Now Reading
ਮਾਨਵ ਕਲਿਆਣ ਲਈ ”ਆਸਥਾ” ਦੀ ਨਹੀਂ ”ਵਿਗਿਆਨਕ ਦ੍ਰਿਸ਼ਟੀਕੋਣ” ਦੀ ਲੋੜ

ਮਾਨਵ ਕਲਿਆਣ ਲਈ ”ਆਸਥਾ” ਦੀ ਨਹੀਂ ”ਵਿਗਿਆਨਕ ਦ੍ਰਿਸ਼ਟੀਕੋਣ” ਦੀ ਲੋੜ

ਹਰਕੰਵਲ ਸਿੰਘ
ਇਹ ਤਾਂ ਹੁਣ ਤੱਕ ਪ੍ਰਤੱਖ ਦਿਖਾਈ ਦੇ ਰਿਹਾ ਹੈ ਕਿ ਸਮਾਜਿਕ-ਆਰਥਿਕ ਤੇ ਰਾਜਨੀਤਿਕ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਭਾਰਤ ਇਕ ਬਹੁਤ ਹੀ ਖ਼ੌਫਨਾਕ ਘੁੰਮਣਘੇਰੀ ਵਿਚ ਫ਼ਸ ਚੁੱਕਾ ਹੈ। ਇਹ ਵੀ ਸਾਫ਼ ਹੈ ਕਿ ਇਹ ਮੰਦਭਾਗੀ ਸਥਿਤੀ ਮੋਦੀ ਕਾਲ ਦੇ ਬੀਤੇ ਲਗਭਗ 7 ਵਰ੍ਹਿਆਂ ਦਾ ਇਕ ਮੰਤਕੀ ਸਿੱਟਾ ਹੈ, ਜਿਸਤੋਂ ਛੁਟਕਾਰਾ ਪ੍ਰਾਪਤ ਕਰਨ ਦਾ ਵੀ ਨੇੜੇ ਭਵਿੱਖ ਵਿਚ ਕੋਈ ਭਰੋਸੇਯੋਗ ਸਬੱਬ ਬਣਦਾ ਦਿਖਾਈ ਨਹੀਂ ਦਿੰਦਾ। ਕੋਰੋਨਾ ਮਹਾਮਾਰੀ ਨੇ ਤਾਂ ਸਗੋਂ ਦੇਸ਼ ਦੀ ਇਸ ਬਹੁਪੱਖੀ ਮੁਸੀਬਤ ਨੂੰ ਹੋਰ ਵੀ ਵਧੇਰੇ ਭਿਅੰਕਰ ਤੇ ਜਾਨਲੇਵਾ ਬਣਾ ਦਿੱਤਾ ਹੈ। ਇਸ ਮਹਾਮਾਰੀ ਤੋਂ ਦੇਸ਼ ਵਾਸੀਆਂ ਦੀ ਸੁਰੱਖਿਆ ਕਰਨ ਪੱਖੋਂ ਮੋਦੀ ਸਰਕਾਰ ਅਸਲੋਂ ਹੀ ਉਜੱਡ ਤੇ ਅਸਫ਼ਲ ਸਾਬਤ ਹੋਈ ਹੈ। ਇਸ ਮੰਤਵ ਲਈ ਤਾਂ ਇਸ ਸਰਕਾਰ ਕੋਲ ਕੋਈ ਸਪੱਸ਼ਟ ਦਿਸ਼ਾ-ਦ੍ਰਿਸ਼ਟੀ ਹੀ ਦਿਖਾਈ ਨਹੀਂ ਦਿੰਦੀ, ਇਸ ਵਾਸਤੇ ਲੋੜੀਂਦੇ ਪਦਾਰਥਕ ਸਾਧਨ ਜੁਟਾਉਣੇ ਤੇ ਕਾਰਗਰ ਪ੍ਰਬੰਧ ਕਰਨ ਦੀ ਤਾਂ ਗੱਲ ਹੀ ਛੱਡੋ। ਸਰਕਾਰ ਦੀ ਇਸ ਨਾਅਹਿਲੀਅਤ ਦਾ ਸਿੱਟਾ ਹੀ ਹੈ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਇਥੇ (ਸਰਕਾਰੀ ਅੰਕੜਿਆਂ ਅਨੁਸਾਰ) ਔਸਤਨ 4000 ਮਾਸੂਮ ਜ਼ਿੰਦੜੀਆਂ ਹਰ ਰੋਜ਼ ਕੋਰੋਨਾ ਮਹਾਮਾਰੀ ਦੀ ਭੇਟ ਚੜ੍ਹ ਰਹੀਆਂ ਹਨ, ਜਿਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਵੀ ਵੱਡੇ ਸ਼ਹਿਰਾਂ ਦੇ ਸ਼ਮਸ਼ਾਨਘਾਟ ਤੇ ਕਬਰਸਤਾਨ ਛੋਟੇ ਪੈ ਗਏ ਦਿਖਾਈ ਦਿੰਦੇ ਹਨ। ਇਸਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਲੋਕ ਆਪਣੇ ਪਿਆਰਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਗੰਗਾ ਅਤੇ ਕਈ ਹੋਰ ਨਦੀਆਂ ਵਿਚ ਜਲ-ਪ੍ਰਵਾਹ ਕਰਨ ਲਈ ਮਜ਼ਬੂਰ ਹੋ ਰਹੇ ਹਨ! ਸਰਕਾਰੀ ਅੰਕੜੇ ਤਾਂ ਇਹ ਵੀ ਦਰਸਾਉਂਦੇ ਹਨ ਕਿ ਹੁਣ ਤੱਕ ਇਥੇ ਇਸ ਮਹਾਮਾਰੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਗਿਣਤੀ 3 ਲੱਖ ਨੂੰ ਪਾਰ ਕਰ ਚੁੱਕੀ ਹੈ। ਇਸ ਪੱਖੋਂ ਭਾਰਤ ਦੁਨੀਆਂ ਵਿਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਪੁੱਜ ਗਿਆ ਹੈ। ਚਰਚਾ ਤਾਂ ਇਹ ਵੀ ਹੈ ਕਿ ਅਜਿਹੀਆਂ ਮੌਤਾਂ ਦੀ ਅਸਲ ਗਿਣਤੀ ਨੂੰ ਭਾਰਤੀ ਹਾਕਮ ਬੜੀ ਬੇਸ਼ਰਮੀ ਤੇ ਬੇਰਹਿਮੀ ਨਾਲ ਛੁਪਾ ਰਹੇ ਹਨ। ਅਤੇ, ਇਹ ਗਿਣਤੀ ਇਸ ਨਾਲੋਂ ਤਿੰਨ ਤੋਂ ਪੰਜ ਗੁਣਾਂ ਤੱਕ ਵਧੇਰੇ ਵੀ ਹੋ ਸਕਦੀ ਹੈ। ਮਹਾਮਾਰੀ ਦੇ ਪਸਾਰ ਤੇ ਮਾਰ ਨੂੰ ਰੋਕਣ ਵਿਚ ਮੋਦੀ ਸਰਕਾਰ ਦਾ ਅਜਿਹਾ ਮੁਜ਼ਮਰਾਨਾ ਵਤੀਰਾ ਦੇਸ਼ ਅੰਦਰ ਹੀ ਨਹੀਂ, ਅੱਜ ਸੰਸਾਰ ਭਰ ਵਿਚ ਵਿਆਪਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹੋ ਹਾਲਤ ਦੇਸ਼ ਦੀ ਆਰਥਿਕਤਾ ਦੀ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਥੇ ਕੁੱਲ ਘਰੇਲੂ ਪੈਦਾਵਾਰ ਵਿਚ ਵਾਧੇ ਦੀ ਦਰ ਨੂੰ ਤਿੱਖਾ ਝੱਟਕਾ ਲੱਗਾ ਹੈ। ਵਧਣ ਦੀ ਥਾਂ ਇਥੇ ਹੁਣ ਇਹ ਜੀ. ਡੀ. ਪੀ. ਘਟ ਰਹੀ ਹੈ। ਅਗਲੇ ਦੋ ਵਰ੍ਹਿਆਂ ਵਿਚ ਵੀ ਘਾਟੇ ਦੇ ਇਸ ਰੁਝਾਨ ਦੇ ਜਾਰੀ ਰਹਿਣ ਦੇ ਅਨੁਮਾਨ ਲਾਏ ਜਾ ਚੁੱਕੇ ਹਨ। ਦੇਸ਼ ਅੰਦਰ ਬੇਰੁਜ਼ਗਾਰੀ ਦੇ ਦੈਂਤ ਨੇ ਬਹੁਤ ਹੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਨਹੀਂ ਹੋ ਰਹੇ। ਸਰਕਾਰ ਦੀਆਂ ਮਾਰੂ ਨੀਤੀਆਂ ਕਾਰਣ ਉਲਟਾ ਛੋਟੇ ਤੇ ਦਰਮਿਆਨੇ ਕਾਰੋਬਾਰ ਬੰਦ ਹੋ ਰਹੇ ਹਨ। ਵੱਡੇ ਉਦਯੋਗ ਵੀ ਕਿਰਤੀਆਂ ਦੀਆਂ ਛਾਂਟੀਆਂ ਕਰ ਰਹੇ ਹਨ, ਜਿਸ ਕਾਰਨ ਮਾੜੇ-ਮੋਟੇ ਕੰਮ-ਧੰਦੇ ਅਪਣਾ ਕੇ ਦਿਨਕਟੀ ਕਰਦੇ ਕਰੋੜਾਂ ਅਰਧ ਬੇਰੁਜ਼ਗਾਰ ਵੀ ਤੇਜ਼ੀ ਨਾਲ ਕੰਗਾਲ ਹੋ ਰਹੇ ਹਨ ਅਤੇ ਆਤਮ ਹੱਤਿਆਵਾਂ ਦੇ ਰਾਹ ਪੈਣ ਲਈ ਮਜ਼ਬੂਰ ਹੋ ਰਹੇ ਹਨ।
ਮਹਿੰਗਾਈ ਦੇਸ਼ ਅੰਦਰ ਨਿਰੰਤਰ ਵਧਦੀ ਹੀ ਜਾ ਰਹੀ ਹੈ। ਸਰਕਾਰ ਦੀ ਸਿੱਧੀ ਸ਼ਹਿ ‘ਤੇ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਾਰ-ਵਾਰ ਵਧਾਈਆਂ ਜਾ ਰਹੀਆਂ ਕੀਮਤਾਂ ਨਾਲ ਇਸ ਮਹਿੰਗਾਈ ਦਾ ਡੰਗ ਨਿਰੰਤਰ ਹੋਰ ਵਧੇਰੇ ਵਿਸ਼ੈਲਾ ਹੁੰਦਾ ਜਾ ਰਿਹਾ ਹੈ। ਇਸ ਨਾਲ ਕਿਰਤੀ ਲੋਕਾਂ ਦੀਆਂ ਅਸਲ ਆਮਦਨਾਂ ਤੇਜ਼ੀ ਨਾਲ ਖੁਰਦੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀਆਂ ਤੰਗੀਆਂ-ਤੁਰਸੀਆਂ ਹੋਰ ਵੀ ਵਧੇਰੇ ਭਿਅੰਕਰ ਰੂਪ ਧਾਰਨ ਕਰਦੀਆਂ ਦਿਖਾਈ ਦਿੰਦੀਆਂ ਹਨ। ਸਮਾਜਿਕ ਤਣਾਅ ਅਤੇ ਪਰਿਵਾਰਕ ਝਗੜਿਆਂ ਵਿਚ ਵਾਧਾ ਹੋ ਰਿਹਾ ਹੈ, ਲੁੱਟਾਂ-ਖੋਹਾਂ ਵਧ ਰਹੀਆਂ ਹਨ ਤੇ ਸਮਾਜ ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਵਿਚ ਹੋ ਰਹੇ ਬਹੁਤ ਹੀ ਚਿੰਤਾਜਨਕ ਵਾਧੇ ਨੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਭੈਅਭੀਤ ਕਰ ਦਿੱਤਾ ਹੈ। ਅਤੇ, ਉਨ੍ਹਾਂ ਦੀਆਂ ਜੀਵਨ ਹਾਲਤਾਂ ਨੂੰ ਅਨਿਸ਼ਚਿਤ ਤੇ ਨਿਰਾਸ਼ਾਜਨਕ ਬਣਾ ਦਿੱਤਾ ਹੈ।
ਦੂਜੇ ਪਾਸੇ ਦੇਸ਼ ਦੀ ਹੁਕਮਰਾਨ ਧਿਰ, ਭਾਰਤੀ ਜਨਤਾ ਪਾਰਟੀ ਦੇ ਫਿਰਕੂ ਫਾਸ਼ੀਵਾਦੀ ਏਜੰਡੇ ਨੇ ਘੱਟ ਗਿਣਤੀ ਲੋਕਾਂ ਦੇ ਸਾਹ ਸੂਤੇ ਹੋਏ ਹਨ। ਦੇਸ਼ ਦੇ ਸੰਵਿਧਾਨ ਅੰਦਰ ਦਰਜ ਜ਼ਮਹੂਰੀ ਵਿਵਸਥਾਵਾਂ ਤੇ ਕਦਰਾਂ-ਕੀਮਤਾਂ ਦੀ ਤਬਾਹੀ ਹੋ ਰਹੀ ਹੈ। ਦੇਸ਼ ਦੀ ਏਕਤਾ ਅਖੰਡਤਾ ਦੇ ਥੰਮ੍ਹ ਵਜੋਂ ਸਥਾਪਿਤ ਕੀਤੇ ਗਏ ਫੈਡਰਲ ਢਾਂਚੇ ਨੂੰ ਹਾਕਮਾਂ ਵੱਲੋਂ ਵਦਾਣੀ ਸੱਟਾਂ ਮਾਰੀਆਂ ਜਾ ਰਹੀਆਂ ਹਨ।
