(ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ (28 ਸਤੰਬਰ) ਮੌਕੇ ਅਸੀਂ ਉਨ੍ਹਾਂ ਦਾ ਬਰਤਾਨਵੀ ਹਿੰਦੋਸਤਾਨ ਦੀ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਕਰਨ ਦੇ ਦੋਸ਼ ਵਿਚ 27 ਫਰਵਰੀ 1926 ਦੇ ਦਿਨ ਫਾਂਸੀ ਲਾ ਕੇ ਸ਼ਹੀਦ ਕੀਤੇ ਗਏ 6 ਬੱਬਰ ਅਕਾਲੀ ਸੂਰਬੀਰਾਂ ਬਾਰੇ ਲਿਖਿਆ ਲੇਖ ਛਾਪ ਰਹੇ ਹਾਂ। ਇਹ ਛੇ ਸੂਰਬੀਰ ਕਿਸ਼ਨ ਸਿੰਘ ਗੜਗੱਜ (ਪਿੰਡ ਵੜਿੰਗ, ਜ਼ਿਲ੍ਹਾ ਜਲੰਧਰ), ਭਾਈ ਸੰਤਾ ਸਿੰਘ (ਪਿੰਡ ਹਰਿਆਉ ਖੁਰਦ, ਜ਼ਿਲ੍ਹਾ ਲੁਧਿਆਣਾ), ਭਾਈ ਨੰਦ ਸਿੰਘ (ਪਿੰਡ ਘੁੜਿਆਲ, ਜ਼ਿਲ੍ਹਾ ਜਲੰਧਰ), ਭਾਈ ਕਰਮ ਸਿੰਘ (ਪਿੰਡ ਮਣਕੋ, ਜ਼ਿਲ੍ਹਾ ਜਲੰਧਰ), ਭਾਈ ਧਰਮ ਸਿੰਘ (ਪਿੰਡ ਹਯਾਤਪੁਰ, ਜ਼ਿਲ੍ਹਾ ਹੁਸ਼ਿਆਰਪੁਰ) ਅਤੇ ਨੌਜਵਾਨ ਦਲੀਪ ਸਿੰਘ ਉਰਫ ਦਲੀਪਾ (ਪਿੰਡ ਧਾਮੀਆਂ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ) ਸਨ। ਭਗਤ ਸਿੰਘ ਅਪ੍ਰੈਲ 1924 ਵਿਚ ਜੈਤੋ ਮੋਰਚੇ ਵਿਚ ਹਿੱਸਾ ਲੈਣ ਜਾ ਰਹੇ ਲਾਇਲਪੁਰ ਜ਼ਿਲ੍ਹੇ ਦੇ ਅਕਾਲੀ ਸ਼ਹੀਦੀ ਜਥੇ ਦੀ ਸੇਵਾ ਕਰਨ ਦੇ ਦੋਸ਼ ਵਿਚ ਨਿਕਲੇ ਗਿ੍ਰਫਤਾਰੀ ਵਾਰੰਟਾਂ ਤੋਂ ਬਚਣ ਵਾਸਤੇ ਕਾਨ੍ਹਪੁਰ ਰਹਿ ਕੇ ਅਖਬਾਰ ‘ਪਰਤਾਪ’ ਲਈ ਕੰਮ ਕਰ ਰਹੇ ਸਨ ਜੋ ਦੇਸ਼ ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਵੱਲੋਂ ਕੱਢਿਆ ਜਾ ਰਿਹਾ ਸੀ। ਭਗਤ ਸਿੰਘ ਨੇ ਬੱਬਰਾਂ ਨੂੰ ਸ਼ਹੀਦ ਕੀਤੇ ਜਾਣ ਤੋਂ ਦੋ ਹਫਤੇ ਪਿੱਛੋਂ ‘ਪਰਤਾਪ’ ਦੇ 15 ਮਾਰਚ 1926 ਦੇ ਅੰਕ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ‘ਪੰਜਾਬੀ ਯੁਵਕ’ ਦੇ ਨਾਉਂ ਹੇਠ ਇਹ ਲੇਖ ਲਿਖਿਆ ਸੀ। – ਸੰਪਾਦਕੀ ਮੰਡਲ)
ਹੋਲ਼ੀ ਵਾਲ਼ੇ ਦਿਨ, 27 ਫਰਵਰੀ ਨੂੰ ਜਦ ਅਸੀਂ ਖੇਡਣ ਮੱਲ੍ਹਣ ਵਿੱਚ ਰੁੱਝੇ ਹੋਏ ਸਾਂ ਉਸ ਵੇਲੇ ਇਸ ਵਿਸ਼ਾਲ ਸੂਬੇ ਦੇ ਇੱਕ ਕੋਨੇ ਵਿੱਚ ਇਹ ਜ਼ਬਰਦਸਤ ਕਾਂਡ ਕੀਤਾ ਜਾ ਰਿਹਾ ਸੀ। ਸੁਣੋਗੇ ਤਾਂ ਡਰ ਜਾਓਗੇ। ਕੰਬ ਉੱਠੋਗੇ। ਲਾਹੌਰ ਸੈਂਟਰਲ ਜੇਲ੍ਹ ਵਿੱਚ ਠੀਕ ਉਸੇ ਦਿਨ 6 ਬੱਬਰ ਅਕਾਲੀ ਫ਼ਾਂਸੀ ਉੱਤੇ ਲਟਕਾ ਦਿੱਤੇ ਗਏ- ਕਿਸ਼ਨ ਸਿੰਘ ਗੜਗੱਜ ਜੀ, ਸੰਤ ਸਿੰਘ ਜੀ, ਦਲੀਪ ਸਿੰਘ ਜੀ, ਨੰਦ ਸਿੰਘ ਜੀ, ਕਰਮ ਸਿੰਘ ਜੀ, ਧਰਮ ਸਿੰਘ ਜੀ। ਲਗਭਗ ਦੋ ਵਰ੍ਹਿਆਂ ਤੋਂ ਆਪਣੇ ਇਸ ਜ਼ੁਰਮ ਹੇਠ ਜੋ ਲਾਪਰਵਾਹੀ ਦਿਖਾ ਰਹੇ ਸਨ ਉਸ ਤੋਂ ਇਹ ਜਾਣਿਆ ਜਾ ਸਕਦਾ ਸੀ ਕਿ ਉਹ ਉਸ ਦਿਨ ਦੀ ਉਡੀਕ ਕਿੰਨੇ ਚਾਅ ਨਾਲ਼ ਕਰਦੇ ਸਨ। ਮਹੀਨਿਆਂ ਬਾਅਦ ਜੱਜ ਨੇ ਫੈਸਲਾ ਸੁਣਾਇਆ। ਪੰਜ ਨੂੰ ਫ਼ਾਂਸੀ, ਬਹੁਤਿਆਂ ਨੂੰ ਕਾਲੇ ਪਾਣੀ, ਦੇਸ਼ ਨਿਕਾਲਾ ਅਤੇ ਲੰਬੀਆਂ ਕੈਦਾਂ। ਸਾਰੇ ਗਰਜ਼ ਉੱਠੇ। ਉਹਨਾਂ ਅਕਾਸ਼ ਨੂੰ ਆਪਣੇ ਨਾਅਰਿਆਂ ਨਾਲ਼ ਗੂੰਜਾ ਦਿੱਤਾ। ਅਪੀਲ ਹੋਈ, ਪੰਜ ਦੀ ਥਾਂ ਛੇ ਮੌਤ ਦੀ ਸਜ਼ਾ ਦੇ ਭਾਗੀ ਬਣੇ। ਉਸ ਦਿਨ ਖ਼ਬਰ ਪੜ੍ਹੀ ਕਿ ਰਹਿਮ ਲਈ ਅਪੀਲ ਕੀਤੀ ਹੈ। ਪੰਜਾਬ ਗਵਰਨਰ ਨੇ ਐਲਾਨ ਕੀਤਾ ਕਿ ਅਜੇ ਫ਼ਾਂਸੀ ਨਹੀਂ ਦਿੱਤੀ ਜਾਵੇਗੀ।
ਉਡੀਕ ਸੀ, ਪਰ ਚਾਣਚੱਕ ਕੀ ਵੇਖਦੇ ਹਾਂ ਕਿ ਹੋਲ਼ੀ ਵਾਲ਼ੇ ਦਿਨ ਗ਼ਮ ਵਿੱਚ ਡੁੱਬੇ ਲੋਕਾਂ ਦਾ ਇੱਕ ਇਕੱਠ ਉਨ੍ਹਾਂ ਬਹਾਦਰਾਂ ਦੇ ਮਿ੍ਰਤਕ ਸਰੀਰਾਂ ਨੂੰ ਸ਼ਮਸ਼ਾਨ ਨੂੰ ਲਈ ਜਾ ਰਿਹਾ ਹੈ। ਚੁੱਪ-ਚਾਪ ਉਨ੍ਹਾਂ ਦੀ ਅੰਤਮ ਕਿ੍ਰਆ ਹੋ ਗਈ।
ਸ਼ਹਿਰ ਵਿੱਚ ਉਹੀ ਚਹਿਲ-ਪਹਿਲ ਸੀ। ਆਉਣ-ਜਾਣ ਵਾਲ਼ਿਆਂ ’ਤੇ ਉਵੇਂ ਹੀ ਰੰਗ ਸੁੱਟਿਆ ਜਾ ਰਿਹਾ ਸੀ। ਕੇਹੀ ਵੱਡੀ ਲਾਪ੍ਰਵਾਹੀ ਸੀ। ਜੇ ਉਹ ਰਾਹੋਂ ਥਿੜਕੇ ਹੋਏ ਸਨ ਤਾਂ ਹੋਣ ਦਿਉ, ਜੇ ਪਾਗਲ ਸਨ ਤਾਂ ਹੋਣ ਦਿਉ। ਉਹ ਨਿੱਡਰ ਦੇਸ਼ ਭਗਤ ਤਾਂ ਸਨ ਉਨ੍ਹਾਂ ਨੇ ਜੋ ਕੁਝ ਵੀ ਕੀਤਾ ਸੀ’ ਉਹ ਅਨਿਆਂ ਨਾ ਸਹਾਰ ਸਕੇ, ਦੇਸ਼ ਦੀ ਢਹਿੰਦੀ ਹਾਲਤ ਨਾ ਵੇਖ ਸਕੇ, ਨਿਰਬਲਾਂ ਉੱਤੇ ਕੀਤੇ ਜਾਣ ਵਾਲ਼ੇ ਜ਼ੁਲਮ ਉਹਨਾਂ ਲਈ ਅਸਹਿ ਹੋ ਗਏ, ਆਮ ਲੋਕਾਈ ਦੀ ਲੁੱਟ-ਖਸੁੱਟ ਉਹਨਾਂ ਕੋਲ਼ੋਂ ਸਹਾਰੀ ਨਾ ਗਈ। ਉਹਨਾਂ ਨੇ ਲਲਕਾਰਿਆ ਅਤੇ ਉਹ ਕੁੱਦ ਪਏ ਕਰਮ ਖੇਤਰ ਵਿੱਚ। ਉਹ ਸਜੀਵ ਸਨ, ਉਹ ਸੁਹਿਰਦ ਸਨ। ਕਰਮ ਖੇਤਰ ਵਿੱਚ ਜੂਝਣ ਵਾਲ਼ੇ-ਧੰਨ ਹੈ ਤੂੰ! ਮੌਤ ਤੋਂ ਬਾਅਦ ਦੋਸਤ ਦੁਸ਼ਮਣ ਸਭ ਬਰਾਬਰ ਹੋ ਜਾਂਦੇ ਹਨ। ਇਹ ਆਦਰਸ਼ ਹੈ ਬਹਾਦਰ ਬੰਦਿਆਂ ਦਾ। ਜੇ ਉਹਨਾਂ ਕੋਈ ਘਿ੍ਰਣਤ ਕੰਮ ਕੀਤਾ ਹੋਵੇ ਤਾਂ ਵੀ ਆਪਣੇ ਦੇਸ਼ ਦੇ ਚਰਨਾਂ ਵਿੱਚ ਜਿਸ ਦਲੇਰੀ ਅਤੇ ਤੱਤਪਰਤਾ ਨਾਲ਼ ਉਨ੍ਹਾਂ ਆਪਣੇ ਪ੍ਰਾਣ ਚੜ੍ਹਾ ਦਿੱਤੇ ਉਸ ਨੂੰ ਵੇਖਦਿਆਂ ਹੋਇਆਂ ਤਾਂ ਉਹਨਾਂ ਦੀ ਪੂਜਾ ਹੋਣੀ ਚਾਹੀਦੀ ਸੀ। ਸ਼੍ਰੀ ਟੈਗਰਟ, ਵਿਰੋਧੀ ਦਲ ਦੇ ਹੁੰਦਿਆਂ ਹੋਇਆਂ ਵੀ ਯਤਿੰਦਰ ਮੁਕਰਜੀ, ਬੰਗਾਲ ਦੇ ਵੀਰ ਇਨਕਲਾਬੀ ਦੀ ਮੌਤ ਉੱਤੇ ਅਫਸੋਸ ਜ਼ਾਹਰ ਕਰਦੇ ਹੋਏ, ਉਹਨਾਂ ਦੀ ਬੀਰਤਾ, ਦੇਸ਼ ਪ੍ਰੇਮ ਅਤੇ ਕਰਮਸ਼ੀਲਤਾ ਦੀ ਖੁੱਲ੍ਹੇ ਦਿਲ ਨਾਲ਼ ਪ੍ਰਸ਼ੰਸਾ ਕਰ ਸਕਦੇ ਹਨ, ਪਰ ਅਸੀਂ ਕਾਇਰ ਨਰ-ਪਸ਼ੂ ਇੱਕ ਬਿੰਦ ਲਈ ਵੀ ਐਸ਼-ਅਰਾਮ ਛੱਡ ਕੇ ਬਹਾਦਰਾਂ ਦੀ ਮੌਤ ਉੱਤੇ ਆਹ ਭਰਨ ਦਾ ਹੌਸਲਾ ਨਹੀਂ ਕਰਦੇ। ਕਿੰਨੀ ਨਿਰਾਸ਼ਾਜਨਕ ਗੱਲ ਹੈ। ਉਹਨਾਂ ਗਰੀਬਾਂ ਦਾ ਅਪਰਾਧ ਜੋ ਨੌਕਰਸ਼ਾਹੀ ਦੀ ਨਜ਼ਰ ਵਿੱਚ ਸੀ ਉਸ ਦੀ ਸਜ਼ਾ ਮਿਲ਼ ਗਈ। ਇਸ ਭਿਆਨਕ ਦੁਖਾਂਤ ਨਾਟਕ ਦੀ ਇੱਕ ਹੋਰ ਝਾਕੀ ਖਤਮ ਹੋ ਗਈ। ਅਜੇ ਇਸ ਨਾਟਕ ਦਾ ਆਖ਼ਰੀ ਪਰਦਾ ਨਹੀਂ ਡਿੱਗਿਆ। ਨਾਟਕ ਅੱਗੇ ਕੁਝ ਦਿਨ ਹੋਰ ਭਿਆਨਕ ਦਿ੍ਰਸ਼ ਦਿਖਾਲੇਗਾ। ਕਹਾਣੀ ਲੰਬੀ ਹੈ ਸੁਣਨ ਲਈ ਜਰਾ ਦੂਰ ਪਿੱਛੇ ਤੀਕ ਜਾਣਾ ਪਵੇਗਾ।
ਨਾਫ਼ਰਮਾਨੀ ਲਹਿਰ ਪੂਰੇ ਜੋਬਨ ਉੱਤੇ ਸੀ। ਪੰਜਾਬ ਕਿਸੇ ਨਾਲ਼ੋਂ ਪਿੱਛੇ ਨਹੀਂ ਰਿਹਾ। ਪੰਜਾਬ ਵਿੱਚ ਸਿੱਖ ਉੱਠੇ। ਘੂਕ ਨੀਂਦਰ ਤੋਂ ਉੱਠੇ ਅਤੇ ਉੱਠੇ ਵੀ ਪੂਰੇ ਜ਼ੋਰਾਂ ਨਾਲ਼। ਅਕਾਲੀ ਲਹਿਰ ਸ਼ੁਰੂ ਹੋਈ, ਸ਼ਹੀਦੀਆਂ ਦੀ ਝੜੀ ਲੱਗ ਗਈ। ਮਾਸਟਰ ਮੋਤਾ ਸਿੰਘ, ਖਾਲਸਾ ਮਿਡਲ ਸਕੂਲ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿਛਲੇ ਹੈੱਡਮਾਸਟਰ ਨੇ ਇੱਕ ਤਕਰੀਰ ਕੀਤੀ। ਉਹਨਾਂ ਦੇ ਵਰੰਟ ਨਿਕਲੇ। ਪਰ ਬਾਦਸ਼ਾਹ ਦੀ ਪ੍ਰਾਹੁਣਾਚਾਰੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀਆਂ ਤਕਰੀਰਾਂ ਫਿਰ ਵੀ ਹੁੰਦੀਆਂ ਰਹੀਆਂ। ਕੋਟ ਫਤੂਹੀ ਨਾਂ ਦੇ ਇੱਕ ਪਿੰਡ ਵਿੱਚ ਭਾਰੀ ਦਿਵਾਨ ਸਜਿਆ। ਪੁਲਿਸ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ। ਫਿਰ ਵੀ ਮਾਸਟਰ ਮੋਤਾ ਸਿੰਘ ਨੇ ਤਕਰੀਰ ਕੀਤੀ। ਅਖੀਰ ਪ੍ਰਧਾਨ ਦੀ ਆਗਿਆ ਨਾਲ਼ ਸਾਰੇ ਸਰੋਤੇ ਉੱਠ ਪਏ। ਮਾਸਟਰ ਜੀ ਵੀ ਪਤਾ ਨਹੀਂ ਕਿਧਰ ਗਏ। ਬਹੁਤ ਦਿਨ ਇਸ ਤਰ੍ਹਾਂ ਹੀ ਲੁਕਣ ਮੀਟੀ ਖੇਡੀ ਜਾਂਦੀ ਰਹੀ। ਸਰਕਾਰ ਨੂੰ ਬੁਖਲਾਹਟ ਹੋਈ। ਅੰਤ ਵਿੱਚ ਇੱਕ ਹਮਜੋਲੀ ਨੇ ਧੋਖਾ ਦਿੱਤਾ ਅਤੇ ਡੇਢ ਸਾਲ ਬਾਅਦ ਇੱਕ ਦਿਨ ਮਾਸਟਰ ਸਾਹਿਬ ਫੜ ਲਏ ਗਏ। ਇਹ ਪਹਿਲਾ ਦਿ੍ਰਸ਼ ਸੀ- ਉਸ ਭਿਆਨਕ ਨਾਟਕ ਦਾ।
ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਨਿਹੱਥਿਆਂ ਉੱਤੇ ਜਦ ਭਾੜੇ ਦੇ ਟੱਟੂ ਟੁੱਟ ਪੈਂਦੇ, ਉਹਨਾਂ ਨੂੰ ਕੁੱਟ-ਕੁੱਟ ਅਧਮਰੇ ਕਰ ਦੇਂਦੇ, ਦੇਖਣ ਸੁਣਨ ਵਾਲ਼ਿਆਂ ਵਿੱਚੋਂ ਕੌਣ ਹੋਵੇਗਾ ਜਿਸ ਦਾ ਦਿਲ ਕੰਬ ਨਾ ਉੱਠਿਆ ਹੋਵੇ। ਚਾਰੇ ਪਾਸੇ ਗਿ੍ਰਫਤਾਰੀਆਂ ਦਾ ਦੌਰ ਸੀ। ਸਰਦਾਰ ਕਿਸ਼ਨ ਸਿੰਘ ਗੜਗੱਜ ਦੇ ਨਾਂ ਵਰੰਟ ਨਿਕਲੇ ਪਰ ਉਹ ਵੀ ਤਾਂ ਇਸੇ ਪਾਰਟੀ ਦੇ ਸਨ। ਉਹਨਾਂ ਗਿ੍ਰਫਤਾਰ ਹੋਣਾ ਨਾ ਮੰਨਿਆ। ਪੁਲਸ ਹੱਥ ਧੋ ਕੇ ਪਿੱਛੇ ਪੈ ਗਈ ਪਰ ਫਿਰ ਵੀ ਬਚਦੇ ਹੀ ਰਹੇ। ਉਹਨਾਂ ਦਾ ਜਥੇਬੰਦ ਕੀਤਾ ਹੋਇਆ ਆਪਣਾ ਇੱਕ ਇਨਕਲਾਬੀ ਦਲ ਸੀ। ਨਿਹੱਥਿਆਂ ਉੱਪਰ ਕੀਤੇ ਜ਼ੁਲਮ ਨੂੰ ਉਹ ਸਹਾਰ ਨਾ ਸਕੇ। ਇਸ ਇਲਕਲਾਬੀ ਲਹਿਰ ਦੇ ਨਾਲ਼-ਨਾਲ਼ ਉਹਨਾਂ ਹਥਿਆਰਾਂ ਦੀ ਵਰਤੋਂ ਵੀ ਜਰੂਰੀ ਸਮਝੀ।
ਇੱਕ ਪਾਸੇ ‘‘ਕੁੱਤੇ ਸ਼ਿਕਾਰੀ’’ ਉਹਨਾਂ ਦੀ ਸੂਹ ਕੱਢਣ ਲਈ ਘੁੰਮਦੇ ਫਿਰਦੇ ਸਨ, ਦੂਜੇ ਪਾਸੇ ਫ਼ੈਸਲਾ ਹੋਇਆ ਕਿ ਝੋਲੀ ਚੁੱਕਾਂ ਦਾ ਸੁਧਾਰ ਕੀਤਾ ਜਾਵੇ। ਸਰਦਾਰ ਕਿਸ਼ਨ ਸਿੰਘ ਜੀ ਕਹਿੰਦੇ ਸਨ ਕਿ ਆਪਣੀ ਹਿਫ਼ਾਜ਼ਤ ਲਈ ਸਾਨੂੰ ਹਥਿਆਰਬੰਦ ਜ਼ਰੂਰ ਹੋਣਾ ਚਾਹੀਦਾ ਹੈ। ਪਰ ਅਜੇ ਕੋਈ ਹੋਰ ਕਦਮ ਨਹੀਂ ਚੁੱਕਣਾ ਚਾਹੀਦਾ। ਪਰ ਬਹੁਸੰਮਤੀ ਦੂਜੇ ਪਾਸੇ ਸੀ। ਅੰਤ ਵਿੱਚ ਇਹ ਫ਼ੈਸਲਾ ਹੋਇਆ ਕਿ ਤਿੰਨ ਆਦਮੀ (ਆਪਣੇ) ਨਾਵਾਂ ਦਾ ਐਲਾਨ ਕਰ ਦੇਣ ਅਤੇ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲੈਣ ਅਤੇ ਝੋਲੀ ਚੁੱਕਾਂ ਦਾ ਸੁਧਾਰ ਅਰੰਭ ਕਰ ਦੇਣ। ਸ. ਕਰਮ ਸਿੰਘ, ਧੰਨਾ ਸਿੰਘ ਅਤੇ ਉਦੇ ਸਿੰਘ ਜੀ ਅੱਗੇ ਵਧੇ। ਇਹ ਠੀਕ ਸੀ ਜਾਂ ਗਲਤ। ਇਸ ਨੂੰ ਇੱਕ ਪਾਸੇ ਰੱਖ ਕੇ ਜ਼ਰਾ-ਉਸ ਸਮੇਂ ਦੀ ਕਲਪਨਾ ਤਾਂ ਕਰੋ ਜਦ ਇਹਨਾਂ ਨਵੀਨ ਬਹਾਦਰਾਂ ਨੇ ਸਹੁੰ ਚੁੱਕੀ ਸੀ।
“ਅਸੀਂ ਦੇਸ਼ ਸੇਵਾ ਵਿੱਚ ਆਪਣਾ ਸਰਬੰਸ ਕੁਰਬਾਨ ਕਰ ਦੇਵਾਂਗੇ, ਅਸੀਂ ਇਹ ਪ੍ਰਤਿੱਗਿਆ ਕਰਦੇ ਹਾਂ ਕਿ ਲੜਦੇ-ਲੜਦੇ ਮਰ ਜਾਵਾਂਗੇ ਪਰ ਜੇਲ੍ਹ ਜਾਣਾ ਮਨਜ਼ੂਰ ਨਹੀਂ ਕਰਾਂਗੇ।”
ਜਿਹਨਾਂ ਨੇ ਆਪਣੇ ਪਰਵਿਾਰ ਦਾ ਮੋਹ ਤਿਆਗ ਦਿੱਤਾ ਸੀ ਉਹ ਜਦੋਂ ਇਹੋ ਜਿਹੀ ਸਹੁੰ ਚੁੱਕ ਰਹੇ ਸਨ, ਉਸ ਸਮੇਂ ਕਿੰਨਾ ਸੋਹਣਾ, ਦਿਲਚਸਪ, ਪਵਿੱਤਰਤਾ ਨਾਲ਼ ਸੰਜੋਇਆ ਹੋਇਆ ਨਜ਼ਾਰਾ ਹੋਵੇਗਾ। ਆਤਮ-ਤਿਆਗ ਦੀ ਹੱਦ ਕਿੱਥੇ ਹੈ? ਸਾਹਸ ਦੇ ਅੰਤ ਦਾ ਨਿਵਾਸ ਕਿੱਧਰ ਹੈ?
