Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਸਤੰਬਰ 2021)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਸਤੰਬਰ 2021)

ਰਵੀ ਕੰਵਰ

ਸਾਮਰਾਜੀਆਂ ਦੀ ਪੈਦਾਇਸ਼ ਹਨ ਤਾਲਿਬਾਨ
ਸਾਡੇ ਗੁਆਂਢੀ ਦੇਸ਼ ਅਫਗਾਨਿਸਤਾਨ ਉਤੇ 20 ਸਾਲ ਬਾਅਦ 15 ਅਗਸਤ ਨੂੰ ਮੁੜ ਤਾਲਿਬਾਨ ਨੇ ਕਬਜ਼ਾ ਜਮਾ ਲਿਆ ਹੈ। 1996 ਤੋਂ 2001 ਤੱਕ ਪਹਿਲਾਂ ਵੀ ਇਹ ਅਫਗਾਨਿਸਤਾਨ ’ਤੇ ਕਾਬਜ਼ ਰਹੇ ਸਨ। 2001 ਵਿਚ ਅਮਰੀਕਾ ਦੇ ਨਿਊਯਾਰਕ ਵਿਚਲੇ ਵਰਲਡ ਟਰੇਡ ਸੈਂਟਰ ਦੀਆਂ ਦੋ ਜੁੜਵੀਆਂ ਇਮਾਰਤਾਂ ਉਤੇ ਦੋ ਹਵਾਈ ਜਹਾਜ਼ ਟਕਰਾ ਕੇ ਕੀਤੇ ਗਏ ਅੱਤਵਾਦੀ ਹਮਲੇ ਵਿਚ 2996 ਵਿਅਕਤੀ ਮਾਰੇ ਗਏ ਸਨ। ਇਸ ਹਮਲੇ ਲਈ ਅਮਰੀਕਾ ਨੇ ਅਲ ਕਾਇਦਾ, ਜਿਸਦਾ ਮੁਖੀ ਓਸਾਮਾ-ਬਿਨ-ਲਾਦੇਨ ਸੀ, ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਇਸ ਹਮਲੇ ਲਈ ਯੋਜਨਾਬੰਦੀ ਤੇ ਨਿਰਦੇਸ਼ ਅਫਗਾਨਿਸਤਾਨ ਦੀ ਧਰਤੀ ਤੋਂ ਮਿਲਣ ਦੀ ਗੱਲ ਕਰਦੇ ਹੋਏ, ਉਸਨੇ ਅਫਗਾਨਿਸਤਾਨ ਉਤੇ ਹਮਲਾ ਕਰਕੇ ਤਾਲਿਬਾਨ ਨੂੰ ਸੱਤਾ ਛੱਡ ਕੇ ਭੱਜਣ ਲਈ ਮਜ਼ਬੂਰ ਕਰ ਦਿੱਤਾ ਸੀ। ਤਾਲਿਬਾਨ ਵਿਰੁੱਧ ਛੇੜੀ ਗਈ ਇਸ ਅਮਰੀਕੀ ਜੰਗ ਨੂੰ ‘ਅਫਗਾਨ ਜੰਗ’ ਦਾ ਨਾਂਅ ਦਿੱਤਾ ਗਿਆ ਸੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਸਮੇਂ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ ਦਾ ਐਲਾਨ ਕਰ ਦਿੱਤਾ ਸੀ। ਇਸ ਬਾਰੇ ਤਾਲਿਬਾਨ ਨਾਲ ਕਈ ਗੇੜ ਦੀ ਗੱਲਬਾਤ ਚਲਾਉਣ ਤੋਂ ਬਾਅਦ 29 ਫਰਵਰੀ 2020 ਨੂੰ ‘ਅਫਗਾਨਿਸਤਾਨ ਵਿਚ ਸ਼ਾਂਤੀ ਲਿਆਉਣ ਲਈ ਸਮਝੌਤਾ’ ਨਾਂਅ ਦੇ ਦਸਤਾਵੇਜ਼ ’ਤੇ ਕਤਰ ਦੀ ਰਾਜਧਾਨੀ ਦੋਹਾ ਵਿਖੇ ਦਸਤਖ਼ਤ ਕੀਤੇ ਗਏ ਸਨ। ਇਸ ਤਰ੍ਹਾਂ ਅਮਰੀਕਾ ਦੀ ਅਗਵਾਈ ਵਿਚ ਲੜ ਰਹੀਆਂ ਨਾਟੋ ਫੌਜਾਂ ਦੇ ਉਥੋਂ ਨਿਕਲਣ ਦਾ ਰਾਹ ਸਾਫ ਹੋ ਗਿਆ ਸੀ। ਟਰੰਪ ਦੀ ਥਾਂ ਸੱਤਾ ਸੰਭਾਲਣ ਵਾਲੇ ਜੋਅ ਬਾਈਡਨ ਨੇ ਵੀ ਅਫਗਾਨਿਸਤਾਨ ਵਿਚੋਂ ਫੌਜਾਂ ਕੱਢਣ ਦਾ ਫ਼ੈਸਲਾ ਦੁਹਰਾਉਂਦਿਆਂ 1 ਮਈ ਤੋਂ ਫੌਜਾਂ ਦੀ ਵਾਪਸੀ ਸ਼ੁਰੂ ਕਰ ਦਿੱਤੀ ਸੀ ਅਤੇ ਮੁਕੰਮਲ ਰੂਪ ਵਿਚ ਫੌਜਾਂ 31 ਅਗਸਤ ਤੱਕ ਵਾਪਸ ਕਰਨ ਦਾ ਟੀਚਾ ਮਿਥਿਆ ਸੀ। ਪਰ ਤਾਲਿਬਾਨ ਨੇ ਮਈ ਵਿਚ ਅਮਰੀਕੀ ਤੇ ਨਾਟੋ ਫੌਜਾਂ ਦੀ ਵਾਪਸੀ ਦੇ ਨਾਲ ਹੀ ਦੇਸ਼ ’ਤੇ ਕਬਜ਼ੇ ਦੀ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਬੜੀ ਤੇਜ਼ੀ ਨਾਲ ਦੇਸ਼ ਦੇ ਸੂਬਿਆਂ ਅਤੇ ਮੁੱਖ ਸ਼ਹਿਰਾਂ ’ਤੇ ਕਬਜ਼ਾ ਕਰਦੇ ਹੋਏ ਉਹ 15 ਅਗਸਤ ਨੂੰ ਦੇਸ਼ ਦੀ ਰਾਜਧਾਨੀ ਕਾਬੁਲ ਵਿਖੇ ਰਾਸ਼ਟਰਪਤੀ ਮਹਿਲ ਵਿਚ ਦਾਖਲ ਹੋ ਗਏ ਸਨ। ਸਿਰਫ ਹੇਰਾਤ ਤੇ ਲਸ਼ਕਰ ਗਾਹ ਇਲਾਕਿਆਂ ਵਿਚ ਹੀ ਉਨ੍ਹਾਂ ਦਾ ਹਥਿਆਰਬੰਦ ਵਿਰੋਧ ਹੋਇਆ ਸੀ ਅਤੇ ਪੰਜਸ਼ੀਰ ਘਾਟੀ ਨੂੰ ਛੱਡਕੇ ਦੇਸ਼ ਦੇ ਬਾਕੀ ਹਿੱਸਿਆਂ ’ਤੇ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਵਿਰੋਧ ਦੇ ਹੀ ਕਬਜ਼ਾ ਕਰ ਲਿਆ ਸੀ। 