ਭਾਰਤੀ ਲੋਕਾਂ ਨੂੰ ਦਰਪੇਸ਼ ਇਹ ਸਾਰੀਆਂ ਮੁਸੀਬਤਾਂ, ਸਮੇਤ ਕੋਰੋਨਾ ਮਹਾਮਾਰੀ ਦੇ ਹੋ ਰਹੇ ਪਸਾਰੇ ਦੇ, ਕਿਸੇ ਕੁਦਰਤੀ ਕਰੋਪੀ ਦੀ ਦੇਣ ਨਹੀਂ ਹਨ। ਨਿਸ਼ਚੈ ਹੀ ਇਹ ਹਾਕਮਾਂ ਦੀਆਂ ਲੋਕਮਾਰੂ, ਫਿਰਕੂ-ਫਾਸ਼ੀਵਾਦੀ, ਕਾਰਪੋਰੇਟ ਪੱਖੀ ਤੇ ਆਸਥਾਵਾਦੀ ਨੀਤੀਆਂ ਦੀ ਦੇਣ ਹਨ। ਕੋਰੋਨਾ ਕਾਲ ਦੌਰਾਨ ਲੋਕਾਂ, ਵਿਸ਼ੇਸ਼ਕਰ ਮਜ਼ਦੂਰਾਂ ਤੇ ਕਿਸਾਨਾਂ ‘ਤੇ ਵਧੇ ਸਰਕਾਰੀ ਹਮਲਿਆਂ ਨੇ ਇਸ ਮੂੰਹੋਂ ਫੁੱਟ ਰਹੀ ਸੱਚਾਈ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਹੈ। ਕਿਸਾਨਾਂ ਦੇ ਲਾਮਿਸਾਲ, ਲੰਬੇ ਤੇ ਲਹੂ-ਵੀਟਵੇਂ ਘੋਲ ਨੇ ਇਸ ਤੱਥ ਨੂੰ ਵੀ ਵਧੇਰੇ ਸਪੱਸ਼ਟਤਾ ਨਾਲ ਬੇਪਰਦ ਕੀਤਾ ਹੈ ਕਿ ਮੋਦੀ ਸਰਕਾਰ ਨੂੰ ਕਿਰਤੀ ਲੋਕਾਂ ਦੀਆਂ ਮੰਗਾਂ-ਉਮੰਗਾਂ ਨਾਲ ਉੱਕਾ ਹੀ ਕੋਈ ਸਰੋਕਾਰ ਨਹੀਂ ਹੈ। ਇਹੋ ਕਾਰਨ ਹੈ ਕਿ ਅੱਜ ਦੇਸ਼ ਅੰਦਰ ਮੋਦੀ-ਸ਼ਾਹ ਜੁੰਡਲੀ ਦਾ ਗ੍ਰਾਫ਼ ਤੇਜ਼ੀ ਨਾਲ ਡਿਗਦਾ ਦਿਖਾਈ ਦੇ ਰਿਹਾ ਹੈ। ਪੰਜ ਰਾਜਾਂ ਦੀਆਂ ਹੁਣੇ-ਹੁਣੇ ਹੋਈਆਂ ਚੋਣਾਂ ਨੇ ਵੀ ਇਸ ਹਕੀਕਤ ਨੂੰ ਇਕ ਹੱਦ ਤੱਕ ਭਲੀਭਾਂਤ ਸਿੱਧ ਕਰ ਦਿੱਤਾ ਹੈ। ਕੋਰੋਨਾ ਮਹਾਮਾਰੀ ਤੋਂ ਪੀੜਤ ਲੋਕਾਂ ਦੀ ਬਾਂਹ ਫੜਨ ਵਿਚ ਇਸ ਸਰਕਾਰ ਦੀ ਘੋਰ ਅਸਫ਼ਲਤਾ ਨੇ ਤਾਂ ਵਿਸ਼ਵ ਭਾਈਚਾਰੇ ਵਿਚ ਵੀ ਭਾਰਤ ਦੇ ਅਕਸ ਨੂੰ ਵੱਡੀ ਸੱਟ ਮਾਰੀ ਹੈ।
ਆਰਐੱਸਐੱਸ ਦੀ ਆਰਥਿਕਤਾਵਾਦੀ ਢਕੌਂਸਲੇਬਾਜ਼ੀ : ਮੋਦੀ ਸਰਕਾਰ ਦੀਆਂ ਇਨ੍ਹਾਂ ਸਾਰੀਆਂ ਵਧੀਕੀਆਂ, ਧੱਕੇਸ਼ਾਹੀਆਂ ਤੇ ਅਸਫ਼ਲਤਾਵਾਂ ਕਾਰਣ ਲੋਕਾਂ ਅੰਦਰ ਵਧਦੇ ਜਾ ਰਹੇ ਵਿਆਪਕ ਰੋਹ ਨੂੰ ਸ਼ਾਂਤ ਕਰਨ ਲਈ ਭਾਜਪਾ ਦੀ ਕਰਨਧਾਰ- ਆਰ.ਐੱਸ.