ਸ਼ਾਮ ਚੁਰਾਸੀ ਹੁਸ਼ਿਆਰਪੁਰ ਬਰਾਂਚ ਰੇਲਵੇ ਲਾਇਨ ਦੇ ਇੱਕ ਸਟੇਸ਼ਨ ਦੇ ਨੇੜੇ ਸਭ ਤੋਂ ਪਹਿਲਾਂ ਇੱਕ ਸੂਬੇਦਾਰ ’ਤੇ ਹੱਥ ਸਾਫ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਤਿੰਨਾਂ ਜਣਿਆਂ ਨੇ ਆਪਣੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ। ਸਰਕਾਰ ਨੇ ਪੂਰੀ ਤਾਕਤ ਲਾ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲ਼ੀ। ਰੁੜਕੇ ਕਲਾਂ ਨੂੰ ਸ. ਕਿਸ਼ਨ ਸਿੰਘ ਗੜਗੱਜ ਫਿਰ ਗਏ। ਉਹਨਾਂ ਦੇ ਨਾਲ਼ ਇੱਕ ਨੌਜਵਾਨ ਵੀ ਸੀ ਜੋ ਉੱਥੇ ਹੀ ਜ਼ਖਮੀ ਹੋਣ ਕਾਰਨ ਫੜ੍ਹਿਆ ਗਿਆ। ਪਰ ਕਿਸ਼ਨ ਸਿੰਘ ਉੱਥੋਂ ਵੀ ਆਪਣੇ ਹਥਿਆਰਾਂ ਦੀ ਸਹਾਇਤਾ ਨਾਲ਼ ਬਚ ਨਿਕਲੇ। ਰਸਤੇ ਵਿੱਚ ਇੱਕ ਸਾਧ ਮਿਲ਼ਿਆ। ਉਹਨੇ ਇਹਨਾਂ ਨੂੰ ਦੱਸਿਆ ਕਿ ਉਸ ਕੋਲ ਇੱਕ ਇਹੋ ਜਿਹੀ ਬੂਟੀ ਹੈ ਜਿਸ ਨਾਲ਼ ਮਨ ਚਾਹਿਆ ਕੰਮ ਅਸਾਨੀ ਨਾਲ਼ ਕੀਤਾ ਜਾ ਸਕਦਾ ਹੈ। ਝਾਂਸੇ ਵਿੱਚ ਆ ਕੇ ਇੱਕ ਦਿਨ ਇਹ ਹਥਿਆਰ ਰੱਖ ਕੇ ਸਾਧੂ ਕੋਲ ਗਏ।
ਦਵਾਈ ਰਗੜਨ ਲਈ ਦੇ ਕੇ ਸਾਧੂ ਬੂਟੀ ਲੈਣ ਗਿਆ। ਪੁਲਿਸ ਨੂੰ ਲੈ ਕੇ ਆਇਆ। ਸਰਦਾਰ ਸਾਹਿਬ ਫੜੇ ਗਏ। ਇਹ ਸਾਧੂ ਸੀ.ਆਈ.ਡੀ. ਦੇ ਮਹਿਕਮੇ ਦਾ ਸਬ-ਇੰਸਪੈਕਟਰ ਸੀ। ਬੱਬਰ ਅਕਾਲੀਆਂ ਨੇ ਆਪਣਾ ਕੰਮ ਖੂਬ ਜ਼ੋਰ ਨਾਲ਼ ਸ਼ੁਰੂ ਕਰ ਦਿੱਤਾ। ਕਿੰਨੇ ਹੀ ਸਰਕਾਰ ਦੇ ਪਿੱਠੂ ਮਾਰ ਦਿੱਤੇ ਗਏ। ਦੁਆਬਾ, (ਬਿਆਸ ਅਤੇ ਸਤਲੁਜ ਦੇ ਵਿੱਚ) ਜਲੰਧਰ ਅਤੇ ਹੁਸ਼ਿਆਰਪੁਰ ਦਾ ਜ਼ਿਲ੍ਹਾ ਪਹਿਲਾਂ ਹੀ ਭਾਰਤ ਦੇ ਸਿਆਸੀ ਨਕਸ਼ੇ ਵਿੱਚ ਪ੍ਰਸਿੱਧ ਹੈ। 1915 ਦੇ ਸ਼ਹੀਦਾਂ ਵਿੱਚ ਵੀ ਜ਼ਿਆਦਾਤਰ ਇਹਨਾਂ ਹੀ ਜ਼ਿਲ੍ਹਿਆਂ ਦੇ ਲੋਕ ਸਨ।
ਹੁਣ ਫਿਰ ਇੱਥੋਂ ਹੀ ਸਰਗਰਮੀਆਂ ਹੋਈਆਂ। ਪੁਲਿਸ ਮਹਿਕਮੇ ਨੇ ਸਾਰੀ ਤਾਕਤ ਖਰਚ ਕਰ ਦਿੱਤੀ। ਪਰ ਕੁਝ ਨਾ ਬਣਿਆ। ਜਲੰਧਰ ਤੋਂ ਕੁਝ ਦੂਰ ਇੱਕ ਬਿਲਕੁਲ ਛੋਟੀ ਜਿਹੀ ਨਦੀ ਹੈ। ਉਹਦੇ ਕੰਢੇ ਇੱਕ ਪਿੰਡ ਵਿੱਚ ਸ. ਕਰਮ ਸਿੰਘ ਜੀ, ਸ. ਧੰਨਾ ਸਿੰਘ ਜੀ, ਸ. ਉਦੇ ਸਿੰਘ ਜੀ ਅਤੇ ਸ. ਅਨੁਪ ਸਿੰਘ ਇੱਕ ਦੋ ਆਦਮੀਆਂ ਨਾਲ਼ ਬੈਠੇ ਸਨ। ਬੈਠਿਆਂ-ਬੈਠਿਆਂ ਸ. ਧੰਨਾ ਸਿੰਘ ਨੇ ਕਿਹਾ-ਬਾਬਾ ਕਰਮ ਸਿੰਘ ਜੀ, ਸਾਨੂੰ ਇੱਥੋਂ ਇਸੇ ਵਕਤ ਤੁਰ ਪੈਣਾ ਚਾਹੀਦਾ ਹੈ, ਮੈਨੂੰ ਕਿਸੇ ਮਾੜੀ ਗੱਲ ਦੇ ਹੋਣ ਦਾ ਸੰਸਾ ਹੋ ਰਿਹਾ ਹੈ। 75 ਸਾਲ ਦੇ ਬਜ਼ੁਰਗ ਸ.ਕਰਮ ਸਿੰਘ ਨੇ ਜ਼ਰਾ ਵੀ ਧਿਆਨ ਨਾ ਦਿੱਤਾ। ਪਰ ਸ.ਧੰਨਾ ਸਿੰਘ ਆਪਣੇ ਨਾਲ਼ 18 ਸਾਲ ਦੇ ਸ.ਦਲੀਪ ਸਿੰਘ ਨੂੰ ਲੈ ਕੇ ਚਲੇ ਗਏ।
