ਰੋਹ ਤੋਂ ਡਰਦਿਆਂ ਜਨਤਾ ਦੀ ਕਚਿਹਰੀ ’ਚ ਨਜ਼ਰ ਵੀ ਨਹੀਂ ਆਉਂਦੇ।
ਪ੍ਰੰਤੂ ਅਕਾਲੀ ਦਲ-ਬਸਪਾ, ਕਾਂਗਰਸ ਤੇ ਆਪ ਆਗੂ ਝੂਠ ਤੇ ਫਰੇਬ ਦੀ ਜਿਹੜੀ ਧੁੰਦ ਖਿਲਾਰ ਕੇ ਪੰਜਾਬ ਦੇ ਲੋਕਾਂ ਨੂੰ ਮੁੜ ਧੋਖਾ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ, ‘‘ਪੰਜਾਬ ਬਚਾਓ-ਸੰਯੁਕਤ ਮੋਰਚਾ’ ਉਨ੍ਹਾਂ ਦੀ ਇਸ ਚਾਲ ਨੂੰ ਪੂਰੀ ਤਰ੍ਹਾਂ ਅਸਫਲ ਕਰਨ ਲਈ ਮੈਦਾਨ ’ਚ ਨਿੱਤਰੇਗਾ ਤੇ ਕਿਸਾਨ ਘੋਲ ਰਾਹੀਂ ਪੈਦਾ ਹੋ ਰਹੀ ਲੋਕ ਪੱਖੀ ਚੇਤਨਾ ਨੂੰ ਰਾਜਸੀ-ਚੇਤਨਾ ’ਚ ਤਬਦੀਲ ਕਰਦਿਆਂ ਬਦਲਵਾਂ ਲੋਕ ਪੱਖੀ ਮੁਤਬਾਦਲ ਉਸਾਰਨ ਲਈ ਆਪਣੇ ਸਾਰੇ ਯਤਨ ਜੁਟਾਏਗਾ।
‘ਪੰਜਾਬ ਬਚਾਓ, ਸੰਯੁਕਤ ਮੋਰਚਾ’ ਦਾ ਸੁਨੇਹਾ ਹਰ ਘਰ, ਹਰ ਪਿੰਡ, ਹਰ ਮੁਹੱਲੇ ਤੇ ਹਰ ਸ਼ਹਿਰ ’ਚ ਪਹੁੰਚਾਉਣ ਦਾ ਹਰ ਸੰਭਵ ਯਤਨ ਤੇ ਸਾਧਨ ਜੁਟਾਉਣੇ ਹੋਣਗੇ ਤਾਂ ਕਿ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੀ ਸਫਲਤਾ ਦਾ ਸੁਨੇਹਾ ਹਰ ਪੰਜਾਬ ਵਾਸੀ ਦੇ ਜ਼ਿਹਨ ’ਚ ਵਸ ਜਾਵੇ।
ਅਸੀਂ ਇਸ ਮੋਰਚੇ ਦਾ ਗਠਨ ਕਰਨ ਵਾਲੇ ਇਸਦੇ ਸ਼ਿਲਪਕਾਰਾਂ ਨੂੰ ਇਨਕਲਾਬੀ ਵਧਾਈਆਂ ਤੇ ਸ਼ੁਭ ਇੱਛਾਵਾਂ ਪੇਸ਼ ਕਰਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ‘ਪੰਜਾਬ ਬਚਾਓ, ਸੰਯੁਕਤ ਮੋਰਚੇ’ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਬਣਾਉਣ ਤੇ ਇਸ ਦੇ ਹਰ ਸੱਦੇ ਨੂੰ ਸਫਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
– ਮੰਗਤ ਰਾਮ ਪਾਸਲਾ