ਐੱਸ. ਵੱਲੋਂ ਪਿਛਲੇ ਦਿਨੀਂ ਇਕ ਅਨੋਖੀ ਖੇਡ ਖੇਡੀ ਗਈ ਹੈ ਜਿਸਨੂੰ ਦੇਸ਼ਵਾਸੀਆਂ ਅੰਦਰ ਹਾਂ ਪੱਖੀ ਤੇ ਸਾਕਾਰਾਤਮਕ ਮਨੋਦਸ਼ਾ ਵਿਕਸਤ ਕਰਨ ਦੇ ਅਭਿਆਨ ਦਾ ਨਾਂ ਦਿੱਤਾ ਗਿਆ ਹੈ। ਇਸ ਮੰਤਵ ਲਈ ਇਕ ਗੋਸ਼ਟੀ ਕਰਵਾਈ ਗਈ, ਜਿਸ ਵਿਚ ਹਿੰਦੂਤਵਵਾਦੀ ਭਾਰਤੀ ਪਰੰਪਰਾਵਾਂ ਦੇ ਹਵਾਲਿਆਂ ਨਾਲ, ਸਾਧ-ਸਾਧਵੀਆਂ ਰਾਹੀਂ ਲੋਕਾਂ ਨੂੰ ਇਨ੍ਹਾਂ ਸਾਰੀਆਂ ਮੁਸੀਬਤਾਂ ਦਾ ਵਿਸ਼ੇਸ਼ ਤੌਰ ‘ਤੇ ਕੋਰੋਨਾ ਮਹਾਮਾਰੀ ਦਾ ‘ਚੜ੍ਹਦੀ ਕਲਾ’ ਵਿਚ ਰਹਿ ਕੇ ਮੁਕਾਬਲਾ ਕਰਨ ਦਾ ਉਪਦੇਸ਼ ਦਿੱਤਾ ਗਿਆ। ਭਾਜਪਾ ਦੀ ਭੁਪਾਲ ਤੋਂ ਸਾਂਸਦ, ਸਾਧਵੀ ਪ੍ਰੱਗਿਆ ਠਾਕਰ ਨੇ ਤਾਂ ਆਪਣੇ ਉੱਜ਼ਡ ਲਹਿਜ਼ੇ ਵਾਲੇ ਅਕਾਊ ਭਾਸ਼ਣ ‘ਚ ਇਸ ਬੀਮਾਰੀ ਦੇ ਇਲਾਜ ਵਾਸਤੇ ਗਊ ਮੂਤਰ ਦਾ ਸੇਵਨ ਕਰਨ ਦਾ ‘ਸ਼ਰਤੀਆ ਨੁਸਖ਼ਾ’ ਵੀ ਦੱਸਿਆ। ਐਪਰ ਦੇਸ਼ ਦੇ ਉੱਘੇ ਪੂੰਜੀਪਤੀ ਆਜ਼ੀਮ ਪ੍ਰੇਮ ਜੀ ਨੇ ਇਸ ਮਹਾਮਾਰੀ ਤੋਂ ਮੁਕਤ ਹੋਣ ਵਾਸਤੇ ”ਵਿਗਿਆਨ” ਅਤੇ ”ਸਚਾਈ” ਦਾ ਸਹਾਰਾ ਲੈਣ ਦੀ ਸਲਾਹ ਦਿੱਤੀ, ਜਿਸਦਾ ਆਖ਼ਰੀ ਬੁਲਾਰੇ ਵਜੋਂ ਆਰ. ਐੱਸ. ਐੱਸ. ਦੇ ਮੁਖੀ ਮੋਹਣ ਭਾਗਵਤ ਨੂੰ ਵੀ ਹਲਕਾ ਜਿਹਾ ਸਮਰਥਨ ਕਰਨ ਲਈ ਮਜ਼ਬੂਰ ਹੋਣਾ ਪਿਆ। ਅਸਲ ਵਿਚ ਆਰ. ਐੱਸ. ਐੱਸ. ਦੀ ਵਿਚਾਰਧਾਰਕ ਨਿਗਰਾਨੀ ਹੇਠ ਕੰਮ ਕਰਦੀ ਭਾਜਪਾ ਹਰ ਸਮੱਸਿਆ ਨੂੰ ਹੀ ਨਿਰੋਲ ਵਿਚਾਰਵਾਦੀ ਪਹੁੰਚ ਰਾਹੀਂ ਹੱਲ ਕਰਨ ਦੇ ਯਤਨ ਕਰਦੀ ਹੈ। ਜਦੋਂਕਿ ਅਜਿਹੀ ਪਹੁੰਚ ਲੋਕ ਲੁਭਾਉਣੀਆਂ ਜ਼ੁਮਲੇਬਾਜ਼ੀਆਂ ਤਾਂ ਸਿਰਜ ਸਕਦੀ ਹੈ ਪ੍ਰੰਤੂ ਕਿਸੇ ਵੀ ਮਸਲੇ ਦੇ ਨਿਪਟਾਰੇ ਲਈ ਸਕਾਰਾਤਮਕ ਤੇ ਚਿਰ-ਸਥਾਈ ਸਿੱਟੇ ਨਹੀਂ ਕੱਢ ਸਕਦੀ। ਅਜਿਹੇ ਮਹੱਤਵਪੂਰਨ ਸਿੱਟੇ ਤਾਂ ”ਠੋਸ ਅਵਸਥਾਵਾਂ ਦੇ ਠੋਸ ਵਿਸ਼ਲੇਸ਼ਣ” ‘ਤੇ ਅਧਾਰਿਤ ਵਿਗਿਆਨਕ ਪਹੁੰਚ ਰਾਹੀਂ ਹੀ ਹਾਸਲ ਕੀਤੇ ਜਾ ਸਕਦੇ ਹਨ। ਪ੍ਰੰਤੂ ਆਰ. ਐੱਸ. ਐੱਸ. ਦਾ ਇਹ ਕੋੜਮਾ ਗੰਭੀਰ ਆਤਮ ਚਿੰਤਨ ਕਰਕੇ ਆਪਣੀਆਂ ਗਲਤੀਆਂ ‘ਤੇ ਪਸ਼ਚਾਤਾਪ ਕਰਨ ਅਤੇ ਨਵੇਂ ਸਬਕ ਤੇ ਸੇਧਾਂ ਨਿਰਧਾਰਿਤ ਕਰਨ ਦੀ ਬਜਾਏ ਹਮੇਸ਼ਾਂ ਆਸਥਾਵਾਦੀ ਪਹੁੰਚ ਅਪਣਾਉਂਦਾ ਆਇਆ ਹੈ ਅਤੇ ਇਨ੍ਹਾਂ ਦੇ ਆਗੂ ਮਨੋਕਲਪਿਤ ਤੇ ਸੰਦਰਭਹੀਣ ਟੂਕਾਂ ਤੇ ਟੋਟਕਿਆਂ (ਮਿਥਿਹਾਸਕ ਕਥਾ-ਕਹਾਣੀਆਂ) ਦੇ ਸਹਾਰੇ ਜ਼ਮੀਨੀ ਹਕੀਕਤਾਂ ਨਾਲੋਂ ਟੁੱਟ ਕੇ ਨਿਰੇ ਹਵਾਈ ਕਿੱਲ੍ਹੇ ਹੀ ਉਸਾਰਦੇ ਰਹਿੰਦੇ ਹਨ। ਜਿਸ ਨਾਲ ਆਮ ਜਨ ਸਮੂਹਾਂ ਦੀਆਂ ਸਮੱਸਿਆਵਾਂ ਅਕਸਰ ਹੀ ਵਧੇਰੇ ਗੰਭੀਰ ਤੇ ਗੁੰਝਲਦਾਰ ਬਣਦੀਆਂ ਜਾ ਰਹੀਆਂ ਹਨ। ਆਸਥਾਵਾਦ, ਅੰਧਵਿਸ਼ਵਾਸ਼ ਦਾ ਜਨਮ ਦਾਤਾ ਹੈ ਅਤੇ ਹਨ੍ਹੇਰਬਿਰਤੀਵਾਦ ਦਾ ਪਸਾਰ ਕਰਦਾ ਹੈ। ਇਸਨੇ ਇਥੇ ਅੰਧ ਭਗਤਾਂ ਦੀਆਂ ਫੌਜਾਂ ਜ਼ਰੂਰ ਖੜ੍ਹੀਆਂ ਕਰ ਲਈਆਂ ਹਨ, ਜਿਹੜੀਆਂ ਕਿ ਮੋਦੀ ਸਰਕਾਰ ਦੇ ਹਰ ਗਲਤ-ਸਹੀ ਫੈਸਲੇ ਦੀਆਂ ਢੰਡੋਰਚੀ ਬਣ ਰਹੀਆਂ ਹਨ ਅਤੇ, ਹਨ੍ਹੇਰੇ ਨੂੰ ਚੀਰ ਕੇ ਚਾਨਣ ਦੀਆਂ ਰਿਸ਼ਮਾਂ ਦੀ ਭਾਲ ਕਰਦੇ ਬੁੱਧੀਜੀਵੀਆਂ ਤੇ ਆਮ ਲੋਕਾਂ ਉੱਪਰ ਕਹਿਰ ਵਰਤਾਉਂਦੀਆਂ ਅੱਜ ਸਪੱਸ਼ਟ ਦਿਖਾਈ ਦੇ ਰਹੀਆਂ ਹਨ।
ਇਸ ਆਸਥਾਵਾਦੀ ਪਹੁੰਚ ਨੇ ਕੋਰੋਨਾ ਦੇ ਟਾਕਰੇ ਲਈ ਹੀ ਅਨੇਕਾਂ ਬੇਥਵੀਆਂ ਨਹੀਂ ਮਾਰੀਆਂ ਬਲਕਿ ਆਰਥਿਕ ਖੇਤਰ ਵਿਚ ਵੀ ਵੱਡੇ ਨੁਕਸਾਨ ਕੀਤੇ ਹਨ। ਇਹ ਗੱਲ ਤਾਂ ਲੋਕਾਂ ਨੂੰ ਅੱਜ ਵੀ ਉਪਰਾਮ ਕਰ ਰਹੀ ਹੈ ਕਿ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਸੁਸਿੱਖਿਅਤ ਕਰਨ, ਜਨਤਕ ਸਿਹਤ ਸੇਵਾਵਾਂ ਦਾ ਪ੍ਰਸਾਰ ਕਰਨ ਅਤੇ ਬੀਮਾਰਾਂ ਲਈ ਢੁਕਵੇਂ ਬਿਸਤਰਿਆਂ, ਦਵਾਈਆਂ ਤੇ ਆਕਸੀਜਨ ਆਦਿ ਦੇ ਪ੍ਰਬੰਧਾਂ ਨੂੰ ਪ੍ਰਮਾਥਮਿਕਤਾ ਦੇਣ ਅਤੇ ਡਾਕਟਰਾਂ ਤੇ ਹੋਰ ਮੈਡੀਕਲ ਅਮਲੇ ਦੀ ਗਿਣਤੀ ਵਿਚ ਵਾਧਾ ਕਰਨ ਦੀ ਬਜਾਏ ਮੋਦੀ ਸਰਕਾਰ ਨੇ ਨੋਟਬੰਦੀ ਵਾਂਗ ਅਚਾਨਕ ਹੀ ਦੇਸ਼-ਵਿਆਪੀ ਲਾਕਡਾਊਨ ਦੀ ਅਹਿਮਕਾਨਾ ਪਹੁੰਚ ਅਪਣਾ ਕੇ ਨਾ ਸਿਰਫ ਲੋਕਾਂ ਦੀ ਜਾਨ-ਮਾਲ ਨਾਲ ਖਿਲਵਾੜ ਕੀਤਾ, ਬਲਕਿ ਦੇਸ਼ ਦੀ ਆਰਥਿਕਤਾ ਨੂੰ ਵੀ ਬੁਰੀ ਤਰ੍ਹਾਂ ਪੰਗੂ ਬਣਾ ਦਿੱਤਾ ਹੈ। ਇਹ ਵੀ ਸਭ ਨੂੰ ਯਾਦ ਹੀ ਹੈ ਕਿ 24 ਮਾਰਚ 2020 