50-60 ਹਜ਼ਾਰ ਤਾਲਿਬਾਨ ਲੜਾਕਿਆਂ ਦੇ ਸਾਹਮਣੇ 3 ਲੱਖ ਤੋਂ ਵੀ ਵੱਧ ਅਫ਼ਗਾਨ ਫੌਜ ਤੇ ਪੁਲਸ, ਜਿਸਨੂੰ ਅਤਿ ਆਧੁਨਿਕ ਟਰੇਨਿੰਗ ਅਤੇ ਹਥਿਆਰ ਦੇਣ ਦੀਆਂ ਅਮਰੀਕਾ ਡੀਂਗਾਂ ਮਾਰ ਰਿਹਾ ਸੀ, ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ-ਢੇਰੀ ਹੋ ਗਈਆਂ ਤੇ ਬਿਨਾਂ ਕੋਈ ਵਿਰੋਧ ਕੀਤਿਆਂ ਹੀ ਭੱਜ ਨਿੱਕਲੀਆਂ। ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੱਲੋਂ ਕਾਇਰਾਂ ਵਾਂਗੂੰ ਰਾਸ਼ਟਰਪਤੀ ਮਹਿਲ ਛੱਡਕੇ ਭੱਜ ਜਾਣ ਨਾਲ ਤਾਲਿਬਾਨ ਦਾ ਕੰਮ ਹੋਰ ਵੀ ਸੌਖਾ ਹੋ ਗਿਆ ਸੀ। ਇਸ ਤਰ੍ਹਾਂ ਅਮਰੀਕੀ ਸਾਮਰਾਜ ਤੇ ਉਸਦੇ ਸਹਿਯੋਗੀਆਂ ਦੀਆਂ ਫਹੁੜੀਆਂ ’ਤੇ ਖੜ੍ਹੇ ‘ਰਿਪਬਲਿਕ ਆਫ ਅਫਗਾਨਿਸਤਾਨ’ ਦਾ ਭੋਗ ਪੈ ਗਿਆ ਅਤੇ ਉਹ ਦੇਸ਼ ਤੇ ਦੇਸ਼ਵਾਸੀਆਂ ਨੂੰ ਤਾਲਿਬਾਨੀ ਬਘਿਆੜਾਂ ਦੇ ਮੁਹਰੇ ਸੁੱਟਕੇ ਭਗੌੜੇ ਹੋ ਗਏ ਹਨ। ਤਾਲਿਬਾਨ, ਮੱਧ ਯੁਗੀ ਕਦਰਾਂ-ਕੀਮਤਾਂ ਨੂੰ ਵਾਪਸ ਲਿਆਉਂਦੇ ਹੋਏ ਧਰਮ ਆਧਾਰਤ ਇਸਲਾਮਿਕ ਰਾਜ ਸਥਾਪਤ ਕਰਨਾ ਚਾਹੁੰਦੇ ਹਨ, ਜੋ ਸ਼ਰੀਅਤ ਭਾਵ ਇਸਲਾਮਕ ਧਰਮ ਅਧਾਰਤ ਕਾਨੂੰਨੀ ਢਾਂਚੇ ਦੀਆਂ ਹਿਦਾਇਤਾਂ ਅਨੁਸਾਰ ਚੱਲੇ। ਦੇਸ਼ ਦੇ ਲੋਕ 1996 ਤੋਂ 2001 ਤੱਕ ਰਹੇ ਤਾਲਿਬਾਨ ਦੇ ਜ਼ੁਲਮੀ ਰਾਜਕਾਲ ਦੌਰਾਨ ਉਨ੍ਹਾਂ ਦੇ ਅੱਤਿਆਚਾਰਾਂ ਅਤੇ ਦਰਿੰਦਗੀ ਦਾ ਡੰਗ ਝੱਲ ਚੁੱਕੇ ਹਨ। ਉਹ ਰਾਜ, ਜਿਸ ਵਿਚ ਵਿਗਿਆਨ ਤੇ ਤਰਕ ਦੀ ਕੋਈ ਥਾਂ ਨਹੀਂ, ਔਰਤਾਂ ਨੂੰ ਸਿਰਫ ਭੋਗ-ਬਿਲਾਸ ਦੀ ਵਸਤੂ ਸਮਝਿਆ ਜਾਂਦਾ ਹੈ, ਸਮਾਜਕ ਕਦਰਾਂ-ਕੀਮਤਾਂ ਨੂੰ ਪੁੱਠਾ ਗੇੜਾ ਦਿੰਦੇ ਹੋਏ ਮਧਯੁਗੀਨ ਕਦਰਾਂ-ਕੀਮਤਾਂ ਸਥਾਪਤ ਕੀਤੀਆਂ ਜਾਂਦੀਆਂ ਹਨ।
ਤਾਲਿਬਾਨ ਨਾਲ 20 ਸਾਲ ਲਗਾਤਾਰ ਅਮਰੀਕੀ ਸਾਮਰਾਜ ਜੰਗ ਲੜਦਾ ਰਿਹਾ ਹੈ, ਜਿਸ ਵਿਚ ਅਮਰੀਕਾ ਦੇ ਆਮ ਲੋਕਾਂ ਤੋਂ ਉਗਰਾਹੇ ਜਾਂਦੇ ਟੈਕਸਾਂ ਦੀ ਅਥਾਹ ਦੌਲਤ ਖਰਚ ਹੋਈ ਹੈ। ਫੌਜਾਂ ਦੀ ਵਾਪਸੀ ਦੇ ਕਾਰਨ ਦੱਸਦਿਆਂ ਉਸ ਕਿਹਾ ਕਿ ਇਸ ਜੰਗ ਉਤੇ 2 ਟਿ੍ਰਲੀਅਨ ਅਮਰੀਕੀ ਡਾਲਰ ਭਾਵ 2 ਲੱਖ ਕਰੋੜ ਰੁਪਏ ਖਰਚ ਹੋਏ ਹਨ, ਜਿਨ੍ਹਾਂ ਵਿਚੋਂ 82.9 ਅਰਬ ਅਮਰੀਕੀ ਡਾਲਰ ਤਾਂ ਅਫਗਾਨ ਸੁਰੱਖਿਆ ਬਲਾਂ ’ਤੇ ਹੀ ਖਰਚ ਕੀਤੇ ਗਏ ਹਨ। ਇੱਕ ਅੰਦਾਜ਼ੇ ਅਨੁਸਾਰ 20 ਸਾਲਾਂ ਵਿਚ ਖਰਚੀ ਗਈ ਇਹ ਰਕਮ ਜੇ ਅਮਰੀਕੀ ਨਾਗਰਿਕਾਂ ਵਿਚ ਵੰਡੀ ਜਾਂਦੀ ਤਾਂ ਇਕੱਲੇ-ਇਕੱਲੇ ਅਮਰੀਕਾ ਵਾਸੀ ਦੇ ਹਿੱਸੇ 20 ਹਜ਼ਾਰ ਡਾਲਰ ਪ੍ਰਤੀ ਸਾਲ ਆਉਣੇ ਸਨ। ਇਨਸਾਨੀ ਜਾਨਾਂ ਦੀ ਬਲੀ ਲੈਣ ਪੱਖੋਂ ਤਾਂ ਇਹ ਜੰਗ ਹੋਰ ਵੀ ਭਿਆਨਕ ਸਿੱਧ ਹੋਈ ਹੈ। 20 ਸਾਲਾਂ ਦੀ ਇਸ ਜੰਗ ਦੌਰਾਨ ਕੁੱਲ 2 ਲੱਖ 41 ਹਜ਼ਾਰ ਦੇ ਲਗਭਗ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿਚ 71,000 ਅਫਗਾਨ ਤੇ ਪਾਕਿਸਤਾਨੀ ਨਾਗਰਿਕ ਹਨ, 75000 ਅਫਗਾਨ ਫੌਜੀ ਤੇ ਪੁਲਸ ਵਾਲੇ ਹਨ। 2448 ਅਮਰੀਕੀ ਫੌਜੀ ਤੇ 3846 ਅਮਰੀਕੀ ਫੌਜਾਂ ਲਈ ਕੰਮ ਕਰਦੇ ਹੋਰ ਦੇਸ਼ਾਂ ਦੇ ਨਾਗਰਿਕ ਹਨ। 1144 ਨਾਟੋ ਫੌਜੀ ਅਤੇ ਤਾਲਿਬਾਨ ਦੇ ਵੀ 51,951 ਲੜਾਕੇ ਇਸ ਜੰਗ ਦਾ ਖਾਜ਼ਾ ਬਣੇ ਹਨ। ਇਸ ਤਰ੍ਹਾਂ 20 ਸਾਲ ਬਾਅਦ ਅਮਰੀਕੀ ਸਾਮਰਾਜ ਖਰਬਾਂ ਡਾਲਰ ਖਰਚਕੇ ਤੇ ਲੱਖਾਂ ਇਨਸਾਨੀ ਜਾਨਾਂ ਦੀ ਬਲੀ ਲੈ ਕੇ ਅਫਗਾਨਿਸਤਾਨ ਦੇ ਥੋਹੜੇ-ਬਹੁਤੇ ਬੁਨਿਆਦੀ ਢਾਂਚੇ ਤੇ ਹੋਰ ਰਿਹਾਇਸ਼ ਆਦਿ ਸਹੂਲਤਾਂ ਨੂੰ ਤਹਿਸ-ਨਹਿਸ ਕਰਨ ਤੋਂ ਬਾਅਦ ਦੇਸ਼ ਨੂੰ ਵਹਿਸ਼ੀਆਂ ਦੇ ਰਹਿਮੋ-ਕਰਮ ’ਤੇ ਛੱਡਕੇ ਦੌੜ ਗਿਆ ਹੈ।