ਬੈਠਿਆਂ-ਬੈਠਿਆਂ ਸ.ਕਰਮ ਸਿੰਘ ਜੀ ਨੇ ਸ. ਅਨੂਪ ਸਿੰਘ ਵੱਲ ਬੜੇ ਧਿਆਨ ਨਾਲ਼ ਵੇਖਦਿਆਂ ਕਿਹਾ-ਅਨੂਪ ਸਿੰਘ ਤੂੰ ਚੰਗਾ ਆਦਮੀ ਨਹੀਂ। ਪਰ ਇਸ ਦੇ ਬਾਅਦ ਉਹਨਾਂ ਆਪਣੀ ਇਸ ਗੱਲ ਵੱਲ ਧਿਆਨ ਨਾ ਦਿੱਤਾ। ਗੱਲਾਂ ਅਜੇ ਹੋ ਹੀ ਰਹੀਆਂ ਸਨ ਕਿ ਪੁਲਿਸ ਆ ਧਮਕੀ। ਸਾਰੇ ਬੰਬ ਸ.ਅਨੂਪ ਸਿੰਘ ਦੇ ਕਬਜ਼ੇ ਵਿੱਚ ਸਨ। ਇਹ ਪਿੰਡ ਵਿੱਚ ਲੁਕ ਗਏ। ਪੁਲਿਸ ਨੇ ਲੱਖ ਟੱਕਰਾਂ ਮਾਰੀਆਂ ਪਰ ਅਸਫਲ ਰਹੀ। ਅੰਤ ਵਿੱਚ ਪੁਲਿਸ ਵੱਲੋਂ ਐਲਾਨ ਕੀਤਾ ਗਿਆ ਕਿ ਬਾਗ਼ੀਆਂ ਨੂੰ ਬਾਹਰ ਕੱਢੋ ਨਹੀਂ ਤਾਂ ਪਿੰਡ ਨੂੰ ਅੱਗ ਲਾ ਦਿੱਤੀ ਜਾਵੇਗੀ। ਪਰ ਪਿੰਡ ਵਾਲ਼ੇ ਡਟੇ ਰਹੇ।
ਹਲਾਤ ਨੂੰ ਵੇਖ ਕੇ ਸਾਰੇ ਆਪ ਹੀ ਬਾਹਰ ਨਿਕਲ ਗਏ। ਸਾਰੇ ਬੰਬ ਅਨੂਪ ਸਿੰਘ ਲੈ ਕੇ ਭੱਜਿਆ ਅਤੇ ਜਾ ਕੇ ਪੁਲਿਸ ਦੇ ਹਵਾਲੇ ਹੋ ਗਿਆ। ਬਾਕੀ ਚਾਰੇ ਜਣੇ ਉੱਥੇ ਹੀ ਘਿਰੇ ਹੋਏ ਖੜ੍ਹੇ ਸਨ। ਪੁਲਿਸ ਦੇ ਕਪਤਾਨ ਨੇ ਕਿਹਾ ਕਰਮ ਸਿੰਘ ਹਥਿਆਰ ਸੁੱਟ ਦਿਓ, ਤੁਹਾਨੂੰ ਮਾਫ਼ ਕਰ ਦਿੱਤਾ ਜਾਵੇਗਾ। ਬਹਾਦਰ ਨੇ ਲਲਕਾਰ ਕੇ ਜਵਾਬ ਦਿੱਤਾ ਕਿ ਅਸੀਂ ਆਪਣੇ ਦੇਸ਼ ਲਈ ਸੱਚੇ ਇਨਕਲਾਬੀ ਵਾਂਗ ਲੜਦੇ-ਲੜਦੇ ਸ਼ਹੀਦ ਹੋ ਜਾਵਾਂਗੇ। ਪਰ ਹਥਿਆਰ ਨਹੀਂ ਸੁੱਟ ਸਕਦੇ। ਉਹਨਾਂ ਆਪਣੇ ਤਿੰਨ ਸਾਥੀਆਂ ਨੂੰ ਲਲਕਾਰਿਆ। ਉਹ ਸ਼ੇਰ ਵਾਂਗ ਗਰਜ ਉੱਠੇ। ਲੜਾਈ ਛਿੜ ਪਈ। ਖੂਬ ਤਾੜ-ਤਾੜ ਗੋਲੀਆਂ ਚੱਲੀਆਂ। ਗੋਲੀ-ਬਾਰੂਦ ਖਤਮ ਹੋਣ ’ਤੇ ਉਹ ਛੱਪੜ ਵਿੱਚ ਕੁੱਦ ਪਏ। ਗੋਲੀਆਂ ਦੇ ਮੀਂਹ ਨਾਲ਼ ਸਾਰੇ ਸੂਰਮੇ ਸ਼ਹੀਦ ਹੋ ਗਏ।
ਸ. ਕਰਮ ਸਿੰਘ ਦੀ ਉਮਰ 75 ਸਾਲ ਸੀ। ਉਹ ਕਨੇਡਾ ਰਹਿ ਚੁੱਕੇ ਸਨ। ਉਨ੍ਹਾਂ ਦਾ ਇਖਲਾਕ ਪਵਿੱਤਰ ਅਤੇ ਚਰਿੱਤਰ ਆਦਰਸ਼ਕ ਸੀ। ਸਰਕਾਰ ਸਮਝਿਆ ਕਿ ਬੱਬਰ ਅਕਾਲੀ ਖਤਮ ਹੋ ਗਏ, ਪਰ ਨਿੱਤ ਤਰੱਕੀ ਕਰ ਰਹੇ ਸਨ। 18 ਵਰਿਆਂ ਦਾ ਦਲੀਪ ਸਿੰਘ ਇੱਕ ਬਹੁਤ ਸੁਣੱਖਾ, ਸਿਹਤਮੰਦ ਨੌਜਵਾਨ ਸੀ ਅਤੇ ਉਸਦਾ ਡਾਕੂਆਂ ਨਾਲ਼ ਸਾਥ ਹੋ ਗਿਆ ਸੀ। ਧੰਨਾ ਸਿੰਘ ਦੀ ਸਿੱਖਿਆ ਨੇ ਉਸ ਨੂੰ ਡਾਕੂ ਤੋਂ ਇੱਕ ਸੱਚਾ ਇਨਕਲਾਬੀ ਬਣਾ ਦਿੱਤਾ। ਸਰਦਾਰ ਬੰਤਾ ਸਿੰਘ ਅਤੇ ਵਰਿਆਮ ਸਿੰਘ ਆਦਿ ਕਈ ਪ੍ਰਸਿੱਧ ਡਾਕੂ ਡਾਕੇਜਨੀ ਛੱਡ ਕੇ ਇਹਨਾਂ ਵਿੱਚ ਆ ਰਲੇ।
