ਪ੍ਰੋ. ਜੈਪਾਲ ਸਿੰਘ
‘ਇਕ ਕਰੇਲਾ ਦੂਜਾ ਨਿੰਮ ਚੜ੍ਹਿਆ’ ਵਾਲੀ ਕਹਾਵਤ ਤਾਂ ਆਮ ਹੀ ਸੁਣੀ ਜਾਂਦੀ ਹੈ। ਜਦੋਂ ਇਕ ਬੁਰਾਈ ਦੇ ਨਾਲ ਇੱਕ ਹੋਰ ਬੁਰਾਈ ਵੀ ਰਲ ਜਾਵੇ ਤਾਂ ਸਮਝੋ ‘ਰੱਬ’ ਹੀ ਰਾਖਾ ਹੈ। ਕਹਿੰਦੇ ਨੇ ਰੱਬ ਲੋਕਾਂ ਚ ਵੱਸਦਾ ਹੈ । ਲੋਕ ਜਦੋਂ ਰੱਬ ਬਣਦੇ ਨੇ ਤਾਂ ਕਰੇਲੇ ਨੂੰ ਵੀ ਮਾਖਿਓਂ ਮਿੱਠਾ ਕਰ ਦਿੰਦੇ ਨੇ। ਖ਼ੈਰ, ਐਵੇਂ ਬੁਝਾਰਤਾਂ ਨਾ ਪਾਈਏ, ਸਿੱਧੀ ਗੱਲ ‘ਤੇ ਆਈਏ! ਗੱਲ ਇਹ ਹੈ ਕਿ ਸਾਡੇ ਦੇਸ਼ ‘ਤੇ ਰਾਜ ਕਰਦੀ ਮੋਦੀ ਸਰਕਾਰ ਤੇ ਉਸਦੀ ਪਾਰਟੀ ਬੀਜੇਪੀ ਵੇਲਾ ਵਿਹਾ ਚੁੱਕੀ ਅੱਤ ਦੀ ਪਿਛਾਂਹ ਖਿੱਚੂ ਤੇ ਨਫ਼ਰਤ ਭਰਪੂਰ ਤੇ ਵਿਤਕਰਿਆਂ ਦੀ ਜਨਮਦਾਤੀ ਵਿਚਾਰਧਾਰਾ ਮਨੂੰਵਾਦ ਦੇ ਰੋਗ ਤੋਂ ਪੀੜਤ ਹੈ। ਉੱਤੋਂ ਭਾਰਤੀਆਂ ‘ਤੇ ਅਕਹਿ ਅੱਤਿਆਚਾਰ ਕਰਨ ਵਾਲੀ ਬਰਤਾਨਵੀ ਸਾਮਰਾਜੀ ਸਰਕਾਰ ਨੇ ਆਪਣੀ ਪਰਖੀ ਅਤੇ ਅਜ਼ਮਾਈ ਹੋਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦੀ ਗੁੜ੍ਹਤੀ ਦੇ ਕੇ ਜਿਸ ਆਰ.ਐਸ.ਐਸ. ਨੂੰ ਜਨਮ ਦਿੱਤਾ ਸੀ ਇਹ ਉਸ ਦੀਆਂ ਦੁਰਸਿੱਖਿਆਵਾਂ ਮੁਤਾਬਕ ਕੰਮ ਕਰ ਰਹੀ ਹੈ। ਇਸੇ ਕਰਕੇ ਅਸੀਂ ਆਰਐਸਐਸ ਤੇ ਸਾਰੇ ਸੰਘ ਪਰਿਵਾਰ ਨੂੰ ਅੰਗਰੇਜ਼ਾਂ ਦੀ ਵਿਚਾਰਧਾਰਕ ਔਲਾਦ ਕਹਿ ਸਕਦੇ ਹਾਂ। ਇਸ ਸੰਦਰਭ ਵਿੱਚ ਅਸੀਂ ਸਰਕਾਰ ਦੇ ਦਲਿਤਾਂ ਤੇ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ‘ਤੇ ਢਾਹੇ ਜਾਂਦੇ ਤਸ਼ੱਦਦ ਦੀਆਂ ਕੁਝ ਕੁ ਤਾਜ਼ਾ ਉਦਾਹਰਣਾਂ ਸਾਂਝੀਆਂ ਕਰਦੇ ਹਾਂ ।
d ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲੋਨੀ ਇਲਾਕੇ ਵਿਚ ਚਾਰ ਨੌਜਵਾਨਾਂ ਨੇ ਅਬਦੁਲ ਸਮਦ ਸੈਫ਼ੀ ਨਾਂ ਦੇ ਮੁਸਲਿਮ ਬਜੁਰਗ ਨੂੰ 5 ਜੂਨ ਨੂੰ ਅਗਵਾ ਕੀਤਾ ਤੇ ਕਿਸੇ ਉਜਾੜ ਘਰ ਚ ਲਿਜਾ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ, ਉਸ ਦੀ ਦਾੜ੍ਹੀ ਕੱਟ ਦਿੱਤੀ ਤੇ ਉਸ ਤੋਂ ਜਬਰਦਸਤੀ ‘ਜੈ ਸ੍ਰੀਰਾਮ’ ਦੇ ਨਾਅਰੇ ਵੀ ਲਗਵਾਏ। ਚਾਹੇ ਇਸ ਬਾਰੇ ਉਸ ਦੀ ਵੀਡੀਓ ਵੀ ਵਾਇਰਲ ਹੋਈ ਤੇ ਪੁਲੀਸ ਨੇ ਕੁਝ ਦੋਸ਼ੀਆਂ ਨੂੰ ਫੜਿਆ ਵੀ ਹੈ ਪਰ ਪੁਲੀਸ ਨੇ ਅਜਿਹੇ ਕਿੰਨੇ ਹੀ ਲੋਕਾਂ ‘ਤੇ ਕੇਸ ਦਰਜ ਕਰ ਲਏ ਹਨ ਜਿਨ੍ਹਾਂ ਨੇ ਇਸ ਦੀ ਖਬਰ ਛਾਪੀ ਸੀ ਜਾਂ ਟਵਿੱਟਰ ਤੇ ਦੂਜੀਆਂ ਸ਼ੋਸ਼ਲ ਮੀਡੀਆ ਸਾਈਟਸ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਸੀ। ਪ੍ਰਸਿੱਧ ਕਾਰਕੁਨ ਰਾਣਾ ਅਯੂਬ ਤੇ ਵੀ ਅਜਿਹਾ ਹੀ ਕੇਸ ਦਰਜ ਕੀਤਾ ਗਿਆ ਹੈ ।
d ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਸ੍ਰੀ ਨਰੇਂਦਰ ਤੋਮਰ, ਜੋ ਕਿਸਾਨ ਅੰਦੋਲਨ ਸੰਬੰਧੀ ਪੁੱਠਾ- ਸਿੱਧਾ ਜਵਾਬ ਦੇ ਕੇ ਦੇਸ਼ ਦੇ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣ ਰਹੇ ਹਨ, ਨੇ ਕਿਸੇ ਯੋਗ ਪਲੇਟਫਾਰਮ ‘ਤੇ ਸਲਾਹ ਮਸ਼ਵਰਾ ਕੀਤੇ ਬਿਨਾਂ ਮਨਰੇਗਾ ਮਜ਼ਦੂਰਾਂ ਨੂੰ ਪੈਸੇ ਦੀ ਅਦਾਇਗੀ ਕਰਨ ਵੇਲੇ ਅਨੁਸੂਚਿਤ ਜਾਤੀ ਕਾਮਿਆਂ ਲਈ ਅੱਡ, ਅਨੁਸੂਚਿਤ ਜਨ-ਜਾਤੀ ਮਜ਼ਦੂਰਾਂ ਲਈ ਅਲੱਗ ਤੇ ਬਾਕੀਆਂ ਲਈ ਅਲੱਗ ਭੁਗਤਾਨ ਕਰਨ ਦਾ, ਮਜ਼ਦੂਰਾਂ ਨੂੰ ਪਾੜਨ ਵਾਲਾ ਜਾਤੀਵਾਦੀ ਤੇ ਮਨੂੰਵਾਦੀ ਫੁਰਮਾਨ ਜਾਰੀ ਕਰ ਦਿੱਤਾ ਸੀ ਅਤੇ ਰੌਲਾ ਪੈਣ ਤੇ ਉਸ ਨੂੰ ਇਹ ਹੁਕਮ ਵਾਪਸ ਲੈਣਾ ਪਿਆ ਹੈ।
d ‘ਦ ਵਾਇਰ’ ਦੀ 16 ਜੂਨ ਦੀ ਖਬਰ ਮੁਤਾਬਕ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ‘ਚ 12 ਜੂਨ ਨੂੰ ਦੋ ਦਲਿਤਾਂ ਨੂੰ ਸਵਰਨ ਜਾਤੀ ਦੇ ਲੋਕਾਂ ਨੇ ਸਿਰਫ਼ ਇਸ ਕਰਕੇ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਕਿਉਂਕਿ ਉਨ੍ਹਾਂ ਨੇ ਆਪਣੇ ਘਰ ਅੱਗੇ ਉਨ੍ਹਾਂ ਨੂੰ ਕੂੜਾ ਸੁੱਟਣ ਤੋਂ ਰੋਕਿਆ ਸੀ। ‘ਇੰਡੀਅਨ ਐਕਸਪ੍ਰੈੱਸ’ ਦੀ ਖਬਰ ਮੁਤਾਬਕ ਹਰੀਨਾਥ ਤੇ ਉਸ ਦੇ ਪੁੱਤਰ ਸ਼ੋਭਣ ਸਿੰਘ ਸੋਲੰਕੀ ਨੂੰ ਇੰਨਾਂ ਮਾਰਿਆ ਕਿ ਹਰੀਨਾਥ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ, ਉਸ ਦੀ ਲੱਤ ਟੁੱਟ ਗਈ ਹੈ ਤੇ ਉਹ ਹਸਪਤਾਲ ‘ਚ ਇਲਾਜ ਕਰਵਾ ਰਿਹਾ ਹੈ। ਕਸਬੇ ਦੇ ਥਾਣੇ ਦੀ ਪੁਲੀਸ ਇੰਸਪੈਕਟਰ ਨੇ ਐਫਆਈਆਰ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ, ਜੋ ਬਾਅਦ ਵਿਚ ਦਲਿਤ ਲੋਕਾਂ ਦੇ ਇਕਜੁਟ ਸੰਘਰਸ਼ ਦੇ ਦਬਾਅ ਹੇਠ ਹੀ ਦਰਜ ਕਰਵਾਈ ਜਾ ਸਕੀ।
d ਰਾਜਸਥਾਨ ਦੇ ਹਨੂੰਮਾਨਗੜ੍ਹ ਕਸਬੇ ‘ਚ ਕੁੱਝ ਲੋਕਾਂ ਨੇ 21 ਸਾਲਾਂ ਦੇ ਦਲਿਤ ਲੜਕੇ ਵਿਨੋਦ ਨੂੰ 5 ਜੂਨ ਨੂੰ ਸਿਰਫ਼ ਇਸ ਕਰਕੇ ਕੁੱਟ ਧਰਿਆ ਕਿਉਂਕਿ ਉਸ ਨੇ ਡਾ ਬੀਆਰ ਅੰਬੇਦਕਰ ਦੀ ਜੈਅੰਤੀ ਸਬੰਧੀ ਲਾਏ ਇਸ਼ਤਿਹਾਰਾਂ ਨੂੰ ਪਾੜਨ ਵਾਲਿਆਂ ਖਿਲ਼ਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਈ ਸੀ।