ਅਫਗਾਨਿਸਤਾਨ ਵਿਚ ਅਮਰੀਕੀ ਸਾਮਰਾਜ ਦੀ ਦਖਲਅੰਦਾਜ਼ੀ ਦਰਅਸਲ 1978 ਵਿਚ ਉਥੇ ਸਥਾਪਤ ਹੋਏ ਲੋਕ ਪੱਖੀ ਸ਼ਾਸਨ, ਜਿਸਨੂੰ ਸੌਰ ਇਨਕਲਾਬ ਵੀ ਕਿਹਾ ਜਾਂਦਾ ਹੈ, ਨੂੰ ਅਸਥਿਰ ਕਰਨ ਲਈ ਸ਼ੁਰੂ ਹੋਈ ਸੀ ਅਤੇ ਤਾਲਿਬਾਨ ਤੇ ਉਸਦੇ ਪਹਿਲੇ ਰੂਪ ‘ਮੁਜ਼ਾਹਿਦੀਨ’ ਅਮਰੀਕਾ ਦੀ ਹੀ ਪੈਦਾਵਾਰ ਹਨ। ਅਮਰੀਕੀ ਸਾਮਰਾਜ ਦੀ ਨਜ਼ਰ ਇਥੋਂ ਦੀ ਖਣਿਜ ਸੰਪ੍ਰਦਾ ’ਤੇ ਵੀ ਸੀ, ਜਿਸ ਦੀ ਅਜੋਕੀ ਕੀਮਤ 30 ਲੱਖ ਕਰੋੜ ਡਾਲਰ ਤੋਂ ਵੀ ਵਧੇਰੇ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਅਮਰੀਕਾ ਇਸ ਖਿੱਤੇ ’ਚ ਆਪਣੀ ਧੌਂਸ ਕਾਇਮ ਕਰਨ ਲਈ ਇੱਥੇ ਫੌਜੀ ਅੱਡਾ ਸਥਾਪਤ ਕਰਨਾ ਚਾਹੁੰਦਾ ਸੀ।
ਅਫ਼ਗਾਨਿਸਤਾਨ ਦਾ ਸੰਖੇਪ ਇਤਿਹਾਸ : 1919 ਵਿਚ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਹਾਸਲ ਕਰਨ ਪਿੱਛੋਂ, 1921 ਵਿਚ ਅਮਾਨੂੰਲਾਹ ਖਾਨ, ਜਿਸਦੀ ਤੁਲਨਾ ਤੁਰਕੀ ਦੇ ਅਗਾਂਹਵਧੂ ਕੌਮਪ੍ਰਸਤ ਆਗੂ ਕਮਾਲ ਅਤਾਤੁਰਕ ਨਾਲ ਕੀਤੀ ਜਾਂਦੀ ਹੈ, ਨੇ ਇੱਥੋਂ ਦੀ ਸੱਤਾ ਸੰਭਾਲੀ ਅਤੇ ਉਸਨੇ ਦੇਸ਼ ਨੂੰ ਪ੍ਰਭੂਸੱਤਾ ਸੰਪੰਨ ਬਨਾਉਣ ਦੇ ਉਦੇਸ਼ ਤਹਿਤ ਆਧੁਨਿਕ ਕਦਰਾਂ-ਕੀਮਤਾਂ ਦੀ ਬਹਾਲੀ ਅਤੇ ਮਜ਼ਬੂਤੀ ਵੱਲ ਵੱਧਣਾ ਸ਼ੁਰੂ ਕੀਤਾ। 1917 ਵਿਚ ਗੁਆਂਢੀ ਦੇਸ਼ ਰੂਸ ਵਿਚ ਇਨਕਲਾਬ ਆਉਣ ਤੋਂ ਬਾਅਦ ਸੋਵੀਅਤ ਰਾਜ ਕਾਇਮ ਹੋ ਗਿਆ ਸੀ। ਮਾਸਕੋ ਵਿਚ ਬਣੀ ਸਰਕਾਰ ਨਾਲ ਅਮਾਨੁਲਾਹ ਖਾਨ ਨੇ ਸੰਬੰਧ ਸਥਾਪਤ ਕੀਤੇ। ਸੋਵੀਅਤ ਰੂਸ ਨੇ ਅਫਗਾਨਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦਿੰਦੇ ਹੋਏ ‘ਅਫ਼ਗਾਨ-ਸੋਵੀਅਤ ਦੋਸਤਾਨਾ ਸੰਧੀ’ ਕਰਦਿਆਂ ਦੇਸ਼ ਵਿਚ ਵਿਆਪਕ ਪੱਧਰ ’ਤੇ ਪਾਵਰ ਪਲਾਂਟ, ਪਾਣੀ ਨਾਲ ਸਬੰਧਤ ਪ੍ਰੋਜੈਕਟ, ਆਵਾਜਾਈ ਤੇ ਦੂਰਸੰਚਾਰ ਸਬੰਧੀ ਪ੍ਰੋਜੈਕਟਾਂ ਆਦਿ ਨੂੰ ਸਥਾਪਤ ਕਰਨ ਵਿਚ ਹੀ ਮਦਦ ਨਹੀਂ ਕੀਤੀ ਬਲਕਿ ਹਜ਼ਾਰਾਂ ਅਫ਼ਗਾਨੀ ਵਿਦਿਆਰਥੀਆਂ ਨੂੰ ਆਪਣੇ ਟੈਕਨੀਕਲ ਸਕੂਲਾਂ ਤੇ ਯੂਨੀਵਰਸਿਟੀਆਂ ਵਿਚ ਵਿਸ਼ਵ ਪੱਧਰੀ ਸਿੱਖਿਆ ਵੀ ਦਿੱਤੀ। ਪ੍ਰੰਤੂ, 1929 ਵਿਚ ਅੰਗਰੇਜ਼ ਸਾਮਰਾਜ ਦੀ ਮਦਦ ਨਾਲ ਸੱਜ-ਪਿਛਾਖੜੀ ਤਾਕਤਾਂ ਅਮਾਨੁਲਾਹ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਸਫਲ ਹੋ ਗਈਆਂ ਅਤੇ ਇਹ ਸਮੁੱਚੇ ਵਿਕਾਸ ਪ੍ਰੋਜੈਕਟ ਭੰਗ ਦੇ ਭਾੜੇ ਚਲੇ ਗਏ। ਪਰ ਸੋਵੀਅਤ ਰੂਸ ਵਿਚ ਸਮਾਜਵਾਦ ਦੀਆਂ ਬਰਕਤਾਂ ਨਾਲ ਹੁੰਦੇ ਵਿਕਾਸ ਦਾ ਪ੍ਰਭਾਵ ਅਫਗਾਨਿਸਤਾਨ ਦੇ ਲੋਕਾਂ ਦੇ ਦਿਲੋ-ਦਿਮਾਗਾਂ ਵਿਚੋਂ ਪੂਰੀ ਤਰ੍ਹਾਂ ਮਿਟਿਆ ਨਹੀਂ ਸੀ ਅਤੇ 1960ਵਿਆਂ ਵਿਚ ਸੋਵੀਅਤ ਰੂਸ ਵਲੋਂ ਆਰੰਭੇ ਪ੍ਰੋਜੈਕਟ ਮੁੜ ਸ਼ੁਰੂ ਹੋਏ ਜਿੰਨ੍ਹਾ ਵਿਚ ਸਭ ਤੋਂ ਅਹਿਮ ਸੀ ਕਾਬੁਲ ਪੋਲੀਟੈਕਨਿਕ ਦੀ ਸਥਾਪਨਾ, ਜਿਸ ਨੇ ਕਈ ਉਘੇ ਇੰਜੀਨੀਅਰ, ਭੂਗੋਲਸ਼ਾਸਤਰੀ ਤੇ ਹੋਰ ਟੈਕਨੋਕ੍ਰੇਟ ਤਿਆਰ ਕਰਕੇ ਦੇਸ਼ ਨੂੰ ਦਿੱਤੇ। ਇਸ ਸਮੇਂ ਦੌਰਾਨ ਹੀ ਦੇਸ਼ ਦੀ ਕੌਮੀ ਜਮਹੂਰੀ ਲਹਿਰ ਵਿਚ ਪ੍ਰਗਤੀਸ਼ੀਲ ਤਾਕਤਾਂ ਦੀ ਪੈਠ ਵਧੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਸਥਾਪਨਾ ਹੋਈ। 