ਇਹਨਾਂ ਸਭਨਾਂ ਵਿੱਚ ਮੌਤ ਦਾ ਡਰ ਨਹੀਂ ਸੀ। ਉਹ ਆਪਣੇ ਪਿਛਲੇ ਕੁਕਰਮਾਂ ਨੂੰ ਧੋ ਦੇਣਾ ਚਾਹੁੰਦੇ ਸਨ। ਇਹਨਾਂ ਦੀ ਗਿਣਤੀ ਜਲਦੀ ਵਧਦੀ ਜਾ ਰਹੀ ਸੀ। ਇੱਕ ਦਿਨ ‘ਮਾਨਣਹਾਨਾ’ ਨਾਂ ਦੇ ਪਿੰਡ ਵਿੱਚ ਸ.ਧੰਨਾ ਸਿੰਘ ਬੈਠੇ ਸਨ, ਪੁਲਸ ਆ ਗਈ। ਕਈ ਦਿਨਾਂ ਦੇ ਉਨੀਂਦੇ ਕਾਰਨ ਧੰਨਾ ਸਿੰਘ ਜੀ ਸੁੱਤੇ ਪਏ ਫੜ ਲਏ ਗਏ। ਹੱਥਾਂ ਵਿੱਚ ਹੱਥਕੜੀ ਲਾ ਦਿੱਤੀ ਗਈ ਅਤੇ ਉਹਨਾਂ ਨੂੰ ਬਾਹਰ ਲਿਆਦਾਂ ਗਿਆ। ਬਾਹਰ ਸਿਪਾਹੀ ਅਤੇ ਦੋ ਅੰਗਰੇਜ਼ ਉਹਨਾਂ ਨੂੰ ਘੇਰ ਕੇ ਖੜ੍ਹੇ ਹੋ ਗਏ। ਠੀਕ ਉਸੇ ਵਕਤ ਧਮਾਕਾ ਹੋਇਆ। ਧੰਨਾ ਸਿੰਘ ਨੇ ਬੰਬ ਚਲਾ ਦਿੱਤਾ ਸੀ, ਉਹ ਆਪ ਵੀ ਮਰੇ ਅਤੇ ਨਾਲ਼ ਹੀ ਇੱਕ ਅੰਗਰੇਜ਼ ਅਫਸਰ ਅਤੇ ਦਸ ਸਿਪਾਹੀ ਵੀ ਲੈ ਮਰੇ। ਬਾਕੀ ਬੁਰੀ ਤਰ੍ਹਾਂ ਜ਼ਖਮੀ ਹੋਏ।
ਇੰਝ ਹੀ ਮੁੰਡੇਰ ਨਾਂ ਦੇ ਪਿੰਡ ਵਿੱਚ ਬੰਤਾ ਸਿੰਘ, ਜਵਾਲਾ ਸਿੰਘ ਆਦਿ ਕਈ ਲੋਕ ਘਿਰ ਗਏ। ਇਹ ਸਾਰੇ ਛੱਤ ਉੱਤੇ ਬੈਠੇ ਸਨ। ਗੋਲੀ ਚੱਲੀ ਕੁੱਝ ਚਿਰ ਤੱਕ ਚੰਗੀ ਝੜਪ ਹੁੰਦੀ ਰਹੀ, ਪਰ ਪੁਲਿਸ ਨੇ ਮਿੱਟੀ ਦਾ ਤੇਲ ਛਿੜਕ ਕੇ ਘਰ ਨੂੰ ਅੱਗ ਲਾ ਦਿੱਤੀ, ਫਿਰ ਵੀ ਵਰਿਆਮ ਸਿੰਘ ਬਚ ਨਿਕਲੇ ਅਤੇ ਬੰਤਾ ਸਿੰਘ ਉੱਥੇ ਹੀ ਮਾਰੇ ਗਏ।
ਜੇ ਇਸ ਤੋਂ ਪਹਿਲਾਂ ਦੀਆਂ ਇੱਕ ਦੋ ਹੋਰ ਵਾਰਦਾਤਾਂ ਦਾ ਵਰਨਣ ਕਰ ਦਿੱਤਾ ਜਾਵੇ ਤਾਂ ਗੈਰ ਜ਼ਰੂਰੀ ਨਹੀਂ ਹੋਵੇਗਾ। ਬੰਤਾ ਸਿੰਘ ਬਹੁਤ ਹੌਂਸਲੇ ਵਾਲ਼ੇ ਸਨ। ਇਕ ਵੇਰ ਸ਼ਾਇਦ ਜਲੰਧਰ ਛਾਉਣੀ ਵਿੱਚ ਜਾ ਕੇ ਰਸਾਲੇ ਵਿੱਚ ਪਹਿਰੇ ਉੱਤੇ ਖੜੇ ਸਿਪਾਹੀ ਦੀ ਘੋੜੀ ਅਤੇ ਰਫਲ ਖੋਹ ਕੇ ਲਿਆਏ ਸਨ। ਜਿਨ੍ਹਾਂ ਦਿਨਾਂ ਵਿੱਚ ਪੁਲਿਸ ਦੇ ਦਸਤੇ ਇਹਨਾਂ ਦੀ ਭਾਲ ਵਿੱਚ ਮਾਰੇ-ਮਾਰੇ ਫਿਰਦੇ ਸਨ, ਕਿਤੇ ਜੰਗਲ ਵਿੱਚ ਕਿਸੇ ਦਸਤੇ ਨਾਲ਼ ਇਹਨਾਂ ਦੀ ਮੁਲਾਕਾਤ ਹੋ ਗਈ। ਸਰਦਾਰ ਬੰਤਾ ਸਿੰਘ ਨੇ ਫੌਰਨ ਚਣੌਤੀ ਦਿੱਤੀ-“ਜੇ ਹਿੰਮਤ ਹੈ ਤਾਂ ਦੋ ਹੱਥ ਕਰ ਲਉ।” ਖੈਰ ਉੱਧਰ ਤਾਂ ਸਨ ਪੈਸੇ ਦੇ ਗੁਲਾਮ ਤੇ ਇੱਧਰ ਆਤਮ-ਤਿਆਗ ਵਾਲ਼ੇ ਇਨਸਾਨ। ਤੁਲਨਾ ਕਿਵੇਂ ਹੋ ਸਕਦੀ ਹੈ? ਸਿਪਾਹੀਆਂ ਦਾ ਦਸਤਾ ਚੁੱਪ-ਚਾਪ ਚਲਾ ਗਿਆ।