d ਪੰਜਾਬ ਵਿਚ ਹਰ ਸਾਲ ਝੋਨਾ ਲੁਆਈ ਦੇ ਸੀਜ਼ਨ ‘ਚ ਕਈ ਪਿੰਡਾਂ ‘ਚ ਪੰਚਾਇਤਾਂ ਅਤੇ ਬਾਸਰੂਖ ਵਿਅਕਤੀਆਂ ਵਲੋਂ ਮਜ਼ਦੂਰੀ ਦੇ ਰੇਟ ਇਕ ਪਾਸੜ ਤੌਰ ‘ਤੇ ਤੈਅ ਕਰਨ ਦੇ ਮਤੇ ਪਾਏ ਜਾਂਦੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਆਦਿ ਲਾਉਣ ਦੀਆਂ ਧਮਕੀਨੁਮਾ ਹਿਦਾਇਤਾਂ ਜ਼ਾਰੀ ਕੀਤੀਆਂ ਜਾਂਦੀਆਂ ਹਨ। ਉਪਰੋਂ ਦੇਖਣ ਨੂੰੂ ਬੇਸ਼ੱਕ ਇਹ ਮਜ਼ਦੂਰੀ ਤੈਅ ਕਰਨ ਦੀ ਲੜਾਈ ਜਾਪਦੀ ਹੈ ਪਰ ਪੰਜਾਬ ਦੇ ਪਿੰਡਾਂ ਦੀ ਸਮਾਜਿਕ ਦਰਜਾਬੰਦੀ ਦਾ ਮਾਮੂਲੀ ਜਾਣਕਾਰ ਵੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਇਨ੍ਹਾਂ ਮਤਿਆਂ ਪਿੱਛੇ ਕਿਤੇ ਨਾ ਕਿਤੇ ਨਾਮ ਨਿਹਾਦ ਉਚ ਜਾਤੀ ਹੰਕਾਰ ਦੀ ਭਾਵਨਾ ਵੀ ਕੰਮ ਕਰਦੀ ਹੈ।
d ਕਰਨਾਟਕਾ ਵਿਖੇ ਇਕ ਨਾਮੀ ਗਿਰਾਮੀ ਕੰਨੜ ਫਿਲਮ ਕਲਾਕਾਰ ਖਿਲਾਫ਼ ਬ੍ਰਾਹਮਣਵਾਦੀ ਵਿਚਾਰਾਂ ਦੀ ਨਿੰਦਾ ਕਰਨ ਕਰਕੇ ਗੰਭੀਰ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
d ਤਾਮਿਲਨਾਡੂ ਸਰਕਾਰ ਨੇ ਮੰਦਰਾਂ ਦੇ ਪੁਜ਼ਾਰੀਆਂ ਵਜੋਂ ਬ੍ਰਾਹਮਣਾ ਤੋਂ ਇਲਾਵਾ ਹੋਰ ਵੀ ਯੋਗ ਵਿਅਕਤੀਆਂ, ਜਿਨ੍ਹਾਂ ਵਿਚ ਇਸਤਰੀਆਂ ਵੀ ਸ਼ਾਮਲ ਹਨ, ਦੀ ਨਿਯੁਕਤੀ ਦੀ ਪਹਿਲ ਕਦਮੀ ਕਰਨ ਦੀ ਸੋਚੀ ਤਾਂ ਦੇਸ਼ ਭਰ ‘ਚ ਬਵਾਲ ਮੱਚ ਗਿਆ।