1973 ਵਿਚ ਕੌਮੀ ਜਮਹੂਰੀ ਤਾਕਤਾਂ ਨੇ ਪੀ.ਡੀ.ਪੀ. ਦੀ ਸਰਗਰਮ ਮਦਦ ਨਾਲ ਅਮਰੀਕੀ ਸਾਮਰਾਜ ਦੇ ਸਮਰਥਕ 86 ਸਾਲਾ ਮੁਹੰਮਦ ਜ਼ਹੀਰ ਦੇ 40 ਸਾਲਾ ਰਾਜ ਨੂੰ ਖਤਮ ਕਰ ਦਿੱਤਾ ਅਤੇ ਮੁਹੰਮਦ ਸਰਦਾਰ ਦਾਊਦ ਖਾਨ ਨੇ ਸੱਤਾ ਸੰਭਾਲ ਲਈ।
ਅਪ੍ਰੈਲ, 1978 ਵਿਚ ਪੀਡੀਪੀ ਦੇ ਉਘੇ ਆਗੂ ਮੀਰ ਅਕਬਰ ਖ਼ੈਬਰ ਦਾ ਸਰਕਾਰ ਦੀ ਸ਼ਹਿ ’ਤੇ ਕਤਲ ਕਰ ਦਿੱਤਾ ਗਿਆ। ਉਸਦੇ ਜਨਾਜ਼ੇ ਸਮੇਂ ਕਾਬੁਲ ਵਿਚ ਜਬਰਦਸਤ ਰੋਸ ਮੁਜ਼ਾਹਰੇ ਹੋਏ। ਪੀਡੀਪੀ ਦੇ ਲਗਭਗ ਸਾਰੇ ਆਗੂਆਂ ਨੂੰ ਕੈਦ ਕਰ ਲਿਆ ਗਿਆ। ਹਫੀਜ਼ੁਲਾਹ ਅਮੀਨ, ਜਿਹੜੇ ਘਰ ਵਿਚ ਨਜ਼ਰਬੰਦ ਸਨ, ਪਾਰਟੀ ਦੀਆਂ ਫੌਜ ਤੇ ਹਵਾਈ ਫੌਜ ਵਿਚਲੀਆਂ ਇਕਾਈਆਂ ਨਾਲ ਤਾਲਮੇਲ ਸਥਾਪਤ ਕਰਨ ਵਿਚ ਸਫਲ ਰਹੇ ਅਤੇ 28 ਅਪ੍ਰੈਲ ਨੂੰ ਦਾਊਦ ਦਾ ਤਖਤਾਪਲਟ ਕਰਦੇ ਹੋਏ ਦੇਸ਼ ਵਿਚ ਪੀਡੀਪੀ ਦੀ ਅਗਵਾਈ ਵਿਚ ਲੋਕ ਪੱਖੀ ਸਰਕਾਰ ਦਾ ਗਠਨ ਕਰ ਦਿੱਤਾ ਗਿਆ। ਇਸ ਤਰ੍ਹਾਂ ਅਫ਼ਗਾਨਿਸਤਾਨ ਵਿਚ ਸੌਰ ਇਨਕਲਾਬ ਸਿਰੇ ਚੜ੍ਹਿਆ। ਨੂਰ ਮੁਹੰਮਦ ਤਰਾਕੀ ਨੇ ਨਵੇਂ ਬਣੇ ‘ਡੈਮੋਕ੍ਰੇਟਿਕ ਰਿਪਬਲਿਕ ਆਫ ਅਫ਼ਗਾਨਿਸਤਾਨ’ ਦੀ ਬਾਗਡੋਰ ਸੰਭਾਲੀ।
ਸੌਰ ਇਨਕਲਾਬ ਕੋਈ ਸਮਾਜਵਾਦੀ ਇਨਕਲਾਬ ਨਹੀਂ ਸੀ, ਇਹ ਇਕ ਲੋਕ ਪੱਖੀ ਸਰਕਾਰ ਸੀ ਜਿਸਨੇ ਸਦੀਆਂ ਤੋਂ ਅਫਗਾਨ ਸਮਾਜ ਵਿਚ ਚੱਲੀਆਂ ਆ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਖਤਮ ਕਰਨ ਦੇ ਨਾਲ-ਨਾਲ ਵਿਆਪਕ ਪੱਧਰ ’ਤੇ ਲੋਕ ਪੱਖੀ ਕਾਰਜ ਵੀ ਕੀਤੇ। ਇੰਨ੍ਹਾ ਵਿਚ ਕਿਸਾਨਾਂ ਦੇ ਪੀੜ੍ਹੀਆਂ-ਦਰ-ਪੀੜ੍ਹੀਆਂ ਚੱਲੇ ਆ ਰਹੇ ਸ਼ਾਹੂਕਾਰਾਂ ਦੇ ਕਰਜ਼ਿਆਂ ਦਾ ਖਾਤਮਾ ਕਰਨਾ, ਪਾਣੀ ਦੀ ਸਾਵੀਂ ਵੰਡ ਕਰਨੀ ਤੇ ਕਿਸਾਨ ਕੋ-ਆਪਰੇਟਿਵਾਂ ਦਾ ਗਠਨ ਕਰਨਾ, ਵਿਆਪਕ ਪੱਧਰ ’ਤੇ ਸਾਖਰਤਾ ਪ੍ਰੋਗਰਾਮ ਚਲਾਉਣੇ, ਸਿਹਤ ਸੇਵਾਵਾਂ ਦਾ ਵਿਸਥਾਰ ਕਰਨਾ ਆਦਿ ਪ੍ਰਮੁੱਖ ਸਨ। ਨਾਲ ਹੀ 1990 ਤੱਕ ਅਨਪੜ੍ਹਤਾ ਖਤਮ ਕਰਨ ਦਾ ਟੀਚਾ ਵੀ ਮਿਥਿਆ ਗਿਆ। ਇਸ ਤੋਂ ਇਲਾਵਾ ਦੇਸ਼ ਵਿਚ ਵਿਗਿਆਨਕ ਟੈਂਪਰਾਮੈਂਟ ਦਾ ਵਿਕਾਸ ਕਰਨ, ਨਾਬਾਲਗ ਲੜਕੀਆਂ ਦੇ ਜਬਰੀ ਵਿਆਹਾਂ ’ਤੇ ਰੋਕ ਲਾਉਣ, ਵਿਧਵਾਵਾਂ ਦੀਆਂ ਰੁੜ੍ਹੀਵਾਦੀ ਪਰੰਪਰਾਵਾਂ ’ਤੇ ਅਧਾਰਤ ਜਬਰੀ ਸ਼ਾਦੀਆਂ ਕਰਵਾਉਣ ’ਤੇ ਰੋਕ ਲਾਉਣ ਅਤੇ ਦੇਸ਼ ਦੇ ਸਮਾਜਕ ਤੇ ਆਰਥਕ ਢਾਂਚੇ ਵਿਚੋਂ ਪੂੰਜੀਵਾਦੀ-ਸਾਮੰਤੀ ਰਿਸ਼ਤਿਆਂ ਨੂੰ ਖਤਮ ਕਰਨ ਆਦਿ ਨੂੰ ਆਪਣਾ ਸਭ ਤੋਂ ਜ਼ਰੂਰੀ ਤੇ ਪ੍ਰਾਥਮਿਕ ਕਾਰਜ ਮਿਥਿਆ ਗਿਆ। ਇਸ ਦਿਸ਼ਾ ਵੱਲ ਪੱਕੇ ਪੈਰੀਂ ਵੱਧਣ ਹਿੱਤ ਭੂਮੀ ਸੁਧਾਰਾਂ ਨੂੰ ਲਾਗੂ ਕਰਨ ਦੇ ਯਤਨ ਸ਼ੁਰੂ ਕੀਤੇ ਗਏ।