ਨੂੰ 21 ਦਿਨ ਦੇ ਲਾਕਡਾਊਨ ਦਾ ਪਹਿਲਾ ਐਲਾਨ ਕਰਨ ਸਮੇਂ ਮੋਦੀ ਜੀ ਨੇ ਮਹਾਭਾਰਤ ਦਾ ਹਵਾਲਾ ਦੇ ਕੇ ਐਲਾਨ ਕੀਤਾ ਸੀ ਕਿ : ”ਉਹ ਯੁੱਧ 19 ਦਿਨਾਂ ਵਿਚ ਜਿੱਤ ਲਿਆ ਗਿਆ ਸੀ ਅਤੇ ਭਾਰਤ ਵਿਚ ਇਸ ਬੀਮਾਰੀ ਦਾ 21 ਦਿਨ ‘ਚ ਖਾਤਮਾ ਹੋ ਜਾਵੇਗਾ।” ਇਸ ਆਸਥਾਵਾਦੀ ਪਹੁੰਚ ਦੇ ਅਧੀਨ ਲੋਕਾਂ ਨੂੰ ਕੋਰੋਨਾ ਨੂੰ ਭਜਾਉਣ ਵਾਸਤੇ ਤਾੜੀਆਂ ਵਜਾਉਣ, ਥਾਲੀਆਂ ਖੜਕਾਉਣ ਤੇ ਮੋਮਬੱਤੀਆਂ ਜਗਾਉਣ ਆਦਿ ਦੇ ਅਸਲੋਂ ਹੀ ਅਹਿਮਕਾਨਾ ਆਦੇਸ਼ ਦਿੱਤੇ ਗਏ ਸਨ। ਇਨ੍ਹਾਂ ਸਾਰੇ ਕਦਮਾਂ ਦੇ ਹੁਣ ਤੱਕ ਸਾਹਮਣੇ ਆ ਚੁੱਕੇ ਦਰਦਨਾਕ ਸਿੱਟੇ ਇਨ੍ਹਾਂ ਆਸਥਾਵਾਦੀਆਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ਪ੍ਰੰਤੂ ਇਸਦੇ ਬਾਵਜੂਦ ਇਹ ਹਾਕਮ ਕਿਸੇ ਵੀ ਖੇਤਰ ਵਿਚ ਵਿਗਿਆਨਕ ਪਹੁੰਚ ਅਪਨਾਉਣ ਵੱਲ ਕਦੇ ਵੀ ਨਹੀਂ ਵਧਣਗੇ, ਕਿਉਂਕਿ ਆਰ. ਐੱਸ. ਐੱਸ. ਦੇ ਗਿਆਨ ਦਾ ਤਾਂ ਸੋਮਾ ਹੀ ਆਸਥਾ ਹੈ, ਅੰਧਵਿਸ਼ਵਾਸ਼ ਹੈ, ਰੂੜ੍ਹੀਵਾਦ ਹੈ, ਜਿਹੜਾ ਕਿ ਸਮਾਂ ਪਾ ਕੇ ਉੱਜਡਵਾਦ ਵਿਚ ਤਬਦੀਲ ਹੁੰਦਾ ਆਇਆ ਹੈ। ਕੋਰੋਨਾ ਦੇ ਟਾਕਰੇ ਲਈ ਦੁਨੀਆਂ ਭਰ ਦੇ ਵਿਗਿਆਨੀ ਇਸ ਵਾਇਰਸ ਦੀ ਬਣਤਰ ਤੇ ਇਸ ਵਿਚ ਆਉਂਦੇ ਬਦਲਾਵਾਂ ਆਦਿ ਬਾਰੇ ਤੱਥਾਂ ‘ਤੇ ਅਧਾਰਿਤ ਨਿਰਣੇ ਕਰਕੇ ਲੋਕਾਂ ਵਾਸਤੇ ਕਲਿਆਣਕਾਰੀ ਪਹੁੰਚ ਤਲਾਸ਼ ਕਰਨ ਵਿਚ ਰੁੱਝੇ ਹੋਏ ਹਨ, ਪ੍ਰੰਤੂ ਭਾਰਤੀ ਹਾਕਮ ਇਨ੍ਹਾਂ ਸਾਰੇ ਤੱਥਾਂ ਨੂੰ ਛੁਪਾ ਰਹੇ ਹਨ ਅਤੇ ਗਊ ਮੂਤਰ ਤੇ ਗੋਬਰ ਆਦਿ ਦੀ ਵਰਤੋਂ ਦੇ ਸੁਝਾਅ ਦੇ ਰਹੇ ਹਨ।
ਇਹੋ ਹਾਲ ਸਮਾਜਿਕ-ਆਰਥਿਕ ਖੇਤਰ ਦਾ ਹੈ। ਅੱਜ ਤੱਕ ਮੋਦੀ ਸਰਕਾਰ ਦੇ ਸਾਰੇ ਆਸਥਾਵਾਦੀ ਨਾਅਰੇ ਫੋਕੀ ਜ਼ੁਮਲੇਬਾਜ਼ੀ ਤੋਂ ਅਗਾਂਹ ਨਹੀਂ ਵਧ ਸਕੇ। ਨੋਟਬੰਦੀ, ਨਾ ਕਾਲੇ ਧਨ ਨੂੰ ਬਾਹਰ ਲਿਆ ਸਕੀ (ਉਹ ਸਗੋਂ ਹੋਰ ਵਧ ਗਿਆ ਹੈ) ਅਤੇ ਨਾ ਹੀ ਜਾਅਲੀ ਕਰੰਸੀ ਦੇ ਚਲਨ ਨੂੰ ਰੋਕ ਸਕੀ। ਅਜਿਹਾ ਹੀ ਹਾਲ ‘ਸਵੱਛ ਭਾਰਤ’, ‘ਜਨਧਨ ਯੋਜਨਾ’, ‘ਆਤਮ ਨਿਰਭਰ ਭਾਰਤ’ ‘ਸਟਾਰਟ ਅੱਪ ਇੰਡੀਆ’, ‘ਮੇਕ ਇਨ ਇੰਡੀਆ’, ‘ਬਾਲਿਕਾ ਸਮਰਿੱਧੀ ਯੋਜਨਾਂ’ ਆਦਿ ਦਾ ਹੈ। ਬਹੁਤੀ ਵਾਰ ਤਾਂ ਇਨ੍ਹਾਂ ਨਾਅਰਿਆਂ ਨੇ ਉਲਟਾ ਸਬੰਧਿਤ ਮਸਲਿਆਂ ਨੂੰ ਹੋਰ ਉਲਝਾਇਆ ਹੈ। ਜਿਵੇਂ ਕਿ- ਨੋਟਬੰਦੀ ਕਾਰਨ ਛੋਟੇ ਕਾਰੋਬਾਰਾਂ ਦੀ ਤਬਾਹੀ ਵੀ ਹੋਈ ਹੈ ਅਤੇ ਸੌ ਤੋਂ ਵੱਧ ਅਣਿਆਈਆਂ ਮੌਤਾਂ ਦੇ ਨਾਲ-ਨਾਲ ਆਮ ਲੋਕਾਂ ਦੀ ਖੱਜਲ-ਖੁਆਰੀ ਝੂੰਗੇ ਵਿਚ ਮਿਲੀ ਹੈ।
ਇਨ੍ਹਾਂ ਹਾਲਾਤਾਂ ਵਿਚ ਜ਼ਰੂਰੀ ਹੈ ਕਿ ਹਾਕਮਾਂ ਦੀਆਂ ਆਸਥਾਵਾਦੀ ਪਹੁੰਚਾਂ ਕਾਰਨ ਵਧ ਰਹੀਆਂ ਮੁਸੀਬਤਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਵਿਗਿਆਨ ਦਾ ਪੱਲਾ ਫੜਿਆ ਜਾਵੇ ਨਾ ਕਿ ਕਿਸੇ ਅਗੰਮੀ ਸ਼ਕਤੀ ਜਾਂ ਕਿਸੇ ਮਹਾਨ ਮਨੁੱਖ ‘ਤੇ ਆਸਰਾ ਰੱਖ ਕੇ ਹਨ੍ਹੇਰਵਿਰਤੀ ਵਾਲੀ ਪਹੁੰਚ ਅਪਣਾਈ ਜਾਵੇ ਜਾਂ ਟੂਣੇ-ਟਾਮਣਾਂ ਆਦਿ ‘ਤੇ ਨਿਰਭਰ ਰਿਹਾ ਜਾਵੇ। ਇਸ ਦਿਸ਼ਾ ਵਿਚ, ਦੇਸ਼ ਵਾਸੀਆਂ ਦੀਆਂ ਅਜੋਕੀਆਂ ਸਾਰੀਆਂ ਹੀ ਮੁਸੀਬਤਾਂ ਦੇ ਸਮਾਧਾਨ ਲਈ ਇਨ੍ਹਾਂ ਫਿਰਕੂ ਫਾਸ਼ੀਵਾਦੀ ਤੇ ਆਸਥਾਵਾਦੀ ਹਾਕਮਾਂ ਦੇ ਵਿਰੁੱਧ ਜਮਾਤੀ ਸੰਘਰਸ਼ ਨੂੰ ਤਿੱਖਾ ਤੇ ਵਿਸਤ੍ਰਿਤ ਬਨਾਉਣ ਦੀ ਲੋੜ ਹੈ। ਆਪਣੀ ਸਹੀ-ਸਹੀ ਜਥੇਬੰਦਕ ਤਾਕਤ ਅਤੇ ਵਿਰੋਧੀਆਂ ਭਾਵ ਹਾਕਮਾਂ ਦੀ ਰਾਜਕੀ ਸ਼ਕਤੀ ਦੇ ਠੋਸ ਜਮਾਤੀ ਵਿਸ਼ਲੇਸ਼ਣ ‘ਤੇ ਅਧਾਰਿਤ ਤਾਕਤਾਂ ਦੇ ਸੁਮੇਲ ਨਾਲ ਮੇਚਵਾਂ ਜਨਤਕ ਸੰਘਰਸ਼ ਲਾਮਬੰਦ ਕਰਕੇ ਹੀ ਅਗਾਂਹ ਵਧਿਆ ਜਾ ਸਕਦਾ ਹੈ ਅਤੇ ਕੋਈ ਚਿਰਸਥਾਈ ਜਿੱਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਨਿਸ਼ਚੈ ਹੀ ਇਹ ਸੰਘਰਸ਼ ਤਿੰਨ ਪੱਖੀ ਭਾਵ ਆਰਥਿਕ, ਰਾਜਨੀਤਿਕ ਤੇ ਵਿਚਾਰਧਾਰਕ ਖੇਤਰਾਂ ‘ਚ ਜੁੜਵੇਂ ਰੂਪ ਵਿਚ ਲੜਿਆ ਜਾਣਾ ਹੈ।
(24.5.2021)

Scroll To Top