d ‘ਨਿਊਜ਼ ਕਲਿੱਕ’ ਮੁਤਾਬਕ ਘੱਟਗਿਣਤੀ ਮੁਸਲਿਮ ਭਾਈਚਾਰੇ ਖ਼ਿਲਾਫ਼ ਹੋਈਆਂ ਅੱਡ-ਅੱਡ ਵਧੀਕੀਆਂ ਦੀਆਂ ਕੁਝ ਕੁ ਰਿਪੋਰਟਾਂ ਇਸ ਪ੍ਰਕਾਰ ਹਨ।
d ਉੱਤਰ ਪ੍ਰਦੇਸ਼ ਦੇ ਬਾਰਾਬਾਂਕੀ ਵਿਚ ਅਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਇਕ ਸਦੀ ਤੋਂ ਵੱਧ ਪੁਰਾਣੀ ਗਰੀਬ ਨਵਾਜ਼ ਮਸਜਿਦ, ਜਿਸ ਨੂੰ ਤਹਿਸੀਲ ਵਾਲੀ ਮਸਜਿਦ ਵੀ ਕਹਿੰਦੇ ਹਨ, ਢਹਿ ਢੇਰੀ ਕਰ ਦਿੱਤੀ। ਉਲਟਾ ਇਸ ਮਸਜਿਦ ਦੀ ਦੇਖ-ਰੇਖ ਕਰ ਰਹੇ ਪ੍ਰਬੰਧਕਾਂ ਤੇ ਸਖਤ ਕਾਨੂੰਨਾਂ ਤਹਿਤ ਕੇਸ ਵੀ ਦਰਜ ਕਰ ਲਿਆ ਹੈ ।
d 20 ਮਈ ਨੂੰ ਯੂਪੀ ਦੇ ਆਜ਼ਮਗੜ੍ਹ ਜ਼ਿਲ੍ਹੇ ‘ਚ ਯਾਸਰ ਅਰਾਫਾਤ ਨਾਂ ਦੇ ਨੌਜਵਾਨ ਨੂੰ ਇਸ ਲਈ ਥਾਣੇ ‘ਚ ਬੰਦ ਕਰ ਦਿੱਤਾ ਕਿਉਂ ਕਿ ਉਸ ਨੇ ਫਲਸਤੀਨ ਦੇ ਲੋਕਾਂ ਦੇ ਹੱਕ ‘ਚ ਸ਼ੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ। ਚਾਹੇ ਉਸ ਨੂੰ 48 ਘੰਟਿਆਂ ‘ਚ ਜਮਾਨਤ ਮਿਲ ਗਈ ਹੈ, ਪਰ ਉਹ ਇਸ ਲਈ ਸਦਮੇ ‘ਚ ਹੈ ਕਿ ਸਰਕਾਰ ਕਿਸੇ ਸਾਧਾਰਨ ਗੱਲ ‘ਤੇ ਵੀ ਕਿੰਨੀ ਜ਼ਾਲਮਾਨਾ ਹੋਈ ਪਈ ਹੈ। ਇੱਥੇ ਹੀ ਅਮਾਨ ਫਾਰੂਕੀ ਨਾਂ ਦੇ ਪੱਤਰਕਾਰ ਨੂੰ ਐਸਡੀਐਮ ਤੇ ਸਥਾਨਕ ਐਮਐਲਏ ਦੇ ਕਹਿਣ ‘ਤੇ ਇਸ ਲਈ ਕੁੱਟਿਆ-ਮਾਰਿਆ ਗਿਆ ਕਿਉਂਕਿ ਐਸ.ਡੀ.ਐਮ. ਦੀ ਕੋਰੋਨਾ ਬੀਮਾਰੀ ਦੀ ਰੋਕਥਾਮ ਲਈ ਲਾਏ ਕਰਫਿਊ ਦਰਮਿਆਨ ਐਸ.ਡੀ.ਐਮ. ਦੀ ਗੈਰ ਤਸੱਲੀਬਖਸ਼ ਕਾਰਵਾਈ ਬਾਰੇ ਇਕ ਲੇਖ ਕਿਸੇ ਹਿੰਦੀ ਅਖਬਾਰ ‘ਚ ਛਪਿਆ ਸੀ।
d ਯੂਪੀ ਦੇ ਉੱਨਾਵ ਵਿਖੇ ਕਿਸ਼ੋਰ ਉਮਰ ਦੇ ਫੈਜਲ ਹੁਸੈਨ ਨਾਂ ਦਾ ਲੜਕਾ 21 ਮਈ ਨੂੰ ਇਹ ਕਹਿਕੇ ਕੁੱਟ-ਕੁੱਟ ਕੇ ਮਾਰ ਦਿੱਤਾ ਕਿ ਉਸ ਨੇ ਲੌਕ ਡਾਊਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਉਹ ਛੇ ਜੀਆਂ ਦੇ ਪਰਿਵਾਰ ਦਾ ਇਕਲੌਤਾ ਕਮਾਊ ਸੀ।
d 24 ਮਈ ਨੂੰ ਮੁਰਾਦਾਬਾਦ ਜ਼ਿਲ੍ਹੇ ‘ਚ ਅਖੌਤੀ ‘ਭਾਰਤੀ ਗਊ ਰੱਖਿਆ ਵਹਿਨੀ’ ਦੇ ਉਪ-ਪ੍ਰਧਾਨ ਮਨੋਜ ਠਾਕੁਰ ਦੀ ਅਗਵਾਈ ‘ਚ ਭੀੜ ਨੇ ਇਕ ਮੀਟ ਵਿਕਰੇਤਾ ਨੂੰ ਦਿਨ ਦਿਹਾੜੇ ਕੁੱਟਿਆ। ਉੱਤੋਂ ਪੁਲਸ ਨੇ ਦੋਸ਼ੀਆਂ ਦੇ ਨਾਲ-ਨਾਲ ਪੀੜਤ ‘ਤੇ ਵੀ ਕੇਸ ਦਰਜ ਕਰ ਲਿਆ ।
d ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਵਿਛੋੜ ਥਾਣੇ ਵਿਚ ਪੁਲਸ ਨੇ ਚੌਵੀ ਸਾਲਾਂ ਦੇ ਜ਼ੁਨੈਦ ਨਾਂ ਦੇ ਲੜਕੇ ਤੇ ਇੰਨਾ ਤਸ਼ੱਦਦ ਢਾਹਿਆ ਕਿ ਉਸ ਦੀ ਮੌਤ ਹੋ ਗਈ। ਉਸ ਦੀ ਮਾਂ ਵੱਲੋਂ ਦਰਜ ਕਰਾਈ ਗਈ ਐਫਆਈਆਰ ਮੁਤਾਬਕ ਜੁਨੈਦ ਤੇ ਚਾਰ ਹੋਰਾਂ ਨੂੰ ਪੁਲੀਸ ਥਾਣੇ ਲੈ ਗਈ। ਉਸ ਦਾ ਭਰਾ ਜਦੋਂ ਉਸ ਨੂੰ ਛੁਡਾਉਣ ਲਈ ਗਿਆ ਤਾਂ ਉਸ ਨੂੰ ਵੀ ਥਾਣੇ ਬਿਠਾ ਲਿਆ ਗਿਆ ਤੇ ਹਰ ਇੱਕ ਤੋਂ 70-70 ਹਜਾਰ ਰੁਪਏ ਲੈ ਕੇ ਛੱਡ ਦਿੱਤਾ। ਉਸ ਉਪਰੰਤ ਜੁਨੈਦ ਦੀ ਮੌਤ ਹੋ ਗਈ। ਛੱਡਣ ਵੇਲੇ ਪੁਲੀਸ ਨੇ ਜੁਨੈਦ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਡਾਕਟਰੀ ਮੁਆਇਨਾ ਕਰਵਾਇਆ ਤਾਂ ਸਖਤ ਨਤੀਜੇ ਭੁਗਤਣੇ ਪੈਣਗੇ। ਆਖ਼ਰ 13 ਜੂਨ ਨੂੰ ਲਾਸ਼ ਸਮੇਤ ਮੁਜ਼ਾਹਰਾ ਕਰਨ ਉਪਰੰਤ ਦਸ ਤੋਂ ਵੱਧ ਪੁਲਸ ਵਾਲਿਆਂ ‘ਤੇ ਮੁਕੱਦਮਾ ਦਰਜ਼ ਹੋਇਆ ਹੈ।
ਦਰਅਸਲ 2014 ਤੋਂ ਮੋਦੀ ਸਰਕਾਰ ਦੇ ਸੱਤਾ ਚ ਆਉਣ ਉਪਰੰਤ ਘੱਟ ਗਿਣਤੀਆਂ ਅਤੇ ਦਲਿਤਾਂ ‘ਤੇ ਜ਼ੁਲਮ ਪਹਿਲਾਂ ਨਾਲੋਂ ਕਈ ਗੁਣਾਂ ਵਧ ਗਏ ਹਨ। ਖੱਬੀਆਂ ਧਿਰਾਂ ਸਮੇਤ ਕੁਝ ਅਗਾਂਹਵਧੂ ਤਾਕਤਾਂ; ਦਲਿਤਾਂ, ਘੱਟ ਗਿਣਤੀਆਂ ਤੇ ਦੂਜੇ ਕਿਰਤੀ ਲੋਕਾਂ ਦੀ ਵਿਸ਼ਾਲ ਏਕਤਾ ਉਸਾਰ ਕੇ ਜਨਤਕ ਸੰਘਰਸ਼ਾਂ ਜ਼ਰੀਏ ਕਾਰਪੋਰੇਟ ਵਿਰੋਧੀ ਤੇ ਆਰਐੱਸਐੱਸ ਦੇ ਫਿਰਕੂ ਫੁੱਟ ਪਾਊ ਏਜੰਡੇ ਵਿਰੁੱਧ ਲੜਾਈ ਦੀ ਪਹਿਲਕਦਮੀ ਕਰਦੇ ਹਨ। ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਇਤਿਹਾਸਕ ਮੋਰਚੇ ਨੇ ਜਿੱਥੇ ਅਜਿਹੀ ਵਿਸ਼ਾਲ ਏਕਤਾ ਮਜ਼ਬੂਤ ਕੀਤੀ ਹੈ ਤੇ ਇਸ ਸਦਕਾ ਪੱਛਮੀ ਯੂਪੀ ਵਿੱਚ ਜਾਟਾਂ ਤੇ ਮੁਸਲਮਾਨਾਂ ‘ਚ ਦੁਬਾਰਾ ਏਕਤਾ ਉੱਸਰੀ ਹੈ, ਉੱਥੇ ਬੀਜੇਪੀ ਤੇ ਆਰਐੱਸਐੱਸ ਹੋਰ ਫਿਰਕਿਆਂ ਨੂੰ ਮੁਸਲਮਾਨਾਂ ਵਿਰੁੱਧ ਭੜਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੀਆਂ ਦੋ ਉਦਾਹਰਣਾਂ ਹੀ ਕਾਫੀ ਹਨ।
d 16 ਮਈ ਨੂੰ ਹਰਿਆਣਾ ਦੇ ਮੇਵਾਤ ਇਲਾਕੇ ਵਿਚ ਖਲੀਲਪੁਰ ਪਿੰਡ ਦੇ ਆਸਿਫ ਖਾਨ ਨਾਂ ਦੇ ਜਿੰਮ ਟ੍ਰੇਨਰ ਦੀ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਆਸਿਫ ਆਪਣੇ ਭਰਾਵਾਂ ਤੇ ਹੋਰਾਂ ਨਾਲ ਗੱਡੀ ‘ਚ ਪਿੰਡ ਜਾ ਰਿਹਾ ਸੀ ਕਿ ਦੋ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਅੱਗੋਂ ਘੇਰ ਕੇ ਉਸ ਨੂੰ ਕੁੱਟਿਆ ਤੇ ਨੂੜ ਕੇ ਗੁੱਜਰ ਬਹੁਗਿਣਤੀ ਵਾਲੇ ਪਿੰਡ ਨਾਗਲੀ ‘ਚ ਲੈ ਗਏ, ਜਿੱਥੇ ਉਸ ਦੀਆਂ ਲੱਤਾਂ-ਬਾਹਾਂ ਤੋੜ ਕੇ ਛਾਤੀ ਤੇ ਹਥੌੜੇ ਮਾਰ ਕੇ ਕਤਲ ਕਰ ਦਿੱਤਾ। ਜਦੋਂ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸੌ ਦੇ ਕਰੀਬ ਲੋਕ ਨੂੰਹ ਥਾਣੇ ਗਏ। ਪੁਲਸ ਨੇ ਉਲਟਾ ਉਨ੍ਹਾਂ ‘ਤੇ ਹੀ ਲਾਠੀਚਾਰਜ ਕਰ ਦਿੱਤਾ ਤੇ ਪੰਦਰਾਂ-ਵੀਹ ਜਣਿਆਂ ਨੂੰ ਥਾਣੇ ਡੱਕ ਦਿੱਤਾ। ਬੀਜੇਪੀ-ਆਰਐੱਸਐੱਸ ਨੇ ਫਿਰਕੂ ਰੰਗਤ ਦਿੰਦਿਆਂ ਹਰਿਆਣੇ ਦੇ ਗੁੱਜਰਾਂ ਨੂੰ ਮੁਸਲਮਾਨਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ।
d ਯੂਪੀ ਦੇ ਅਲੀਗੜ੍ਹ ਦੇ ਪਿੰਡ ਨੂਰਪੁਰ ਵਿੱਚ ਇਕ ਦਲਿਤ ਲੜਕੇ ਦੀ ਪਿੰਡ ਚੋਂ ਲੰਘ ਰਹੀ ਬਰਾਤ ਜਦੋਂ ਮਸਜਿਦ ਕੋਲ ਪਹੁੰਚੀ ਤਾਂ ਪਿੰਡ ਦੇ ਬਜੁਰਗ ਮੁਸਲਮਾਨਾਂ ਨੇ ਕੁਝ ਦੇਰ ਲਈ ਮਿਊਜ਼ਿਕ ਬੰਦ ਕਰਨ ਲਈ ਕਿਹਾ ਤਾਂ ਕਿ ਮਸਜਿਦ ਅੰਦਰ ਚੱਲ ਰਹੀ ਨਮਾਜ਼ ਨਿਰਵਿਘਨ ਸਿਰੇ ਚੜ੍ਹ ਸਕੇ। ਇਸ ਗੱਲੋਂ ਬੋਲ-ਬੁਲਾਰਾ ਹੋ ਗਿਆ। ਇਸ ਘਟਣਾ ਦਾ ਲਾਹਾ ਲੈ ਕੇ ਦਲਿਤਾਂ ਤੇ ਮੁਸਲਮਾਨਾਂ ਚ ਨਫਰਤ ਡੂੰਘੀ ਕਰਨ ਲਈ ਬੀਜੇਪੀ ਤੇ ਕੁੱਝ ਫਿਰਕੂ ਮੁਸਲਿਮ ਸੰਗਠਨ ਪੱਬਾਂ ਭਾਰ ਹੋਏ ਫਿਰਦੇ ਹਨ।
ਅੱਜ ਵੱਡੀ ਲੋੜ ਹੈ ਕਿ ਅਸੀਂ ਮਿਹਨਤੀ ਲੋਕਾਂ ਦਾ ਏਕਾ ਬਰਕਰਾਰ ਰੱਖਣ ਲਈ ਬੇਹੱਦ ਚੇਤੰਨ ਰਹੀਏ। ਇਸ ਲਈ ਸਾਰੀਆਂ ਅਗਾਂਹਵਧੂ ਤੇ ਖੱਬੀਆਂ ਧਿਰਾਂ ਨੂੰ ਅਜਿਹੇ ਮਸਲੇ ਆਪਸੀ ਸੂਝ-ਬੂਝ ਨਾਲ ਨਜਿੱਠਣ ਦੀ ਲੋੜ ਹੈ।
ਫ਼ਿਰਕੂ ਅਤੇ ਜਾਤੀ ਵੰਡ ਤਿੱਖੀ ਕਰਨ ਦੇ ਸੰਘੀ ਮਨਸੂਬੇ ਫ਼ੇਲ੍ਹ ਕਰੋ