ਇਹਨਾਂ ਨੂੰ ਫੜ੍ਹਨ ਲਈ ਖਾਸ ਤੌਰ ’ਤੇ ਪੁਲਿਸ ਤਾਇਨਾਤ ਕੀਤੀ ਗਈ ਸੀ ਪਰ ਉਹਦੀ ਸੀ ਇਹ ਹਾਲਤ। ਖੈਰ ਗਿ੍ਰਫਤਾਰੀਆਂ ਦੀ ਭਰਮਾਰ ਸੀ। ਪਿੰਡ-ਪਿੰਡ ਪੁਲਿਸ ਤਾਜ਼ੀਰੀ ਚੌਂਕੀਆਂ ਬਿਠਾਈਆਂ ਜਾਣ ਲੱਗੀਆਂ। ਹੌਲ਼ੇ-ਹੌਲ਼ੇ ਬੱਬਰਾਂ ਦਾ ਜ਼ੋਰ ਘਟਣ ਲੱਗਾ। ਹੁਣ ਤੱਕ ਤਾਂ ਜਿਵੇਂ ਇਹਨਾਂ ਦਾ ਰਾਜ ਸੀ, ਜਿੱਥੇ ਜਾਂਦੇ ਕੁਝ ਲੋਕ ਖੁਸ਼ੀ ਤੇ ਚਾਅ ਨਾਲ਼, ਕੁੱਝ ਡਰ ਅਤੇ ਸਹਿਮ ਨਾਲ਼ ਇਹਨਾਂ ਦੀ ਆਉ ਭਗਤ ਕਰਦੇ। ਸਰਕਾਰ ਦੇ ਪਿੱਠੂ ਇਕਦਮ ਡਰੇ ਬੈਠੇ ਸਨ। ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਛਿਪਣ ਤੋਂ ਬਾਅਦ ਘਰ ਤੋਂ ਨਿਕਲਣ ਦਾ ਹੌਸਲਾ ਹੀ ਉਹਨਾਂ ਨੂੰ ਨਹੀਂ ਸੀ ਪੈਂਦਾ। ਇਹ ਉਹਨੀਂ ਦਿਨੀ ਹੀਰੋ ਸਮਝੇ ਜਾਂਦੇ ਸਨ। ਉਹ ਬੀਰ ਸਨ ਤੇ ਉਹਨਾਂ ਦੀ ਪੂਜਾ, ਪੀਰ ਪੂਜਾ ਸਮਝੀ ਜਾਂਦੀ ਸੀ। ਪਰ ਹੌਲ਼ੀ-ਹੌਲ਼ੀ ਉਹਨਾਂ ਦਾ ਜ਼ੋਰ ਖਤਮ ਹੋ ਗਿਆ। ਸੈਂਕੜੇ ਹੀ ਫੜੇ ਗਏ। ਮੁਕੱਦਮੇ ਸ਼ੁਰੂ ਹੋਏ।
ਵਰਿਆਮ ਸਿੰਘ ਇਕੱਲੇ ਬਚੇ ਹੋਏ ਸਨ। ਜਲੰਧਰ ਹੁਸ਼ਿਆਰਪੁਰ ਵਿੱਚ ਪੁਲਿਸ ਦਾ ਜ਼ਿਆਦਾ ਜ਼ੋਰ ਦੇਖ ਕੇ ਉਹ ਲਾਇਲਪੁਰ ਜਾ ਰਹੇ। ਉੱਥੇ ਇੱਕ ਦਿਨ ਬਿਲਕੁਲ ਘਿਰ ਗਏ। ਚੰਗੀ ਤਰ੍ਹਾਂ ਸ਼ਾਨ ਨਾਲ਼ ਲੜਦਿਆਂ ਬਚ ਨਿਕਲੇ, ਪਰ ਬਹੁਤ ਥੱਕ ਗਏ। ਕੋਈ ਸਾਥੀ ਵੀ ਨਹੀਂ ਸੀ। ਹਾਲਤ ਬੜੀ ਅਜੀਬ ਸੀ। ਇੱਕ ਦਿਨ ਢੇਸੀਆਂ ਨਾਂ ਦੇ ਪਿੰਡ ਆਪਣੇ ਮਾਮੇ ਕੋਲ ਗਏ। ਹਥਿਆਰ ਬਾਹਰ ਰੱਖੇ ਹੋਏ ਸਨ। ਸ਼ਾਮ ਦੀ ਰੋਟੀ ਖਾਣ ਦੇ ਬਾਅਦ ਆਪਣੇ ਹਥਿਆਰਾਂ ਕੋਲ ਜਾ ਰਹੇ ਸਨ ਕਿ ਪੁਲਿਸ ਆ ਧਮਕੀ, ਘਿਰ ਗਏ। ਅੰਗਰੇਜ਼ ਨਾਇਕ ਨੇ ਉਹਨਾਂ ਨੂੰ ਪਿੱਛੋਂ ਦੀ ਆ ਕੇ ਫੜ ਲਿਆ। ਉਹਨਾਂ ਦੀ ਕਿਰਪਾਨ ਨੇ ਹੀ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਰ ਉਹ ਥੱਲੇ ਡਿੱਗ ਪਏ। ਹੱਥਕੜੀ ਲਾਉਣ ਦੀਆਂ ਸਾਰੀਆਂ ਕੋਸ਼ਿਸ਼ਾ ਵਿਅਰਥ ਗਈਆਂ ਤਾਂ ਗੋਲੀ ਨਾਲ਼ ਮਾਰ ਦਿੱਤੇ ਗਏ। ਇਸ ਮੌਕੇ ’ਤੇ ਇੱਕ ਅੰਗਰੇਜ਼ ਵੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ। ਇਹ ਘਟਨਾ 1924 ਦੇ ਅਖੀਰ ਦੀ ਹੈ- (8 ਜੂਨ 1924)। ਦੋ ਵਰ੍ਹੇ ਦੀ ਪੂਰੀ ਸਖ਼ਤੀ ਦੇ ਬਾਅਦ ਅਕਾਲੀ ਜੱਥੇ ਦਾ ਅੰਤ ਹੋ ਗਿਆ। ਉੱਧਰ ਮੁਕੱਦਮੇ ਚੱਲਣ ਲੱਗੇ ਜਿਸਦਾ ਨਤੀਜ਼ਾ ਉੱਪਰ ਲਿਖ ਆਏ ਹਾਂ। ਅਤੇ ਉਸ ਦਿਨ ਇਨ੍ਹਾਂ ਸੂਰਬੀਰਾਂ ਨੇ ਛੇਤੀ ਫ਼ਾਂਸੀ ’ਤੇ ਚੜ੍ਹਾਏ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ। ਉਹ ਸ਼ਾਂਤ ਹੋ ਗਏ।