ਅਮਰੀਕੀ ਸਾਮਰਾਜ, ਅਫਗਾਨਿਸਤਾਨ ਵਿਚ ਇਕ ਲੋਕ ਪੱਖੀ ਸਰਕਾਰ ਦੇ ਕਾਇਮ ਹੋਣ ਤੋਂ ਅਤੇ ਇਸਦੇ ਸਮੁੱਚੇ ਏਸ਼ੀਆ, ਖਾਸ ਕਰ ਮੱਧ-ਪੂਰਬ ਤੇ ਦੱਖਣ-ਏਸ਼ੀਆ ਵਿਚ ਪੈਣ ਵਾਲੇ ਨਰੋਏ ਪ੍ਰਭਾਵਾਂ ਤੋਂ ਭੈਭੀਤ ਹੋ ਗਿਆ ਅਤੇ ਉਸਨੇ ਪਹਿਲੇ ਦਿਨ ਤੋਂ ਹੀ ਇਸ ਵਿਰੁੱਧ ਵਿਆਪਕ ਪੱਧਰ ’ਤੇ ਲਾਮਬੰਦੀ ਸ਼ੁਰੂ ਕਰ ਦਿੱਤੀ ਸੀ। ਇਸ ਲਈ ਉਸਨੇ ਮੁਸਲਮ ਬੁਨਿਆਦਪ੍ਰਸਤੀ ਨੂੰ ਆਧਾਰ ਬਣਾਇਆ ਅਤੇ ਪਾਕਿਸਤਾਨ, ਜਿੱਥੇ ਉਸਦਾ ਹਥਠੋਕਾ ਫੌਜੀ ਤਾਨਾਸ਼ਾਹ ਜਿਆ ਉਲ-ਹੱਕ ਸੱਤਾ ’ਤੇ ਕਾਬਜ਼ ਸੀ, ਨੂੰ ਆਧਾਰ ਖੇਤਰ ਬਣਾਕੇ ਉਥੇ ਮੁਸਲਮ ਧਾਰਮਕ ਸਕੂਲਾਂ, ਮੱਦਰਸਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਬੁਨਿਆਦਪ੍ਰਸਤੀ ਦੀ ਪੁੱਠ ਦੇਕੇ ਅਤੇ ਉਨ੍ਹਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦੇ ਕੇ ਆਪਣੀ ਸੂਹੀਆ ਅਜੰਸੀ ਸੀ.ਆਈ.ਏ. ਰਾਹੀਂ ਕਰੋੜਾਂ ਰੁਪਏ ਦੇ ਹਥਿਆਰ ਦੇ ਕੇ ਮੁਜ਼ਾਹਦੀਨ ਦਾ ਗਠਨ ਕੀਤਾ ਅਤੇ ਅਫ਼ਗਾਨਿਸਤਾਨ ਦੀ ਸਰਕਾਰ ਵਿਰੁੱਧ ਗੁਰੀਲਾ ਜੰਗ ਛੇੜ ਦਿੱਤੀ। ਦੇਸ਼ ਵਿਚ ਲੋਕ ਪੱਖੀ ਸਰਕਾਰ ਦੀ ਸਥਾਪਨਾ ਦੇ 18 ਮਹੀਨਿਆਂ ਬਾਅਦ ਅਮਰੀਕੀ ਸਾਮਰਾਜ ਦੀ ਇਸ ਲੁਕਵੀਂ ਜੰਗ ਵਿਰੁੱਧ ਸਰਕਾਰ ਦੀ ਮਦਦ ਲਈ ਸੋਵੀਅਤ ਫੌਜਾਂ 29 ਦਸੰਬਰ 1979 ਨੂੰ ਅਫ਼ਗਾਨਿਸਤਾਨ ਪਹੁੰਚੀਆਂ। ਇਹ ਚੇਤੇ ਰੱਖਣਯੋਗ ਹੈ ਕਿ ਅਫ਼ਗਾਨਿਸਤਾਨ ਦੀ ਇਸ ਲੋਕ ਪੱਖੀ ਸਰਕਾਰ ਨੂੰ ਡੇਗਣ ਲਈ ਹੀ ਅਮਰੀਕੀ ਸਾਮਰਾਜ ਨੇ ਪਹਿਲਾਂ ਮੁਜ਼ਾਹਦੀਨਾਂ, ਅਲ-ਕਾਇਦਾ ਅਤੇ ਬਾਅਦ ਵਿਚ ਤਾਲਿਬਾਨ ਨੂੰ ਪੈਦਾ ਕੀਤਾ, ਜਿਨ੍ਹਾਂ ਨੇ ਅਫਗਾਨਿਸਤਾਨ ਨੂੰ ਲਗਭਗ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ। ਅਮਰੀਕੀ ਸਾਮਰਾਜ ਅਪਣੀਆਂ ਇਨ੍ਹਾਂ ਘਿਨਾਉਣੀਆਂ ਚਾਲਾਂ ਰਾਹੀਂ 1992 ਵਿਚ ਪੀ.ਡੀ.ਪੀ. ਸਰਕਾਰ ਨੂੰ ਸੱਤਾ ਤੋਂ ਲਾਹੁਣ ਅਤੇ ਮੁਜ਼ਾਹਦੀਨ ਸਰਕਾਰ ਬਨਾਉਣ ਵਿਚ ਕਾਮਯਾਬ ਹੋ ਗਿਆ। ਭਰਿਸ਼ਟਾਚਾਰ ਅਤੇ ਅਨੈਤਿਕ ਕਾਰਵਾਈਆਂ ਕਰਕੇ ਬਦਨਾਮ ਹੋ ਗਏ ਮੁਜ਼ਾਹਦੀਨਾਂ ਨੂੰ 1996 ਵਿਚ ਗੱਦੀ ਤੋਂ ਲਾਹਕੇ ਤਾਲਿਬਾਨ ਨੇ ਸੱਤਾ ਸੰਭਾਲੀ। ਇਸ ਤਰ੍ਹਾਂ 1978 ਤੋਂ ਅਮਰੀਕੀ ਸਾਮਰਾਜ ਦੀ ਬੋਤਲ ਵਿਚੋਂ ਨਿਕਲਿਆ ਮੁਸਲਮ ਬੁਨਿਆਦਪ੍ਰਸਤੀ ਦਾ ਜਿੰਨ, ਕਿਸੇ ਨਾ ਕਿਸੇ ਰੂਪ ਵਿਚ ਨਾ ਕੇਵਲ ਅਫ਼ਗਾਨਿਸਤਾਨ ਵਿਚ ਜੰਗਾਂ ਦਾ ਸਬਬ ਬਣਕੇ ਉਸਨੂੰ ਤਬਾਹ ਕਰਦਾ ਰਿਹਾ ਬਲਕਿ ਇਸੇ ਵਰਤਾਰੇ ਨੇ ਸਮੁੱਚੇ ਮੱਧ ਪੂਰਬ ਨੂੰ ਹੀ ਆਪਣੀ ਲਪੇਟ ਵਿਚ ਲੈ ਲਿਆ। ਅਮਰੀਕੀ ਸਾਮਰਾਜ ਵਲੋਂ ਈਰਾਕ ਕੋਲ ‘ਮਨੁੱਖਤਾ ਦਾ ਘਾਣ ਕਰਨ ਵਾਲੇ ਹਥਿਆਰ’ ਹੋਣ ਦੇ ਝੂਠੇ ਬਹਾਨੇ ਹੇਠ ਉਸ ਵਿਰੁੱਧ ਕੀਤੇ ਗਏ ਤਬਾਹਕੁੰਨ ਹਮਲੇ ਨੇ ਇਸ ਵਰਤਾਰੇ ਨੂੰ ਹੋਰ ਤੇਜ਼ ਕੀਤਾ ਅਤੇ ਆਈ.ਐਸ. ਵਰਗੇ ਬਰਬਰ ਮੁਸਲਮ ਬੁਨਿਆਦਪ੍ਰਸਤ ਅੱਤਵਾਦੀ ਗਿਰੋਹ ਦਾ ਡੰਗ ਦੁਨੀਆਂ ਨੂੰ ਝੱਲਣਾ ਪਿਆ। ਹੁਣ ਇਹ ਤੱਥ ਵੀ ਜਗ ਜ਼ਾਹਿਰ ਹੋ ਗਏ ਹਨ ਕਿ ਆਈ.ਐਸ. ਵੀ ਅਮਰੀਕਾ ਦੀ ਹੀ ਪੈਦਾਇਸ਼ ਹੈ। ਅਮਰੀਕੀ ਸਾਮਰਾਜ ਦੀ ਅਫਗਾਨਿਸਤਾਨ ਤੋਂ ਸ਼ੁਰੂ ਹੋਈ ਵਿਨਾਸ਼ਕਾਰੀ ਤੇ ਮਨੁੱਖਤਾ ਦਾ ਘਾਣ ਕਰਨ ਵਾਲੀ ਇਸ ਮੁਹਿੰਮ ਦਾ ਹੀ ਸਿੱਟਾ ਹੈ ਕਿ ਕਦੇ ਰਸਦਾ-ਵੱਸਦਾ ਮੱਧ ਪੂਰਬ ਏਸ਼ੀਆਈਰਾਕ, ਸੀਰੀਆ, ਲੀਬੀਆ, ਅਫ਼ਗਾਨਿਸਤਾਨ, ਯਮਨ ਆਦਿ ਖੰਡਰ੍ਹਾਂ ਵਿਚ ਤਬਦੀਲ ਹੋ ਗਏ ਹਨ। ਮੱਧ ਪੂਰਬ ਏਸ਼ੀਆ ਦੇ ਖੁਸ਼ਹਾਲ ਲੋਕ ਅੱਜ ਜਾਂ ਤਾਂ ਅਮਰੀਕੀ ਸਾਮਰਾਜ ਤੇ ਉਸਦੇ ਨਾਟੋ ਸਹਿਯੋਗੀਆਂ ਦੀਆਂ ਹਵਾਈ ਬੰਬਾਰੀ ਮੁਹਿੰਮਾਂ ਦਾ ਸ਼ਿਕਾਰ ਬਣ ਗਏ ਹਨ ਜਾਂ ਫਿਰ ਆਪਣੇ ਆਸ਼ਿਆਨੇ ਗੁਆਕੇ, ਰਿਫਿਊਜ਼ੀ ਬਣ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਵਰਲਡ ਟਰੇਡ ਸੈਂਟਰ ਉਤੇ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ‘ਅਲ ਕਾਇਦਾ’ ਵੀ ਅਮਰੀਕੀ ਸਾਮਰਾਜ ਦੀ ਇਸੇ ਭਿਆਨਕ ਮੁਹਿੰਮ ਦੀ ਪੈਦਾਵਾਰ ਸੀ। ਇਸੇ ਮੁਹਿੰਮ ਦਾ ਤਾਜ਼ਾ ਪਰਿਣਾਮ ਹੈ ਕਿ ਅਮਰੀਕਾ ਨੂੰ ਅਫਗਾਨਿਸਤਾਨ ਵਿਚੋਂ 2 ਲੱਖ ਕਰੋੜ ਰੁਪਏ ਖਰਚਕੇ ਅਤੇ 2.5 ਲੱਖ ਦੇ ਕਰੀਬ ਜਾਨਾਂ ਦੀ ਬਲੀ ਦੇ ਕੇ ਭੱਜਣਾ ਪਿਆ ਪੈ ਰਿਹਾ ਹੈ।
ਪੀਡੀਪੀ ਦੀ ਅਗਵਾਈ ਵਿਚ ਹੋਇਆ ਸੌਰ ਇਨਕਲਾਬ ਵੀ ਕਈ ਉਤਰਾਆਂ-ਚੜ੍ਹਾਵਾਂ ਦਾ ਸ਼ਿਕਾਰ ਹੁੰਦਾ ਹੋਇਆ 1992 ਵਿਚ ਅਮਰੀਕੀ ਸਾਮਰਾਜ ਦੀ ਦਖਲਅੰਦਾਜ਼ੀ ਨਾਲ ਤਾਲਿਬਾਨ ਵਲੋਂ ਲੋਕਾਂ ਵਿਰੁੱਧ ਚਲਾਈ ਗਈ ਜੰਗ ਦਾ ਸ਼ਿਕਾਰ ਹੋ ਕੇ ਢਹਿ ਢੇਰੀ ਹੋ ਗਿਆ। ਇੱਥੇ ਇਹ ਵੀ ਨੋਟ ਕਰਨਯੋਗ ਹੈ ਕਿ 1988 ਵਿਚ ਸੋਵੀਅਤ ਫੌਜਾਂ ਦੇ ਵਾਪਸ ਚਲੇ ਜਾਣ ਦੇ 4 ਸਾਲ ਬਾਅਦ ਤੱਕ ਦੇਸ਼ ਵਿਚ ਲੋਕ ਪੱਖੀ ਸਰਕਾਰ ਕਾਇਮ ਰਹੀ ਜੋ ਅਮਰੀਕੀ ਸ਼ਹਿ ਪ੍ਰਾਪਤ ਮੁਜ਼ਾਹਦੀਨਾਂ ਨਾਲ ਡੱਟਵੀਂ ਟੱਕਰ ਲੈਂਦੀ ਰਹੀ ਅਤੇ ਇਸਦੀਆਂ ਫੌਜੀ ਮੁਹਿੰਮਾਂ ਵਿਚ ਇਸਤਰੀਆਂ ਦੀਆਂ ਫੌਜੀ ਟੁਕੜੀਆਂ ਨੇ ਉਘੀ ਭੂਮਿਕਾ ਨਿਭਾਈ। ਇੱਥੇ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਲੋਕ ਪੱਖੀ ਸਰਕਾਰ ਦੀ ਅਗਵਾਈ ਕਰਨ ਵਾਲੀ ਪਾਰਟੀ ਪੀਡੀਪੀ ਵਿਚ ਖੱਬੇ ਪੱਖੀਆਂ ਦੇ ਦੋ ਧੜੇ ‘ਖ਼ਲਕ’ ਤੇ ‘ਪਰਚਮ’ ਸਨ, ਜਿੰਨ੍ਹਾਂ ਦੇ ਆਪਸੀ ਅੰਤਰ ਵਿਰੋਧਾਂ ਨੇ ਵੀ ਇਸ ਸਰਕਾਰ ਨੂੰ ਅਸਥਿਰ ਕਰਨ ਵਿਚ ਆਪਣਾ ਯੋਗਦਾਨ ਪਾਇਆ। 1979 ਵਿਚ ਨੂਰ ਮੁਹੰਮਦ ਤਰਾਕੀ ਨੂੰ ਲਾਹਕੇ ਹਫੀਜ਼ੁਲਾਹ ਅਮੀਨ ਦੇਸ਼ ਦੇ ਮੁਖੀ ਬਣੇ ਤੇ 1979 ਵਿਚ ਸੋਵੀਅਤ ਫੌਜ ਦੇ ਦਾਖਲੇ ਸਮੇਂ ਬਬਰਕ ਕਰਮਾਲ ਅਤੇ 1986 ਤੋਂ 1992 ਤੱਕ ਡਾਕਟਰ ਮੁਹੰਮਦ ਨਜ਼ੀਬਉਲਾੱਹ ਇਸ ਲੋਕ ਪੱਖੀ ਸਰਕਾਰ ਦੇ ਮੁਖੀ ਰਹੇ ਸਨ। ਤਾਲਿਬਾਨ ਵਲੋਂ ਸੱਤਾ ਤੋਂ ਲਾਹੇ ਜਾਣ ਪਿਛੋਂ, ਨਜ਼ੀਬਉਲਾੱਹ ਨੇ ਸੰਯੁਕਤ ਰਾਸ਼ਟਰ ਦੇ ਸਥਾਨਕ ਦਫਤਰ ਵਿਚ ਪਨਾਹ ਲਈ ਜਿੱਥੇ 4 ਸਾਲ ਬਾਅਦ 27 ਸਿਤੰਬਰ 1996 ਨੂੰ ਤਾਲਿਬਾਨ ਨੇ ਉਨ੍ਹਾਂ ਨੂੰ ਬਹੁਤ ਹੀ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ।
ਇਸ ਵਾਰ ਕਾਬਲ ਉਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀ ਆਗੂ ਆਪਣੇ ਆਪ ਨੂੰ ਪਹਿਲਾਂ ਦੇ ਮੁਕਾਬਲੇ ਉਦਾਰਵਾਦੀ ਰੂਪ ਵਿਚ ਪੇਸ਼ ਕਰਨ ਦਾ ਯਤਨ ਕਰ ਰਹੇ ਹਨ। ਦੇਸ਼ ਵਿਚ ਪਿਛਲੀ ਸਰਕਾਰ ਦੇ ਕਾਰਜਕਾਲ ਵਿਚ ਸੇਵਾਵਾਂ ਦਿੰਦੇ ਰਹੇ ਕਰਮਚਾਰੀਆਂ ਤੇ ਹੋਰ ਲੋਕਾਂ ਨੂੰ ਮਾਫ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਔਰਤਾਂ ਦੇ ਹੱਕਾਂ ਦੀ ਕਾਇਮੀ ਦੀ ਗੱਲ ਕੀਤੀ ਜਾ ਰਹੀ ਹੈ। ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਉਹ ਦੇਸ਼ ਦੀਆਂ ਵੱਖ-ਵੱਖ ਰਾਜਸੀ ਧਿਰਾਂ ਨਾਲ ਗੱਲ ਕਰ ਰਹੇ ਹਨ। ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਜਿਵੇਂ ਕਿ ਉਹ ਸਰਬਸੰਮਤ ਸਰਕਾਰ ਬਨਾਉਣਾ ਚਾਹੁੰਦੇ ਹੋਣ। ਪਰ ਉਨ੍ਹਾਂ ਵਲੋਂ ਕੀਤ ਗਏ ਐਲਾਨ ਕਿ ਅਮਰੀਕੀ ਫੌਜਾਂ ਦੇ ਪੂਰਣ ਰੂਪ ਵਿਚ ਨਿਕਲਣ ਤੋਂ ਬਾਅਦ ਉਹ ਦੇਸ਼ ਵਿਚ ‘ਇਸਲਾਮਕ ਅਫ਼ਗਾਨ ਅਮੀਰਾਤ’ ਸਰਕਾਰ ਦਾ ਗਠਨ ਕਰਨਗੇ ਤੋਂ ਉਨ੍ਹਾਂ ਦੀ ਮੰਸ਼ਾ ਅਤੇ ਕਾਰਜਸ਼ੈਲੀ ਸਬੰਧੀ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।
ਤਾਲਿਬਾਨਾਂ ਵਲੋਂ ਵਿਰੋਧੀਆਂ ਨੂੰ ਟਾਰਗੈਟ ਕਰਨ ਲਈ ਘਰ-ਘਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਔਰਤਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ’ਤੇ ਆਉਣ ਤੋਂ ਵਰਜਿਆ ਤੇ ਇਸਲਾਮੀ ਪੁਸ਼ਾਕ ਪਹਿਨਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਟੀ.ਵੀ. ਐਂਕਰਾਂ ਵਜੋਂ ਕੰਮ ਕਰ ਰਹੀਆਂ ਤੇ ਪੱਤਰਕਾਰ ਇਸਤਰੀਆਂ ਨੂੰ ਕੰਮ ਕਰਨ ਤੋਂ ਜ਼ਬਰੀ ਰੋਕ ਦਿੱਤਾ ਗਿਆ ਹੈ। ਇਸ ਸਭ ਨਾਲ ਤਾਲਿਬਾਨ ਦਾ ਅਸਲੀ ਰੰਗ ਉਜਾਗਰ ਹੋ ਗਿਆ ਹੈ ਤੇ ਉਨ੍ਹਾਂ ਦਾ ਅਖੌਤੀ ਉਦਾਰਵਾਦੀ ਚਿਹਰਾ ਬੇਨਕਾਬ ਹੁੰਦਾ ਜਾ ਰਿਹਾ ਹੈ। 1996 ਤੋਂ 2001 ਤੱਕ ਦੇ ਉਨ੍ਹਾਂ ਦੇ ਰਾਜ-ਭਾਗ ਵੇਲੇ ਦੀਆਂ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀਆਂ ਭਿਆਨਕ ਯਾਦਾਂ ਮੁੜ ਉਥੋਂ ਦੇ ਲੋਕਾਂ ਦੇ ਜ਼ਿਹਨਾਂ ਵਿਚ ਦਸਤਕ ਦੇ ਰਹੀਆਂ ਹਨ, ਜਦੋਂ ਸ਼ਰੀਆ ਅਧਾਰਤ ਵਿਧੀ ਵਿਧਾਨ ਅਧੀਨ ਦੇਸ਼ ਨੂੰ ਮੱਧਕਾਲੀਨ ਯੁੱਗ ਵੱਲ ਧੱਕ ਦਿੱਤਾ ਗਿਆ ਸੀ। ਖਾਸ ਕਰਕੇ ਔਰਤਾਂ ਨਾਲ ਉਸ ਦੌਰ ਵਿਚ ਹੋਏ ਵਿਵਹਾਰ ਨੇ ਤਾਂ ਦੇਸ਼ ਹੀ ਹਰ ਇਸਤਰੀ ਨੂੰ ਹੀ ਭੈਅਭੀਤ ਕਰ ਦਿੱਤਾ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਰਾਨ ਤੇ ਇਸਲਾਮ ਦੀ ਸ਼ਰੀਅਤ ਮੁਤਾਬਕ ਕਿਸੇ ਵੀ ਤਰ੍ਹਾਂ ਦਾ ਨਸ਼ਾ ਹਰਾਮ ਹੈ ਪਰੰਤੁ ਤਾਲਿਬਾਨ ਦੀ ਕਮਾਈ ਦਾ ਮੁੱਖ ਸਾਧਨ ਅਫਗਾਨਿਸਤਾਨ ਵਿਚ ਹੁੰਦੀ ਅਫੀਮ ਦੀ ਖੇਤੀ ਤੇ ਹਸ਼ੀਸ਼ ਦੀ ਸਮਗਲਿੰਗ ਹੈ। ਪਿਛਲੇ ਸਾਲ ਹੀ ਉਨ੍ਹਾਂ ਨੇ ਇਨ੍ਹਾਂ ਨਸ਼ਿਆਂ ਦੇ ਗੈਰਕਾਨੂੰਨੀ ਵਪਾਰ ਤੋਂ 41 ਕਰੋੜ 60 ਲੱਖ ਅਮਰੀਕੀ ਡਾਲਰ ਕਮਾਏ ਹਨ ਅਤੇ ਦੁਨੀਆਂ ਭਰ ਵਿਚ ਲੱਖਾਂ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਕੀਤੀਆਂ ਹਨ।
ਜਦੋਂ ਤੋਂ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਹੀ ਕਾਬੁਲ ਹਵਾਈ ਅੱਡੇ ਤੋਂ ਹਜ਼ਾਰਾਂ ਦੀ ਤਦਾਦ ਵਿਚ ਅਫ਼ਗਾਨ ਨਾਗਰਿਕ ਦੇਸ਼ ਛੱਡਣ ਲਈ ਜੀਅ-ਤੋੜ ਯਤਨ ਕਰ ਰਹੇ ਹਨ। ਪਿਛਲੇ ਦਿਨੀਂ ਅਮਰੀਕੀ ਹਵਾਈ ਜਹਾਜ ਨਾਲ ਲਮਕ ਕੇ ਦੇਸ਼ ਛੱਡਣ ਦਾ ਯਤਨ ਕਰਨ ਵਾਲੇ 3 ਲੋਕਾਂ ਦੀ ਦਰਦਨਾਕ ਮੌਤ ਵੀ ਹੋਈ ਹੈ, ਜਿਨ੍ਹਾਂ ਵਿਚ ਇਕ ਕੌਮੀ ਪੱਧਰ ਦਾ ਫੁਟਬਾਲਰ ਵੀ ਸੀ। ਅਮਰੀਕਾ ਤੇ ਉਸਦੇ ਨਾਟੋ ਸਹਿਯੋਗੀ ਤਾਂ ਆਪਣੇ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਵਿਚ ਹੀ ਦਿਲਚਸਪੀ ਰੱਖਦੇ ਹਨ, ਜਦਕਿ ਉਨ੍ਹਾਂ ਲਈ 20 ਸਾਲ ਕੰਮ ਕਰਦੇ ਰਹੇ ਲੱਖਾਂ ਅਫ਼ਗਾਨ ਨਾਗਰਿਕਾਂ ਨੂੰ ਤਾਂ ਉਹ ਤਾਲਿਬਾਨੀ ਬਘਿਆੜਾਂ ਹੱਥੋਂ ਤਸੀਹੇ ਦੇ ਦੇ ਕੇ ਜ਼ਿਬਾਹ ਹੋਣ ਲਈ ਛੱਡ ਕੇ ਪੱਤਰੇ ਵਾਚ ਗਏ ਹਨ।
ਸੰਯੁਕਤ ਰਾਸ਼ਟਰ ਵਲੋਂ ਤਾਲਿਬਾਨ ਨੂੰ ਨਾਗਰਿਕਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਹੈ ਅਤੇ ਦੂਜੇ ਦੇਸ਼ਾਂ ਨੂੰ ਵੀ ਇਸ ਲਈ ਦਬਾਅ ਬਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਤਾਲਿਬਾਨ ਇਸ ਅਪੀਲ ਪ੍ਰਤੀ ਕਿੰਨਾ ਕੁ ਹਾਂ ਪੱਖੀ ਹੁੰਗਾਰਾ ਭਰਦੇ ਹਨ! ਬਹਰਹਾਲ ਉਨ੍ਹਾਂ ਦੇ ਵਤੀਰੇ ਅਤੇ ਹਾਵ-ਭਾਵ ਹਾਂ ਕੁੱਝ ਹੋਰ ਹੀ ਡਰਾਉਣੇ ਸੰਕੇਤ ਦੇ ਰਹੇ ਹਨ। ਭਾਰਤ ਦੀ ਮੌਜੂਦਾ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਆਪ ਤਾਂ ਅਜੇ ਤੱਕ ਤਾਲਿਬਾਨ ਦਾ ਸਿੱਧਾ ਨਾਂਅ ਲੈਣ ਤੋਂ ਵੀ ਗੁਰੇਜ਼ ਕਰ ਰਹੇ ਹਨ, ਪਰ ਉਨ੍ਹਾਂ ਦੇ ਹਿੰਦੂ ਬੁਨਿਆਦਪ੍ਰਸਤ ਭਾਈਬੰਦ ਤੇ ਕਥਿਤ ‘ਨਾਗਪੁਰੀ ਮਾਰਗ ਦਰਸ਼ਕ’ ਇਸ ਵਰਤਾਰੇ ਨੂੰ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਤੇ ਫਿਰਕੂ ਵੰਡ ਤਿੱਖੀ ਕਰਨ ਲਈ ਇਕ ਸੁਨਹਿਰੀ ਮੌਕੇ ਵਜੋਂ ਵਰਤ ਰਹੇ ਹਨ। ਅਫ਼ਗਾਨਿਸਤਾਨ ਵਿਚ ਇਕੋ-ਇਕ ਰੌਸ਼ਨੀ ਦੀ ਜੋ ਕਿਰਨ ਦਿਸਦੀ ਹੈ ਉਹ ਹੈ ਉਥੋਂ ਦੇ ਸਥਾਨਕ ਲੋਕਾਂ ਵਲੋਂ ਤਾਲਿਬਾਨ ਦੇ ਖ਼ੌਫ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਦੀਆਂ ਬੰਦੂਕਾਂ ਦੀ ਪਰਵਾਹ ਨਾ ਕਰਦੇ ਹੋਏ ਕੀਤੇ ਜਾ ਰਹੇ ਮੁਜ਼ਾਹਰੇ। 19 ਅਗਸਤ ਨੂੰ ਅਫਗਾਨਿਸਤਾਨ ਦਾ ਆਜ਼ਾਦੀ ਦਿਵਸ ਸੀ। ਇਸ ਮੌਕੇ ’ਤੇ ਰਾਜਧਾਨੀ ਕਾਬੁਲ, ਅਸ਼ਦਾਬਾਦ, ਜਲਾਲਾਬਾਦ ਅਤੇ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿਚ ਅਫਗਾਨ ਨਾਗਰਿਕਾਂ ਵਲੋਂ ਕੌਮੀ ਝੰਡਾ ਫਹਿਰਾ ਦਿੱਤਾ ਗਿਆ। ਅਜਿਹੇ ਕਈ ਮੁਜ਼ਾਹਰਿਆਂ ਦੀ ਸੋਸ਼ਲ ਮੀਡੀਆ ’ਤੇ ਅਪਲੋਡ ਵੀਡਿਓ ਘੁੰਮ ਰਹੀ ਹੈ ਜਿਸ ਵਿਚ ‘ਰਿਪਬਲਿਕ ਆਫ ਅਫ਼ਗਾਨਿਸਤਾਨ’ ਦਾ ਕਾਲਾ-ਲਾਲ ਤੇ ਹਰਾ ਝੰਡਾ ਚੁੱਕੀ ਇਸਤਰੀਆਂ-ਮਰਦ ‘ਸਾਡਾ ਕੌਮੀ ਝੰਡਾ, ਸਾਡੀ ਪਛਾਣ’ ਜਿਹੇ ਨਾਅਰੇ ਲਾਉਂਦੇ ਦਿੱਸ ਰਹੇ ਹਨ। ਇਕ ਔਰਤ ਨੇ ਇਹ ਝੰਡਾ ਆਪਣੇ ਦੁਆਲੇ ਲਪੇਟਿਆ ਹੋਇਆ ਸੀ ਤੇ ‘ਅਲੱਾਹ ਹੂ ਅਕਬਰ’ ਦਾ ਨਾਅਰਾ ਲਗਾ ਰਹੀ ਸੀ। ਪੰਜਸ਼ੀਰ ਘਾਟੀ, ਜਿੱਥੋਂ ਦੀ ਬਹੁ-ਗਿਣਤੀ ਵਸੋਂ ਤਾਜ਼ਿਕ ਨਸਲ ਨਾਲ ਸਬੰਧਤ ਹੈ ਅਤੇ ਜੋ ਸਦਾ ਹੀ ਬਾਹਰੀ ਹਮਲਾਵਰਾਂ ਦੀ ਕਬਰਗਾਹ ਬਣਦੀ ਰਹੀ ਹੈ, ਤਾਲਿਬਾਨੀ ਹਕੂਮਤ ਲਈ ਨਵੀਂ, ਵੱਡੀ ਚੁਣੌਤੀ ਬਨਣ ਜਾ ਰਹੀ ਹੈ। ਇੱਥੋਂ ਦੇ ਮਰਹੂਮ ਗੁਰੀਲਾ ਆਗੂ ਅਹਿਮਦ ਸ਼ਾਹ ਮਸੂਦ ਦੇ ਨੌਜਵਾਨ ਬੇਟੇ ਅਹਿਮਦ ਮਸੂਦ ਅਤੇ ਪਿਛਲੀ ਸਰਕਾਰ ਦੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੀ ਅਗਵਾਈ ਵਿੱਚ ਤਾਲਿਬਾਨ ਵਿਰੋਧੀ ਇਕੱਠੇ ਹੋ ਰਹੇ ਹਨ। ਇਨ੍ਹਾਂ ਨੇ ਸਾਰੀਆਂ ਤਾਲਿਬਾਨ ਵਿਰੋਧੀ ਤਾਕਤਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਤਾਲਿਬਾਨ ਨੂੰ ਠੱਲ੍ਹ ਪਾਉਣ ਦੀਆਂ ਚਾਹਵਾਨ ਕੌਮਾਂਤਰੀ ਸ਼ਕਤੀਆਂ ਨੂੰ ਇਮਦਾਦ ਦੀ ਅਪੀਲ ਕੀਤੀ ਹੈ। (25-8-2021)

Scroll To Top